Friday, March 23, 2012

ਭਗਤ ਸਿੰਘ : ਇਕ ਮਘਦਾ ਇਤਿਹਾਸ : : ਲੇਖਕ : ਹੰਸਰਾਜ ਰਹਿਬਰ


 -----------------------------------------------------------------------------

ਭਗਤ ਸਿੰਘ : ਇਕ ਮਘਦਾ ਇਤਿਹਾਸ
ਲੇਖਕ : ਹੰਸਰਾਜ ਰਹਿਬਰ
ਅਨੁਵਾਦ : ਮਹਿੰਦਰ ਬੇਦੀ, ਜੈਤੋ


-----------------------------------------------------------------------------------------
-----------------------------------------------------------------------------------------



ਆਪਣੀ ਗੱਲ      ::: ਲੇਖਕ : ਹੰਸਰਾਜ ਰਹਿਬਰ

ਭਗਤ ਸਿੰਘ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ—ਸਾਡੇ ਰਾਸ਼ਟਰੀ ਅੰਦੋਲਨ ਦੇ ਇਤਿਹਾਸਕ ਯੁੱਗ ਦੀ ਇਕ ਨਵੀਂ ਚੇਤਨਾ ਦਾ ਨਾਂ ਹੈ। ਭਗਤ ਸਿੰਘ ਉੱਪਰ ਇਹ ਕਿਤਾਬ ਇਸੇ ਚੇਤਨਾ ਨੂੰ ਸਮਝਣ-ਸਮਝਾਉਣ ਖਾਤਰ ਹੀ ਲਿਖੀ ਗਈ ਹੈ ਤੇ ਇਸ ਨੂੰ ਇਤਿਹਾਸਕ ਪਿਛੋਕੜ ਵਿਚ ਜਾ ਕੇ ਹੀ ਸਮਝਿਆ ਜਾ ਸਕਦਾ ਹੈ। ਆਓ ਉਸ ਇਤਿਹਾਸਕ ਪਿਛੋਕੜ ਉੱਤੇ ਇਕ ਝਾਤ ਮਾਰੀਏ...:
ਕਾਂਗਰਸ, ਓ.ਪੀ. ਹਯੂਮ ਨਾਂ ਦੇ ਇਕ ਅੰਗਰੇਜ਼ ਨੇ ਬਣਾਈ। ਉਦੇਸ਼ ਸੀ, ਨਵੇਂ ਪੜ੍ਹੇ-ਲਿਖਿਆਂ ਨੂੰ ਰਾਜ-ਭਗਤ ਬਣਾਉਣਾ—ਜਿਹਨਾਂ ਨੂੰ ਮਾਡਰੇਟ ਕਿਹਾ ਜਾਂਦਾ ਹੈ, ਉਹ ਅਸਲ ਵਿਚ ਰਾਜ-ਭਗਤ ਸਨ। ਉਹਨਾਂ ਦੇ ਨੇਤਾ ਮਹਾਦੇਵ ਗੋਵਿੰਦ ਰਾਣਾਡੇ ਦਾ ਕਹਿਣਾ ਹੈ...“ਅੰਗਰੇਜ਼ਾਂ ਦਾ ਭਾਰਤ ਆਉਣਾ ਦੈਵੀ ਵਰਦਾਨ ਹੈ। ਉਹ ਸਾਨੂੰ ਅਸਭਿਅਕਾਂ ਨੂੰ ਸਭਿਅਕ ਬਣਾਉਣ ਆਏ ਨੇ। ਉਹ ਜਨਤੰਤਰਵਾਦੀ ਨੇ ਤੇ ਸਾਨੂੰ ਜਨਤੰਤਰਵਾਦ ਸਿਖਾਅ ਕੇ ਆਪੁ ਹੀ ਵਾਪਸ ਚਲੇ ਜਾਣਗੇ। ਇਸ ਲਈ ਉਹਨਾਂ ਨਾਲ ਸਹਿਯੋਗ ਕਰੋ, ਸਿੱਖੋ ਤੇ ਉਹਨਾਂ ਨੂੰ ਕਿਸੇ ਗੱਲ 'ਤੇ ਨਾਰਾਜ਼ ਨਾ ਕਰੋ।”
ਦਵੰਦਾਤਮਕ ਭੌਤਿਕਵਾਦ ਅਨੁਸਾਰ ਹਰ ਚੀਜ਼ ਦੋ ਵਿਚ ਵੰਡੀ ਜਾਂਦੀ ਹੈ। ਕਾਂਗਰਸ 1885 ਵਿਚ ਬਣੀ, 1895 ਦੇ ਆਸ-ਪਾਸ ਉਹਨਾਂ ਵਿਚ ਇਕ 'ਰਾਸ਼ਟਰਵਾਦੀ ਦਲ' ਪੈਦਾ ਹੋ ਗਿਆ, ਜਿਸਦੇ ਨੇਤਾ ਤਿਲਕ, ਲਾਜਪਤ ਰਾਏ ਤੇ ਵਿਪਿਨ ਚੰਦਰ ਪਾਲ ਸਨ। ਤਿਲਕ ਨੇ ਰਾਣਾਡੇ ਦੇ ਆਤਮ-ਸਮਰਪਣਵਾਦੀ ਸਿਧਾਂਤ ਨੂੰ ਇਹ ਕਹਿ ਕੇ ਕੱਟਿਆ...“ਅੰਗਰੇਜ਼ ਸਾਨੂੰ ਕੁਛ ਸਿਖਾਉਣ-ਵਿਖਾਉਣ ਨਹੀਂ ਆਏ, ਲੁੱਟਣ-ਖਾਣ ਆਏ ਨੇ। ਉਹਨਾਂ ਨੂੰ ਕੱਢਿਆ ਜਾ ਸਕਦਾ ਹੈ ਤਾਂ ਸਿਰਫ ਜਨਤਾ ਦੀ ਮਦਦ ਨਾਲ। ਇਸ ਲਈ ਜਨਤਾ ਨੂੰ ਲਾਮਬੰਦ ਕਰੋ ਤੇ ਉਸਦੀ ਚੇਤਨਾ ਦੇ ਸਤਰ ਨੂੰ ਉੱਚਾ ਚੁੱਕੋ।”
ਤਿਲਕ ਸਾਰੀ ਉਮਰ ਇਸ ਦਿਸ਼ਾ ਵਿਚ ਸੰਘਰਸ਼ ਕਰਦੇ ਤੇ ਜੇਲ੍ਹ ਜਾਂਦੇ ਰਹੇ। ਇਸ ਦੇ ਵਿਪਰੀਤ ਮਾਡਰੇਟਾਂ ਦੀ ਢਾਣੀ ਵਿਚੋਂ ਪਹਿਲਾਂ ਫਿਰੋਜਸ਼ਾਹ ਮੇਹਤਾ ਵਾਇਸਰਾਏ ਦੀ ਕੌਂਸਿਲ ਦਾ ਮੈਂਬਰ ਬਣਿਆ ਤੇ ਉਸਦੇ ਰਿਟਾਇਰਡ ਹੋਣ ਮਗਰੋਂ, ਗਾਂਧੀ ਦਾ ਰਾਜਨੀਤਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਮੈਂਬਰ ਬਣ ਗਿਆ। ਕਾਂਗਰਸ ਇਤਿਹਾਸਕਾਰ ਡਾ. ਪੱਟਾਭਿ ਸੀਤਾਰਾਮੈਯਾ ਨੇ ਤਿਲਕ ਤੇ ਗੋਖਲੇ ਦੋਹਾਂ ਮਹਾਨ ਦੇਸ਼-ਭਗਤਾਂ ਦੇ ਰਸਤੇ ਨੂੰ ਵੱਖੋ-ਵੱਖਰੇ ਦੱਸ ਕੇ ਇਹ ਠੱਗੀ-ਕਾਰੀ ਕੀਤੀ ਕਿ ਦੇਸ਼-ਭਗਤੀ ਤੇ ਰਾਜ-ਭਗਤੀ ਨੂੰ, ਯਾਨੀਕਿ ਸੱਚ ਤੇ ਝੂਠ ਨੂੰ, ਰਲ-ਗੱਡ ਕਰ ਦਿੱਤਾ।
ਮੁੱਕਦੀ ਗੱਲ ਇਹ ਕਿ ਮਾਡਰੇਟਾਂ ਨੇ ਆਪਣਾ ਪੱਛਮੀਕਰਨ ਕਰ ਲਿਆ ਤੇ ਕਾਂਗਰਸ ਦਾ ਨੇਤਰੀਤਵ ਪੰਦਰਾਂ ਸਾਲ ਤਕ ਉਹਨਾਂ ਦੇ ਹੱਥਾਂ ਵਿਚ ਰਿਹਾ। ਉੱਨੀਵੀਂ ਸਦੀ ਦਾ ਅੰਤ ਹੁੰਦਿਆਂ-ਹੁੰਦਿਆਂ ਕਾਂਗਰਸ ਦਾ ਨੇਤਰੀਤਵ ਰਾਜ-ਭਗਤਾਂ ਹੱਥੋਂ ਨਿਕਲ ਕੇ ਦੇਸ਼-ਭਗਤਾਂ, ਭਾਵ ਇਹ ਕਿ ਰਾਸ਼ਟਰੀ-ਪੂੰਜੀਪਤੀ-ਵਰਗ, ਦੇ ਹੱਥਾਂ ਵਿਚ ਆ ਗਿਆ। ਤਿਲਕ, ਲਾਜਪਤ ਰਾਏ ਤੇ ਵਿਪਿਨ ਚੰਦਰ ਪਾਲ, ਅਰਵਿੰਦ, ਵਿਵੇਕਾਨੰਦ ਤੇ ਸ਼ਚੀਂਦਰ ਨਾਥ ਸਾਨਿਆਲ ਰਾਸ਼ਟਰੀ-ਪੂੰਜੀਪਤੀ-ਵਰਗ ਦੇ ਰਾਹ ਦਿਖੇਵੇ ਸਨ। ਉਹਨਾਂ ਨੇ ਮਾਡਰੇਟਾਂ ਦੀ ਆਤਮ-ਸਮਰਪਣਵਾਦੀ ਵਿਚਾਰਧਾਰਾ ਦੇ ਵਿਰੁੱਧ ਸੰਘਰਸ਼ ਕਰਕੇ ਜਨ-ਚੇਤਨਾ ਨੂੰ ਵਿਕਸਤ ਕੀਤਾ। ਪਰ ਉਹ ਆਦਰਸ਼ਵਾਦ ਦੀਆਂ ਸੀਮਾਵਾਂ 'ਚੋਂ ਬਾਹਰ ਨਹੀਂ ਸੀ ਜਾ ਸਕੇ, ਜਾਣਾ ਸੰਭਵ ਵੀ ਨਹੀਂ ਸੀ। ਇਹ ਉਹਨਾਂ ਦੀਆਂ ਇਤਿਹਾਸਕ ਸੀਮਾਵਾਂ ਸਨ।
ਇਸ ਯੁੱਗ ਦੇ ਸਰਬ-ਸ਼ਰੇਸ਼ਟ ਪ੍ਰਵਕਤਾ ਵਿਵੇਕਾਨੰਦ ਸਨ, ਜਿਹਨਾਂ ਨੇ ਸਾਡੀ ਆਜ਼ਾਦੀ ਦੀ ਲੜਾਈ ਧਰਮ ਦੇ ਪਿੜ ਵਿਚ ਖਲੋ ਕੇ ਲੜੀ ਤੇ ਸ਼ਿਕਾਗੋ ਧਰਮ ਸਭਾ ਵਿਚ ਜਾ ਕੇ ਅੰਗਰੇਜ਼ਾਂ ਦੇ ਸਾਂਸਕਰੀਤਕ ਹਮਲੇ ਨੂੰ ਭਾਂਜ ਦਿੱਤੀ। ਰਾਸਟਰ ਦੇ ਸਵੈਮਾਣ ਨੂੰ ਜਗਾਇਆ ਤੇ ਆਦਰਸ਼ਵਾਦ ਨੂੰ ਭੌਤਕਵਾਦ ਦੀ ਦਹਿਲੀਜ਼ ਉੱਪਰ ਲਿਆ ਖੜ੍ਹਾ ਕੀਤਾ।
1920 ਵਿਚ ਕਾਂਗਰਸ਼ ਦਾ ਨੇਤਰੀਤਵ ਮਾਡਰੇਟਾਂ ਦੇ ਛਲੇਡਾ-ਰੂਪ-ਗਾਂਧੀ ਨੇ ਹਥਿਆ ਲਿਆ ਤੇ ਚੌਰੀਚੌਰਾ ਕਾਂਢ ਦੇ ਬਹਾਨੇ ਆਤਮ-ਸਮਰਪਣ ਕਰਕੇ ਜਨਤਾ ਦੇ ਕਰਾਂਤੀਕਾਰੀ ਅਮਲ ਨੂੰ ਅੱਧ-ਵਿਚਕਾਰ ਰੋਕ ਦਿੱਤਾ।
ਪਹਿਲੀ ਸੰਸਾਰ ਜੰਗ ਦੌਰਾਨ ਵਿਦੇਸ਼ਾਂ ਤੋਂ ਮਾਲ ਆਉਣਾ ਬੰਦ ਹੋ ਗਿਆ ਸੀ। ਇਸ ਲਈ ਲੋਹੇ ਆਦੀ ਤੇ ਵਿਸ਼ੇਸ਼ ਕਰਕੇ ਕੱਪੜੇ ਵਗ਼ੈਰਾ ਦੇ ਕਈ ਕਾਰਖ਼ਾਨੇ ਲੱਗੇ। ਮਜ਼ਦੂਰਾਂ ਦੀ ਗਿਣਤੀ ਵਧੀ, ਜਿਹੜੇ 1920 ਤਕ ਸੰਘਰਸ਼ ਵਿਚ ਉਤਰ ਆਏ। ਜੰਗ ਦੌਰਾਨ ਕਿਸਾਨਾਂ ਦਾ ਵੀ ਜਬਰਦਸਤ ਸੋਸ਼ਣ ਹੋਇਆ, ਉਹਨਾਂ ਵਿਚ ਅਸੰਤੋਖ ਵਧਿਆ ਤੇ ਉਹ ਵੀ ਸੰਘਰਸ਼ ਵਿਚ ਕੁੱਦ ਪਏ। ਇੰਜ 1920 ਤੋਂ ਪਿੱਛੋਂ ਮਜ਼ਦੂਰ-ਕਿਸਾਨ ਆਜ਼ਾਦੀ ਦੇ ਘੋਲ ਦੀ ਸਭ ਤੋਂ ਵੱਡੀ ਸ਼ਕਤੀ ਬਣ ਚੁੱਕੇ ਸਨ। ਇਹ ਕਰਾਂਤੀਕਾਰੀ ਸ਼ਕਤੀ ਵਿਦੇਸ਼ੀ ਸਾਮਰਾਜਵਾਦ ਲਈ ਹੀ ਨਹੀਂ, ਰਾਸ਼ਟਰੀ-ਪੂੰਜੀਵਾਦ ਲਈ ਵੀ ਖ਼ਤਰਾ ਸੀ। ਇਸ ਖ਼ਤਰੇ ਨੂੰ ਤਾੜ ਕੇ ਸਾਡੇ ਰਾਸ਼ਟਰਵਾਦੀ ਨੇਤਾ ਸੀ.ਆਰ. ਦਾਸ ਤੇ ਲਾਜਪਤ ਰਾਏ ਵੀ ਆਜ਼ਾਦੀ ਦਾ ਝੰਡਾ ਸੁੱਟ ਕੇ ਆਤਮ-ਸਮਰਪਣਵਾਦੀ ਗਾਂਧੀ ਦੇ ਪਿੱਛੇ ਲੱਗ ਤੁਰੇ।
ਆਜ਼ਾਦੀ ਦਾ ਜਿਹੜਾ ਝੰਡਾ ਰਾਸ਼ਟਰਵਾਦੀਆਂ ਨੇ ਸੁੱਟ ਦਿੱਤਾ ਸੀ, ਉਸਨੂੰ ਕਮਿਊਨਿਸਟ ਪਾਰਟੀ ਨੇ ਨਹੀਂ, ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਦੇ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਨੇ ਚੁੱਕਿਆ। ਇਹ ਸੰਘ ਮਜ਼ਦੂਰ-ਕਿਸਾਨ ਦਾ ਰਾਹ ਦਿਖੇਵਾ ਸੀ। ਨਵੰਬਰ 1917 ਵਿਚ ਰੂਸ ਵਿਚ ਸਮਾਜਵਾਦੀ ਕਰਾਂਤੀ ਆਈ ਤੇ ਉਸ ਦੇ ਪ੍ਰਭਾਵ ਨਾਲ ਮਾਰਕਸਵਾਦੀ ਵਿਚਾਰਧਾਰਾ ਹੋਰਨਾਂ ਦੇਸ਼ਾਂ ਵਾਂਗ ਹੀ ਸਾਡੇ ਦੇਸ਼ ਵਿਚ ਵੀ ਆਈ। ਰਾਮ ਪਰਸਾਦ ਬਿਸਮਿਲ ਤੇ ਸ਼ਚੀਂਦਰ ਨਾਥ ਸਾਨਿਆਲ ਦੇ 'ਹਿੰਦੁਸਤਾਨ ਪਰਜਾਤੰਤਰ ਸੰਘ' ਨਾਲ 'ਸਮਾਜਵਾਦੀ' ਸ਼ਬਦ ਦਾ ਜੁੜਨਾ, ਸੰਘ ਦਾ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਨਾ ਸੀ।
ਇਹ ਇਕ ਗੁਣਣਾਤਮਕ ਪਰੀਵਰਤਨ ਸੀ। ਇਸ ਦਾ ਅਰਥ ਸੀ ਕਿ ਸਾਡੀ ਰਾਜਨੀਤੀ ਨੇ ਆਦਰਸ਼ਵਾਦ ਦੀਆਂ ਸੀਮਾਵਾਂ ਪਾਰ ਕਰ ਲਈਆਂ ਹਨ। ਇਸ ਦਾ ਅਰਥ ਇਹ ਵੀ ਸੀ ਕਿ ਸਾਡੇ ਰਾਸ਼ਟਰਵਾਦ ਦਾ ਰੂਪ, ਹੁਣ ਸਮਾਜਵਾਦ ਵਿਚ ਬਦਲ ਚੁੱਕਿਆ ਹੈ।
ਜਿਵੇਂ ਕਿ ਵਿਵੇਕਾਨੰਦ ਪਿਛਲੇ ਯੁੱਗ ਦੇ ਪ੍ਰਵਕਤਾ ਸਨ, ਓਵੇਂ ਹੀ ਇਸ ਨਵੇਂ ਯੁੱਗ ਦੇ ਸਰਬ-ਸ਼ਰੇਸ਼ਟ ਪ੍ਰਵਕਤਾ ਭਗਤ ਸਿੰਘ ਸਨ। ਵਿਵੇਕਾਨੰਦ ਸਾਡੇ ਵਿਚਾਰਾਂ ਨੂੰ ਉੱਨੀਵੀਂ ਸਦੀ ਦੇ ਅੰਤ ਤਕ ਜਿੱਥੇ ਪਹੁੰਚਾ ਗਏ ਸਨ, ਭਗਤ ਸਿੰਘ ਨੇ ਉਹਨਾਂ ਨੂੰ ਉੱਥੋਂ ਅੱਗੇ ਤੋਰਿਆ, ਵਿਕਸਿਤ ਕੀਤਾ ਤੇ ਮਾਰਕਸਵਾਦ-ਲੇਨਿਨਵਾਦ ਨੂੰ ਰਾਸ਼ਟਰੀ ਰੂਪ ਦਿੱਤਾ।
ਮਾਰਕਸਵਾਦ-ਲੇਨਿਨਵਾਦ ਦੇ ਇਸੇ ਰਾਸ਼ਟਰੀ ਰੂਪ ਦਾ ਨਾਂ ਭਗਤ ਸਿੰਘ ਵਿਚਾਰਧਾਰਾ ਹੈ।
ਰਾਸ਼ਟਰ ਦੀ ਤਿਰਾਸਦੀ ਇਹ ਹੈ ਕਿ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ ਤੇ ਭਗਵਤੀ ਚਰਣ ਵੋਹਰਾ ਦੀ ਸ਼ਹਾਦਤ ਤੋਂ ਪਿੱਛੋਂ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਨੇਤਾ-ਵਿਹੂਣਾ ਹੋ ਜਾਣ ਕਰਕੇ ਖਿੰਡ-ਪੁੰਡ ਗਿਆ। ਸੰਘ ਦੇ ਖਿੱਲਰ ਜਾਣ ਪਿੱਛੋਂ ਭਗਤ ਸਿੰਘ ਵਿਚਾਰਧਾਰਾ ਨੂੰ ਅਣ-ਡਿੱਠ ਕਰ ਦਿੱਤਾ ਗਿਆ। ਕਾਂਗਰਸ ਦੇ ਆਤਮ-ਸਮਰਪਣਵਾਦੀ ਮਾਡਰੇਟ ਨੇਤਰੀਤਵ ਨੇ ਤਾਂ ਇਸਦਾ ਵਿਰੋਧ ਕਰਨਾ ਹੀ ਸੀ, ਕਮਿਊਨਿਸਟ ਨੇਤਾਵਾਂ ਨੇ ਵੀ ਕੀਤਾ। ਉਹਨਾਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਆਤੰਕਵਾਦੀ ਤੇ ਆਪਣੇ ਆਪ ਨੂੰ ਮਾਰਕਸਵਾਦੀ ਦੱਸਿਆ। ਪਰ ਉਹਨਾਂ ਦਾ ਮਾਰਕਸਵਾਦ ਕਰਨੀਂ ਨਹੀਂ, ਸਿਰਫ ਕੱਥਨੀਂ ਹੀ ਸੀ। ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਬਲੀਦਾਨ ਨਾਲ ਕਰਾਂਤੀ ਦਾ ਜਿਹੜਾ ਰਾਹ ਦਰਸਾਇਆ ਸੀ, ਉਸ ਉੱਪਰ ਤੁਰਨ ਦੇ ਬਜਾਏ ਉਹਨਾਂ ਕਮਿਊਨਿਸਟ ਪਾਰਟੀ ਨੂੰ ਕਾਂਗਰਸ ਹਾਈ-ਕਮਾਨ ਦੀ ਪੂਛ ਬਣਾ ਦਿੱਤਾ। ਦੂਜੇ ਸ਼ਬਦਾਂ ਵਿਚ ਉਹਨਾਂ ਨੇ ਮਾਰਕਸਵਾਦ ਦੀ ਕੁਰਸੀ ਤਾਂ ਹਥਿਆ ਲਈ, ਪਰ ਉਹ ਕੁਰਸੀ ਜ਼ਰਾ ਕਾਠੀ ਸੀ, ਇਸ ਲਈ ਉਹਨਾਂ ਨੇ ਉਸ ਉੱਪਰ ਬਕੌਲ ਗੋਰਕੀ ਬਰਨ ਸਟੀਨਵਾਦ (ਗਾਂਧੀਵਾਦ) ਦੀ ਨਰਮਾ-ਨਰਮ ਗੱਦੀ ਮੜ੍ਹਾਅ ਲਈ।
ਇਹ ਕੋਈ ਦੱਸਣ ਵਾਲੀ ਗੱਲ ਨਹੀਂ ਕਿ ਸਾਡੇ ਰਾਸ਼ਟਰੀ ਅੰਦੋਲਨ ਵਿਚ ਕਮਿਊਨਿਸਟ ਨੇਤਾਵਾਂ ਨੇ ਵੀ ਗਾਂਧੀ ਵਾਂਗ ਹੀ ਆਤਮ-ਸਮਰਪਣਵਾਦੀ ਭੂਮਿਕਾ ਨਿਭਾਈ ਹੈ।
ਭਗਤ ਸਿੰਘ ਦੀ ਹੱਥਲੀ ਜੀਵਨੀ ਨੂੰ ਦਵੰਦਾਤਮਕ ਭੌਤਿਕਵਾਦ ਦੀ ਦ੍ਰਿਸ਼ਟੀ ਨਾਲ ਲਿਖਿਆ ਗਿਆ ਹੈ। ਹੁਣ ਤਕ ਭਗਤ ਸਿੰਘ ਦੀਆਂ ਜਿੰਨੀਆਂ ਵੀ ਜੀਵਨੀਆਂ ਲਿਖੀਆਂ ਗਈਆਂ ਹਨ, ਉਹਨਾਂ ਦੇ ਲੇਖਕਾਂ ਨੇ ਵਿਚਾਰ ਤੇ ਵਿਅਕਤੀਤਵ ਦੇ ਵਿਕਾਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਸਿਰਫ ਘਟਨਾਵਾਂ ਤੇ ਮਿਤੀਆਂ ਇਕੱਤਰ ਕਰਕੇ ਉਹਨਾਂ ਜੀਵਨੀਕਾਰਾਂ ਨੇ ਜੀਵਨੀ ਦੇ ਨਾਂ ਉੱਪਰ ਕਲੈਂਡਰ ਤਿਆਰ ਕੀਤੇ ਹਨ। ਦੂਜੀ ਗੱਲ ਇਹ ਕਿ ਇਹਨਾਂ ਲੇਖਕਾਂ ਨੇ ਦੇਸ਼-ਭਗਤੀ ਤੇ ਰਾਜ-ਭਗਤੀ ਨੂੰ ਯਾਨੀਕਿ ਸੱਚ ਤੇ ਝੂਠ ਨੂੰ ਵੱਖੋ-ਵੱਖ ਕਰਨ ਦਾ ਹੌਸਲਾ ਵੀ ਨਹੀਂ ਦਿਖਾਇਆ ਬਲਕਿ ਪੱਟਾਭਿ ਸੀਤਾਰਾਮੈਯਾ ਵਾਂਗ ਹੀ ਰਲ-ਗੱਡ ਕਰ ਦਿੱਤਾ ਹੈ। ਹੱਥਲੀ ਜੀਵਨੀ ਵਿਚ ਉਸੇ ਰਲ-ਗੱਡ ਨੂੰ ਵੱਖੋ-ਵੱਖ ਕੀਤਾ ਗਿਆ ਹੈ। ਲਿਖਣ ਦਾ ਮੰਤਕ ਇਹ ਹੈ ਕਿ ਈਮਾਨਦਾਰ ਬੁੱਧੀਜੀਵੀਆਂ ਨੂੰ ਤੇ ਦੇਸ਼ ਦੇ ਨੌਜਵਾਨਾਂ ਨੂੰ ਦਿਸ਼ਾ, ਰਸਤਾ ਤੇ ਦ੍ਰਿਸ਼ਟੀ ਮਿਲੇ ਤਾਂਕਿ ਦੇਸ਼ ਨੂੰ ਸੰਕਟ ਦੀ ਵਰਤਮਾਨ ਸਥਿਤੀ 'ਚੋਂ ਉਭਾਰਿਆ ਜਾ ਸਕੇ।

     –ਹੰਸਰਾਜ ਰਹਿਬਰ



































Monday, March 19, 2012

ਤਤਕਰਾ



ਪਰੰਪਰਾਵਾਂ, ਵੱਡੇ-ਵਡੇਰੇ ਤੇ ਬਚਪਨ 

ਸੰਸਕਾਰ, ਸਿੱਖਿਆ ਤੇ ਚੜ੍ਹਦੀ ਅਵਸਥਾ

ਅਧਿਅਨ, ਚਿੰਤਨ ਤੇ ਪੱਕੇ-ਪੈਰੀਂ 

ਆਹੂਤੀ 

ਬਲੀਦਾਨ ਤੋਂ ਬਾਅਦ 

ਭਗਤ ਸਿੰਘ ਵਿਚਾਰਧਾਰਾ ਤੇ ਉਸਦੀ ਪਰਾਸੰਗਿਕਤਾ 



ਭਗਤ ਸਿੰਘ, ਰਹਿਬਰ ਤੇ ਇਹ ਪੁਸਤਕ 


ਸੰਦਰਭ ਸੂਚੀ 

ਪਰੰਪਰਾਵਾਂ, ਵੱਡੇ-ਵਡੇਰੇ ਤੇ ਬਚਪਨ

ਪਰੰਪਰਾਵਾਂ, ਵੱਡੇ-ਵਡੇਰੇ ਤੇ ਬਚਪਨ


ਬਾਂਹ  ਜਿਹਨਾਂ  ਦੀ  ਪਕੜੀਏ,  ਸਿਰ  ਦੀਜੇ ਬਾਂਹ ਨਾ ਛੋਡੀਏ।
ਗੁਰੂ ਤੇਗ ਬਹਾਦੁਰ ਬੋਲਿਆ, ਧਰਤੀ ਪਰ ਧਰਮ ਨਾ ਛੋਡੀਏ।


ਪੰਜਾਬ ਦਾ ਇਕ ਲੋਕ-ਗੀਤ ਹੈ :
  ਦੋ  ਪੈਰ  ਘੱਟ  ਤੁਰਨਾਂ
  ਪਰ ਤੁਰਨਾਂ ਮੜਕ ਦੇ ਨਾਲ।


ਭਾਵ ਹੈ...: 'ਭਾਵੇਂ ਘੱਟ ਜਿਊਣਾ ਪਏ, ਪਰ ਜਿੰਨੇ ਦਿਨ ਜਿਊਣਾ ਏਂ, ਆਨ-ਬਾਨ ਤੇ ਸ਼ਾਨ ਨਾਲ ਜਿਊਂਵਾਂਗੇ।' ਇਹ ਪੰਜਾਬ ਦੀ ਪਰੰਪਰਾ ਹੈ। ਉਸਦੇ ਹਰੇਕ ਤੀਵੀਂ-ਮਰਦ ਦੇ ਚਰਿੱਤਰ ਦਾ, ਭਾਵੇਂ ਉਹ ਕਿਸੇ ਵੀ ਜਾਤ ਤੇ ਧਰਮ ਦਾ ਹੋਏ, ਵਿਸ਼ੇਸ਼ ਗੁਣ ਹੈ, ਜਿਹੜਾ ਇਸ ਸੂਬੇ ਦੀ ਮਿੱਟੀ, ਜਲਵਾਯੂ ਤੇ ਭੂਗੋਲਿਕ ਸਥਿਤੀ ਦੀ ਦੇਣ ਹੈ। ਪੰਜਾਬ ਨਦੀਆਂ, ਪਹਾੜਾਂ ਤੇ ਮੈਦਾਨਾਂ ਦਾ ਸੂਬਾ ਹੈ। ਸ਼ਸਯਾ ਸਯਾਮਲਾ (ਹਰਿਆਲੀ ਤੇ ਅੰਨ ਦੇ ਦੇਵਤਾਵਾਂ ਦਾ ਦੇਸ਼) ਦਾ ਵਿਸ਼ੇਸ਼ਣ ਭਾਰਤ ਲਈ ਅਸਲ ਵਿਚ ਇੱਥੇ ਹੀ ਲਾਗੂ ਹੁੰਦਾ ਹੈ। ਪੰਜਾਬ ਦਾ ਭਾਵ ਉਸ ਸਮੁੱਚੇ ਪੰਜਾਬ ਤੋਂ ਹੈ ਜਿਸ ਦੇ ਨਕਸ਼ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਅਮਿੱਟ ਰੂਪ ਵਿਚ ਬਿਰਾਜਮਾਨ ਹਨ। ਇਹ ਪੰਜਾਬ ਸਦਾ ਤੋਂ ਹੀ ਕੁਦਰਤ ਦਾ ਕੌਤਕ-ਸਰੂਪ ਰਿਹਾ ਹੈ। ਅੱਜ ਵੀ ਉਸਦੇ ਕੱਟੇ ਹੋਏ ਹਿੱਸੇ ਦੀ ਆਪਣੀ ਨਵੇਕਲੀ ਸ਼ਾਨ-ਸ਼ੋਭਾ ਹੈ। ਇਸ ਪਵਿੱਤਰ ਭੂਮੀ ਉੱਪਰ ਰਚੇ ਗਏ ਵੇਦਾਂ ਦੀ ਬਾਣੀ ਦਾ ਸੰਗੀਤ, ਉੱਛਲਦੇ ਹੋਏ ਦਰਿਆਵਾਂ, ਨਦੀਆਂ ਤੇ ਨਾਲਿਆਂ ਦੀਆਂ ਤਰੰਗਾਂ ਨਾਲ ਵਹਿ-ਵਹਿ ਕੇ, ਸਮੁੱਚੇ ਭਾਰਤ ਵਿਚ ਫ਼ੈਲਿਆ। ਪੰਜਾਬ ਦੀ ਮਿੱਟੀ ਦਾ ਹਰੇਕ ਕਣ ਆਪਣੇ ਅੰਦਰ ਇਕ ਵੱਖਰੇ ਇਤਿਹਾਸ ਦੀ ਕਹਾਣੀ ਸਮੋਈ ਬੈਠਾ ਹੈ। (ਸੰਤ ਇੰਦਰ ਸਿੰਘ ਚਕਰਵਰਤੀ 'ਸਿਖ ਇਤਿਹਾਸ ਕੀ ਪ੍ਰਸਤਾਵਨਾ' ਵਿਚੋਂ।)
ਪਹਿਲੇ ਜ਼ਮਾਨੇ ਵਿਚ ਦੱਰਾ ਖਹਿਬਰ ਭਾਰਤ ਦਾ ਪ੍ਰਵੇਸ਼-ਦਰਵਾਜ਼ਾ ਹੁੰਦਾ ਸੀ। ਬਾਹਰੋਂ ਜਿੰਨੇ ਵੀ ਕਾਫ਼ਲੇ ਆਏ, ਇਸੇ ਪ੍ਰਵੇਸ਼-ਦਰਵਾਜ਼ੇ ਰਾਹੀਂ ਪਹਿਲਾਂ ਪੰਜਾਬ ਪਹੁੰਚੇ, ਫੇਰ ਅੱਗੇ ਵਧੇ। ਉਹ ਆਪਣੇ ਨਾਲ ਜੋ ਵੀ ਨਿੱਗਰ, ਨਰੋਆ ਤੇ ਸੁੰਦਰ ਲਿਆਏ, ਉਸਦਾ ਇੱਥੇ ਸਵਾਗਤ ਹੋਇਆ। ਬਾਹਰੋਂ ਯੂਨਾਨੀ, ਈਰਾਨੀ, ਅਫ਼ਗਾਨੀ, ਤੁਰਕ ਤੇ ਮੁਗ਼ਲ ਜਿੰਨੇ ਵੀ ਹਮਲਾਵਰ ਆਏ, ਉਹ ਵੀ ਇਸੇ ਪ੍ਰਵੇਸ਼-ਦਰਵਾਜ਼ੇ ਰਾਹੀਂ ਆਏ। ਪੰਜਾਬੀ ਬਹਾਦਰਾਂ ਨੇ ਹਿੱਕਾਂ ਡਾਹ ਕੇ ਉਹਨਾਂ ਦਾ ਮੁਕਾਬਲਾ ਕੀਤਾ। ਪੁਰਜਾ-ਪੁਰਜਾ ਕਟ ਮਰਨਾ ਮੰਜ਼ੂਰ, ਪਰ ਹਥਿਆਰ ਸੁੱਟਣੇ—ਰੀਤ ਤੇ ਮਰਿਆਦਾ ਦੇ ਉਲਟ ਸਮਝੇ ਜਾਂਦੇ ਰਹੇ। ਹਾਰੇ—ਪਰ, ਹਰ ਹਾਲੇ ਸਿਰ ਉੱਚਾ ਰੱਖਿਆ। ਸਿਕੰਦਰ ਨੇ ਪੋਰਸ ਤੋਂ ਪੁੱਛਿਆ, “ਤੇਰੇ ਨਾਲ ਕੀ ਸਲੂਕ ਕੀਤਾ ਜਾਏ?” ਉਤਰ ਸੀ, “ਜੋ ਰਾਜਾ, ਰਾਜੇ ਨਾਲ ਕਰਦਾ ਹੈ।” ਰਾਜਾ ਉਹ, ਜਿਹੜਾ ਰਾਸ਼ਟਰ ਦੀ ਰੱਖਿਆ ਕਰੇ। ਜੈਪਾਲ, ਸੁਬਕਤਗੀਨ ਦੇ ਹਮਲੇ ਤੋਂ ਰਾਸ਼ਟਰ ਦੀ ਰੱਖਿਆ ਨਹੀਂ ਸੀ ਕਰ ਸਕਿਆ... ਸੋ ਉਸਨੇ ਆਤਮ-ਦਾਹ ਕਰ ਲਿਆ ਸੀ। ਹਾਰ ਜਾਣ ਪਿੱਛੋਂ ਉਸਦੀ ਅਣਖ ਨੇ ਜਿਊਣਾ ਗਵਾਰਾ ਨਹੀਂ ਸੀ ਕੀਤਾ। ਪੰਜਾਬ ਦਾ ਕਿਸਾਨ ਇਕ ਹੱਥ ਵਿਚ ਹਲ਼ ਦੀ ਮੁੰਨੀ ਤੇ ਦੂਜੇ ਵਿਚ ਤਲਵਾਰ ਫੜ੍ਹ ਕੇ ਖੇਤ ਵਾਹੁੰਦਾ ਹੁੰਦਾ ਸੀ। ਉਸਨੇ ਵੈਰੀ ਦਾ ਵਾਰ ਹਮੇਸ਼ਾ ਛਾਤੀ 'ਤੇ ਝੱਲਿਆ—ਕਦੀ ਪਿੱਠ ਨਹੀਂ ਦਿਖਾਈ।
ਪੰਜਾਬ ਦੀ ਮੌਲੀ-ਧਰਤੀ ਨੇ ਜਿੱਥੇ ਤਲਵਾਰ ਦੇ ਧਨੀ ਸ਼ੂਰਮਿਆਂ ਨੂੰ ਜਨਮ ਦਿੱਤਾ, ਉੱਥੇ ਉਸਨੂੰ ਮਹਾਨ ਚਿੰਤਕਾਂ, ਵਿਚਾਰਕਾਂ, ਸਿਧਾਂਤਕਾਰਾਂ, ਕਵੀਆਂ ਤੇ ਕਲਾਕਾਰਾਂ ਦੀ ਜਨਣੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਤਕਸ਼ਿਲਾ ਵਿਸ਼ਵ-ਵਿਦਿਆਲੇ ਦੇ ਪੜ੍ਹੇ ਹੋਏ, ਭਾਵੇਂ ਉਹ ਦਰਸ਼ਨ ਤੇ ਨੀਤੀ-ਸ਼ਾਸ਼ਤਰ ਦੇ ਗਿਆਤਾ ਹੋਣ ਭਾਵੇਂ ਖੇਤੀਵਾੜੀ ਦੇ, ਆਪਣੀ ਤੀਬਰ-ਬੁੱਧ ਤੇ ਸਿਰਜਣਕਾਰੀ ਪ੍ਰਤਿਭਾ ਸਦਕਾ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ। ਚਾਣਕੀਆ, ਚੰਦਰ ਗੁਪਤ, ਚਰਕ ਤੇ ਪਾਣਿਨੀ ਇਸੇ ਧਰਤੀ ਦੇ ਸਪੂਤ ਸਨ, ਜਿਹੜੇ ਦੇਸ਼ ਦੇ ਇਤਿਹਾਸ ਵਿਚ ਧਰੁਵ ਤਾਰੇ ਵਾਂਗ ਲਿਸ਼ਕ ਰਹੇ ਹਨ। ਨਾ ਸਿਰਫ ਇਹ ਕਿ ਪੰਜਾਬ ਨੇ ਕਦੀ ਆਪਣਾ 'ਪਾਣੀ' ਨਹੀਂ ਗੰਵਾਇਆ, ਬਲਕਿ ਕਹਿਣਾ ਪਏਗਾ ਕਿ ਉਹ ਸਮੁੱਚੇ ਦੇਸ਼ ਦੇ 'ਪਾਣੀ' ਦੀ ਰਾਖੀ ਲਈ ਹਮੇਸ਼ਾ ਸੰਘਰਸ਼ ਕਰਦਾ ਰਿਹਾ ਹੈ।
ਸੰਘਰਸ਼-ਰੱਤੇ ਪੰਜਾਬ ਵਿਚ ਬੋਦੇ-ਪੁਰਾਣੇ ਦੇ ਝੜਨ ਤੇ ਨਵੇਂ ਤੇ ਬਲਵਾਨ ਦੇ ਵਿਕਸਤ ਹੋਣ ਦੀ ਪ੍ਰਕਿਰਿਆ ਉਸਦੇ ਨਦੀਆਂ ਤੇ ਦਰਿਆਵਾਂ ਵਾਂਗ ਲਗਾਤਾਰ ਜਾਰੀ ਰਹੀ ਹੈ। ਜ਼ਿੰਦਗੀ ਦੀ ਤੇਜ਼-ਧਾਰ—ਮਿਥਿਆ ਧਾਰਨਾਵਾਂ, ਆਡੰਬਰਾਂ ਤੇ ਪਾਖੰਡ ਨੂੰ ਉਖਾੜ ਸੁੱਟਦੀ ਰਹੀ ਹੈ ਤੇ ਇਸ ਉਪਜਾਊ ਧਰਤੀ ਉੱਪਰ ਨਵੀਆਂ ਮਾਨਤਾਵਾਂ ਤੇ ਨਵੇਂ-ਨਵੇਂ ਰੀਤੀ-ਰਿਵਾਜ਼, ਬਸੰਤ ਰੁੱਤ ਦੀਆਂ ਕਰੂੰਬਲਾਂ ਵਾਂਗ ਫੁੱਟਦੇ ਰਹੇ ਹਨ। ਪੰਜਾਬ ਦਾ ਲੋਕ ਸਾਹਿਤ—ਜਿਸ ਵਿਚ ਹਾਸ-ਵਿਅੰਗ ਤੇ ਰੋਮਾਂਸ ਵੀ ਹੈ, ਦੇਸ਼ ਭਗਤੀ ਤੇ ਦਲੇਰੀ ਵੀ ਹੈ, ਪਾਖੰਡ ਤੇ ਅਤਿਆਚਾਰ ਲਈ ਲਲਕਾਰੇ ਵੀ ਹਨ ਤੇ ਨਵੇਂ ਦੇ ਪੁੰਘਰਨ ਦੇ ਪੱਕੇ ਸਬੂਤ ਵੀ। ਚੌੜੀਆਂ ਹਿੱਕਾਂ, ਮਜ਼ਬੂਤ ਬਾਹਾਂ ਵਾਲੇ, ਛੇ-ਛੇ ਫੁੱਟੇ, ਲੰਮੇ-ਝੰਮੇ, ਪੰਜਾਬੀ ਗੱਭਰੂ ਤੇ ਮੁਟਿਆਰਾਂ, ਕਣਕ ਦੀਆਂ ਦੁਧੀਆਂ ਖਾਂਦੇ, ਭੰਗੜੇ ਪਾਉਂਦੇ ਤੇ ਸ਼ੇਰਾਂ ਵਾਂਗ ਬੁਕ-ਬੁਕ ਗੱਜਦੇ ਹੋਏ ਮੌਤ ਨੂੰ 'ਧੱਤ ਤੇਰੀ ਦੀ' ਕਹਿਕੇ ਟਿੱਚਰਾਂ ਕਰਦੇ ਹਨ।
ਸ਼ਚੀਂਦਰ ਨਾਥ ਸਾਨਿਆਲ ਨੇ ਪੰਜਾਬ ਦੇ ਕਰਾਂਤੀਕਾਰੀਆਂ ਬਾਰੇ, ਜਿਹਨਾਂ ਵਿਚ ਵਧੇਰੇ ਸਿੱਖ ਸਨ, ਇਹ ਲਿਖਿਆ ਹੈ...:
“ਸਿੱਖਾਂ ਵਿਚ ਪ੍ਰਚੰਡ ਹੌਸਲਾ ਤੇ ਉਤਸਾਹ ਸੀ। ਇਸ ਦੇ ਇਲਾਵਾ ਉਹ ਕਸ਼ਟ ਵੀ ਖ਼ੂਬ ਝੱਲ ਸਕਦੇ ਸਨ। ਉਹਨਾਂ ਦੀਆਂ ਲੰਮੀਆਂ-ਝੰਮੀਆਂ, ਗਠੀਆਂ ਹੋਈਆਂ ਦੇਹਾਂ ਤੇ ਖ਼ੂਬ ਚੌੜੀਆਂ ਛਾਤੀਆਂ ਤੇ ਪਤਲੇ ਲੱਕ ਮੱਲੋਮੱਲੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਸਨ। ਉਹਨਾਂ ਦੇ ਦਾੜ੍ਹੀ-ਮੁੱਛਾਂ ਹੇਠ ਦਗ-ਦਗ ਕਰਦੇ ਚਿਹਰੇ ਦੇਖ ਕੇ ਬਹੁਤ ਸਾਰੇ ਜਾਲਮਾਂ ਦਾ ਦਿਲ ਦਹਿਲ ਜਾਂਦਾ ਸੀ। ਉਹਨਾਂ ਦੀ ਚਾਲ-ਢਾਲ ਵਿਚ ਇਕ ਵਿਸ਼ੇਸ਼ ਵੱਖਰੇਵਾਂ ਨਜ਼ਰ ਆਉਂਦਾ ਸੀ ਤੇ ਸਾਫ ਲੱਗਦਾ ਸੀ ਕਿ ਉਹ ਦੋਹਾਂ ਪੈਰਾਂ ਉੱਪਰ ਬਰੋਬਰ ਦਾ ਭਾਰ ਪਾ ਕੇ ਤੁਰ ਰਹੇ ਹਨ...।” (ਬੰਦੀ ਜੀਵਨ, ਸਫਾ 10)
ਅੱਜ ਤੋਂ ਕੋਈ ਪੰਜ ਸੌ ਸਾਲ ਪਹਿਲਾਂ ਜਦੋਂ ਦੇਸ਼ ਤੁਰਕਾਂ ਤੇ ਮੁਗ਼ਲਾਂ ਦੀ ਗ਼ੁਲਾਮੀ ਤੋਂ ਭੈਭੀਤ ਸੀ ਤੇ ਪੁਰਾਣੇ ਹਿੰਦੂ ਧਰਮ ਦੇ ਰੀਤੀ-ਰਿਵਾਜ਼ਾਂ ਨੇ ਰਾਸ਼ਟਰ ਨੂੰ ਕਮਜ਼ੋਰ ਕਰ ਦਿੱਤਾ ਸੀ, ਉਦੋਂ ਉਸ ਵਿਚ ਨਵੀਂ ਜਾਨ ਭਰਨ ਖਾਤਰ ਗੁਰੂ ਨਾਨਕ ਨੇ ਇਕ ਨਵਾਂ ਧਰਮ ਚਲਾਇਆ। ਇਸ ਨਵੇਂ ਧਰਮ ਦੀਆਂ ਨਵੀਆਂ ਸਿੱਖਿਆਵਾਂ ਮੰਨਣ ਵਾਲੇ 'ਗੁਰੂ ਦੇ ਸਿੱਖ' ਭਾਵ ਕਿ ਸ਼ਿਸ਼ ਕਹਾਉਂਦੇ ਸਨ। ਗੁਰੂ ਨਾਨਕ ਨੇ ਇਸ ਨਵੇਂ ਧਰਮ ਵਿਚ ਈਸ਼ਵਰ ਦੀ ਪੁਰਾਣੀ ਅਵਧਾਰਨਾ ਵਿਚ ਇਹ—'ਨਿਰਭੈ' ਤੇ 'ਨਿਰਵੈਰ'—ਦੋ ਵਿਸ਼ੇਸ਼ਣ ਜੋੜ ਦਿੱਤੇ। 'ਨਿਰਭੈ' ਭਾਵ ਇਹ ਕਿ 'ਪ੍ਰਮਾਤਮਾ ਭੈ-ਰਹਿਤ ਹੈ, ਤੁਸੀਂ ਵੀ ਉਸਦਾ ਇਕ ਅੰਸ਼ ਹੋ, ਇਸ ਲਈ ਨਿਰਭੈ ਬਣੋ—ਤੁਰਕਾਂ ਤੇ ਮੁਗ਼ਲਾਂ ਦਾ ਡਰ ਮਨ ਵਿਚੋਂ ਕੱਢ ਦਿਓ।' 'ਨਿਰਵੈਰ' ਦਾ ਅਰਥ ਸੀ 'ਜਾਤ-ਪਾਤ ਤੇ ਊਚ-ਨੀਚ ਦਾ ਭੇਦਭਾਵ ਛੱਡੋ, ਮਨੁੱਖ ਨੂੰ ਮਨੁੱਖ ਸਮਝੋ ਤੇ ਇਕ ਹੋ ਜਾਓ।'
ਜਿਹੜੀ ਨਿਰਾਸ਼, ਉਦਾਸ ਤੇ ਵਹਿਮਾਂ ਭਰਮਾਂ ਵਿਚ ਫਸੀ ਹੋਈ ਨਵੀਂ ਪੀੜ੍ਹੀ, ਕੰਨ ਪੜਵਾ ਕੇ ਤੇ ਜੋਗੀ ਬਣ ਕੇ ਜੰਗਲਾਂ ਤੇ ਪਹਾੜਾਂ ਵਿਚ ਈਸ਼ਵਰ ਨੂੰ ਲੱਭਦੀ ਫਿਰ ਰਹੀ ਸੀ, ਉਸਨੂੰ ਨਾਨਕ ਦੇ ਨਵੇਂ ਧਰਮ ਨੇ ਸਹੀ ਰਾਹ ਦਿਖਾਈ। ਇਸ ਨਵੇਂ ਧਰਮ ਦਾ ਆਦਰਸ਼ ਸੀ...'ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ।' ਭਾਵ ਇਹ ਕਿ ਆਪਣੀ ਰੋਜ਼ੀ-ਰੋਟੀ ਆਪ ਕਮਾਓ, ਉਸਨੂੰ ਇਕੱਲੇ ਨਹੀਂ, ਵੰਡ ਕੇ ਖਾਓ ਤੇ ਈਸ਼ਵਰ ਦਾ ਭਜਨ ਕਰੋ। ਉਹ ਤੁਹਾਡੇ ਘਰ, ਤੁਹਾਡੇ ਹਿਰਦੇ ਵਿਚ ਹੀ ਹੈ—ਉਸਨੂੰ ਕਿੱਧਰੇ ਬਾਹਰ ਲੱਭਣ ਜਾਣ ਦੀ ਲੋੜ ਨਹੀਂ।
ਆਪਣੀਆਂ ਇਹਨਾਂ ਸਿੱਖਿਆਵਾਂ ਦਾ ਪਰਚਾਰ-ਪਰਸਾਰ ਕਰਨ ਤੇ ਪੁਰਾਣੇ ਸਮਾਜ ਵਿਚ ਇਕ ਨਵੀਂ ਰੂਹਾਨੀ ਚੇਤਨਾ ਜਗਾਉਣ ਲਈ ਗੁਰੂ ਨਾਨਕ ਨੇ ਲੰਗਰ, ਪੰਗਤ, ਸੰਗਤ ਤੇ ਗੁਰ-ਗੱਦੀ ਨਾਂ ਦੀਆਂ ਚਾਰ ਸੰਸਥਾਵਾਂ ਬਣਾਈਆਂ। ਉਦੇਸ਼ ਪੁਰਾਣੇ ਮਨੁੱਖ ਨੂੰ ਨਵਾਂ ਮਨੁੱਖ ਬਣਾਉਣਾ—ਮਨ-ਮੁੱਖ ਦਾ, ਗੁਰ-ਮੁੱਖ ਵਿਚ ਰੂਪਾਂਤਰਣ ਕਰਨਾ ਸੀ। ਯਾਨੀ—'ਮਨ-ਮੁੱਖ' ਉਹ, ਜਿਹੜਾ ਸਿਰਫ ਆਪਣਾ ਸਵਾਰਥ ਸਾਧਦਾ ਹੈ, ਮੋਕਸ਼ ਦੀ ਇੱਛਾ ਵਿਚ ਜੀਵਨ ਵਿਅਰਥ ਗੰਵਾਅ ਦੇਂਦਾ ਹੈ ਤੇ 'ਗੁਰ-ਮੁੱਖ' ਉਹ, ਜਿਹੜਾ ਆਪਣੇ ਸਾਮਾਜਕ ਫਰਜ਼ਾਂ ਨੂੰ ਸਮਝੇ ਤੇ ਲੋਕ ਭਲਾਈ ਲਈ ਜੀਵਨ ਸਮਰਪਿੱਤ ਕਰ ਦਵੇ। ਗੁਰ-ਮੁੱਖ ਲਈ ਉਪਦੇਸ਼ ਸੀ...:


 ਨਾਨਕ  ਨੰਨ੍ਹੇ  ਹੋ  ਰਹੋ, ਜੈਸੇ  ਨੰਨ੍ਹੀ  ਦੂਬ।
 ਔਰ ਘਾਸ ਜਰ ਜਾਯ ਹੈ, ਦੂਬ ਖ਼ੂਬ ਹੀ ਖ਼ੂਬ।।


ਹਊਮੈਂ ਤਿਆਗ ਕੇ ਲੋਕਾਈ ਦਾ ਅਭਿੰਨ ਅੰਗ ਬਣ ਜਾਓ, ਜਿਹੜਾ ਅਜੈ ਤੇ ਅਮਿੱਟ ਹੈ।
ਉਸ ਸਮੇਂ ਸਾਰੀਆਂ ਲੜਾਈਆਂ ਧਰਮ ਦੇ ਪਿੜ ਵਿਚ ਖਲੋ ਕੇ ਹੀ ਲੜੀਆਂ ਜਾਂਦੀਆਂ ਸਨ। ਧਰਮ ਦੀ ਰੱਖਿਆ, ਆਨ-ਬਾਨ ਦੀ ਰੱਖਿਆ—ਰਾਸ਼ਟਰੀਅਤਾ ਤੇ ਸੰਸਕਰੀਤੀ ਦੀ ਰੱਖਿਆ ਹੁੰਦੀ ਸੀ। ਇਸ ਲਈ ਜਦੋਂ ਧਰਮ ਉੱਪਰ ਭੀੜ ਪਈ ਤਾਂ ਨੌਵੇਂ ਗੁਰੂ ਤੇਗ ਬਹਾਦੁਰ ਨੇ ਆਪਣੇ ਸ਼ੀਸ਼ ਦੀ ਬਲੀ ਦੇ ਕੇ ਉਸਦੀ ਰੱਖਿਆ ਕੀਤੀ।


 ਬਾਂਹ  ਜਿਹਨਾਂ  ਦੀ  ਪਕੜੀਏ,  ਸਿਰ  ਦੀਜੇ ਬਾਂਹ ਨਾ ਛੋਡੀਏ,
 ਗੁਰੂ ਤੇਗ ਬਹਾਦੁਰ ਬੋਲਿਆ, ਧਰਤੀ ਪਰ ਧਰਮ ਨਾ ਛੋਡੀਏ।


ਇਸਦੇ ਪਿੱਛੇ ਜਿਹੜੀ ਕਸ਼ਮੀਰੀ ਪੰਡਤਾਂ ਵਾਲੀ ਗੱਲ ਹੈ, ਉਸਨੂੰ ਸਾਰੇ ਹੀ ਜਾਣਦੇ ਹਨ। ਫੇਰ ਮੁਗ਼ਲ ਸਾਮਰਾਜ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਹਥਿਆਰ ਚੁੱਕਣ ਦਾ ਸਮਾਂ ਆ ਗਿਆ। ਜਿਸ ਤਰ੍ਹਾਂ ਗੁਰੂ ਨਾਨਕ ਨੇ ਆਪਣੇ ਸਮੇਂ ਦੀਆਂ ਹਾਲਤਾਂ ਅਨੁਸਾਰ ਈਸ਼ਵਰ ਦੀ ਪ੍ਰਚੱਲਤ ਅਵਧਾਰਨਾ ਵਿਚ 'ਨਿਰਭੈ' ਤੇ 'ਨਿਰਵੈਰ' ਵਿਸ਼ੇਸ਼ਣ ਜੋੜੇ ਸਨ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨਵੀਆਂ ਪ੍ਰਸਥਿਤੀਆਂ ਵਿਚ, ਇਸ ਪ੍ਰਚੱਲਤ ਅਵਧਾਰਨਾ ਵਿਚ, 'ਸਰਬ-ਲੋਹ' ਵਿਸ਼ੇਸ਼ਣ ਜੋੜ ਦਿੱਤਾ। ਯਾਨੀ—ਈਸ਼ਵਰ ਫੌਲਾਦ ਹੈ, ਸ਼ਸ਼ਤਰ ਹੈ...ਸ਼ਸ਼ਤਰ ਦੀ ਪੂਜਾ ਕਰੋ। ਫੇਰ 1699 ਦੀ ਵਿਸਾਖੀ ਵਾਲੇ ਦਿਨ ਇਕ ਅਜਿਹਾ ਚਮਤਕਾਰ ਕਰ ਦਿਖਾਇਆ, ਜਿਸ ਨੇ ਸਾਰਿਆਂ ਨੂੰ ਦੰਗ ਕਰ ਦਿੱਤਾ। ਉਹ ਚਮਤਕਾਰ ਸੀ 'ਖਾਲਸੇ ਦੀ ਸਥਾਪਨਾ'। ਖਾਲਸੇ ਦਾ ਮਤਲਬ ਹੈ...ਸ਼ੁੱਧ, ਪਵਿੱਤਰ, ਯਕਦਮ ਖਰਾ। ਗੁਰੂ ਨਾਨਕ ਦੇ ਸਿੱਖ ਧਰਮ ਵਿਚ ਜਿਹੜੇ ਰੂੜੀਵਾਦੀ ਵਿਚਾਰ ਤੇ ਸਵਾਰਥ ਘੁਸ ਆਏ ਸਨ, ਉਹਨਾਂ ਤੋਂ ਉਸਨੂੰ ਮੁਕਤ ਕਰਕੇ ਉਸਨੂੰ ਖਾਲਸੇ ਦਾ ਨਵਾਂ ਰੂਪ ਦਿੱਤਾ। ਗੁਰੂ ਗੱਦੀ ਆਪਣੀ ਇਤਿਹਾਸਕ ਭੂਮਿਕਾ ਪੂਰੀ ਕਰ ਚੁੱਕੀ ਸੀ, ਇਸ ਲਈ ਉਸਨੂੰ ਸਮਾਪਤ ਕਰਕੇ ਆਪਣੇ ਇਸ ਨਵੇਂ ਧਰਮ ਨੂੰ ਲੋਕਤੰਤਰ ਦੀ ਰਾਹ ਉੱਪਰ ਪਾਇਆ ਤੇ ਖਾਲਸੇ ਨੂੰ ਕਿਹਾ...'ਹੁਣ ਪੰਥ ਹੀ ਤੁਹਾਡਾ ਗੁਰੂ ਹੈ। ਪੰਜ ਪਿਆਰਿਆਂ ਦਾ ਆਦੇਸ਼ ਮੰਨੋਂ।' ਤੇ ਇਹ ਵੀ ਕਿਹਾ, 'ਮੈਂ ਤੁਹਾਨੂੰ ਖਾਲਸਾ ਬਣਾਅ ਕੇ ਤੁਹਾਡੀ ਜ਼ਿੰਮੇਵਾਰੀ ਵਧਾਅ ਦਿੱਤੀ ਹੈ। ਦੇਸ਼ ਤੇ ਧਰਮ ਦੀ ਰੱਖਿਆ ਦਾ ਭਾਰ ਤੁਹਾਡੇ ਮੋਢਿਆਂ ਉੱਪਰ ਹੈ।' ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਸਹਿਜ ਨਹੀਂ, ਔਖਾ—ਬੜਾ ਹੀ ਕਠਿਨ ਸੀ। ਇਸ ਲਈ ਖਾਲਸੇ ਲਈ ਆਦਰਸ਼-ਆਦੇਸ਼ ਸੀ...:


 ਜੋ ਤੋਹੇ ਪਰੇਮ ਖੇਲਨ ਕਾ ਚਾਓ,
 ਸਿਰ ਧਰ ਤਲੀ ਗਲੀ ਮੇਰੀ ਆਓ।


ਗੁਰੂ ਗੋਬਿੰਦ ਸਿੰਘ ਨੇ ਮਿੱਤਰਾਂ, ਪੁੱਤਰਾਂ ਤੇ ਆਪਣੀ ਬਲੀ ਦੇ ਕੇ ਸਿਰ ਧਰ ਤਲੀ ਵਾਲੀ ਰੀਤ ਚਲਾਈ। ਬੰਦਾ ਬੈਰਾਗੀ ਨੇ ਇਸ ਰੀਤ ਉੱਤੇ ਚੱਲਦਿਆਂ ਹੋਇਆਂ ਦੇਸ਼ ਤੇ ਧਰਮ ਦੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ, ਸਰਹੰਦ ਦੀ ਇੱਟ ਨਾਲ ਇੱਟ ਖੜਕਾਅ ਦਿੱਤੀ ਤੇ ਆਪਣੇ ਸਰੀਰ ਦਾ ਬੰਦ-ਬੰਦ ਬਿਨਾਂ 'ਸੀ' ਕੀਤਿਆਂ, ਤੱਤੇ ਜਮੂਰਾਂ ਨਾਲ ਤੁੜਵਾਇਆ। ਹਾਰ ਦਾ ਕਾਰਨ ਇਹ ਰਿਹਾ ਕਿ ਬੰਦੇ ਬੈਰਾਗੀ ਨੇ 'ਪੰਜ ਪਿਆਰਿਆਂ' ਦਾ ਹੁਕਮ ਨਾ ਮੰਨ ਕੇ ਮਨਮਾਨੀ ਕੀਤੀ। ਮਨਮਾਨੀ ਦੇ ਨਾਲ ਸੋਚ ਵੀ ਸੌੜੀ ਹੋਈ।
ਹੁਣ ਲਾਹੌਰ ਦੇ ਨਵਾਬ ਨੇ ਸਿੰਘਾਂ ਨੂੰ ਲੱਭ-ਲੱਭ ਕੇ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਜਾਨ ਦੀ ਰਾਖੀ ਲਈ ਲੱਖੀ ਜੰਗਲ, ਸ਼ਿਵਾਲਿਕ ਦੀਆਂ ਪਹਾੜੀਆਂ ਤੇ ਰਾਜਪੁਤਾਨਾ ਦੇ ਰੇਗਸਤਾਨ ਵੱਲ ਜਾਣਾ ਪਿਆ।
ਅੰਨ੍ਹੇਵਾਹ ਕਤਲੇਆਮ ਪਿੱਛੋਂ ਹਾਕਮਾਂ ਨੇ ਰਿਪੋਰਟ ਦਿੱਤੀ ਕਿ ਹੁਣ ਕੋਈ ਸਿੰਘ ਬਾਕੀ ਨਹੀਂ ਰਿਹਾ। ਇਹਨੀਂ ਦਿਨੀ ਭਾਈ ਬੋਤਾ ਸਿੰਘ ਤੇ ਉਹਨਾਂ ਦੇ ਇਕ ਹੋਰ ਸਿੱਖ ਸਾਥੀ ਗਰਜਾ ਸਿੰਘ ਨੂੰ ਕਿਸੇ ਕਿਸਾਨ ਨੇ ਦੇਖ ਕੇ, ਆਪਣੇ ਨਾਲ ਵਾਲੇ ਦੂਜੇ ਕਿਸਾਨ ਸਾਥੀ ਤੋਂ ਪੁੱਛਿਆ, 'ਇਹ ਕੌਣ ਐਂ ਬਈ? ਕਿਤੇ ਸਿੰਘ ਤਾਂ ਨਹੀਂ?' ਉਤਰ ਸੀ...'ਸਿੰਘ ਕਿੱਥੇ? ਉਹ ਤਾਂ ਖ਼ਤਮ ਹੋ-ਗੇ। ਇਹ ਤਾਂ ਕੋਈ ਗਿੱਦੜ ਹੋਣੇ ਐਂ। ਜਿਹੜੇ ਲੁਕਦੇ-ਫਿਰਦੇ ਐ।' ਇਹ ਗੱਲ ਬੋਤਾ ਸਿੰਘ ਨੂੰ ਚੁਭ ਗਈ। ਇਹ ਸਿੱਧ ਕਰਨ ਖਾਤਰ ਕਿ ਸਿੰਘ ਖ਼ਤਮ ਨਹੀਂ ਹੋਏ, ਜਿਊਂਦੇ ਹੈਨ, ਉਹ ਦੋਹੇਂ ਉਸੇ ਸਮੇਂ ਜੰਗਲ ਵਿਚੋਂ ਨਿਕਲ ਕੇ ਸਰਾਂ ਨੂਰੂਦੀਨ ਦੇ ਨੇੜੇ ਸ਼ਾਹੀ ਸੜਕ ਉੱਤੇ ਆ ਬੈਠੇ ਤੇ ਆਉਂਦੇ-ਜਾਂਦੇ ਮੁਸਾਫਰਾਂ ਤੋਂ ਇਕ ਆਨਾਂ ਫ਼ੀ ਗੱਡਾ ਤੇ ਇਕ ਪੈਸਾ ਫ਼ੀ ਖੋਤਾ ਟੈਕਸ ਵਸੂਲ ਕਰਨ ਲੱਗ ਪਏ—ਜਿਵੇਂ ਉੱਥੇ ਆਪਣਾ ਸਿੱਖ ਰਾਜ ਸਥਾਪਤ ਕਰ ਲਿਆ ਹੋਵੇ। ਇਹ ਸਿਲਸਿਲਾ ਕੁਝ ਦਿਨ ਇੰਜ ਹੀ ਚੱਲਦਾ ਰਿਹਾ ਤੇ ਕਿਸੇ ਨੇ ਉਹਨਾਂ ਤੋਂ ਪੁੱਛ-ਪੜਤਾਲ ਨਹੀਂ ਕੀਤੀ। ਪਰ ਬੋਤਾ ਸਿੰਘ ਦਾ ਉਦੇਸ਼ ਟੈਕਸ ਵਸੂਲ ਕਰਨਾ ਨਹੀਂ ਸੀ, ਬਲਕਿ ਹਕੂਮਤ ਨੂੰ ਲਲਕਾਰਨਾ ਸੀ। ਜਦੋਂ ਕੋਈ ਪੁੱਛ-ਗਿੱਛ ਨਾ ਹੋਈ ਤਾਂ ਉਸਨੇ ਲਾਹੌਰ ਦੇ ਨਵਾਬ ਜਕਰੀਆ ਖ਼ਾਂ ਨੂੰ ਲਿਖਿਆ...:


 ਚਿੱਠੀ ਲਿੱਖੇ ਸਿੰਘ ਬੋਤਾ, ਹੱਥ ਹੈ ਸੋਟਾ
 ਆਨਾਂ ਲਾਇਆ ਗੱਡੇ ਨੂੰ, ਤੇ ਪੈਸਾ ਲਾਇਆ ਖੋਤਾ।
 ਆਖੇ  ਭਾਬੋ  ਖ਼ਾਨ  ਨੂੰ,  ਇੰਜ ਆਖੇ ਸਿੰਘ ਬੋਤਾ।


ਜਦੋਂ ਜਕਰੀਆ ਖ਼ਾਂ ਨੂੰ ਇਹ ਖ਼ਤ ਮਿਲਿਆ ਤਾਂ ਉਸਨੇ ਆਪਣੇ ਇਕ ਫ਼ੌਜੀ ਅਫ਼ਸਰ ਜਲਾਲੂਦੀਨ ਨੂੰ ਸੌ ਸੈਨਕਾਂ ਨਾਲ ਭੇਜਿਆ ਕਿ ਉਹ ਬੋਤਾ ਸਿੰਘ ਨੂੰ ਫੜ੍ਹ ਲਿਆਵੇ। ਬੋਤਾ ਸਿੰਘ ਤਾਂ ਚਾਹੁੰਦਾ ਹੀ ਇਹੋ ਸੀ। ਉਹ ਆਪਣੇ ਸਾਥੀ ਸਮੇਤ ਲੜਨ ਲਈ ਤਿਆਰ ਹੋ ਗਿਆ। ਇਕ ਪਾਸੇ ਹੱਥਾਂ ਵਿਚ ਸਿਰਫ ਸੋਟਾ ਲੈ ਕੇ ਦੋ ਸਿੱਖ ਤੇ ਦੂਜੇ ਪਾਸੇ ਲਾਹੌਰ ਦੇ ਸੂਬੇਦਾਰ ਦਾ ਇਕ ਸੌ ਸੈਨਕਾਂ ਦਾ ਫ਼ੌਜੀ ਦਸਤਾ। ਇਹਨਾਂ ਦੋਹਾਂ ਨੇ ਤਲੀ 'ਤੇ ਸਿਰ ਰੱਖਦਿਆਂ ਹੋਇਆਂ, ਆਪਣੀਆਂ ਪਿੱਠਾਂ ਜੋੜ ਲਈਆਂ ਤੇ ਘੁੰਮ-ਘੁੰਮ ਕੇ ਦੁਸ਼ਮਣ ਦੇ ਵਾਰਾਂ ਨੂੰ ਰੋਕਣ ਲੱਗੇ। ਜਦੋਂ ਤਕ ਦੇਹ ਵਿਚ ਪ੍ਰਾਣ ਰਹੇ, ਜੀਅ-ਜਾਨ ਨਾਲ ਲੜੇ। ਆਖ਼ਰ ਦੋ ਆਦਮੀ ਏਡੀ ਵੱਡੀ ਸੈਨਾ ਦਾ ਮੁਕਾਬਲਾ ਕਦੋਂ ਤੀਕ ਕਰਦੇ। ਦੁਸ਼ਮਣ ਸੈਨਾ ਦੇ ਬਹੁਤ ਸਾਰੇ ਆਦਮੀਆਂ ਨੂੰ ਜ਼ਖ਼ਮੀ ਕਰਕੇ ਆਪ ਵੀ ਸ਼ਹੀਦ ਹੋ ਗਏ। ਸ਼ਹਾਦਤ ਰੰਗ ਲਿਆਈ। ਭਾਵੀ, ਸਿੱਖ ਰਾਜ ਦੀ ਨੀਂਹ ਵੱਝੀ। ਸਿੱਖ ਯੋਧੇ ਮੁੜ ਇਕੱਠੇ ਹੋਣ ਲੱਗ ਪਏ। ਅਹਿਮਦ ਸ਼ਾਹ ਅਬਦਾਲੀ ਦੇ ਵਾਰ-ਵਾਰ ਦੇ ਹਮਲਿਆਂ ਨੇ ਮੁਗ਼ਲ ਰਾਜ ਨੂੰ ਕਮਜ਼ੋਰ ਕਰ ਦਿੱਤਾ ਸੀ—ਸੋ ਉਹਨਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਵੀ ਮਿਲ ਗਿਆ। ਅਹਿਮਦ ਸ਼ਾਹ ਅਬਦਾਲੀ ਦਿੱਲੀ ਲੁੱਟ ਕੇ ਵਾਪਸ ਮੁੜਦਾ ਤਾਂ ਸਿੱਖ ਗੁਰੀਲੇ, ਸਤਲੁਜ ਤੇ ਬਿਆਸ ਨਦੀ ਪਾਰ ਕਰਨ ਸਮੇਂ, ਉਸਨੂੰ ਲੁੱਟ ਲੈਂਦੇ। ਉਹ ਜਿਹਨਾਂ ਔਰਤਾਂ ਨੂੰ ਕੈਦੀ ਬਣਾਅ ਕੇ ਲਿਜਾਅ ਰਿਹਾ ਹੁੰਦਾ ਸੀ, ਸਿੱਖ ਗੁਰੀਲੇ ਉਹਨਾਂ ਨੂੰ ਰਿਹਾਅ ਕਰਵਾ ਕੇ ਉਹਨਾਂ ਦੇ ਘਰੀਂ ਪਹੁੰਚਾਅ ਆਉਂਦੇ। ਲੋਕ ਉਹਨਾਂ ਨੂੰ ਸਵੈ-ਇੱਛਾ ਨਾਲ ਸੁਰੱਖਿਆ-ਟੈਕਸ ਦੇਣ ਲੱਗ ਪਏ ਤੇ ਹਰ ਪਰਿਵਾਰ ਦਾ ਵੱਡਾ ਮੁੰਡਾ ਸਿੰਘ ਸਜਾਇਆ ਜਾਣ ਲੱਗਿਆ। ਹੌਲੀ-ਹੌਲੀ ਸ਼ਕਤੀ ਵਧਦੀ ਗਈ, ਮਿਸਲਾਂ ਬਣੀਆ ਤੇ ਅਖ਼ੀਰ ਮਹਾਰਾਜਾ ਰਣਜੀਤ ਸਿੰਘ ਦੇ ਨੇਤਰੀਤਵ ਵਿਚ ਵਿਸ਼ਾਲ ਸਿੱਖ ਰਾਜ ਦੀ ਸਥਾਪਨਾ ਹੋਈ।
ਇਹ ਕਹਿਣਾ ਸਰਾਸਰ ਗਲਤ ਹੈ ਕਿ ਮੁਗ਼ਲਾਂ ਪਿੱਛੋਂ ਅੰਗਰੇਜ਼ ਆ ਗਏ। ਅੰਗਰੇਜ਼ਾਂ ਦੇ ਵਿਰੁੱਧ ਸਿੱਖ ਲੜੇ ਜਾਂ ਮਰਹੱਟੇ। ਦਿੱਲੀ ਦਾ ਬਾਦਸ਼ਾਹ ਤਾਂ ਇਹਨਾਂ ਦੋਹਾਂ ਦੇ ਹੱਥ ਦੀ ਕਠਪੁਤਲੀ ਸੀ। ਉਸਨੇ ਤਾਂ ਅੰਗਰੇਜ਼ਾਂ ਦੇ ਖ਼ਿਲਾਫ਼ ਇਕ ਵੀ ਲੜਾਈ ਨਹੀਂ ਲੜੀ। 1761 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਖ਼ਿਲਾਫ਼ ਪਾਣੀਪਤ ਦੀ ਤੀਜੀ ਲੜਾਈ ਵੀ ਮੁਗ਼ਲਾਂ ਨੇ ਨਹੀਂ, ਮਰਹੱਟਿਆਂ ਨੇ ਲੜੀ ਸੀ।
ਸਿੱਖ ਰਾਜ ਤੇ ਮਰਹੱਟਾ ਰਾਜ ਵਿਚ ਸਿਰ ਤਲੀ 'ਤੇ ਧਰ ਕੇ ਲੜਨ ਵਾਲੇ ਯੋਧਿਆਂ ਦੀ ਕਮੀ ਨਹੀਂ ਸੀ। ਪਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਜਿਹੜੀ ਸੰਸਕਰੀਤੀ ਸੀ, ਇਹਨਾਂ ਦੋਹਾਂ ਦਰਬਾਰਾਂ ਵਿਚ ਉਸਦਾ ਸੌਵਾਂ ਹਿੱਸਾ ਵੀ ਨਹੀਂ ਸੀ। ਮੁਗ਼ਲਾਂ ਨੇ ਜਿਸ ਫ਼ਾਰਸੀ ਭਾਸ਼ਾ ਨੂੰ ਦੇਸ਼ ਉੱਪਰ ਥੋਪਿਆ ਸੀ, ਦੋਹਾਂ ਨੇ ਉਸੇ ਨੂੰ ਜਾਰੀ ਰੱਖਿਆ। ਸੰਸਕਰੀਤੀ ਦੀ ਇਹ ਘਾਟ ਹੀ ਦੋਹਾਂ ਰਾਜਾਂ ਦੇ ਪਤਨ ਦਾ ਕਾਰਨ ਬਣੀ।




ਪਹਿਲੀ ਅੰਗਰੇਜ਼, ਸਿੱਖ ਲੜਾਈ 22 ਦਸੰਬਰ 1845 ਨੂੰ ਮੁੱਦਕੀ ਦੀ ਭੋਇੰ ਉੱਪਰ ਲੜੀ ਗਈ। ਉਸ ਸਮੇਂ ਇਕ 29 ਸਾਲ ਦਾ ਸਿੱਖ ਸਿਪਾਹੀ ਆਪਣੇ ਅਨੁਭਵ ਨਾਲ ਇਸ ਨਤੀਜੇ ਉੱਤੇ ਪਹੁੰਚਿਆ ਕਿ 'ਪੰਜਾਬ ਦੀ ਸੈਨਾ ਸ਼ੇਰਾਂ ਦੀ ਅਜਿਹੀ ਸੈਨਾ ਹੈ, ਜਿਸ ਦਾ ਨੇਤਰੀਤਵ ਗਿੱਦੜ ਕਰ ਰਹੇ ਨੇ।' ਜਦੋਂ ਨਗਾਰੇ ਦੀ ਆਵਾਜ਼ ਉੱਤੇ ਯੁੱਧ ਦਾ ਐਲਾਨ ਕੀਤਾ ਜਾ ਰਿਹਾ ਸੀ, ਉਸਨੇ ਆਪਣੀ ਬੰਦੂਕ ਤੇ ਵਰਦੀ ਸਤਲੁਜ ਵਿਚ ਸੁੱਟ ਦਿੱਤੀ ਤੇ ਪਿੰਡ ਆ ਕੇ ਖੇਤੀ ਕਰਨ ਲੱਗ ਪਿਆ।
ਇਹ ਉਹ ਨੌਜਵਾਨ ਸੀ—ਜਿਹੜਾ, ਬਾਅਦ ਵਿਚ ਬਾਬਾ ਰਾਮ ਸਿੰਘ ਨਾਮਧਾਰੀ ਦੇ ਨਾਂ ਨਾਲ ਪ੍ਰਸਿੱਧ ਹੋਇਆ। ਬਾਬਾ ਰਾਮ ਸਿੰਘ ਮਹਾਨ ਸੰਗਠਨ-ਕਰਤਾ ਸਨ। ਉਹਨਾਂ ਆਪਣੇ ਜੀਵਨ ਦੇ ਵੀਹ ਅਮੁੱਲ ਵਰ੍ਹੇ ਕਿਸਾਨਾਂ ਨੂੰ ਸੰਗਠਤ ਕਰਨ ਵਿਚ ਲਾ ਦਿੱਤੇ। ਉਹਨਾਂ ਦੇ ਪੈਰੋਕਾਰ 'ਨਾਮਧਾਰੀ' ਜਾਂ 'ਕੂਕੇ' ਕਹਾਉਂਦੇ ਸਨ। ਗੁਰੂ ਦੇ ਉਪਦੇਸ਼ ਦਾ ਆਧਾਰ ਈਸ਼ਵਰ ਦਾ ਨਾਮ ਸੀ। ਇਸ ਲਈ ਉਪਦੇਸ਼ ਲੈਣ ਪਿੱਛੋਂ ਹਰੇਕ ਵਿਅਕਤੀ ਨਾਮ ਨੂੰ ਹਿਰਦੇ ਵਿਚ ਧਾਰਨ ਕਰਨ ਵਾਲਾ ਯਾਨੀਕਿ 'ਨਾਮਧਾਰੀ' ਕਹਾਉਂਦਾ ਸੀ। 'ਕੂਕਾ' ਇਸ ਲਈ ਕਿ ਉਹ ਭਗਤੀ ਭਾਵ ਵਿਚ ਮਗਨ ਹੋ ਕੇ ਖ਼ੂਬ ਚੀਕਾਂ ਯਾਨੀ ਕੂਕਾਂ ਮਾਰਦਾ ਸੀ। ਇੰਜ ਇਸ ਅੰਦੋਲਨ ਦਾ ਨਾਂ 'ਨਾਮਧਾਰੀ' ਯਾਨੀ 'ਕੂਕਾ' ਲਹਿਰ ਪੈ ਗਿਆ।
ਆਜ਼ਾਦੀ ਲਈ ਪਹਿਲੀ ਲੜਾਈ 1857 ਵਿਚ ਲੜੀ ਗਈ। ਉਸ ਵਿਚ ਅੰਗਰੇਜ਼ਾਂ ਦੇ ਪੈਰ ਉੱਖੜ ਗਏ—ਦਿੱਲੀ ਉਹਨਾਂ ਦੇ ਹੱਥੋਂ ਨਿਕਲ ਚੁੱਕੀ ਸੀ ਤੇ ਦੇਸ਼ ਦੀ ਨੱਪੀ-ਪੀੜੀ ਜਨਤਾ ਫਿਰੰਗੀਆਂ ਨੂੰ ਦੇਸ਼ ਵਿਚੋਂ ਭਜਾ ਦੇਣ ਲਈ ਉਠ ਖਲੋਤੀ ਸੀ—ਪਰ ਉਸ ਸਮੇਂ ਪੰਜਾਬ ਦਾ (ਵਿਸ਼ੇਸ਼ ਤੌਰ 'ਤੇ ਸਿੱਖ ਜਨਤਾ ਦਾ) ਨੇਤਰੀਤਵ ਰਾਜਿਆਂ ਤੇ ਜ਼ਿਮੀਂਦਾਰਾਂ ਦੇ ਹੱਥ ਸੀ, ਜਿਹਨਾਂ ਨੂੰ ਆਜ਼ਾਦੀ ਨਹੀਂ, ਆਪਣਾ ਸਵਾਰਥ ਪਿਆਰਾ ਸੀ। ਉਹਨਾਂ ਨੇ ਆਜ਼ਾਦੀ ਦੇ ਘੋਲ ਵਿਚ ਹਿੱਸਾ ਲੈਣ ਦੇ ਬਜਾਏ ਅੰਗਰੇਜ਼ਾਂ ਦੀ ਮਦਦ ਕੀਤੀ, ਜਿਸ ਨਾਲ ਪੰਜਾਬ ਦੇ ਮੱਥੇ ਉੱਤੇ ਕਲੰਕ ਦਾ ਟਿੱਕਾ ਲੱਗ ਗਿਆ। ਫੇਰ ਵੀ ਪੰਜਾਬੀ ਫ਼ੌਜਾਂ ਵਿਚ ਕਿਤੇ-ਕਿਤੇ ਬਗ਼ਾਵਤਾਂ ਹੋਈਆਂ, ਪਰ ਵਿਦਰੋਹੀ ਸੂਰਮਿਆਂ ਨੂੰ ਅਤੀ ਬੇਦਰਦੀ ਨਾਲ ਕੁਚਲ ਦਿੱਤਾ ਗਿਆ। ਉਹਨਾਂ ਦੀ ਸ਼ਹਾਦਤ ਨੇ, ਕਲੰਕ ਨੂੰ ਕੁਛ ਹੱਦ ਤੱਕ ਧੋ ਦਿੱਤਾ ਤੇ 'ਜਿੰਨੇ ਦਿਨ ਜਿਊਣਾ ਹੈ, ਆਨ-ਬਾਨ ਨਾਲ ਜਿਊਣਾ ਹੈ' ਵਾਲੀ ਰੀਤ ਨੂੰ ਜਿਊਂਦਿਆਂ ਰੱਖਿਆ।
ਖ਼ੁਦ ਅੰਗਰੇਜ਼ ਅਧਿਕਾਰੀਆਂ ਨੇ ਇਸ ਗੱਲ ਨੂੰ ਮੰਨਿਆਂ ਹੈ ਕਿ 'ਜੇ ਪੰਜਾਬ ਤੋਂ ਮਦਦ ਨਾ ਮਿਲੀ ਹੁੰਦੀ ਤਾਂ ਅੰਗਰੇਜ਼ਾਂ ਲਈ ਹਿੰਦੁਸਤਾਨ ਵਿਚ ਟਿਕੇ ਰਹਿਣਾ ਸੰਭਵ ਨਹੀਂ ਸੀ।' ਗਦਰ ਪਿੱਛੋਂ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਇਹਨਾਂ ਫਿਰੰਗੀਆਂ ਨੇ ਜਿਹੜੇ ਜ਼ੁਲਮ ਢਾਏ, ਉਹਨਾਂ ਦੀ ਮਿਸਾਲ ਮਨੁੱਖੀ ਇਤਿਹਾਸ ਵਿਚ ਸ਼ਾਇਦ ਹੀ ਕਿੱਧਰੇ ਹੋਰ ਮਿਲੇ—ਅਣਗਿਣਤ ਲੋਕਾਂ ਨੂੰ ਤੋਪਾਂ ਅੱਗੇ ਖੜ੍ਹਾ ਕਰਕੇ ਉਡਾਅ ਦਿੱਤਾ ਗਿਆ। ਢਿੱਡ ਭਾਰ ਰੀਂਘਣ ਲਈ ਮਜ਼ਬੂਰ ਕੀਤਾ। ਪਿੰਡਾਂ ਦੇ ਪਿੰਡ ਸਾੜ ਦਿੱਤੇ ਗਏ। ਪੰਜਾਬ ਵਿਚ ਲਗਾਤਾਰ ਕਰਫ਼ਿਊ ਤੇ ਮਾਰਸ਼ਲ ਲਾ ਵਰਗੇ ਕਾਨੂੰਨ ਲਾਗੂ ਰਹੇ। ਅਜਿਹਾ ਆਤੰਕ ਮਚਾਇਆ ਕਿ ਚੁੱਪ ਵਾਪਰ ਗਈ—ਮਕਸਦ ਵੀ ਇਹੋ ਸੀ ਕਿ ਨਸੀਹਤ ਮਿਲੇ ਤੇ ਲੋਕੀ ਦੁਬਾਰਾ ਸਿਰ ਨਾ ਚੁੱਕ ਸਕਣ।
ਬਾਬਾ ਰਾਮ ਸਿੰਘ ਦੀ ਕੂਕਾ ਲਹਿਰ ਨੇ ਇਸ ਚੁੱਪ ਨੂੰ ਤੋੜਿਆ। ਸ਼ੁਰੂ ਵਿਚ ਉਹਨਾਂ ਦੇ ਅੰਦੋਲਨ ਦਾ ਰੂਪ ਧਾਰਮਕ ਸੀ। ਪਰ ਆਜ਼ਾਦੀ ਉਹਨਾਂ ਦੇ ਧਰਮ ਦਾ ਅਨਿੱਖੜਵਾਂ ਅੰਗ ਸੀ। ਜਿਵੇਂ ਸ਼ੁਰੂ ਵਿਚ ਗੁਰੂ ਗੋਬਿੰਦ ਸਿੰਘ ਨੇ ਸਿੱਖ ਧਰਮ ਨੂੰ ਖਾਲਸਾ ਰੂਪ ਦਿੱਤਾ ਸੀ...ਨਾਮਧਾਰੀ ਬਣਨ ਵਾਲੇ ਲਈ ਵੀ ਜ਼ਰੂਰੀ ਸੀ, ਕਿ ਉਹ ਮਰਨ ਤੋਂ ਨਾ ਡਰੇ—'ਸਿਰ ਧਰ ਤਲੀ ਗਲੀ ਮੇਰੀ ਆਓ' ਮਹਾਵਾਕ ਉੱਪਰ ਅਮਲ ਕਰੇ।
ਆਜ਼ਾਦੀ ਦੀ ਲੜਾਈ ਲੜਨ ਲਈ ਆਮ ਜਨਤਾ ਦੀ ਚੇਤਨਾ ਨੂੰ ਜਗਾਉਣਾ ਤੇ ਇਕ ਮਜ਼ਬੂਤ ਸੰਗਠਨ ਬਣਾਉਣਾ ਅਤੀ ਜ਼ਰੂਰੀ ਸੀ। ਜਿਵੇਂ ਗੁਰੂ ਨਾਨਕ ਨੇ ਇਹ ਕੰਮ ਸਮਾਜ ਸੁਧਾਰ ਜ਼ਰੀਏ ਸ਼ੁਰੂ ਕੀਤਾ ਸੀ, ਓਵੇਂ ਹੀ ਬਾਬਾ ਰਾਮ ਸਿੰਘ ਨੇ ਕੀਤਾ। ਜਦੋਂ ਉਹਨਾਂ ਦਾ ਅੰਦੋਲਨ ਜਨਤਾ ਵਿਚ ਫ਼ੈਲ ਗਿਆ ਤੇ ਪੈਰੋਕਾਰਾਂ ਦੀ ਗਿਣਤੀ ਖਾਸੀ ਵਧ ਗਈ ਤਾਂ ਉਹਨਾਂ ਨੇ ਸਮਾਜ ਸੁਧਾਰ ਦੇ ਕਾਰਜ ਸ਼ੁਰੂ ਕੀਤੇ—ਚੋਰੀ, ਬਦਕਾਰੀ, ਸ਼ਰਾਬ ਪੀਣ ਤੇ ਮਾਸ ਖਾਣ ਵਰਗੀਆਂ ਅਜਿਹੀਆਂ ਬੁਰਾਈਆਂ ਸਨ, ਜਿਹਨਾਂ ਨਾਲ ਨਾਮਧਾਰੀ ਘਿਰਣਾ ਕਰਦੇ ਸਨ ਤੇ ਸਮਾਜ ਨੂੰ ਉਹਨਾਂ ਤੋਂ ਮੁਕਤ ਕਰਨਾ ਚਾਹੁੰਦੇ ਸਨ। ਉਹ ਮੂਰਤੀ ਪੂਜਾ ਦੇ ਵੀ ਖ਼ਿਲਾਫ਼ ਸਨ, ਉਹਨਾਂ ਦਾ ਮਤ ਸੀ ਕਿ ਗ੍ਰੰਥ ਸਾਹਿਬ ਦੇ ਪਾਠ ਦੇ ਇਲਾਵਾ ਹੋਰ ਕੋਈ ਪੂਜਾ-ਪਾਠ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਆਪਣੇ ਗੁਰਦੁਆਰੇ ਸਨ। ਬਾਬਾ ਰਾਮ ਸਿੰਘ ਨੇ ਪੰਜਾਬ ਨੂੰ 22 ਹਿੱਸਿਆਂ ਵਿਚ ਵੰਡ ਕੇ ਉਹਨਾਂ ਵਿਚ 'ਸੂਬੇ' (ਰਾਜਪਾਲ) ਨਿਯੁਕਤ ਕੀਤੇ, ਜਿਹੜੇ ਚੰਦਾ ਉਗਰਾਉਂਦੇ ਤੇ ਨਵੇਂ ਮੈਂਬਰ ਭਰਤੀ ਕਰਦੇ ਸਨ। ਉਹਨਾਂ ਦੀ ਆਪਣੀ ਸੰਕੇਤਕ ਭਾਸ਼ਾ ਸੀ, ਜਿਸਨੂੰ ਸਿਰਫ ਉਹੀ ਸਮਝਦੇ ਸਨ।
ਇੰਜ ਬਾਬਾ ਰਾਮ ਸਿੰਘ ਦਾ ਧਾਰਮਕ ਅੰਦੋਲਨ, ਹੌਲੀ-ਹੌਲੀ, ਸਾਮਾਜਕ ਅੰਦੋਲਨ ਤੇ ਫੇਰ ਰਾਜਨੀਤਕ ਅੰਦਲੋਨ ਵਿਚ ਬਦਲ ਗਿਆ। ਇਹ ਸਮੇਂ ਦੀ ਮੰਗ ਸੀ। ਸੰਗਠਨ ਤੇਜ਼ੀ ਨਾਲ ਫ਼ੈਲਿਆ, ਕੁਝ ਵਰ੍ਹਿਆਂ ਵਿਚ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਲੋਕ ਉਸ ਵਿਚ ਸ਼ਾਮਲ ਹੋ ਗਏ। ਨਵੇਂ ਰੰਗਰੂਟ ਭਰਤੀ ਕਰਨ ਲਈ ਬਾਬਾ ਰਾਮ ਸਿੰਘ ਨੇ ਪੰਜਾਬ, ਜੰਮੂ ਤੇ ਕਸ਼ਮੀਰ, ਉਤਰ-ਪ੍ਰਦੇਸ਼ ਤੇ ਮੱਧ-ਭਾਰਤ ਦੀਆਂ ਯਾਤਰਾਵਾਂ ਕੀਤੀਆਂ। ਸਰਕਾਰ ਦੀਆਂ ਖੁਫ਼ੀਆ ਰਿਪੋਰਟਾਂ ਵਿਚ ਉਹਨਾਂ ਨੂੰ ਅਜਿਹਾ ਕਰਾਂਤੀਕਾਰੀ ਦੱਸਿਆ ਗਿਆ ਹੈ, ਜਿਹੜਾ ਅਜਿਹੀ ਭਾਸ਼ਾ ਬੋਲਦਾ ਹੈ, ਜਿਸਨੂੰ ਜਨਤਾ ਸਹਿਜੇ ਹੀ ਸਮਝ ਲੈਂਦੀ ਹੈ। ਉਹ ਉਹਨਾਂ ਨਾਲ ਭੂਮੀ-ਟੈਕਸ ਤੇ ਪਾਣੀ-ਟੈਕਸ ਬਾਰੇ ਗੱਲਬਾਤ ਕਰਦਾ ਹੈ, ਉਹ ਅਸੰਤੋਖ ਤੇ ਰਾਜ-ਵਿਦਰੋਹ ਫ਼ੈਲਾਅ ਰਿਹਾ ਹੈ ਤੇ ਲੋਕਾਂ ਵਿਚ ਦੇਸ਼ ਪਰੇਮ ਦੀ ਚੇਤਨਾ ਜਗਾਅ ਰਿਹਾ ਹੈ।
ਸੋਹਨ ਸਿੰਘ ਜੋਸ਼ ਨੇ ਲਿਖਿਆ ਹੈ...:
“ਅੰਗਰੇਜ਼ ਸਿੱਖਿਆ ਤੇ ਇਤਿਹਾਸ ਦੀ ਜਾਣਕਾਰੀ ਵਿਚ ਸਾਥੋਂ ਬੜੇ ਅੱਗੇ ਸਨ। ਉਹ ਜਾਣਦੇ ਸਨ ਕਿ 'ਕੈਥੋਲਿਕ' ਪਿੱਛੋਂ ਜਿਹੜੀਆਂ ਪ੍ਰੋਟੇਸਟੇਂਟ ਲਹਿਰਾਂ ਆਈਆਂ, ਉਹ ਪਹਿਲੋਂ-ਪਹਿਲ ਧਾਰਮਕ ਰੂਪ ਵਿਚ ਹੀ ਸਾਹਮਣੇ ਆਈਆਂ, ਪਰ ਬਾਅਦ ਵਿਚ ਉਹਨਾਂ ਨੇ ਰਾਜਨੀਤਕ ਰੂਪ ਧਾਰ ਲਿਆ। ਪੰਜਾਬ ਵਿਚ ਇਹਨਾਂ ਨੂੰ ਆਪਣੇ ਰਾਜ ਦਾ ਹਰ ਵੇਲੇ ਖ਼ਤਰਾ ਲੱਗਿਆ ਰਹਿੰਦਾ ਸੀ। ਹੋਰ ਤਾਂ ਹੋਰ ਉਹਨਾਂ ਨੂੰ ਆਪਣੇ ਵਫ਼ਾਦਾਰ ਰਾਜ-ਭਗਤਾਂ ਉੱਪਰ ਵੀ ਗ਼ੈਰ-ਵਫ਼ਾਦਰ ਹੋਣ ਦੀ ਸ਼ੰਕਾ ਬਣੀ ਰਹਿੰਦੀ, ਕਿਉਂਕਿ ਉਹਨਾਂ ਨੂੰ ਭਰਮ ਸੀ ਕਿ ਇਹਨਾਂ ਨੂੰ ਆਪਣਾ ਸਿੱਖ ਰਾਜ ਨਹੀਓਂ ਭੁੱਲਨਾਂ ਤੇ ਇਹਨਾਂ ਵਿਚ ਮੁੜ ਆਪਣਾ ਰਾਜ ਬਹਾਲ ਕਰਨ ਦੀ ਲਾਲਸਾ ਪੈਦਾ ਹੁੰਦੀ ਰਹੇਗੀ। ਇਸ ਕਰਕੇ ਹਰੇਕ ਲਹਿਰ ਉੱਪਰ, ਭਾਵੇਂ ਉਹ ਧਾਰਮਕ ਜਾਂ ਸਮਾਜਕ ਹੋਏ, ਸਿੱਖਿਆ ਸੰਬੰਧੀ ਜਾਂ ਆਰਥਕ ਹੋਏ, ਕਰੜੀ ਨਜ਼ਰ ਰੱਖੋ ਤੇ ਉਸ ਵਿਚ ਆਪਣੇ ਸੂਹੀਏ ਵਾੜ ਦਿਓ। ਉਸ ਦੀਆਂ ਗੁਪਤ ਕਾਰਵਾਈਆਂ ਦੀ ਰਿਪੋਰਟ ਹਾਸਲ ਕਰੋ ਤੇ ਜੇ ਉਸ ਵਿਚੋਂ ਰੱਤੀ ਭਰ ਵੀ ਗ਼ੈਰ-ਵਫ਼ਾਦਾਰੀ ਦੀ ਬੋ ਆਏ ਤਾਂ ਉਸਨੂੰ ਫ਼ੈਲਨ ਨਾ ਦਿਓ। ਸ਼ੁਰੂ ਵਿਚ ਹੀ ਕੁਚਲ ਦਿਓ।”
ਤੇ ਭਗਤ ਸਿੰਘ ਨੇ ਲਿਖਿਆ ਹੈ...:
“ਟੀ.ਡੀ. ਫਰਮਿਕ ਨੇ, ਜਿਹੜਾ 1863 ਵਿਚ ਪੰਜਾਬ ਸਰਕਾਰ ਦਾ ਮੁੱਖ ਸਕੱਤਰ ਸੀ, ਆਪਣੀ ਆਤਮ-ਕਥਾ ਵਿਚ ਲਿਖਿਆ ਹੈ ਕਿ 1863 ਵਿਚ ਹੀ ਮੈਂ ਸਮਝ ਗਿਆ ਸਾਂ ਕਿ ਇਹ ਧਾਰਮਕ ਅੰਦੋਲਨ ਕਿਸੇ ਦਿਨ ਭਿਅੰਕਰ ਵਿਦਰੋਹ ਦਾ ਰੂਪ ਧਾਰ ਲਏਗਾ। ਇਸ ਲਈ ਉਸਨੇ ਭੈਣੀ ਦੇ ਗੁਰਦੁਆਰੇ ਵਿਚ ਬਹੁਤੇ ਆਦਮੀਆਂ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਸੀ ਭਾਵ ਇਹ ਕਿ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤਾ ਸੀ। ਇਸ ਉੱਪਰ ਬਾਬਾ ਰਾਮ ਸਿੰਘ ਨੇ ਵੀ ਆਪਣਾ ਕੰਮ-ਢੰਗ ਬਦਲ ਦਿੱਤਾ। ਉਹਨਾਂ ਪੂਰੇ ਪੰਜਾਬ ਨੂੰ 22 ਜ਼ਿਲਿਆਂ ਵਿਚ ਵੰਡ ਦਿੱਤਾ। ਹਰੇਕ ਜ਼ਿਲੇ ਦਾ ਇਕ ਮੁਖੀਆ ਨਿਯੁਕਤ ਕਰ ਦਿੱਤਾ, ਜਿਸਨੂੰ 'ਸੂਬਾ' ਕਿਹਾ ਜਾਂਦਾ ਸੀ। ਇੰਜ ਉਹਨਾਂ ਜ਼ਿਲਿਆਂ ਵਿਚ ਪਰਚਾਰ ਤੇ ਜੱਥੇਬੰਦੀ ਦਾ ਕੰਮ-ਕਾਜ ਵਿੱਢਿਆ ਗਿਆ, ਤੇ ਨਾਲ ਹੀ ਗੁਪਤ ਤੌਰ 'ਤੇ ਆਜ਼ਾਦੀ ਦਾ ਪਰਚਾਰ ਵੀ ਹੋਣ ਲੱਗ ਪਿਆ। ਸੰਗਠਨ ਵਧਦਾ-ਫੁਲਦਾ ਰਿਹਾ। ਹਰੇਕ ਨਾਮਧਾਰੀ ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮਕ ਕਾਰਜਾਂ ਲਈ ਦੇਣ ਲੱਗ ਪਿਆ। ਬਾਹਰਲਾ ਸ਼ੋਰ-ਸ਼ਰਾਬਾ ਬੰਦ ਹੋ ਜਾਣ ਕਰਕੇ ਸਰਕਾਰ ਦਾ ਸ਼ੱਕ ਦੂਰ ਹੋ ਗਿਆ ਤੇ 1869 ਵਿਚ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ। ਪਾਬੰਦੀਆਂ ਹਟਦਿਆਂ ਹੀ ਜੋਸ਼ ਖ਼ੂਬ ਤੇਜ਼ੀ ਨਾਲ ਵਧਿਆ।”
ਬਾਬਾ ਰਾਮ ਸਿੰਘ ਨੇ ਉਸ ਜਨਤਕ ਜੋਸ਼ ਨੂੰ ਸਹੀ ਦਿਸ਼ਾ ਦਿੱਤੀ ਤੇ 1871 ਵਿਚ ਅਸਹਿਯੋਗ ਅੰਦੋਲਨ ਚਲਾਇਆ, ਜਿਸ ਦਾ ਕਾਰਜ-ਕਾਰੀ ਅਜੰਡਾ ਇੰਜ ਸੀ...:
1. ਸਰਕਾਰੀ ਨੌਕਰੀਆਂ ਦਾ ਬਾਈਕਾਟ।
2. ਸਰਕਾਰੀ ਸਕੂਲਾਂ ਦਾ ਬਾਈਕਾਟ।
3. ਸਰਕਾਰੀ ਅਦਾਲਤਾਂ ਦਾ ਬਾਈਕਾਟ।
4. ਵਿਦੇਸ਼ੀ ਕੱਪੜਿਆਂ ਦਾ ਬਾਈਕਾਟ।
5. ਅਜਿਹੇ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰੀ, ਜਿਹੜੇ ਆਪਣੀ ਆਤਮਾ ਦੇ ਵਿਰੁੱਧ ਹੋਣ।
ਬਾਬਾ ਰਾਮ ਸਿੰਘ ਜਾਤ ਦੇ ਤਰਖ਼ਾਨ ਸਨ। ਉਹਨਾਂ ਦੇ ਪੈਰੋਕਾਰ ਵੀ ਗਰੀਬ ਕਿਸਾਨ ਤੇ ਦਲਿਤ ਜਾਤਾਂ ਦੇ ਲੋਕ ਸਨ। ਜਿਹਨਾਂ ਦਾ ਵਿਸ਼ਵਾਸ ਸੀ ਕਿ ਗੁਰੂ ਗੋਬਿੰਦ ਸਿੰਘ, ਬਾਬਾ ਰਾਮ ਸਿੰਘ ਦੇ ਰੂਪ ਵਿਚ ਮੁੜ ਆਏ ਹਨ। ਪੰਜਾਬ ਫੇਰ ਆਜ਼ਾਦ ਹੋਏਗਾ ਤੇ ਸਿੱਖ ਰਾਜ ਦੀ ਦੱਖ, ਮੁੜ ਪਰਤ ਆਏਗੀ। ਅਸਹਿਯੋਗ ਅੰਦੋਲਨ ਨੇ ਨਾਮਧਾਰੀਆਂ ਵਿਚ ਇਕ ਨਵੀਂ ਰੂਹ ਭਰ ਦਿੱਤੀ ਤੇ ਉਹ ਅੰਗਰੇਜ਼ ਸਰਕਾਰ ਦੇ ਵਿਰੁੱਧ ਸਿਰ ਤਲੀ 'ਤੇ ਧਰ ਕੇ ਜੂਝਣ ਲਈ ਤਿਆਰ ਹੋ ਗਏ। ਉਹਨਾਂ ਦੇ 'ਸੂਬਿਆਂ' ਨੇ ਅਸਹਿਯੋਗ ਲਹਿਰ ਨੂੰ ਚਲਾਉਣ ਵਿਚ ਅਦਭੁਤ ਯੋਗਤਾ ਦੇ ਉਤਸਾਹ ਦਿਖਾਇਆ। ਮੁਕੱਦਮਿਆਂ ਦੇ ਫ਼ੈਸਲੇ ਕਰਨ ਲਈ ਆਪਣੀਆਂ ਅਦਾਲਤਾਂ ਤੇ ਪੰਚਾਇਤਾਂ ਬਣਾਅ ਲਈਆਂ ਗਈਆਂ ਤੇ ਡਾਕ ਸੇਵਾਵਾਂ ਦਾ ਅਜਿਹਾ ਇੰਤਜ਼ਾਮ ਕੀਤਾ ਕਿ ਉਹਨਾਂ ਦੀ ਡਾਕ ਸਰਕਾਰੀ ਡਾਕ ਨਾਲੋਂ ਪਹਿਲਾਂ ਪਹੁੰਚ ਜਾਂਦੀ ਤੇ ਨਾਲੇ ਸੈਂਸਰ ਹੋਣ ਤੋਂ ਵੀ ਬਚ ਜਾਂਦੀ। ਉਹ ਹੱਥ ਦਾ ਕੱਤਿਆ ਤੇ ਘਰ ਦਾ ਬੁਣਿਆ ਖੱਦਰ ਪਾਉਂਦੇ ਸਨ। ਉਹ ਚਿੱਟੇ ਕੱਪੜੇ ਪਾਉਂਦੇ ਸਨ ਤੇ ਉਹਨਾਂ ਦੇ ਪੱਗ ਬੰਨ੍ਹਣ ਦਾ ਢੰਗ ਵੀ ਵੱਖਰਾ ਹੀ ਸੀ। ਉਹ ਗੰਢਾਂ ਵਾਲੀ ਇਕ ਰੱਸੀ ਗਲ਼ੇ ਵਿਚ ਪਾਉਂਦੇ ਤੇ ਡਾਂਗ ਲੈ ਕੇ ਤੁਰਦੇ। ਉਹਨਾਂ ਦੇ ਸੰਕੇਤਕ ਸ਼ਬਦ ਸਿਰਫ ਉਹ ਹੀ ਸਮਝ ਸਕਦੇ ਸਨ।
ਬਾਬਾ ਰਾਮ ਸਿੰਘ ਜਦੋਂ ਆਨੰਦਪੁਰ ਸਾਹਿਬ, ਅੰਮ੍ਰਿਤਸਰ ਤੇ ਲਾਹੌਰ ਦੀ ਯਾਤਰ ਕਰਨ ਜਾਂਦੇ ਸਨ ਤਾਂ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਪੈਰੋਕਾਰਾਂ ਦਾ ਇਕ ਵਿਸ਼ਾਲ ਜੱਥਾ ਹੁੰਦਾ, ਜਿਹੜਾ ਇਕ ਅਨੁਸ਼ਾਸ਼ਤ ਸੈਨਾ ਵਾਂਗ ਘੋੜਿਆਂ ਉੱਪਰ ਸਵਾਰ, ਸਫੇਦ ਝੰਡੇ ਚੁੱਕੀ, ਸ਼ਬਦ ਗਾਉਂਦਾ ਹੋਇਆ ਤੁਰਦਾ। ਨਾਮਧਾਰੀ ਰਾਮ ਸਿੰਘ ਨੂੰ 'ਸਤਿਗੁਰੂ ਪਾਦਸ਼ਾਹ' ਕਹਿੰਦੇ ਸਨ।
ਅੰਗਰੇਜ਼ ਹਾਕਮਾਂ ਲਈ ਇਸ ਸਭ ਕਾਸੇ ਦਾ ਅਰਥ ਸੀ ਕਿ ਨਾਮਧਾਰੀਆਂ ਨੇ ਆਪਣੀ ਸਮਾਨਅੰਤਰ ਸਰਕਾਰ ਬਣਾਈ ਹੋਈ ਹੈ। ਉਹ ਅਸਹਿਯੋਗ ਅੰਦੋਲਨ ਤੇ ਉਸਦੀ ਵਧਦੀ ਹੋਈ ਲੋਕ-ਪ੍ਰਸਿੱਧੀ ਤੋਂ ਬੜੇ ਪ੍ਰੇਸ਼ਾਨ ਸਨ। ਰਾਮ ਸਿੰਘ ਦੇ ਨਾਲ 'ਪਾਦਸ਼ਾਹ' ਸ਼ਬਦ ਦਾ ਜੋੜ ਤਾਂ ਉਹਨਾਂ ਤੋਂ ਬਿਲਕੁਲ ਹੀ ਸਹਿ ਨਹੀਂ ਸੀ ਹੋ ਰਿਹਾ। ਉਹ ਉਸਨੂੰ ਆਪਣੀ ਸੱਤਾ ਲਈ ਚੈਲੇਂਜ਼ ਸਮਝ ਰਹੇ ਸਨ। ਉਹਨਾਂ ਨੂੰ ਦੋ ਖਤਰਨਾਕ ਖਬਰਾਂ ਮਿਲੀਆਂ—ਇਕ ਇਹ ਕਿ ਬਾਬਾ ਰਾਮ ਸਿੰਘ ਨੇ ਆਪਣੇ ਆਦਮੀ ਕਸ਼ਮੀਰ ਤੇ ਨੇਪਾਲ ਦੀ ਸੈਨਾ ਵਿਚ ਭਰਤੀ ਕਰਵਾ ਦਿੱਤੇ ਹਨ ਤੇ ਉੱਥੇ ਉਹਨਾਂ ਨੂੰ ਯੁੱਧ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਦੂਜੀ ਇਹ ਕਿ ਕੂਕੇ ਰੂਸ ਦੇ ਜਾਰ ਨਾਲ ਸੰਪਰਕ ਬਣਾ ਰਹੇ ਹਨ ਤਾਂਕਿ ਉਸ ਤੋਂ ਮਦਦ ਲਈ ਜਾ ਸਕੇ।  ਅੰਗਰੇਜ਼ਾਂ ਨੂੰ ਹਿੰਦੁਸਤਾਨ ਉੱਪਰ ਰੂਸ ਦੇ ਹਮਲੇ ਦਾ ਭੈ ਹਮੇਸ਼ਾ ਹੀ ਚੰਬੜਿਆ ਰਹਿੰਦਾ ਸੀ। ਇਹਨਾਂ ਖਬਰਾਂ ਨੇ ਉਹਨਾਂ ਨੂੰ ਹੁਸ਼ਿਆਰ ਕਰ ਦਿੱਤਾ ਤੇ ਉਹ ਕੂਕਾ ਅੰਦੋਲਨ ਨੂੰ ਕੁਚਲਨ ਦਾ ਮੌਕਾ ਲੱਭਣ ਲੱਗੇ।
1871-72 ਵਿਚ ਕੂਕਿਆਂ ਨੇ ਆਪਣਾ ਇਤਿਹਾਸਕ ਕਾਰਜ ਆਰੰਭ ਕੀਤਾ। ਮਲੇਰ ਕੋਟਲਾ, ਨਾਭਾ, ਪਟਿਆਲਾ ਤੇ ਜੀਂਦ ਦੀਆਂ ਰਿਆਸਤਾਂ ਉੱਤੇ—ਜਿਹਨਾਂ ਨੇ 1857 ਵਿਚ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਤੇ ਹੁਣ ਵੀ ਆਪਣੀ ਵਫ਼ਾਦਾਰੀ ਦਿਖਾਉਣ ਲਈ ਦੇਸ਼ ਭਗਤਾਂ ਦੇ ਹਰ ਅੰਦੋਲਨ ਨੂੰ ਦਬਾਉਂਦੇ ਰਹਿੰਦੇ ਸੀ—ਵਿਸ਼ਾਲ ਹਮਲੇ ਦੀ ਯੋਜਨਾ ਬਣਾਈ ਤੇ ਇਹ ਫ਼ੈਸਲਾ ਕੀਤਾ ਕਿ ਅੰਬਾਲਾ ਤੇ ਲੁਧਿਆਣਾ ਵਿਚਕਾਰ ਰੇਲ-ਸੰਬੰਧ ਕੱਟ ਦਿੱਤਾ ਜਾਵੇ। ਪਰ ਇਸ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਵਾਪਰ ਗਈਆਂ ਕਿ ਕੂਕਾ ਅੰਦੋਲਨ ਪਟੜੀ ਤੋਂ ਲੱਥ ਗਿਆ ਤੇ ਦੁਸ਼ਮਣ ਨੂੰ ਉਸ ਉੱਤੇ ਵਾਰ ਕਰਨ ਦਾ ਮੌਕਾ ਮਿਲ ਗਿਆ।
ਵੈਸੇ ਅੰਗਰੇਜ਼ਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਧਾਰਮਕ-ਕਾਰਜਾਂ ਵਿਚ ਉਹ ਕਿਸੇ ਕਿਸਮ ਦਾ ਦਖ਼ਲ ਨਹੀਂ ਦੇਣਗੇ। ਪਰ ਇਹ ਸਿਰਫ ਨਾਂ ਦਾ ਹੀ ਐਲਾਨ ਸੀ। ਦਖ਼ਲ ਉਹ ਦਿੰਦੇ ਹੀ ਰਹਿੰਦੇ ਸਨ ਤੇ ਦਖ਼ਲ ਵੀ ਇੰਜ ਦਿੰਦੇ ਸਨ ਕਿ ਇਕ ਧਰਮ ਨੂੰ ਦੂਜੇ ਨਾਲ ਲੜਾਉਣ ਦੀਆਂ ਸਾਜਿਸ਼ਾਂ ਜਾਰੀ ਰੱਖਦੇ ਸਨ। 1857 ਵਿਚ ਉਹਨਾਂ ਨੇ ਮੁਗ਼ਲਾਂ ਦੇ ਅੱਤਿਆਚਾਰ ਗਿਣਵਾ ਕੇ ਸਿੱਖਾਂ ਦੀ ਮਦਦ ਲਈ ਤੇ ਉਸ ਪਿੱਛੋਂ ਮੁਸਲਮਾਨਾਂ ਨੂੰ ਉਕਸਾਇਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਤੇ ਵੀ ਗਊ-ਹੱਤਿਆ ਨਹੀਂ ਸੀ ਹੁੰਦੀ ਹੁੰਦੀ, ਹੁਣ ਥਾਂ-ਥਾਂ ਬੁੱਚੜਖਾਨੇ ਖੁੱਲ੍ਹ ਗਏ ਸਨ ਤੇ ਸਿੱਖਾਂ, ਹਿੰਦੂਆਂ ਨੂੰ ਚਿੜਾਉਣ ਤੇ ਬੇਇੱਜ਼ਤ ਕਰਨ ਖਾਤਰ ਸ਼ਰੇਆਮ ਗਊ-ਹੱਤਿਆ ਹੋਣ ਲੱਗ ਪਈ ਸੀ। ਗਊ-ਭਗਤ ਕੂਕੇ ਬਹਾਦਰਾਂ ਤੋਂ ਇਹ ਸਹਿ ਨਹੀਂ ਸੀ ਹੁੰਦਾ। 1871 ਵਿਚ ਉਹਨਾਂ ਨੇ ਅੰਮ੍ਰਿਤਸਰ ਤੇ ਰਾਏਕੋਟ ਦੇ ਬੁੱਖੜ-ਖਾਨਿਆਂ ਉੱਪਰ ਹਮਲਾ ਕੀਤਾ ਤੇ ਉੱਥੇ ਜਿੰਨੇ ਮੁਸਲਮਾਨ ਕਸਾਈ ਸਨ ਉਹਨਾਂ ਸਾਰਿਆਂ ਦੀ ਹੱਤਿਆ ਕਰ ਦਿੱਤੀ। ਇਸ ਅਪਰਾਧ ਵਿਚ ਕਈ ਕੂਕਾ ਖਾੜਕੂਆਂ ਨੂੰ ਫਾਂਸੀ ਲਾ ਦਿੱਤੀ ਗਈ।
ਸਿੱਖਾਂ ਨੇ ਮਹਿਸੂਸ ਕੀਤਾ ਕਿ ਨਿਰਦੋਸ਼ਾਂ ਨੂੰ ਫਾਂਸੀ ਲਾ ਦਿੱਤੀ ਗਈ ਹੈ। ਬਦਲਾ ਲੈਣ ਲਈ ਹਿੰਸਾ ਦੀ ਅੱਗ ਭੜਕ ਉਠੀ। ਮਲੇਰ ਕੋਟਲੇ ਦੀ ਘਟਨਾ ਨੇ ਇਸ ਉੱਤੇ ਤੇਲ ਛਿੜਕਿਆ।
13 ਜਨਵਰੀ 1872 ਨੂੰ ਭੈਣੀ ਵਿਚ ਹਮੇਸ਼ਾ ਵਾਂਗ ਮਾਘੀ ਮੌਕੇ ਦਰਬਾਰ ਲੱਗਿਆ। ਲੋਕ ਉਸ ਵਿਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਤਾਦਾਦ ਵਿਚ ਆਉਣ ਲੱਗੇ। ਇਕ ਕੂਕਾ ਵੀਰ ਰਿਆਸਤ ਮਲੇਰ ਕੋਟਲੇ ਦੇ ਏਸੇ ਸ਼ਹਿਰ ਵਿਚੋਂ ਲੰਘ ਰਿਹਾ ਸੀ। ਉਸਨੇ ਦੇਖਿਆ ਕਿ ਇਕ ਬਲ੍ਹਦ ਗੱਡੀ ਉੱਤੇ ਬਹੁਤ ਸਾਰਾ ਬੋਝਾ ਲੱਦਿਆ ਹੋਇਆ ਹੈ ਤੇ ਇਕ ਮੁਸਲਮਾਨ ਉੱਤੇ ਬੈਠਾ ਬਲ੍ਹਦ ਨੂੰ ਬੜੀ ਬੇਰਹਿਮੀ ਨਾਲ ਕੁੱਟ ਰਿਹਾ ਹੈ। ਕੂਕੇ ਨੇ ਉਸਨੂੰ ਕਿਹਾ...: 'ਭਾਈ ਏਨਾ ਜੁਲਮ ਨਾ ਕਰ। ਬੋਝਾ ਤਾਂ ਪਹਿਲਾਂ ਈ ਵਾਧੂ ਏ। ਤੂੰ ਹੇਠਾਂ ਉਤਰ ਆਵੇਂ ਤਾਂ ਕੀ ਹਰਜ਼ ਏ।' ਇਸ ਉੱਤੇ ਮੁਸਲਮਾਨ ਨੇ ਗਾਲ੍ਹ ਕੱਢੀ, ਕੂਕੇ ਨੇ ਇੱਟ ਦਾ ਜਵਾਬ ਪੱਥਰ ਬਣ ਦਿੱਤਾ। ਨੌਬਤ ਹੱਥੋਪਾਈ ਤਕ ਆ ਗਈ। ਰਿਆਸਤ ਦੇ ਬਦਦਿਮਾਗ਼ ਕਰਮਚਾਰੀ, ਉਸ ਕੂਕੇ ਨੂੰ ਫੜ੍ਹ ਕੇ ਕੋਤਵਾਲੀ ਲੈ ਗਏ। ਉੱਥੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਗਿਆ ਤੇ ਖਾਸਾ ਬੇਇੱਜ਼ਤ ਕੀਤਾ ਗਿਆ—ਤੇ ਉਸ ਬਲ੍ਹਦ ਨੂੰ ਵੀ ਉਸਦੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ। ਰਿਹਾਅ ਹੁੰਦਿਆਂ ਹੀ ਉਹ ਭੈਣੀ ਪਹੁੰਚਿਆ ਤੇ ਭਰੇ ਦਰਬਾਰ ਵਿਚ ਇਹ ਘਟਨਾ ਕਹਿ ਸੁਣਾਈ। ਕੂਕੇ ਉਤੇਜਿਤ ਹੋ ਗਏ ਤੇ ਉਹਨਾਂ ਬਾਹੁਬਲ ਨਾਲ ਬਦਲਾ ਲੈਣ ਦਾ ਫ਼ੈਸਲਾ ਕੀਤਾ। ਉਹਨਾਂ ਦਾ ਜੋਸ਼ ਦੇਖ ਕੇ ਬਾਬਾ ਰਾਮ ਸਿੰਘ ਘਬਰਾ ਗਏ। ਗਲ਼ੇ ਵਿਚ ਪੱਲਾ ਪਾ ਕੇ ਉਹਨਾਂ ਬੇਨਤੀ ਕੀਤੀ, “ਖਾਲਸਾ ਜੀ, ਕੀ ਅਨਰਥ ਕਰਨ ਜਾ ਰਹੇ ਓ? ਸ਼ਾਂਤੀ ਤੇ ਧੀਰਜ ਤੋਂ ਕੰਮ ਲਓ। ਜ਼ਰਾ ਸੋਚੋ, ਸਾਡਾ ਸਾਰਿਆਂ ਦਾ ਕੀ ਹਸ਼ਰ ਹੋਵੇਗਾ—ਬਣੀ-ਬਣਾਈ ਖੇਡ ਵਿਗੜ ਜਾਏਗੀ।”
ਵਧੇਰੇ ਲੋਕ ਸ਼ਾਂਤ ਹੋ ਗਏ, ਪਰ 150 ਜਣੇ ਨਹੀਂ ਮੰਨੇ। ਉਹਨਾਂ ਪਟਿਆਲੇ ਦੇ ਸਕਰੌਂਦਾ ਪਿੰਡ ਦੇ ਦੋ ਜੱਟਾਂ ਦੇ ਨੇਤਰੀਤਵ ਵਿਚ ਮਲੇਰ ਕੋਟਲੇ ਵੱਲ ਕੂਚ ਕਰ ਦਿੱਤੀ। ਉਹਨਾਂ ਕੋਲ ਸਿਰਫ ਫਰਸੇ ਤੇ ਡਾਂਗਾਂ ਸਨ।
ਬਾਬਾ ਰਾਮ ਸਿੰਘ ਨੇ ਇਹ ਸੋਚ ਕੇ ਕਿ ਹਜ਼ਾਰਾਂ ਵਿਚੋਂ ਜੇ ਡੇਢ ਸੌ ਗਿਰਫਤਾਰ ਹੋ ਜਾਣਗੇ ਤਾਂ ਕੀ ਹੁੰਦਾ ਹੈ—ਅੰਦੋਲਨ ਤਾਂ ਬਚ ਜਾਏਗਾ, ਪੁਲਸ ਨੂੰ ਸੂਚਨਾ ਦੇ ਦਿੱਤੀ।
ਪਰ ਸਰਕਾਰ ਨੇ ਉਹਨਾਂ ਨੂੰ ਰੋਕਣ ਦੀ ਬਜਾਏ ਮਲੇਰ ਕੋਟਲੇ ਵੱਲ ਵਧਣ ਦਿੱਤਾ। ਉਹ ਤਾਂ ਚਾਹੁੰਦੀ ਹੀ ਸੀ ਕਿ ਕੋਈ ਉਤੇਜਕ ਘਟਨਾ ਹੋਵੇ ਤੇ ਉਹ ਉਸ ਦੇ ਬਹਾਨੇ ਅੰਦੋਲਨ ਨੂੰ ਕੁਚਲ ਸੁੱਟਣ।
ਕੂਕਾ ਯੋਧਿਆਂ ਨੇ 14 ਜਨਵਰੀ ਨੂੰ ਬੜੀ ਆਸਾਨੀ ਨਾਲ ਮਲੌਧ ਦੇ ਕਿਲੇ ਉੱਪਰ ਕਬਜ਼ਾ ਕਰ ਲਿਆ। ਇਹ ਕਿਲਾ ਬਦਨ ਸਿੰਘ ਨਾਂ ਦੇ ਸਿੱਖ ਜਾਗੀਰਦਾਰ ਦਾ ਸੀ। ਕੂਕੇ ਚਾਹੁੰਦੇ ਸਨ ਕਿ ਇਸ ਧਰਮ-ਯੁੱਧ ਵਿਚ ਉਹ ਉਹਨਾਂ ਦੀ ਅਗੁਵਾਨੀ ਕਰੇ। ਜਦੋਂ ਬਦਨ ਸਿੰਘ ਨਹੀਂ ਮੰਨਿਆਂ ਤਾਂ ਲੜਾਈ ਹੋਈ। ਦੋਹਾਂ ਧਿਰਾਂ ਦੇ ਦੋ-ਦੋ ਆਦਮੀ ਮਾਰੇ ਗਏ ਤੇ ਕੁਝ ਜ਼ਖ਼ਮੀ ਹੋਏ। ਉੱਥੋਂ ਕੂਕੇ ਕੁਝ ਘੋੜੇ, ਹਥਿਆਰ ਤੇ ਇਕ ਤੋਪ ਲੈ ਕੇ ਅੱਗੇ ਤੁਰ ਪਏ।
ਦੂਜੇ ਦਿਨ ਯਾਨੀਕਿ 15 ਜਨਵਰੀ 1872 ਨੂੰ ਸਵੇਰੇ 7 ਵਜੇ ਉਹ ਮਲੇਰ ਕੋਟਲੇ ਵੱਲ ਵਧੇ। ਅੰਗਰੇਜ਼ੀ ਸਰਕਾਰ ਨੇ ਰਿਆਸਤ ਦੀ ਸਰਕਾਰ ਨੂੰ ਪਹਿਲਾਂ ਹੀ ਖਬਰ ਕਰ ਦਿੱਤੀ ਸੀ। ਸੋ ਉਹਨਾਂ ਜਬਰਦਸਤ ਤਿਆਰੀ ਕੀਤੀ ਹੋਈ ਸੀ। ਪਰ ਕੂਕਾ ਦਲ ਏਨੀ ਬਹਾਦਰੀ ਨਾਲ ਲੜਿਆ ਕਿ ਰਿਆਸਤ ਦੀ ਪੁਲਸ ਤੇ ਫ਼ੌਜ ਉਸਦੇ ਸਾਹਮਣੇ ਟਿਕ ਨਾ ਸਕੀ। ਉਹ ਸਿੱਧੇ ਮਹਿਲ ਵਿਚ ਜਾ ਘੁਸੇ ਤੇ ਖਜਾਨਾਂ ਲੁੱਟਣ ਦੀ ਕੋਸ਼ਿਸ਼ ਕੀਤੀ। ਖਜਾਨਾ ਉਹ ਲੁੱਟ ਵੀ ਲੈਂਦੇ, ਪਰ ਇਕ ਗਲਤ ਦਰਵਾਜ਼ਾ ਤੋੜਨ ਵਿਚ ਖਾਸਾ ਸਮਾਂ ਬਰਬਾਦ ਹੋ ਗਿਆ। ਏਨੇ ਵਿਚ ਰਿਆਸਤ ਦੀ ਫ਼ੌਜ ਨੇ ਹੋਰ ਸ਼ਕਤੀ ਨਾਲ ਹਮਲਾ ਕੀਤਾ। ਲੜਾਈ ਵਿਚ ਦੁਸ਼ਮਣ ਦੇ 4 ਸੈਨਕ ਮਾਰੇ ਗਏ ਤੇ 15 ਜ਼ਖ਼ਮੀ ਹੋਏ। ਕੂਕਾ ਦਲ ਦੇ ਵੀ ਸੱਤ ਆਦਮੀ ਖੇਤ ਰਹੇ। ਉਹ ਕੁਝ ਘੋੜੇ ਤੇ ਕੁਝ ਹਥਿਆਰ ਲੈ ਕੇ ਭੱਜ ਨਿਕਲੇ। ਉਹ ਭੱਜ ਰਹੇ ਸਨ ਤੇ ਲੜ ਰਹੇ ਸਨ ਤੇ ਆਪਣੇ ਜ਼ਖ਼ਮੀਆਂ ਨੂੰ ਵੀ ਚੁੱਕ ਕੇ ਲਈ ਜਾ ਰਹੇ ਸਨ। ਉਹ ਪਟਿਆਲਾ ਰਿਆਸਤ ਦੇ ਰੂਰ ਪਿੰਡ ਵਿਚ ਪਹੁੰਚ ਕੇ ਸੰਘਣੇ ਜੰਗਲ ਵਿਚ ਜਾ ਲੁਕੇ।
ਲੁਧਿਆਣੇ ਦੇ ਡਿਪਟੀ ਕਮਿਸ਼ਨਰ ਕੋਬਾਨ ਨੂੰ ਜਦੋਂ ਮਲੌਧ ਤੇ ਮਲੇਰ ਕੋਟਲਾ ਦੀਆਂ ਘਟਨਾਵਾਂ ਦਾ ਪਤਾ ਲੱਗਿਆ, ਉਹ ਗੋਰਖਾ ਸੈਨਾ ਲੈ ਕੇ ਆ ਪਹੁੰਚਿਆ। ਤੇ ਉਧਰੋਂ ਪਟਿਆਲੇ ਦੀ ਫ਼ੌਜ ਵੀ ਆ ਗਈ। ਕੂਕਾ ਯੋਧੇ ਥੱਕੇ-ਹਾਰੇ ਤੇ ਭੁੱਖੇ-ਪਿਆਸੇ ਸਨ, ਕਿੱਥੋਂ ਤੀਕ ਲੜਦੇ। 68 ਜਣੇ ਗਿਰਫਤਾਰ ਹੋਏ। ਉਹਨਾਂ ਵਿਚ ਦੋ ਔਰਤਾਂ ਵੀ ਸਨ। ਉਹ ਪਟਿਆਲਾ ਰਾਜ ਦੀਆਂ ਰਹਿਣ ਵਾਲੀਆਂ ਸਨ। ਉਹਨਾਂ ਨੂੰ ਪਟਿਆਲਾ ਰਿਆਸਤ ਨੂੰ ਸੌਂਪ ਦਿੱਤਾ ਗਿਆ। 66 ਜਣਿਆ ਨੂੰ ਮਲੇਰ ਕੋਟਲਾ ਲਿਆਂਦਾ ਗਿਆ।
17 ਜਨਵਰੀ ਨੂੰ 50 ਜਣਿਆ ਨੂੰ ਹਜ਼ਾਰਾਂ ਦਰਸ਼ਕਾਂ ਦੇ ਸਾਹਵੇਂ, ਤਾਂਕਿ ਨਸੀਹਤ ਮਿਲੇ, ਤੋਪ ਅੱਗੇ ਖੜ੍ਹਾ ਕਰਕੇ ਉਡਾਅ ਦੇਣ ਲਈ ਇਕ ਖੁੱਲ੍ਹੇ ਮੈਦਾਨ ਵਿਚ ਲਿਆਂਦਾ ਗਿਆ। ਉੱਥੇ ਵੀ ਉਹਨਾਂ ਅਕੱਥ ਹੌਸਲੇ ਦਾ ਸਬੂਤ ਦਿੱਤਾ। ਉਹਨਾਂ ਵਿਚੋਂ ਹਰ ਇਕ ਆਪਣੀ ਵਾਰੀ, ਪੱਕੇ ਪੈਰੀਂ, ਅੱਗੇ ਆਉਂਦਾ ਤੇ 'ਸਤਿਸ੍ਰੀਆਕਾਲ' ਦਾ ਜੈਕਾਰਾ ਬੁਲਾਅ ਕੇ ਸਿਰ ਤੋਪ ਅੱਗੇ ਰੱਖ ਦੇਂਦਾ। ਦੂਜੇ ਪਲ ਗੋਲਾ ਚੱਲਦਾ ਤੇ ਉਹ ਪਤਾ ਨਹੀਂ ਕਿਸ ਦੁਨੀਆਂ ਵਿਚ ਜਾ ਪਹੁੰਚਦਾ। ਇੰਜ ਹੀ 49 ਆਦਮੀਆਂ ਨੂੰ ਇਕ-ਇਕ ਕਰਕੇ ਤੋਪ ਨਾਲ ਉਡਾਅ ਦਿੱਤਾ ਗਿਆ, ਪੰਜਾਹਵਾਂ ਤੇਰਾਂ ਕੁ ਸਾਲ ਦਾ ਇਕ ਮੁੰਡਾ ਸੀ। ਮਿਸਟਰ ਕੋਬਾਨ ਦੀ ਪਤਨੀ ਨੂੰ ਉਸ ਉੱਤੇ ਤਰਸ ਆ ਗਿਆ ਤੇ ਉਸਨੇ ਪਤੀ ਨੂੰ ਉਸਨੂੰ ਛੱਡ ਦੇਣ ਦੀ ਸਿਫਾਰਸ਼ ਕੀਤੀ। ਕੋਬਾਨ ਉਸ ਕੋਲ ਗਿਆ ਤੇ ਝੁਕ ਕੇ ਬੋਲਿਆ, “ਬੇਵਕੂਫ਼ ਰਾਮ ਸਿੰਘ ਦਾ ਸਾਥ ਛੱਡ ਦੇ, ਤੈਨੂੰ ਮੁਆਫ਼ ਕਰ ਦਿੱਤਾ ਜਾਏਗਾ।” ਗੁਰੂ ਲਈ ਅਪਸ਼ਬਦ ਸੁਣ ਕੇ ਮੁੰਡੇ ਨੂੰ ਹਿਰਖ ਆ ਗਿਆ। ਉਸਨੇ ਬੁੜ੍ਹਕ ਕੇ ਕੋਬਾਨ ਦੀ ਦਾੜ੍ਹੀ ਫੜ੍ਹ ਲਈ ਤੇ ਉਦੋਂ ਤਕ ਨਹੀਂ ਛੱਡੀ, ਜਦੋਂ ਤਕ ਉਸਦੇ ਦੋਹੇਂ ਹੱਥ ਕੱਟ ਨਹੀਂ ਦਿੱਤੇ ਗਏ। ਉਸਨੂੰ ਅੰਗ-ਅੰਗ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਬਾਕੀ 16 ਜਣਿਆ ਨੂੰ ਮਲੌਧ ਲਿਜਾਅ ਕੇ ਅਗਲੇ ਦਿਨ ਫਾਂਸੀ ਦੇ ਦਿੱਤੀ ਗਈ। ਇਹ ਸਭ ਕੁਝ ਬਿਨਾਂ ਕੋਈ ਮੁਕੱਦਮਾ ਚਲਾਇਆਂ ਕੀਤਾ ਗਿਆ। ਵਿਦੇਸ਼ੀ ਸਰਕਾਰ ਨੇ ਆਪਣੇ ਨਿਆਂ ਤੇ ਵਿਧਾਨ ਨੂੰ ਚੁੱਕ ਕੇ ਛਿੱਕੇ ਟੰਗ ਦਿੱਤਾ ਜਾਪਦਾ ਸੀ।
ਹੁਣ ਦਮਨ ਚੱਕਰ ਚੱਲਿਆ। ਕੂਕਿਆਂ ਨੂੰ ਗੁਰਦੁਆਰਿਆਂ ਤੇ ਮੰਦਰਾਂ ਵਿਚੋਂ ਕੱਢ-ਕੱਢ ਕੇ ਬੇਦਰਦੀ ਨਾਲ ਮਾਰਿਆ ਗਿਆ। ਬਾਬਾ ਰਾਮ ਸਿੰਘ ਦੇ ਬਿਰਧ ਤੇ ਬਿਮਾਰ ਪਿਤਾ ਨੂੰ ਵੀ ਨਹੀਂ ਸੀ ਬਖ਼ਸ਼ਿਆ ਗਿਆ। ਬਾਬਾ ਰਾਮ ਸਿੰਘ ਨੂੰ ਗਿਰਫਤਾਰ ਕਰਕੇ ਰੰਗੂਨ ਭੇਜ ਦਿੱਤਾ ਗਿਆ। ਉੱਥੇ ਹੀ 13 ਵਰ੍ਹਿਆਂ ਬਾਅਦ 1885 ਨੂੰ ਭਗੋਈ ਜੇਲ੍ਹ ਵਿਚ ਉਹਨਾਂ ਦੀ ਮੌਤ ਹੋ ਗਈ। ਪਰ ਜਿਵੇਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੈਰੋਕਾਰਾਂ ਨੂੰ ਅੱਜ ਤਕ ਉਹਨਾਂ ਦੀ ਮੌਤ 'ਤੇ ਵਿਸ਼ਵਾਸ ਨਹੀਂ ਹੋਇਆ, ਓਵੇਂ ਹੀ ਬਾਬਾ ਰਾਮ ਸਿੰਘ ਦੇ ਸ਼ਰਧਾਲੂਆਂ ਨੂੰ ਵੀ ਨਹੀਂ ਹੋਇਆ। ਅਫ਼ਵਾਹ ਫ਼ੈਲੀ ਕਿ ਉਹ ਰੂਸ ਚਲੇ ਗਏ ਹਨ ਤੇ ਉੱਥੇ ਹੀ ਹਮਲੇ ਦੀ ਤਿਆਰੀ ਕਰ ਰਹੇ ਹਨ।
ਭਾਵੇਂ ਕੂਕਾ ਲਹਿਰ ਨੂੰ ਕੁਚਲ ਦਿੱਤਾ ਗਿਆ, ਪਰ ਬਹਾਦਰ ਕੂਕਿਆਂ ਦੇ ਅਥਾਹ ਹੌਸਲੇ ਤੇ ਅਕੱਥ ਬਹਾਦਰੀ ਦੀਆਂ ਕਹਾਣੀਆਂ ਪੰਜਾਬ ਦੇ ਆਨ, ਬਾਨ ਨਾਲ ਜਿਊਣ ਵਾਲੇ ਸਪੂਤਾਂ ਦਾ ਖ਼ੂਨ ਅੱਜ ਵੀ ਗਰਮਾਉਂਦੀਆਂ ਹਨ।
ਬਾਬਾ ਰਾਮ ਸਿੰਘ ਕਰਾਂਤੀ ਦੀ ਮਿਸਾਲ ਬਣ ਗਏ ਤੇ ਉਹ ਆਪਣੇ ਪਿੱਛੇ ਜਿਹੜੀ 'ਕੂਕ' ਯਾਨੀ ਅਨੁਗੂੰਜ ਛੱਡ ਗਏ...ਉਹ ਇਕ ਪਰੇਰਨਾਂ-ਦਾਇਕ ਸ਼ਕਤੀ ਬਣ ਕੇ ਸਾਡੇ ਪੰਚਨਦ ਦੇ ਵਾਤਾਵਰਣ ਵਿਚ ਸਦਾ-ਸਦਾ ਗੂੰਜਦੀ-ਗੱਜਦੀ ਰਹੀ ਹੈ ਤੇ ਹਮੇਸ਼ਾ ਰਹੇਗੀ। ਇਸ ਅਨੁਗੂੰਜ ਨੇ ਦੇਸ਼-ਭਗਤੀ ਤੇ ਸ਼ਹੀਦੀ ਦਾ ਜਿਹੜਾ ਇਤਿਹਾਸ ਘੜਿਆ, ਉਸਦਾ ਜਾਇਜ਼ਾ ਲੈਂਦਿਆਂ ਭਗਤ ਸਿੰਘ ਨੇ ਲਿਖਿਆ ਹੈ...:
“ਗੁਰੂ ਰਾਮ ਸਿੰਘ ਦੀ ਅਗੁਵਾਨੀ ਵਿਚ ਹੋਏ ਕੂਕਾ-ਵਿਦਰੋਹ ਤੋਂ ਲੈ ਕੇ ਅੱਜ ਤਕ ਜਿਹੜੇ ਅੰਦੋਲਨ ਚੱਲੇ ਤੇ ਜਿਸ ਤਰ੍ਹਾਂ ਜਨਤਾ ਵਿਚ ਇਹ ਚੇਤਨਾ ਆਈ ਕਿ ਉਹ ਆਜ਼ਾਦੀ ਦੀ ਬਲੀ-ਵੇਦੀ ਉੱਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਈ ਤੇ ਜਿਹਨਾਂ ਵਿਅਕਤੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਦਾ ਜੀਵਨ ਚਰਿੱਤਰ ਤੇ ਇਤਿਹਾਸ, ਹਰ ਔਰਤ-ਮਰਦ ਦੇ ਹੌਸਲੇ ਨੂੰ ਬੁਲੰਦ ਕਰੇਗਾ ਤੇ ਉਹ ਅੱਗੋਂ ਹੋਣ ਵਾਲੇ ਅੰਦੋਲਨਾਂ ਨੂੰ ਵੀ ਅਧਿਅਨ ਤੇ ਅਨੁਭਵ ਦੀ ਰੌਸ਼ਨੀ ਦਿਖਾਅ ਸਕੇਗਾ। ਇਸ ਇਤਿਹਾਸ ਨੂੰ ਲਿਖਣ ਦਾ ਮੇਰਾ ਇਹ ਉਦੇਸ਼ ਬਿਲਕੁਲ ਨਹੀਂ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਅੰਦੋਲਨ ਸਫਲ ਹੋਣਗੇ। ਮੇਰਾ ਉਦੇਸ਼ ਤਾਂ ਇਹ ਹੈ ਕਿ ਸ਼ਹੀਦਾਂ ਦੇ ਬਲੀਦਾਨ ਤੇ ਉਮਰ-ਭਰ ਦੇਸ਼ ਦੀ ਭਲਾਈ ਦੇ ਕਾਰਜ ਵਿਚ ਲੱਗੇ ਰਹਿਣ ਦੇ ਉਹਨਾਂ ਦੇ ਉਦਾਹਰਨ ਤੋਂ ਪਰੇਰਨਾਂ ਲਈਏ ਤੇ ਉਹਨਾਂ ਨੂੰ ਚੇਤੇ ਰੱਖੀਏ, ਸਮਾਂ ਆਉਣ 'ਤੇ ਕਿਸ ਢੰਗ ਨਾਲ ਕੰਮ ਕਰਨਾ ਹੈ—ਇਸ ਦਾ ਫ਼ੈਸਲਾ ਕੰਮ ਕਰਨ ਵਾਲੇ ਓਦੋਂ ਦੀਆਂ ਪ੍ਰਸਥਿਤੀਆਂ ਦੇਖ ਕੇ ਖ਼ੁਦ ਕਰ ਲੈਣਗੇ।”
ਸਮੇਂ ਦੇ ਨਾਲ-ਨਾਲ ਇਹ ਪਰੰਪਰਾ ਕਿੰਜ ਅੱਗੇ ਵਧੀ, ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਸਨੂੰ ਕੀ ਰੂਪ ਦਿੱਤਾ, ਇਹ ਅਸੀਂ ਅੱਗੇ ਚੱਲ ਕੇ ਦੇਖਾਂਗੇ।




ਮਨੁੱਖ ਨੂੰ ਵਿਅਕਤੀਤਵ ਦਾ ਵਿਕਾਸ ਪਿਆਰਾ ਹੈ। ਇਹ ਵਿਕਾਸ ਆਜ਼ਾਦੀ ਹੋਏ ਤਾਂ ਹੀ ਸੰਭਵ ਹੈ। ਇਸ ਲਈ ਗ਼ੁਲਾਮ ਰਾਸ਼ਟਰ ਦੇ ਮਨ ਵਿਚ ਆਜ਼ਾਦੀ ਦੀ ਭਾਵਨਾ ਦਾ ਬੀਜ ਫੁੱਟਣਾ ਸੁਭਾਵਿਕ ਗੱਲ ਹੈ। ਉਸ ਨੂੰ ਕਿਸੇ ਵੀ ਦਮਨ-ਚੱਕਰ ਨਾਲ ਮਿਟਾਅ ਦੇਣਾ ਸੰਭਵ ਨਹੀਂ ਹੁੰਦਾ। ਉਹ ਧਰਤੀ ਦੇ ਉਸ ਘਾਹ ਵਾਂਗਰ ਹੁੰਦੀ ਹੈ ਜਿਸ ਦੀ ਜੜ ਹਮੇਸ਼ਾ ਹਰੀ ਰਹਿੰਦੀ ਹੈ। ਸਰਦੀ-ਗਰਮੀ ਦੇ ਕਰੂਰ ਵਾਰ ਉਸਨੂੰ ਮੁਕਾਅ ਨਹੀਂ ਸਕਦੇ। ਉਹ ਵਾਰ-ਵਾਰ ਫੁੱਟ ਪੈਂਦੀ ਹੈ, ਬਸੰਤ ਰੂਤ ਦੀ ਹਵਾ ਤੇ ਬਰਖ਼ਾ-ਜਲ ਪੀ ਕੇ ਖ਼ੂਬ ਮੌਲਦੀ-ਲਹਿਰਾਉਂਦੀ ਹੈ। ਭਾਵੇਂ ਅੰਗਰੇਜ਼ਾਂ ਦੀ ਕਰੂਰਤਾ ਤੇ ਬਰਬਰਤਾ ਨੇ ਵਿਦਰੋਹ ਨੂੰ ਕੁਚਲ ਦਿੱਤਾ ਸੀ, ਪਰ ਉਹਨਾਂ ਲਈ ਦੇਸ਼ ਭਗਤੀ ਤੇ ਆਜ਼ਾਦ ਹੋਣ ਦੀ ਭਾਵਨਾ ਨੂੰ ਮਿਟਾਅ ਸਕਣਾ ਸੰਭਵ ਨਹੀਂ ਸੀ। 1870 ਦੇ ਆਸਪਾਸ ਇਹ ਭਾਵਨਾ ਮੁੜ ਦੇਸ਼ ਦੇ ਕੋਨੇ-ਕੋਨੇ ਵਿਚੋਂ ਫੁੱਟ ਨਿਕਲੀ ਤੇ ਗਦਰ ਤੋਂ ਬਾਅਦ ਦਾ ਸੰਨਾਟਾ ਸਿਰਫ ਪੰਜਾਬ ਵਿਚ ਹੀ ਨਹੀਂ, ਸਮੁੱਚੇ ਦੇਸ਼ ਵਿਚ ਤਿੜਕ ਗਿਆ। ਕੂਕਾ ਲਹਿਰ ਵਾਂਗ ਹੀ ਕਿਸਾਨਾਂ ਤੇ ਦਲਿਤ ਜਾਤੀਆਂ ਨੇ ਵਿਦਰੋਹ ਸ਼ੁਰੂ ਕਰ ਦਿੱਤੇ। ਇਹ ਵਿਦਰੋਹ ਏਨੇ ਵਿਆਪਕ ਸਨ ਕਿ ਉਹਨਾਂ ਵਿਚ ਹਜ਼ਾਰਾਂ ਲੋਕ ਭਾਗ ਲੈਂਦੇ ਸਨ ਤੇ ਉਹ ਵਰ੍ਹਿਆਂ ਬੱਧੀ ਜਾਰੀ ਰਹਿੰਦੇ ਸਨ। ਇਹਨਾਂ ਵਿਦਰੋਹਾਂ ਦੇ ਸਿੱਟੇ ਵਜੋਂ ਜਿਸ ਚੇਤਨਾ ਦਾ ਜਨਮ ਹੋਇਆ, ਉਸਨੇ ਸਮਾਜ ਸੁਧਾਰਕ ਸੰਗਠਨਾਂ ਦਾ ਰੂਪ ਧਾਰਨ ਕੀਤਾ। ਅਸੀਂ ਇੱਥੇ ਸਿਰਫ ਆਰੀਆ ਸਮਾਜ ਦਾ ਜ਼ਿਕਰ ਕਰਾਂਗੇ, ਕਿਉਂਕਿ ਉਸਦਾ ਪੰਜਾਬ ਨਾਲ ਤੇ ਭਗਤ ਸਿੰਘ ਦੇ ਜੀਵਨ ਨਾਲ ਵਿਸ਼ੇਸ਼ ਸੰਬੰਧ ਹੈ।
ਆਰੀਆ ਸਮਾਜ ਦੇ ਜੇਠੇ ਰਿਸ਼ੀ ਦਯਾਨੰਦ ਦਾ ਜਨਮ ਗੁਜਰਾਤ ਵਿਚ ਹੋਇਆ ਸੀ। ਨਾਂ ਸੀ ਮੂਲ ਚੰਦ। ਜਦੋਂ ਸਨਿਆਸੀ ਬਣ ਕੇ ਜੀਵਨ, ਦੇਸ਼-ਸੇਵਾ ਤੇ ਸਮਾਜ-ਸੇਵਾ ਦੇ ਲਈ ਅਰਪਿੱਤ ਕਰ ਦਿੱਤਾ ਤਾਂ ਦਯਾਨੰਦ ਬਣੇ। ਉਹਨਾਂ ਸਾਰੇ ਦੇਸ਼ ਦਾ ਭਰਮਣ ਕੀਤਾ। ਆਪਣੇ ਸਮੇਂ ਦੇ ਵਿਦਵਾਨਾਂ ਤੇ ਵਿਚਾਰਕਾਂ ਨੂੰ ਮਿਲੇ। ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਕੁਝ ਦਿਨ ਥੀਓਸੋਫਿਸਟਾਂ ਨਾਲ ਵੀ ਰਹੇ। ਉਹ ਉਹਨਾਂ ਨੂੰ ਆਪਣਾ ਨੇਤਾ ਬਣਾਉਣਾ ਚਾਹੁੰਦੇ ਸਨ। ਪਰ ਤੇਜ਼-ਬੁੱਧ ਵਾਲੇ ਦਯਾਨੰਦ ਨੇ ਛੇਤੀ ਹੀ ਸਮਝ ਲਿਆ ਕਿ ਉਹ ਕਹਿਣ ਨੂੰ ਤਾਂ ਭਾਰਤ ਦੇ ਹਿਤੈਸ਼ੀ ਹਨ, ਪਰ ਮਨ ਵਿਚ ਖੋਟ ਹੈ। ਉਹ ਅੰਧਵਿਸ਼ਵਾਸੀ ਤੇ ਰੂੜੀਵਾਦੀ ਜਨਤਾ ਨੂੰ ਰਹੱਸਵਾਦ ਤੇ ਅਵਤਾਰਵਾਦ ਦੀ ਅਫ਼ੀਮ ਚਟਾਅ ਕੇ ਮੂਰਖ ਬਣਾ ਰਹੇ ਹਨ। ਉਹ ਨਵੀਂ ਚੇਤਨਾ ਲਈ ਜ਼ਹਿਰੀਲੀ ਹਵਾ ਲੈ ਕੇ ਆਏ ਹਨ ਤੇ ਸਾਮਰਾਜਵਾਦ ਦੇ ਹਿਤੈਸ਼ੀ ਹਨ। ਉਹ ਉਹਨਾਂ ਨਾਲੋਂ ਵੱਖ ਹੋ ਗਏ।
ਬੰਗਾਲ ਵਿਚ ਰਾਮ ਕ੍ਰਿਸ਼ਨ ਪਰਮਹੰਸ ਤੇ ਕੇਸ਼ਵ ਚੰਦ ਨੂੰ ਮਿਲੇ ਤੇ ਉੱਥੋਂ ਪੰਜਾਬ ਆਏ। ਬਾਬਾ ਰਾਮ ਸਿੰਘ ਦੀ ਵਿਦਰੋਹੀ ਕੂਕ ਕੰਨ ਵਿਚ ਪਈ ਤੇ ਮਹਾਨ ਬਹਾਦਰੀ ਦੀਆਂ ਕਹਾਣੀਆਂ ਸੁਣਾਈ ਦਿੱਤੀਆਂ। ਸਮਾਜ ਸੁਧਾਰ ਦੇ ਸਾਰੇ ਸੰਗਠਨਾਂ ਨੂੰ ਉਹਨਾਂ ਦੇਖਿਆ-ਪਰਖਿਆ ਸੀ ਤੇ ਹੁਣ ਉਹ ਆਪਣਾ ਇਕ ਵੱਖਰਾ ਸੰਗਠਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੂੰ ਪੰਜਨਦ ਦੀ ਇਹ ਉਪਜਾਊ ਭੂਮੀ ਜਚ ਗਈ ਤੇ ਉਹਨਾਂ 1875 ਵਿਚ ਆਰੀਆ ਸਮਾਜ ਦਾ ਨਿੱਕਾ ਜਿਹਾ ਬੂਟਾ ਲਾਹੌਰ ਵਿਚ ਲਾਇਆ। ਉਹਨਾਂ ਤੋਂ ਦੀਕਸ਼ਾ ਲੈਣ ਤੇ ਯੱਗੋਪਵੀਤ ਧਾਰਨ ਕਰਨ ਵਾਲਿਆਂ ਵਿਚ ਇਕ ਵਿਅਕਤੀ ਭਗਤ ਸਿੰਘ ਦੇ ਦਾਦਾ ਅਰਜੁਨ ਸਿੰਘ ਸਨ। ਭਗਤ ਸਿੰਘ ਦੀ ਭਤੀਜੀ ਵੀਰੇਂਦਰ ਸੰਧੂ ਨੇ ਲਿਖਿਆ ਹੈ...:
“ਸਰਦਾਰ ਅਰਜੁਨ ਸਿੰਘ ਨੇ ਰਿਸ਼ੀ ਦਯਾਨੰਦ ਦੇ ਦਰਸ਼ਨ ਕੀਤੇ ਤਾਂ ਮੁਗਧ ਹੋ ਗਏ ਤੇ ਉਹਨਾਂ ਦਾ ਭਾਸ਼ਣ ਸੁਣਿਆ ਤਾਂ ਨਵ-ਜਾਗਰਣ ਦੀ ਸੈਨਾ ਵਿਚ ਭਰਤੀ ਹੋ ਕੇ ਆਰੀਆ ਸਮਾਜੀ ਬਣ ਗਏ। ਉਹ, ਉਹਨਾਂ ਥੋੜ੍ਹੇ ਜਿਹੇ ਲੋਕਾਂ ਵਿਚੋਂ ਸਨ ਜਿਹਨਾਂ ਨੂੰ ਖ਼ੁਦ ਰਿਸ਼ੀ ਦਯਾਨੰਦ ਨੇ ਦੀਕਸ਼ਾ ਦਿੱਤੀ ਸੀ ਤੇ ਯੱਗੋਪਵੀਤ ਆਪਣੇ ਹੱਥੀਂ ਪਾਇਆ ਸੀ। ਇਹ ਸਰਦਾਰ ਅਰਜੁਨ ਸਿੰਘ ਦਾ ਸਾਂਸਕਰੀਤਕ ਪੂਨਰ-ਜਨਮ ਸੀ।”
ਬਾਬਾ ਰਾਮ ਸਿੰਘ ਵਾਂਗ ਸਰਦਾਰ ਅਰਜੁਨ ਸਿੰਘ ਦੇ ਵੱਡੇ-ਵਡੇਰੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਹੁੰਦੇ ਸਨ। ਅੰਗਰੇਜ਼ਾਂ ਨੇ ਛਲ-ਕਪਟ ਦੀ ਜਿਸ ਨੀਤੀ ਨਾਲ ਸਿੱਖ ਰਾਜ ਨੂੰ ਖਤਮ ਕੀਤਾ, ਪੰਜਾਬ ਦੀ ਜਿੱਤ ਪਿੱਛੋਂ ਜਿਹੜੇ ਜ਼ੁਲਮ ਢਾਏ, ਮਹਾਰਾਣੀ ਜਿੰਦਾਂ ਤੇ ਕੁੰਵਰ ਦਲੀਪ ਸਿੰਘ ਨਾਲ ਜਿਹੜਾ ਮੰਦਾ-ਵਿਹਾਰ ਕੀਤਾ, ਉਸ ਨਾਲ ਉਹਨਾਂ ਦੇ ਮਨ ਵਿਚ ਅੰਗਰੇਜ਼ਾਂ ਦੇ ਪ੍ਰਤੀ ਜਿਹੜੀ ਵਿਦਰੋਹੀ-ਘਿਰਣਾ ਬੈਠ ਗਈ ਸੀ, ਉਹ ਪੀੜ੍ਹੀ-ਦਰ-ਪੀੜ੍ਹੀ ਵਧਦੀ ਤੇ ਤੀਬਰ ਹੁੰਦੀ ਗਈ। ਇਹੀ ਘਿਰਣਾ ਅਰਜੁਨ ਸਿੰਘ ਨੂੰ ਸਿੱਖ ਧਰਮ ਵਿਚੋਂ ਆਰੀਆ ਸਮਾਜ ਵਿਚ ਲੈ ਗਈ। ਸਿੱਖ ਧਰਮ ਤੇ ਆਰੀਆ ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ ਵਿਚ ਸਮਾਨਤਾ ਸੀ। ਦੋਹੇਂ ਇਕ ਈਸ਼ਵਰਵਾਦੀ ਸਨ, ਦੋਹੇਂ ਮੂਰਤੀ ਪੂਜਾ, ਰੂੜੀਵਾਦ ਤੇ ਛੂਈਛੂਤ ਦੇ ਵਿਰੁੱਧ ਸਨ ਤੇ ਦੋਹਾਂ ਦਾ ਮੂਲ ਆਧਾਰ ਦੇਸ਼ ਭਗਤੀ ਸੀ। ਪਰ ਜਿਵੇਂ ਕਿ ਪਹਿਲਾਂ ਕਹਿ ਦਿੱਤਾ ਗਿਆ ਹੈ, ਸਿੱਖ ਧਰਮ ਦਾ ਨੇਤਰੀਤਵ ਹੁਣ ਰਾਜਿਆਂ, ਜਾਗੀਰਦਾਰਾਂ ਦੇ ਹੱਥ ਵਿਚ ਸੀ, ਜਿਹੜੇ ਅੰਗਰੇਜ਼ ਦੇ ਵਫ਼ਾਦਾਰ ਬਣ ਕੇ ਆਪਣਾ ਸਵਾਰਥ-ਸਾਧ ਰਹੇ ਸਨ।
ਸਿੱਖ ਵਿਦਿਅਕ ਸੰਸਥਾਵਾਂ ਉੱਪਰ ਵੀ ਰਾਜਿਆਂ ਤੇ ਜਾਗੀਰਦਾਰਾਂ ਦਾ ਕੰਟਰੋਲ ਸੀ, ਇਸ ਲਈ ਅਰਜੁਨ ਸਿੰਘ ਨੇ ਆਪਣੇ ਵੱਡੇ ਪੁੱਤਰ ਕਿਸ਼ਨ ਸਿੰਘ (ਭਗਤ ਸਿੰਘ ਦੇ ਪਿਤਾ) ਤੇ ਵਿਚਕਾਰਲੇ ਪੁੱਤਰ ਅਜੀਤ ਸਿੰਘ ਦਾ ਦਾਖ਼ਲਾ, ਜਲੰਧਰ ਦੇ ਸਾਈਂਦਾਸ ਐਂਗਲੋ ਸੰਸਕ੍ਰਿਤ ਹਾਈ ਸਕੂਲ ਵਿਚ, ਕਰਵਾ ਦਿੱਤਾ ਤੇ ਖ਼ੁਦ ਵੀ ਰਾਏਜ਼ਾਦਾ ਭਗਤ ਰਾਮ ਦੇ ਮੁਨਸ਼ੀ ਬਣ ਕੇ ਉੱਥੇ ਹੀ ਰਹਿਣ ਲੱਗ ਪਏ। ਉਹਨਾਂ ਨੇ ਦੀਕਸ਼ਾ ਲੈ ਕੇ ਹੀ ਸੰਤੋਖ ਨਹੀਂ ਕੀਤਾ, ਆਪਣੇ ਆਪ ਨੂੰ ਇਸ ਯੋਗ ਵੀ ਬਣਾਇਆ ਕਿ ਦੂਜਿਆਂ ਨੂੰ ਦੀਕਸ਼ਾ ਦੇ ਸਕਣ। ਉਹਨਾਂ ਰਿਸ਼ੀ ਦਯਾਨੰਦ ਦੇ ਮਿਸ਼ਨ ਨੂੰ ਪੂਰੀ ਤਰ੍ਹਾਂ ਸਮਝਿਆ ਤੇ ਆਪਣੇ ਵਿਚਾਰਾਂ ਨੂੰ ਉਸ ਸਾਂਚੇ ਵਿਚ ਢਾਲਿਆ। ਉਹਨਾਂ ਨੇ ਆਰੀਆ ਸਮਾਜ ਦੇ ਸਾਹਿਤ ਦਾ ਡੂੰਘਾ ਅਧਿਅਨ ਕੀਤਾ। ਇਸ ਗਹਿਰਾਈ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਸਨਾਤਨ-ਧਰਮੀ ਪੰਡਤਾਂ ਦੇ ਨਾਲ ਮੂਰਤੀ-ਪੂਜਾ ਤੇ ਸ਼ਰਾਧ ਵਰਗੇ ਵਿਸ਼ਿਆਂ ਉੱਪਰ ਹੋਏ ਕਈ ਸ਼ਾਸ਼ਤਰ-ਅਰਥਾਂ ਤੇ ਸਭਾਵਾਂ ਵਿਚ ਉਹ ਵੀ ਆਰੀਆ ਸਮਾਜ ਦੇ ਪ੍ਰਮੁੱਖ ਪ੍ਰਵਕਤਾ ਰਹੇ ਤੇ ਆਰੀਆ ਸਮਾਜ ਦੇ ਉਤਸਵਾਂ ਵਿਚ ਦੂਰ-ਦੂਰ ਤਕ ਭਾਸ਼ਣ ਦੇਣ ਲਈ ਜਾਂਦੇ ਰਹੇ। ਉਹ ਆਪਣੇ ਇਲਾਕੇ ਦੇ ਮੁੱਖ ਅਰੀਆ ਸਮਾਜੀ ਨੇਤਾਵਾਂ ਵਿਚ ਗਿਣੇ ਜਾਂਦੇ ਸਨ।
ਉਹਨਾਂ ਬਾਰੇ ਇਕ ਵਿਸ਼ੇਸ਼ ਗੱਲ ਇਹ ਹੈ ਕਿ ਉਹ ਸਾਧਾਰਨ ਜਨਤਾ ਵਿਚ ਇਕ ਅਸਾਧਾਰਨ ਪ੍ਰਤਿਭਾ ਦੇ ਮਾਲਕ ਸਨ। ਉਹ ਜੀਵਨ ਦੀ ਜੜਤਾ ਦੇ ਘੋਰ ਵਿਰੋਧੀ ਤੇ ਪ੍ਰਗਤੀ ਦੇ ਸਮਰਥਕ ਸਨ। ਇਹ ਕਿੱਡੀ ਵੱਡੀ ਗੱਲ ਹੈ ਕਿ ਉਹਨਾਂ ਆਪਣੀ ਮਿਹਨਤ ਨਾਲ ਸੰਸਕ੍ਰਿਤ, ਹਿੰਦੀ, ਉਰਦੂ, ਫ਼ਾਰਸੀ ਤੇ ਗੁਰਮੁਖੀ ਦਾ ਚੰਗਾ ਗਿਆਨ ਪ੍ਰਾਪਤ ਕੀਤਾ ਤੇ ਕਚਹਿਰੀ ਤੇ ਆਰੀਆ ਸਮਾਜ ਦਾ ਕੰਮ ਕਰਦੇ ਹੋਏ ਹੀ ਉਹ ਯੂਨਾਨੀ ਹਿਕਮਤ ਦੇ ਸਫਲ ਹਕੀਮ ਬਣ ਗਏ ਸਨ। ਤੁਰੰਤ ਫ਼ੈਸਲਾ ਲੈਣਾ ਤੇ ਫੇਰ ਉਸ ਫ਼ੈਸਲੇ ਉੱਪਰ ਪੂਰੀ ਦ੍ਰਿੜ੍ਹਤਾ ਨਾਲ ਡਟ ਜਾਣਾ ਹੀ ਉਹਨਾਂ ਦਾ ਸੁਭਾਅ ਸੀ।
ਉਹਨਾਂ ਦੀਆਂ ਸਰਗਰਮੀਆਂ ਆਰੀਆ ਸਮਾਜ ਤੇ ਹਿਕਮਤ ਤਕ ਹੀ ਸੀਮਿਤ ਨਹੀਂ ਸਨ। 1893 ਵਿਚ ਕਾਂਗਰਸ ਦਾ ਸਾਲਾਨਾ ਇਜਲਾਸ ਲਾਹੌਰ ਵਿਚ ਹੋਇਆ। ਦਾਦਾ ਭਾਈ ਨੌਰੋਜੀ ਪ੍ਰਧਾਨ ਸਨ। ਅਰਜੁਨ ਸਿੰਘ ਤੇ ਉਹਨਾਂ ਦੇ ਵੱਡੇ ਭਰਾ ਸੁਰਜਨ ਸਿੰਘ ਜਲੰਧਰ ਦੇ ਨੁਮਾਇੰਦੇ ਬਣ ਕੇ ਲਾਹੌਰ ਗਏ। ਇਹ ਸਾਰੇ ਨੁਮਾਇੰਦੇ ਕਾਂਗਰਸ ਵਿਚ ਪਹਿਲੀ ਵਾਰ ਆਏ ਸਨ। ਦਾਦਾ ਭਾਈ ਉਹਨਾਂ ਨੂੰ ਮਿਲ ਕੇ ਬੜੇ ਖੁਸ਼ ਹੋਏ ਤੇ ਵਾਰੀ-ਵਾਰੀ ਉਹਨਾਂ ਦਾ ਹਾਲ-ਚਾਲ ਪੁੱਛਦੇ ਰਹੇ।
ਸਰਦਾਰ ਖੇਮ ਸਿੰਘ ਦੇ ਤਿੰਨ ਪੁੱਤਰ ਸਨ...ਸੁਰਜਨ ਸਿੰਘ, ਅਰਜੁਨ ਸਿੰਘ ਤੇ ਮੋਹਨ ਸਿੰਘ। ਛੋਟੇ ਪੁੱਤਰ ਮੋਹਨ ਸਿੰਘ ਨੇ ਤਾਂ ਸਾਧਾਰਨ ਕਿਸਾਨ ਦਾ ਜੀਵਨ ਬਿਤਾਇਆ। ਸੁਰਜਨ ਸਿੰਘ ਤੇ ਅਰਜੁਨ ਸਿੰਘ ਸਾਂਝੇ ਲੋਕ ਕਾਰਜਾਂ ਵਿਚ ਇਕੱਠੇ ਭਾਗ ਲੈਂਦੇ ਰਹੇ। ਫੇਰ ਇਕ ਅਜਿਹੀ ਘਟਨਾ ਵਾਪਰੀ ਕਿ ਦੋਹਾਂ ਦੇ ਰਸਤੇ ਵੱਖ-ਵੱਖ ਹੋ ਗਏ। ਪਿੰਡ ਵਿਚ ਪਲੇਗ ਫ਼ੈਲ ਗਈ। ਅੰਗਰੇਜ਼ ਕਲੈਕਟਰ ਨੇ ਹੁਕਮ ਦਿੱਤਾ ਕਿ 'ਜਿਹਨਾਂ ਘਰਾਂ ਵਿਚ ਪਲੇਗ ਦੇ ਕੇਸ ਨੇ, ਉਹਨਾਂ ਨੂੰ ਢਾਅ ਦਿੱਤਾ ਜਾਏ।' ਅਰਜੁਨ ਸਿੰਘ ਨੇ ਇਸ ਤਾਨਾਸ਼ਾਹੀ ਹੁਕਮ ਦਾ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਸੀ ਕਿ 'ਘਰਾਂ ਨੂੰ ਢਾਉਣ ਤੋਂ ਪਹਿਲਾਂ ਸਰਕਾਰ ਇਹ ਭਰੋਸਾ ਦੁਆਵੇ ਬਈ ਪਿੱਛੋਂ ਉਹ ਉਹਨਾਂ ਨੂੰ ਬਣਵਾ ਕੇ ਦਵੇਗੀ। ਵਰਨਾ ਗਰੀਬ ਕਿਸਾਨ ਉੱਜੜ ਜਾਣਗੇ, ਉਹਨਾਂ ਵਿਚ ਮੁੜ ਘਰ ਬਣਾਉਣ ਦੀ ਸਮਰਥਾ ਨਹੀਂ।' ਪਰ ਸੁਰਜਨ ਸਿੰਘ ਨੇ ਕਲੈਕਟਰ ਦਾ ਸਮਰਥਣ ਕੀਤਾ ਤੇ ਫੇਰ ਇਸ ਰੌਅ ਵਿਚ ਅਜਿਹੇ ਵਹਿ ਗਏ ਕਿ ਰਾਜ-ਭਗਤੀ ਹੀ ਉਹਨਾਂ ਦਾ ਧਰਮ ਬਣ ਗਿਆ। ਇਸਦਾ ਉਹਨਾਂ ਨੂੰ ਫਲ ਵੀ ਮਿਲਿਆ, ਉੱਚੇ ਪਦਾਂ ਉੱਪਰ ਬੈਠੇ ਤੇ ਖ਼ੂਬ ਪੈਸੇ ਵਿਚ ਖੇਡੇ। ਉਹਨਾਂ ਦੇ ਪੁੱਤਰ ਸਰਦਾਰ ਬਹਾਦੁਰ ਦਿਲਬਾਗ ਸਿੰਘ ਨੇ ਸਰਕਾਰ-ਪ੍ਰਸਤੀ ਦਾ ਉਸ ਯੁੱਗ ਦਾ ਸਭ ਤੋਂ ਵੱਡਾ ਤੋਹਫਾ ਓ.ਬੀ.ਈ. (ਆਰਡਰ ਆਫ ਬ੍ਰਿਟਿਸ਼ ਐਮਪਾਇਰ) ਦਾ ਖ਼ਿਤਾਬ ਹਾਸਲ ਕੀਤਾ ਤੇ ਉਹਨਾਂ ਦੀ ਸੱਜੀ ਬਾਂਹ ਬਣ ਕੇ ਰਹੇ।
ਇੰਜ ਇਕੋ ਵੰਸ਼ ਦੋ ਪਗਡੰਡੀਆਂ ਉੱਪਰ ਤੁਰ ਪਿਆ, ਜਿਹੜੀਆਂ ਵਿਪਰੀਤ ਦਿਸ਼ਾ ਵੱਲ ਜਾਂਦੀਆਂ ਸਨ। ਇਕ ਪਗਡੰਡੀ ਰਾਜ-ਭਗਤੀ ਦੀ ਦਲਦਲ ਵਿਚ ਜਾ ਕੇ ਮੁੱਕ ਗਈ ਤੇ ਦੂਜੀ ਦੇਸ਼-ਭਗਤੀ ਤੇ ਬਲੀਦਾਨ ਦੇ ਗੌਰਵਮਈ ਇਤਿਹਾਸ ਦਾ ਅੰਗ ਬਣੀ।
ਅਠਾਰਵੀਂ ਸਦੀ ਦੇ ਅੰਤ, ਯਾਨੀ ਸਨ 1900 ਵਿਚ ਬਾਰ (ਜੰਗਲ ਦੇ ਇਲਾਕੇ) ਨੂੰ ਵਸਾਉਣ ਤੇ ਉੱਥੇ ਜਾ ਕੇ ਰਹਿਣ ਵਾਲੇ ਹਰੇਕ ਪਰਿਵਾਰ ਨੂੰ ਸਰਕਾਰ ਵੱਲੋਂ ਪੰਜਾਹ ਏਕੜ (ਇਕ ਮੁਰੱਬਾ) ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ। ਹਾਲਾਂਕਿ ਜਲੰਧਰ ਵਿਚ ਅਰਜੁਨ ਸਿੰਘ ਦੀ ਚੰਗੀ ਬੀਤ ਰਹੀ ਸੀ...ਕਚਹਿਰੀ ਕੇ ਕੰਮ ਦੇ ਇਲਾਵਾ ਹਿਕਮਤ ਤੋਂ ਵੀ ਚੰਗੀ ਆਮਦਨ ਸੀ। ਪਰ ਉਹ ਉੱਦਮੀ ਆਦਮੀ ਸਨ, ਜ਼ਿੰਦਗੀ ਵਿਚ ਨਵੇਂ ਤਜ਼ੁਰਬੇ ਕਰਕੇ ਹੋਰ ਅੱਗੇ ਵਧਣ ਦਾ ਹੌਸਲਾ ਰੱਖਦੇ ਸਨ। ਉਹ ਲਾਇਲਪੁਰ ਦੇ ਬੰਗਾ ਪਿੰਡ ਵਿਚ ਜਾ ਵੱਸੇ ਤੇ ਖੇਤੀ ਦੇ ਨਾਲ-ਨਾਲ ਹਕੀਮੀ ਵੀ ਕਰਦੇ ਰਹੇ। ਉਹਨਾਂ ਦਾ ਗਿਆਨ ਤੁੱਥ-ਮੁੱਥ ਨਹੀਂ ਸੀ। ਉਹ ਖੋਜੀ ਆਦਮੀ ਸਨ। ਹਰ ਵਿਸ਼ੇ ਵਿਚ ਡੂੰਘਾ ਲੱਥਣਾ ਉਹਨਾਂ ਦਾ ਸੁਭਾਅ ਸੀ। ਵੀਰੇਂਦਰ ਸੰਧੂ ਨੇ ਇਕ ਘਟਨਾ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਉਹਨਾਂ ਦੇ ਹਿਕਮਤ ਦੇ ਗਿਆਨ ਦਾ ਅੰਦਾਜ਼ਾ ਹੁੰਦਾ ਹੈ...:
“ਮਹਾਰਾਜਾ ਕਪੂਰਥਲਾ ਬਿਮਾਰ ਹੋਏ ਤਾਂ ਉਹਨਾਂ ਦੇ ਇਲਾਜ਼ ਲਈ ਦਿੱਲੀ ਦੇ ਹਕੀਮ ਅਜਮਲ ਖ਼ਾਂ ਨੂੰ ਬੁਲਾਇਆ ਗਿਆ ਸੀ। ਉਹ ਉਸ ਸਮੇਂ ਦੇ ਨਾਮੀ ਹਕੀਮ ਸਨ। ਅਰਜੁਨ ਸਿੰਘ ਦੇ ਮਨ ਵਿਚ ਇਹ ਜੁਗਿਆਸਾ ਸੀ ਕਿ 'ਕੀ ਉਹ ਵਾਕਈ ਬੜੇ ਵੱਡੇ ਹਕੀਮ ਨੇ ਜਾਂ ਸਿਰਫ ਉਹਨਾਂ ਦਾ ਨਾਂ ਇਸ ਲਈ ਹੋ ਗਿਆ ਹੈ ਕਿ ਉਹ ਰਾਜਿਆਂ-ਨਵਾਬਾਂ ਦਾ ਇਲਾਜ਼ ਕਰਦੇ ਨੇ।' ਉਹ ਕਪੂਰਥਲੇ ਗਏ ਤੇ ਦੋ ਦਿਨਾਂ ਤਕ ਵੱਖੋ-ਵੱਖਰੇ ਰੋਗਾਂ ਬਾਰੇ ਹਕੀਮ ਅਜਮਲ ਖ਼ਾਂ ਨਾਲ ਗੱਲਬਾਤ ਕਰਦੇ ਰਹੇ। ਤਰਕਬੁੱਧੀ ਅਰਜੁਨ ਸਿੰਘ ਸ਼ਾਸਤਰ-ਅਰਥ ਵਿਚ ਮਾਹਰ ਸਨ। ਗੱਲਬਾਤ ਕਈ ਵਾਰੀ ਬਹਿਸ ਦਾ ਰੂਪ ਧਾਰ ਲੈਂਦੀ ਸੀ, ਪਰ ਹਕੀਮ ਸਾਹਬ ਨੂੰ ਉਹਨਾਂ ਵਿਚ ਦਿਲਚਸਪੀ ਪੈਦਾ ਹੋ ਗਈ ਸੀ, ਇਸ ਲਈ ਸਿਲਸਿਲਾ ਜਾਰੀ ਰਿਹਾ। ਤੀਜੇ ਦਿਨ ਅਰਜੁਨ ਸਿੰਘ ਨੇ ਮੰਨਿਆਂ...'ਤੁਸੀਂ ਵਾਕਈ ਹਿਕਮਤ ਦੇ ਬਾਦਸ਼ਾਹ ਹੋ। ਮੈਂ ਤੁਹਾਡੇ ਸਾਹਵੇਂ ਸਿਰ ਨਿਵਾਂਦਾ ਹਾਂ।'”
ਲਾਇਲਪੁਰ ਦੀ ਜ਼ਮੀਨ ਸੋਨਾ ਉਗਲਦੀ ਸੀ। ਅਰਜੁਨ ਸਿੰਘ ਦੀ ਮਿਹਨਤ ਤੇ ਲਗਨ ਵਿਚ ਵੀ ਕਮੀ ਨਹੀਂ ਸੀ। ਆਰਥਕ ਪੱਖ ਤੋਂ ਖਾਸੇ ਅੱਗੇ ਵਧੇ ਤੇ ਹੋਰ ਵੀ ਅੱਗੇ ਜਾ ਸਕਦੇ ਸਨ। ਪਰ ਧਨ ਕਮਾਉਣਾ ਉਹਨਾਂ ਦੇ ਜੀਵਨ ਦਾ ਟੀਚਾ ਨਹੀਂ ਸੀ। ਉਹਨਾਂ ਦੀ ਮੂਲ-ਬਿਰਤੀ ਜਮ੍ਹਾਂਖੋਰੀ ਦੀ ਨਹੀਂ, ਤਿਆਗ ਦੀ ਸੀ। ਉਹਨਾਂ ਦਾ ਵਧੇਰੇ ਸਮਾਂ ਸਾਂਝੇ ਕਾਰਜਾਂ ਵਿਚ ਤੇ ਆਮਦਨ ਦਾ ਵਧੇਰੇ ਹਿੱਸਾ ਲੋਕ ਭਲਾਈ 'ਤੇ ਖਰਚ ਹੁੰਦਾ ਸੀ। ਗਰੀਬਾਂ ਦਾ ਇਲਾਜ਼ ਉਹ ਮੁਫ਼ਤ ਕਰਦੇ ਹੀ ਸਨ, ਲੋੜ ਹੁੰਦੀ ਤਾਂ ਦੁੱਧ ਵੀ ਆਪਣੇ ਘਰੋਂ ਦੇ ਦਿੰਦੇ ਸਨ। ਮੁਕੱਦਮੇ ਵਿਚ ਫਸੇ ਕਿਸੇ ਗਰੀਬ ਆਦਮੀ ਲਈ ਸ਼ਹਿਰ ਜਾਣਾ ਪੈਂਦਾ ਤਾਂ ਉਹ ਆਪਣਾ ਖਾਣਾ ਨਾਲ ਲੈ ਕੇ ਜਾਂਦੇ ਸਨ ਤਾਂਕਿ ਉਸ ਉੱਤੇ ਜ਼ਰਾ ਵੀ ਬੋਝ ਨਾ ਪਏ। ਉਹਨੀਂ ਦਿਨੀ ਮਜ਼ਦੂਰਾਂ ਨੂੰ ਮਜ਼ਦੂਰੀ ਵਜੋਂ ਸਿਰਫ ਰੋਟੀ ਹੀ ਦਿੱਤੀ ਜਾਂਦੀ ਸੀ, ਪਰ ਅਰਜੁਨ ਸਿੰਘ ਰੋਟੀ ਉੱਤੇ ਪੈਸੇ ਰੱਖ ਕੇ ਦਿੰਦੇ ਸਨ। ਉਹਨਾਂ ਬਾਰੇ ਇਹ ਕਹਾਵਤ ਬਣ ਗਈ ਸੀ...'ਓ ਭਾਈ, ਵੱਡੇ ਸਰਦਾਰਜੀ ਤਾਂ ਪੈਸਿਆਂ ਦਾ ਦਾਲਾ ਦੇਂਦੇ ਐ ਰੋਟੀ ਨਾਲ'।”
ਬੰਗਾ ਵਿਚ ਉਹਨਾਂ ਦੋ ਖੂਹ ਬਣਵਾਏ, ਇਕ ਸਰਾਂ ਤੇ ਇਕ ਗੁਰਦੁਆਰਾ ਬਣਵਾਏ। ਰਾਜ ਮਿਸਤਰੀਆਂ ਨਾਲ ਉਹ ਖ਼ੁਦ ਚਿਨਾਈ ਵਿਚ ਲੱਗੇ ਰਹੇ। ਉਹ ਗੁਰਦੁਆਰੇ ਜਾਂਦੇ ਸਨ ਤਾਂ ਗ੍ਰੰਥ ਸਾਹਿਬ ਅੱਗੇ ਮੱਥਾ ਨਹੀਂ ਸਨ ਟੇਕਦੇ ਕਿ 'ਇਹ ਵੀ ਤਾਂ ਮੂਰਤੀ ਪੂਜਾ ਵਾਂਗ, ਪੁਸਤਕ ਪੂਜਾ ਹੀ ਹੈ।' ਗ੍ਰੰਥ ਸਾਹਿਬ ਪੜ੍ਹਨਾ, ਉਹ ਦੀਆਂ ਸਿੱਖਿਆਵਾਂ ਤੋਂ ਲਾਭ ਉਠਾਉਣਾ—ਵਿਸ਼ਵਾਸ ਹੈ; ਪਰ ਇਹਦੀ ਪੂਜਾ ਕਰਨਾ ਅੰਧਵਿਸ਼ਵਾਸ ਹੈ। ਆਪਣੇ ਇਹਨਾਂ ਆਰੀਆ ਸਮਾਜੀ ਵਿਚਾਰਾਂ ਦੇ ਬਾਵਜੂਦ ਬਹੁਮਤ ਦੇ ਮਨ ਦਾ ਧਿਆਨ ਰੱਖਦਿਆਂ ਹੋਇਆਂ ਉਹਨਾਂ ਗੁਰਦੁਆਰਾ ਬਣਵਾਇਆ ਤੇ ਫੇਰ ਜਦੋਂ ਗੁਰਦੁਆਰਿਆਂ ਉੱਪਰੋਂ ਪੁਰਾਣੇ ਰੂੜੀਵਾਦੀ ਮਹੰਤਾਂ ਦਾ ਪ੍ਰਭਾਵ ਹਟਾਉਣ ਦੇ ਲਈ ਅੰਦੋਲਨ ਚੱਲਿਆ ਸੀ ਤਾਂ ਉਸਦੀ ਹਮੈਤ ਤੇ ਅੰਦੋਲਨ ਦੇ ਸ਼ਹੀਦਾਂ ਦੇ ਪ੍ਰਤੀ ਹਮਦਰਦੀ ਪਰਗਟ ਕਰਨ ਲਈ ਉਹਨਾਂ ਵੀ ਕਾਲੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ।
ਇਕ ਵਾਰੀ ਉਹਨਾਂ ਆਪਣੇ ਖੇਤ ਵਿਚ ਤੰਮਾਕੂ ਬੀਜ ਦਿੱਤਾ। ਸਿੱਖਾਂ ਨੇ ਉਸਨੂੰ ਅਧਰਮ ਸਮਝਿਆ ਤੇ ਇਤਰਾਜ਼ ਕੀਤਾ। ਉਹਨਾਂ ਦਾ ਉਤਰ ਸੀ...“ਤੰਮਾਕੂ ਨੂੰ ਗਧੇ ਵੀ ਨਹੀਂ ਖਾਂਦੇ, ਸੁਰੱਖਿਅਤ ਰਹਿੰਦਾ ਏ। ਲਾਗਤ ਘੱਟ ਏ ਤੇ ਲਾਭ ਜ਼ਿਆਦਾ। ਇਸ ਲਈ ਬੀਜਿਐ।” ਗੱਲ ਠੀਕ ਸੀ, ਪਰ ਜਦੋਂ ਦੇਖਿਆ ਕਿ ਲੋਕ ਇਸ ਤੋਂ ਦੁਖੀ ਹੁੰਦੇ ਨੇ ਤਾਂ ਅੜੀ ਛੱਡ ਦਿੱਤੀ ਤੇ ਫੇਰ ਕਦੀ ਤੰਮਾਕੂ ਨਹੀਂ ਬੀਜਿਆ।
ਜਦੋਂ ਉਹਨਾਂ ਦੇ ਦੋਹਾਂ ਪੋਤਿਆਂ—ਜਗਤ ਸਿੰਘ ਤੇ ਭਗਤ ਸਿੰਘ ਦਾ ਯੱਗੋਪਵੀਤ ਹੋਇਆ ਤਾਂ ਦੋਹਾਂ ਦੇ ਸਿਰ 'ਤੇ ਵਾਲ ਸਨ। ਹਿੰਦੂ ਪ੍ਰਥਾ ਅਨੁਸਾਰ ਉਹਨਾਂ ਦਾ ਮੁੰਨਣ ਹੋਣਾ ਸੀ। ਨਾਈ ਆ ਗਿਆ। ਉਹਨਾਂ ਦੀ ਪਤਨੀ ਸ਼੍ਰੀਮਤੀ ਜੈ ਕੌਰ ਦੀ ਆਸਥਾ ਸਿੱਖ ਧਰਮ ਵਿਚ ਸੀ, ਕੇਸਾਂ ਪ੍ਰਤੀ ਉਹਨਾਂ ਦੇ ਮਨ ਵਿਚ ਸਹਿਜ ਧਰਮ-ਭਾਵਨਾ ਸੀ। ਉਹਨਾਂ ਪਤੀ ਨੂੰ ਕਿਹਾ ਕਿ ਹੋਰ ਭਾਵੇਂ ਕੁਛ ਵੀ ਕਰੋ, ਪਰ ਕੇਸ ਨਾ ਕਟਵਾਓ। ਉਹ ਮੰਨ ਗਏ। ਬੋਲੇ, “ਅੱਛਾ, ਰਹਿਣ ਦਿਓ। ਅਸਲੀ ਗੱਲ ਤਾਂ ਵਿਸ਼ਵਾਸ ਦੀ ਐ।”
ਉਹਨਾਂ ਦੀ ਸਹਿਣਸ਼ੀਲਤਾ ਤੇ ਉਦਾਰਤਾ ਨੇ ਉਹਨਾਂ ਨੂੰ ਹਰ ਮਨ ਪਿਆਰਾ ਬਣਾ ਦਿੱਤਾ ਸੀ ਤੇ ਬੰਗਾ ਪਿੰਡ ਨੂੰ ਸਿੱਖ ਧਰਮ ਤੇ ਆਰੀਆ ਸਮਾਜ ਦਾ ਸੰਗਮ। ਸਿਧਾਂਤ ਤੇ ਅਨੁਸ਼ਾਸਨ ਦੇ ਮਾਮਲੇ ਵਿਚ ਉਹ ਜਿੰਨੇ ਕਠੋਰ ਸਨ, ਸੇਵਾ-ਸਹਾਇਤਾ ਵਿਚ ਓਨੇ ਹੀ ਕੋਮਲ। ਲੋਕ ਉਹਨਾਂ ਦਾ ਆਦਰ ਕਰਦੇ ਸਨ। ਆਪਣੇ ਨਿੱਜੀ ਮਾਮਲਿਆਂ ਵਿਚ ਉਹਨਾਂ ਤੋਂ ਸਲਾਹ-ਮਸ਼ਵਰਾ ਲੈਂਦੇ ਸਨ। ਉਹ ਹਰ ਸਾਲ ਇਕ ਵੱਡਾ ਯੱਗ ਕਰਦੇ। ਉਸ ਵਿਚ ਦੂਰੋਂ-ਦੂਰੋਂ ਭਜਨੀਕ, ਉਪਦੇਸ਼ਕ ਤੇ ਵਿਦਵਾਨ ਲੋਕ ਆਉਂਦੇ। ਉਸ ਵਿਚ ਸਿੱਖ ਕਿਸਾਨ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੇ ਸਨ। ਧਰਮ ਪਰਚਾਰ ਦੇ ਨਾਲ-ਨਾਲ ਦੇਸ਼-ਭਗਤੀ ਦਾ ਵੀ ਪਰਚਾਰ ਹੁੰਦਾ। ਦੇਸ਼ ਦੇ ਮਹਾਨ ਅਤੀਤ ਦੀ ਗਾਥਾ, ਮਨਾਂ ਨੂੰ ਕੀਲ ਲੈਂਦੀ ਤੇ ਭਵਿੱਖ ਨੂੰ ਮਹਾਨ ਬਣਾਉਣ ਦੀ ਇੱਛਾ ਜਗਾਉਂਦੀ।
ਆਰੀਆ ਸਮਾਜ, ਰਾਸ਼ਟਰੀ ਸਵੈਮਾਣ ਦੀ ਜਿਸ ਭਾਵਨਾ ਨੂੰ ਜਗਾਅ ਤੇ ਵਿਕਸਤ ਕਰ ਰਿਹਾ ਸੀ, ਉਹ ਵਿਦੇਸ਼ੀ ਹੁਕਮਰਾਨਾਂ ਦੇ ਭਾਰਤ ਨੂੰ ਹਮੇਸ਼ਾ ਗ਼ੁਲਾਮ ਬਣਾਈ ਰੱਖਣ ਦੇ ਮਨਸੂਬਿਆਂ ਲਈ ਇਕ ਚੈਲੇਂਜ ਸੀ। ਇਸ ਲਈ ਕੂਕਾ ਲਹਿਰ ਵਾਂਗ ਆਰੀਆ ਸਮਾਜ ਵੀ ਸ਼ੁਰੂ ਤੋਂ ਹੀ ਫਿਰੰਗੀ ਹੁਕਮਰਾਨਾਂ ਦੀ ਅੱਖ ਦੀ ਰੜਕ ਬਣਿਆ ਹੋਇਆ ਸੀ। ਜਿਵੇਂ-ਜਿਵੇਂ ਉਹਨਾਂ ਦਾ ਪ੍ਰਭਾਵ ਵਧ ਰਿਹਾ ਸੀ, ਓਵੇਂ ਹੀ ਉਹਨਾਂ ਲਈ ਪ੍ਰੇਸ਼ਾਨੀਆਂ ਵਧ ਰਹੀਆਂ ਸਨ। ਪਰ ਉਸ ਉੱਤੇ ਸਿੱਧਾ ਵਾਰ ਕਰਨ ਦੀ ਬਜਾਏ ਉਹੀ, ਧਰਮ ਨੂੰ ਧਰਮ ਨਾਲ ਲੜਾਉਣ ਵਾਲੀ, ਚਾਲ ਚੱਲੀ ਗਈ।
ਰਿਆਸਤ ਪਟਿਆਲਾ ਦੇ ਆਰੀਆ ਸਮਾਜੀਆਂ ਉੱਤੇ ਇਕ ਮੁਕੱਦਮਾ ਚਲਾਇਆ ਗਿਆ ਕਿ 'ਉਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਦੇ ਹਨ'। ਉਦੇਸ਼ ਸਾਫ ਸੀ, ਸਿੱਖਾਂ ਨੂੰ ਆਰੀਆ ਸਮਾਜੀਆਂ ਵਿਰੁੱਧ ਭੜਕਾਉਣਾ। ਪਰ ਚਾਲ ਸਫਲ ਨਾ ਹੋਈ। ਇਸ ਮੁਕੱਦਮੇ ਦਾ ਸਾਰੇ ਦੇਸ਼ ਵਿਚ ਵਿਰੋਧ ਹੋਇਆ। ਇਸ ਨੂੰ ਲੜਨ ਲਈ ਜਿਹੜੀ ਬਚਾਅ ਕਮੇਟੀ ਬਣੀ, ਉਸ ਵਿਚ ਅਰਜੁਨ ਸਿੰਘ ਨੇ ਪ੍ਰਮੁੱਖ ਭੂਮਿਕਾ ਨਿਭਾਈ। ਉਹਨਾਂ ਹੋਰ ਪੰਡਤਾਂ ਨਾਲ ਮਿਲ ਕੇ ਹਿੰਦੂਆਂ ਦੇ ਕਈ ਗ੍ਰੰਥਾਂ ਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਲਗਭਗ 700 ਸ਼ਲੋਕ ਪੇਸ਼ ਕੀਤੇ, ਜਿਹੜੇ ਇਕੋ ਜਿਹੇ ਸਨ ਤੇ ਸਿੱਧ ਕੀਤਾ ਕਿ 'ਉਹ ਤੇ ਗ੍ਰੰਥ ਸਾਹਿਬ ਇਕੋ ਗੱਲ ਕਹਿੰਦੇ ਨੇ ਤੇ ਇਕੋ ਜਿੰਨੇ ਆਦਰ-ਸਤਿਕਾਰ ਯੋਗ ਨੇ।' ਇਸ ਗੱਲ ਨੇ ਸਰਦਾਰ ਅਰਜੁਨ ਸਿੰਘ ਦੀ ਸਮਾਜਕ ਦਿੱਖ ਤੇ ਵਿਦਵਾਨ ਹੋਣ ਦਾ ਅਜਿਹਾ ਰੰਗ ਬੰਨ੍ਹਿਆਂ ਕਿ ਉਹਨਾਂ ਦਾ ਵਿਅਕਤੀਤਵ ਹੋਰ ਨਿੱਖਰ ਆਇਆ।
ਉਹ ਅਧਿਅਨ ਤੇ ਮਨਨ ਕਰਦੇ ਰਹਿਣ ਵਾਲੇ ਵਿਅਕਤੀ ਸਨ। ਲਿਖਣਾ ਉਹਨਾਂ ਦੇ ਮਨ ਦੀ ਮੌਜ ਸੀ। ਕੰਮ-ਧੰਦਿਆਂ 'ਚੋਂ ਵਿਹਲ ਮਿਲਦਿਆਂ ਹੀ ਲਿਖਣ ਬੈਠ ਜਾਂਦੇ। ਆਸੇ-ਪਾਸੇ ਕੁਝ ਵੀ ਹੁੰਦਾ ਰਹੇ ਉਹ ਲਿਖਣ ਵਿਚ ਵਿਅਸਤ ਰਹਿੰਦੇ। ਇਹ ਸਭ ਆਰੀਆ ਸਮਾਜ ਬਾਰੇ ਖੋਜ ਭਰਪੂਰ ਲੇਖ ਹੁੰਦੇ ਸਨ ਤੇ ਦੂਰ-ਦੂਰ ਭੇਜੇ ਜਾਂਦੇ ਸਨ। ਕਈ ਕਿਤਾਬਾਂ ਵੀ ਉਹਨਾਂ ਲਿਖੀਆਂ ਸਨ। ਉਹਨਾਂ ਦਾ ਵਧੇਰੇ ਸਾਹਿਤ ਬਾਅਦ ਦੀਆਂ ਤਲਾਸ਼ੀਆਂ ਵਿਚ ਪੁਲਸ ਚੁੱਕ ਕੇ ਲੈ ਗਈ। ਫੇਰ ਵੀ ਬੜਾ ਕੁਝ ਸੁਰੱਖਿਅਤ ਸੀ। ਦੁੱਖ ਦੀ ਗੱਲ ਹੈ ਕਿ ਉਹ ਸਾਰਾ ਵੰਡ ਦੀ ਭੇਂਟ ਚੜ੍ਹ ਗਿਆ। ਉਹਨਾਂ ਦੀ ਇਕ ਕਿਤਾਬ ਦਾ ਨਾਂ ਸੀ...“ਹਮਾਰੇ ਗੁਰੂ ਸਾਹਿਬਾਨ ਵੇਦੋਂ ਕੇ ਪੈਰੂ ਥੇ।”
ਉਹਨਾਂ ਦਾ ਸੰਕਲਪ ਸੀ ਕਿ ਉਹ ਕੁਝ ਵਰ੍ਹਿਆਂ ਬਾਅਦ ਸਨਿਆਸ ਲੈ ਕੇ ਬਾਕੀ ਦਾ ਜੀਵਨ ਰਿਸ਼ੀ ਦਯਾਨੰਦ ਦੇ ਸਿਧਾਂਤਾਂ ਦੇ ਪਰਚਾਰ-ਪਰਸਾਰ ਤੇ ਰਾਸ਼ਟਰੀ ਚਰਿੱਤਰ ਨਿਰਮਾਣ ਵਿਚ ਲਾ ਦੇਣਗੇ। ਘਰ-ਕਬੀਲਦਾਰੀ, ਪੁੱਤਰ ਸੰਭਾਲਣਗੇ। ਪਰ ਪੁੱਤਰ ਜਦੋਂ ਜਵਾਨ ਹੋਏ ਤਾਂ ਦੇਸ਼ ਵਿਚ ਕਰਾਂਤੀ ਦੀ ਅਜਿਹੀ ਤਕੜੀ ਲਹਿਰ ਉਠੀ, ਜਿਹੜੀ ਉਹਨਾਂ ਨੂੰ ਆਪਣੇ ਨਾਲ ਵਹਾਅ ਕੇ ਲੈ ਗਈ। ਪੁੱਤਰਾਂ ਨੂੰ ਕਰਾਂਤੀ-ਪੱਥ 'ਤੇ ਚੱਲਦਿਆਂ ਦੇਖ ਕੇ ਉਹਨਾਂ ਨੂੰ ਖੁਸ਼ੀ ਹੋਈ—ਮਾਣ ਵੀ, ਕਿਉਂਕਿ ਪੁੱਤਰ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲ ਰਹੇ ਸਨ। ਇਸ ਰਾਹ 'ਤੇ ਖਤਰੇ ਹੀ ਖਤਰੇ ਸਨ। ਉਹਨਾਂ ਕਬੀਲਦਾਰੀ ਵੀ ਸੰਭਾਲੀ ਤੇ ਇਹਨਾਂ ਖਤਰਿਆਂ ਨੂੰ ਵੀ ਖਿੜੇ ਮੱਥੇ ਝੱਲਿਆ। ਦਰਅਸਲ ਇਹੀ ਉਹਨਾਂ ਦਾ ਸਨਿਆਸ ਸੀ, ਜਿਹੜਾ ਉਹਨਾਂ ਦੇ ਸੰਕਲਪ ਨੂੰ ਸਾਕਾਰ ਕਰਦਾ ਸੀ।
ਇਸ ਆਦਮੀ ਦਾ ਦਿਲ ਦੇਖੋ। ਸਭ ਤੋਂ ਛੋਟਾ ਸਵਰਨ ਸਿੰਘ ਬਾਈ ਸਾਲ ਦੀ ਭਰੀ ਜਵਾਨੀ ਵਿਚ ਸ਼ਹੀਦ ਹੋ ਗਿਆ, ਵਿਚਕਾਰਲਾ ਪੁੱਤਰ ਅਜੀਤ ਸਿੰਘ ਗਿਰਫਤਾਰੀ ਤੋਂ ਬਚ ਕੇ ਵਿਦੇਸ਼ ਚਲਾ ਗਿਆ ਤੇ ਵੱਡਾ ਮੁੰਡਾ ਕਿਸ਼ਨ ਸਿੰਘ ਜੇਲ੍ਹ ਵਿਚ ਸੀ। ਇਸ ਦੇ ਬਾਵਜੂਦ ਜਦੋਂ ਜਗਤ ਸਿੰਘ ਤੇ ਭਗਤ ਸਿੰਘ ਦਾ ਯੱਗੋਪਵੀਤ ਸੰਸਕਾਰ ਹੋਇਆ ਤਾਂ ਉਹਨਾਂ ਨੇ ਇਕ ਨੂੰ ਸੱਜੀ ਬਾਂਹ ਤੇ ਦੂਜੇ ਨੂੰ ਖੱਬੀ ਬਾਂਹ ਦੇ ਕਲਾਵੇ ਵਿਚ ਭਰ ਕੇ ਸੰਕਲਪ ਕੀਤਾ, “ਮੈਂ ਆਪਣੇ ਦੋਹਾਂ ਵੰਸ਼ਧਰਾਂ ਨੂੰ ਯੱਗ ਦੀ ਵੇਦੀ 'ਤੇ ਖਲੋ ਕੇ, ਦੇਸ਼ ਦੀ ਬਲੀ-ਵੇਦੀ ਲਈ ਅਰਪਿੱਤ ਕਰਦਾ ਹਾਂ।” ਯੱਗੋਪਵੀਤ ਸੰਸਕਾਰ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਜਗਤ ਸਿੰਘ ਨੂੰ ਬੁਖ਼ਾਰ ਹੋ ਗਿਆ। ਬੁਖ਼ਾਰ ਸੰਨਿਪਾਤ (ਸਰਸਾਮ) ਵਿਚ ਬਦਲ ਗਿਆ। ਹਕੀਮ ਉਹ ਹੈ ਹੀ ਸਨ। ਦਵਾਈ ਦਿੱਤੀ ਜਿਸ ਨੇ ਅਸਰ ਨਹੀਂ ਕੀਤਾ। ਜਗਤ ਸਿੰਘ ਦੀ ਮੌਤ ਹੋ ਗਈ। ਇਸਦਾ ਉਹਨਾਂ ਨੂੰ ਏਨਾਂ ਦੁੱਖ ਹੋਇਆ ਕਿ ਹਿਕਮਤ ਛੱਡ ਦਿੱਤੀ। ਵੀਰੇਂਦਰ ਸੰਧੂ ਨੇ ਲਿਖਿਆ ਹੈ...:
“ਅਸੀਂ ਅਰਜੁਨ ਸਿੰਘ ਦੇ ਜੀਵਨ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਸਕਦੇ—ਜੇ ਉਹਨਾਂ ਨੂੰ ਸਿਰਫ ਇਕ ਪੱਖ ਤੋਂ ਦੇਖਿਆ ਜਾਏ। 1920 ਵਿਚ ਜਦੋਂ ਅਸਹਿਯੋਗ ਦਾ ਤੂਫ਼ਾਨ ਉਠਦਾ ਹੈ ਤਾਂ ਉਹ 'ਓਮ' ਦਾ ਲਾਲ ਝੰਡਾ ਰੱਖ ਕੇ ਚਰਖੇ ਵਾਲਾ ਤਿਰੰਗਾ ਝੰਡਾ ਚੁੱਕ ਲੈਂਦੇ ਨੇ। ਉਦੋਂ, 'ਬੋਲੇ ਸੋ ਅਭਯ, ਵੈਦਿਕ ਧਰਮ ਕੀ ਜੈ' ਦੀ ਥਾਂ, ਉਹਨਾਂ ਦਾ ਨਾਅਰਾ, 'ਬੋਲੇ ਸੋ ਅਭਯ, ਭਾਰਤ ਮਾਤਾ ਕੀ ਜੈ' ਹੋ ਗਿਆ। ਹੁਣ ਉਹ ਪੂਰੀ ਤਰ੍ਹਾਂ ਤੂਫ਼ਾਨ ਦੇ ਐਨ ਵਿਚਕਾਰ ਆ ਗਏ ਤੇ ਇਕ ਜੱਥੇਦਾਰ ਦੇ ਰੂਪ ਵਿਚ ਪਿੰਡ-ਪਿੰਡ ਘੁੰਮਣ ਲੱਗੇ। ਉਹ ਜੇਲ੍ਹ ਜਾਣ ਵਾਲਿਆਂ ਦੀ ਕਤਾਰ ਵਿਚ ਤਾਂ ਹੈ ਹੀ ਸਨ, ਜੇਲ੍ਹ ਜਾਣ ਲਈ ਬੜੇ ਕਾਹਲੇ ਵੀ ਸਨ। ਉਹ ਆਪਣਾ ਜੱਥਾ ਲੈ ਕੇ ਜੜਾਂਵਾਲਾ ਪਹੁੰਚੇ। ਉਹਨਾਂ ਨੇ ਸ਼ਰਾਬ ਦੀਆਂ ਤੇ ਵਿਦੇਸ਼ੀ ਕੱਪੜੇ ਦੀਆਂ ਦੁਕਾਨਾਂ ਉੱਪਰ ਪਿਕੈਟਿੰਗ ਦਾ ਐਲਾਨ ਕਰ ਦਿੱਤਾ। ਉਸੇ ਦਿਨ ਚੌਰੀਚੌਰਾ ਕਾਂਢ ਕਾਰਨ ਅੰਦੋਲਨ ਵਾਪਸ ਲੈ ਲਿਆ ਗਿਆ। ਉਹ ਆਪਣਾ ਜੱਥਾ ਲੈ ਕੇ ਵਾਪਸ ਆ ਗਏ ਤੇ ਕਈ ਦਿਨਾਂ ਤਕ ਹੱਸ-ਹੱਸ ਕੇ ਸਾਰਿਆਂ ਨੂੰ ਕਹਿੰਦੇ ਰਹੇ...“ਗਾਂਧੀ ਮਹਾਤਮਾ, ਜੇ ਤੂੰ ਉਸ ਦਿਨ ਠਹਿਰ ਜਾਂਦਾ ਤਾਂ ਤੇਰੀ ਕਿਹੜੀ ਮੁੱਛ ਨੀਵੀਂ ਹੋ ਜਾਣੀ ਸੀ!”।”
ਅੰਦੋਲਨ ਵਾਪਸ ਲੈਣ ਦਾ ਸਿੱਟਾ ਇਹ ਨਿਕਲਿਆ ਕਿ ਜਨਤਾ ਵਿਚ ਜਿਹੜਾ ਗੁੱਸਾ ਫਿਰੰਗੀ ਸਰਕਾਰ ਦੇ ਵਿਰੁੱਧ ਸੀ, ਸੰਪਰਦਾਇਕ ਦੰਗਿਆਂ ਵਿਚ ਬਦਲ ਗਿਆ। ਦੇਸ਼ ਦਾ ਵਾਤਾਵਰਣ ਗੰਧਲਾਅ ਗਿਆ ਤੇ ਨਿਰਾਸ਼ਾ ਫ਼ੈਲ ਗਈ। ਕਰਾਂਤੀਕਾਰੀ ਨੌਜਵਾਨ ਜਿਹਨਾਂ ਨੇ ਗਾਂਧੀ ਨੂੰ ਇਕ ਮੌਕਾ ਦਿੱਤਾ ਸੀ, ਫੇਰ ਸਰਗਰਮ ਹੋਏ। ਅਰਜੁਨ ਸਿੰਘ ਨੇ ਕਦੀ ਸੰਘਰਸ਼ ਤੋਂ ਮੂੰਹ ਨਹੀਂ ਸੀ ਮੋੜਿਆ। ਉਹ ਬਿਰਧ-ਅਵਸਥਾ ਵਿਚ ਵੀ ਜਵਾਨ ਸਨ। ਉਹਨਾਂ ਦੀ ਛਤਰ-ਛਾਇਆ ਵਿਚ ਛੋਟੇ ਭਰਾ ਮੋਹਨ ਸਿੰਘ ਦੇ ਬੇਟੇ ਹਰੀ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬੰਬ ਬਣਾਇਆ। ਪਰੀਖਣ ਕਰਨ ਸਮੇਂ ਬੰਬ ਫਟ ਗਿਆ ਤੇ ਏਨਾ ਵੱਡਾ ਧਮਾਕਾ ਹੋਇਆ ਕਿ ਸਾਰਿਆਂ ਨੂੰ ਪਤਾ ਲੱਗ ਗਿਆ। ਪੁਲਸ ਤਕ ਖਬਰ ਜਾ ਪਹੁੰਚੀ ਤੇ ਉਹ ਪਿੰਡ ਵਿਚ ਆ ਵੜੀ। ਪਰ ਅਰਜੁਨ ਸਿੰਘ ਦਾ ਏਨਾ ਮੁਲਾਹਜਾ ਸੀ ਕਿ ਕੋਈ ਗਵਾਹ ਨਾ ਮਿਲਿਆ, ਤੇ ਉਹਨਾਂ ਦੇ ਨਿੱਡਰ ਤਰਕਾਂ ਸਾਹਵੇਂ ਅਫ਼ਸਰਾਂ ਦੀ ਇਕ ਨਾ ਚੱਲੀ। ਉਹ ਨਿੱਕਾ ਜਿਹਾ ਮੂੰਹ ਲੈ ਕੇ ਪਰਤ ਗਏ।
ਉਹਨਾਂ ਦੀ ਜੀਵਨ ਲੀਲ੍ਹਾ ਦਾ ਅੰਤ ਬੜੇ ਨਾਟਕੀ ਢੰਗ ਨਾਲ ਹੋਇਆ। ਪਿੰਡ ਦੀ ਦੁਕਾਨ 'ਤੇ ਅਖ਼ਬਾਰ ਪੜ੍ਹਨ ਗਏ ਸਨ ਕਿ ਅਧਰੰਗ ਦਾ ਅਟੈਕ ਹੋ ਗਿਆ। ਜੀਭ ਤਾਲੂ ਨਾਲ ਲੱਗ ਗਈ, ਤੁਰਨਾ-ਫਿਰਨਾ ਅਸੰਭਵ ਹੋ ਗਿਆ। ਵੱਡਾ ਪੁੱਤਰ ਕਿਸ਼ਨ ਸਿੰਘ ਡਾਕਟਰ ਬੋਧ ਰਾਜ ਨੂੰ ਬੁਲਾਅ ਲਿਆਇਆ। ਪਰ ਉਹਨਾਂ ਲਿਖ ਕੇ ਦੱਸਿਆ ਕਿ 'ਇਸ ਉਮਰ ਵਿਚ ਅਧਰੰਗ ਵਾਲਾ ਆਦਮੀ ਠੀਕ ਨਹੀਂ ਹੁੰਦਾ ਤੇ ਦਵਾਈਆਂ ਲੈਣ ਨਾਲ ਲਟਕਦਾ ਰਹਿੰਦਾ ਹੈ। ਜ਼ਿੰਦਗੀ ਤਦ ਤਕ ਜ਼ਿੰਦਗੀ ਹੈ, ਜਦੋਂ ਤਕ ਉਹ ਕਿਸੇ ਆਹਰੇ ਲੱਗੀ ਰਹੇ, ਨਹੀਂ ਤਾਂ ਉਹ ਬੋਝ ਹੁੰਦੀ ਹੈ।'
ਤਨ ਟੁੱਟ ਗਿਆ ਸੀ, ਪਰ ਮਨ ਹਾਲੇ ਵੀ ਮਜ਼ਬੂਤ ਸੀ। ਕਿਸ਼ਨ ਸਿੰਘ ਨੇ ਦਵਾਈ ਲੈ ਲੈਣ ਲਈ ਕਿਹਾ ਤੇ ਦਵਾਈ ਉਹਨਾਂ ਦੇ ਮੂੰਹ ਵੱਲ ਵਧਾਈ, ਪਰ ਉਹਨਾਂ ਪੁੱਤਰ ਨੂੰ ਪਿੱਛੇ ਧਰੀਕ ਦਿੱਤਾ। ਉਹ ਜੋ ਗੱਲ ਕਹਿੰਦੇ ਸਨ, ਉਸ ਉੱਤੇ ਅੜਨਾਂ ਵੀ ਜਾਣਦੇ ਸਨ। ਉਹਨਾਂ ਦੀ ਗੱਲ ਜੀਵਨ ਭਰ ਗੱਲ ਰਹੀ ਤੇ ਹੁਣ ਅੰਤਮ ਘੜੀਆਂ ਵਿਚ ਵੀ ਉਹਨਾਂ ਦੀ ਗੱਲ, ਗੱਲ ਸੀ, ਉਹਨਾਂ ਦਾ ਫ਼ੈਸਲਾ, ਅਟੱਲ ਸੀ।
ਭਗਤ ਸਿੰਘ ਜਦੋਂ ਦੂਜੀ ਵਾਰੀ ਗਿਰਫਤਾਰ ਹੋਏ। ਮੁਕੱਦਮਾ ਚੱਲਿਆ। ਫਾਂਸੀ ਨਿਸ਼ਚਿਤ ਸੀ। ਇਸ ਸੰਭਾਵਨਾ ਨੇ ਉਹਨਾਂ ਨੂੰ ਤੋੜ ਦਿੱਤਾ। ਉਹ ਕੰਧ ਵੱਲ ਮੂੰਹ ਕਰਕੇ ਆਪਣੇ ਮੰਜੇ ਉੱਤੇ ਪਏ ਰਹਿੰਦੇ। ਉਹਨੀਂ ਦਿਨੀ ਭਗਤ ਸਿੰਘ ਦੇ ਕਿੱਸੇ ਛਪਣ ਲੱਗੇ ਸਨ। ਉਹ ਉਹਨਾਂ ਦੀਆਂ ਪੰਗਤਾਂ ਦੁਹਰਾਉਂਦੇ ਤੇ ਅਕਸਰ ਅੱਖਾਂ ਭਰ ਲੈਂਦੇ। ਫਾਂਸੀ ਤੋਂ 20-22 ਦਿਨ ਪਹਿਲਾਂ ਜਦੋਂ ਘਰਵਾਲੇ ਭਗਤ ਸਿੰਘ ਨਾਲ ਮੁਲਾਕਾਤ ਕਰਨ ਲਈ ਗਏ, ਤਾਂ ਉਹ ਵੀ ਨਾਲ ਸਨ। ਉਹ ਉੱਥੇ ਕੋਈ ਗੱਲ ਨਾ ਕਰ ਸਕੇ ਤੇ ਦੂਰ ਖਲੋਤੇ ਅੱਥਰੂ ਵਹਾਉਂਦੇ ਰਹੇ।
ਆਖ਼ਰ ਉਹ ਵੀ ਇਨਸਾਨ ਸਨ। ਬਲੀਦਾਨਾਂ ਦੀ ਆਹੂਤੀ ਪਾਉਂਦੇ-ਪਾਉਂਦੇ ਥੱਕ ਗਏ ਸਨ। ਭਗਤ ਸਿੰਘ ਦੀ ਸ਼ਹਾਦਤ ਤੋਂ ਲੱਗਭਗ ਸਵਾ ਸਾਲ ਬਾਅਦ ਜੁਲਾਈ 1932 ਵਿਚ ਉਹਨਾਂ ਦੀ ਮੌਤ ਹੋ ਗਈ।




ਭਗਤ ਸਿੰਘ ਦੇ ਦਾਦੇ ਅਰਜੁਨ ਸਿੰਘ ਨੇ ਸਮਾਜ-ਸੇਵਾ ਤੇ ਦੇਸ਼-ਸੇਵਾ ਦਾ ਜਿਹੜਾ ਰਸਤਾ ਵਿਖਾਇਆ ਸੀ, ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਵੀ ਸਾਈਂ ਦਾਸ ਐਂਗਲੋ ਸੰਸਕ੍ਰਿਤ ਹਾਈ ਸਕੂਲ ਜਲੰਧਰ ਦੀ ਪੜ੍ਹਾਈ ਸਮਾਪਤ ਕਰਕੇ ਉਸੇ ਰਸਤੇ ਤੁਰ ਪਏ। ਸੰਨ 1898 ਦੀ ਗੱਲ ਹੈ। ਬਰਾਰ (ਵਿਦਰਭ) ਵਿਚ ਭਿਆਨਕ ਅਕਾਲ ਪਿਆ ਤੇ ਮਹਾਮਾਰੀ ਦਾ ਪ੍ਰਕੋਪ ਫ਼ੈਲਿਆ। ਕਿਸ਼ਨ ਸਿੰਘ ਦੀ ਉਮਰ ਉਸ ਸਮੇਂ ਵੀਹ ਕੁ ਸਾਲ ਦੀ ਸੀ। ਆਰੀਆ ਸਮਾਜ ਨੇ ਬਰਾਰ ਸਹਾਇਤਾ ਸੰਮਤੀ ਬਣਾਈ। ਕਿਸ਼ਨ ਸਿੰਘ ਨੂੰ ਬਰਾਰ ਭੇਜਿਆ ਗਿਆ। ਇੱਥੋਂ ਜਿਹੜਾ ਸਾਮਾਨ ਜਾਂਦਾ ਸੀ, ਉੱਥੇ ਉਹ ਪੀੜਤਾਂ ਨੂੰ ਵੰਡਦੇ ਹੁੰਦੇ ਸਨ। ਆਕਾਲ ਦਾ ਪ੍ਰਕੋਪ ਸਮਾਪਤ ਹੋਣ ਤਕ ਉਹਨਾਂ ਇਹ ਕਾਰਜ ਬੜੀ ਕੁਸ਼ਲਤਾ ਨਾਲ ਨਿਭਾਇਆ। ਜਦੋਂ ਵਾਪਸ ਆਏ, ਬਹੁਤ ਸਾਰੇ ਅਨਾਥ ਬੱਚੇ ਉਹਨਾਂ ਨਾਲ ਸਨ। ਵਾਪਸ ਪਹੁੰਚਦਿਆਂ ਹੀ ਉਹਨਾਂ ਫਿਰੋਜ਼ਪੁਰ ਵਿਚ ਇਕ ਅਨਾਥ ਆਸ਼ਰਮ ਖੁੱਲ੍ਹਵਾਇਆ, ਜਿਸ ਵਿਚ ਇਹਨਾਂ ਬੱਚਿਆਂ ਦੇ ਪਾਲਨ-ਪੋਸ਼ਣ ਤੇ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ। ਇਹ ਕੰਮ ਵੀ ਉਹਨਾਂ ਨੂੰ ਹੀ ਸੌਂਪਿਆ ਗਿਆ।
ਦੋ ਸਾਲ ਬਾਅਦ ਯਾਨੀਕਿ 1900 ਵਿਚ ਅਜਿਹਾ ਹੀ ਭਿਆਨਕ ਆਕਾਲ ਗੁਜਰਾਤ ਵਿਚ ਪਿਆ ਤਾਂ ਕਿਸ਼ਨ ਸਿੰਘ ਦਾ ਕੈਂਪ ਅਹਿਮਦਾਬਾਦ ਵਿਚ ਖੁੱਲ੍ਹ ਗਿਆ। ਉੱਥੋਂ ਵਾਪਸ ਆਏ ਤਦ ਵੀ ਬਹੁਤ ਸਾਰੇ ਅਨਾਥ ਬੱਚੇ ਉਹਨਾਂ ਨਾਲ ਸਨ। ਉਹਨਾਂ ਲਈ ਵੀ ਪ੍ਰਬੰਧ ਕੀਤਾ ਗਿਆ। 1904 ਵਿਚ ਕਾਂਗੜੇ ਵਿਚ ਭੂਚਾਲ ਆਇਆ, ਸਹਾਇਤਾ ਸੰਮਤੀ ਬਣੀ। ਕਿਸ਼ਨ ਸਿੰਘ ਉਸਦੇ ਮੰਤਰੀ ਚੁਣੇ ਗਏ। 1905 ਵਿਚ ਜੇਹਲਮ ਦੇ ਹੜ੍ਹ ਕਾਰਨ ਕਸ਼ਮੀਰ ਦੀ ਘਾਟੀ ਕੁਰਲਾ ਉਠੀ। ਕਿਸ਼ਨ ਸਿੰਘ ਉੱਥੇ ਵੀ ਪਹੁੰਚੇ ਤੇ ਸੇਵਾ-ਕਾਰਜ ਆਰੰਭ ਦਿੱਤੇ।
ਲਾਹੌਰ ਡੀ.ਏ.ਵੀ. ਕਾਲੇਜ ਤੋਂ ਇੰਟਰਮੀਡੀਅਟ ਪਾਸ ਕਰਕੇ ਉਹਨਾਂ ਦੇ ਛੋਟੇ ਭਰਾ ਅਜੀਤ ਸਿੰਘ ਵੀ ਸੇਵਾ-ਕਾਰਜਾਂ ਵਿਚ ਲੱਗ ਗਏ। ਉਹਨਾਂ ਆਰੀਆ ਸਮਾਜ ਲਈ ਬਹੁਤ ਸਾਰੇ ਪੈਂਫਲੇਟ ਲਿਖੇ। ਉਹਨਾਂ ਵਿਚ 'ਵਿਧਵਾ ਦੀ ਪੁਕਾਰ' ਬੜਾ ਪ੍ਰਸਿੱਧ ਹੋਇਆ। ਕਿਸ਼ਨ ਸਿੰਘ ਹਿੰਦੂ-ਅਨਾਥ-ਆਸ਼ਰਮ ਦੇ ਸੁਪਰਡੈਂਟ ਸਨ। ਅਜੀਤ ਸਿੰਘ ਨੂੰ ਵੀ ਅਨਾਥਾਂ ਨਾਲ ਹਮਦਰਦੀ ਸੀ। ਕਾਲਜ ਵਿਚ ਹੀ ਉਹਨਾਂ ਦਾ ਰੂਝਾਨ ਰਾਜਨੀਤੀ ਵੱਲ ਹੋ ਗਿਆ ਸੀ ਤੇ ਉਹ ਚਾਹੁੰਦੇ ਸਨ ਕਿ ਇਹਨਾਂ ਬੱਚਿਆਂ ਨੂੰ ਇਸ ਢੰਗ ਨਾਲ ਪਾਲਿਆ-ਪੜ੍ਹਾਇਆ ਜਾਵੇ ਕਿ ਦੇਸ਼ ਦੀ ਸੇਵਾ ਹਿਤ ਸਿਪਾਹੀ ਬਣਨ। ਇਹਨੀਂ ਦਿਨੀ ਮੱਧ ਪ੍ਰਦੇਸ਼ ਵਿਚ ਆਕਾਲ ਪਿਆ। ਕਿਸ਼ਨ ਸਿੰਘ ਬਿਮਾਰ ਸਨ। ਉੱਥੇ ਜਾਣ ਦਾ ਕੰਮ ਅਜੀਤ ਸਿੰਘ ਨੂੰ ਸੌਂਪਿਆ ਗਿਆ। ਇਸੇ ਕੰਮ ਦੇ ਸਿਲਸਿਲੇ ਵਿਚ ਉਹ ਬੰਗਾਲ ਵੀ ਗਏ। ਉੱਥੇ ਉਹ ਕੁਝ ਕਰਾਂਤੀਕਾਰੀਆਂ ਦੇ ਸੰਪਰਕ ਵਿਚ ਆਏ।
1885 ਤੋਂ 1895 ਤਕ ਕਾਂਗਰਸ ਦੇ ਨੇਤਾ ਸੂਟੇਡ-ਬੂਟੇਗ ਰਾਜ-ਭਗਤ ਮਾਡਰੇਟ ਸਨ। ਨੌਜਵਾਨਾਂ ਵਿਚ ਉਹਨਾਂ ਲਈ ਕੋਈ ਖਿੱਚ ਨਹੀਂ ਸੀ। ਅਜੀਤ ਸਿੰਘ ਜਦੋਂ ਕਾਲਜ ਵਿਚ ਵਿਦਿਆਰਥੀ ਹੁੰਦੇ ਸਨ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਲਾਹੌਰ ਆਏ। ਉਦੋਂ ਅਜੀਤ ਸਿੰਘ ਰਾਜਨੀਤੀ ਵਿਚ ਕਾਰਜਸ਼ੀਲ ਹੋਏ, ਜਲਸਿਆਂ ਦਾ ਪ੍ਰਬੰਧ ਕੀਤਾ ਤੇ ਗੋਖਲੇ ਦੇ ਭਾਸ਼ਣ ਸੁਣੇ। ਪਰ ਇਹਨਾਂ ਸੁੰਦਰ ਮੋਹਕ ਭਾਸ਼ਣਾ ਤੋਂ ਜ਼ਰਾ ਵੀ ਪ੍ਰਭਾਵਿਤ ਨਹੀਂ ਸੀ ਹੋਏ। ਆਪਣੀ ਪ੍ਰਤੀਕਿਰਿਆ ਉਹਨਾਂ ਇੰਜ ਜ਼ਾਹਰ ਕੀਤੀ, “ਚਮਕਦਾਰ ਭਾਸ਼ਣਾਂ ਨਾਲ ਸੁਤੰਤਰਤਾ ਨਹੀਂ ਮਿਲੇਗੀ। ਇਸ ਲਈ ਕੋਈ ਕਠਿਨ ਲੜਾਈ ਲੜਨੀ ਪਏਗੀ।”
ਇਹ ਇਕ ਆਨ-ਬਾਨ ਨਾਲ ਜਿਊਣ ਵਾਲੇ ਕਿਸਾਨ ਦੀ ਪ੍ਰਤੀਕਿਰਿਆ ਸੀ...'ਸਿਰ ਧਰ ਤਲੀ ਗਲੀ ਮੇਰੀ ਆਓ'...ਰੀਤ ਦੀ ਪ੍ਰਤੀਕਿਰਿਆ ਸੀ। ਵਾਤਾਵਰਣ ਵਿਚ ਗੂੰਜਦੀ 'ਕੂਕ' ਦੀ ਉੱਚੀ ਹੋ ਰਹੀ ਪ੍ਰਤੀਗੂੰਜ ਦੀ ਪ੍ਰਤੀਕਿਰਿਆ ਸੀ।
ਦਸ ਸਾਲ ਬਾਅਦ ਯਾਨੀ 1895 ਵਿਚ ਕਾਂਗਰਸ ਵਿਚ ਰਾਸ਼ਟਰਵਾਦੀ ਦਲ ਦਾ ਜਨਮ ਹੋਇਆ, ਜਿਸਨੇ ਸੰਘਰਸ਼ ਦਾ ਮਾਰਗ ਅਪਣਾਇਆ। ਉਸ ਵੱਲ ਨੌਜਵਾਨਾਂ ਦਾ ਧਿਆਨ ਵੀ ਖਿੱਚਿਆ ਗਿਆ। ਰਾਸ਼ਟਰਵਾਦੀ ਦਲ ਦੀ ਗਿਣਤੀ ਤੇ ਪ੍ਰਭਾਵ ਦੋਹੇਂ ਤੇਜ਼ੀ ਨਾਲ ਵਧੇ। ਦਾਮੋਦਰ ਚਾਪੇਕਰ ਤੇ ਉਹਨਾਂ ਦੇ ਭਰਾ ਬਾਲ ਕ੍ਰਿਸ਼ਨ ਚਾਪੇਕਰ ਨੇ 22 ਜੂਨ 1897 ਨੂੰ ਮਲਿਕਾ ਵਿਕਟੋਰੀਆ ਦੇ 60ਵੇਂ ਸੱਤਾ-ਦਿਹਾੜੇ ਉੱਪਰ ਪੂਨੇ ਦੇ ਬਦਦਿਮਾਗ਼ ਕਮਿਸ਼ਨਰ ਰੈਂਡ ਤੇ ਲੈਫਟੀਨੈਂਟ ਰਾਥਸਰਟ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ। 1857 ਦੇ ਆਜ਼ਾਦੀ ਦੇ ਘੋਲ ਤੋਂ 40 ਵਰ੍ਹੇ ਬਾਅਦ ਰਾਸ਼ਟਰ ਦਾ ਸਿਰ ਉੱਚਾ ਹੋਇਆ। ਉੱਨੀਵੀਂ ਸਦੀ ਦੇ ਅੰਤ ਤਕ ਕਾਂਗਰਸ ਸਪਸ਼ਟ ਰੂਪ ਵਿਚ ਦੇਸ਼-ਭਗਤਾਂ ਤੇ ਰਾਜ-ਭਗਤਾਂ ਵਿਚ ਵੰਡੀ ਗਈ। ਰਾਜ-ਭਗਤਾਂ ਨੂੰ ਨਰਮ-ਦਲ ਤੇ ਦੇਸ਼-ਭਗਤਾਂ ਨੂੰ ਗਰਮ-ਦਲ ਕਿਹਾ ਜਾਣ ਲੱਗ ਪਿਆ।
ਵੀਹਵੀਂ ਸਦੀ ਦਾ ਆਰੰਭ ਰਾਸ਼ਟਰੀ ਉਭਾਰ ਦਾ ਆਰੰਭ ਸੀ। ਕਾਂਗਰਸ ਦਾ ਨੇਤਰੀਤਵ ਰਾਜ-ਭਗਤ ਮਾਡਰੇਟਾਂ ਦੇ ਹੱਥੋਂ ਨਿਕਲ ਕੇ ਦੇਸ਼-ਭਗਤ ਰਾਸ਼ਟਰਵਾਦੀਆਂ ਦੇ ਹੱਥਾਂ ਵਿਚ ਜਾਂਦਾ ਰਿਹਾ ਤੇ ਜਨਤਾ ਸੰਘਰਸ਼ ਲਈ ਲਾਮਬੰਦ ਹੋਣ ਲੱਗ ਪਈ।
ਉਸ ਨਾਲ ਵਾਇਸਰਾਏ ਲਾਰਡ ਕਰਜਨ ਦੀ ਨੀਂਦ ਹਰਾਮ ਹੋ ਗਈ। ਉਸਨੇ 1903 ਵਿਚ ਬੜਾ ਹੀ ਖਰਚੀਲਾ ਤੇ ਅਤੀ ਸ਼ਾਨੋ-ਸ਼ੌਕਤ ਵਾਲਾ ਦਿੱਲੀ-ਦਰਬਾਰ ਲਾਇਆ, ਜਿਸ ਵਿਚ ਮਲਿਕਾ ਵਿਕਟੋਰੀਆ ਨੇ 'ਭਾਰਤ ਸਮਰਾਟਿਨੀ' ਦੀ ਉਪਾਧੀ ਧਾਰਨ ਕੀਤੀ। ਦੇਸ਼ ਭਰ ਦੇ ਰਾਜੇ-ਨਵਾਬ, ਖ਼ੂਬ ਸਜ-ਧਜ ਕੇ ਦਰਬਾਰ ਵਿਚ ਹਾਜ਼ਰ ਹੋਏ ਤੇ ਵਾਇਸਰਾਏ ਅੱਗੇ ਸਿਰ ਝੁਕਾਅ ਕੇ ਆਪਣੀ ਸਵਾਮੀ-ਭਗਤੀ ਤੇ ਵਫ਼ਾਦਾਰੀ ਦਾ ਸਬੂਤ ਦਿੱਤਾ।
ਕਰਜਨ ਦਿਖਾਉਣਾ ਇਹ ਚਾਹੁੰਦਾ ਸੀ ਕਿ 'ਅੰਗਰੇਜ਼ ਹਕੂਮਤ ਏਨੀ ਸ਼ਕਤੀਸ਼ਾਲੀ ਹੈ ਕਿ ਉਸਦੇ ਖ਼ਿਲਾਫ਼ ਨਾ ਕਿਸੇ ਵਿਚ ਸਿਰ ਚੁੱਕਣ ਦੀ ਹਿੰਮਤ ਹੈ ਤੇ ਨਾ ਹੀ ਇੰਜ ਕਰਨ ਦੀ ਕਿਸੇ ਨੂੰ ਇਜਾਜ਼ਤ ਦਿੱਤੀ ਜਾਏਗੀ; ਹਿੰਦੁਸਤਾਨ ਸਾਡਾ ਗ਼ੁਲਾਮ ਹੈ, ਗ਼ੁਲਾਮ ਰਹੇਗਾ। ਗ਼ੁਲਾਮ ਬਣੇ ਰਹਿਣਾ ਹੀ ਉਸਦੀ ਕਿਸਮਤ ਹੈ।'
ਪਰ ਉਸੇ ਸਮੇਂ ਕਰਜਨ ਦੀ ਨੱਕ ਦੇ ਐਨ ਹੇਠਾਂ ਇਕ ਇਕੀ-ਬਾਈ ਵਰ੍ਹਿਆਂ ਦਾ ਨੌਜਵਾਨ, ਅਤੀ ਨਿਡਰਤਾ ਤੇ ਹੌਸਲੇ ਨਾਲ, ਰਾਜਿਆਂ-ਨਵਾਬਾਂ ਦੇ ਵਿਚਕਾਰ ਘੁੰਮ ਰਿਹਾ ਸੀ ਤੇ ਉਹਨਾਂ ਨੂੰ ਕਹਿ ਰਿਹਾ ਸੀ...'ਉਠੋ, ਗ਼ੁਲਾਮੀ ਛੱਡੋ। ਇਕ ਹੋ ਕੇ 1857 ਵਾਂਗ ਲੜਨ ਦੀ ਤਿਆਰੀ ਕਰੋ।'
ਇਹ ਨੌਜਵਾਨ ਕੋਈ ਹੋਰ ਨਹੀਂ ਅਰਜੁਨ ਸਿੰਘ ਦਾ ਵਿਚਕਾਰਲਾ ਬੇਟਾ ਤੇ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਸੀ। ਰਾਜੇ-ਨਵਾਬ ਉਸਦੇ ਕਰਾਂਤੀਕਾਰੀ ਵਿਅਕਤੀਤਵ ਤੋਂ ਪ੍ਰਭਾਵਿਤ ਹੋਏ। ਤੇ ਕਈਆਂ ਨੇ (ਵਿਸ਼ੇਸ਼ ਕਰਕੇ ਕਸ਼ਮੀਰ ਤੇ ਬੜੌਦਾ ਦੇ ਰਾਜਿਆਂ ਨੇ) ਉਸਨੂੰ ਇਸ ਕਾਰਜ ਲਈ ਆਰਥਕ ਮਦਦ ਵੀ ਦਿੱਤੀ।
ਅਕਾਲ ਤੇ ਮਹਾਮਾਰੀ ਦਾ ਪ੍ਰਕੋਪ ਸੀ। ਹਜ਼ਾਰਾਂ-ਲੱਖਾਂ ਲੋਕ ਮੱਛਰਾਂ-ਮੱਖੀਆਂ ਵਾਂਗ ਮਰ ਰਹੇ ਸਨ। ਰੁਪਏ ਦੇ ਘਟ ਰਹੇ ਮੁੱਲ ਤੇ ਅਫ਼ਗਾਨ ਯੁੱਧ ਕਾਰਨ ਗਰੀਬੀ ਅਸਹਿ ਹੋ ਗਈ। ਜਨਤਾ ਬੇਹੱਦ ਦੁਖੀ ਸੀ, ਤਨ ਤੇ ਮਨ ਉੱਪਰ ਜ਼ਖ਼ਮ ਹੀ ਜ਼ਖ਼ਮ ਸਨ। ਦਿੱਲੀ-ਦਰਬਾਰ ਨੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ।
ਲਾਰਡ ਕਰਜਨ ਪਿੱਛੋਂ ਲਾਰਡ ਮੰਟੋ ਵਾਇਸਰਾਏ ਬਣ ਕੇ ਆਇਆ। ਗੁਪਤ ਵਿਭਾਗ ਨੇ ਸੂਚਨਾ ਦਿੱਤੀ ਕਿ 'ਪੂਰੇ ਦੇਸ਼ ਵਿਚ ਵਿਦਰੋਹ ਦੀ ਅੱਗ ਭੜਕੀ ਹੋਈ ਹੈ। ਰਿਆਸਤਾਂ ਵੀ ਉਸ ਤੋਂ ਨਹੀਂ ਬਚੀਆਂ।'
ਵਾਇਸਰਾਏ ਨੇ ਰਾਜਿਆਂ-ਨਵਾਬਾਂ ਨੂੰ ਧਮਕੀ ਭਰਿਆ ਪੱਤਰ ਲਿਖਿਆ ਕਿ ਬਗ਼ਾਵਤਾਂ ਨੂੰ ਸਖ਼ਤੀ ਨਾਲ ਦਬਾਓ ਤੇ ਸੁਝਾਅ ਦਿੱਤਾ ਕਿ ਰਾਜ-ਧਰੋਹੀ ਅਧਿਆਪਕਾਂ, ਸਮਾਚਾਰ ਪੱਤਰਾਂ, ਤੇ ਹੋਰ ਪਰਚਾਰਕਾਂ ਨੂੰ ਕਰੜੀਆਂ ਸਜ਼ਾਵਾਂ ਦਿਓ। ਬ੍ਰਿਟਿਸ਼ ਸਰਕਾਰ ਵਿਚ ਕਰੜੀਆਂ ਸਜ਼ਾਵਾਂ ਦਾ ਦਮਨ-ਚੱਕਰ ਕਰਜਨ ਨੇ ਹੀ ਚਲਾਇਆ ਸੀ। ਮੰਟੋ ਨੇ ਸੰਪਰਾਇਕਤਾ ਭੜਕਾਅ ਕੇ ਰਾਸ਼ਟਰੀਅਤਾ ਨੂੰ ਕਮਜ਼ੋਰ ਕਰਨ ਲਈ ਬੰਗਾਲ ਸੂਬੇ ਨੂੰ ਜਿਵੇਂ ਇਹ 1947 ਵਿਚ ਵੰਡਿਆ ਗਿਆ, ਦੋ ਅੱਲਗ-ਅੱਲਗ ਟੁਕੜਿਆਂ ਵਿਚ ਵੰਡ ਦਿੱਤਾ। ਇਸ ਨਾਲ ਬੰਗ-ਭੰਗ ਵਿਰੋਧੀ ਅੰਦੋਲਨ ਉਠਿਆ, ਜਿਹੜਾ ਬੰਗਾਲ ਤਕ ਸੀਮਤ ਨਾ ਰਹਿ ਕੇ ਦੇਖਦੇ-ਦੇਖਦੇ ਹੀ ਦੇਸ਼ ਭਰ ਵਿਚ ਫ਼ੈਲ ਗਿਆ। ਅੰਦੋਲਨ ਦਾ ਨੇਤਰੀਤਵ ਕਾਂਗਰਸ ਦਾ ਰਾਸ਼ਟਰਵਾਦੀ ਨੌਜਵਾਨ ਦਲ ਕਰ ਰਿਹਾ ਸੀ, ਜਿਸਦੇ ਨੇਤਾ ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਤੇ ਵਿਪਿਨ ਚੰਦਰ ਪਾਲ ਸਨ।
1906 ਵਿਚ ਕਾਂਗਰਸ ਦਾ ਸਾਲਾਨਾ ਇਜਲਾਸ ਕਲਕੱਤੇ ਵਿਚ ਹੋਇਆ। ਉਸ ਵਿਚ ਆਤਮ ਸਮਰਪਣਵਾਦੀ ਮਾਡਰੇਟਾਂ ਦੇ ਵਿਰੋਧ ਦੇ ਬਾਵਜੂਦ ਸਵਦੇਸ਼ੀ, ਰਾਸ਼ਟਰੀ ਸਿੱਖਿਆ, ਸਰਕਾਰੀ ਨੌਕਰੀਆਂ ਦਾ ਬਾਈਕਾਟ ਤੇ ਸਵਰਾਜ...ਚਾਰ ਸੂਤਰੀ ਕਾਰਜ-ਕਰਮ ਪਾਸ ਹੋਇਆ...ਤੇ ਅਗਲੀ ਗੱਲ ਭਗਤ ਸਿੰਘ ਦੀ ਕਲਮ ਤੋਂ...:
“1906 ਦੇ ਕਾਂਗਰਸ ਇਜਲਾਸ ਵਿਚ ਲੋਕ ਨਾਇਕ ਤਿਲਕ ਦਾ ਬੋਲਬਾਲਾ ਸੀ। ਨੌਜਵਾਨ ਪੀੜ੍ਹੀ ਉਹਨਾਂ ਦੀਆਂ ਖਰੀਆਂ-ਖਰੀਆਂ ਗੱਲਾਂ ਸੁਣ ਕੇ ਉਹਨਾਂ ਦੀ ਭਗਤ ਬਣ ਗਈ ਸੀ। ਉਹਨਾਂ ਦੀ ਨਿਡਰਤਾ, ਕੁਝ ਕਰ ਦਿਖਾਉਣ ਦੀ ਭਾਵਨਾ ਤੇ ਵੱਡੇ ਤੋਂ ਵੱਡੇ ਕਸ਼ਟ ਝੱਲਨ ਲਈ ਹਮੇਸ਼ਾ ਤਿਆਰ ਰਹਿਣ ਕਰਕੇ ਨੌਜਵਾਨ ਉਹਨਾਂ ਵੱਲ ਖਿੱਚੇ ਗਏ।
“ਜਿਹੜੇ ਨੌਜਵਾਨ ਲੋਕ ਨਾਇਕ ਤਿਲਕ ਵੱਲ ਖਾਸ ਤੌਰ 'ਤੇ ਖਿੱਚੇ ਗਏ, ਉਹਨਾਂ ਵਿਚ ਕੁਝ ਪੰਜਾਬੀ ਨੌਜਵਾਨ ਵੀ ਸਨ। ਅਜਿਹੇ ਦੋ ਪੰਜਾਬੀ ਨੌਜਵਾਨ ਇਸ ਮੌਕੇ ਲੋਕ ਨਾਇਕ ਨੂੰ ਮਿਲੇ, ਜਿਹਨਾਂ ਦਾ ਉਤਸਾਹ ਤੇ ਹੌਸਲਾ ਦੇਖ ਕੇ ਲੋਕ ਨਾਇਕ ਨੂੰ ਬੜੀ ਖੁਸ਼ੀ ਹੋਈ ਤੇ ਪੰਜਾਬ ਵਿਚ ਰਾਜਨੀਤਕ ਅੰਦੋਲਨ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਸਲਾਹ ਦੇ ਕੇ ਉਹਨਾਂ ਨੇ ਦੋਹਾਂ ਨੌਜਵਾਨਾਂ ਨੂੰ ਵਿਦਾਅ ਕੀਤਾ। ਇਹ ਦੋ ਨੌਜਵਾਨ ਮੇਰੇ ਪੂਜਨੀਕ ਪਿਤਾ ਸਰਦਾਰ ਕਿਸ਼ਨ ਸਿੰਘ ਤੇ ਸਤਿਕਾਰਤ ਚਾਚਾ ਅਜੀਤ ਸਿੰਘ ਸਨ।”
ਉਸ ਸਮੇਂ ਪੰਜਾਬ ਵਿਚ ਜੋ ਹਾਲਾਤ ਸਨ, ਉਹ ਵੀ ਭਗਤ ਸਿੰਘ ਦੀ ਕਲਮ ਤੋਂ ਹੀ...:
“...ਕੂਕਾ ਵਿਦਰੋਹ ਪਿੱਛੋਂ ਕੋਈ ਅਜਿਹਾ ਰਾਜਨੀਤਕ ਅੰਦੋਲਨ ਨਹੀਂ ਉਠਿਆ, ਜਿਹੜਾ ਹਾਕਮਾਂ ਦੀ ਨੀਂਦ ਹਰਾਮ ਕਰ ਸਕੇ। 1893 ਵਿਚ ਪੰਜਾਬ ਵਿਚ ਕਾਂਗਰਸ ਦਾ ਇਜਲਾਸ ਪਹਿਲੀ ਵੇਰ ਹੋਇਆ, ਪਰ ਉਸ ਸਮੇਂ ਕਾਂਗਰਸ ਦੇ ਕੰਮ ਦਾ ਆਧਾਰ ਹਾਕਮਾਂ ਲਈ ਵਫ਼ਾਦਾਰੀ ਦਿਖਾਉਣਾ ਸੀ। ਇਸ ਕਰਕੇ ਰਾਜਨੀਤਕ ਖੇਤਰ ਵਿਚ ਇਸ ਦਾ ਕੋਈ ਵਰਨਣ ਯੋਗ ਪ੍ਰਭਾਵ ਨਹੀਂ ਪਿਆ। 1905-1906 ਵਿਚ ਬੰਗ-ਭੰਗ ਵਿਰੋਧੀ ਜਿਹੜਾ ਸ਼ਕਤੀਸ਼ਾਲੀ ਅੰਦੋਲਨ ਉਠ ਖੜ੍ਹਾ ਹੋਇਆ ਸੀ, ਉਸ ਦਾ ਪੰਜਾਬ ਦੇ ਉਦਯੋਗਿਕ ਜੀਵਨ ਤੇ ਆਮ ਜਨਤਾ ਉੱਤੇ ਬੜਾ ਅਸਰ ਪਿਆ ਸੀ। ਉਹਨੀਂ ਦਿਨੀ ਏਥੇ (ਪੰਜਾਬ ਵਿਚ) ਵੀ ਸਵਦੇਸ਼ੀ ਚੀਜ਼ਾਂ ਖਾਸ ਤੌਰ 'ਤੇ ਖੰਡ ਤਿਆਰ ਕਰਨ ਦਾ ਖ਼ਿਆਲ ਪੈਦਾ ਹੋਇਆ ਤੇ ਇਕ-ਦੋ ਮਿਲਾਂ ਵੀ ਲੱਗੀਆਂ। ਭਾਵੇਂ ਸੂਬੇ ਦੇ ਰਾਜਨੀਤਕ ਜੀਵਨ ਉੱਤੇ ਇਸ ਦਾ ਬਹੁਤਾ ਪ੍ਰਭਾਵ ਨਹੀਂ ਪਿਆ, ਪਰ ਸਰਕਾਰ ਨੇ ਇਸ ਉਦਯੋਗ ਨੂੰ ਨਸ਼ਟ ਕਰਨ ਲਈ ਗੰਨੇ ਦੀ ਫਸਲ ਉੱਤੇ ਲਗਾਨ ਤਿੰਨ ਗੁਣਾ ਵਧਾਅ ਦਿੱਤਾ। ਜਿੱਥੇ ਪਹਿਲਾਂ ਇਕ ਵਿਘੇ ਦਾ ਲਗਾਨ ਢਾਈ ਰੁਪਏ ਸੀ, ਹੁਣ ਸਾਢੇ ਸੱਤ ਰੁਪਏ ਦੇਣਾ ਪੈਂਦਾ ਸੀ। ਇਸ ਨਾਲ ਕਿਸਾਨਾਂ ਉੱਤੇ ਭਾਰੀ ਬੋਝ ਆਣ ਪਿਆ ਤੇ ਉਹ ਯਕਦਮ ਬੌਂਦਲ ਗਏ।”
ਕਲਕੱਤੇ ਤੋਂ ਵਾਪਸ ਆ ਕੇ ਕਿਸ਼ਨ ਸਿੰਘ ਤੇ ਅਜੀਤ ਸਿੰਘ ਨੇ ਮੇਹਤਾ ਨੰਦ ਕਿਸ਼ੋਰ ਦੇ ਸਹਿਯੋਗ ਨਾਲ 'ਭਾਰਤ ਮਾਤਾ ਸੋਸਾਇਟੀ' ਨਾਂ ਦੀ ਇਕ ਸੰਸਥਾ ਬਣਾਈ। ਅਜੀਤ ਸਿੰਘ ਪ੍ਰਧਾਨ ਤੇ ਮੇਹਤਾ ਨੰਦ ਕਿਸ਼ੋਰ ਉਸਦੇ ਸਕੱਤਰ ਚੁਣੇ ਗਏ। ਇਸ ਦੇ ਹੋਰ ਪ੍ਰਮੁੱਖ ਮੈਂਬਰ ਭਗਤ ਸਿੰਘ ਦੇ ਛੋਟੇ ਚਾਚਾ ਸਵਰਨ ਸਿੰਘ, ਲਾਲਾ ਹਰਦਿਆਲ, ਲਾਲ ਚੰਦ ਫਲਕ, ਮਹਾਸ਼ਾ ਘਸੀਟਾ ਰਾਮ, ਕੇਦਾਰ ਨਾਥ ਸਹਿਗਲ ਸਨ। ਫੇਰ ਮਸ਼ਹੂਰ ਕਰਾਂਤੀਕਾਰੀ ਸੂਫੀ ਅੰਬਾ ਪਰਸਾਦ ਵੀ ਉਹਨਾਂ ਨਾਲ ਆ ਮਿਲੇ—ਉਹ ਆਪਣੇ ਅਖ਼ਬਾਰ 'ਜ਼ਮੀਂ-ਉੱਲ-ਵਤਨ' ਵਿਚ ਛਾਪੇ ਇਕ ਲੇਖ ਕਾਰਨ ਪੰਜ ਸਾਲ ਦੀ ਸਜ਼ਾ ਕੱਟ ਕੇ, ਪਿੱਛੇ ਜਿਹੇ ਹੀ, ਰਿਹਾਅ ਹੋਏ ਸਨ।
ਪਰਚਾਰ-ਕਾਰਜ ਦੋ ਢੰਗ ਨਾਲ ਸ਼ੁਰੂ ਕੀਤਾ ਗਿਆ : (1) ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਜਿਹਨਾਂ ਵਿਚ ਪ੍ਰਮੁੱਖ ਪ੍ਰਵਕਤਾ ਅਜੀਤ ਸਿੰਘ ਹੁੰਦੇ ਸਨ। ਉਹਨਾਂ ਦੇ ਭਾਸ਼ਣ ਵਿਚ ਬੜੀ ਖਿੱਚ ਸੀ। ਉਹ ਬਰਤਾਨਵੀ ਅਤਿਆਚਾਰਾਂ ਤੇ ਦੇਸ਼ ਦੀ ਦੁਰਦਸ਼ਾ ਦਾ ਵਰਨਣ ਕਰਦੇ ਤਾਂ ਇੰਜ ਲੱਗਦਾ ਜਿਵੇਂ ਅੱਗ ਦਾ ਝਰਨਾਂ ਵਹਿ ਨਿਕਲਿਆ ਹੋਏ। ਇਹਨਾਂ ਦੇ ਜਲਸੇ ਦਾ ਸੁਨੇਹਾ ਛਾਉਣੀ ਵਿਚ ਵੀ ਭੇਜ ਦਿੱਤਾ ਜਾਂਦਾ ਤੇ ਫ਼ੌਜੀ ਭਾਈ ਵੀ ਆ ਜਾਂਦੇ। (2) 'ਭਾਰਤ ਮਾਤਾ ਬੁੱਕ ਏਜੰਸੀ' ਸਥਾਪਤ ਕੀਤੀ ਗਈ, ਜਿਹੜੀ ਕਰਾਂਤੀਕਾਰੀ ਸਾਹਿਤ ਛਾਪਦੀ ਤੇ ਵੰਡਦੀ-ਵੇਚਦੀ ਸੀ। 'ਭਾਰਤ ਮਾਤਾ' (ਪਹਿਲਾਂ ਮਾਸਿਕ, ਫੇਰ ਸਪਤਾਹਿਕ) ਤੇ 'ਇੰਡੀਆ' (ਅੰਗਰੇਜ਼ੀ) ਅੰਦੋਲਨ ਦੇ ਸਮਰਥਕ ਪਰਚੇ ਸਨ, ਜਿਹਨਾਂ ਦਾ ਇਕ ਇਕ ਸ਼ਬਦ ਕਰਾਂਤੀ ਦਾ ਭਖ਼ਦਾ ਅੰਗਿਆਰ ਹੁੰਦਾ ਸੀ। '1857 ਦੀ ਬਗ਼ਾਵਤ', 'ਉਂਗਲੀ ਫੜ੍ਹਦੇ ਪੰਜਾ ਫੜ੍ਹਿਆ', 'ਦੇਸੀ ਫ਼ੌਜੀ', 'ਬਾਂਦਰ ਵੰਡ', 'ਜਫ਼ਰ ਸੈਨਾ' ਤੇ 'ਬਾਗ਼ੀ ਮਸੀਹਾ' ਕਿਤਾਬਾਂ ਤੇ ਪੈਂਫਲੇਟਾਂ ਨਾਲ ਆਮ ਜਨਤਾ ਵਿਚ ਨਵੀਂ ਚੇਤਨਾ ਦਾ ਸੰਚਾਰ ਹੋਇਆ। ਸਰਕਾਰ ਨੇ ਕਿਤਾਬਾਂ ਤੇ ਪੈਂਫਲੇਟਾਂ ਨੂੰ ਜਬਤ ਕਰ ਲਿਆ। ਜਿਸ ਨਾਲ ਜਨਤਾ ਵਿਚ ਉਹਨਾਂ ਦਾ ਪਰਚਾਰ ਹੋਰ ਵੀ ਵੱਧ ਹੋਇਆ।
ਹੁਣ ਅੰਦੋਲਨ ਨੂੰ ਕਿਸਾਨਾਂ ਵਿਚ ਲੈ ਜਾਣ ਦੀ ਗੱਲ ਤੁਰੀ। ਪਰ ਸਰਕਾਰ ਨੇ ਗੰਨੇ ਦੀ ਫਸਲ ਉੱਪਰ ਲਗਾਨ ਕੀ ਵਧਾਇਆ ਕਿ ਕਿਸਾਨ ਖ਼ੁਦ ਹੀ ਅੰਦੋਲਨ ਵਿਚ ਆਣ ਸ਼ਾਮਲ ਹੋਏ। ਇਸ ਦੀ ਦਿਲਚਸਪ ਕਹਾਣੀ ਵੀ ਭਗਤ ਸਿੰਘ ਦੀ ਕਲਮ ਤੋਂ...:
“...ਇਕ ਦਿਨ ਅੰਮ੍ਰਿਤਸਰ ਤੇ ਲਾਹੌਰ ਦੇ ਇਲਾਕੇ ਦੇ ਕਿਸਾਨਾਂ ਨੇ ਲਗਾਨ ਵਧਾਇਆ ਜਾਣ ਦੇ ਵਿਰੋਧ ਵਿਚ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ। ਮੋਰੀ ਦਰਵਾਜ਼ੇ ਦੇ ਬਾਹਰ ਰਤਨ ਚੰਦ ਦੀ ਸਰਾਂ ਵਿਚ ਮੀਟਿੰਗ ਰੱਖੀ ਗਈ। ਪਰ ਜਦੋਂ ਕਿਸਾਨ ਇਕੱਠੇ ਹੋ ਗਏ ਤਾਂ ਡਿਪਟੀ ਕਮਿਸ਼ਨਰ ਨੇ ਰਤਨ ਚੰਦ ਦੇ ਮੁੰਡੇ ਨੂੰ ਬੁਲਾਅ ਕੇ ਜਾਇਦਾਦ ਜਬਤ ਕਰ ਲੈਣ ਦੀ ਧਮਕੀ ਦਿੱਤੀ। ਇਸ ਉੱਤੇ ਰਤਨ ਚੰਦ ਦੇ ਮੁੰਡੇ ਨੇ ਕਿਸਾਨਾਂ ਨੂੰ ਆਪਣੀ ਸਰਾਂ ਵਿਚੋਂ ਬਾਹਰ ਕੱਢ ਦਿੱਤਾ। ਕਿਸਾਨਾਂ ਨੇ ਸ਼ਹਿਰ ਦੇ ਨੇਤਾ ਕਹੇ ਜਾਣ ਵਾਲੇ, ਕਈ ਸੱਜਨਾਂ ਨਾਲ ਸੰਪਰਕ ਕੀਤਾ। ਉੱਥੋਂ ਵੀ ਉਹਨਾਂ ਨੂੰ ਸਾਫ ਜਵਾਬ ਮਿਲ ਗਿਆ। ਹਰ ਪਾਸਿਓਂ ਨਿਰਾਸ਼ ਹੋ ਕੇ ਵਿਚਾਰੇ ਕਮੇਟੀ ਬਾਗ਼ ਵਿਚ ਜਾ ਬੈਠੇ। ਏਨੇ ਵਿਚ 'ਭਾਰਤ ਮਾਤਾ ਸੁਸਾਇਟੀ' ਦੇ ਮੈਂਬਰਾਂ ਨੂੰ ਇਸਦੀ ਖ਼ਬਰ ਮਿਲੀ। ਉਹ ਉਹਨਾਂ ਨੂੰ ਆਪਣੇ ਦਫ਼ਤਰ ਵਿਚ ਲੈ ਗਏ। ਨੇੜੇ ਹੀ ਇਕ ਖੁੱਲ੍ਹਾ ਮੈਦਾਨ ਵੀ ਸੀ। ਇਸ ਮੈਦਾਨ ਵਿਚ ਇਕ ਪਾਸੇ ਸ਼ਾਮਿਆਨਾ ਲਗਵਾ ਦਿੱਤਾ ਗਿਆ ਤੇ ਦੂਜੇ ਪਾਸੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕਰ ਦਿੱਤਾ ਗਿਆ। ਇਸ ਨਾਲ ਕਿਸਾਨਾਂ ਦੇ ਹੌਸਲੇ ਵਧੇ ਤੇ ਫੇਰ ਪੂਰਾ ਇਕ ਹਫ਼ਤਾ ਸਭਾਵਾਂ ਹੁੰਦੀਆਂ ਰਹੀਆਂ, ਜਿਹਨਾਂ ਵਿਚ ਖੁੱਲ੍ਹੇ, ਜੁਝਾਰੂ ਭਾਸ਼ਣ ਹੋਏ। ਕਿਸਾਨਾਂ ਦਾ ਉਤਸਾਹ ਦੇਖ ਕੇ 'ਭਾਰਤ ਮਾਤਾ ਸੁਸਾਇਟੀ' ਦੇ ਮੈਂਬਰਾਂ ਦਾ ਹੌਸਲਾ ਵੀ ਖਾਸਾ ਵਧਿਆ।
“ਇਸ ਪਿੱਛੋਂ ਪਿੰਡੋ-ਪਿੰਡ ਦੌਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਤਾਂਕਿ ਕਿਸਾਨਾਂ ਨੂੰ ਲਗਾਨ-ਬੰਦੀ ਲਈ ਤਿਆਰ ਕੀਤਾ ਜਾ ਸਕੇ। ਇਹ ਸਰਕਾਰ ਦੇ ਵਿਰੁੱਧ ਸੰਘਰਸ਼ ਦਾ ਐਲਾਨ ਸੀ ਤੇ ਜਨਤਾ ਵਿਚ ਜੋਸ਼ ਏਨਾ ਸੀ ਕਿ ਉਹ ਆਪਣਾ ਸਭ ਕੁਝ ਦਾਅ 'ਤੇ ਲਾ ਦੇਣ ਲਈ ਤਿਆਰ-ਬਰ-ਤਿਆਰ ਬੈਠੀ ਸੀ।”
ਨਿਊ ਕਾਲੋਨੀ ਐਕਟ ਨੇ ਬਲਦੀ ਉੱਪਰ ਤੇਲ ਦਾ ਕੰਮ ਕੀਤਾ। ਲਿਖਿਆ ਹੈ...:
“ਦੂਜੇ ਪਾਸੇ ਸਰਕਾਰ ਨੇ ਲਾਇਲਪੁਰ ਆਦੀ ਵਿਚ ਨਵੀਂ ਨਹਿਰ ਪੁੱਟਵਾ ਕੇ ਜਲੰਧਰ, ਅੰਮ੍ਰਿਤਸਰ, ਹੋਸ਼ਿਆਰਪੁਰ ਆਦੀ ਦੇ ਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਾ ਲਾਲਚ ਦੇ ਕੇ ਇਸ ਖੇਤਰ ਵਿਚ ਬੁਲਇਆ ਸੀ। ਇਹ ਲੋਕ ਆਪਣੀ ਪੁਰਾਣੀ ਜ਼ਮੀਨ-ਜੈਦਾਤ ਛੱਡ ਕੇ ਆਏ ਸਨ ਤੇ ਕਈ ਸਾਲ ਤਕ ਆਪਣਾ ਖ਼ੂਨ-ਪਸੀਨਾ ਇਕ ਕਰਕੇ ਜੰਗਲ ਨੂੰ ਗੁਲਜ਼ਾਰ ਬਣਾਇਆ ਸੀ। ਪਰ ਅਜੇ ਉਹ ਸਾਹ ਵੀ ਨਹੀਂ ਸੀ ਲੈ ਸਕੇ ਕਿ ਨਿਊ ਕਾਲੋਨੀ ਐਕਟ ਉਹਨਾਂ ਦੇ ਸਿਰ 'ਤੇ ਆਣ ਖੜ੍ਹਾ ਹੋਇਆ। ਇਹ ਐਕਟ ਕੀ ਸੀ? ਵਾਹੀਵਾਨਾਂ ਦੀ ਹੋਂਦ ਨੂੰ ਮਿਟਾਅ ਦੇਣ ਦਾ ਇਕ ਉਪਰਾਲਾ ਸੀ। ਇਸ ਐਕਟ ਅਨੁਸਾਰ ਹਰੇਕ ਵਿਅਕਤੀ ਦੀ ਜ਼ਮੀਨ ਦਾ ਮਾਲਕ ਸਿਰਫ਼ ਉਸਦਾ ਵੱਡਾ ਮੁੰਡਾ ਹੀ ਹੋ ਸਕਦਾ ਸੀ। ਛੋਟੇ ਪੁੱਤਰਾਂ ਲਈ ਕੋਈ ਹੱਕਦਾਰੀ ਨਹੀਂ ਸੀ। ਵੱਡੇ ਪੁੱਤਰ ਦੀ ਮੌਤ ਪਿੱਛੋਂ ਉਹ ਜ਼ਮੀਨ ਜਾਂ ਜੈਦਾਤ ਛੋਟੇ ਪੁੱਤਰ ਨੂੰ ਨਹੀਂ ਸੀ ਮਿਲਣੀ ਬਲਕਿ ਉਸ ਉੱਤੇ ਸਰਕਾਰ ਦਾ ਕਬਜਾ ਹੋ ਜਾਣਾ ਸੀ।
“ਕੋਈ ਆਦਮੀ ਆਪਣੀ ਜ਼ਮੀਨ ਵਿਚ ਉੱਗੇ ਰੁੱਖਾਂ ਨੂੰ ਕੱਟ ਨਹੀਂ ਸੀ ਸਕਦਾ। ਜਿਹੜੀ ਜ਼ਮੀਨ ਉਸਦੇ ਨਾਂ ਲਿਖੀ ਗਈ ਸੀ, ਉਸ ਉੱਤੇ ਉਹ ਸਿਰਫ਼ ਖੇਤੀ ਹੀ ਕਰ ਸਕਦਾ ਸੀ। ਕਿਸੇ ਕਿਸਮ ਦਾ ਮਕਾਨ ਜਾਂ ਝੌਂਪੜੀ-ਝੁੱਗੀ ਤਾਂ ਕੀ, ਪਸ਼ੂਆਂ ਲਈ ਚਾਰੇ ਵਾਲੀ ਖੁਰਲੀ ਤਕ ਨਹੀਂ ਸੀ ਬਣਾ ਸਕਦਾ। ਕਾਨੂੰਨ ਦਾ ਜ਼ਰਾ ਜਿੰਨਾ ਉਲੰਘਣ ਕਰਨ ਵਾਲੇ ਨੂੰ ਚੌਵੀ ਘੰਟਿਆਂ ਦਾ ਨੋਟਿਸ ਦੇ ਕੇ, ਉਸ ਤਥਾ-ਕਥਿੱਤ ਦੋਸ਼ੀ ਦੀ, ਜ਼ਮੀਨ ਜਬਤ ਕੀਤੀ ਜਾ ਸਕਦੀ ਸੀ। ਕਿਹਾ ਜਾਂਦਾ ਹੈ ਕਿ ਅਜਿਹਾ ਕਾਨੂੰਨ ਬਣਾ ਕੇ ਸਰਕਾਰ ਚਾਹੁੰਦੀ ਸੀ ਕਿ ਥੋੜ੍ਹੇ ਜਿਹੇ ਵਿਦੇਸ਼ੀਆਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਵੇ ਤੇ ਭਾਰਤੀ ਵਾਹੀਵਾਨ ਉਹਨਾਂ ਦੇ ਰਹਿਮ ਉੱਤੇ ਜਿਊਂਵੇਂ। ਇਸ ਦੇ ਇਲਾਵਾ ਸਰਕਾਰ ਇਹ ਵੀ ਚਾਹੁੰਦੀ ਸੀ ਕਿ ਦੂਜੇ ਸੁਬਿਆਂ ਵਾਂਗ ਪੰਜਾਬ ਵਿਚ ਵੀ ਥੋੜ੍ਹੇ ਜਿਹੇ ਵੱਡੇ-ਵੱਡੇ ਜ਼ਿਮੀਂਦਾਰ ਹੋਣ ਤੇ ਬਾਕੀ ਗਰੀਬ ਵਾਹੀਵਾਨ। ਜਨਤਾ ਨੂੰ ਇੰਜ ਵਰਗਾਂ ਵਿਚ ਵੰਡਿਆਂ ਜਾਏ ਕਿ ਮਾਲਦਾਰ ਕਦੀ ਵੀ ਤੇ ਕਿਸੇ ਵੀ ਹਾਲਤ ਵਿਚ ਵਿਦਰੋਹੀਆਂ ਦਾ ਸਾਥ ਦੇਣ ਦਾ ਹੌਸਲਾ ਨਾ ਕਰ ਸਕਣ ਤੇ ਗਰੀਬ ਕਿਸ਼ਾਨਾਂ ਨੂੰ, ਜਿਹੜੇ ਦਿਨ ਰਾਤ ਮਿਹਨਤ ਕਰਕੇ ਢਿੱਡ ਨਹੀਂ ਪਾਲ ਸਕਦੇ, ਇਸਦਾ ਮੌਕਾ ਹੀ ਨਾ ਮਿਲੇ। ਸਿੱਟਾ ਇਹ ਕਿ ਸਰਕਾਰ ਜੋ ਚਾਹੇ, ਕਰੀ ਜਾਏ।
“ਉਹਨੀਂ ਦਿਨੀ ਯੂ.ਪੀ. ਤੇ ਬਿਹਾਰ ਵਰਗੇ ਸੂਬਿਆਂ ਵਿਚ ਕਿਸਾਨਾਂ ਦੀ ਹਾਲਤ ਅਜਿਹੀ ਹੀ ਸੀ। ਪਰ ਪੰਜਾਬ ਦੇ ਲੋਕ ਛੇਤੀ ਹੀ ਸੰਭਲ ਗਏ। ਸਰਕਾਰ ਦੀ ਇਸ ਚਾਲ ਦੇ ਵਿਰੁੱਧ ਜਬਰਦਸਤ ਅੰਦੋਲਨ ਸ਼ੁਰੂ ਕਰ ਦਿੱਤਾ। ਰਾਵਲਪਿੰਡੀ ਦੇ ਇਲਾਕੇ ਵਿਚ ਵੀ ਇਹਨੀਂ ਦਿਨੀ ਨਵਾਂ ਬੰਦੋਬਸਤ ਖ਼ਤਮ ਹੋਇਆ ਸੀ ਤੇ ਲਗਾਨ ਵਧਾਅ ਦਿੱਤਾ ਗਿਆ ਸੀ। ਇੰਜ ਸਨ 1907 ਦੇ ਸ਼ੁਰੂ ਵਿਚ ਅਸ਼ਾਂਤੀ ਦੇ ਸਮੁੱਚੇ ਕਾਰਨ ਮੌਜ਼ੂਦ ਸਨ।...”
ਅੰਦੋਲਨ ਦੀ ਅਗੁਵਾਨੀ ਅਜੀਤ ਸਿੰਘ ਕਰ ਰਹੇ ਸਨ। ਉਹਨਾਂ ਦੇ ਭਾਸ਼ਣਾ ਨਾਲ ਉਤੇਜਨਾ ਫ਼ੈਲਦੀ ਦੇਖ ਕੇ ਪੰਜਾਬ ਦੇ ਗਵਰਨਰ ਨੇ ਸਾਰੇ ਜ਼ਿਲਿਆਂ ਨੂੰ ਇਕ ਸਰਕੂਲਰ ਭੇਜਿਆ ਕਿ ਉਹ ਜਨਤਾ ਨੂੰ ਸਰਦਾਰ ਅਜੀਤ ਸਿੰਘ ਦਾ ਭਾਸ਼ਣ ਸੁਣਨ ਤੋਂ ਰੋਕਣ। ਜ਼ਿਲਾ ਅਧਿਕਾਰੀਆਂ ਨੇ ਆਪੋ-ਆਪਣੇ ਪਿੰਡਾਂ ਤੇ ਸ਼ਹਿਰਾਂ ਵਿਚ ਇਸ ਆਦੇਸ਼ ਨੂੰ ਪਰਸਾਰਿਤ ਕਰਵਾ ਦਿੱਤਾ। ਪਰ ਇਸ ਨਾਲ ਅਜੀਤ ਸਿੰਘ ਦਾ ਆਕਰਖਣ ਹੋਰ ਵੀ ਵਧ ਗਿਆ! ਉਹਨਾਂ ਦੇ ਜਲਸਿਆਂ ਵਿਚ ਲੋਕਾਂ ਦੀ ਭੀੜ ਵਧਣ ਲੱਗੀ। ਇਕ ਪੱਤਰਕਾਰ ਨੇ ਲਿਖਿਆ ਹੈ...“ਸਰਦਾਰ ਅਜੀਤ ਸਿੰਘ ਨੇ ਓਹਨੀਂ ਦਿਨੀ ਜਿਵੇਂ ਜਨਤਾ ਦਾ ਮਨ ਮੋਹਿਆ ਹੋਇਆ ਸੀ, ਉਸਦਾ ਹੁਣ ਕੋਈ ਵਿਸ਼ਵਾਸ ਹੀ ਨਹੀਂ ਕਰੇਗਾ।”
17 ਮਾਰਚ ਨੂੰ ਉਹਨਾਂ ਲਾਹੌਰ ਵਿਚ ਜਿਹੜਾ ਭਾਸ਼ਣ ਦਿੱਤਾ ਉਸਦਾ ਇਕ ਅੰਸ਼ ਇੰਜ ਹੈ...“ਭਰਾਵੋ! ਅਸੀਂ ਫਿਰੰਗੀਆਂ ਨੂੰ ਅੱਜ ਇਸ ਪਲੇਟਫਾਰਮ ਤੋਂ ਜਿਹੜਾ ਚੈਲੇਂਜ ਦੇਣਾ ਹੈ, ਇਸ ਦੇ ਲਈ ਮਾਝੇ ਤੇ ਮਾਲਵੇ ਦੇ ਜ਼ੋਰਾਵਰ ਸਿਰਦਾਰਾਂ ਦੀ ਮੰਜ਼ੂਰੀ ਸਾਡੇ ਕੋਲ ਹੈ। ਤੁਹਾਡੀ ਮਰਜ਼ੀ ਤੇ ਇਜਾਜ਼ਤ ਨਾਲ ਅਸੀਂ ਫਿਰੰਗੀਆਂ ਨੂੰ ਇਹ ਚਿਤਾਵਨੀ ਦੇ ਰਹੇ ਹਾਂ ਕਿ ਉਹ ਆਪਣਾ ਰਸਤਾ ਨਾਪਣ। ਸਾਡੀ ਪਹਿਲੀ ਮੰਗ ਇਹ ਹੈ ਕਿ ਉਹ ਇਹ ਕਾਲਾ ਕਾਨੂੰਨ 'ਨਿਊ ਕਾਲੋਨੀ ਐਕਟ ਲਾਇਲਪੁਰ ਤੇ ਮਿੰਟਗੁਮਰੀ' ਖ਼ਤਮ ਕਰ ਦੇਣ। ਦੋ ਮਹੀਨਿਆਂ ਦੇ ਅੰਦਰ-ਅੰਦਰ ਇੰਜ ਨਾ ਹੋਇਆ ਤਾਂ ਅਸੀਂ ਕੋਈ ਟੈਕਸ ਨਹੀਂ ਦਿਆਂਗੇ। ਇਸ ਦੇਸ਼ ਵਿਚ ਲੁੱਟ-ਖਸੁੱਟ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ।”
22 ਮਾਰਚ ਨੂੰ ਲਾਇਲਪੁਰ ਵਿਚ 'ਭਾਰਤ ਮਾਤਾ ਸੁਸਾਇਟੀ' ਦਾ ਜਿਹੜਾ ਜਲਸਾ ਹੋਇਆ, ਉਸ ਵਿਚ ਸ਼ਾਮਲ ਹੋਣ ਲਈ ਲਾਲਾ ਲਾਜਪਤ ਰਾਏ ਤੇ ਸਰਦਾਰ ਅਜੀਤ ਸਿੰਘ ਲਾਹੌਰ ਤੋਂ ਇਕੱਠੇ ਰਵਾਨਾ ਹੋਏ। ਲਾਲਾ ਜੀ ਨੇ ਅਜੀਤ ਸਿੰਘ ਨੂੰ ਪੁੱਛਿਆ ਕਿ ਤੁਹਾਡਾ ਅਗਲਾ ਕਾਰਜ-ਕਰਮ ਕੀ ਹੈ? ਤੇ ਲਾਲਾ ਜੀ ਨੇ ਖ਼ੁਦ ਆਪਣਾ ਕਾਰਜ-ਕਰਮ ਇਹ ਦੱਸਿਆ ਕਿ 'ਸਰਕਾਰ ਨੇ ਕਾਲੋਨੀ ਐਕਟ ਵਿਚ ਜਿੰਨਾ ਕੁ ਪਰੀਵਰਤਨ ਕਰ ਦਿੱਤਾ ਹੈ, ਉਸ ਲਈ ਸਰਕਾਰ ਦਾ ਧੰਨਵਾਦ ਤੇ ਬਾਕੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾਏਗੀ।'
ਸਰਦਾਰ ਅਜੀਤ ਸਿੰਘ ਨੇ ਉਤਰ ਦਿੱਤਾ ਕਿ 'ਸਾਡੇ ਪ੍ਰੋਗਰਾਮ ਵਿਚ ਸਰਕਾਰ ਨੂੰ ਧੰਨਵਾਦ ਦੇਣ ਦੀ ਗੁੰਜਾਇਸ਼ ਨਹੀਂ, ਜਨਤਾ ਨੂੰ ਲਗਾਨ-ਬੰਦੀ ਲਈ ਤਿਆਰ ਕੀਤਾ ਜਾਏਗਾ।'
ਉਹਨੀਂ ਦਿਨੀ ਲਾਇਲਪੁਰ ਵਿਚ 'ਜਾਨਵਰ-ਜਨੌਰ' ਮੇਲਾ ਲੱਗਿਆ ਹੋਇਆ ਸੀ, ਜਿਸ ਵਿਚ ਹਜ਼ਾਰਾਂ ਲੋਕ ਜਾਨਵਰਾਂ ਤੇ ਪੰਛੀਆਂ ਦੀ ਲੈ-ਵੇਚ ਕਰਨ ਲਈ ਇਕੱਠੇ ਹੋਏ ਹੋਏ ਸਨ। ਲਾਲਾ ਜੀ ਦਾ ਵਿਸ਼ਾਲ ਜਲੂਸ ਕੱਢਿਆ ਗਿਆ ਤੇ ਜਿਸ ਗੱਡੀ ਵਿਚ ਉਹ ਬੈਠੇ ਸਨ, ਉਸਨੂੰ ਲੋਕੀ ਹੱਥਾਂ-ਮੋਢਿਆਂ ਨਾਲ ਧਰੀਕ ਕੇ ਲੈ ਗਏ ਸਨ। ਇਸ ਲਈ ਪੰਡਾਲ ਵਿਚ ਉਹ ਖਾਸੀ ਦੇਰ ਨਾਲ ਪਹੁੰਚੇ। ਬਹੁਤ ਸਾਰੇ ਲੋਕ ਜਲੂਸ ਵਿਚ ਸ਼ਾਮਲ ਹੋਣ ਦੀ ਬਜਾਏ ਸਿੱਧੇ ਪੰਡਾਲ ਵਿਚ ਪਹੁੰਚ ਗਏ ਸਨ। ਉੱਥੇ ਇਕ ਦੋ ਛੋਟੇ ਭਾਸ਼ਣਾ ਪਿੱਛੋਂ ਅਜੀਤ ਸਿੰਘ ਦਾ ਭਾਸ਼ਣ ਹੋਇਆ। ਉਹ ਬੜੇ ਹੀ ਪ੍ਰਭਾਵਸ਼ਾਲੀ ਬੁਲਾਰੇ ਸਨ। ਉਹਨਾਂ ਦੀ ਨਿੱਡਰ ਸ਼ੈਲੀ ਨੇ ਸ਼ਰੋਤਿਆਂ ਨੂੰ ਮੁਗਧ ਕਰ ਦਿੱਤਾ ਤੇ ਉਹ ਜੋਸ਼ ਵਿਚ ਆ ਗਏ। ਉਸ ਪਿੱਛੋਂ ਲਾਲਾ ਜੀ ਦਾ ਭਾਸ਼ਣ ਹੋਇਆ ਤੇ ਉਹਨਾਂ ਨੂੰ ਵੀ ਖ਼ੂਬ ਤਾੜੀਆਂ ਮਿਲੀਆਂ।
ਲਾਲਾ ਜੀ ਦੇ ਭਾਸ਼ਣ ਤੋਂ ਪਿੱਛੋਂ ਕਵੀ ਬਾਂਕੇ ਦਿਆਲ ਨੇ ਆਪਣੀ ਮਸ਼ਹੂਰ ਕਵਿਤਾ 'ਪਗੜੀ ਸੰਭਾਲ ਜੱਟਾ' ਸੁਣਾਈ, ਜਿਹੜੀ ਲੋਕਾਂ ਦੇ ਮੂੰਹਾਂ 'ਤੇ ਏਨੀ ਚੜ੍ਹ ਗਈ ਕਿ ਅੰਦੋਲਨ ਦਾ ਨਾਂ ਹੀ 'ਪਗੜੀ ਸੰਭਾਲ ਜੱਟਾ' ਪੈ ਗਿਆ। ਬਾਂਕੇ ਦਿਆਲ ਪੁਲਸ ਵਿਚ ਇੰਸਪੈਕਟਰ ਸਨ। ਉਹ ਸਰਕਾਰੀ ਨੌਕਰੀ ਛੱਡ ਕੇ ਅੰਦੋਲਨ ਵਿਚ ਆਏ ਸਨ। ਕਵਿਤਾ ਇੰਜ ਹੈ...:


 'ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ।
 ਲੁੱਟ ਲਿਆ ਮਾਲ ਤੇਰਾ, ਹਾਲ ਬੇਹਾਲ ਓਇ।।
 ਤਾਰਿਆਂ ਦੀ ਲੌ ਉਠਦਾ ਏਂ ਤੂੰ
 ਮਿੱਟੀ ਵਿਚ ਮਿੱਟੀ ਵੀ ਹੋਂਵਦਾ ਏਂ ਤੂੰ
 ਫਿਰ ਵੀ ਨਾ ਪੁੱਛਦਾ, ਕੋਈ ਤੇਰਾ ਹਾਲ ਓਇ।
 ਪਗੜੀ ਸੰਭਾਲ ਜੱਟਾ...।।
 ਤੇਰੀ ਕਿਰਤ ਲੁੱਟੀ ਜਾਣੀ
 ਤੂੜੀ ਪੈਣੀ ਪੱਲੇ ਤੇਰੇ
 ਹੋਂਦੀ ਕਿਓਂ ਹੈ ਜੱਗੋਂ ਬਾਹਰੀ
 ਪੁੱਛ ਇਹ ਸਵਾਲ ਓਇ।
 ਪਗੜੀ ਸੰਭਾਲ ਜੱਟਾ...।।
 ਹੁਣ ਤੋਂ ਕਰ ਲੈ ਤੂੰ
 ਕੋਈ ਤਦਬੀਰ ਓਇ
 ਉਠ ਤੂੰ ਬਦਲ ਲੈ
 ਇਹ ਤਕਦੀਰ ਓਇ
 ਉਮਰਾਂ ਹੋਰ ਨਾ ਗਾਲ ਓਇ।
 ਪਗੜੀ ਸੰਭਾਲ ਜੱਟਾ...।।'


ਭਗਤ ਸਿੰਘ ਨੇ ਲਿਖਿਆ ਕਿ 'ਲਾਇਲਪੁਰ ਦਾ ਡੀ.ਸੀ. ਵੀ ਜਲਸੇ ਵਿਚ ਮੌਜ਼ੂਦ ਸੀ। ਕਾਰਵਾਈ ਦੇਖ ਕੇ ਉਸਨੇ ਇਹ ਸਿੱਟਾ ਕੱਢਿਆ ਕਿ 'ਸਭਾ ਦਾ ਆਯੋਜਨ ਇਕ ਸਾਜਿਸ਼ ਹੈ। ਲਾਲਾ ਲਾਜਪਤ ਰਾਏ ਇਹਨਾਂ ਸਾਰਿਆਂ ਦੇ ਗੁਰੂ ਤੇ ਅਜੀਤ ਸਿੰਘ ਉਹਨਾਂ ਦੇ ਚੇਲੇ ਨੇ।' ਸਰਕਾਰ ਦਾ ਇਹ ਵਿਚਾਰ ਬੜੇ ਦਿਨ ਬਣਿਆ ਰਿਹਾ। ਹੋ ਸਕਦਾ ਹੈ ਲਾਲਾ ਜੀ ਤੇ ਅਜੀਤ ਸਿੰਘ ਨੂੰ ਨਜ਼ਰਬੰਦ ਕਰਨ ਦਾ ਇਹੋ ਕਾਰਨ ਹੋਏ।'
ਤਿੰਨ ਰੰਗਾਂ ਦਾ ਇਕ ਡੰਡਾ, ਜਿਹੜਾ ਢਾਈ ਹੱਥ ਲੰਮਾ ਹੁੰਦਾ ਸੀ, ਇਸ ਅੰਦੋਲਨ ਦਾ ਝੰਡਾ ਸੀ ਤੇ ਹਰੇਕ ਦੇ ਹੱਥ ਵਿਚ ਹੁੰਦਾ ਸੀ। ਸਰਦਾਰ ਅਜੀਤ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ...“ਅਸੀਂ ਇਹਨਾਂ ਡੰਡਿਆਂ ਨਾਲ ਮਾਰ-ਮਾਰ ਕੇ ਹੀ ਅੰਗਰੇਜ਼ਾਂ ਨੂੰ ਭਜਾ ਦਿਆਂਗੇ।” ਇਸ ਜਲਸੇ ਦੀ ਰਿਪੋਰਟ ਦੇ ਰੂਪ ਵਿਚ 'ਭਾਰਤ ਮਾਤਾ ਸੁਸਾਇਟੀ' ਦੇ ਅੰਦੋਲਨ ਦੀ ਗੂੰਜ ਬ੍ਰਿਟਿਸ਼ ਪਾਰਲੀਮੈਂਟ ਵਿਚ ਵੀ ਪਹੁੰਚੀ ਤੇ ਇਸ ਨੇ ਅੰਤਰ-ਰਾਸ਼ਟਰੀ ਨਾਓਂ ਖੱਟਿਆ।
ਇਹਨਾਂ ਅੰਦੋਲਨਾਂ ਦੇ ਦਿਨਾਂ ਵਿਚ ਰਾਧੇ ਸ਼ਾਮ ਕਥਾ-ਵਾਚਕ ਨੇ ਆਪਣਾ ਮਸ਼ਹੂਰ ਨਾਟਕ 'ਅਭਿਮੰਨਿਊਂ' ਲਿਖਿਆ। ਉਸ ਵਿਚ ਇਕ ਹਾਸ-ਦ੍ਰਿਸ਼ ਰਾਹੀਂ ਇਕ ਰਾਏ ਬਹਾਦੁਰ ਦਾ ਇੰਜ ਮਖ਼ੌਲ ਉਡਾਇਆ ਗਿਆ...: 'ਇਕ ਰਾਏ ਬਹਾਦੁਰ ਮਹਾਰਾਜ ਦੁਰਯੋਧਨ ਵੱਲੋਂ ਲੜਨ ਗਏ ਤੇ ਸ਼ਾਮ ਨੂੰ ਪੂਰੇ ਤਿੜੇ ਹੋਏ ਘਰੇ ਵਾਪਸ ਪਹੁੰਚੇ ਤਾਂ ਪਤਨੀ ਨੇ ਪੁੱਛਿਆ ਕਿ 'ਯੁੱਧ ਵਿਚ ਅੱਜ ਤੁਸਾਂ ਕੀ ਕੀ ਜੌਹਰ ਵਿਖਾਏ?' ਰਾਏ ਬਹਾਦੁਰ ਦਾ ਉਤਰ ਸੀ...'ਮੈਂ ਪੰਜਾਹ ਜਣਿਆਂ ਦੀਆਂ ਲੱਤਾ ਵੱਢ ਸੁੱਟੀਆਂ।' ਪਤਨੀ ਨੇ ਕਿਹਾ...'ਸਿਰ ਕਿਉਂ ਨਹੀਂ ਵੱਢੇ?' ਰਾਏ ਬਹਾਦੁਰ ਬੋਲੇ...'ਕੀ ਵਾਹਿਯਾਤ ਗੱਲ ਪਈ ਕਰਦੀ ਏਂ—ਸਿਰ ਉਹਨਾਂ ਦੇ ਮੇਰੇ ਪਹੁੰਚ ਤੋਂ ਪਹਿਲਾਂ ਹੀ ਵੱਢੇ ਪਏ ਸੀ।'
ਰਾਏ ਬਹਾਦੁਰ ਦੀ ਗੱਲ ਹੀ ਨਹੀਂ ਖ਼ੁਦ ਫਿਰੰਗੀਆਂ ਦੇ ਹੌਸਲੇ ਵੀ ਖਾਸੇ ਪ੍ਰਸਤ ਹੋਏ ਹੋਏ ਸਨ। 'ਇੰਡੀਆ' ਅਖ਼ਬਾਰ ਦੇ ਸੰਪਾਦਕ ਲਾਲਾ ਪਿੰਡੀ ਦਾਸ ਦੇ ਵਾਰੰਟ ਨਿਕਲੇ। ਮਿਸਟਰ ਬੀਟੀ ਤੇ ਮਿਸਟਰ ਬਾਰਬਰ ਨਾਂ ਦੇ ਦੋ ਪੁਲਸ ਅਫ਼ਸਰ 400 ਹਥਿਆਰਬੰਦ ਸਿਪਾਹੀ ਲੈ ਕੇ ਗੁਜਰਾਂਵਾਲਾ ਪਹੁੰਚੇ। ਉਹਨਾਂ ਦੀ ਹਾਲਤ ਅਭਿਮੰਨਿਊਂ ਨਾਟਕ ਦੇ ਰਾਏ ਬਹਾਦੁਰ ਵਰਗੀ ਸੀ। ਉਹ ਦੋਹੇਂ ਸਟੇਸ਼ਨ ਉੱਪਰ ਹੀ ਰੁਕ ਗਏ। ਦਫਾ 124 ਦਾ ਵਾਰੰਟ ਸਿਪਾਹੀਆਂ ਹੱਥ ਗੁਜਰਾਂਵਾਲਾ ਦੇ ਸੁਪਰਡੈਂਟ ਕੋਲ ਭੇਜ ਦਿੱਤਾ ਕਿ ਉਹ ਲਾਲਾ ਪਿੰਡੀ ਦਾਸ ਨੂੰ ਗਿਰਫਤਾਰ ਕਰਕੇ ਸਟੇਸ਼ਨ 'ਤੇ ਲੈ ਆਏ। ਏਨਾ ਹੀ ਨਹੀਂ, ਇਹਨਾਂ ਦੋਹਾਂ ਸੂਰਮਿਆਂ ਨੇ ਸਟੇਸ਼ਨ ਮਾਸਟਰ ਨੂੰ ਕਿਹਾ ਕਿ ਉਹ ਉਹਨਾਂ ਨੂੰ ਸੁਰੱਖਿਆ-ਕਮਰੇ ਵਿਚ ਬਿਠਾਅ ਕੇ ਬਾਹਰੋਂ ਜ਼ਿੰਦਰਾ ਲਾ ਦਏ ਤੇ ਕਿਸੇ ਨੂੰ ਵੀ ਉਹਨਾਂ ਦੇ ਉੱਥੇ ਹੋਣ ਦੀ ਖ਼ਬਰ ਨਾ ਕਰੇ।
ਗੁਜਰਾਂਵਾਲਾ ਦਾ ਸੁਪਰਡੈਂਟ ਪੁਲਸ ਵੀ ਆਖ਼ਰ ਅੰਗਰੇਜ਼ ਸੀ। ਉਹ ਵੀ ਕਿਉਂ ਖ਼ਤਰਾ ਮੁੱਲ ਲੈਂਦਾ? 400 ਹਥਿਆਰ-ਬੰਦ ਸਿਪਾਹੀਆਂ ਨੇ ਪਿੰਡੀ ਦਾਸ ਦਾ ਮਕਾਨ ਜਾ ਘੇਰਿਆ, ਪਰ ਅੰਦਰ ਤਾਂ ਉਸ ਵਿਚਾਰੇ ਨੂੰ ਹੀ ਜਾਣਾ ਪੈਣਾ ਸੀ...ਕਿੰਜ ਜਾਏ? ਮੌਤ ਦੇ ਮੂੰਹ ਵਿਚ ਜਾਣਾ ਕੌਣ ਪਸੰਦ ਕਰਦਾ ਹੈ? ਉਸਨੇ ਲਾਲਾ ਅਮੀ ਚੰਦ ਮਜਿਸਟਰੇਟ ਤੋਂ ਮਦਦ ਮੰਗੀ। ਉਹ ਲਾਲਾ ਪਿੰਡੀ ਦਾਸ ਕੋਲ ਗਏ ਤੇ ਹੱਸਦਿਆਂ ਹੋਇਆਂ ਕਿਹਾ...“ਤੁਸੀਂ ਮੇਰੇ ਨਾਲ ਬਾਹਰ ਚੱਲੋ।” ਪਿੰਡੀ ਦਾਸ ਨੇ ਕਿੱਸਾ ਸੁਣਿਆ ਤਾਂ ਉਹ ਵੀ ਖ਼ੂਬ ਹੱਸੇ ਤੇ ਬਾਹਰ ਆ ਗਏ। ਸੰਗੀਨਾਂ ਦੀ ਛਾਂ ਵਿਚ ਉਹਨਾਂ ਨੂੰ ਲਾਹੌਰ ਲਿਆਂਦਾ ਗਿਆ। ਸਟੇਸ਼ਨ ਉੱਪਰ ਘੋੜ-ਸਵਾਰ ਪੁਲਸ ਤੈਨਾਤ ਸੀ। ਉਸਦੇ ਪਹਿਰੇ ਵਿਚ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ।
ਅੰਗਰੇਜ਼ 'ਭਾਰਤ ਮਾਤਾ ਸੁਸਾਇਟੀ' ਦੇ ਅੰਦੋਲਨ ਨੂੰ 1857 ਦੇ ਅੰਦੋਲਨ ਦੇ ਰੂਪ ਵਿਚ ਮੁੜ ਸੰਜੀਵ ਹੋ ਰਿਹਾ ਸਮਝਦੇ ਸਨ ਤੇ ਭੈਭੀਤ ਸਨ। ਅੰਗਰੇਜ਼ਾਂ ਦੇ ਭੈਭੀਤ ਹੋਣ ਦੀ ਕਹਾਣੀ ਅੱਗੇ ਵੀ ਚੱਲਦੀ ਹੈ। ਕਹਾਣੀ ਦਿਲਚਸਪ ਵੀ ਹੈ ਤੇ ਉਸ ਨਾਲ ਅੰਦੋਲਨ ਦੇ ਵਿਸਥਾਰ ਤੇ ਸ਼ਕਤੀ ਦਾ ਵੀ ਪਤਾ ਲੱਗਦਾ ਹੈ।
ਲਾਲਾ ਪਿੰਡੀ ਦਾਸ ਦੇ ਇਲਾਵਾ ਮਹਾਸ਼ਾ ਘਸੀਟਾ ਰਾਮ ਤੇ ਲਾਲਾ ਦੀਨ ਦਿਆਲ ਸੰਪਾਦਕ 'ਦੇਸ਼' ਨੂੰ ਵੀ ਗਿਰਫਤਾਰ ਕੀਤਾ ਗਿਆ ਸੀ। ਉਹਨਾਂ ਦੇ ਮੁਕੱਦਮੇ ਦੀ ਸੁਣਵਾਈ ਬਾਰਬਰ ਨਾਂ ਦੇ ਮਜਿਸਟਰੇਟ ਦੀ ਅਦਾਲਤ ਵਿਚ ਹੋ ਰਹੀ ਸੀ। ਇਕ ਦਿਨ ਇਕ ਸਿੱਖ ਸਾਰਜੈਂਟ ਉਹਨਾਂ ਨੂੰ ਜੇਲ੍ਹ ਤੋਂ ਅਦਾਲਤ ਵਿਚ ਲੈ ਕੇ ਆਇਆ ਤਾਂ ਬਾਰਬਰ ਅਜੇ ਆਇਆ ਨਹੀਂ ਸੀ। ਅਗਲੀ ਕਹਾਣੀ ਪਿੰਡੀ ਦਾਸ ਦੇ ਸ਼ਬਦਾਂ ਵਿਚ...“ਅਸੀਂ ਤਿੰਨੇ ਇਕੋ ਜੰਜ਼ੀਰ ਨਾਲ ਬੱਧੇ, ਵਰਾਂਡੇ ਵਿਚ ਬੈਠੇ ਸਾਂ। ਸਿੱਖ ਸਾਰਜੈਂਟ ਨੇ ਪੁੱਛਿਆ, “ਤੁਸੀਂ ਕਿਸ ਅਖ਼ਬਾਰ ਦੇ ਐਡੀਟਰ ਓ?” ਮੈਂ 'ਇੰਡੀਆ' ਤੇ ਦੀਨਾ ਨਾਥ ਨੇ 'ਦੇਸ਼' ਦਾ ਨਾਂ ਦੱਸਿਆ। ਜਦੋਂ ਉਸਨੇ ਮਹਾਸ਼ਾ ਜੀ ਨੂੰ ਪੁੱਛਿਆ ਤਾਂ ਉਹ ਬੋਲੇ, “ਤੁਹਾਨੂੰ ਨਹੀਂ ਪਤਾ, ਮੈਂ 'ਮੁੱਕਾ-ਮਾਰ' ਅਖ਼ਬਾਰ ਦਾ ਐਡੀਟਰ ਆਂ?” ਸਾਰਾ ਵਰਾਂਡਾ ਹਾਸਿਆਂ ਦੇ ਠਹਾਕਿਆਂ ਨਾਲ ਭਰ ਗਿਆ। ਸਾਰਜੈਂਟ ਹੁਣ ਖੁੱਲ੍ਹ ਗਿਆ ਸੀ। ਉਸਨੇ ਦੱਸਿਆ ਕਿ 'ਜਦੋਂ ਤੁਹਾਨੂੰ ਗੁਜਰਾਂਵਾਲਾ ਤੋਂ ਗਿਰਫਤਾਰ ਕਰਕੇ ਅੰਗਰੇਜ਼ ਅਫ਼ਸਰ ਲਾਹੌਰ ਲਿਆਏ ਤਾਂ ਰੇਲਵੇ ਸਟੇਸ਼ਨ ਤੋਂ ਜੇਲ੍ਹ ਦੇ ਦਰਵਾਜ਼ੇ ਤਕ ਦਸ-ਦਸ ਕਦਮ ਦੇ ਫ਼ਾਸਲੇ ਉੱਤੇ ਸਿਪਾਹੀ ਤੈਨਾਤ ਕੀਤਾ ਹੋਇਆ ਸੀ। ਸਾਵਧਾਨੀ ਇਹ ਵਰਤੀ ਗਈ ਸੀ ਕਿ ਉਹਨਾਂ ਵਿਚ ਕਿਸੇ ਇਕੋ ਫਿਰਕੇ ਦੇ ਸਿਪਾਹੀ ਨਹੀਂ ਸਨ। ਇਕ ਹਿੰਦੂ ਸੀ, ਦੂਸਰਾ ਸਿੱਖ ਸੀ, ਤੀਸਰਾ ਮੁਸਲਮਾਨ। ਇਹ ਪ੍ਰਬੰਧ ਵੀ ਕੀਤਾ ਗਿਆ ਸੀ ਕਿ ਘੋੜ-ਸਵਾਰ ਫੌਜੀ ਗੋਰਖੇ ਸ਼ਹਿਰ ਦੀਆਂ ਸੜਕਾਂ ਉੱਪਰ ਗਸ਼ਤ ਲਾਉਂਦੇ ਰਹਿਣ, ਜਦੋਂ ਅਸੀਂ ਹਿੰਦੁਸਤਾਨੀ ਸਿਪਾਹੀਆਂ ਨੇ ਇਹ ਸੁਣਿਆ ਕਿ ਅੰਗਰੇਜ਼ਾਂ ਨੇ ਆਪਣੀਆਂ ਔਰਤਾਂ ਤੇ ਬੱਚਿਆਂ ਨੂੰ ਕਿਲੇ ਵਿਚ ਜਾਂ ਸਟੇਸ਼ਨ ਉੱਪਰ ਖੜ੍ਹੀ ਇਕ ਟਰੇਨ ਵਿਚ ਭੇਜ ਦਿੱਤਾ ਸੀ ਤਾਂ ਅਸੀਂ ਖ਼ੂਬ ਹੱਸੇ ਸਾਂ।'
ਇਸ ਪਿੱਛੋਂ ਸਿੱਖ ਸਾਰਜੈਂਟ ਨੇ ਇਕ ਬੜਾ ਹੀ ਮਜ਼ੇਦਾਰ ਕਿੱਸਾ ਸੁਣਾਇਆ ਕਿ 'ਇਕ ਦਿਨ ਸਾਡੇ ਅੰਗਰੇਜ਼ ਸੁਪਰਡੈਂਟ ਨੇ ਆਪਣੇ ਦਫ਼ਤਰ ਵਿਚ ਗਾਰਦ ਮੰਗਵਾਈ ਤਾਂ ਅਸੀਂ ਸਮਝਿਆ ਕਿ ਉਹਨਾਂ ਕਿਸੇ ਕੰਮ ਲਈ ਕਿਧਰੇ ਜਾਣਾ ਏਂ। ਪਰ ਸਾਹਬ ਬਹਾਦੁਰ ਆਪਣੇ ਬੰਗਲੇ ਦੇ ਦਰਵਾਜ਼ੇ 'ਤੇ ਪਹੁੰਚ ਗਏ ਤੇ ਬੋਲੇ, 'ਅਬ ਆਪ ਜਾ ਸਕਤੇ ਹੈਂ।' ਅਸੀਂ ਸੈਲਯੂਟ ਕਰਕੇ ਲਾਈਨ ਵਿਚ ਵਾਪਸ ਆ ਗਏ।'
ਸਰਕਾਰੀ ਆਤੰਕ ਦੇ ਮੁਕਾਬਲੇ ਇਹ  ਕਰਾਂਤੀਕਾਰੀ ਆਤੰਕ ਸੀ, ਜਿਹੜਾ 'ਪਗੜੀ ਸੰਭਾਲ ਜੱਟਾ' ਦੇ ਕਿਸਾਨ ਅੰਦੋਲਨ ਤੋਂ ਪੈਦਾ ਹੋਇਆ ਸੀ। ਲਾਲਾ ਲਾਜਪਤ ਰਾਏ ਨੇ ਆਪਣੇ ਇਕ ਭਾਸ਼ਣ ਵਿਚ ਕਿਹਾ ਸੀ...“ਸਰਦਾਰ ਅਜੀਤ ਸਿੰਘ ਦਾ ਅਸਲੀ ਉਦੇਸ਼ ਇਸ ਕਿਸਾਨ ਅੰਦੋਲਨ ਨੂੰ ਪੂਰੀ ਤਰ੍ਹਾਂ ਭੜਕਾਅ ਕੇ ਬ੍ਰਿਟਿਸ਼ ਸਾਮਰਾਜਵਾਦ ਦੇ ਖ਼ਿਲਾਫ਼ ਭਖ਼ਦਾ ਹੋਇਆ ਕਰਾਂਤੀਕਾਰੀ ਅੰਦੋਲਨ ਬਣਾ ਦੇਣਾ ਸੀ, ਸਰਦਾਰ ਜੀ ਕੋਈ ਸਮਝੌਤਾ ਨਹੀਂ ਸੀ ਚਾਹੁੰਦੇ, ਬਲਕਿ ਉਹ ਤਾਂ ਅੰਗਰੇਜ਼ੀ ਰਾਜ ਦਾ ਮੁਕੰਮਲ ਖਾਤਮਾਂ ਚਾਹੁੰਦੇ ਸਨ।”
'ਦੇਸ਼' ਤੇ 'ਇੰਡੀਆ' ਬੰਦ ਹੋ ਜਾਣ ਪਿੱਛੋਂ 'ਸਹਾਇਕ' ਨਾਂ ਦਾ ਦੈਨਿਕ ਅਖ਼ਬਾਰ ਕੱਢਿਆ ਗਿਆ। ਸਰਦਾਰ ਕਿਸ਼ਨ ਸਿੰਘ ਉਸਦੇ ਸੰਪਾਦਕ ਸਨ। ਲਿਖਿਆ ਹੈ...“'ਭਾਰਤ ਮਾਤਾ ਸੁਸਇਟੀ' ਦੇ ਜਲਸਿਆਂ ਵਿਚ ਆਪਣੇ ਭਾਸ਼ਣਾ ਨਾਲ ਜੋਸ਼ ਭਰਨਾ ਅਜੀਤ ਸਿੰਘ ਦਾ ਕੰਮ ਸੀ, ਉਸਨੂੰ ਪਿੰਡ-ਪਿੰਡ ਪਹੁੰਚਾਉਣਾ ਸਰਦਾਰ ਕਿਸ਼ਨ ਸਿੰਘ ਦਾ ਤੇ ਪਿੰਡ-ਪਿੰਡ ਫ਼ੈਲਾਉਣ ਦਾ ਸਰਦਾਰ ਸਵਰਨ ਸਿੰਘ ਦਾ। ਤਿੰਨੇ ਭਰਾ ਇਸ ਕਰਾਂਤੀ ਦੇ ਬਰ੍ਹਮਾ, ਵਿਸ਼ਨੂੰ, ਮਹੇਸ਼ ਸਨ। ਕਿਸ਼ਨ ਸਿੰਘ ਸ਼ਾਂਤ ਸੁਭਾਅ ਦੇ ਵਿਅਕਤੀ ਸਨ, ਚੁੱਪਚਾਪ ਸੰਗਠਨ ਦੇ ਕਾਰਜਾਂ ਵਿਚ ਲੱਗੇ ਰਹਿੰਦੇ ਸਨ। ਉਹਨਾਂ ਵਿਚ ਅਦਭੁਤ ਸੰਗਠਨਕਾਰੀ ਸ਼ਕਤੀ ਸੀ। ਉਹਨਾਂ ਉੱਪਰ ਸਰਕਾਰ ਦੀ ਕੈਰੀ ਨਜ਼ਰ ਰਹਿੰਦੀ ਸੀ। ਪਰ ਉਹਨਾਂ ਦੀ ਚੌਕਸੀ ਵੀ ਦੋਖੋ। ਇਸ ਕੈਰੀ ਨਜ਼ਰ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਨੇਪਾਲ ਜਾ ਪਹੁੰਚੇ। ਸੂਫੀ ਅੰਬਾ ਪਰਸਾਦ ਤੇ ਮੇਹਤਾ ਨੰਦ ਕਿਸ਼ੋਰ ਵੀ ਉਹਨਾਂ ਦੇ ਨਾਲ ਸਨ। ਨੇਪਾਲ ਸਰਕਾਰ ਨਾਲ ਪਹਿਲਾਂ ਹੀ ਸੰਪਰਕ ਸੀ। ਉਹਨਾਂ ਨੂੰ ਬਰਫ ਬਾਗ਼ ਦੇ ਭਵਨ ਵਿਚ ਸ਼ਾਹੀ ਮਹਿਮਾਨਾਂ ਵਾਂਗ ਠਹਿਰਾਇਆ ਗਿਆ।
ਉਹ ਭਾਰਤ ਵਿਚ ਕਰਾਂਤੀ ਲਈ ਨੇਪਾਲ ਸਰਕਾਰ ਤੋਂ ਫ਼ੌਜੀ ਤੇ ਹਥਿਆਰਾਂ ਦੀ ਮਦਦ ਲੈਣ ਗਏ ਸਨ। ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਿਆ। ਉਹਨਾਂ ਨੇ ਇਹਨਾਂ ਲੋਕਾਂ ਨੂੰ ਵਾਪਸ ਕਰਨ ਲਈ ਨੇਪਾਲ ਸਰਕਾਰ ਉੱਪਰ ਦਬਾਅ ਪਾਇਆ। ਸਰਕਾਰ ਕਮਜ਼ੋਰ ਸੀ। ਉਸਨੇ ਉਹਨਾਂ ਨੂੰ ਡੋਲੀਆਂ ਵਿਚ ਬਿਠਾਅ ਕੇ ਆਪਣੀ ਸੀਮਾਂ ਉੱਪਰ ਛੱਡ ਦਿੱਤਾ। ਜਿੱਥੋਂ ਭਾਰਤ ਸਰਕਾਰ ਨੇ ਉਹਨਾਂ ਨੂੰ ਗਿਰਫਤਾਰ ਕਰ ਲਿਆ। ਬਾਅਦ ਵਿਚ, ਉਹਨਾਂ ਉੱਤੇ ਡੀ.ਐੱਸ.ਐੱਸ.ਪੀ. ਫਿਲਿਪ ਉੱਪਰ ਹਮਾਲਾ ਕਰਨ ਤੇ ਬਗ਼ਾਵਤ ਫ਼ੈਲਾਉਣ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਗਿਆ।
ਕੁਝ ਰਾਜੇ ਤੇ ਸਰਦਾਰ ਵੀ ਅੰਦੋਲਨ ਨਾਲ ਹਮਦਰਦੀ ਰੱਖਦੇ ਸਨ। ਪਰ ਉਹਨਾਂ ਦਾ ਰਵੱਈਆਂ ਲਿੱਸੜ ਸੀ। ਅੰਦੋਲਨ ਦੀ ਅਸਲ ਸ਼ਕਤੀ ਜਨਤਾ—ਵਿਸ਼ੇਸ਼ ਤੌਰ 'ਤੇ ਮਾਝੇ ਤੇ ਮਾਲਵੇ ਦੀ ਕਿਸਾਨ ਜਨਤਾ ਸੀ। ਅਜੀਤ ਸਿੰਘ ਆਪਣੇ ਜਲਸਿਆਂ ਵਿਚ ਇਕ ਟੂਕ ਬੜੀ ਮਸਤੀ ਨਾਲ ਗਾਉਂਦੇ ਹੁੰਦੇ ਸਨ...'ਮਾਝੇ ਦੇ ਜ਼ੋਰ ਨਾਲ, ਮਾਲਵੇ ਦੇ ਸ਼ੇਰ ਨਾਲ—ਅਸਾਂ ਨਹੀਂਓਂ ਹਾਰਨਾ।'
ਇਹਨੀਂ ਦਿਨੀ ਤਿਲਕ ਪਰੈੱਸ ਹੁਸ਼ਿਆਰਪੁਰ ਦੀ ਤਲਾਸ਼ੀ ਵਿਚ ਇਕ ਪਰਚਾ ਮਿਲਿਆ, ਜਿਸਦਾ ਸਿਰਲੇਖ ਸੀ—'ਅੰਗਰੇਜ਼ੋਂ ਕਾ ਬੱਧ ਕਰੋ'। ਖੁਫ਼ੀਆ ਵਿਭਾਗ ਨੇ ਅਜੀਤ ਸਿੰਘ ਤੇ ਭਾਸ਼ਣਾ ਤੇ ਲੇਖਾਂ ਦੇ ਹਵਾਲੇ ਦੇ ਕੇ ਰਿਪੋਰਟ ਲਿਖੀ...“ਅਜੀਤ ਸਿੰਘ ਦੇ ਪਾਠਕ, ਉਸਦੇ ਵਿਚਾਰਾਂ ਨੂੰ ਅਮਲੀ ਜਾਮਾਂ ਪੁਆਉਣ ਵਿਚ ਦੇਰ ਨਹੀਂ ਲਾਉਣਗੇ।” ਇਕ ਦੂਜੀ ਰਿਪੋਰਟ ਵਿਚ ਕਿਹਾ ਗਿਆ ਸੀ...“ਇਹਨਾਂ (ਸੂਫੀ ਅੰਬਾ ਪਰਸਾਦ ਤੇ ਅਜੀਤ ਸਿੰਘ) ਨੂੰ ਪੰਜ ਸਾਲ ਲਈ ਬੰਦ ਕਰ ਦਿੱਤਾ ਜਾਏ ਤਾਂ ਸ਼ਾਂਤੀ ਰਹੇਗੀ।”
5 ਮਈ 1907 ਦੀ ਵਿਸਥਾਰ ਭਰੀ ਰਿਪੋਰਟ ਵਿਚ ਕਿਹਾ ਗਿਆ...“ਦੋ ਮਹੀਨਿਆਂ ਤੋਂ ਇਹ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਤੇ ਖੁੱਲ੍ਹੇ ਤੌਰ 'ਤੇ ਰਾਜ-ਧਰੋ ਫ਼ੈਲਾਅ ਰਹੇ ਹਨ। ਵੱਡੇ-ਵੱਡੇ ਸ਼ਹਿਰਾਂ ਦੇ ਜਲਸਿਆਂ ਵਿਚ ਸਰਦਾਰ ਅਜੀਤ ਸਿੰਘ ਨੇ ਅੰਗਰੇਜ਼ਾਂ ਤੇ ਵੱਡੇ ਅਫ਼ਸਰਾਂ ਦੀਆਂ ਹੱਤਿਆਵਾਂ ਤੇ ਅੰਗਰੇਜ਼ਾਂ ਉੱਤੇ ਹਮਲੇ ਕਰਕੇ ਆਜ਼ਾਦੀ ਹਾਸਲ ਕਰਨ ਲਈ ਭੀੜ ਨੂੰ ਉਕਸਇਆ ਹੈ। ਫ਼ੌਜ ਵਿਚ ਭਰਤੀ ਹੋਣ ਵਾਲੇ ਇਲਾਕਿਆਂ ਵਿਚ ਤੇ ਸਮਾਜ ਵਿਚ ਬਗ਼ਾਵਤ ਫ਼ੈਲਾਈ ਜਾ ਰਹੀ ਹੈ। ਸਿੱਖ ਸਮਾਜ, ਸਿੱਖ ਫ਼ੌਜ ਤੇ ਪੈਂਸ਼ਨ ਲੈਣ ਵਾਲੇ ਸਿਪਾਹੀਆਂ ਵਿਚ ਪਰਚਾਰ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਰਾਜ-ਧਰੋ ਨਾਲ ਭਰੇ ਭਾਸ਼ਣਾ ਵਿਚ ਸਿੱਖ ਸੈਨਕਾਂ ਨੂੰ ਹਰ ਵਾਰੀ ਬੁਲਾਇਆ ਜਾਂਦਾ ਹੈ ਤੇ ਉਹ ਜਾਂਦੇ ਵੀ ਹਨ।...”
ਇਹਨਾਂ ਰਿਪੋਰਟਾਂ ਦੇ ਆਧਾਰ ਉੱਤੇ ਪੰਜਾਬ ਦੇ ਗਵਰਨਰ ਇਵਪਸਨ ਨੇ ਵਾਇਸਰਾਏ ਲਾਰਡ ਹਾਰਡਿੰਗ ਨੂੰ ਲਿਖਿਆ...“ਪੰਜਾਬ ਵਿਚ ਗਦਰ ਹੋਣ ਵਾਲਾ ਹੈ ਤੇ ਉਸਦਾ ਨੇਤਰੀਤਵ ਸਰਦਾਰ ਅਜੀਤ ਸਿੰਘ ਤੇ ਉਹਨਾਂ ਦੀ ਪਾਰਟੀ ਕਰੇਗੀ। ਬਗ਼ਾਵਤ ਨੂੰ ਰੋਕਣ ਦਾ ਪ੍ਰਬੰਧ ਕਰੋ।”
7 ਮਈ 1907 ਨੂੰ ਸਰਦਾਰ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ ਫੜ੍ਹ ਕੇ ਮਾਂਡਲੇ ਭੇਜ ਦਿੱਤਾ ਗਿਆ।
ਉਸ ਸਮੇਂ ਪੰਜਾਬ ਦੀ ਜੋ ਸਥਿਤੀ ਸੀ ਉਸ ਉੱਤੇ ਵਾਇਸਰਾਏ ਮੰਟੋ ਤੇ ਭਾਰਤ ਮੰਤਰੀ ਮੋਰਲੇ ਤੇ ਬਿਆਨਾਂ ਨਾਲ ਚਾਨਣ ਪੈਂਦਾ ਹੈ।
ਵਾਇਸਰਾਏ ਨੇ ਕਿਹਾ...“ਅਸੀਂ ਭੁੱਲ ਨਹੀਂ ਸਕਦੇ ਕਿ ਲਾਹੌਰ ਵਿਚ ਅੰਗਰੇਜ਼ ਲੋਕ ਬਿਨਾਂ ਕਾਰਨ ਬੇਇੱਜ਼ਤ ਕੀਤੇ ਗਏ ਤੇ ਰਾਵਲਪਿੰਡੀ ਵਿਚ ਦੰਗੇ ਹੋਏ। ਸਾਡੇ ਪੰਜਾਬ ਦੇ ਗਵਰਨਰ ਨੇ ਜਿਹੜੀ ਗੰਭੀਰ ਰਿਪੋਰਟ ਦਿੱਤੀ ਹੈ, ਉਸਨੂੰ ਵੀ ਅਸੀਂ ਭੁੱਲ ਨਹੀਂ ਸਕਦੇ। ਇਸੇ ਰਿਪੋਰਟ ਉੱਪਰ ਲਾਜਪਤ ਰਾਏ ਤੇ ਸਰਦਾਰ ਅਜੀਤ ਸਿੰਘ ਨੂੰ ਜਨਤਾ ਦੇ ਹਿਤ ਖਾਤਰ ਫੜ੍ਹ ਕੇ ਨਜ਼ਰ ਬੰਦ ਕੀਤਾ ਗਿਆ ਤੇ ਰਾਜ ਵਿਚ ਭੜਕਾਹਟ ਪੈਦਾ ਕਰਨ ਵਾਲੀਆਂ ਸੰਸਥਾਵਾਂ ਉੱਪਰ ਪਾਬੰਦੀ ਲਾਉਣ ਲਈ ਆਡੀਨੈਂਸ ਲਾਗੂ ਕੀਤਾ ਗਿਆ ਹੈ।”
ਭਾਰਤ ਮੰਤਰੀ ਨੇ ਪਾਰਲੀਆਮੈਂਟ ਵਿਚ ਕਿਹਾ...“ਪਹਿਲੀ ਮਾਰਚ 1907 ਤੋਂ ਪਹਿਲੀ ਮਈ 1907 ਤਕ ਪੰਜਾਬ ਦੇ ਮਸ਼ਹੂਰ ਕਰਾਂਤੀਕਾਰੀ ਨੇਤਾਵਾਂ ਨੇ 28 ਸਭਾਵਾਂ ਕੀਤੀਆਂ। ਇਹਨਾਂ ਵਿਚ ਸਿਰਫ ਪੰਜ ਦਾ ਸੰਬੰਧ ਹੀ ਕਿਸਾਨਾਂ ਦੀਆਂ ਤਕਲੀਫਾਂ ਨਾਲ ਸੀ, ਬਾਕੀ ਸਭਨਾਂ ਵਿਚ ਰਾਜ-ਧਰੋ ਦਾ ਪਰਚਾਰ ਕੀਤਾ ਗਿਆ।”
ਇਸ ਪਰਿਵਾਰ ਦੀਆਂ ਜ਼ਨਾਨੀਆਂ ਵੀ ਤਿਆਗ, ਸੇਵਾ ਤੇ ਹੌਸਲੇ ਵਿਚ ਮਰਦਾਂ ਨਾਲੋਂ ਪਿੱਛੇ ਨਹੀਂ ਸਨ। ਜਦੋਂ ਭਗਤ ਸਿੰਘ ਦੇ ਦਾਦਾ ਅਰਜੁਨ ਸਿੰਘ ਨੁਸਖੇ ਲਿਖਦੇ ਤਾਂ ਦਾਦੀ ਜੈ ਕੌਰ ਦਵਾਈਆਂ ਬਣਾਉਂਦੀ। ਦਾਦੀ ਨੇ ਟੁੱਟੀਆਂ ਹੱਡੀਆਂ ਗੰਢਣ ਦਾ ਕੰਮ ਵੀ ਬਾਖ਼ੂਬੀ ਸਿੱਖ ਲਿਆ ਸੀ। ਫੇਰ ਜਦੋਂ ਪੁੱਤਰਾਂ ਨੇ ਕਿਸਾਨ ਅੰਦੋਲਨ ਸ਼ੁਰੂ ਕੀਤਾ ਤਾਂ ਕਰਾਂਤੀਕਾਰੀਆਂ ਨੂੰ ਲਕੋਣ ਤੇ ਖੁਆਉਣ-ਪਿਆਉਣ ਦਾ ਪ੍ਰਬੰਧ ਵੀ ਉਹੀ ਕਰਦੀ ਰਹੀ। ਇਹ ਕੰਮ ਵੀ ਉਹ ਬੜੇ ਯੋਜਨਾ-ਬੱਧ ਢੰਗ ਨਾਲ ਕਰਦੀ ਸੀ। ਹਰ ਘੜੀ ਚੌਕਸ ਰਹਿਣਾ ਪੈਂਦਾ ਸੀ। ਇਕ ਦਿਨ ਪੁਲਸ ਦੇ ਸਿਪਾਹੀਆਂ ਤੇ ਅਫ਼ਸਰਾਂ ਤੇ ਫ਼ੌਜ ਦੇ ਸਿਪਾਹੀਆਂ ਤੇ ਅਫ਼ਸਰਾਂ ਨੇ ਪੂਰੇ ਪਿੰਡ ਨੂੰ ਘੇਰ ਲਿਆ ਤੇ ਚਾਰੇ ਪਾਸੇ ਤੋਪਾਂ ਬੀੜ ਦਿੱਤੀਆਂ। ਇੰਜ ਲੱਗਦਾ ਸੀ ਜਿਵੇਂ ਪਿੰਡ ਵਿਚ ਯੁੱਧ ਦਾ ਮੋਰਚਾ ਲੱਗਣਾ ਹੋਏ। ਦਰਅਸਲ ਉਹ ਕਰਾਂਤੀਕਾਰੀ ਸਾਹਿਤ ਛਾਪਣ ਦੇ ਅਪਰਾਧ ਵਿਚ ਅਜੀਤ ਸਿੰਘ ਤੇ ਸੂਫੀ ਅੰਬਾ ਪਰਸਾਦ ਨੂੰ ਫੜ੍ਹਨ ਆਏ ਸਨ।
ਅਜੀਤ ਸਿੰਘ ਘਰੇ ਨਹੀਂ ਸਨ, ਸੂਫੀ ਅੰਬਾ ਪਰਸਾਦ ਹੈ ਸਨ। ਸਵਾਲ ਇਹ ਸੀ ਕਿ ਉਹਨਾਂ ਨੂੰ ਕਿੰਜ ਬਚਾਇਆ ਜਾਏ। ਦਾਦੀ ਜੈ ਕੌਰ ਬਾਹਰ ਆਈ ਤੇ ਪੁਲਸ ਅਫ਼ਸਰ ਨੂੰ ਪੁੱਛਿਆ, “ਕੀ ਗੱਲ ਏ?” ਅਫ਼ਸਰ ਨੇ ਗਿਰਫਤਾਰੀ ਦੀ ਗੱਲ ਛਿਪਾਅ ਕੇ ਉਤਰ ਦਿੱਤਾ, “ਅਸੀਂ ਘਰ ਦੀ ਤਲਾਸ਼ੀ ਲੈਣੀ ਏਂ।”
“ਠੀਕ ਏ, ਤੁਹਾਨੂੰ ਸਰਕਾਰ ਨੇ ਤਲਾਸ਼ੀ ਲਈ ਕਿਹਾ ਏ, ਤੁਸੀਂ ਤਲਾਸ਼ੀ ਜ਼ਰੂਰ ਲਓ, ਪਰ ਤੁਸੀਂ ਵੀ ਧੀਆਂ-ਭੈਣਾ ਵਾਲੇ ਖਾਨਦਾਨੀ ਆਦਮੀ ਓਂ। ਪਹਿਲਾਂ ਪਰਦਾ ਕਰਨ ਵਾਲੀਆਂ ਔਰਤਾਂ ਨੂੰ ਬਾਹਰ ਆ ਜਾਣ ਦਿਓ, ਫੇਰ ਘਰੇ ਵੜਨਾ।” ਦਾਦੀ ਨੇ ਗੰਭੀਰ, ਸਹਿਜ ਮਤੇ ਨਾਲ ਕਿਹਾ। ਅਫ਼ਸਰ ਨੇ ਉਹਦੀ ਇਹ ਗੱਲ ਮੰਨ ਲਈ। ਆਪੋ-ਆਪਣੀਆਂ ਚਾਦਰਾਂ ਵਿਚ ਲਿਪਟੀਆਂ ਔਰਤਾਂ ਬਾਹਰ ਨਿਕਲ ਆਈਆਂ। ਉਸ ਪਿੱਛੋਂ ਪੁਲਸ ਅੰਦਰ ਗਈ, ਪਰ ਸੂਫੀ ਜੀ ਹੱਥ ਨਹੀਂ ਲੱਗੇ। ਔਰਤਾਂ ਨਾਲ ਉਹ ਵੀ ਨਿਕਲ ਗਏ ਸਨ। ਅਫ਼ਸਰਾਂ ਨੇ ਸੋਚਿਆ ਕਿ ਸਾਡੀ ਜਾਣਕਾਰੀ ਗਲਤ ਸੀ। ਉਹ ਛਪਿਆ ਹੋਇਆ ਸਾਹਿਤ, ਸੱਤ ਉੱਠਾਂ ਉੱਪਰ ਲੱਦ ਕੇ, ਆਪਣੇ ਨਾਲ ਲੈ ਗਏ।
ਉਹ ਰੋਅਬ-ਦਾਅਬ ਵਾਲੀ ਦ੍ਰਿੜ੍ਹ ਸੰਕਲਪ ਸੁਆਣੀ ਸੀ। ਘਰ ਵਿਚ ਉਹਦੀ ਚਲਦੀ ਸੀ। ਹਰ ਚੀਜ਼ ਆਪਣੀ ਜਗ੍ਹਾ ਉੱਪਰ ਹੋਏ, ਜ਼ਰਾ ਏਧਰ-ਉਧਰ ਹੋਣ ਤੇ ਗੱਜਣ ਲੱਗ ਪੈਂਦੀ, ਵਰ੍ਹ ਵੀ ਜਾਂਦੀ। ਰੁੱਸ ਕੇ ਆਪਣੀ ਗੱਲ ਮੰਨਵਾ ਲਓ, ਉਸਦੇ ਮੂਹਰੇ ਇਹ ਨਹੀਂ ਸੀ ਚੱਲਦਾ। ਉਹਦਾ ਕਹਿਣਾ ਸੀ ਕਿ ਇੰਜ ਬੱਚਿਆਂ ਨੂੰ ਰੋਣ-ਰੁੱਸਣ ਤੇ ਜ਼ਿੱਦ ਕਰਨ ਦੀ ਆਦਤ ਪੈ ਜਾਂਦੀ ਹੈ। ਉਹ ਨਾ ਰੋਣਾ ਪਸੰਦ ਕਰਦੀ ਸੀ ਤੇ ਨਾ ਹੀ ਮਿੰਨਤ-ਤਰਲਾ ਕਰਨਾ। ਉਸਦਾ ਜਿਹੜਾ ਵਤੀਰਾ ਪਰਿਵਾਰ ਦੇ ਬਹੂਆਂ-ਬੱਚਿਆਂ ਨਾਲ ਸੀ, ਉਹੀ ਸਾਰੇ ਪਿੰਡ ਨਾਲ ਸੀ। ਉਹ ਇਕ ਵਧੀਆ ਕੰਟਰੋਲਰ ਤੇ ਸੁਘੜ ਸੁਆਣੀ ਸੀ ਤੇ ਸਿਆਣਪ ਤੇ ਦਬਦਬੇ ਨਾਲ ਆਪਣਾ ਦਾਬਾ ਬਣਾਈ ਰੱਖਣ ਵਿਚ ਵਿਸ਼ਵਾਸ ਰੱਖਦੀ ਸੀ।




ਇਸ ਪਰਿਵਾਰ ਵਿਚ ਤੇ ਪੰਜਾਬ ਦੇ ਇਸ ਵਾਤਾਵਰਣ ਵਿਚ 25 ਸਤੰਬਰ 1907 ਨੂੰ ਲਾਇਲਪੁਰ ਦੇ ਬੰਗਾ ਪਿੰਡ ਵਿਚ ਜਿਸ ਮੁੰਡੇ ਦਾ ਜਨਮ ਹੋਇਆ—ਵੱਡੇ ਭਰਾ ਦਾ ਨਾਂ ਜਗਤ ਸਿੰਘ ਹੋਣ ਕਰਕੇ ਉਸਦਾ ਨਾਂ ਭਗਤ ਸਿੰਘ ਰੱਖ ਦਿੱਤਾ ਗਿਆ। ਪਿਤਾ ਕਿਸ਼ਨ ਸਿੰਘ ਤੇ ਮਾਤਾ ਵਿਦਿਆ ਵਤੀ ਦੋਹੇਂ ਆਰੀਆ ਸਮਾਜੀ ਸਨ। ਦਾਦਾ ਅਰਜੁਨ ਸਿੰਘ ਤੇ ਦੋਹੇਂ ਚਾਚੇ ਵੀ ਆਰੀਆ ਸਮਾਜੀ ਸਨ। ਪਰ ਦਾਦੀ ਜੈ ਕੌਰ ਤੇ ਦੋਹਾਂ ਚਾਚੀਆਂ, ਹਰਨਾਮ ਕੌਰ ਤੇ ਹੁਕਮ ਕੌਰ, ਦੀ ਆਸਥਾ ਸਿੱਖ ਧਰਮ ਵਿਚ ਸੀ। ਰਲੇ-ਮਿਲੇ ਪਰਿਵਾਰਾਂ ਦਾ ਇਹ ਸਿਲਸਿਲਾ ਪੂਰੇ ਪੰਜਾਬ ਵਿਚ ਧੁੱਪ-ਛਾਂ ਵਾਂਗ ਫ਼ੈਲਿਆ ਹੋਇਆ ਸੀ, ਜਿਸਨੂੰ ਵਿਦਿਆ ਵਤੀ ਨੇ ਪੋਤੀ ਵੀਰੇਂਦਰ ਸੰਧੂ ਨੂੰ ਆਪਣੇ ਵਿਆਹ ਦੀ ਗੱਲ ਸੁਣਾਉਂਦਿਆਂ ਹੋਇਆਂ ਇੰਜ ਚਿੱਤਵਿਆ ਸੀ...:
“ਮੇਰੇ ਵਿਆਹ ਸਮੇਂ ਦੀ ਘਟਨਾ ਵੀ ਅਜੀਬ ਏ। ਉਂਜ ਤਾਂ ਦੋਹੇਂ ਪਰਿਵਾਰ ਸਿੱਖ ਸੀ, ਪਰ ਏਧਰ ਆਰੀਆ ਸਮਾਜ ਦਾ ਵਿਸ਼ੇਸ਼ ਪ੍ਰਭਾਵ ਹੋਣ ਕਾਰਨੇ ਵਿਆਹ, ਗੁਰੂ ਗ੍ਰੰਥ ਸਾਹਿਬ ਮੂਹਰੇ ਨਾ ਹੋ ਕੇ, ਆਰੀਆ ਸਮਾਜੀ ਢੰਗ ਨਾਲ ਹੋਇਆ। ਫੇਰੇ ਵੇਦੀ ਦੁਆਲੇ ਹੋਏ, ਸਰਦਾਰ ਜੀ (ਕਿਸ਼ਨ ਸਿੰਘ) ਨੇ ਪੰਡਤ ਦੇ ਨਾਲ-ਨਾਲ ਖ਼ੁਦ ਵੀ ਮੰਤਰ ਪੜ੍ਹੇ। ਸਾਰੇ ਪਿੰਡ ਵਿਚ ਇਸ ਗੱਲ ਦੀ ਚਰਚਾ ਹੋਈ ਕਿ ਸਰਦਾਰ ਵਰਿਆਮ ਸਿੰਘ ਕੇ ਘਰ ਤਾਂ ਅਜਿਹਾ ਦਾਮਾਦ ਆਇਐ, ਜਿਹੜਾ ਮੰਤਰ ਵੀ ਖ਼ੁਦ ਈ ਪੜ੍ਹ ਲੈਂਦੈ।”
ਉਹਨਾਂ ਦੀ ਉਮਰ ਗਿਆਰਾਂ ਵਰ੍ਹਿਆਂ ਦੀ ਸੀ ਤੇ ਨਾਂ ਸੀ ਇੰਦੂ। ਉਹਨੀਂ ਦਿਨੀ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਨਹੀਂ ਸੀ। ਛੋਟੀ ਉਮਰ ਵਿਚ ਵਿਆਹ ਤੇ ਦੋ ਢਾਈ ਸਾਲ ਬਾਅਦ ਗੌਨਾ (ਡੋਲਾ) ਹੋ ਜਾਂਦਾ ਸੀ। ਪੜ੍ਹਾਈ ਦਾ ਰਿਵਾਜ਼ ਆਰੀਆ ਸਮਾਜ ਨੇ ਪਾਇਆ। ਅਰਜੁਨ ਸਿੰਘ ਓਹਨੀਂ ਦਿਨੀ ਜਲੰਧਰ ਵਿਚ ਇਕ ਵਕੀਲ ਦੇ ਮੁੰਨਸ਼ੀ ਹੁੰਦੇ ਸਨ। ਉਹਨਾਂ ਕਿਹਾ ਕਿ ਉਹ ਰਿਵਾਜ਼ਾਂ ਮੁਤਾਬਿਕ ਬਹੂ ਨੂੰ ਬਹੁਤੇ ਦਿਨ ਤਕ ਪੇਕੇ ਨਾ ਛੱਡ ਕੇ ਜਲਦੀ ਲੈ ਜਾਣਗੇ ਤੇ ਪੜ੍ਹਾਈ ਦਾ ਬੰਦੋਬਸਤ ਕਰਨਗੇ। ਇਸ ਉੱਤੇ ਸਾਰਿਆਂ ਨੂੰ ਹੈਰਾਨੀ ਹੋਈ। ਮਾਤਾ ਪਿਤਾ ਤੋਂ ਦੂਰ ਜਾਣ ਤੇ ਫੇਰ ਬੋਰਡਿੰਗ ਹਾਊਸ ਵਿਚ ਰਹਿ ਕੇ ਪੜ੍ਹਨ ਦੇ ਸਿਰਫ ਵਿਚਾਰ ਨਾਲ ਹੀ ਉਹ ਏਨਾ ਭੈਭੀਤ ਹੋ ਗਈ ਸੀ ਕਿ ਉੱਚੀ ਉੱਚੀ ਰੋਣ ਲੱਗ ਪਈ ਸੀ ਤੇ ਬੁਖ਼ਾਰ ਚੜ੍ਹ ਗਿਆ ਸੀ। ਜਦੋਂ ਕਿਸ਼ਨ ਸਿੰਘ ਲੈਣ ਗਿਆ, ਮਾਪਿਆਂ ਨੇ ਕਿਹਾ ਕਿ 'ਤੁਹਾਡੀ ਦਾਦੀ ਕਿਹੜਾ ਪੜ੍ਹੀ ਹੋਈ ਸੀ, ਜਿਹੜਾ ਇਸ ਨੂੰ ਪੜ੍ਹਾਓਗੇ।' ਕਿਸ਼ਨ ਸਿੰਘ ਨਾਰਾਜ਼ ਹੋ ਕੇ ਵਾਪਸ ਪਰਤ ਆਇਆ। ਤੇ ਹੁਣ ਮਾਤਾ ਵਿਦਿਆ ਵਤੀ ਦੇ ਸ਼ਬਦਾਂ ਵਿਚ...“ਉਹਨਾਂ ਦੇ ਵਾਪਸ ਪਰਤ ਜਾਣ 'ਤੇ ਸਾਡੇ ਘਰੇ ਸਾਰਿਆਂ ਨੂੰ ਚਿੰਤਾ ਹੋਈ ਤੇ ਪੜ੍ਹਾਈ ਦਾ ਕਰਮ ਆਰੰਭ ਕਰਨ ਦੀ ਸੋਚੀ ਗਈ। ਸਕੂਲ ਓਥੇ ਕੋਈ ਸੀ ਨਹੀਂ। ਕੋਈ ਸਾਧੂ-ਸੰਤ ਆਉਂਦਾ ਤਾਂ ਮੇਰੀ ਮਾਂ ਝੱਟ ਕਾਇਦਾ ਫੜ੍ਹਾ ਕੇ ਮੈਨੂੰ ਉਸ ਕੋਲ ਬਿਠਾਅ ਦੇਂਦੀ ਤੇ ਬੇਨਤੀ ਕਰਦੀ, 'ਮਹਾਰਾਜਜੀ, ਮੇਰੇ ਬੱਚੀ ਨੂੰ ਵੀ ਦੋ ਚਾਰ ਅੱਖਰ ਸਿਖਾਅ ਦਿਓ।' ਸਾਡੇ ਪਿੰਡ ਦੀ ਇਕ ਜੁਲਾਹੀ ਮਾੜਾ-ਮੋਟਾ ਪੜ੍ਹੀ-ਲਿਖੀ ਹੋਈ ਸੀ। ਕਦੀ ਮੈਨੂੰ ਉਸ ਕੋਲ ਪੜ੍ਹਨ ਲਈ ਭੇਜਿਆ ਜਾਂਦਾ ਤੇ ਕਦੀ ਗੁਰਦੁਆਰੇ ਦੇ ਗ੍ਰੰਥੀ ਕੋਲ ਤੇ ਕਦੀ ਪਿੰਡ ਦੇ ਪੰਡਤ ਕੋਲ। ਬਸ ਏਨੀ ਈ ਪੜ੍ਹਾਈ ਹੋ ਸਕੀ ਸੀ ਮੇਰੀ...ਕਿ ਥੋੜ੍ਹੀ-ਬਹੁਤੀ ਹਿੰਦੀ-ਪੰਜਾਬੀ ਆਉਣ ਲੱਗ ਪਈ।”
ਇਹ ਸੀ ਉਸ ਸਮੇਂ ਦਾ ਸਾਂਝਾ ਪੰਜਾਬ। ਧਾਰਮਕ ਮਤ ਅਲਗ-ਅਲਗ ਹੁੰਦੇ ਹੋਏ ਵੀ ਕੌਮੀਅਤ ਇਕ ਸੀ, ਸੰਸਕਰੀਤੀ ਇਕ ਸੀ ਤੇ ਸਾਰੇ ਮਿਲ-ਜੁਲ ਕੇ ਰਹਿੰਦੇ ਸਨ। ਭਗਤ ਸਿੰਘ ਦਾ ਪਰਿਵਾਰ ਇਹਨਾਂ ਅਰਥਾਂ ਵਿਚ ਵੱਖ ਸੀ ਕਿ ਲੀਕ ਤੋਂ ਹਟ ਕੇ ਜ਼ਿੰਦਗੀ ਦੀ ਨਵੀਂ ਰਾਹ 'ਤੇ ਚੱਲ ਰਿਹਾ ਸੀ।
ਵੀਹਵੀਂ ਸਦੀ ਦੀ ਸ਼ੁਰੂਆਤ ਨਾਲ ਦੇਸ਼ ਦੇ ਜੀਵਨ ਵਿਚ ਜਾਗ੍ਰਤੀ ਦੀ ਜਿਹੜੀ ਲਹਿਰ ਆਈ ਸੀ, ਅੰਗਰੇਜ਼ ਹਾਕਮਾਂ ਨੇ ਉਸਨੂੰ ਨਵੀਂ ਹਵਾ ਦਾ ਨਾਂ ਦਿੱਤਾ ਸੀ। ਇਹ ਨਵੀਂ ਹਵਾ, ਭਗਤ ਸਿੰਘ ਦੇ ਜਨਮ ਸਮੇਂ, ਵਿਸ਼ੇਸ਼ ਤੌਰ 'ਤੇ ਬੰਗਾਲ ਤੇ ਪੰਜਾਬ ਵਿਚ ਹਨੇਰੀ ਬਣ ਕੇ ਚੱਲ ਰਹੀ ਸੀ। ਇਕ ਪਾਸੇ ਬੰਗ-ਭੰਗ ਅੰਦੋਲਨ ਸੀ ਤੇ ਦੂਜੇ ਪਾਸੇ ਪਗੜੀ ਸੰਭਾਲ ਜੱਟਾ ਕਿਸਾਨ ਅੰਦੋਲਨ। ਦੋਹੇਂ ਅੰਦੋਲਨ ਇਕ ਦੂਜੇ ਦੇ ਪੂਰਕ ਸਨ। ਤੇ ਦੋਹੇਂ ਅੰਦੋਲਨ ਇਲਾਕਾਈ ਨਹੀਂ ਸਨ। ਉਹਨਾਂ ਨੇ ਰਾਸ਼ਟਰ ਵਿਆਪੀ ਰੂਪ ਧਾਰ ਲਿਆ ਸੀ। ਮਹਾਰਾਸ਼ਟਰ ਦੇ ਗਣੇਸ਼ ਉਤਸਵ ਤੇ ਸ਼ਿਵਾਜੀ ਉਤਸਵ ਇਸੇ ਅੰਦੋਲਨ ਨੂੰ ਅੱਗੇ ਵਧਾਅ ਰਹੇ ਸਨ। ਸਵਦੇਸ਼ੀ ਪਰਚਾਰ ਤੇ ਵਿਦੇਸ਼ੀ ਬਾਈਕਾਟ ਦਾ ਕਲਕੱਤਾ ਵਿਚ ਜਿਹੜਾ ਕਾਰਜ-ਕਰਮ ਉਲੀਕਿਆ ਗਿਆ ਸੀ, ਪੰਜਾਬ ਦੀ ਧਰਤੀ ਵਿਚ ਉਸਦੀਆਂ ਜੜਾਂ ਪਹਿਲਾਂ ਹੀ ਮੌਜੂਦ ਸਨ। ਜਿਉਂ-ਜਿਉਂ ਨਵੀਂ ਹਵਾ ਚੱਲੀ ਇਹ ਜੜਾਂ ਫੇਰ ਫੁੱਟ ਪਈਆਂ, ਤੇ ਵਧਦੀਆਂ, ਫ਼ੈਲਦੀਆਂ ਗਈਆਂ¸ਜਨਮਾਨਸ ਉੱਪਰ ਇਸ ਦਾ ਜੋ ਪ੍ਰਭਾਵ ਸੀ, ਉਹ ਇਕ ਬੋਲੀ ਵਿਚ ਇੰਜ ਪਰੋਇਆ ਹੋਇਆ ਹੈ...:
 ਓ ਰਾਹੀਆ ਰਾਹੇ ਜਾਂਦਿਆ, ਸੁਣ ਜਾ ਮੇਰੀ ਗੱਲ
 ਸਿਰ 'ਤੇ ਪੱਗ ਤੇਰੇ ਵਲਾਇਤ ਦੀ, ਉਸਨੂੰ ਫੂਕ, ਚੁਆਤੜਾ ਲਾ।
ਭਾਵ, ਓਇ ਰਾਹ ਜਾਣ ਵਾਲੇ ਰਾਹੀਆ ਮੇਰੀ ਗੱਲ ਸੁਣ, ਤੇਰੇ ਸਿਰ ਉੱਤੇ ਜਿਹੜੀ ਵਲਾਇਤੀ ਪੱਗ ਵੱਝੀ ਹੋਈ ਹੈ, ਉਸਨੂੰ ਅੱਗ ਲਾ ਕੇ ਸਾੜ ਸੁੱਟ।
ਇਸ ਨਵੀਂ ਹਵਾ ਨੇ ਅੰਗਰੇਜ਼ ਦੀ ਹਵਾ ਵਿਗਾੜ ਦਿੱਤੀ। ਨਫ਼ਰਤ ਏਸ ਹੱਦ ਤਕ ਵਧੀ ਕਿ ਗੋਰੇ ਦਾ ਗੋਰਾ ਹੋਣ ਕਰਕੇ ਅਨਾਦਰ ਹੁੰਦਾ ਸੀ। ਗਿਰਫਤਾਰੀਆਂ, ਪਾਬੰਦੀਆਂ ਤੇ ਆਰਡੀਨੈਂਸਾਂ ਦਾ ਸਿੱਟਾ ਇਹ ਨਿਕਲਿਆ ਕਿ ਅੰਦੋਲਨ ਅੰਡਰ-ਗਰਾਊਂਡ ਹੋ ਗਿਆ। ਕਰਾਂਤੀਕਾਰੀ ਗੁਪਤ ਸੰਗਠਨ ਬਣੇ ਤੇ ਦੇਸ਼ ਦੀ ਰਾਜਨੀਤੀ ਵਿਚ ਇਕ ਨਵੀਂ ਸ਼ਕਤੀ...'ਬੰਬ' ਦਾ ਆਗਮਣ ਹੋਇਆ।
ਸਰਦਾਰ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਦੀ ਗਿਰਫਤਾਰੀ ਪਿੱਛੋਂ ਸਰਦਾਰ ਕਿਸ਼ਨ ਸਿੰਘ ਤੇ ਸੂਫੀ ਅੰਬਾ ਪਰਸਾਦ ਦੇ, ਰਾਜੇ ਤੋਂ ਗੁਪਤ ਰੂਪ ਵਿਚ ਹਥਿਆਰ ਤੇ ਮਦਦ ਲੈਣ ਲਈ, ਨੇਪਾਲ ਜਾਣ ਵਾਲੀ ਗੱਲ ਤਾਂ ਅਸੀਂ ਪਹਿਲਾਂ ਹੀ ਲਿਖ ਚੁੱਕੇ ਹਾਂ। ਭਗਤ ਸਿੰਘ ਦੇ ਛੋਟੇ ਚਾਚੇ ਸਵਰਨ ਸਿੰਘ ਨੇ, ਅਜੀਤ ਸਿੰਘ ਦੀ ਗਿਰਫਤਾਰੀ ਪਿੱਛੋਂ, ਗਰਮਾ-ਗਰਮ ਲੇਖ ਲਿਖੇ ਤੇ ਗੁਪਤ ਰੂਪ ਵਿਚ ਛਪਵਾ ਕੇ ਜਨਤਾ ਵਿਚ ਵੰਡੇ। ਇਹਨੀਂ ਦਿਨੀ ਇਕ ਅਜਿਹੀ ਘਟਨਾ ਵਾਪਰੀ, ਜਿਸ ਨਾਲ ਨਵੀਂ ਹਵਾ ਨੇ ਝਖੇੜੇ ਦਾ ਰੂਪ ਧਾਰ ਲਿਆ। ਘਟਨਾ ਇੰਜ ਵਾਪਰੀ ਸੀ...:
ਇਕ ਅੰਗਰੇਜ਼ ਪੁਲਸ ਸੁਪਰਡੈਂਟ ਨੇ ਸੂਰ ਦਾ ਸ਼ਿਕਾਰ ਕੀਤਾ ਤੇ ਆਪਣੇ ਮੁਸਲਮਾਨ ਬੈਰੇ ਨੂੰ ਉਸਨੂੰ ਚੁੱਕਣ ਦਾ ਹੁਕਮ ਦਿੱਤਾ। ਇਸਲਾਮ ਵਿਚ ਸੂਰ ਹਰਾਮ ਹੈ। ਬੈਰੇ ਨੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਸ ਅਫ਼ਸਰ ਨੇ ਉਸਨੂੰ ਗੋਲੀ ਮਾਰ ਦਿੱਤੀ। ਸਰਕਾਰ ਨੇ ਇਸ ਘਟਨਾ ਨੂੰ ਛਿਪਾਉਣਾ ਚਾਹਿਆ, ਪਰ 'ਪੰਜਾਬੀ' (ਅੰਗਰੇਜ਼ੀ) ਅਖ਼ਬਾਰ ਨੇ ਇਸਨੂੰ ਛਾਪ ਦਿੱਤਾ ਤੇ ਅੰਗਰੇਜ਼ ਅਫ਼ਸਰ ਉੱਤੇ ਕਤਲ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ। ਸਰਕਾਰ ਨੇ ਅਖ਼ਬਾਰ ਦੇ ਮਾਲਕ ਜਸਵੰਤ ਰਾਏ ਤੇ ਸੰਪਾਦਕ ਕੇ.ਕੇ. ਉਪਚਲੇ ਨੂੰ ਦੋ-ਦੋ ਸਾਲ ਸਖ਼ਤ ਕੈਦ ਦੀ ਸਜ਼ਾ ਦੇ ਕੇ ਜੇਲ੍ਹ ਭੇਜ ਦਿੱਤਾ। ਇਸ ਦੇ ਵਿਰੋਧ ਵਿਚ ਹਿੰਦੂ-ਮੁਸਲਮਾਨ ਸਾਰੇ ਇਕ ਜੁੱਟ ਹੋ ਕੇ ਉਠ ਖੜ੍ਹੇ ਹੋਏ। ਜਗ੍ਹਾ-ਜਗ੍ਹਾ ਸਭਾਵਾਂ ਹੋਈਆਂ ਤੇ ਜਲੂਸ ਨਿਕਲੇ। ਲਾਹੌਰ ਵਿਚ ਜਿਹੜਾ ਜਲੂਸ ਨਿਕਲਿਆ, ਉਹ ਬੜਾ ਹੀ ਜਬਰਦਸਤ ਸੀ ਤੇ ਉਸਦਾ ਨੇਤਰੀਤਵ ਸਵਰਨ ਸਿੰਘ ਕਰ ਰਹੇ ਸਨ।
ਸਰਕਾਰ ਨੇ ਸਵਰਨ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਗਿਰਫਤਾਰ ਕਰ ਲਿਆ ਤੇ ਨਿਆਂ ਦਾ ਨਾਟਕ ਰਚ ਕੇ 20 ਜੁਲਾਈ 1907 ਨੂੰ ਸਵਰਨ ਸਿੰਘ, ਬਹਾਲੀ ਰਾਮ, ਰਾਮ ਸਿੰਘ, ਘਸੀਟਾ ਰਾਮ ਤੇ ਗੋਵਰਧਨ ਦਾਸ ਨੂੰ ਡੇਢ-ਡੇਢ ਸਾਲ ਦੀ; ਲਾਲ ਚੰਦ ਫਲਕ ਨੂੰ ਇਕ ਸਾਲ ਦੀ ਸਖ਼ਤ ਕੈਦ ਤੇ ਗੰਧਰਵ ਸੈਨ ਨੂੰ ਤੀਹ ਬੈਂਤ ਮਾਰਨ ਦੀ ਸਜ਼ਾ ਦਿੱਤੀ। ਜੇਲ੍ਹ ਵਿਚ ਰਾਜਨੀਤਕ ਕੈਦੀਆਂ ਨੂੰ ਹਰ ਤਰ੍ਹਾਂ ਸਤਾਇਆ ਜਾਂਦਾ ਸੀ ਤੇ ਉਹਨਾਂ ਨਾਲ ਆਮ ਕੈਦੀਆਂ ਨਾਲੋਂ ਵੀ ਬਦਤਰ ਸਲੂਕ ਹੁੰਦਾ ਸੀ। ਸਰਦਾਰ ਸਵਰਨ ਸਿੰਘ ਤੇ ਮਹਾਸ਼ਾ ਘਸੀਟਾ ਰਾਮ ਨੂੰ ਬਲ੍ਹਦਾਂ ਵਾਂਗ ਹਲਟੀ ਨਾਲ ਜੋੜ ਦਿੱਤਾ ਗਿਆ। ਸਵਰਨ ਸਿੰਘ ਨੇ ਹਲਟੀ ਗੇੜਣ ਤੋਂ ਇਨਕਾਰ ਕਰ ਦਿੱਤਾ ਤੇ ਸਭ ਦੇ ਸਾਹਮਣੇ ਭਾਸ਼ਣ ਦਿੱਤਾ...“ਕੈਦੀ ਵੀ ਇਨਸਾਨ ਨੇ। ਉਹਨਾਂ ਨੂੰ ਗ਼ੈਰ-ਕਾਨੂੰਨੀ ਹੁਕਮਾਂ ਸਾਹਵੇਂ ਸਿਰ ਨਹੀਂ ਝੁਕਾਉਣਾ ਚਾਹੀਦਾ।” ਉਹਨਾਂ ਦੇ ਭਾਸ਼ਣ ਨਾਲ ਕੈਦੀ ਭੜਕ ਗਏ। ਜੇਲ੍ਹ ਵਾਲਿਆਂ ਨੂੰ ਪਗਲੀ ਘੰਟੀ ਵਜਾ ਕੇ ਉਹਨਾਂ ਨੂੰ ਬੈਰਕਾਂ ਵਿਚ ਬੰਦ ਕਰਨਾ ਪਿਆ।
ਇਹਨੀਂ ਦਿਨੀ ਸਰਦਾਰ ਕਿਸ਼ਨ ਸਿੰਘ ਤੇ ਸੂਫੀ ਅੰਬਾ ਪਰਸਾਦ ਉੱਪਰ ਰਾਜ-ਧਰੋ (ਨੇਪਾਲ ਤੋਂ ਵਾਪਸ ਆਉਣ ਉੱਤੇ) ਦਾ ਮੁਕੱਦਮਾ ਚੱਲ ਰਿਹਾ ਸੀ। ਹਾਈ-ਕੋਰਟ ਨੇ ਦੋਹਾਂ ਨੂੰ ਜਮਾਨਤ ਉੱਤੇ ਰਿਹਾ ਕਰ ਦਿੱਤਾ ਤੇ ਇਤਫ਼ਾਕ ਦੀ ਗੱਲ ਇਹ ਕਿ ਦੋਹੇਂ ਉਸ ਦਿਨ ਘਰ ਵਾਪਸ ਆਏ, ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ। ਉਸੇ ਦਿਨ ਇਹ ਸੂਚਨਾ ਵੀ ਮਿਲੀ ਕਿ ਅਜੀਤ ਸਿੰਘ ਵੀ ਛੇਤੀ ਹੀ ਰਿਹਾਅ ਹੋ ਜਾਣਗੇ। ਉਹਨਾਂ ਨੂੰ ਤੇ ਲਾਲਾ ਲਾਜਪਤ ਰਾਏ ਨੂੰ 11 ਨਵੰਬਰ 1907 ਨੂੰ ਮਾਂਡਲੇ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ।
ਸਰਕਾਰ ਨੇ ਲਾਜਪਤ ਰਾਏ ਤੇ ਅਜੀਤ ਸਿੰਘ ਦੀ ਰਿਹਾਈ ਦਾ ਕਾਰਨ ਇਹ ਦੱਸਿਆ ਸੀ ਕਿ...“ਉਹਨਾਂ ਨੂੰ ਜਾਰਜ ਪੰਜਮ ਦੀ ਤਾਜਪੋਸ਼ੀ ਦੀ ਖੁਸ਼ੀ ਵਿਚ ਛੱਡ ਦਿੱਤਾ ਗਿਆ ਹੈ।” ਕਾਰਨ ਦਰਅਸਲ ਇਹ ਸੀ ਕਿ ਅੰਦੋਲਨ ਨੂੰ ਦਮਨ ਨਾਲ ਦਬਾਉਣਾ ਸੰਭਵ ਨਹੀਂ ਸੀ। ਦਮਨ ਨਾਲ ਉਹ ਭੂਮੀਗਤ ਚਲਾ ਗਿਆ ਸੀ ਤੇ ਸਮੇਂ-ਸਮੇਂ ਕਿਸੇ ਨਾ ਕਿਸੇ ਘਟਨਾ ਦੇ ਬਹਾਨੇ ਲਾਵੇ ਵਾਂਗ ਫੁੱਟ ਪੈਂਦਾ ਸੀ ਤੇ ਆਪਣੀ ਲੋਕ-ਵਾਹਰੂ ਸ਼ਕਤੀ ਦਾ ਸਬੂਤ ਦੇਂਦਾ ਰਹਿੰਦਾ ਸੀ। ਕਿਸਾਨ-ਜਨਤਾ ਵਿਚ ਫ਼ੈਲੇ ਵਿਦਰੋਹ ਦੀਆਂ ਲਾਟਾਂ ਸੈਨਾਂ ਤੀਕ ਜਾ ਪਹੁੰਚੀਆਂ ਸਨ ਤੇ ਉੱਥੋਂ ਵੀ ਬਗ਼ਾਵਤ ਦਾ ਧੂੰਆਂ ਉਠਣ ਲੱਗ ਪਿਆ ਸੀ। ਭਗਤ ਸਿੰਘ ਨੇ ਲਿਖਿਆ ਹੈ...:
“ਲਾਹੌਰ ਵਿਚ ਹੋਏ ਦੰਗਿਆਂ ਪਿੱਛੋਂ ਮਿਊਂਸਪਲ ਬੋਰਡ ਨੇ ਇਕ ਮਤਾ ਪਾਸ ਕਰਕੇ ਸ਼ਹਿਰ ਦੇ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕਰ ਦਿੱਤੀ ਕਿ ਉਹ ਵਿਦਿਆਰਥੀਆਂ ਨੂੰ ਰਾਜਨੀਤਕ ਅੰਦੋਲਨ ਵਿਚ ਹਿੱਸਾ ਲੈਣ ਤੋਂ ਰੋਕਣ ਤੇ ਉਹਨਾਂ ਨੂੰ ਹੋਸਟਲਾਂ ਵਿਚੋਂ ਬਾਹਰ ਨਾ ਜਾਣ ਦੇਣ। ਜੇ ਵਿਦਿਆਰਥੀ ਉਹਨਾਂ ਦੀ ਆਗਿਆ ਦਾ ਪਾਲਨ ਨਾ ਕਰਨ ਤਾਂ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ।”
ਇਸ ਮਤੇ ਬਾਰੇ ਲੋਕਮਾਨਯ ਤਿਲਕ ਨੇ ਆਪਣੇ ਮਰਾਠੀ ਪਰਚੇ 'ਕੇਸਰੀ' ਵਿਚ ਜਬਰਦਸਤ ਲੇਖ ਲਿਖਿਆ ਕਿ 'ਇਹਨਾਂ ਦੰਗਿਆਂ ਦਾ ਕਿਸਨੂੰ ਦੁੱਖ ਜਾਂ ਅਫ਼ਸੋਸ ਨਹੀਂ ਹੋਏਗਾ। ਪਰ ਮਿਊਂਸਪਲ ਬੋਰਡ ਦੇ ਇਸ ਫ਼ੈਸਲੇ ਦਾ ਭਾਵ ਕੀ ਹੈ? ਪੰਜਾਹ ਵਰ੍ਹੇ ਬਾਅਦ ਅੱਜ ਦੇਸ਼ ਦੇ ਨੌਜਵਾਨਾਂ ਵਿਚ ਥੋੜ੍ਹੀ ਜਿਹੀ ਜਾਗ੍ਰਤੀ ਆਈ ਹੈ। ਉਸਨੂੰ ਸਾਧਾਰਨ ਜਿਹੇ ਦੰਗੇ ਕਾਰਨ ਨਸ਼ਟ ਕਰ ਦੇਣ ਦਾ ਮੱਤਾ ਕਿਉਂ ਪਾਇਆ ਜਾਏ। ਅੱਜ ਨੌਜਵਾਨਾਂ ਵਿਚ ਦੇਸ਼-ਭਗਤੀ ਦੀਆਂ ਭਾਵਨਾਵਾਂ ਫੁੱਟ ਰਹੀਆਂ ਹਨ ਤੇ ਉਹ ਆਜ਼ਾਦੀ ਲਈ ਬੇਚੈਨ ਹਨ ਤਾਂ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਕਿ ਉਹ ਇੰਜ ਆਪਣੀ ਸ਼ਕਤੀ ਨਸ਼ਟ ਨਾ ਕਰਨ।'
ਜਨਤਾ ਜੋਸ਼ ਵਿਚ ਆ ਕੇ ਜਦੋਂ ਕੁਝ ਕਰ ਬਹਿੰਦੀ ਸੀ ਤਾਂ ਗਰਮ-ਦਲ ਦੀ ਨੀਤੀ ਇਹ ਹੁੰਦੀ ਸੀ ਕਿ ਉਸਨੂੰ ਸਹੀ ਦਿਸ਼ਾ ਦਿੱਤੀ ਜਾਵੇ। ਗਰਮ-ਦਲ ਦੇ ਨੇਤਾ ਜਾਣਦੇ ਸਨ ਕਿ ਜਦੋਂ ਜਨਤਾ ਵਿਚ ਜਾਗ੍ਰਤੀ ਆਉਂਦੀ ਹੈ ਤਾਂ ਉਸ ਨਾਲ ਜੋਸ਼ ਤੇ ਬੇਚੈਨੀ ਦਾ ਵਧਣਾ ਵੀ ਇਕ ਸੁਭਾਵਿਕ ਪ੍ਰਤੀਕਰਮ ਹੁੰਦਾ ਹੈ। ਉਹ ਇਹ ਵੀ ਜਾਣਦੇ ਸਨ ਕਿ ਫੂਕ-ਫੂਕ ਪੈਰ ਰੱਖਣ ਵਾਲੇ ਭੱਦਰ-ਪੁਰਸ਼ ਸੁਤੰਤਰਤਾ-ਸੰਗਰਾਮ ਵਿਚ ਬਹੁਤੀ ਦੇਰ ਨਹੀਂ ਟਿਕ ਸਕਦੇ। ਰਾਸ਼ਟਰ ਦੇ ਅਸਲੀ ਨਿਰਮਾਤਾ ਤਾਂ ਨੌਜਵਾਨ ਹੀ ਹੁੰਦੇ ਹਨ। ਕਿਸੇ ਨੇ ਸੱਚ ਕਿਹਾ ਹੈ...'ਸੁਧਾਰ ਬੁੱਢੇ ਲੋਕ ਨਹੀਂ ਕਰ ਸਕਦੇ। ਉਹ ਤਾਂ ਬੜੇ ਬੁੱਧੀਮਾਨ ਤੇ ਸਮਝਦਾਰ ਹੁੰਦੇ ਨੇ। ਸੁਧਾਰ ਹੁੰਦਾ ਹੈ ਨੌਜਵਾਨਾਂ ਦੀ ਮਿਹਨਤ, ਹੌਸਲੇ, ਬਲੀਦਾਨ ਤੇ ਪੱਕੇ ਇਰਾਦੇ ਨਾਲ, ਜਿਹੜੇ ਭੈਭੀਤ ਹੋਣਾ ਜਾਣਦੇ ਹੀ ਨਹੀਂ ਹੁੰਦੇ¸ਜਿਹੜੇ ਵਿਚਾਰ ਘੱਟ ਤੇ ਕੰਮ ਵਧੇਰੇ ਕਰਦੇ ਨੇ।'
ਲੱਗਦਾ ਹੈ ਉਸ ਸਮੇਂ ਇਸ ਸੂਬੇ (ਪੰਜਾਬ) ਦੇ ਨੌਜਵਾਨ ਇਹਨਾਂ ਭਾਵਨਾਵਾਂ ਤੋਂ ਪਰੇਰਤ ਹੋ ਕੇ ਹੀ ਸੁਤੰਤਰਤਾ-ਸੰਗਰਾਮ ਵਿਚ ਕੁੱਦ ਪਏ ਸਨ। ਤਿੰਨ ਮਹੀਨੇ ਪਹਿਲਾਂ ਜਿੱਥੇ ਬਿਲਕੁਲ ਚੁੱਪ ਵਾਪਰੀ ਹੋਈ ਸੀ, ਸਵਦੇਸ਼ੀ ਤੇ ਸਵਰਾਜ ਦਾ ਅੰਦੋਲਨ ਏਨਾ ਬਲਵਾਨ ਹੋ ਗਿਆ ਕਿ ਨੌਕਰਸ਼ਾਹੀ ਘਬਰਾ ਗਈ। ਉਧਰ ਲਾਇਲਪੁਰ ਆਦੀ ਜ਼ਿਲਿਆਂ ਵਿਚ ਨਿਊ ਕਾਲੋਨੀ ਐਕਟ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਸੀ—ਇਧਰ ਕਿਸਾਨਾਂ ਦੀ ਹਮਦਰਦੀ ਵਿਚ ਰੇਲਵੇ ਮਜ਼ਦੂਰਾਂ ਨੇ ਵੀ ਹੜਤਾਲ ਕਰ ਦਿੱਤੀ ਤੇ ਉਹਨਾਂ ਦੀ ਸਹਾਇਤਾ ਲਈ ਫੰਡ ਵੀ ਇਕੱਠਾ ਕੀਤਾ। ਨਤੀਜਾ ਇਹ ਹੋਇਆ ਕਿ ਅਪ੍ਰੈਲ ਦੇ ਅੰਤ ਤਕ ਸਰਕਾਰ ਘਬਰਾ ਗਈ।
ਮਤਲਬ ਇਹ ਕਿ ਸਰਕਾਰ ਦੀ ਦਮਨ ਨੀਤੀ ਅਸਫਲ ਹੋਈ ਤੇ ਆਖ਼ਰ ਉਸਨੂੰ ਰਾਸ਼ਟਰ ਦੀ ਸ਼ਕਤੀ ਸਾਹਮਣੇ ਝੁਕਣਾ ਪਿਆ। ਜਨਤਾ ਨੂੰ ਸੰਤੁਸ਼ਟ ਕਰਨ ਲਈ ਨਿਊ ਕਾਲੋਨੀ ਐਕਟ ਰੱਦ ਕਰ ਦਿੱਤਾ ਗਿਆ ਤੇ ਬੰਗ-ਭੰਗ ਯੋਜਨਾ ਵੀ ਵਾਪਸ ਲੈਣੀ ਪਈ।
ਆਪਣੇ ਆਪ ਨੂੰ ਅਜਿੱਤ ਮੰਨਣ ਵਾਲੇ ਸਾਮਰਾਜਵਾਦ ਉੱਪਰ ਸਾਡੇ ਰਾਸ਼ਟਰ ਦੀ ਇਹ ਪਹਿਲੀ ਸ਼ਾਨਦਾਰ ਜਿੱਤ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਰਾਸ਼ਟਰੀ ਸਵਾਧੀਨਤਾ-ਸੰਗਰਾਮ ਦੇ ਇਤਿਹਾਸ ਵਿਚ ਇਸ ਗੌਰਵਮਈ ਜਿੱਤਾ ਦਾ ਜ਼ਿਕਰ ਅੰਗਰੇਜ਼ਾਂ ਦੇ ਹੁੰਦਿਆਂ ਤਾਂ ਕੀ, ਉਹਨਾਂ ਦੇ ਚਲੇ ਜਾਣ ਪਿੱਛੋਂ ਵੀ ਨਹੀਂ ਹੋਇਆ। ਕਾਰਨ ਸਪਸ਼ਟ ਹੈ ਕਿ ਸੱਤਾ— ਸੱਚ ਤੇ ਅਹਿੰਸਾ ਦਾ ਫੋਕਾ ਰਾਗ ਅਲਾਪਣ ਵਾਲੇ ਹੱਥਾਂ ਵਿਚ ਆ ਗਈ...।
ਖ਼ੈਰ, ਇਸ ਵਿਸ਼ੇ ਉੱਤੇ ਰਾਸ਼ਟਰਵਾਦੀ ਦੇਸ਼ ਭਗਤਾਂ ਯਾਨੀ ਗਰਮ-ਦਲੀਆਂ ਦਾ ਬੋਲਬਾਲਾ ਰਿਹਾ ਤੇ ਉਹਨਾਂ ਮਾਡਰੇਟਾਂ ਯਾਨੀ ਨਰਮ-ਦਲੀਆਂ ਦੇ ਮੂੰਹ ਉੱਤੇ ਕਾਲਸ ਪੁਚ ਗਈ ਜਿਹਨਾਂ ਕਲਕੱਤਾ (1906) ਦੇ ਚਾਰ ਸੂਤਰੀ ਮਤੇ ਤੇ ਇਸ ਅੰਦੋਲਨ ਦੇ ਵਿਰੋਧ ਵਿਚ ਧੂੰਆਂਧਾਰ ਭਾਸ਼ਣ ਦੇ ਕੇ ਆਪਣੀ ਰਾਜ-ਭਗਤੀ ਦਾ ਸਬੂਤ ਦਿੱਤਾ ਸੀ।
1907 ਦਾ ਕਾਂਗਰਸ ਦਾ ਇਜਲਾਸ ਅਹਿਮਦਾਬਾਦ ਦੀ ਬਜਾਏ ਸੂਰਤ ਵਿਚ ਹੋਇਆ ਕਿਉਂਕਿ ਰਾਜ-ਭਗਤਾਂ ਨੂੰ ਇਹ ਭਰਮ ਸੀ ਕਿ ਸੂਰਤ ਵਿਚ ਉਹਨਾਂ ਦਾ ਪ੍ਰਭਾਵ ਵਧੇਰੇ ਹੈ। ਤਿਲਕ ਦੇ ਸੱਦੇ ਉੱਪਰ ਕਿਸ਼ਨ ਸਿੰਘ ਤੇ ਅਜੀਤ ਸਿੰਘ ਵੀ ਸੂਰਤ ਗਏ ਤੇ ਰਾਜ-ਭਗਤਾਂ ਨਾਲ ਨਜਿੱਠਣ ਦਾ ਗੁਰਮਤਾ ਹੋਇਆ। ਪ੍ਰਧਾਨ ਦੀ ਚੋਣ ਸਮੇਂ ਜਿਹੜਾ ਹੱਲਾ-ਹੰਗਾਮਾ ਹੋਇਆ, ਉਸ ਵਿਚ ਜੁੱਤੀਆਂ ਚੱਲੀਆਂ, ਡੰਡੇ ਚੱਲੇ ਤੇ ਰਾਜ-ਭਗਤਾਂ ਤੇ ਉਹਨਾਂ ਦੇ ਸਰਕਾਰੀ ਗੁੰਡਿਆਂ ਦੀ ਖ਼ੂਬ ਮੁਰੰਮਤ ਹੋਈ। ਕਿਹਾ ਜਾਂਦਾ ਹੈ, ਡੰਡੇ 'ਭਾਰਤ ਮਾਤਾ ਸੁਸਾਇਟੀ' ਦੇ ਸਨ।
ਪਿੱਛੋਂ ਸਮਝੌਤੇ ਦੀ ਗੱਲ ਤੁਰੀ ਤਾਂ ਤਿਲਕ ਨੇ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਕਿ 'ਮਾਡਰੇਟ ਪ੍ਰਧਾਨ ਭਾਵੇਂ ਕਾਲੇ ਕੁੱਤੇ ਨੂੰ ਬਣਾ ਲੈਣ, ਪਰ ਕਲਕੱਤੇ ਵਾਲੇ ਅਜੰਡੇ ਤੋਂ ਪਿੱਛੇ ਨਾ ਹਟਣ।' ਮਾਡਰੇਟਾਂ ਨੂੰ ਇਹ ਮੰਜ਼ੂਰ ਨਹੀਂ ਸੀ। ਸਿੱਟਾ ਇਹ ਹੋਇਆ ਕਿ ਕਾਂਗਰਸ ਰਾਜ-ਭਗਤਾਂ ਤੇ ਦੇਸ਼-ਭਗਤਾਂ ਵਿਚ ਵੰਡੀ ਗਈ।
ਇਸੇ ਸਿਲਸਿਲੇ ਵਿਚ ਪਿੱਛੋਂ ਹੋਈ ਇਕ ਘਟਨਾ ਦਾ ਜ਼ਿਕਰ ਕਰਨਾ, ਕੋਈ ਵਾਧੂ ਗੱਲ ਨਹੀਂ ਹੋਏਗੀ। 1939 ਦੀ ਪ੍ਰਧਾਨਗੀ ਦੀ ਚੋਣ ਸਮੇਂ ਜਦੋਂ ਸੁਭਾਸ਼ ਚੰਦਰ ਬੋਸ ਨੇ ਗਾਂਧੀ ਦੇ ਉਮੀਦਵਾਰ ਪੱਟਾਭਿ ਸੀਤਾਰਾਮੈਯਾ ਨੂੰ ਹਰਾ ਦਿੱਤਾ, ਸਮਾਜਵਾਦੀ ਜਵਾਹਰ ਲਾਲ ਦੱਖਣ-ਪੰਥੀਆਂ ਨਾਲ ਜਾ ਮਿਲਿਆ ਤੇ ਉਸਨੇ ਸੁਭਾਸ਼ ਉੱਤੇ ਉਹ ਦੋਸ਼ ਲਾਏ ਜਿਹੜੇ ਗਾਂਧੀਵਾਦੀ ਵੀ ਨਹੀਂ ਸਨ ਲਾ ਸਕੇ। ਸੁਭਾਸ਼ ਨੇ ਆਪਣੇ ਮਨ ਦਾ ਗੁੱਸਾ ਪਰਗਟ ਕਰਦਿਆਂ ਹੋਇਆਂ ਜਵਾਹਰ ਲਾਲ ਨੂੰ ਇਕ ਲੰਮਾ ਖ਼ਤ ਲਿਖਿਆ, ਜਿਸ ਵਿਚ ਉਹ ਕਹਿੰਦੇ ਨੇ...:
“...ਇਕ ਹੋਰ ਵਿਚਾਰ ਹੈ, ਜਿਸ ਦਾ ਤੂੰ ਅਕਸਰ ਰਾਗ ਅਲਾਪਦਾ ਹੈਂ...ਉਸ ਬਾਰੇ ਵੀ ਮੈਂ ਕੁਝ ਕਹਿਣਾ ਚਾਹਾਂਗਾ। ਮੇਰਾ ਮਤਲਬ ਰਾਸ਼ਟਰੀ-ਏਕਤਾ ਦੇ ਵਿਚਾਰ ਤੋਂ ਹੈ। ਮੈਂ ਵੀ ਇਸ ਵਿਚਾਰ ਦਾ ਪੂਰਾ ਸਮਰਥਕ ਹਾਂ, ਜਿਵੇਂ ਕਿ ਮੈਂ ਮੰਨਦਾ ਹਾਂ, ਸਾਰਾ ਦੇਸ਼ ਹੀ ਹੈ। ਪਰ ਇਸਦੀ ਇਕ ਪ੍ਰੱਤਖ ਸੀਮਾ ਹੈ। ਜਿਸ ਏਕਤਾ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਕਾਇਮ ਰੱਖਣਾ ਚਾਹੁੰਦੇ ਹਾਂ, ਉਹ ਕੰਮ ਕਰਨ ਦੀ ਏਕਤਾ ਹੋਣੀ ਚਾਹੀਦੀ ਹੈ, ਹੱਥ 'ਤੇ ਹੱਥ ਧਰਕੇ ਬੈਠੇ ਰਹਿਣ ਦੀ ਨਹੀਂ। ਇਕ ਪਾਰਟੀ ਜੇ ਦੋ ਟੁਕੜਿਆਂ ਵਿਚ ਵੰਡੀ ਜਾਂਦੀ ਹੈ ਤਾਂ ਇਹ ਹਮੇਸ਼ਾ ਹੀ ਬੁਰਾ ਨਹੀਂ ਹੁੰਦਾ। ਅਜਿਹੇ ਮੌਕੇ ਵੀ ਆਉਂਦੇ ਹਨ, ਜਦ ਅੱਗੇ ਵਧਣ ਲਈ ਵੱਖਰੇ ਹੋਣਾ ਜ਼ਰੂਰੀ ਹੁੰਦਾ ਹੈ। ਜਦ ਰੂਸ ਦੀ ਸੋਸ਼ਲ ਡੈਮੋਕਰੇਟਕ ਪਾਰਟੀ ਸਨ 1903 ਵਿਚ ਟੁੱਟੀ ਤੇ ਬੋਲਸ਼ੇਵਿਕ ਤੇ ਮੇਨਸ਼ੇਵਿਕ ਹੋਂਦ ਵਿਚ ਆਏ ਤਾਂ ਲੇਨਿਨ ਨੇ ਸੁਖ ਦਾ ਸਾਹ ਲਿਆ ਸੀ। ਮੇਨਸ਼ੇਵਿਕਾਂ ਦਾ ਭਾਰੀ ਬੋਝ ਸਿਰ ਤੋਂ ਲੱਥ ਗਿਆ ਸੀ ਤੇ ਲੇਨਿਨ ਨੇ ਮਹਿਸੂਸ ਕੀਤਾ ਸੀ ਕਿ ਆਖ਼ਰ ਤੇਜ਼ ਤੱਰਕੀ ਦਾ ਰਾਹ ਖੁੱਲ੍ਹ ਗਿਆ ਹੈ। ਭਾਰਤ ਵਿਚ ਜਦ ਮਾਡਰੇਟ (ਨਰਮਦਲੀ) ਕਾਂਗਰਸ ਨਾਲੋਂ ਵੱਖ ਹੋ ਗਏ ਤਾਂ ਕਿਸੇ ਵੀ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਆਦਮੀ ਨੇ ਇਸ ਅਲਹਿਦਗੀ ਉੱਪਰ ਅਫ਼ਸੋਸ ਪਰਗਟ ਨਹੀਂ ਕੀਤਾ...ਤੂੰ ਗਾਂਧੀ-ਇਰਵਿਨ ਸਮਝੌਤੇ ਦੇ ਖ਼ਿਲਾਫ਼ ਸੈਂ, ਪਰ ਤੂੰ ਉਸਨੂੰ ਵੀ ਏਕਤਾ ਦੇ ਨਾਂਅ ਉੱਤੇ ਸਵੀਕਾਰ ਕਰ ਲਿਆ...”
ਮਾਡਰੇਟ, ਜਿਵੇਂ ਕਿ ਉਹਨਾਂ ਦਾ ਦਸਤੂਰ ਸੀ, ਸੰਮੇਲਨ ਪਿੱਛੋਂ ਹੱਥ 'ਤੇ ਹੱਥ ਧਰ ਕੇ ਬੈਠ ਗਏ। ਪਰ ਦੇਸ਼-ਭਗਤਾਂ ਨੇ ਜਨਤਾ ਦੇ ਉਤਸਾਹ ਨੂੰ ਜਗਾਈ ਰੱਖਣ ਤੇ ਅੰਦੋਲਨ ਨੂੰ ਆਜ਼ਾਦੀ ਦੀ ਮੰਜ਼ਿਲ ਤਕ ਪਹੁੰਚਾਉਣ ਲਈ ਕਮਰ ਕਸੇ ਕਰ ਲਏ। ਉਹਨਾਂ ਲਈ ਤੇਜ਼ੀ ਨਾਲ ਅੱਗੇ ਵਧਣ ਦਾ ਰਾਹ ਖੁੱਲ੍ਹ ਗਿਆ ਸੀ।
ਅਜੀਤ ਸਿੰਘ ਜਦੋਂ ਮਾਂਡਲੇ ਵਿਚ ਨਜ਼ਰਬੰਦ ਸਨ ਤਾਂ ਉਹਨਾਂ ਆਪਣਾ ਵਧੇਰੇ ਸਮਾਂ ਸੰਸਾਰ ਦੀਆਂ ਕਰਾਂਤੀਆਂ ਦਾ ਨੇਤਰੀਤਵ ਕਰਨ ਵਾਲੇ ਯੋਧਿਆਂ ਦੇ ਜੀਵਨ-ਚਰਿੱਤਰ ਪੜ੍ਹਨ ਵਿਚ ਲਾਇਆ ਤੇ ਇਸ ਅਧਿਅਨ ਦੇ ਆਧਾਰ ਉੱਤੇ 'ਸੁਹਬਾਨੇ-ਵਤਨ' (ਦੇਸ਼-ਭਗਤ) ਨਾਂ ਦੀ ਕਿਤਾਬ ਲਿਖੀ। ਸੂਫੀ ਅੰਬਾ ਪਰਸਾਦ ਦੀ ਲਿਖੀ ਭੂਮਿਕਾ ਦੇ ਨਾਲ ਜਦੋਂ ਉਹ ਛਪੀ ਤਾਂ ਉਸਦਾ ਬੜਾ ਸਵਾਗਤ ਹੋਇਆ। ਅੰਗਰੇਜ਼ ਸਰਕਾਰ ਨੇ ਉਸਨੂੰ ਜਬਤ ਕਰ ਲਿਆ, ਪਰ ਜਬਤ ਕਰਨ ਨਾਲ ਉਸਦੀ ਲੋਕ-ਚਰਚਾ ਹੋਰ ਵਧ ਹੋਈ।
ਅਜੀਤ ਸਿੰਘ ਮਾਂਡਲੇ ਤੋਂ ਵਾਪਸ ਆਉਂਦੇ ਹੀ 'ਭਾਰਤ ਮਾਤਾ ਸੋਸਾਇਟੀ' ਦੇ ਕੰਮ ਵਿਚ ਜੁਟ ਗਏ ਸਨ। ਭਾਰਤ ਮਾਤਾ ਬੁੱਕ ਏਜੰਸੀ ਰਾਹੀਂ ਲਾਹੌਰ ਵਿਚ ਕਰਾਂਤੀਕਾਰੀ ਸਾਹਿਤ ਧੜਾਧੜ ਛਪਦਾ ਸੀ। ਸੂਫੀ ਅੰਬਾ ਪਰਸਾਦ, ਅਜੀਤ ਸਿੰਘ ਦੀ ਸੱਜੀ ਬਾਂਹ ਸਨ ਤੇ ਕੰਮ ਕਰਨ ਵਾਲਿਆਂ ਦੀ ਇਕ ਵਧੀਆ ਟੀਮ ਉਹਨਾਂ ਨਾਲ ਸੀ। ਜਿਹੜਾ ਸਾਹਿਤ ਜਬਤ ਹੋ ਜਾਂਦਾ ਸੀ, ਉਹ ਵੀ ਗੁਪਤ ਰੂਪ ਵਿਚ ਛਪਦਾ ਤੇ ਵੰਡਿਆ ਜਾਂਦਾ ਸੀ। 'ਪੇਸ਼ਵਾ' ਨਾਂ ਦਾ ਇਕ ਰੋਜ਼ਾਨਾ ਪਰਚਾ ਸੀ, ਜਿਹੜਾ ਉਹਨੀਂ ਦਿਨੀ ਸਭ ਤੋਂ ਵੱਧ ਪੜ੍ਹਿਆ ਜਾਂਦਾ ਸੀ।
ਓਹਨਾਂ ਦਿਨਾਂ ਸੀ ਸਭ ਤੋਂ ਮਹੱਤਵਪੂਰਨ ਘਟਨਾ ਇਹ ਸੀ ਕਿ ਜਿਵੇਂ ਕੂਕਾ ਵਿਦਰੋਹੀਆਂ ਨੇ ਆਪਣੀ ਕੋਡ-ਭਾਸ਼ਾ ਬਣਾਈ ਸੀ, ਜਿਸਨੂੰ ਸਿਰਫ਼ ਉਹੀ ਸਮਝਦੇ ਸਨ, ਉਸੇ ਤਰ੍ਹਾਂ ਅਜੀਤ ਸਿੰਘ ਨੇ ਵੀ ਗੁਪਤ ਕਰਾਂਤੀਕਾਰੀ ਸੰਗਠਨ ਦੀ ਕੋਡ-ਭਾਸ਼ਾ ਬਣਾਈ। ਇਹ ਭਾਸ਼ਾ ਹਰ ਪੱਖੋਂ ਪੂਰਨ ਸੀ, ਪਰ ਇਸਨੂੰ ਕਰਾਂਤੀਕਾਰੀ ਸੰਗਠਨ ਦੇ ਮੈਂਬਰ ਹੀ ਸਮਝ ਸਕਦੇ ਸਨ।
ਹੁਣ ਅੰਦੋਲਨ ਦੇ ਖੁੱਲ੍ਹਾ ਤੇ ਗੁਪਤ ਦੋ ਰੂਪ ਸਨ। ਖੁੱਲ੍ਹੇ ਤੌਰ 'ਤੇ ਸਾਹਿਤ ਵੀ ਛਪਦਾ ਸੀ ਤੇ ਜਲਸੇ, ਜਲੂਸ, ਭਾਸ਼ਣ ਤੇ ਰੈਲੀਆਂ ਵੀ ਹੁੰਦੀਆਂ ਸਨ। ਗੁਪਤ ਸੰਗਠਨ ਦੀ ਜਿਹੜੀ ਯੋਜਨਾ ਬਣਾਈ ਗਈ ਉਸ ਦੀਆਂ ਜੜਾਂ ਦੇਸ਼ ਤੋਂ ਵਿਦੇਸ਼ ਤਕ ਫ਼ੈਲੀਆਂ ਹੋਈਆਂ ਸਨ ਤੇ ਉਸ ਯੋਜਨਾ ਦਾ ਮੂਲ-ਆਧਾਰ ਇਹ ਸੀ ਕਿ ਨੇੜਲੇ ਭਵਿੱਖ ਵਿਚ ਯੁੱਧ ਛਿੜਨ ਵਾਲਾ ਹੈ। ਸਿਰੇ ਦੀ ਗੱਲ ਇਹ ਕਿ ਜਦੋਂ ਅੰਗਰੇਜ਼ ਬੁਰੀ ਤਰ੍ਹਾਂ ਫਸੇ ਹੋਏ ਹੋਣ, ਸਾਰੇ ਦੇਸ਼ ਵਿਚ ਕਰਾਂਤੀ ਕਰ ਦਿੱਤੀ ਜਾਵੇ ਤੇ ਉਸਨੂੰ ਵਿਦੇਸ਼ਾਂ ਤੋਂ ਮਦਦ ਮਿਲੇ। ਫ਼ੈਸਲਾ ਹੋਇਆ ਕਿ ਲਾਲਾ ਹਰਦਿਆਲ ਅਮਰੀਕਾ, ਸੂਫੀ ਅੰਬਾ ਪਰਸਾਦ ਅਫ਼ਗਾਨਿਸਤਾਨ-ਇਰਾਨ, ਨਿਰੰਜਨ ਸਿੰਘ ਬਰਾਜ਼ੀਲ ਜਾਣ ਤੇ ਅਜੀਤ ਸਿੰਘ ਦੇਸ਼ ਵਿਚ ਰਹਿ ਕੇ ਆਪਣੀ ਮਾਂਡਲੇ ਜਾਣ ਕਰਕੇ ਮਿਲੀ ਪ੍ਰਸਿੱਧੀ ਤੇ ਤਿਲਕ ਦੇ ਸੰਬੰਧਾਂ ਦੇ ਆਧਾਰ 'ਤੇ ਵੱਖ-ਵੱਖ ਕਰਾਂਤੀਕਾਰੀ ਸੰਗਠਨਾਂ ਵਿਚ ਏਕਤਾ ਕਾਇਮ ਕਰਨ।
ਇਹਨੀਂ ਦਿਨੀ ਇਕ ਬੰਗਾਲੀ ਕਰਾਂਤੀਕਾਰੀ ਚੰਦਰ ਕੁਮਾਰ ਚਕਰਵਰਤੀ ਪੰਜਾਬ ਆਇਆ ਤੇ ਗੁਪਤ ਸੰਗਠਨ ਵਿਚ ਅਜੀਤ ਸਿੰਘ ਦਾ ਹੱਥ ਵੰਡਾਉਣ ਲੱਗਾ। ਉਸਦਾ ਨਾਂ ਫਰਿਸ਼ਤਾ ਰੱਖ ਦਿੱਤਾ ਗਿਆ। ਆਦਮੀ ਹੁਸ਼ਿਆਰ ਸੀ। ਸੰਗਠਨ ਖ਼ੂਬ ਫ਼ੈਲਿਆ। ਸਭਾਵਾਂ ਤੇ ਭਾਸ਼ਣਾ ਦਾ ਸਿਲਸਿਲਾ ਵੀ ਜਾਰੀ ਸੀ। ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਲਾਹੌਰ ਦੇ ਬਰੇਡਲਾ ਹਾਲ ਵਿਚ ਇਕ ਆਮ ਸਭਾ ਕੀਤੀ ਜਾ ਰਹੀ ਸੀ। ਫਰਿਸ਼ਤਾ ਜੀ ਨੂੰ ਵੀ ਭਾਸ਼ਣ ਦੇਣ ਦਾ ਸ਼ੌਕ ਜਾਗਿਆ। ਜਦੋਂ ਅਜੀਤ ਸਿੰਘ ਨੇ ਭਾਸ਼ਣ ਮੁਕਾਇਆ ਤਾਂ ਉਹ ਕਿਸੇ ਆਮ ਆਦਮੀ ਵਾਂਗ ਸਟੇਜ ਉੱਤੇ ਚੜ੍ਹ ਗਏ ਤੇ ਅੰਗਰੇਜ਼ੀ ਵਿਚ ਫਰਫਰ ਬੋਲਣਾ ਸ਼ੁਰੂ ਕਰ ਦਿੱਤਾ। ਲੋਕਾਂ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ, ਪਰ ਉਹਨਾਂ ਦੇ ਆਖ਼ਰੀ ਵਾਕ ਉੱਤੇ ਤਾੜੀਆਂ ਦੀ ਗੜਗੜਾਹਟ ਨਾਲ ਹਾਲ ਕੀ, ਆਸਮਾਨ ਵੀ ਗੂੰਜ ਉਠਿਆ। ਵਾਕ ਸੀ...“ਦਿ ਡਾਗ ਆਫ ਇੰਡੀਆ ਇਜ਼ ਬੈਟਰ ਦੈਨ ਦੀ ਗਾਡ ਆਫ ਇੰਗਲੈਂਡ।” ਯਾਨੀ ਕਿ 'ਇੰਗਲੈਂਡ ਦੇ ਈਸ਼ਵਰ ਨਾਲੋਂ ਭਾਰਤ ਦਾ ਕੁੱਤਾ ਵੀ ਬਿਹਤਰ ਹੈ।'
ਵਾਕ ਖ਼ਤਮ ਹੁੰਦਿਆਂ ਹੀ ਉਹ ਛਾਲ ਮਾਰ ਕੇ ਸਟੇਜ ਉੱਤੋਂ ਉਤਰਿਆ ਤੇ ਸ਼ਰੋਤਿਆਂ ਵਿਚ ਜਾ ਰਲਿਆ। ਅਜੀਤ ਸਿੰਘ ਨੇ ਕਿਹਾ, “ਅਜੀਬ ਆਦਮੀ ਸੀ, ਬਿਨਾਂ ਮੈਥੋਂ ਇਜਾਜ਼ਤ ਲਿਆਂ ਆਇਆ ਤੇ ਜੋ ਜੀਅ ਵਿਚ ਆਇਆ ਬੋਲ ਕੇ ਚਲਿਆ ਗਿਆ। ਮੇਰਾ ਉਸ ਨਾਲ ਤੇ ਉਸਦੇ ਵਿਚਾਰਾਂ ਨਾਲ ਕੋਈ ਸੰਬੰਧ ਨਹੀਂ। ਕੋਈ ਦੱਸ ਸਕਦੈ, ਉਹ ਹਜਰਤ ਕੌਣ ਸੀ?”
ਕਿਸੇ ਨੇ ਕੀ ਦੱਸਣਾ ਸੀ। ਪੁਲਸ ਦੇਖਦੀ ਰਹਿ ਗਈ, ਗਿਰਫਤਾਰੀ ਦਾ ਵਾਰੰਟ ਨਿਕਲਿਆ, ਪਰ ਲੱਖ ਲੱਭਣ ਦੇ ਬਾਵਜੂਦ ਫਰਿਸ਼ਤਾ ਜੀ ਹੱਥ ਨਹੀਂ ਆਏ।
ਅੰਦੋਲਨ ਨੂੰ ਫ਼ੈਲਦਿਆਂ ਤੇ ਜ਼ੋਰ ਫੜ੍ਹਦਿਆਂ ਦੇਖ ਕੇ ਸਰਕਾਰ ਘਬਰਾ ਗਈ। ਭਾਰਤ ਮੰਤਰੀ ਮੋਰਲੇ ਨੇ ਪਹਿਲਾਂ ਮਾਡਰੇਟਾਂ ਤੇ ਮੁਸਲਿਮ ਲੀਗ ਨੂੰ ਯੂਨੀਅਨ ਜੈਕ ਹੇਠ ਇਕੱਠਾ ਕੀਤਾ ਤੇ ਫੇਰ ਹੱਲਾ ਬੋਲ ਦਿੱਤਾ। ਤਿਲਕ ਨੂੰ ਸੱਤ ਸਾਲ ਕੈਦ ਦੀ ਸਜ਼ਾ ਦੇ ਕੇ ਮਾਂਡਲੇ ਭੇਜ ਦਿੱਤਾ ਗਿਆ; ਲਾਲਾ ਲਾਜਪਤ ਰਾਏ ਨੂੰ ਅਮਰੀਕਾ ਤੇ ਵਿਪਿਨ ਚੰਦਰ ਨੂੰ ਇੰਗਲੈਂਡ ਵਿਚ ਦੇਸ਼ ਨਿਕਾਲੇ ਵਜੋਂ ਭੇਜ ਦਿੱਤਾ।
ਮੁਸਲਿਮ ਲੀਗ ਦਸੰਬਰ 1906 ਵਿਚ ਵੰਡੇ ਹੋਏ ਪੂਰਬੀ ਬੰਗਾਲ ਦੀ ਰਾਜਧਾਨੀ ਢਾਕੇ ਵਿਚ ਬਣੀ ਸੀ। ਮੁਹੰਮਦ ਅਲੀ ਜਿੱਨਾਹ ਉਹਨੀਂ ਦਿਨੀ ਨਵੇਂ-ਨਵੇਂ ਰਾਜਨੀਤੀ ਵਿਚ ਆਏ ਸਨ। ਉਹ ਮੁਸਲਿਮ ਲੀਗ ਵਿਚ ਨਹੀਂ, ਕਾਂਗਰਸ ਵਿਚ ਮਾਡਰੇਟਾਂ ਨਾਲ ਸਨ। ਮਾਡਰੇਟਾਂ ਦਾ ਨੇਤਾ ਗੋਪਾਲ ਕ੍ਰਿਸ਼ਨ ਗੋਖਲੇ ਵਾਇਸਰਾਏ ਦੀ ਕੌਂਸਿਲ ਦਾ ਮੈਂਬਰ ਸੀ।...ਤੇ ਜਿੱਨਾਹ ਦਾ ਸੁਪਨਾ 'ਮੁਸਲਿਮ-ਗੋਖਲੇ' ਬਣਨ ਦਾ ਸੀ। ਮੋਰਲੇ ਨੂੰ ਮੁਸਲਮਾਨਾਂ ਲਈ ਵੱਖਰੇ ਪ੍ਰਤੀਨਿਧਤਵ ਦਾ ਸੁਝਾਅ ਗੋਖਲੇ ਨੇ ਹੀ ਦਿੱਤਾ ਸੀ।
ਸਰਕਾਰ ਅਜੀਤ ਸਿੰਘ ਉੱਤੇ ਕੋਈ ਸੰਗੀਨ ਮੁਕੱਦਮਾ ਚਲਾ ਕੇ ਫਾਂਸੀ ਦੀ ਸਜ਼ਾ ਦੇਣਾ ਚਾਹੁੰਦੀ ਸੀ ਤੇ ਵਾਰੰਟ ਕੱਢ ਚੁੱਕੀ ਸੀ। ਸਰਦਾਰ ਕਿਸ਼ਨ ਸਿੰਘ ਨੇ ਸਰਕਾਰ ਦੇ ਖੁਫ਼ੀਆ ਵਿਭਾਗ ਵਿਚ ਆਪਣਾ 'ਖੁਫ਼ੀਆ ਵਿਭਾਗ' ਬਣਾਇਆ ਹੋਇਆ ਸੀ। ਉਹਨਾਂ ਨੂੰ ਇਸ ਗੱਲ ਦੀ ਖ਼ਬਰ ਮਿਲ ਗਈ ਤੇ ਉਹਨਾਂ ਅਜੀਤ ਸਿੰਘ ਨੂੰ ਦੇਸ਼ ਵਿਚੋਂ ਬਾਹਰ ਚਲੇ ਜਾਣ ਦੀ ਸਲਾਹ ਦਿੱਤੀ। ਅਜੀਤ ਸਿੰਘ ਲਾਹੌਰ ਤੋਂ ਬੰਗਾ ਚਲੇ ਗਏ ਤੇ ਤਿੰਨ ਚਾਰ ਦਿਨ ਉੱਥੇ ਰਹੇ। ਭਗਤ ਸਿੰਘ ਨਾਲ ਉਹਨਾਂ ਨੂੰ ਬੜਾ ਪਿਆਰ ਸੀ ਤੇ ਭਗਤ ਸਿੰਘ ਵੀ ਉਹਨਾਂ ਨੂੰ ਬੜਾ ਚਾਹੁੰਦੇ ਸੀ। ਘਰੇ ਇਕ ਝਰੋਖਿਆਂ ਵਾਲੀ ਕੰਧ ਸੀ। ਭਗਤ ਸਿੰਘ ਝਰੋਖੇ ਵਿਚੋਂ ਅਜੀਤ ਸਿੰਘ ਨੂੰ ਦੇਖ ਕੇ ਕਿਲਕਾਰੀ ਮਾਰਦਾ ਤੇ ਫੇਰ ਲੁਕ ਜਾਂਦਾ। ਚਾਚਾ-ਭਤੀਜਾ ਖਾਸੀ-ਖਾਸੀ ਦੇਰ ਤਕ ਇਹ ਲੁਕਣ-ਮੀਟੀ ਖੇਡਦੇ ਰਹਿੰਦੇ। ਭਗਤ ਸਿੰਘ ਦੀ ਉਮਰ ਉਸ ਸਮੇਂ ਡੇਢ ਕੁ ਸਾਲ ਦੇ ਲਗਭਗ ਸੀ ਤੇ ਚਾਚੇ ਅਜੀਤ ਸਿੰਘ ਨਾਲ ਉਹਦੀ ਇਹ ਆਖ਼ਰੀ ਮੁਲਾਕਾਤ ਸੀ।
ਜਨਵਰੀ 1909 ਵਿਚ ਅੰਗਰੇਜ਼ੀ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਹ ਦੇਸ਼ ਵਿਚੋਂ ਬਾਹਰ ਚਲੇ ਗਏ। ਬਾਹਰ ਜਾਣ ਦੀ ਯੋਜਨਾ ਕਿਸ਼ਨ ਸਿੰਘ ਨੇ ਬਣਾਈ ਸੀ। ਸਰਕਾਰ, ਸ਼ਿਕਾਰ ਹੱਥੋਂ ਨਿਕਲ ਜਾਣ ਕਰਕੇ ਝੁੰਜਲਾਈ ਤੇ ਉਸਨੇ 'ਭਾਰਤ ਮਾਤਾ ਸੋਸਾਇਟੀ' ਦੇ ਮੋਹਰੀ ਨੇਤਾਵਾਂ ਨੂੰ ਗਿਰਫਤਾਰ ਕਰਕੇ ਉਹਨਾਂ ਉੱਤੇ ਗ਼ੈਰ ਕਾਨੂੰਨੀ ਸਾਹਿਤ ਛਾਪਣ ਤੇ ਵੰਡਣ ਦੇ ਦੋਸ਼ ਵਿਚ 22 ਮੁਕੱਦਮੇ ਚਲਾਏ। ਇਹਨਾਂ ਵਿਚ ਸਰਦਾਰ ਕਿਸ਼ਨ ਸਿੰਘ ਨੂੰ ਇਕ ਸਾਲ ਪੰਜ ਮਹੀਨੇ ਦੀ ਸਖ਼ਤ ਕੈਦ, ਦੋ ਸੌ ਰੁਪਏ ਜੁਰਮਾਨਾ—ਨਾ ਦੇਣ 'ਤੇ ਅੱਠ ਮਹੀਨੇ ਦੀ ਹੋਰ ਕੈਦ। ਲਾਲਾ ਲਾਲ ਚੰਦ ਫਲਕ ਨੂੰ ਚਾਰ ਸਾਲ ਛੇ ਮਹੀਨੇ ਦੀ ਸਖ਼ਤ ਕੈਦ, ਪੰਜ ਸੌ ਰੁਪਏ ਜੁਰਮਾਨਾ—ਨਾ ਦੇਣ 'ਤੇ ਦਸ ਮਹੀਨਿਆਂ ਦੀ ਕੈਦ ਹੋਰ। ਤੇ ਜਿਆਉੱਲਹੱਕ, ਸੰਪਾਦਕ ਪੇਸ਼ਵਾ ਨੂੰ ਪੰਜ ਸਾਲ ਕੈਦ ਬਾ-ਮੁਸ਼ੱਕਤ, ਨੰਦ ਗੋਪਾਲ ਨੂੰ ਪੰਜ ਵਰ੍ਹੇ ਦੀ ਸਖ਼ਤ ਕੈਦ, ਡਾ. ਈਸ਼ਵਰੀ ਪਰਸਾਦ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਤੇ ਮੁੰਨਸ਼ੀ ਰਾਮ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ।
ਸਵਰਣ ਸਿੰਘ ਪਹਿਲਾਂ ਹੀ ਜੇਲ੍ਹ ਵਿਚ ਸਨ। ਸਰਕਾਰ ਨੇ ਬਿਨਾਂ ਸਬੂਤਾਂ ਦੇ ਝੂਠਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਡੇਢ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਕੀਤੀ ਹੋਈ ਸੀ। ਉਹਨਾਂ ਨੂੰ ਕਾਲ ਕੋਠੜੀ ਵਿਚ ਬੰਦ ਰੱਖਿਆ ਗਿਆ, ਖੁਰਾਕ ਜਿੰਨੀ ਕੁ ਮਿਲਦੀ ਸੀ ਉਹ ਘੱਟ ਤੇ ਬੜੀ ਹੀ ਘੱਟੀਆ ਕਿਸਮ ਦੀ ਸੀ ਤੇ ਉੱਤੋਂ ਚੱਕੀ ਤੇ ਕੋਹਲੂ ਦੀ ਸਖ਼ਤ ਮੁਸ਼ੱਕਤ ਵੀ ਕਰਵਾਈ ਜਾਂਦੀ ਸੀ। ਸਿੱਟਾ ਇਹ ਕਿ ਉਹਨਾਂ ਨੂੰ ਤਪੇਦਿਕ ਹੋ ਗਈ। ਕਾਫੀ ਦਿਨ ਹਸਪਤਾਲ ਵਿਚ ਪਏ ਰਹੇ, ਪਰ ਰੋਗ ਘੱਟ ਹੋਣ ਦੀ ਬਜਾਏ ਵਧਦਾ ਗਿਆ। ਮਾਹਰ ਬੁਲਾਏ ਗਏ। ਉਹਨਾਂ ਰਿਪੋਰਟ ਦਿੱਤੀ ਕਿ ਰੋਗ ਦੂਜੀ ਸਟੇਜ ਵਿਚ ਪਹੁੰਚ ਗਿਆ ਹੈ। ਨਾਜੁਕ ਹਾਲਤ ਦੇਖ ਕੇ ਗਵਰਨਰ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ। ਘਰੇ ਉਹਨਾਂ ਨੂੰ ਚੰਗੀ ਖੁਰਾਕ ਮਿਲੀ, ਆਰਾਮ ਮਿਲਿਆ ਤੇ ਇਲਾਜ਼ ਵੀ ਕਾਫੀ ਹੋਇਆ ਪਰ ਬਿਮਾਰੀ ਲਾ-ਇਲਾਜ਼ ਸੀ—1910 ਵਿਚ ਜਦੋਂ ਉਹਨਾਂ ਦੀ ਉਮਰ 23 ਸਾਲ ਸੀ, ਉਹਨਾਂ ਦੀ ਮੌਤ ਹੋ ਗਈ।
ਇਹ ਸਾਰੀਆਂ ਘਟਨਾਵਾਂ ਭਗਤ ਸਿੰਘ ਦੇ ਘਰ ਵਿਚ ਵਾਪਰੀਆਂ ਸਨ...ਤੇ ਇਸੇ ਦੌਰਾਨ, ਜੁਲਾਈ 1909 ਨੂੰ ਮਦਨ ਲਾਲ ਢੀਂਗਰਾ ਨੇ ਲੰਦਨ ਵਿਚ ਕਰਜਨ ਵਿਲੀ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਤੇ ਗਿਰਫਤਾਰ ਹੋ ਕੇ ਮਾਣ ਨਾਲ ਕਿਹਾ, “ਮੈਂ ਇਸਦੀ ਹੱਤਿਆ ਕਰਕੇ ਦੇਸ਼ ਵਾਸੀਆਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਬਦਲਾ ਲਿਆ ਹੈ। ਜੇ ਇੰਗਲੈਂਡ ਉੱਤੇ ਜਰਮਨੀ ਦਾ ਕਬਜ਼ਾ ਹੁੰਦਾ ਤਾਂ ਅੰਗਰੇਜ਼ ਵੀ ਇਵੇਂ ਕਰਦੇ।” ਢੀਂਗਰਾ ਦੇ ਇਹਨਾਂ ਸ਼ਬਦਾਂ ਦੀ ਗੂੰਜ ਵੀ ਲਾਜ਼ਮੀ ਭਗਤ ਸਿੰਘ ਦੇ ਘਰ ਤਕ ਪਹੁੰਚੀ ਹੋਏਗੀ। ਇਹਨਾਂ ਸਾਰੀਆਂ ਗੱਲਾਂ ਦਾ ਭਗਤ ਸਿੰਘ ਉੱਤੇ ਕੀ ਅਸਰ ਪਿਆ, ਉਸਨੂੰ ਸ਼ਬਦਾਂ ਵਿਚ ਦੱਸਣਾ ਸੰਭਵ ਨਹੀਂ, ਪਰ ਇਸ ਅਬੋਧ ਬਾਲਕ ਦੀਆਂ ਕੁਝ ਹਰਕਤਾਂ ਤੋਂ ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਘਰੇ ਇਕ ਚਾਚੀ ਸੀ ਵਿਧਵਾ, ਤੇ ਦੂਜੀ ਨਾ ਵਿਧਵਾ ਨਾ ਸੁਹਾਗਣ। ਉਹ ਭਗਤ ਸਿੰਘ ਨੂੰ ਗੋਦੀ ਵਿਚ ਬਿਠਾਅ ਕੇ ਪਿਆਰ ਕਰਦੀਆਂ ਤੇ ਦੇਖਦੇ ਦੇਖਦੇ ਹੀ ਰੋ ਪੈਂਦੀਆਂ। ਨਿੱਕਾ ਭਗਤ ਸਿੰਘ ਵੱਡੀ ਚਾਚੀ ਦੇ ਗਲ਼ ਵਿਚ ਬਾਹਾਂ ਪਾ ਕੇ ਕਹਿੰਦਾ, “ਚਾਚੀ ਰੋ ਨਾ, ਮੈਂ ਅੰਗਰੇਜ਼ਾਂ ਨੂੰ ਭਜਾਅ ਦਿਆਂਗਾ ਤੇ ਚਾਚਾਜੀ ਜਲਦੀ ਆ ਜਾਣਗੇ।” ਤੇ ਦੂਜੀ ਚਾਚੀ ਨੂੰ ਕਹਿੰਦਾ, “ਮੈਂ ਅੰਗਰੇਜ਼ ਤੋਂ ਬਦਲਾ ਲਵਾਂਗਾ।”
ਭਗਤ ਸਿੰਘ ਦੀ ਉਮਰ ਜਦੋਂ ਢਾਈ ਤਿੰਨ ਸਾਲ ਦੀ ਸੀ। ਖੇਤਾਂ ਵਿਚ ਬਾਗ਼ ਲੱਗ ਰਿਹਾ ਸੀ ਤੇ ਜ਼ਮੀਨ ਤਿਆਰ ਕਰਕੇ ਅੰਬ ਦੇ ਬੂਟੇ ਲਾਏ ਜਾ ਰਹੇ ਸਨ। ਸਰਦਾਰ ਕਿਸ਼ਨ ਸਿੰਘ ਆਪਣੇ ਮਿੱਤਰ ਮਹਿਤਾ ਨੰਦ ਕਿਸ਼ੋਰ ਨੂੰ ਬਾਗ਼ ਦਿਖਾਉਣ ਲਿਆਏ ਤਾਂ ਭਗਤ ਸਿੰਘ ਵੀ ਨਾਲ ਸੀ। ਬਾਲ-ਮੱਤ ਬੱਚਾ ਪਿਤਾ ਦੀ ਉਂਗਲ ਛੱਡ ਕੇ ਖੇਤ ਵਿਚ ਜਾ ਬੈਠਾ ਤੇ ਬੂਟਿਆਂ ਵਾਂਗ ਡੱਕੇ ਗੁੱਡਣ ਲੱਗਿਆ।
“ਕੀ ਕਰ ਰਿਹਾ ਏਂ ਭਗਤ?” ਪਿਤਾ ਨੇ ਪੁੱਛਿਆ।
“ਬੰਦੂਕਾਂ ਬੀਜ ਰਿਹਾਂ...।”
ਭਗਤ ਸਿੰਘ ਦਾ ਇਹ ਉਤਰ ਸੁਣ ਕੇ ਦੋਹੇਂ ਮਿੱਤਰ ਦੰਗ ਰਹਿ ਗਏ ਤੇ ਉਹਨਾਂ ਨੂੰ ਖਾਸੀ ਖੁਸ਼ੀ ਵੀ ਹੋਈ।
ਇਸ ਤੋਂ ਬੱਚੇ ਦੀ ਬਣ ਰਹੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਫਿਰੰਗੀਆਂ ਨੂੰ ਦੇਸ਼ ਵਿਚੋਂ ਭਜਾਉਣ ਲਈ ਬੰਦੂਕਾਂ ਦੀ ਲੋੜ ਸੀ।
ਪਿਤਾ ਅਕਸਰ ਜੇਲ੍ਹ ਵਿਚ ਹੁੰਦੇ ਜਾਂ ਫੇਰ ਰਾਜਨੀਤਕ ਕੰਮਾਂ ਵਿਚ ਵਿਆਸਤ ਘਰੋਂ ਬਾਹਰ ਰਹਿੰਦੇ। ਇਸ ਲਈ ਭਗਤ ਸਿੰਘ ਦਾ ਬਚਪਨ ਦਾਦੇ ਦੀ ਨਿਗਰਾਨੀ ਵਿਚ ਬੀਤਿਆ। ਦਾਦਾਜੀ ਪੱਕੇ ਆਰੀਆ ਸਮਾਜੀ ਸਨ, ਆਰੀਆ ਸਮਾਜੀ ਇਸ ਲਈ ਕਿ ਦੇਸ਼ ਭਗਤ ਸਨ। ਅਸੀਂ ਦੇਖ ਚੁੱਕੇ ਹਾਂ ਕਿ ਉਹ ਅੰਧਵਿਸ਼ਵਾਸ ਤੇ ਰੂੜੀਵਾਦ ਤੋਂ ਮੁਕਤ, ਲੀਕ ਤੋਂ ਹਟ ਕੇ ਚੱਲਣ ਵਾਲੇ ਵਿਅਕਤੀ ਸਨ। ਉਹਨਾਂ ਵਿਚ ਤਿਆਗ ਤੇ ਬਲੀਦਾਨ ਦੀ ਭਾਵਨਾ ਵੀ ਚੋਖੀ ਸੀ। ਉਹਨਾਂ ਦੇ ਇਹ ਗੁਣ ਉਹਨਾਂ ਦੇ ਵਰਤਾਰੇ ਵਿਚੋਂ ਸਾਫ ਝਲਕਦੇ ਸਨ। ਜਿਵੇਂ ਖੇਤ ਵਿਚ ਤੰਮਾਕੂ ਬੀਜਣ ਕਰਕੇ ਸਾਰੇ ਪਿੰਡ ਦਾ ਵਿਰੋਧ ਝੱਲਨ ਵਾਲੀ ਘਟਨਾ ਤੇ ਫੇਰ ਪੋਤਿਆਂ ਦੇ ਯੱਗੋਪਵੀਤ ਵਾਲੀ ਘਟਨਾ। ਇਹ ਭਗਤ ਦੀ ਸੁਰਤ ਦੀਆਂ ਗੱਲਾਂ ਹਨ ਤੇ ਭਗਤ ਸਿੰਘ ਨੇ ਅੱਗੇ ਜਾ ਕੇ ਇਹਨਾਂ ਦਾ ਉਲੇਖ ਵੀ ਕੀਤਾ ਹੈ। ਅਜਿਹੀਆਂ ਘਟਨਾਵਾਂ ਦੇ ਇਲਾਵਾ ਭਗਤ ਸਿੰਘ ਨੇ ਦਾਦਾਜੀ ਦੇ ਮੂੰਹੋਂ ਦੇਸ਼ ਦੇ ਗੌਰਵਸ਼ਾਲੀ ਅਤੀਤ ਤੇ ਮਹਾਨ ਸੰਸਕਰੀਤੀ ਦੀਆਂ ਕਹਾਣੀਆਂ ਵੀ ਜ਼ਰੂਰ ਸੁਣੀਆ ਹੋਣਗੀਆਂ, ਜਿਸ ਸਦਕਾ ਰਾਸ਼ਟਰੀ ਪਰੇਮ ਮਾਂ ਦੇ ਦੁੱਧ ਵਾਂਗ ਉਹਨਾਂ ਦੇ ਖ਼ੂਨ ਵਿਚ ਰਚ-ਵੱਸ ਗਿਆ। ਇੰਜ ਬਚਪਨ ਤੋਂ ਹੀ ਰਾਜਨੀਤਕ ਪੱਖ ਤੇ ਸੰਸਕਰੀਤਕ ਪੱਖ ਦੋਹੇਂ ਬਲਵਾਨ ਹੋਏ।
ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿਚ ਹੋਈ। ਬੁੱਧੀ ਤੇਜ਼ ਸੀ ਤੇ ਗਿਆਨ ਦੀ ਗੰਗਾ ਘਰੇ ਪਹਿਲਾਂ ਹੀ ਵਹਿ ਰਹੀ ਸੀ। ਭਗਤ ਸਿੰਘ ਆਪਣੇ ਨਾਲ ਪੜ੍ਹਨ ਵਾਲੇ ਬੱਚਿਆਂ ਵਿਚ ਸਭ ਤੋਂ ਅੱਗੇ ਸਨ। ਪੜ੍ਹਾਈ ਦਾ ਏਨਾ ਸ਼ੌਕ ਸੀ ਕਿ ਸਕੂਲ ਦੀਆਂ ਕਿਤਾਬਾਂ ਦੇ ਇਲਾਵਾ ਜੋ ਕੁਝ ਹੱਥ ਆਉਂਦਾ, ਉਹ ਸਭ ਪੜ੍ਹ ਲੈਂਦੇ। ਲਿਖਿਆ ਹੈ ਕਿ 'ਜਦੋਂ ਉਹ ਚੌਥੀ ਜਮਾਤ ਵਿਚ ਸਨ ਤਾਂ ਘਰ ਪਈਆਂ ਅਜੀਤ ਸਿੰਘ, ਲਾਲਾ ਹਰਦਿਆਲ ਤੇ ਸੂਫ਼ੀ ਅੰਬਾ ਪਰਸਾਦ ਦੀਆਂ ਲਿਖੀਆਂ ਛੋਟੀਆਂ-ਛੋਟੀਆਂ ਪੰਜਾਹ ਕੁ ਪੁਸਤਕਾਂ ਪੜ੍ਹ ਲਈਆਂ ਸਨ। ਘਰੇ ਪੁਰਾਣੇ ਅਖ਼ਬਾਰਾਂ ਦੀਆਂ ਫਾਈਲਾਂ ਵੀ ਪਈਆਂ ਸਨ। ਉਹਨਾਂ ਵਿਚ ਅਜੀਤ ਸਿੰਘ ਤੇ ਲਾਜਪਤ ਰਾਏ ਦੇ ਦੇਸ਼ ਨਿਕਾਲੇ ਤੇ ਢੀਂਗਰਾ ਦੁਆਰਾ ਕਰਜਨ ਵਿਲੀ ਦੀ ਹੱਤਿਆ ਆਦੀ ਦੇ ਰਾਜਨੀਤਕ ਕਾਂਢ ਦੇ ਸਮਾਚਾਰ ਸਨ। ਉਹਨਾਂ, ਉਹ ਸਭ ਪੜ੍ਹੇ।
ਦਸੰਬਰ 1912 ਵਿਚ ਜਦੋਂ ਭਗਤ ਸਿੰਘ ਦੀ ਉਮਰ ਸਵਾ ਪੰਜ ਸਾਲ ਸੀ, ਦਿੱਲੀ ਦੇ ਚਾਂਦਨੀ ਚੌਕ ਵਿਚ ਵਾਇਸਰਾਏ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਿਆ ਗਿਆ। ਵਾਇਸਰਾਏ ਜ਼ਖ਼ਮੀ ਹੋਇਆ ਤੇ ਇਕ ਕਰਮਚਾਰੀ ਮਾਰਿਆ ਗਿਆ। ਇਸ ਘਟਨਾ ਤੋਂ ਪੰਜ-ਛੇ ਮਹੀਨੇ ਪਿੱਛੋਂ ਲਾਹੌਰ ਵਿਚ ਲਾਰੰਸ ਬਾਗ਼ ਦੇ ਮਿੰਟਗੁਮਰੀ ਹਾਲ ਵਿਚ ਗੋਰਿਆਂ ਦਾ ਨਾਚ ਹੋ ਰਿਹਾ ਸੀ। ਹਾਲ ਦੇ ਬਾਹਰ ਬੰਬ ਫਟਿਆ, ਜਿਸ ਨਾਲ ਇਕ ਗਰੀਬ ਹਿੰਦੁਸਤਾਨੀ ਚਪੜਾਸੀ ਮਾਰਿਆ ਗਿਆ। ਫੇਰ ਲਾਹੌਰ ਦੇ ਕਿਲੇ ਵਿਚ ਬੰਬ ਫਟਿਆ। ਸਰਕਾਰ ਨੂੰ ਇਹਨਾਂ ਘਟਨਾਵਾਂ ਦਾ ਕੋਈ ਖੁਰਾ-ਖੋਜ ਨਹੀਂ ਲੱਭਾ।
ਅਜੀਤ ਸਿੰਘ ਦੇ ਚਲੇ ਜਾਣ ਪਿੱਛੋਂ ਗੁਪਤ ਕਰਾਂਤੀਕਾਰੀ ਸੰਗਠਨ ਦਾ ਨੇਤਾ ਰਾਸ ਬਿਹਾਰੀ ਬੋਸ ਨੂੰ ਚੁਣਿਆ ਗਿਆ ਸੀ। ਦਿੱਲੀ ਬੰਬ ਕਾਂਢ ਦੇ ਨਾਇਕ ਉਹ ਹੀ ਸਨ। ਬੰਗਾਲ ਵਿਚ ਰਹਿੰਦੇ ਤਾਂ ਗਿਰਫਤਾਰੀ ਦਾ ਖਤਰਾ ਵੱਧ ਸੀ, ਇਸ ਲਈ ਉਹ ਪੰਜਾਬ ਆ ਗਏ। ਉਹਨਾਂ ਨੂੰ ਲਕੋਅ ਕੇ ਰੱਖਣ ਦੀ ਹਾਮੀ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਓਟੀ। ਇਹ ਜਿੰਮੇਵਾਰੀ ਕਿੰਜ ਨਿਭਾਈ! ਇਹਦੀ ਵੀ ਇਕ ਰੋਮਾਂਚਕਾਰੀ ਕਹਾਣੀ ਹੈ—
ਪਹਿਲੀ ਸਮੱਸਿਆ ਇਹ ਸੀ ਕਿ ਇਕ ਬੰਗਾਲੀ ਨੂੰ ਪੰਜਾਬ ਵਿਚ ਕਿੰਜ ਰੱਖਿਆ ਜਾਵੇ। ਦੂਜੀ ਸਮੱਸਿਆ ਇਕੱਲੇ ਪ੍ਰਦੇਸੀ ਨੂੰ ਕਿਹੜਾ ਕਬੀਲਦਾਰ ਬੰਦਾ ਮਕਾਨ ਕਿਰਾਏ 'ਤੇ ਦਏਗਾ। ਅੱਡ ਕਿਤੇ ਰਹੇ ਤਾਂ ਪੁਲਸ ਦੀ ਨਜ਼ਰ ਚੜ੍ਹਨ ਤੇ ਫੜ੍ਹੇ ਜਾਣ ਦਾ ਡਰ। ਹੱਲ ਇਹ ਸੋਚਿਆ ਕਿ ਕਿਸ਼ਨ ਸਿੰਘ ਨੇ ਕਪੂਰਥਲੇ ਦੇ ਆਪਣੇ ਇਕ ਮਿੱਤਰ ਰਾਮ ਸ਼ਰਣ ਦਾਸ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਰਾਮ ਸ਼ਰਣ ਦਾਸ ਦੀ ਪਤਨੀ ਰਾਸ ਬਿਹਾਰੀ ਬੋਸ ਦੀ ਪਤਨੀ ਬਣ ਕੇ ਉਹਨਾਂ ਦੇ ਨਾਲ ਰਹੇ। ਰਾਸ ਬਿਹਾਰੀ ਦਾ ਨਾਂ ਪੰਜਾਬੀਆਂ ਵਰਗਾ ਰੱਖ ਦਿੱਤਾ ਗਿਆ ਤੇ ਪੰਜਾਬੀ ਪੁਸ਼ਾਕ ਪਵਾਅ ਦਿੱਤੀ ਗਈ। ਹੁਣ ਨਾਂਅ ਪੰਜਾਬੀ, ਪਹਿਰਾਵਾ ਪੰਜਾਬੀ, ਪਤਨੀ ਪੰਜਾਬਣ ਤੇ ਰਹਿਣ-ਸਹਿਣ ਵੀ ਪੰਜਾਬੀ। ਨਿਸ਼ਚਿੰਤ ਹੋ ਕੇ ਕੰਮ ਹੋਣ ਲੱਗਾ। ਪੁਲਸ ਟੱਪਦੀ ਰਹਿ ਗਈ।
ਗਿਰਫਤਾਰੀ ਤੇ ਬਦਨਾਮੀ ਦੀ ਪ੍ਰਵਾਹ ਨਾ ਕਰਨ ਵਾਲਾ ਕੁਰਬਾਨੀ ਭਰਪੂਰ ਹੌਸਲਾ, ਆਪਸੀ ਵਿਸ਼ਵਾਸ ਤੇ ਮਨੋਬਲ, ਕਰਾਂਤੀਕਾਰੀ ਨੈਤਿਕਤਾ ਤੇ ਇਕ ਉੱਤਮ ਮਨੁੱਖ ਵਾਲੇ ਸਾਰੇ ਗੁਣਾ ਦੀ ਅਭੁੱਲ ਉਦਾਹਰਨ ਹੈ ਇਹ। ਇਹਨਾਂ ਕਰਾਂਤੀਕਾਰੀਆਂ ਨੂੰ ਪ੍ਰਣਾਮ...ਨਿਵੰ-ਨਿਵੰ ਪ੍ਰਣਾਮ।
ਇਹ ਕਰਾਂਤੀਕਾਰੀ ਯੁੱਗ ਭਗਤ ਸਿੰਘ ਦੇ ਘਰ ਪਰਿਵਾਰ ਦਾ ਅਭਿੰਨ ਅੰਗ ਸੀ। ਭਗਤ ਸਿੰਘ ਨੇ ਇਸ ਯੁੱਗ ਨੂੰ ਆਪਣੇ ਬਚਪਨ ਵਿਚ ਜੀਵਿਆ ਤੇ ਇਸਦਾ ਅਧਿਅਨ ਵੀ ਕੀਤਾ। ਸਿੱਧੇ-ਅਸਿੱਧੇ ਇਹ ਕਰਾਂਤੀਕਾਰੀ ਯੁੱਗ ਉਹਨਾਂ ਦੇ ਆਪਣੇ ਜੀਵਨ ਦਾ ਅਭਿੰਨ ਅੰਗ ਬਣ ਗਿਆ। 23 ਵਰ੍ਹਿਆਂ ਦੀ ਨਿੱਕੀ ਜਿਹੀ ਉਮਰ ਵਿਚ ਉਹਨਾਂ ਦੇ ਵਿਅਕਤੀਤਵ ਵਿਚ ਉਹਨਾਂ ਨੂੰ ਸ਼ਹੀਦੇ-ਆਜ਼ਮ ਬਣਾ ਦੇਣ ਵਾਲੀ ਜਿਹੜੀ ਕਰਾਂਤੀਕਾਰੀ ਪੱਕੀ-ਸੂਝ ਵਿਕਸਤ ਹੋਈ, ਉਸਦੀ ਨੀਂਹ ਇੱਥੇ ਹੀ ਰੱਖੀ ਗਈ ਸੀ।




ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਸਿੱਖਿਆ ਪੂਰੀ ਹੋ ਜਾਣ ਪਿੱਛੋਂ ਭਗਤ ਸਿੰਘ ਨੂੰ ਅੱਗੇ ਪੜ੍ਹਨ ਲਈ ਲਾਹੌਰ ਭੇਜਿਆ ਗਿਆ। ਲਾਹੌਰ ਵਿਚ ਖਾਲਸਾ ਸਕੂਲ ਵੀ ਸਨ। ਪਰ ਇਸ ਕਰਕੇ ਕਿ ਸਿੱਖ ਸੰਸਥਾਵਾਂ ਉੱਪਰ ਰਾਜ-ਭਗਤ ਸਰਦਾਰ-ਬਹਾਦੁਰਾਂ ਦਾ ਕਬਜਾ ਸੀ, ਅਰਜੁਨ ਸਿੰਘ ਨੇ ਆਪਣੇ ਪੁੱਤਰਾਂ ਵਾਂਗ ਪੋਤਰੇ ਨੂੰ ਵੀ ਡੀ.ਏ.ਵੀ. ਸਕੂਲ ਵਿਚ ਭਰਤੀ ਕਰਵਾ ਦਿੱਤਾ। ਭਗਤ ਸਿੰਘ ਨੇ ਆਪਣੇ ਲੇਖ 'ਮੈਂ ਨਾਸਤਕ ਕਿਓਂ ਹਾਂ' ਵਿਚ ਦੱਸਿਆ ਹੈ...:
“ਮੈਂ ਆਪਣੀ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਖ਼ਤਮ ਕਰਕੇ ਲਾਹੌਰ ਦੇ ਡੀ.ਏ.ਵੀ. ਸਕੂਲ ਵਿਚ ਦਾਖ਼ਲ ਹੋ ਗਿਆ ਤੇ ਉਸਦੇ ਬੋਰਡਿੰਗ ਹਾਊਸ ਵਿਚ ਪੂਰਾ ਇਕ ਸਾਲ ਬਿਤਾਇਆ। ਉੱਥੇ ਸਵੇਰੇ-ਸ਼ਾਮ ਦੀ ਸੰਧਿਆ-ਪ੍ਰਾਰਥਨਾ ਤੇ ਇਲਾਵਾ ਮੈਂ ਘੰਟਿਆਂ-ਬੱਧੀ ਗਾਯਤਰੀ ਮੰਤਰ ਦਾ ਜਾਪ ਵੀ ਕਰਦਾ ਹੁੰਦਾ ਸਾਂ। ਮੈਂ ਓਹਨੀਂ ਦਿਨੀ ਪੂਰਾ ਸ਼ਰਧਾਲੂ ਹੁੰਦਾ ਸਾਂ। ਫੇਰ ਮੈਂ ਆਪਣੇ ਪਿਤਾ ਨਾਲ ਰਹਿਣਾ ਸ਼ੁਰੂ ਕੀਤਾ। ਉਹਨਾਂ ਦਾ ਧਾਰਮਕ ਦ੍ਰਿਸ਼ਟੀਕੋਣ ਉਦਾਰ ਸੀ। ਉਹਨਾਂ ਤੋਂ ਪਰੇਰਨਾਂ ਲੈ ਕੇ ਮੈਂ ਆਪਣਾ ਜੀਵਨ ਆਜ਼ਾਦੀ ਦੇ ਆਦਰਸ਼ ਲਈ ਸਮਰਪਿੱਤ ਕਰ ਦਿੱਤਾ।”
ਭਾਵ ਇਹ ਕਿ ਭਗਤ ਸਿੰਘ ਓਹਨੀਂ ਦਿਨੀ ਨਾ ਕਰਾਂਤੀਕਾਰੀ ਸਨ, ਨਾ ਨਾਸਤਕ। ਕਰਾਂਤੀਕਾਰੀ ਤੇ ਨਾਸਤਕ ਉਹ ਖਾਸਾ ਪਿੱਛੋਂ ਜਾ ਕੇ ਬਣੇ। ਕੋਈ ਵਿਅਕਤੀ ਜਨਮਜਾਤ ਕਰਾਂਤੀਕਾਰੀ ਨਹੀਂ ਹੁੰਦਾ। ਕਰਾਂਤੀਕਾਰੀ ਬਣਨ ਲਈ ਉਸਨੂੰ ਲੰਮੀ ਵਿਕਾਸ ਪ੍ਰਕਿਰਿਆ ਵਿਚੋਂ ਹੋ ਕੇ ਲੰਘਣਾ ਪੈਂਦਾ ਹੈ। ਚੀਨ ਦੀ ਕਰਾਂਤੀ ਪਿੱਛੋਂ ਇਕ ਪਾਠ ਪੁਸਤਕ ਵਿਚ ਮਾਓ ਤਸੇ ਤੁੰਗ ਨੂੰ ਜਨਮਜਾਤ ਕਰਾਂਤੀਕਾਰੀ ਲਿਖ ਦਿੱਤਾ ਗਿਆ ਸੀ। ਉਹਨਾਂ ਇਸਦਾ ਵਿਰੋਧ ਕੀਤਾ ਤੇ ਲਿਖਿਆ ਕਿ 'ਜਦੋਂ ਮੈਂ ਦਸ ਸਾਲ ਦਾ ਸਾਂ, ਓਦੋਂ ਮੇਰੀ ਮਾਂ ਬਿਮਾਰ ਹੋ ਗਈ। ਮੈਂ ਉਸਦੇ ਠੀਕ ਹੋਣ ਜਾਣ ਲਈ ਬੁੱਧ ਭਗਵਾਨ ਨੂੰ ਪ੍ਰਾਰਥਨਾਂ ਕੀਤੀ ਸੀ।' ਭਗਤ ਸਿੰਘ ਦੀ ਉਮਰ ਵੀ ਉਦੋਂ ਦਸ ਕੁ ਸਾਲ ਸੀ। ਉਹਨਾਂ ਇਹ ਵੀ ਲਿਖਿਆ ਕਿ ਮੈਂ ਭਵਿੱਖ ਦੇ ਸੁਪਨਿਆਂ ਵਿਚ ਗਵਾਚਿਆ ਰਹਿਣ ਵਾਲਾ, ਸੰਗਾਲੂ ਸੁਭਾਅ ਦਾ, ਮੁੰਡਾ ਹੁੰਦਾ ਸਾਂ ਤੇ ਇਕ ਮਿਹਨਤੀ ਵਿਦਿਆਰਥੀ ਨਹੀਂ ਸਾਂ। ਇਹ 1917 ਦੀ ਗੱਲ ਹੈ। ਪਹਿਲੀ ਸੰਸਾਰ ਜੰਗ ਛਿੜੀ ਹੋਈ ਸੀ। ਇਮਤਿਹਾਨਾਂ ਦਾ ਨਤੀਜਾ ਆਉਣ ਪਿੱਛੋਂ ਦਾਦਾਜੀ ਨੂੰ ਉਰਦੂ ਵਿਚ ਖ਼ਤ ਲਿਖਿਆ...:


    ਓਮ
ਲਾਹੌਰ
22.7.1918
ਸ਼੍ਰੀ ਮਾਨ ਪੂਜਨੀਕ ਬਾਬਾਜੀ,
ਨਮਸਕਾਰ।
ਅਰਜ਼ ਇਹ ਹੈ ਕਿ ਖ਼ਤ ਤੁਹਾਡਾ ਮਿਲਿਆ। ਪੜ੍ਹ ਕੇ ਖੁਸ਼ੀ ਹੋਈ। ਇਮਤਿਹਾਨਾਂ ਬਾਰੇ ਇਹ ਹੈ ਕਿ ਮੈਂ ਪਹਿਲਾਂ ਇਸ ਲਈ ਨਹੀਂ ਲਿਖਿਆ ਕਿ ਸਾਨੂੰ ਦੱਸਿਆ ਨਹੀਂ ਸੀ ਗਿਆ। ਹੁਣ ਸਾਨੂੰ ਅੰਗਰੇਜ਼ੀ ਤੇ ਸੰਸਕ੍ਰਿਤ ਦਾ ਨਤੀਜਾ ਦੱਸ ਦਿੱਤਾ ਗਿਆ ਹੈ। ਉਹਨਾਂ ਵਿਚ ਮੈਂ ਪਾਸ ਹਾਂ। ਸੰਸਕ੍ਰਿਤ ਵਿਚ ਮੇਰੇ 150 ਨੰਬਰਾਂ ਵਿਚੋਂ 110 ਨੰਬਰ ਆਏ ਹਨ, ਅੰਗਰੇਜ਼ੀ ਵਿਚ 150 ਵਿਚੋਂ 68 ਹਨ। ਜਿਹੜਾ 150 ਵਿਚੋਂ 50 ਨੰਬਰ ਲੈ ਲਏ, ਉਹ ਪਾਸ ਹੁੰਦਾ ਹੈ। ਨੰਬਰ 68 ਲੈ ਕੇ ਅੱਛਾ ਪਾਸ ਹੋਇਆ ਹਾਂ। ਕਿਸੇ ਕਿਸਮ ਦੀ ਫ਼ਿਕਰ ਨਹੀਂ ਕਰਨੀਂ। ਬਾਕੀ ਅਜੇ ਨਹੀਂ ਦੱਸਿਆ। ਤੇ ਛੁੱਟੀਆਂ—8 ਅਗਸਤ ਦੀ ਪਹਿਲੀ ਛੁੱਟੀ ਹੈ। ਤੁਸੀਂ ਕਦ ਆਓਗੇ? ਤਹਿਰੀਰ ਕਰਨਾ।
ਤੁਹਾਡਾ ਤਾਅਬੇਦਾਰ
ਭਗਤ ਸਿੰਘ


ਭਗਤ ਸਿੰਘ ਓਦੋਂ ਛੇਵੀਂ ਜਮਾਤ ਵਿਚ ਸਨ। ਉਹਨਾਂ ਦਾ ਇਹ ਪਹਿਲਾ ਖ਼ਤ ਸੀ। ਵਾਕਾਂ ਦੀ ਬਨਾਵਟ ਯਕਦਮ ਸਾਫ਼-ਸੁਥਰੀ। 'ਓਮ' ਸ਼ਬਦ ਉਹਨਾਂ ਦੇ ਧਾਰਮਕ ਸੰਸਕਾਰਾਂ ਦਾ ਸੂਚਕ ਹੈ। ਦਾਦੇ ਨੂੰ ਇਹ ਦੱਸਣਾ ਕਿ ਪਾਸ ਹੋਣ ਲਈ 50 ਨੰਬਰ ਹੀ ਕਾਫੀ ਹਨ, ਮੈਂ 68 ਨੰਬਰ ਲੈ ਕੇ ਅੱਛਾ ਪਾਸ ਹੋਇਆ ਹਾਂ।...ਫ਼ਿਕਰ ਨਾ ਕਰਨਾ। ਬੱਚੇ ਦੀ ਸੂਝਬੂਝ, ਚੇਤੰਤਾ ਤੇ 'ਹੋਣਹਾਰ ਬਿਰਵਾਨ ਕੇ ਚਿਕਨੇ-ਚਿਕਨੇ ਪਾਤ' ਦਾ ਮੂੰਹੋਂ ਬੋਲਦਾ ਸਬੂਤ ਹੈ।
ਤੋ ਸਕੂਲੀ ਭਾਸ਼ਾ ਵਿਚ 'ਬਹੁਤਾ ਮਿਹਨਤੀ ਵਿਦਿਆਰਥੀ ਨਾ ਹੋਣ' ਦਾ ਮਤਲਬ ਇਹ ਹੋਇਆ ਕਿ ਉਹ ਪਾਠ ਪੁਸਤਕਾਂ ਵੱਲ ਵੱਧ ਧਿਆਨ ਨਹੀਂ ਸੀ ਦੇਂਦੇ। ਅਖ਼ਬਾਰ ਪੜ੍ਹਨ ਦੀ ਆਦਤ ਪਿੰਡ ਵਿਚ ਹੀ ਪੈ ਗਈ ਸੀ। ਉਹਨਾਂ ਦੀ ਰੂਚੀ ਜੰਗ ਦੀਆਂ ਖ਼ਬਰਾਂ ਤੇ ਰਾਜਨੀਤਕ ਹਲਚਲੇ ਵਿਚ ਸੀ।
ਸਾਲ ਭਰ ਬੋਰਡਿੰਗ ਹਾਊਸ ਵਿਚ ਰਹਿਣ ਪਿੱਛੋਂ ਉਹ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗੇ। ਉਹਨਾਂ ਦਾ ਘਰ ਤਾਂ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਹੈ ਹੀ ਸੀ। ਉੱਥੇ ਆ ਕੇ ਦਿਲਚਸਪੀ ਹੋਰ ਵਧ ਗਈ। ਅੰਗਰੇਜ਼ ਜਰਮਨੀ ਦੇ ਹੱਥੋਂ ਪਿਟ ਰਹੇ ਸਨ ਤੇ ਢੋਲ ਆਪਣੀ ਜਿੱਤੇ ਦੇ ਵਜਾ ਰਹੇ ਸਨ। ਇਸ ਉੱਤੇ ਲੋਕ ਵਿਅੰਗ ਕਸਦੇ ਤੇ ਮੀਸਣੀ ਹਾਸੀ ਹੱਸਦੇ। ਅਕਬਰ ਇਲਾਹਾਬਾਦੀ ਦੀ ਇਹ ਵਿਅੰਗਮਈ ਟੂਕ 'ਕਦਮ ਜਰਮਨ ਕੇ ਬੜਤੇ ਹੈਂ, ਫਤਹ ਬ੍ਰਿਟਿਸ਼ ਕੀ ਹੋਤੀ ਹੈ' ਸਭਨਾਂ ਦੀ ਜ਼ੁਬਾਨ ਉੱਤੇ ਚੜ੍ਹ ਗਈ ਸੀ। ਸੰਕਟ ਦੀ ਇਸ ਸਥਿਤੀ ਦਾ ਲਾਭ ਉਠਾਂਦਿਆਂ ਹੋਇਆਂ ਹੀ ਅਜੀਤ ਸਿੰਘ ਤੇ ਹਰਦਿਆਲ ਵਿਦੇਸ਼ ਗਏ ਸਨ। 1915 ਵਿਚ ਗਦਰ ਪਾਰਟੀ ਦੇ ਲੋਕ ਭਾਰਤ ਆਏ ਤੇ ਫ਼ੌਜ ਵਿਚ ਬਗ਼ਾਵਤ ਫ਼ੈਲਾਅ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਯਤਨ ਕੀਤਾ, ਜਿਹੜਾ ਕੁਝ ਕਾਰਨਾ ਕਰਕੇ ਅਸਫਲ ਰਿਹਾ। ਅਸਫਲ ਗਦਰੀਆਂ ਨਾਲ ਭਗਤ ਸਿੰਘ ਦੇ ਪਿਤਾ ਦੇ ਨੇੜੇ ਦੇ ਸੰਬੰਧ ਸਨ। ਉਹ ਉਹਨਾਂ ਦੀ ਸਹਾਇਤਾ ਵੀ ਕਰਦੇ ਰਹੇ ਸਨ। ਪਰ ਅਸਫਲਤਾ ਦੀ ਗੱਲ ਉਹਨਾਂ ਪਹਿਲਾਂ ਹੀ ਕਹਿ ਦਿੱਤੀ ਸੀ।
“...ਸ਼ਚੀਂਦਰ ਨਾਥ ਸਨਿਆਲ ਨਾਲ ਉਹਨਾਂ ਦੀ ਮੁਲਾਕਾਤ 1910-11 ਵਿਚ ਹੀ ਹੋ ਗਈ ਸੀ। ਸਨਿਆਲ ਸਮੇਂ ਸਮੇਂ ਉਹਨਾਂ ਤੋਂ ਸਲਾਹ ਤੇ ਸਹਿਯੋਗ ਲੈਂਦੇ ਰਹਿੰਦੇ ਸਨ। ਇਕ ਵਾਰੀ ਸ਼ਚੀਂਦਰ ਆਏ ਤਾਂ ਉਹਨਾਂ ਨਾਲ ਇਕ ਵਿਭੂਤੀ ਨਾਂ ਦਾ ਨੌਜਵਾਨ ਵੀ ਸੀ। ਸਰਦਾਰ ਕਿਸ਼ਨ ਸਿੰਘ ਨੇ ਗੌਰ ਨਾਲ ਵਿਭੂਤੀ ਨੂੰ ਦੇਖਿਆ ਤੇ ਉਹ ਸ਼ਚੀਂਦਰ ਨਾਥ ਨੂੰ ਇੰਜ ਮਿਲੇ, ਜਿਵੇਂ ਉਹਨਾਂ ਨੂੰ ਜਾਣਦੇ-ਪਛਾਣਦੇ ਹੀ ਨਾ ਹੋਣ। ਜਦੋਂ ਸ਼ਚੀਂਦਰ ਨਾਥ ਨੇ ਗੁਪਤ ਅੰਦੋਲਨ ਦੀ ਕੋਈ ਗੱਲ ਛੇੜੀ ਤਾਂ ਨਾਰਾਜ਼ਗੀ ਭਰੀ ਸੁਰ ਵਿਚ ਸਰਦਾਰ ਅਜੀਤ ਸਿੰਘ ਨੇ ਕਿਹਾ, 'ਤੁਸੀਂ ਗਲਤ ਥਾਂ ਆ ਗਏ ਓ, ਮੈਂ ਤਾਂ ਸਮਾਜਿਕ ਕਾਰਜ-ਕਰਤਾ ਆਂ। ਮੈਨੂੰ ਨਾ ਰਾਜਨੀਤਕ ਮਾਮਲਿਆਂ ਵਿਚ ਪੈਣ ਦੀ ਰੂਚੀ ਹੈ, ਨਾ ਹੀ ਵਿਹਲ। ਤੁਸੀਂ ਕੋਈ ਹੋਰ ਠਿਕਾਣਾ ਵੇਖੋ।'
“ਸ਼ਚੀਂਦਰ ਨਾਥ ਹੈਰਾਨੀ ਨਾਲ ਉਹਨਾਂ ਦੇ ਮੂੰਹ ਵੱਲ ਵਿੰਹਦੇ ਰਹਿ ਗਏ। ਵਿਭੂਤੀ ਉੱਥੋਂ ਉਠ ਕੇ ਕਿੱਧਰੇ ਗਿਆ ਤਾਂ ਸਰਦਾਰ ਕਿਸ਼ਨ ਸਿੰਘ ਸ਼ਚੀਂਦਰ ਨਾਥ ਨਾਲ ਬੜੇ ਨਾਰਾਜ਼ ਹੋਏ। 'ਤੁਸੀਂ ਇਸ ਨੌਜਵਾਨ ਨੂੰ ਲੈ ਕੇ ਮੇਰੇ ਕੋਲ ਕਿਉਂ ਆਏ ਓ? ਇਹ ਆਦਮੀ ਵਿਸ਼ਵਾਸ ਯੋਗ ਹੈ ਹੀ ਨਹੀਂ। ਤੁਸੀਂ ਮੇਰੀ ਗੱਲ ਨੋਟ ਕਰ ਲਓ ਕਿ ਤੁਸੀਂ ਜਿਹੜੇ ਕਮਜ਼ੋਰ ਥੰਮ੍ਹਲੇ ਖੜ੍ਹੇ ਕਰ ਰਹੇ ਓ, ਉਹ ਇਕ ਦਿਨ ਤੁਹਾਡੇ ਉੱਤੇ ਆ ਡਿੱਗਣੇ ਨੇ।' ਸ਼ਚੀਂਦਰ ਨਾਥ ਨੇ ਵਿਭੂਤੀ ਵਿਚ ਵਿਸ਼ਵਾਸ ਤੇ ਉਸਦੀ ਯੋਗਤਾ ਬਾਰੇ ਬੜਾ ਕੁਝ ਕਿਹਾ, ਪਰ ਸਰਦਾਰ ਕਿਸ਼ਨ ਸਿੰਘ ਸਹਿਮਤ ਨਹੀਂ ਹੋਏ। ਆਖ਼ਰ ਸਰਦਾਰ ਕਿਸ਼ਨ ਸਿੰਘ ਦੀ ਗੱਲ ਹੀ ਸਹੀ ਨਿਕਲੀ...ਕਿਉਂਕਿ ਬਨਾਰਸ ਸਾਜਿਸ਼ ਕੇਸ ਵਿਚ ਵਿਭੂਤੀ ਸਰਕਾਰੀ ਗਵਾਹ ਬਣ ਗਿਆ ਤੇ ਪਾਰਟੀ ਨੂੰ ਬੜਾ ਵੱਡਾ ਧੱਕਾ ਲੱਗਿਆ।”
ਕਿਸ਼ਨ ਸਿੰਘ ਬੰਦੇ ਨੂੰ ਇਕ ਨਜ਼ਰੇ ਦੇਖ ਕੇ ਹੀ ਉਸਦੇ ਗੁਣ-ਦੋਸ਼ ਪਛਾਣ ਲੈਂਦੇ ਸਨ ਤੇ ਉਹਨਾਂ ਘਟਨਾਵਾਂ ਦੇ ਨਤੀਜਿਆਂ ਦਾ ਪਹਿਲਾਂ ਹੀ ਅੰਦਾਜ਼ਾ ਲਾ ਲੈਂਦੇ ਸਨ ਜਿਹੜੀਆਂ ਅਕਸਰ ਬਾਅਦ ਵਿਚ ਓਵੇਂ ਦੀ ਜਿਵੇਂ ਵਾਪਰਦੀਆਂ ਸਨ। ਗਦਰ ਪਾਰਟੀ ਦੀਆਂ ਕਮਜ਼ੋਰੀਆਂ ਨੂੰ ਉਹਨਾਂ ਪਹਿਲਾਂ ਹੀ ਤਾੜ ਲਿਆ ਸੀ। ਉਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਕਰਾਂਤੀਕਾਰੀ ਭੇਦਾਂ ਨੂੰ ਗੁਪਤ ਨਾ ਰੱਖ ਸਕਣਾ ਸੀ। ਇਸ ਲਈ ਸਾਫ ਕਹਿ ਦਿੱਤਾ ਸੀ ਕਿ ਜੰਗ ਕਰਕੇ ਬ੍ਰਿਟਿਸ਼ ਸਰਕਾਰ ਦੀ ਹਾਲਤ ਕਿੰਨੀ ਵੀ ਖ਼ਰਾਬ ਕਿਉਂ ਨਾ ਹੋਵੇ, ਇਹ ਅੰਦੋਲਨ ਸਫਲ ਨਹੀਂ ਹੋਏਗਾ। ਕਰਤਾਰ ਸਿੰਘ ਸਰਾਭਾ ਇਸ ਗੱਲ ਉੱਤੇ ਨਾਰਾਜ਼ ਹੋ ਗਏ ਸਨ ਤੇ ਕਿਹਾ ਸੀ, “ਤੁਸੀਂ ਡਰਦੇ ਓ, ਇਸੇ ਲਈ ਅਜਿਹੀਆਂ ਗੱਲਾਂ ਕਰ ਰਹੇ ਓ।” ਉਹ ਸੱਚਮੁੱਚ ਡਰ ਰਹੇ ਸਨ, ਪਰ ਅੰਗਰੇਜ਼ ਤੋਂ ਨਹੀਂ ਅੰਨ੍ਹੇ ਜੋਸ਼ ਤੋਂ।
ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਅੰਦੋਲਨ ਦੇ ਨਾਇਕ ਸਨ ਤੇ ਦੇਸ਼ ਨੂੰ ਅੰਗਰੇਜ਼ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਦੇ ਪੱਕੇ ਇਰਾਦੇ ਨਾਲ ਹੀ ਭਾਰਤ ਆਏ ਸਨ। ਬਗ਼ਾਵਤ ਅਸਫਲ ਹੋਈ, ਸਰਾਭਾ ਗਿਰਫਤਾਰ ਹੋਏ ਤੇ ਮਦਨ ਲਾਲ ਢੀਂਗਰਾ ਵਾਂਗ ਹੀ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਲਿਆ। ਭਗਤ ਸਿੰਘ ਨੇ ਇਸ ਸਭ ਪੜ੍ਹਿਆ-ਸੁਣਿਆ ਤੇ ਮਾਤਾ ਵਿਦਿਆ ਵਤੀ ਅਨੁਸਾਰ...“ਓਹ ਏਨੇ ਪ੍ਰਭਾਵਿਤ ਹੋਇਆ ਕਿ ਇਕ ਮੇਲੇ ਵਿਚੋਂ ਸ਼ਹੀਦ ਸਰਾਭੇ ਦੀ ਫੋਟੋ ਖ਼ਰੀਦ ਲਿਆਇਆ। ਉਹ ਇਸ ਫੋਟੋ ਨੂੰ ਹਰ ਵੇਲੇ ਆਪਣੇ ਕੋਲ ਰੱਖਦਾ ਸੀ ਤੇ ਕਹਿੰਦਾ ਸੀ, 'ਇਹ ਮੇਰਾ ਗੁਰੂ, ਮੇਰਾ ਸਾਥੀ ਤੇ ਮੇਰਾ ਭਰਾ ਐ।'” ਇਹ ਸੋਚ ਕੇ ਕਿ ਦੇਸ਼ ਦੇ ਨੌਜਵਾਨ ਇਸ ਸ਼ਹਾਦਤ ਤੋਂ ਉਹਨਾਂ ਵਾਂਗ ਹੀ ਪਰੇਰਤ ਹੋਣਗੇ, ਭਗਤ ਸਿੰਘ ਨੇ ਬਾਅਦ ਵਿਚ 'ਸ਼ਹੀਦ ਕਰਤਾਰ ਸਿੰਘ ਸਰਾਭਾ' ਲੇਖ ਲਿਖਿਆ ਜਿਹੜਾ ਇੰਜ ਸ਼ੁਰੂ ਹੁੰਦਾ ਹੈ...:
“ਰਣਚੰਡੀ ਦੇ ਇਸ ਪਰਮ ਭਗਤ, ਬਾਗ਼ੀ ਕਰਤਾਰ ਸਿੰਘ, ਦੀ ਉਮਰ ਉਸ ਸਮੇਂ ਵੀਹ ਸਾਲ ਵੀ ਨਹੀਂ ਸੀ ਹੋਈ ਕਿ ਉਹਨਾਂ ਆਜ਼ਾਦੀ ਦੀ ਦੇਵੀ ਦੀ ਬਲੀ-ਵੇਦੀ ਉੱਪਰ ਆਪਣੀ ਕੁਰਬਾਨੀ ਦੇ ਦਿੱਤੀ। ਉਹ ਹਨੇਰੀ ਵਾਂਗ ਧਾਅ ਕੇ ਯਕਦਮ ਕਿਤੋਂ ਆਏ, ਅੱਗ ਭੜਕਾਈ ਤੇ ਸੁਪਨਿਆਂ ਵਿਚ ਡੁੱਬ ਕੇ ਰਣਚੰਡੀ ਨੂੰ ਜਗਾਉਣ ਦਾ ਯਤਨ ਕੀਤਾ। ਬਗ਼ਾਵਤ ਦਾ ਯੱਗ ਰਚਾਇਆ ਤੇ ਆਖ਼ਰ ਉਹ ਖ਼ੁਦ ਇਸ ਵਿਚ ਭਸਮ ਹੋ ਗਏ। ਉਹ ਕੀ ਸਨ, ਕਿਸ ਦੁਨੀਆਂ 'ਚੋਂ ਅਚਾਨਕ ਆਏ ਤੇ ਝਟਪਟ ਕਿੱਧਰ ਚਲੇ ਗਏ—ਅਸੀਂ ਕੁਛ ਵੀ ਨਹੀਂ ਜਾਣ ਸਕੇ। ਉੱਨੀਂ ਵਰ੍ਹਿਆਂ ਦੀ ਉਮਰ ਵਿਚ ਹੀ ਉਹਨਾਂ ਏਡਾ ਕੰਮ ਕਰ ਦਿਖਾਇਆ ਕਿ ਸਭ ਹੈਰਾਨ ਰਹਿ ਗਏ। ਏਨਾ ਹੌਸਲਾ, ਏਨਾ ਆਤਮ-ਵਿਸ਼ਵਾਸ ਤੇ ਏਨੀ ਲਗਨ ਘੱਟ ਹੀ ਵੇਖਣ ਵਿਚ ਆਉਂਦੀ ਹੈ...”
13 ਅਪ੍ਰੈਲ 1919 ਦੀ ਵਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਜਲਿਆਂ ਵਾਲੇ ਬਾਗ਼ ਦਾ ਸਾਕਾ ਵਾਪਰਿਆ, ਜਿਸ ਵਿਚ ਜਨਰਲ ਡਾਇਰ ਦੀਆਂ ਗੋਲੀਆਂ ਨਾਲ ਪਤਾ ਨਹੀਂ ਕਿੰਨੇ ਬੇਗੁਨਾਹ ਦੇਸ਼ਵਾਸੀ ਸ਼ਹੀਦ ਹੋਏ, ਪੰਜਾਬ ਦੀ ਧਰਤੀ ਦਾ ਕਣ-ਕਣ ਕੂਕ ਉਠਿਆ। ਉਦੋਂ ਭਗਤ ਸਿੰਘ ਬਾਰ੍ਹਵੇਂ ਵਰ੍ਹੇ ਵਿਚ ਸਨ। ਅਗਲੇ ਦਿਨ ਸਵੇਰੇ ਉਹ ਠੀਕ ਸਮੇਂ 'ਤੇ ਪੜ੍ਹਨ ਲਈ ਘਰੋਂ ਨਿਕਲੇ, ਪਰ ਸਕੂਲ ਜਾਣ ਦੀ ਬਜਾਏ ਸਿੱਧੇ ਅੰਮ੍ਰਿਤਸਰ ਪਹੁੰਚ ਗਏ। ਸ਼ਹਿਰ ਉੱਤੇ ਆਤੰਕ ਛਾਇਆ ਹੋਇਆ ਸੀ। ਗੋਰੇ ਫ਼ੌਜੀ ਬਘਿਆੜਾਂ ਵਾਂਗ ਹੇਲੀਆਂ ਦਿੰਦੇ ਫਿਰਦੇ ਸਨ ਤੇ ਕਿਸੇ ਨੂੰ ਵੀ ਬਿਨਾਂ ਕਾਰਨ ਗੋਲੀ ਮਾਰ ਦਿੱਤੀ ਜਾਂਦੀ ਸੀ। ਬਾਰ੍ਹਾਂ ਸਾਲ ਦਾ ਨਿਰਭੈ ਬਾਲਕ ਭਗਤ ਸਿੰਘ ਪਤਾ ਨਹੀਂ ਕਿੰਜ ਜਲਿਆਂ ਵਾਲਾ ਬਾਗ਼ ਵਿਚ ਜਾ ਪਹੁੰਚਿਆ, ਸ਼ਹੀਦਾਂ ਦੇ ਖ਼ੂਨ ਨਾਲ ਰੰਗੀ ਮਿੱਟੀ ਨੂੰ ਚੂੰਢੀ ਵਿਚ ਭਰ ਮੱਥੇ ਉੱਪਰ ਟਿੱਕਾ ਲਾਇਆ ਤੇ ਫੇਰ ਥੋੜ੍ਹੀ ਜਿਹੀ ਮਿੱਟੀ ਇਕ ਸ਼ੀਸ਼ੀ ਵਿਚ ਪਾ ਕੇ ਅਵੇਰ ਹੋਏ ਘਰ ਪਰਤਿਆ। ਸਕੂਲ ਵਿਚ ਛੁੱਟੀ ਹੋ ਜਾਣ ਪਿੱਛੋਂ ਵੀ ਭਗਤ ਸਿੰਘ ਦੇ ਘਰ ਨਾ ਆਉਣ ਕਰਕੇ ਸਾਰੇ ਘਰਵਾਲੇ ਫਿਕਰਮੰਦ ਸਨ।
“ਵੀਰਾ, ਕਿੱਥੇ ਚਲਾ ਗਿਆ ਸੈਂ, ਮੈਂ ਤੇਰੇ ਹਿੱਸੇ ਦਾ ਅੰਬ ਰੱਖਿਆ ਹੋਇਆ ਏ। ਚੱਲ ਖਾ ਲੈ।” ਉਹ ਵਾਪਸ ਆਏ ਤਾਂ ਛੋਟੀ ਭੈਣ ਅੰਮ੍ਰਿਤ ਨੇ ਪਿਆਰ ਨਾਲ ਕਿਹਾ।
“ਖਾਣ ਦੀ ਗੱਲ ਛੱਡ। ਆ ਤੈਨੂੰ ਇਕ ਚੀਜ਼ ਦਿਖਾਵਾਂ।” ਭਗਤ ਸਿੰਘ ਨੇ ਕਿਹਾ ਤੇ ਉਹ ਸ਼ੀਸ਼ੀ ਜਿਸ ਵਿਚ ਸ਼ਹੀਦਾਂ ਦੇ ਲਹੂ ਨਾਲ ਰੰਗੀ ਮਿੱਟੀ ਸੀ, ਭੈਣ ਨੂੰ ਦਿਖਾਈ। ਸਾਰੀ ਗੱਲ ਭੈਣ ਨੂੰ ਦੱਸਣ ਪਿੱਛੋਂ ਭਗਤ ਸਿੰਘ ਫੁੱਲ ਤੋੜ ਲਿਆਏ ਤੇ ਸ਼ੀਸ਼ੀ ਦੇ ਚਾਰੇ ਪਾਸੇ ਰੱਖ ਦਿੱਤੇ। ਫੁੱਲ ਚੜ੍ਹਾਉਣ ਦਾ ਇਹ ਸਿਲਸਿਲਾ ਕਈ ਦਿਨ ਤਕ ਜਾਰੀ ਰਿਹਾ।
ਗੁਰਦੁਆਰਿਆਂ ਨੂੰ ਰਾਜ-ਭਗਤ ਮਹੰਤਾਂ ਦੇ ਕਬਜੇ ਤੋਂ ਮੁਕਤ ਕਰਵਾਉਣ ਲਈ ਅਕਾਲੀ ਅੰਦੋਲਨ ਚੱਲਿਆ। 21 ਫਰਬਰੀ 1921 ਨੂੰ ਮਹੰਤ ਨਾਰਾਇਣ ਦਾਸ ਨੇ ਨਨਕਾਣਾ ਸਾਹਿਬ ਵਿਚ 150 ਸਿੱਖਾਂ ਦੀ ਨਿਰਦਈਤਾ ਨਾਲ ਹੱਤਿਆ ਕਰ ਦਿੱਤੀ। ਬਹੁਤਿਆਂ ਨੂੰ ਤੇਲ ਦੇ ਉਬਲਦੇ ਕੜਾਹਿਆਂ ਵਿਚ ਸੁੱਟ ਕੇ ਜਿਊਂਦੇ ਸਾੜ ਦਿੱਤਾ। ਭਗਤ ਸਿੰਘ ਨੇ ਲਾਹੌਰ ਤੋਂ ਬੰਗਾ ਜਾਂਦਿਆਂ ਹੋਇਆਂ ਇਸ ਹੱਤਿਆ ਕਾਂਢ ਦਾ ਦ੍ਰਿਸ਼ ਦੇਖਿਆ ਤੇ 5 ਮਾਰਚ ਨੂੰ ਹੋਈ ਵੱਡੀ ਕਾਨਫ਼ਰੰਸ ਵੀ ਦੇਖੀ। ਉੱਥੋਂ ਉਹ ਕਾਂਢ ਨਾਲ ਸੰਬੰਧਤ ਇਕ ਕਲੰਡਰ ਵੀ ਖ਼ਰੀਦ ਲਿਆਏ। ਇਸ ਘਟਨਾ ਨਾਲ ਪੰਜਾਬ ਦੇ ਪਿੰਡ-ਪਿੰਡ ਵਿਚ ਅੰਗਰੇਜ਼ ਸਰਕਾਰ ਦੇ ਵਿਰੁੱਧ, ਜਿਸਨੇ ਮਹੰਤਾਂ ਦੀ ਮਦਦ ਕੀਤੀ ਸੀ, ਨਫ਼ਰਤ ਦੀ ਜਬਰਦਸਤ ਲਹਿਰ ਉਠੀ। ਕਾਲੀਆਂ ਪੱਗਾਂ ਬੰਨ੍ਹਣ ਤੇ ਪੰਜਾਬੀ ਪੜ੍ਹਨ ਦਾ ਅੰਦੋਲਨ ਚੱਲਿਆ। ਦਾਦਾਜੀ ਅਰਜੁਨ ਸਿੰਘ ਭਾਵੇਂ ਪੱਕੇ ਆਰੀਆ ਸਮਾਜੀ ਸਨ, ਪਰ ਉਹਨਾਂ ਕਾਲੀ ਪੱਗ ਬੰਨ੍ਹ ਕੇ ਅੰਦੋਲਨ ਦੇ ਪੱਖ ਵਿਚ ਹਮਦਰਦੀ ਪਰਗਟ ਕੀਤੀ। ਉਧਰ ਭਗਤ ਸਿੰਘ ਤੇ ਭੈਣ ਅੰਮ੍ਰਿਤ ਕੌਰ ਨੇ ਪੰਜਾਬੀ ਪੜ੍ਹਨੀ ਸ਼ੁਰੂ ਕਰ ਦਿੱਤੀ। ਸ਼ਹੀਦ ਸਵਰਨ ਸਿੰਘ ਦੀ ਪਤਨੀ, ਆਪਣੀ ਛੋਟੀ ਚਾਚੀ ਨੂੰ ਭਗਤ ਸਿੰਘ ਨੇ ਇਕ ਚਿੱਠੀ ਲਿਖੀ, ਜਿਹੜੀ ਪੰਜਾਬੀ ਵਿਚ ਉਹਨਾਂ ਦੀ ਪਹਿਲੀ ਚਿੱਠੀ ਸੀ¸


5 ਨਵੰਬਰ 1921
ਮੇਰੇ ਪਰਮ ਪਿਆਰੇ ਚਾਚੀ ਜੀ,
  ਨਮਸਤੇ।
ਮੈਨੂੰ ਖ਼ਤ ਲਿਖਣ ਵਿਚ ਦੇਰ ਹੋ ਗਈ ਹੈ। ਸੋ ਉਮੀਦ ਹੈ ਕਿ ਆਪ ਮੁਆਫ਼ ਕਰੋਗੇ।
ਭਾਪਾਜੀ (ਪਿਤਾ ਕਿਸ਼ਨ ਸਿੰਘ) ਦਿੱਲੀ ਗਏ ਹੋਏ ਹਨ। ਬੇਬੇ (ਮਾਤਾ ਵਿਦਿਆ ਵਤੀ) ਮੀਰਾਂਵਾਲੀ ਗਏ ਹੋਏ ਹਨ। ਬਾਕੀ ਸਭ ਰਾਜੀ ਖੁਸ਼ੀ ਹੈ। ਵੱਡੀ ਚਾਚੀ ਨੂੰ ਮੱਥਾ ਟੇਕਣਾ। ਮਾਤਾਜੀ (ਦਾਦੀ ਜੈ ਕੌਰ) ਨੂੰ ਵੀ ਮੱਥਾ ਟੇਕਣਾ। ਕੁਲਤਾਰ, ਕੁਲਬੀਰ ਸਿੰਘ ਨੂੰ ਸਤਸ਼੍ਰੀਆਕਾਲ ਵਾ ਨਮਸਕਾਰ।
    ਆਪਦਾ ਆਗਿਆਕਾਰੀ
     ਭਗਤ ਸਿੰਘ


ਇਹਨੀਂ ਦਿਨੀ ਕਾਂਗਰਸ ਦਾ ਅਸਹਿਯੋਗ ਅੰਦੋਲਨ ਵੀ ਜੋਰਾਂ ਉੱਤੇ ਸੀ, ਜਨਤਾ ਵਿਚ ਬੜਾ ਜੋਸ਼ ਸੀ। ਭਗਤ ਸਿੰਘ ਨੇ ਇਸ ਤੋਂ ਜਿਹੜਾ ਪ੍ਰਭਾਵ ਲਿਆ, ਉਹ ਦਾਦਾਜੀ ਦੇ ਨਾਂ ਲਿਖੀ ਚਿੱਠੀ ਵਿਚ ਇੰਜ ਪਰਗਟ ਕੀਤਾ ਹੋਇਆ ਹੈ। ਇਹ ਚਿੱਠੀ ਵੀ ਪੰਜਾਬੀ ਵਿਚ ਸੀ...:
ਓਮ
ਲਾਹੌਰ
14-11-1921
ਅਰਜ਼ ਹੈ ਕਿ ਏਥੇ ਖ਼ੈਰੀਅਤ ਹੈ ਤੇ ਤੁਹਾਡੀ ਖ਼ੈਰੀਅਤ ਪ੍ਰਮਾਤਮਾ ਤੋਂ ਨੇਕ ਚਾਹੁੰਦਾ ਹਾਂ। ਸਮਾਚਾਰ ਇਹ ਹੈ ਕਿ ਤੁਹਾਡੀ ਮੁੱਦਤ ਤੋਂ ਕੋਈ ਚਿੱਠੀ ਨਹੀਂ ਆਈ। ਕੀ ਸਬੱਬ ਹੈ? ਕੁਲਬੀਰ ਸਿੰਘ ਕੁਲਤਾਰ ਸਿੰਘ ਦੀ ਖ਼ੈਰੀਅਤ ਬਾਰੇ ਜਲਦ ਪਤਾ ਦੇਣਾ। ਬੇਬੇਜੀ ਅਜੇ ਮੀਰਾਂਵਾਲੀ ਤੋਂ ਨਹੀਂ ਆਏ। ਬਾਕੀ ਸਭ ਖ਼ੈਰੀਅਤ ਹੈ।
     ਆਪਦਾ ਤਾਅਬੇਦਾਰ
     ਭਗਤ ਸਿੰਘ


ਕਾਰਡ ਦੀਆਂ ਲਾਈਨਾਂ ਵਿਚ ਉਲਟੇ ਰੁਖ਼ ਤਾਂਕਿ ਸੀ.ਆਈ.ਡੀ. ਦੀ ਨਜ਼ਰ ਨਾ ਚੜ੍ਹੇ ਲਿਖਿਆ ਸੀ...:
(ਅੱਜ ਰੇਲਵੇ ਵਾਲੇ ਹੜਤਾਲ ਦੀ ਤਿਆਰੀ ਕਰ ਰਹੇ ਹਨ। ਉਮੀਦ ਹੈ ਅਗਲੇ ਹਫ਼ਤੇ ਪਿੱਛੋਂ ਜਲਦੀ ਹੀ ਸ਼ੁਰੂ ਹੋ ਜਾਏਗੀ।)
ਦੇਸ਼ ਵਿਚ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਸਨ। ਭਗਤ ਸਿੰਘ ਦੀ ਉਹਨਾਂ ਵਿਚ ਡੂੰਘੀ ਦਿਲਚਸਪੀ ਸੀ। ਉਹ ਉਹਨਾਂ ਤੋਂ ਜੋ ਪ੍ਰਭਾਵ ਲੈ ਰਹੇ ਸਨ, ਉਹਨਾਂ ਨਾਲ, ਉਹਨਾਂ ਦੇ ਵਿਚਾਰ ਤੇ ਵਿਅਕਤੀਤਵ ਦਾ ਵਿਕਾਸ ਸਹਿਜ ਰੂਪ ਵਿਚ ਹੋ ਰਿਹਾ ਸੀ। ਵਿਕਾਸ ਦੀ ਜਿਹੜੀ ਦਿਸ਼ਾ ਸੀ, ਉਸ ਤੋਂ ਇਹ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਉਹ ਭਵਿੱਖ ਦੇ ਜਿਹੜੇ ਸੁਪਨਿਆਂ ਵਿਚ ਗਵਾਚੇ ਰਹਿੰਦੇ ਸਨ, ਉਹ ਇਮਤਿਹਾਨ ਵਿਚੋਂ ਚੰਗੇ ਨੰਬਰ ਲੈਣ ਜਾਂ ਕੈਰੀਅਰ ਬਣਾਉਣ ਦੇ ਨਹੀਂ ਸਨ, ਬਲਕਿ ਉਹ ਸੁਪਨੇ ਸਨ...“ਅੰਗਰੇਜ਼ ਤੋਂ ਕਿੰਜ ਬਦਲਾ ਲਿਆ ਜਾਵੇ?” ਤੇ “ਉਸਨੂੰ ਕਿੰਜ ਭਜਾਇਆ ਜਾਵੇ ਤਾਂਕਿ ਵੱਡੇ ਚਾਚਾ ਅਜੀਤ ਸਿੰਘ ਜਲਦ ਵਾਪਸ ਆ ਸਕਣ।”
--------------------------