Monday, March 19, 2012

ਸੰਸਕਾਰ, ਸਿੱਖਿਆ ਤੇ ਚੜ੍ਹਦੀ ਅਵਸਥਾ

ਨੌਜਵਾਨ ਦੇਸ਼ ਭਗਤ :

ਸੰਸਕਾਰ, ਸਿੱਖਿਆ ਤੇ ਚੜ੍ਹਦੀ ਅਵਸਥਾ

ਕਿਸੇ ਵੀ ਕੌਮ ਦੀ ਉਨਤੀ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ।
ਜਿਵੇਂ ਜਿਵੇਂ ਸਾਹਿਤ ਦਾ ਸਤਰ ਉੱਚਾ ਉਠਦਾ ਹੈ ਤਿਵੇਂ ਤਿਵੇਂ ਦੇਸ਼ ਦੀ ਤਰੱਕੀ ਹੁੰਦੀ ਹੈ।



1921 ਦੇ ਅਸਹਿਯੋਗ ਅੰਦੋਲਨ ਦੇ ਕਾਰਜ-ਕਰਮ ਵਿਚ ਕੌਂਸਿਲਾਂ, ਅਦਾਲਤਾਂ ਤੇ ਸਕੂਲ-ਕਾਲਜਾਂ ਦਾ ਬਾਈਕਾਟ ਵੀ ਸ਼ਾਮਲ ਸੀ। ਜਿਹੜੇ ਵਿਦਿਆਰਥੀ ਸਕੂਲ-ਕਾਲਜ ਛੱਡ ਕੇ ਅਸਹਿਯੋਗ ਅੰਦੋਲਨ ਵਿਚ ਆਏ, ਉਹਨਾਂ ਲਈ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਰਾਸ਼ਟਰੀ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। ਜਿਵੇਂ ਬਨਾਰਸ ਵਿਚ 'ਕਾਸ਼ੀ ਵਿਦਿਆ ਪੀਠ', 'ਗੁਜਰਾਤ ਵਿਦਿਆ ਪੀਠ' ਤੇ ਪਟਨੇ ਵਿਚ 'ਬਿਹਾਰ ਵਿਦਿਆ ਪੀਠ' ਦੀ ਸਥਾਪਨਾ ਹੋਈ। ਇਸੇ ਤਰ੍ਹਾਂ ਲਾਹੌਰ ਵਿਚ ਲਾਲਾ ਲਾਜਪਤ ਰਾਏ ਤੇ ਦੂਜੇ ਰਾਸ਼ਟਰੀ ਨੇਤਾਵਾਂ ਨੇ 'ਤਿਲਕ ਸਕੂਲ ਆਫ ਪਾਲਿਟਿਕਸ' ਦੀ ਸਥਾਪਨਾ ਕੀਤੀ, ਸਾਧਾਰਨ ਭਾਸ਼ਾ ਵਿਚ ਜਿਸ ਦਾ ਨਾਂ ਨੈਸ਼ਨਲ ਕਾਲਜ ਪਿਆ।
ਭਗਤ ਸਿੰਘ ਭਲਾ ਕਦੋਂ ਪਿੱਛੇ ਰਹਿਣ ਵਾਲੇ ਸਨ। ਉਹ ਵੀ ਨੌਵੀਂ ਜਮਾਤ ਵਿੱਚੇ ਛੱਡ ਕੇ ਡੀ.ਏ.ਵੀ. ਸਕੂਲ ਤੋਂ ਨੈਸ਼ਨਲ ਕਾਲਜ ਵਿਚ ਜਾ ਭਰਤੀ ਹੋਏ। ਉਹਨਾਂ ਦੀ ਉਮਰ ਦਾ ਪੰਦਰਵਾਂ ਸਾਲ ਸੀ। ਮਾਤਾ-ਪਿਤਾ ਤੋਂ ਵਿਰਸੇ ਵਿਚ ਮਿਲਿਆ ਲੰਮਾਂ-ਝੰਮਾਂ ਕੱਦ, ਚੌੜੇ ਮੋਢੇ, ਨਰੋਈ-ਸੁਡੌਲ ਦੇਹ, ਗੋਰਾ-ਚਿੱਟਾ ਹੱਸਮੁੱਖ ਚਿਹਰਾ, ਦ੍ਰਿੜ੍ਹ ਸੰਕਲਪ। ਇਹ ਮਨਮਸਤ ਨੌਜਵਾਨ ਯਕਦਮ ਹੀ ਸਾਰਿਆਂ ਦਾ ਧਿਆਨ ਖਿੱਚ ਲੈਂਦਾ ਸੀ।
ਸਵਾਲ ਇਹ ਸੀ ਕਿ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਕਾਲਜ ਵਿਚ ਕਿੰਜ ਦਾਖ਼ਲ ਕੀਤਾ ਜਾਏ। ਜੈ ਦੇਵ ਗੁਪਤਾ ਡੀ.ਏ.ਵੀ. ਸਕੂਲ ਵਿਚ ਭਗਤ ਸਿੰਘ ਦੇ ਜਮਾਤੀ ਸਨ। ਉਹ ਵੀ ਸਕੂਲ ਛੱਡ ਕੇ ਅਸਹਿਯੋਗ ਅੰਦੋਲਨ ਵਿਚ ਆ ਗਏ ਸਨ। ਉਹਨਾਂ ਦੇ ਕਹਿਣ ਅਨੁਸਾਰ...'ਭਾਈ ਪਰਮਾ ਨੰਦ ਨੇ, ਜਿਹੜੇ ਲਾਲਾ ਲਾਜਪਤ ਰਾਏ ਦੇ ਪ੍ਰਤੀਨਿਧੀ ਦੇ ਰੂਪ ਵਿਚ ਸਰਵੇ-ਸਰਵਾ ਸਨ, ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਮਹੀਨਿਆਂ ਦੀ ਮੋਹਲਤ ਦਿੱਤੀ ਕਿ ਉਹ ਇਸ ਦੌਰਾਨ ਤਿਆਰੀ ਕਰਕੇ ਦਸਵੀਂ ਦਾ ਇਤਿਹਾਨ ਪਾਸ ਕਰ ਲੈਣ। ਜੈ ਦੇਵ ਗੁਪਤਾ ਤੇ ਭਗਤ ਸਿੰਘ ਨੇ ਰਾਤਾਂ ਜਾਗ-ਜਾਗ ਕੇ ਤਿਆਰੀ ਕੀਤੀ ਤੇ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ ਤੇ ਨੈਸ਼ਨਲ ਕਾਲਜ ਵਿਚ ਦਾਖ਼ਲ ਹੋ ਗਏ।
ਆਚਾਰੀਆ ਜੁਗਲ ਕਿਸ਼ੋਰ ਕਾਲਜ ਦੇ ਪ੍ਰਿੰਸੀਪਲ ਸਨ। ਉਹ ਵਲਾਇਤ ਵਿਚ ਆਪਣੀ ਸਿੱਖਿਆ ਮੁਕੰਮਲ ਕਰਕੇ ਪਿੱਛੇ ਜਿਹੇ ਹੀ ਸਵਦੇਸ਼ ਵਾਪਸ ਆਏ ਸਨ ਤੇ ਜੀਵਨ, ਰਾਸ਼ਟਰੀ ਸੇਵਾ ਲਈ ਸਮਰਪਿੱਤ ਕਰ ਦਿੱਤਾ ਸੀ। ਉਹ ਸੁਤੰਤਰ ਵਿਚਾਰਾਂ ਦੇ ਸੁਹਿਰਦ ਵਿਅਕਤੀ ਸਨ। ਜਿਹੜੇ ਨੌਜਵਾਨ ਰਾਸ਼ਰਟੀ ਨਿਸ਼ਾਨੇ ਲਈ ਸਮਰਪਿੱਤ ਸਨ, ਉਹਨਾਂ ਨੂੰ ਉਹ ਬੜਾ ਪਿਆਰ ਕਰਦੇ ਸਨ ਤੇ ਉਹਨਾਂ ਨੇ ਕਾਲਜ ਦੇ ਮਾਹੌਲ ਨੂੰ ਬੜਾ ਸਹਿਜ, ਸੁਖਾਵਾਂ ਬਣਾ ਦਿੱਤਾ ਸੀ।
ਕਾਲਜ ਦੇ ਇਕ ਅਧਿਆਪਕ ਛਬੀਲ ਦਾਸ ਸਨ। ਜਿਹੜੇ (ਇਹ ਪੁਸਤਕ ਲਿਖੇ ਜਾਣ ਤਕ) ਅੱਜ ਵੀ ਜਿਊਂਦੇ ਹਨ। ਉਹ ਦੇਸ਼ ਭਗਤੀ ਦੀ ਭਾਵਨਾ ਨਾਲ ਭਰੇ ਇਕ ਅਧਿਅਨਸ਼ੀਲ ਤੇ ਮਨਨਸ਼ੀਲ ਨੌਜਵਾਨ ਸਨ। ਤਿੱਖੀ ਬੁੱਧੀ ਦੇ ਸਫਲ ਵਿਦਿਆਰਥੀ ਹੁੰਦੇ ਹੋਏ ਵੀ, ਉਹਨਾਂ ਐਮ.ਏ. ਵਿੱਚੇ ਛੱਡ ਕੇ ਕਾਲਜ ਛੱਡ ਦਿੱਤਾ ਤੇ ਉਮਰ ਭਰ ਦੇਸ਼ ਸੇਵਾ ਕਰਨ ਦਾ ਪ੍ਰਣ ਕਰਕੇ ਲਾਲਾ ਲਾਜਪਤ ਰਾਏ ਦੇ 'ਲੋਕ ਸੇਵਕ ਮੰਡਲ' ਦੇ ਮੈਂਬਰ ਬਣ ਗਏ। ਜਨਤਾ ਵਿਚ ਰਾਸ਼ਟਰੀ ਚੇਤਨਾ ਜਗਾਉਣ ਲਈ ਉਹਨਾਂ ਨੇ 'ਚਿੰਗਾਰੀਆਂ', 'ਹਮ ਸਵਰਾਜ ਕਿਉਂ ਚਾਹਤੇ ਹੈਂ?', 'ਸੋਸ਼ਲਿਜ਼ਮ', 'ਭੂਖਾ ਬਹਿਸ਼ਤ', 'ਰਾਜਨੀਤਿਕ ਕਹਾਣੀਆਂ', 'ਇਨਕਲਾਬੀ ਸ਼ਰਾਰੇ', 'ਕਿਉਂ ਔਰ ਕੈਸੇ', ਆਦੀ ਪੁਸਤਕਾਂ ਤੇ ਅਗਿਣਤ ਪੈਂਫਲੇਟ ਲਿਖੇ। 1985 ਵਿਚ ਉਹਨਾ ਨੇ 'ਮੇਰੀ ਇਨਕਲਾਬੀ ਯਾਤਰਾ' ਨਾਂ ਹੇਠ ਆਪਣੀ ਆਤਮ-ਕਥਾ ਪ੍ਰਕਾਸ਼ਿਤ ਕੀਤੀ ਹੈ। ਨੈਸ਼ਨਲ ਕਾਲਜ ਦੀ ਕਹਾਣੀ ਉਹਨਾਂ ਦੇ ਸ਼ਬਦਾਂ ਵਿਚ ਹੀ ਸੁਣੋ...:
“ਤੁਰੰਤ ਮੇਰੀਆਂ ਸੇਵਾਵਾਂ ਨੈਸ਼ਨਲ ਕਾਲਜ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ। ਮੈਂ ਉੱਥੇ ਕਾਲਜ ਦੀਆਂ ਕਲਾਸਾਂ ਨੂੰ ਅੰਗਰੇਜ਼ੀ ਪੜ੍ਹਾਉਣ ਲੱਗ ਪਿਆ ਸਾਂ। ਉਸ ਤੋਂ ਅਗਲੇ ਵਰ੍ਹੇ ਕਾਲਜ ਦੇ ਪ੍ਰਿੰਸੀਪਲ ਆਚਾਰੀਆ ਜੁਗਲ ਕਿਸ਼ੋਰ ਦੇ ਰਟਾਇਰ ਹੋ ਜਾਣ ਪਿੱਛੋਂ ਮੈਨੂੰ ਪ੍ਰਿੰਸੀਪਲ ਬਣਾ ਦਿੱਤਾ ਗਿਆ ਸੀ ਤੇ ਮੈਂ ਅੰਗਰੇਜ਼ੀ ਦੇ ਨਾਲ ਨਾਲ ਇਤਿਹਾਸ ਵੀ ਪੜ੍ਹਾਉਣ ਲੱਗ ਪਿਆ ਸਾਂ।”
ਫੇਰ ਇਹ ਦੱਸਣ ਪਿੱਛੋਂ ਕਿ ਨੈਸ਼ਨਲ ਕਾਲਜ ਬਰੇਡਲਾ ਹਾਲ ਵਿਚ ਆਪਣਾ ਕੰਮ ਕਰਦਾ ਸੀ ਤੇ ਰਾਸ਼ਟਰੀ ਸਿੱਖਿਆ ਲੈਣ ਲਈ ਪੰਜਾਬ ਭਰ ਤੋਂ ਦੋ ਸੌ ਵਿਦਿਆਰਥੀ ਲਾਹੌਰ ਪਹੁੰਚ ਗਏ ਸਨ, ਲਿਖਿਆ ਹੈ...:
“ਸ਼ੁਰੂ ਸ਼ੁਰੂ ਵਿਚ ਕੁਝ ਦਿਨ ਲਾਲਾ ਲਾਜਪਤ ਰਾਏ ਉੱਥੇ ਆ ਕੇ ਮੁੰਡਿਆਂ ਨੂੰ ਪੜ੍ਹਾਉਂਦੇ ਰਹੇ ਸਨ। ਨੈਸ਼ਨਲ ਕਾਲਜ ਦੀ ਪੜ੍ਹਾਈ ਆਮ ਕਾਲਜਾਂ ਨਾਲੋਂ ਬੜੀ ਭਿੰਨ ਸੀ। ਉੱਥੇ ਇਤਿਹਾਸ, ਅਰਥ-ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇਹ ਸਾਰੀ ਪੜ੍ਹਾਈ ਹਿੰਦੀ ਜਾਂ ਹਿੰਦੁਸਤਾਨੀ ਭਾਸ਼ਾ ਵਿਚ ਹੀ ਹੁੰਦੀ ਸੀ, ਪਰ ਮੁੰਡਿਆਂ ਨੂੰ ਅੰਗਰੇਜ਼ੀ ਵੀ ਪੜ੍ਹਾਈ ਜਾਂਦੀ ਸੀ, ਕਿਉਂਕਿ ਉਹਨਾਂ ਦੇ ਕੋਰਸ ਦੀਆਂ ਬਹੁਤੀਆਂ ਕਿਤਾਬਾਂ ਅੰਗਰੇਜ਼ੀ ਵਿਚ ਹੀ ਮਿਲਦੀਆਂ ਸਨ।”
ਨੈਸ਼ਨਲ ਕਾਲਜ ਵਿਚ ਪੜ੍ਹਾਉਣ ਵਾਲੇ ਅਧਿਆਪਕ, ਖ਼ੁਦ ਅੰਗਰੇਜ਼ੀ ਵਿਚ ਪੁਸਤਕਾਂ ਪੜ੍ਹ ਕੇ ਆਉਂਦੇ ਸਨ। ਮੁੰਡਿਆਂ ਦੇ ਖੇਡਣ ਤੇ ਸ਼ਰੀਰਕ ਕਸਰਤ ਦਾ ਕੋਈ ਇੰਤਜ਼ਾਮ ਨਹੀਂ ਸੀ, ਪਰ ਵਿਦਿਆਰਥੀਆਂ ਦੀ ਵਿਵਹਾਰਕ ਸਿਖਲਾਈ ਲਈ ਉੱਥੇ ਗੋਸ਼ਟੀਆਂ, ਸੰਵਾਦਾਂ ਦਾ ਸਿਲਸਿਲਾ ਨਿੱਤਨੇਮ ਵਾਂਗ ਸ਼ੁਰੂ ਕਰ ਦਿੱਤਾ ਗਿਆ ਸੀ।
ਨੈਸ਼ਨਲ ਕਾਲਜ ਵਿਚ ਸਮਾਜ-ਸ਼ਾਸਤਰ ਦੀਆਂ ਤਿੰਨ ਵਾਨਗੀਆਂ—ਇਤਿਹਾਸ, ਅਰਥ-ਸ਼ਾਸਤਰ ਤੇ ਰਾਜਨੀਤਕ-ਸ਼ਾਸਤਰ ਸਨ। ਸਾਇੰਸ ਦਾ ਤਸੱਲੀ-ਬਖ਼ਸ਼ ਪ੍ਰਬੰਧ ਹੋਣ ਦੇ ਬਾਵਜੂਦ ਕਾਲਜ ਦੇ ਵਾਤਾਵਰਣ ਵਿਚ ਇਤਿਹਾਸ ਦੀ ਹੀ ਵਿਸ਼ੇਸ਼ ਚਰਚਾ ਛਿੜੀ ਹੁੰਦੀ ਸੀ।
ਭਾਰਤ ਦਾ ਪੁਰਾਤਨ ਇਤਿਹਾਸ ਤਾਂ ਗੁਰੂਕੁਲ ਕਾਂਗੜੀ ਦੇ ਸਨਾਤਕ ਪੰਡਤ ਜੈ ਚੰਦ ਵਿਧਾਲੰਕਾਰ ਪੜ੍ਹਾਉਂਦੇ ਸਨ ਪਰ ਯੂਰਪ ਦਾ ਇਤਿਹਾਸ ਤੇ ਅਧੁਨਿਕ ਇਤਿਹਾਸ ਭਾਈ ਪਰਮਾ ਨੰਦ ਪੜ੍ਹਾਉਂਦੇ ਸਨ। ਉਹ ਡੀ.ਏ.ਵੀ. ਕਾਲਜ ਲਾਹੌਰ ਵਿਚ ਵੀ ਪੜ੍ਹਾਉਂਦੇ ਸਨ। ਆਰੀਆ ਸਮਾਜ ਨੇ ਉਹਨਾਂ ਨੂੰ ਵੈਦਿਕ ਧਰਮ ਦੇ ਪਰਚਾਰ ਲਈ ਦੱਖਣੀ ਅਫ਼ਰੀਕਾ ਭੇਜ ਦਿੱਤਾ ਸੀ। ਉੱਥੋਂ ਉਹ ਇੰਗਲੈਂਡ ਚਲੇ ਗਏ ਤੇ ਲੰਦਨ ਦੀ ਮੁੱਖ ਰਿਸਰਚ ਲਾਇਬਰੇਰੀ ਵਿਚ ਬੈਠ ਕੇ 'ਭਾਰਤਵਰਸ਼ ਕਾ ਇਤਿਹਾਸ' ਲਿਖਿਆ, ਜਿਹੜਾ ਭਾਰਤ ਸਰਕਾਰ ਦੀਆਂ ਅੱਖਾਂ ਵਿਚ ਕੰਡੇ ਵਾਂਗ ਚੁੱਭਨ ਲੱਗਾ। ਜਦੋਂ ਉਹ ਇੰਗਲੈਂਡ ਤੋਂ ਭਾਰਤ ਵਾਪਸ ਆਏ ਤਾਂ ਪੰਜਾਬ ਸਰਕਾਰ ਨੇ ਉਹਨਾਂ ਦੀ ਪੁਸਤਕ ਜਬਤ ਕਰ ਲਈ। ਤੇ ਫੇਰ ਪੰਜਾਬ ਦੇ ਗਵਰਨਰ ਨੇ ਉਹਨਾਂ ਨੂੰ ਇਕ ਸ਼ਾਜਿਸ਼ ਵਿਚ ਫਸਾ ਕੇ ਸਜਾਏ-ਮੌਤ ਦੀ ਸਜ਼ਾ ਦੇ ਦਿੱਤੀ।
ਪੰਡਤ ਮਦਨ ਮੋਹਨ ਮਾਲਵੀਆ ਤੇ ਪਾਦਰੀ ਸੀ.ਐਫ. ਏਂਡਰੂਜ਼ ਨੇ ਵਾਇਸਰਾਏ ਲਾਰਡ ਹਾਰਡਿੰਗ ਨੂੰ ਅਪੀਲ ਕੀਤੀ ਤੇ ਕਿਹਾ ਕਿ 'ਕਿਸੇ ਨੂੰ ਸਿਰਫ ਇਕ ਪੁਸਤਕ ਲਿਖਣ ਦੇ ਦੋਸ਼ ਵਿਚ ਸਜ਼ਾਏ-ਮੌਤ ਦੇ ਦੇਣਾ ਭਾਰੀ ਅਤਿਆਚਾਰ ਤੇ ਅਨਿਆਂ ਹੈ।' ਵਾਇਸਰਾਏ ਨੇ ਭਾਈ ਪਰਮਾ ਨੰਦ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਅੰਡੇਮਾਨ ਭੇਜ ਦਿੱਤਾ। ਜਿੱਥੋਂ ਪੰਜ ਸਾਲ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਭਾਈ ਪਰਮਾ ਨੰਦ ਯੂਰਪ ਦਾ ਇਤਿਹਾਸ ਪੜ੍ਹਾਉਂਦੇ ਸਨ—ਜਿਹੜਾ ਯੁੱਧਾਂ, ਕਰਾਂਤੀਆਂ ਤੇ ਮਾਰ-ਕਾਟ ਦੀਆਂ ਭਿਆਨਕ ਘਟਨਾਵਾਂ ਨਾਲ ਭਰਿਆ ਹੋਇਆ ਹੈ।
ਨੈਸ਼ਨਲ ਕਾਲਜ ਵਿਚ ਪੜ੍ਹਨ ਵਾਲੇ ਉਹ ਨੌਜਵਾਨ ਸਨ, ਜਿਹਨਾਂ ਨੇ ਮਹਾਤਮਾ ਗਾਂਧੀ ਦੀ ਅਪੀਲ ਉੱਤੇ ਕਾਲਜ ਹੱਸ ਕੇ ਛੱਡ ਦਿੱਤਾ ਸੀ। ਇਹ ਨੌਜਵਾਨ ਜਦੋਂ ਨੈਸ਼ਨਲ ਕਾਲਜ ਵਿਚ ਭਾਈ ਪਰਮਾ ਨੰਦ ਦੇ ਪੜ੍ਹਾਏ ਇਤਿਹਾਸ ਵਿਚਲੀਆਂ ਗੱਲਾਂ ਸੁਣਦੇ ਤਾਂ ਹੈਰਾਨ ਹੋ ਕੇ ਇਹ ਸੋਚਣ ਉੱਪਰ ਮਜ਼ਬੂਰ ਹੋ ਜਾਂਦੇ ਕਿ ਜਦੋਂ ਸੰਸਾਰ ਭਰ ਦੇ ਹੋਰਨਾਂ ਦੇਸ਼ਾਂ ਨੇ ਆਪਣੇ ਗਲ਼ੇ ਵਿਚੋਂ ਦਾਸਤਾ ਵਾਲਾ ਪੱਟਾ ਲਾਹੁਣ ਲਈ ਗੋਲੀ, ਬਾਰੂਦ, ਹਥਿਆਰ ਤੇ ਹਿੰਸਾ ਦਾ ਰਸਤਾ ਅਪਣਾਇਆ ਹੈ ਤਾਂ ਫੇਰ ਮਹਾਤਮਾ ਗਾਂਧੀ ਕਿਸ ਤਰ੍ਹਾਂ ਇਹ ਦਾਅਵਾ ਕਰਦੇ ਹਨ ਕਿ ਉਹ ਇਕ ਵਰ੍ਹੇ ਦੇ ਵਿਚ-ਵਿਚ ਅਹਿੰਸਾ ਤੇ ਸ਼ਾਂਤਮਈ ਢੰਗ ਨਾਲ ਭਾਰਤ ਨੂੰ ਆਜ਼ਾਦੀ ਦਿਵਾਅ ਦੇਣਗੇ! ਨੈਸ਼ਨਲ ਕਾਲਜ ਦੇ ਵਿਦਿਆਰਥੀ ਅਕਸਰ ਇਹ ਸੋਚਦੇ ਤੇ ਕਹਿੰਦੇ ਕਿ 'ਕੀ ਮਹਾਤਮਾ ਗਾਂਧੀ ਹਵਾਈ ਕਿਲੇ ਤਾਂ ਨਹੀਂ ਬਣਾ ਰਹੇ!' ਇਹੀ ਵਿਚਾਰ ਨੈਸ਼ਲ ਕਾਲਜ ਦੇ ਕੁਝ ਅਧਿਆਪਕਾਂ ਦੇ ਦਿਲ ਵਿਚ ਵੀ ਉਠਦੇ।”
ਪ੍ਰਿੰਸੀਪਲ' ਸ਼ਬਦ ਉਹਨਾਂ ਦੇ ਨਾਂ ਨਾਲ ਇੰਜ ਜੁੜਿਆ ਕਿ ਉਹ ਅੱਜ ਵੀ ਪ੍ਰਿੰਸੀਪਲ ਛਬੀਲ ਦਾਸ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ। 'ਭਗਤ ਸਿੰਘ ਔਰ ਨੈਸ਼ਨਲ ਕਾਲੇਜ' ਸਿਰਲੇਖ ਹੇਠ ਉਹਨਾਂ ਹੋਰ ਲਿਖਿਆ ਹੈ...:
“ਭਗਤ ਸਿੰਘ ਜਿੱਥੇ ਇਕ ਜੋਸ਼ੀਲਾ ਇਨਕਲਾਬੀ ਸੀ, ਓਥੇ ਹੀ ਇਕ ਬੜਾ ਅੱਛਾ ਵਿਦਿਆਰਥੀ ਵੀ ਸੀ। ਉਸਦਾ ਅਧਿਆਪਕ ਹੋਣ ਦੇ ਨਾਤੇ, ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਸਨੂੰ ਪੜ੍ਹਾਉਣ ਵਿਚ ਬੜਾ ਆਨੰਦ ਆਉਂਦਾ ਸੀ। ਭਗਤ ਸਿੰਘ ਨੂੰ ਪੜ੍ਹਨ ਦਾ ਬੇਹੱਦ ਸ਼ੌਕ ਸੀ। ਜਦੋਂ ਕਿਸੇ ਵੀ ਨਵੀਂ ਕਿਤਾਬ ਦਾ ਨਾਂ ਉਸਦੇ ਸਾਹਮਣੇ ਲਿਆ ਗਿਆ, ਉਸਨੇ ਫ਼ੌਰਨ ਉਸਨੂੰ ਪੜ੍ਹਨ ਦੀ ਫਰਮਾਇਸ਼ ਕੀਤੀ। ਵੈਸੇ ਤਾਂ ਭਗਤ ਸਿੰਘ ਨੇ ਇਤਿਹਾਸ ਦੀਆਂ, ਪਤਾ ਨਹੀਂ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ ਸਨ, ਪਰ ਮੈਨੂੰ ਹੁਣ ਤਕ ਯਾਦ ਹੈ ਕਿ ਉਸਨੂੰ ਕਿਹੜੀ ਕਿਤਾਬ ਸਭ ਤੋਂ ਵੱਧ ਪਸੰਦ ਸੀ—ਉਹ ਸੀ 'ਕਰਾਈ ਫਾਰ ਜਸਟਿਸ' (ਨਿਆਂ ਲਈ ਪੁਕਾਰ)। ਇਸ ਤੋਂ ਪਤਾ ਲੱਗਦਾ ਹੈ ਕਿ ਉਸਦੇ ਦਿਲ ਵਿਚ ਬੇਇਨਸਾਫ਼ੀ ਦੇ ਖ਼ਿਲਾਫ਼ ਲੜਨ ਦੀ ਭਾਵਨਾ ਕਿੰਨੀ ਕੁੱਟ-ਕੁੱਟ ਕੇ ਭਰੀ ਹੋਈ ਸੀ।”
ਇਕ ਹੋਰ ਅਧਿਆਪਕ ਗੁਰੂਕੁਲ ਕਾਂਗੜੀ ਦੇ ਸਨਾਤਕ ਜੈ ਚੰਦਰ ਵਿਧਾਲੰਕਾਰ ਸਨ। ਉਹ ਵਿਦਿਆਰਥੀਆਂ ਨੂੰ ਭਾਰਤ ਦਾ ਪੁਰਾਤਨ ਤੇ ਅਧੁਨਿਕ ਇਤਿਹਾਸ ਪੜ੍ਹਾਉਂਦੇ ਹੁੰਦੇ ਸਨ। ਸਿਲੇਬਸ ਵਿਚ ਰੌਲਟ ਕਮੇਟੀ ਦੀ ਰਿਪੋਰਟ ਤੇ ਅਸਹਿਯੋਗ ਅੰਦੋਲਨ ਵੀ ਸ਼ਾਮਲ ਸੀ। ਰੌਲਟ ਕਮੇਟੀ ਦੀ ਰਿਪੋਰਟ ਵਿਚ ਭਾਰਤ ਦੀ ਸੁਤੰਤਰਤਾ ਲਈ ਹੋਈਆਂ ਕੋਸ਼ਿਸ਼ਾਂ ਦਾ ਬਿਓਰੇਵਾਰ ਵਰਨਣ ਸੀ। ਇਹ ਰਿਪੋਰਟ ਦੋ ਸੌ ਛੱਬੀ ਸਫਿਆਂ ਉੱਤੇ ਫ਼ੈਲੀ ਹੋਈ ਸੀ। ਉਸਦਾ ਟੀਚਾ ਕਰਾਂਤੀਕਾਰੀਆਂ ਨੂੰ ਅਪਰਾਧੀ ਸਿੱਧ ਕਰਨਾ ਸੀ। ਰੌਲਟ ਕਮੇਟੀ ਨੂੰ ਸਿਡੀਸ਼ਨ ਕਮੇਟੀ ਵੀ ਕਿਹਾ ਜਾਂਦਾ ਸੀ। ਸਿਡੀਸ਼ਨ ਦਾ ਸਿੱਧਾ ਅਰਥ ਹੈ ਰਾਜ-ਧਰੋ ਯਾਨੀ ਅੰਗਰੇਜ਼ ਸਰਕਾਰ ਕਰਾਂਤੀ ਦੀਆਂ ਕੋਸ਼ਿਸ਼ਾਂ ਨੂੰ ਰਾਜ-ਧਰੋ ਮੰਨਦੀ ਸੀ। ਇਸ ਰਿਪੋਰਟ ਵਿਚ ਕਰਾਂਤੀਕਾਰੀ ਪੜਯੰਤਰਾਂ ਦਾ ਵਿਸਥਾਰ ਭਰਿਆ ਬਿਓਰਾ, ਉਹਨਾਂ ਨੂੰ ਦਬਾਉਣ ਵਿਚ ਆਈਆਂ ਔਕੜਾਂ ਤੇ ਅੱਗੋਂ ਲਈ ਦਮਨਕਾਰੀ ਕਾਨੂੰਨ ਬਣਾਉਣ ਦੀਆਂ ਸਿਫ਼ਾਰਸ਼ਾਂ ਸਨ। ਇਹਨਾਂ ਸਿਫ਼ਾਰਸ਼ਾਂ ਅਨੁਸਾਰ ਕਿਸੇ ਨੂੰ ਵੀ ਬਿਨਾਂ ਕਾਰਨ ਗਿਰਫਤਾਰ ਕਰਨ, ਤਲਾਸ਼ੀ ਲੈਣ, ਨਜ਼ਰਬੰਦ ਕਰ ਦੇਣ ਤੇ ਜਮਾਨਤ ਨਾ ਲੈਣ ਦਾ ਅਧਿਕਾਰ ਪੁਲਸ ਨੂੰ ਸੌਂਪ ਦਿੱਤਾ ਗਿਆ ਸੀ। ਇਸ ਨੂੰ ਪੜ੍ਹ ਕੇ ਨੌਜਵਾਨਾਂ ਦਾ ਲਹੂ ਉਬਾਲੇ ਖਾਣ ਲੱਗ ਪੈਂਦਾ ਤੇ ਵਿਦੇਸ਼ੀ ਸਰਕਾਰ ਦੇ ਖ਼ਿਲਾਫ਼ ਘਿਰਣਾ ਹੋਰ ਵਧ ਜਾਂਦੀ। ਜੈ ਚੰਦਰ ਵਿਧਾਲੰਕਾਰ ਦਾ ਸੰਬੰਧ ਬੰਗਾਲ ਦੇ ਕਰਾਂਤੀਕਾਰੀਆਂ ਨਾਲ ਸੀ। ਜਦੋਂ ਉਹ ਅੰਗਰੇਜ਼ ਦੀ ਦਮਨ ਨੀਤੀ ਦੇ ਨਾਲ ਨਾਲ ਅਸਹਿਯੋਗ ਅੰਦੋਲਨ ਦੀ ਵਿਆਖਿਆ ਕਰਦੇ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਕਿ ਸ਼ਾਂਤਮਈ ਸਤਿਆਗ੍ਰਹਿ ਦਾ ਦਰਸ਼ਨ ਕਰਾਂਤੀ ਵਿਰੋਧੀ ਹੈ, ਜਿਹੜਾ ਸਾਡੇ ਹੱਥ-ਪੈਰ ਬੰਨ੍ਹ ਕੇ ਦੁਸ਼ਮਣ ਦੇ ਦਮਨ ਕਾਰਜਾਂ ਨੂੰ ਚੁੱਪਚਾਪ ਸਹਿਣ ਤੇ ਉਸਨੂੰ ਘਿਰਣਾ ਨਾ ਕਰਨ ਦੀ ਸਿੱਖਿਆ ਦਿੰਦਾ ਹੈ।
ਇਹ ਪ੍ਰੋਫ਼ੈਸਰ ਜੈ ਚੰਦਰ ਵਿਧਾਲੰਕਾਰ ਕਰਾਂਤੀਕਾਰੀਆਂ ਦੇ ਸੰਪਰਕ ਵਿਚ ਕਿਵੇਂ ਆਏ ਤੇ ਫੇਰ ਉਹਨਾਂ ਰਾਹੀਂ ਭਗਤ ਸਿੰਘ ਤੇ ਸੁਖਦੇਵ ਆਦੀ ਕਾਲਜ ਦੇ ਵਿਦਿਆਰਥੀਆਂ ਦਾ ਕਰਾਂਤੀਕਾਰੀਆਂ ਨਾਲ ਕਿੰਜ ਸੰਪਰਕ ਪੈਦਾ ਹੋਇਆ, ਇਹ ਵੀ ਇਕ ਦਿਲਚਸਪ ਕਹਾਣੀ ਹੈ। ਸ਼ਚੀਂਦਰ ਨਾਥ ਸਾਨਿਆਲ ਦੇ ਸ਼ਬਦਾਂ ਵਿਚ...:
“ਸ਼੍ਰੀ ਛੇਦੀ ਲਾਲ ਨਾਲ ਸੰਗਠਨ ਦੇ ਕੰਮ ਦੇ ਸਿਲਸਿਲੇ ਵਿਚ ਮੈਂ ਫਤਹਿ ਗੜ੍ਹ ਗਿਆ ਹੋਇਆ ਸਾਂ। ਸ਼ਹਿਰ ਦੇ ਕੁਝ ਹਿੱਸਿਆਂ ਵਿਚ ਤੇ ਪਿੰਡ ਵਿਚ ਵੀ ਜਾਣਾ ਸੀ। ਸਾਡੇ ਸੰਗਠਨ ਦਾ ਕੰਮ ਕਰਨ ਦਾ ਤਰੀਕਾ ਇਹ ਸੀ ਕਿ ਜਿੰਨੀਆਂ ਥਾਵਾਂ 'ਤੇ ਵੀ ਹੋ ਸਕੇ, ਓਨੀਆਂ ਥਾਵਾਂ 'ਤੇ ਮਜ਼ਬੂਤ ਇਰਾਦੇ ਨਾਲ ਕੰਮ ਕਰਨ ਵਾਲੇ ਤਿਆਗੀ ਤੇ ਦਲੇਰ ਨੌਜਵਾਨਾਂ ਨੂੰ ਲਾ ਦਿੱਤਾ ਜਾਏ। ਇੰਜ ਹੌਲੀ ਹੌਲੀ ਗਿਣਤੀ ਵਧਾ ਕੇ ਇਕ ਵਿਸ਼ਾਲ ਦਲ ਬਣ ਜਾਏਗਾ। ਪਿੰਡ ਤੇ ਸ਼ਹਿਰ ਵਿਚ ਕੰਮ ਨਿਪਟਾ ਕੇ ਅਸੀਂ ਵਾਪਸ ਆ ਕੇ ਗੰਗਾਜੀ ਦੇ ਕਿਨਾਰੇ ਬੈਠੇ ਸੁਸਤਾ ਰਹੇ ਸਾਂ। ਕੁਝ ਚਿਰ ਪਿੱਛੋਂ ਉਠ ਕੇ, ਗੰਗਾਜੀ ਦੇ ਕਿਨਾਰੇ-ਕਿਨਾਰੇ, ਘਾਟ ਦੇ ਨਾਲ ਨਾਲ ਘੁੰਮਣਾ ਸ਼ੁਰੂ ਕਰ ਦਿੱਤਾ ਤੇ ਇਹ ਦੇਖਣਾ ਚਾਹਿਆ ਕਿ ਕੋਈ ਅਜਿਹੀ ਜਗ੍ਹਾ ਹੋ ਸਕਦੀ ਹੈ ਜਾਂ ਨਹੀਂ, ਜਿੱਥੇ ਬੰਦਾ ਬਾਹਰੋਂ ਆ ਕੇ ਟਿਕ ਸਕਦਾ ਹੋਵੇ।...ਅਸੀਂ ਇਧਰ ਉਧਰ ਖੋਜੀ ਨਜ਼ਰਾਂ ਨਾਲ ਦੇਖ ਰਹੇ ਸਾਂ ਕਿ ਇਸ ਮੇਲੇ ਵਰਗੀ ਬੁੱਢੇ-ਬੁੱਢੀਆਂ, ਔਰਤਾਂ ਤੇ ਨਿਆਣਿਆਂ ਦੀ ਭੀੜ ਵਿਚ ਨੌਜਵਾਨ ਵੀ ਹੈਨ ਜਾਂ ਨਹੀਂ ਤੇ ਜੇ ਹੈਨ ਤਾਂ ਕੀ ਉਹ ਪੜ੍ਹੇ ਲਿਖੇ ਨੇ ਜਾਂ ਅਣਪੜ੍ਹ। ਯਾਨੀਕਿ ਮੈਂ ਇਸ ਨਜ਼ਰੀਏ ਨਾਲ ਵੀ ਦੇਖਦਾ ਜਾ ਰਿਹਾ ਸਾਂ ਕਿ ਸਾਡੇ ਕੰਮ ਦਾ ਕੋਈ ਨੌਜਵਾਨ ਇਸ ਭੀੜ ਵਿਚ ਮਿਲ ਸਕਦਾ ਹੈ ਜਾਂ ਨਹੀਂ। ਅਚਾਨਕ ਮੇਰੀ ਨਿਗਾਹ ਇਕ ਖੁੱਲ੍ਹੇ ਕਮਰੇ ਵਿਚ ਬੈਠੇ, ਕੁਝ ਪੜ੍ਹ ਰਹੇ ਇਕ ਨੌਜਵਾਨ ਉੱਤੇ ਪਈ। ਮੇਰਾ ਮਨ ਖੁਸ਼ ਹੋ ਗਿਆ। ਮੈਂ ਸਿੱਧਾ ਉਸ ਕਮਰੇ ਵਿਚ ਚਲਾ ਗਿਆ। ਮੇਰੇ ਨਾਲਦੇ ਇਕ-ਦੋ ਸਾਥੀ ਵੀ ਮੇਰੇ ਨਾਲ ਹੀ ਅੰਦਰ ਵੜ ਗਏ। ਸਾਨੂੰ ਲੋਕਾਂ ਨੂੰ ਦੇਖ ਕੇ ਉਹ ਨੌਜਵਾਨ ਕਿਤਾਬ ਤੋਂ ਨਜ਼ਰਾਂ ਹਟਾ ਕੇ ਸਾਡੇ ਵੱਲ ਦੇਖਣ ਲੱਗਾ। ਉਸ ਨੌਜਵਾਨ ਦੀਆਂ ਅੱਖਾਂ ਵਿਚ ਮੈਂ ਸਾਫ ਪੜ੍ਹਿਆ ਕਿ ਉਹ ਕਿੰਨਾਂ ਮਗਨ-ਚਿੱਤ ਹੋ ਕੇ ਕਿਤਾਬ ਪੜ੍ਹ ਰਿਹਾ ਸੀ। ਕਿਤਾਬ ਦਾ ਧਿਆਨ ਆਉਂਦਿਆਂ ਹੀ ਕਿਤਾਬ ਵੱਲ ਦੇਖਿਆ। ਉਹ ਕਿਤਾਬ ਅੰਗਰੇਜ਼ੀ ਵਿਚ ਸੀ। ਮੈਂ ਉਸ ਨੌਜਵਾਨ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ 'ਏਸ ਜਗ੍ਹਾ ਇਕ ਨੌਜਵਾਨ ਨੂੰ ਏਨਾ ਮਗਨ ਹੋ ਕੇ ਕਿਤਾਬ ਪੜ੍ਹਦਿਆਂ ਦੇਖਿਆ, ਮਨ ਵਿਚ ਜੁਗਿਆਸਾ ਪੈਦਾ ਹੋਈ ਤੇ ਅਸੀਂ ਅੰਦਰ ਤੁਹਾਨੂੰ ਮਿਲਣ ਆ ਗਏ।' ਨੌਜਵਾਨ ਨੇ ਖਿੜੇ ਮੱਥੇ ਸਾਨੂੰ ਆਪਣੇ ਕੋਲ ਤਖ਼ਤਪੋਸ਼ ਉੱਤੇ ਹੀ ਬਿਠਾਅ ਲਿਆ। ਉਹ ਵਿਚਾਰਾ ਵੀ ਤਾਂ ਇਕੱਲਾ ਹੀ ਸੀ। ਅੰਗਰੇਜ਼ੀ ਕਿਤਾਬ ਨੂੰ ਚੁੱਕ ਕੇ ਮੈਂ ਦੇਖਿਆ, ਉਹ ਭਾਰਤੀ ਇਤਿਹਾਸ ਉੱਤੇ ਜਟਿਰ ਸਾਹਿਬ ਦਾ ਅਧੁਨਿਕ ਗ੍ਰੰਥ ਸੀ। ਭਾਰਤੀ ਇਤਿਹਾਸ ਬਾਰੇ ਨੌਜਵਾਨ ਨਾਲ ਗੱਲਬਾਤ ਹੋਣ ਲੱਗੀ। ਪਤਾ ਲੱਗਿਆ ਕਿ ਇਸ ਨੌਜਵਾਨ ਦੀ ਭੈਣ ਪਾਰਵਤੀ ਦੇਵੀ ਨੂੰ ਸਤਿਆਗ੍ਰਹਿ ਅੰਦੋਲਨ ਦੇ ਸਿਲਸਿਲੇ ਵਿਚ ਇਕ ਗਰਮ ਭਾਸ਼ਣ ਦੇਣ ਕਰਕੇ ਰਾਜ-ਧਰੋਹੀ ਕਹਿ ਕੇ ਦੋ ਸਾਲ ਦੀ ਸਖ਼ਤ ਸਜ਼ਾ ਦੇ ਦਿੱਤੀ ਗਈ ਹੈ ਤੇ ਉਹ ਫਤਹਿ ਗੜ੍ਹ ਜੇਲ੍ਹ ਵਿਚ ਹੈ। ਉਹ ਆਪਣੀ ਭੈਣ ਨੂੰ ਮਿਲਣ ਫਤਹਿ ਗੜ੍ਹ ਆਇਆ ਹੋਇਆ ਹੈ। ਇਹ ਵੀ ਪਤਾ ਲੱਗਿਆ ਕਿ ਆਪ ਲਾਹੌਰ ਵਿਚ ਲਾਜਪਤ ਰਾਏ ਦੇ ਨੈਸ਼ਨਲ ਕਾਲਜ ਵਿਚ ਅਧਿਆਪਕ ਹੈ। ਨਾਂ ਹੈ ਅਧਿਆਪਕ ਜੈ ਚੰਦਰ ਵਿਧਾਲੰਕਾਰ। ਇਹ ਗੁਰੂਕੁਲ ਦੇ ਸਨਾਤਕ ਸਨ ਤੇ ਭਾਰਤੀ ਇਤਿਹਾਸ ਦੀ ਵਿਸ਼ੇਸ਼ ਖੋਜ ਕਰਕੇ ਦੋ ਗ੍ਰੰਥ ਵੀ ਲਿਖ ਚੁੱਕੇ ਸਨ। ਭੈਣ ਦੀ ਗੱਲ ਤੋਂ ਸ਼ੁਰੂ ਹੋ ਕੇ ਰਾਜਨੀਤੀ ਤੇ ਸਤਿਆਗ੍ਰਹਿ ਬਾਰੇ ਖ਼ੂਬ ਗੱਲਾਂ ਹੋਣ ਲੱਗੀਆਂ। ਫੇਰ ਹਿੰਸਾ, ਅਹਿੰਸਾ ਬਾਰੇ ਮਹਾਤਮਾ ਜੀ ਦੀ ਨੀਤੀ ਤੇ ਕਰਾਂਤੀਕਾਰੀ ਅੰਦੋਲਨ ਬਾਰੇ ਵੀ ਲੰਮੀ ਚੌੜੀ ਗੱਲਬਾਤ ਹੋਈ। ਜੈ ਚੰਦਰ ਜੀ ਨੂੰ ਜਦੋਂ ਪਤਾ ਲੱਗਿਆ ਕਿ ਮੈਨੂੰ ਅੰਡੇਮਾਨ ਭੇਜ ਦਿੱਤਾ ਗਿਆ ਸੀ ਤੇ ਲਗਭਗ ਚਾਰ ਸਾਲ ਤਕ ਉੱਥੇ ਰਿਹਾ ਹਾਂ ਤਾਂ ਉਹ ਮੇਰੇ ਵੱਲ ਪੂਰੀ ਤਰ੍ਹਾਂ ਨਾਲ ਖਿੱਚੇ ਗਏ...ਇੰਜ ਜੈ ਚੰਦਰ ਜੀ ਸਾਡੇ ਦਲ ਵਿਚ ਸ਼ਾਮਲ ਹੋ ਗਏ। ਉਹਨਾਂ ਮੈਨੂੰ ਲਾਹੌਰ ਆਉਣ ਦਾ ਸੱਦਾ ਦਿੱਤਾ। ਮੈਂ ਲਾਹੌਰ ਗਿਆ। ਅਧਿਆਪਕ ਜੈ ਚੰਦਰ ਦੇ ਘਰ ਹੀ ਮਹਿਮਾਨ ਬਣ ਕੇ ਰਿਹਾ। ਲਾਹੌਰ ਵਿਚ ਕੁਝ ਨੌਜਵਾਨਾਂ ਨਾਲ ਜਾਣ-ਪਛਾਣ ਹੋਈ। ਇਹਨਾਂ ਵਿਚੋਂ ਇਕ ਦਾ ਨਾਂ ਸੀ, ਸਰਦਾਰ ਭਗਤ ਸਿੰਘ। ਲਾਹੌਰ ਦੇ ਨੌਜਵਾਨਾਂ ਵਿਚ ਕੋਈ ਤਾਂ ਰਾਵਲਪਿੰਡੀ ਦਾ ਰਹਿਣ ਵਾਲਾ ਸੀ, ਕੋਈ ਗੁਜਰਾਂਵਾਲਾ ਦਾ, ਕੋਈ ਗੁਰਦਾਸਪੁਰ ਦਾ ਤੇ ਕੋਈ ਹੁਸ਼ਿਆਰਪੁਰ ਦਾ। ਇਹ ਸਾਰੇ ਲਾਜਪਤ ਰਾਏ ਦੇ ਮਸਹੂਰ ਕਾਲਜ 'ਤਿਲਕ ਸਕੂਲ ਆਫ ਪਾਲਿਟਿਕਸ' ਦੇ ਵਿਦਿਆਰਥੀ ਸਨ। ਇਕ ਇਕ ਕਰਕੇ ਇਹਨਾਂ ਸਾਰੇ ਨੌਜਵਾਨਾਂ ਨਾਲ ਗੱਲਾਂਬਾਤਾਂ ਹੁੰਦੀਆਂ ਰਹੀਆਂ। ਹਥਿਆਰ ਬੰਦ ਕਰਾਂਤੀ ਦੇ ਰਾਹ ਨੂੰ ਛੱਡ ਕੇ ਭਾਰਤ ਕਦੀ ਵੀ ਆਜ਼ਾਦ ਨਹੀਂ ਹੋ ਸਕਦਾ ਤੇ ਹਥਿਆਰ ਬੰਦ ਕਰਾਂਤੀ ਹੋਣੀ ਨਿਸ਼ਚਿਤ ਹੈ ਤੇ ਸੰਭਵ ਵੀ। ਇਹਨਾਂ ਸਾਰੀਆਂ ਗੱਲਾਂ ਉੱਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੰਦਿਆਂ ਹੋਇਆਂ ਤੇ ਪਿਛਲੇ ਕਰਾਂਤੀ ਯੁੱਗ ਦੇ ਇਤਿਹਾਸ ਨੂੰ ਫਰੋਲਦਿਆਂ ਹੋਇਆਂ ਮੈਂ ਇਹਨਾਂ ਸਾਰੇ ਨੌਜਵਾਨਾਂ ਨੂੰ ਕਰਾਂਤੀ ਦਾ ਰਾਹ ਦਿਖਾਇਆ।”
ਭਗਤ ਸਿੰਘ ਦੇ ਨਾਲ ਜਿਹੜੇ ਹੋਰ ਨੌਜਵਾਨ ਇਸ ਕਰਾਂਤੀਕਾਰੀ ਦਲ ਵਿਚ ਦੀਕਸ਼ਤ ਹੋਏ ਸਨ, ਉਹਨਾਂ ਵਿਚ ਸੁਖਦੇਵ, ਭਗਵਤੀ ਚਰਣ ਵੋਹਰਾ, ਰਾਮ ਕਿਸ਼ਨ ਤੇ ਯਸ਼ ਪਾਲ ਵੀ ਸਨ। ਲਾਲਾ ਲਾਜਪਤ ਰਾਏ ਨੇ ਨੈਸ਼ਨਲ ਕਾਲਜ ਦੇ ਇਲਾਵਾ ਦੁਆਰਕਾ ਦਾਸ ਲਾਇਬਰੇਰੀ ਦੀ ਸਥਾਪਨਾ ਵੀ ਕੀਤੀ ਸੀ ਜਿਸ ਵਿਚ ਇਤਿਹਾਸ, ਰਾਜਨੀਤੀ-ਸ਼ਾਸਤਰ ਤੇ ਸਮਾਜ-ਸ਼ਾਸਤਰ ਸੰਬੰਧੀ ਬਹੁਮੁੱਲ ਕਿਤਾਬਾਂ ਤਾਂ ਹੈ ਹੀ ਸਨ, ਉਹਨਾਂ ਦੇ ਨਾਲ-ਨਾਲ ਕਰਾਂਤੀਕਾਰੀ ਸਾਹਿਤ ਤੇ ਦੇਸ਼ ਭਰ ਦੇ ਅਖ਼ਬਾਰ-ਰਸਾਲੇ ਵੀ ਆਉਂਦੇ ਹੁੰਦੇ ਸਨ। ਉਹ ਨੌਜਵਾਨ ਉੱਥੋਂ ਕਿਤਾਬਾਂ ਲਿਆ ਕੇ ਖ਼ੂਬ ਪੜ੍ਹਦੇ ਤੇ ਖ਼ੂਬ ਬਹਿਸਾਂ ਕਰਦੇ। ਇਹਨਾਂ ਦੇ ਅਧਿਆਪਕ ਵੀ ਇਹਨਾਂ ਵਿਚ ਜੁਗਿਆਸਾ ਜਗਾਉਂਦੇ ਤੇ ਕਿਸੇ ਵੀ ਗੱਲ ਨੂੰ ਸ਼ਰਧਾ ਨਾਲ ਗ੍ਰਹਿਣ ਕਰ ਲੈਣ ਦੀ ਬਜਾਏ ਤਰਕ ਦੀ ਕਸੌਟੀ ਉੱਤੇ ਨਿਰਖਣਾ-ਪਰਖਣਾ ਸਿਖਾਉਂਦੇ। ਭਗਤ ਸਿੰਘ ਨੇ ਲਿਖਿਆ ਹੈ...“ਅਸਹਿਯੋਗ ਅੰਦੋਲਨ ਦੌਰਾਨ ਮੈਂ ਨੈਸ਼ਨਲ ਕਾਲਜ ਵਿਚ ਦਾਖ਼ਲ ਹੋ ਗਿਆ। ਉੱਥੇ ਹੀ ਮੈਂ ਸਮੁੱਚੀ ਧਾਰਮਕ ਸਮੱਸਿਆ ਬਾਰੇ ਇੱਥੋਂ ਤਕ ਕਿ ਈਸ਼ਵਰ ਬਾਰੇ ਵੀ ਖੁੱਲ੍ਹ ਕੇ ਸੋਚਣਾ ਸ਼ੁਰੂ ਕੀਤਾ। ਅਖ਼ੀਰ ਇਹਨਾਂ ਬਾਰੇ ਮੈਂ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ। ਪਰ, ਉਸ ਸਮੇਂ ਵੀ ਈਸ਼ਵਰ ਵਿਚ ਮੇਰਾ ਪੱਕਾ ਵਿਸ਼ਵਾਸ ਸੀ। ਉਦੋਂ ਤਕ ਮੈਂ ਦਾੜ੍ਹੀ ਕੇਸ ਰੱਖ ਲਏ ਸਨ, ਪਰ ਫੇਰ ਵੀ ਮੈਂ ਕਿਸੇ ਧਰਮ ਦੇ ਮਿਥਿਹਾਸ ਜਾਂ ਕੱਟੜ ਸਿਧਾਂਤ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਹੀਂ ਕਰ ਸਕਿਆ।”
ਦੇਸ਼ ਭਗਤੀ ਭਰੇ ਵਿਚਾਰਾਂ ਨੂੰ ਜਨਤਾ ਵਿਚ ਪਰਚਾਰਨ-ਪਰਸਾਰਨ ਲਈ ਇਹਨਾਂ ਨੌਜਵਾਨਾਂ ਨੇ 'ਨੈਸ਼ਨਲ ਨਾਟਕ ਕੱਲਬ' ਦੀ ਸਥਾਪਨਾ ਵੀ ਕੀਤੀ। 'ਭਾਰਤ ਦੁਰਦਸ਼ਾ', 'ਮਹਾਰਾਣਾ ਪ੍ਰਤਾਪ' ਤੇ 'ਸਿਕੰਦਰ ਗੁਪਤ' ਆਦੀ ਜਿਹੜੇ ਨਾਟਕ ਖੇਡੇ ਜਾਂਦੇ ਸੀ, ਉਹਨਾਂ ਵਿਚ ਮੁੱਖ ਭੂਮਿਕਾ ਭਗਤ ਸਿੰਘ ਦੀ ਹੁੰਦੀ ਸੀ। ਲਿਖਿਆ ਹੈ ਕਿ ਸਮਰਾਟ ਚੰਦਰ ਗੁਪਤ ਦੇ ਅਭਿਨੇਅ 'ਤੇ ਮੁਗਧ ਹੋ ਕੇ ਭਾਈ ਪਰਮਾ ਨੰਦ ਨੇ ਉਹਨਾਂ ਨੂੰ ਸਟੇਜ ਉੱਤੇ ਹੀ ਛਾਤੀ ਨਾਲ ਲਾ ਲਿਆ ਸੀ ਤੇ ਬੜੇ ਮੋਹ ਨਾਲ ਕਿਹਾ ਸੀ, “ਮੇਰਾ ਭਗਤ ਸਿੰਘ ਭਵਿੱਖ ਵਿਚ ਸੱਚਮੁੱਚ ਸ਼ਸ਼ੀ ਗੁਪਤ ਸਿੱਧ ਹੋਵੇਗਾ।” ਕੁਝ ਨਾਟਕ ਅਜਿਹੇ ਤਿਆਰ ਕੀਤੇ ਗਏ, ਜਿਹੜੇ ਹਿੰਦੂ-ਮੁਸਲਿਮ ਏਕਤਾ ਉੱਤੇ ਆਧਾਰਿਤ ਸਨ ਤੇ ਧਾਰਮਕ ਅੰਧਵਿਸ਼ਵਾਸਾਂ ਉੱਪਰ ਸੱਟ ਮਾਰਦੇ ਸਨ। ਇਹ ਨਾਟਕ ਲਾਹੌਰ, ਲਾਇਲਪੁਰ, ਗੁਜਰਾਂਵਾਲਾ, ਰਾਵਲਪਿੰਡੀ ਤੇ ਹਰ ਉਸ ਸ਼ਹਿਰ ਵਿਚ ਦਿਖਾਏ ਜਾਂਦੇ ਸਨ, ਜਿੱਥੇ ਕਾਂਗਰਸ ਕਮੇਟੀ ਆਪਣਾ ਕੋਈ ਇਜਲਾਸ ਕਰਦੀ ਸੀ। ਜਿਹੜੇ ਗੀਤ ਗਾਏ ਜਾਂਦੇ ਸਨ, ਉਹਨਾਂ ਵਿਚੋਂ ਤਿੰਨ ਇੰਜ ਸਨ...:
   1.
 ਗਲੀਆਂ ਦੇ ਵਿਚ ਫਿਰਨ ਨਿਵਾਨੇ ਦੇਸ਼ ਦੀ ਇੱਜਤ ਦੇ ਮਤਵਾਲੇ।
 ਹਿੰਦੂ ਕਹੇ ਮੈਂ ਸਭ ਤੋਂ ਵੱਡਾ, ਮੇਰਾ ਹਿੰਦੁਸਤਾਨ...
 ਮੁਸਲਿਮ ਕਹੇ ਇਕ ਕਾਰਹੂੰ ਸਾਡਾ, ਸਾਨੂੰ ਮਿਲਿਆ ਹੁਕਮ ਰਬਾਬਾ

   2.
 ਸਾਰੀ ਦੁਨੀਆ ਮੇਂ ਦਿਨ ਹਿੰਦ ਮੇਂ ਰਾਤ ਹੈ
 ਹਿੰਦ ਵਾਲੋ ਬਤਾਓ ਯਹ ਕਿਆ ਬਾਤ ਹੈ?
 ਬਾਤ ਬਾਤੋਂ ਸੇ ਹਰਗਿਜ਼ ਬਨੇਗੀ ਨਹੀਂ,
 ਮਰ ਮਿਟੋ ਬਾਤ ਪਰ ਬਾਤ ਕੀ ਬਾਤ ਹੈ।

   3.
 ਜਰਾ ਵੀ ਲਗਨ ਆਜ਼ਾਦੀ ਦੀ ਲਗ ਗਈ ਜਿਨ੍ਹਾਂ ਦੇ ਮਨ ਵਿਚ
 ਓਹ ਮਜਨੂੰ ਬਣੇ ਫਿਰਦੇ ਨੇ ਹਰ ਸਹਿਰਾ ਹਰ ਬਨ ਦੇ ਵਿਚ
 ਦਿਨ ਨੂੰ ਚੈਨ ਕਦੀ ਨਾ ਲੈਂਦੇ ਰਾਤ ਨੂੰ ਓਹ ਨਾ ਸੌਂਦੇ ਵੇ...
 ਬੜ-ਬੜਾ ਕੇ ਨੀਂਦ ਦੇ ਵਿਚ, ਡਠ ਕੇ ਕੈਂਹਦੇ ਵੇ....

ਸਰਕਾਰ ਨੇ ਇਹਨਾਂ ਨਾਟਕਾਂ ਉੱਤੇ ਪਾਬੰਦੀ ਲਾ ਦਿੱਤੀ।
ਪੰਜਾਬ ਵਿਚ ਜਿੱਥੇ ਦੇਸ਼-ਭਗਤ ਮਾਡਰੇਟਾਂ ਦਾ ਜ਼ਰਾ ਵੀ ਅਸਰ ਨਹੀਂ ਸੀ, ਰਾਸ਼ਟਰੀ ਸਿੱਖਿਆ ਦਾ ਇਹ ਰੂਪ ਸੀ, ਤੇ ਗੁਜਰਾਤ ਵਿਚ ਗਾਂਧੀ ਨੇ ਇਸਨੂੰ ਜਿਹੜਾ ਰੂਪ ਦਿੱਤਾ, ਉਹ ਵੀ ਦੇਖ ਲਓ...ਕਿਉਂਕਿ ਤੁਲਨਾਤਮਕ ਅਧਿਅਨ ਨਾਲ ਹੀ ਦੇਸ਼-ਭਗਤੀ ਤੇ ਰਾਜ-ਭਗਤੀ ਜਾਂ ਸੱਚ ਤੇ ਝੂਠ ਨੂੰ ਨਿਖੇੜਿਆ ਤੇ ਪਛਾਣਿਆ ਜਾ ਸਕਦਾ ਹੈ।
ਵਿਦਿਆਰਥੀਆਂ ਤੋਂ ਸਕੂਲ-ਕਾਲਜਾਂ ਦੇ ਬਾਈਕਾਟ ਦੀ ਮੰਗ ਕਰਦਿਆਂ ਹੋਇਆਂ ਗਾਂਧੀ ਨੇ ਏਸ਼ੀਆਈ ਸਭਿਅਤਾ ਦੇ ਨੇਮ-ਬੱਧ ਅਧਿਅਨ ਤੇ ਪੱਛਮੀ ਵਿਗਿਆਨ, ਧਰਮ, ਰਾਜਨੀਤੀ-ਸ਼ਾਸਤਰ, ਇਤਿਹਾਸ ਤੇ ਧੰਦਿਆਂ ਪ੍ਰਤੀ ਜਿਹੜਾ ਪ੍ਰੋਗਰਾਮ ਬਣਾਇਆ ਸੀ, ਉਸਨੂੰ ਚੁੱਕ ਕੇ ਛਿੱਕੇ ਟੰਗ ਦਿੱਤਾ ਤੇ 19 ਜਨਵਰੀ 1921 ਨੂੰ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤਿਆਂ 'ਯੰਗ ਇੰਡੀਆ' ਵਿਚ ਸਿੱਖਿਆ ਦੀਆਂ ਰਾਸ਼ਟਰੀ ਸੰਸਥਾਵਾਂ ਲਈ ਇਕ ਹੋਰ ਹੀ ਪ੍ਰੋਗਰਾਮ ਦਾ ਐਲਾਨ ਕਰਕੇ ਇਕ ਚੰਗਾ ਖਾਸਾ ਬੰਬ ਦਾ ਗੋਲਾ ਸੁੱਟਿਆ...:
“ਅਸੀਂ ਇਕ ਅਧਿਆਤਮਕ ਯੁੱਗ ਵਿਚ ਜੂਝ ਰਹੇ ਹਾਂ...ਕਿਸੇ ਸਾਧਾਰਨ ਯੁੱਗ ਵਿਚ ਨਹੀਂ ਜਿਊਂ ਰਹੇ ਅਸੀਂ। ਆਮ ਕਾਰਜ ਹਮੇਸ਼ਾ ਅਸਾਧਾਰਨ ਯੁੱਗਾਂ ਵਿਚ ਰੁਕ ਜਾਂਦੇ ਹਨ। ਜੇ ਅਸੀਂ ਇਕ ਸਾਲ ਵਿਚ ਸਵਰਾਜ ਪ੍ਰਾਪਤ ਕਰਨ ਦੇ ਨਿਹਚੇ ਉੱਤੇ ਦ੍ਰਿੜ੍ਹ ਹਾਂ ਤਾਂ ਸਾਨੂੰ ਹੋਰ ਕੰਮਾਂ ਵੱਲੋਂ ਧਿਆਨ ਹਟਾ ਕੇ ਪੂਰਾ ਧਿਆਨ ਇਸੇ ਉਦੇਸ਼ ਉੱਤੇ ਕੇਂਦਰਤ ਕਰਨਾ ਚਾਹੀਦਾ ਹੈ। ਇਸ ਲਈ ਮੈਂ ਹਿੰਦੁਸਤਾਨ ਭਰ ਦੇ ਵਿਦਿਆਰਥੀਆਂ ਨੂੰ (ਜਿਹੜੇ ਰਾਸ਼ਟਰੀ ਕੇਂਦਰਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ) ਇਹ ਸਲਾਹ ਦੇਣ ਦਾ ਹੌਸਲਾ ਕਰ ਰਿਹਾ ਹਾਂ ਕਿ ਉਹ ਇਕ ਸਾਲ ਲਈ ਸਾਧਾਰਨ ਸਿੱਖਿਆ ਬੰਦ ਕਰਕੇ ਆਪਣਾ ਸਮਾਂ ਹੱਥ ਨਾਲ ਬਣਿਆ ਹੋਇਆ ਸੂਤ ਕੱਤਨ ਲਈ ਅਰਪਣ ਕਰ ਦੇਣ। ਇਹ ਮਾਤ੍ਰਭੂਮੀ ਦੀ ਸਭ ਤੋਂ ਵੱਡੀ ਸੇਵਾ ਹੋਵੇਗੀ ਤੇ ਸਵਰਾਜ ਪ੍ਰਾਪਤੀ ਦੀ ਅਤੀ ਸੁਭਾਵਕ ਸਹਾਇਤਾ ਹੋਵੇਗੀ। ਸਾਡੇ ਹਾਕਮਾਂ ਨੇ ਪਿਛਲੇ ਯੁੱਧ ਵਿਚ ਜਿਸਤ ਦੀਆਂ ਗੋਲੀਆਂ ਤਿਆਰ ਕਰਨ ਲਈ ਹਰ ਕਾਰਖ਼ਾਨੇ ਨੂੰ ਅਸਲਾਘਰ ਵਿਚ ਬਦਲ ਦਿੱਤਾ ਸੀ। ਮੈਂ ਆਪਣੇ ਇਸ ਯੁੱਧ ਵਿਚ ਹਰੇਕ ਰਾਸ਼ਟਰੀ ਸਕੂਲ ਤੇ ਕਾਲਜ ਨੂੰ ਸਲਾਹ ਦੇਂਦਾ ਹਾਂ ਕਿ ਉਹ ਰਾਸ਼ਟਰ ਦੀ ਖਾਤਰ ਪੂਨੀਆਂ ਤੋਂ ਸੂਤ ਦੇ ਗਲੋਟੇ ਬਣਾਉਣ ਦਾ ਕਾਰਖ਼ਾਨਾ ਬਣ ਜਾਣ।”
ਤੇ ਬੰਗਾਲ ਦੇ ਜੋਸ਼ੀਲੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਕਿਹਾ...:
“ਮੈਂ ਤੁਹਾਡੀ ਛੁੱਟੀ ਹੋਈ ਸਿੱਖਿਆ ਦੀ ਜਗ੍ਹਾ ਜ਼ੋਰ ਦਿਆਂਗਾ ਕਿ ਜਿੱਥੋਂ ਤਕ ਸੰਭਵ ਹੋ ਸਕੇ ਤੁਸੀਂ ਇਸ ਪੂਰੇ ਸਾਲ ਵਿਚ ਬੜੀ ਹੀ ਖ਼ਾਮੋਸ਼ੀ ਨਾਲ ਜਲਦ ਤੋਂ ਜਲਦ ਸਵਰਾਜ ਪ੍ਰਾਪਤੀ ਦੇ ਸਾਧਨਾ ਦਾ ਅਧਿਅਨ ਕਰੋ। ਮੈਂ ਤੁਹਾਨੂੰ ਚਰਖੇ ਦਾ ਤੋਹਫ਼ਾ ਪੇਸ਼ ਕਰਦਾ ਹਾਂ ਤੇ ਦੱਸਦਾ ਹਾਂ ਕਿ ਹਿੰਦੁਸਤਾਨ ਦੀ ਆਰਥਕ ਮੁਕਤੀ ਇਸੇ ਉੱਤੇ ਨਿਰਭਰ ਹੈ। ਪਰ ਜੇ ਤੁਸੀਂ ਚਾਹੋ ਤਾਂ ਮੇਰੇ ਇਸ ਸੁਝਾਅ ਨੂੰ ਰੱਦ ਵੀ ਕਰ ਸਕਦੇ ਹੋ ਤੇ ਉਸ ਕਾਲਜ ਵਿਚ ਜਾ ਸਕਦੇ ਹੋ ਜਿਸਦਾ ਦੇਸ਼ਬੰਧੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ। ਨੈਸ਼ਨਲ ਕਾਲਜ ਗੁਜਰਾਤ ਦੇ ਵਿਦਿਆਰਥੀਆਂ ਨੇ ਕਮ-ਸੇ-ਕਮ ਚਾਰ ਘੰਟੇ ਰੋਜ਼ ਚਰਖਾ ਕੱਤਨ ਦੀ ਜ਼ਿੰਮੇਵਾਰੀ ਲਈ ਹੈ।”
ਇਹ ਮਾਤ੍ਰਭੂਮੀ ਦੀ ਸੇਵਾ ਨਹੀਂ, ਮਾਤ੍ਰਭੂਮੀ ਤੇ ਨੌਜਵਾਨ ਪੀੜ੍ਹੀ ਨਾਲ ਛਲ ਸੀ। ਧਾਗੇ ਦੇ ਗਲੋਟਿਆਂ ਦੀ, ਜਿਸਤ ਦੀਆਂ ਗੋਲੀਆਂ ਨਾਲ ਤੁਲਨਾ ਕਰਨਾ ਤੇ ਇੰਜ ਇਕ ਸਾਲ ਵਿਚ ਆਜ਼ਾਦੀ ਦਿਵਾਉਣ ਦਾ ਵਾਅਦਾ, ਇਸ ਕਰਾਂਤੀ ਵਿਰੋਧੀ ਰਾਜ-ਭਗਤ ਦਾ ਬੜਬੋਲਾਪਨ ਸੀ ਤੇ ਉਸਦਾ ਇਕੋ ਇਕ ਮੰਤਕ ਸਾਡੇ ਵਿਚਾਰ-ਵਿਹਾਰ ਨੂੰ ਚਰਖੇ ਨਾਲ ਬੰਨ੍ਹ ਕੇ ਅਪਾਹਜ ਕਰ ਦੇਣਾ ਸੀ। ਗੁਜਰਾਤ ਵਿਚ ਜਿਹੜਾ ਨੈਸ਼ਨਲ ਸਕੂਲ ਖੋਲ੍ਹਿਆ ਗਿਆ ਸੀ, ਇੰਦੁ ਲਾਲ ਯਾਗਿਅਕ ਉਸਦੀ ਸੀਨੇਟ ਦੇ ਮੈਂਬਰ ਸਨ। ਉਹਨਾਂ ਆਪਣੇ ਨਿੱਜੀ ਅਨੁਭਵ ਦੇ ਆਧਾਰ ਉੱਤੇ ਲਿਖਿਆ ਹੈ...“ਰਾਜਨੀਤਕ ਸੂਝ-ਬੂਝ ਰੱਖਣ ਵਾਲੇ ਤੇ ਵਿਗਿਆਨਕ ਵਿਚਾਰਾਂ ਵਾਲੇ ਪ੍ਰਿੰਸੀਪਲ ਗਿਡਵਾਨੀ ਉੱਤੇ ਇਕ ਜੈਨ ਮੁਨੀ ਨੂੰ ਠੋਸ ਦਿੱਤਾ ਗਿਆ। ਸਕੂਲ ਦੇ ਅਹਾਤੇ ਵਿਚ ਇਕ ਸਵਰਾਜ ਆਸ਼ਰਮ ਨਾਂ ਦੀ ਅਨੋਖੀ ਸੰਸਥਾ ਖੋਲ੍ਹ ਦਿੱਤੀ ਗਈ, ਜਿਸ ਵਿਚ ਚਰਖਾ ਪ੍ਰਧਾਨ ਸੀ। ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਉੱਤੇ ਵੀ ਜਲਦੀ ਹੀ ਇਹ ਰੰਦਾ ਚਲਾਇਆ ਗਿਆ, ਗੰਦੀਆਂ ਤੇ ਖਸਤਾ ਇਮਾਰਤਾਂ ਵਿਚ ਬੜੇ ਹੀ ਘਟੀਆ ਕਿਸਮ ਦੇ ਸਕੂਲ ਖੋਲ੍ਹ ਕੇ ਉਹਨਾਂ ਵਿਚ ਟੁੱਟੇ-ਭੱਜੇ ਚਰਖੇ ਰੱਖ ਦਿੱਤੇ ਗਏ। ਇਸ ਦੇ ਇਲਾਵਾ ਕੁਝ ਸੂਤ ਦੇ ਪੁਲਿੰਦੇ, ਜਿਹਨਾਂ ਵਿਚ ਵਧੇਰੇ ਮਿਲ ਦੇ ਬਣੇ ਹੁੰਦੇ ਸਨ, ਕੁਝ ਪੂਨੀਆਂ ਜਿਹਨਾਂ ਵਿਚ ਉਲਝੇ ਹੋਏ ਧਾਗੇ ਵੱਧ ਹੁੰਦੇ ਸਨ, ਜੋ ਤਕਲਿਆਂ ਉੱਤੇ ਲਾਈਆਂ ਵੀ ਨਹੀਂ ਸੀ ਜਾ ਸਕਦੀਆਂ...ਮੇਰੇ ਦਿਲ ਵਿਚ ਇਹ ਗੱਲ ਉਦੋਂ ਹੀ ਰੜਕਣ ਲੱਗੀ ਕਿ ਕੀ ਮੁੰਡਿਆਂ ਤੇ ਕੁੜੀਆਂ ਦੀ ਨਵੀਂ ਪਨੀਰੀ ਦੇ ਸਿੱਖਿਆ ਦੇ ਉਦੇਸ਼ਾਂ ਦੇ ਖ਼ਿਲਾਫ਼ ਇਹ ਗੁਨਾਹ ਨਹੀਂ ਹੈ ਕਿ ਇਕ ਪਵਿੱਤਰ ਯੁੱਧ ਦਾ ਨਾਂ ਲੈ ਕੇ ਅਜਿਹਾ ਤਮਾਸ਼ਾ ਖੜ੍ਹਾ ਕੀਤਾ ਜਾਏ...”
ਜਿਹੜੇ ਨੌਜਵਾਨਾਂ ਨੇ ਆਪਣੀ ਸਿੱਖਿਆ ਤੇ ਆਪਣਾ ਭਵਿੱਖ, ਦੇਸ਼ ਦਾ ਭਵਿੱਖ ਸੰਵਾਰਨ ਖਾਤਰ ਕੁਰਬਾਨ ਕਰ ਦਿੱਤਾ ਸੀ, ਉਹਨਾਂ ਦੀਆਂ ਅੱਖਾਂ ਸਾਹਵੇਂ ਹਨੇਰਾ ਹੀ ਹਨੇਰਾ ਸੀ। ਪ੍ਰਤੀਕਿਰਿਆ ਸ਼ੁਰੂ ਹੋਈ। ਕਈਆਂ ਨੇ ਆਤਮ-ਹੱਤਿਆ ਕਰ ਲਈ, ਕਈ ਛੋਟੇ-ਵੱਡੇ ਵਿਨੋਬਾ ਭਾਵੇ (ਅਖ਼ੀਰ ਵਿਨੋਵਾ ਨੂੰ ਵੀ ਆਤਮ-ਹੱਤਿਆ ਕਰਨੀ ਪਈ) ਬਣ ਗਏ ਤੇ ਬਹੁਤ ਸਾਰੇ ਉਹਨਾਂ ਸਕੂਲਾਂ ਕਾਲਜਾਂ ਵਿਚ ਵਾਪਸ ਚਲੇ ਗਏ, ਜਿਹਨਾਂ ਨੂੰ ਛੱਡ ਕੇ ਆਏ ਸਨ।
ਇਹ ਕਿਸ ਦੀ ਸੇਵਾ ਸੀ—ਮਾਤ੍ਰਭੂਮੀ ਦੀ ਜਾਂ ਸਾਮਰਾਜਵਾਦੀਆਂ ਦੀ? ਇਸ ਦੇ ਬਾਵਜੂਦ ਸਾਡੇ ਭਰਾ ਮੰਮਥ ਨਾਥ ਗੁਪਤ ਆਪਣੀ 'ਭਗਤ ਸਿੰਘ ਔਰ ਉਨਕਾ ਯੁਗ' ਨਾਂ ਦੀ ਪੁਸਤਕ ਵਿਚ ਲਿਖਦੇ ਹਨ...:
“ਇੱਥੇ ਇਸ ਪਾਸੇ ਵੀ ਨਜ਼ਰ ਮਾਰ ਲਈ ਜਾਏ ਕਿ 1921 ਦੇ ਅਸਹਿਯੋਗ ਅੰਦੋਲਨ ਕਰਕੇ ਧੁਰ ਅੰਦਰ ਤਕ ਦੇ ਪਿੰਡਾਂ ਵਿਚ ਆਜ਼ਾਦੀ ਦੀ ਪੁਕਾਰ ਪਹੁੰਚੀ। ਨਾਲ ਨਾਲ ਹੀ ਹੋਰ ਵਿਚਾਰ ਵੀ ਪਹੁੰਚੇ, ਜਿਹੜੇ ਬੜੇ ਹੀ ਲਾਭਦਾਇਕ ਸਿੱਧ ਹੋਏ। ਇੰਜ ਇਹ ਕਿਹਾ ਜਾ ਸਕਦਾ ਹੈ ਕਿ ਅਸਹਿਯੋਗ ਅੰਦੋਲਨ ਵਿਚ ਜਨਤਾ ਦਾ ਬੌਧਿਕ ਸਤਰ ਯਕਦਮ ਉੱਚਾ ਹੋ ਗਿਆ ਸੀ। ਉਸਦੀ ਚੇਤਨਤਾ ਵਧੀ ਸੀ।” ਫੇਰ ਆਪਣਾ ਹੀ ਵਿਰੋਧ...“ਪਰ ਉਹ ਇੰਜ ਇਕ ਹੱਦ ਤਕ ਹੀ ਹੋਇਆ, ਜਿਵੇਂ ਕਿ ਅਸੀਂ ਦੇਖ ਚੁੱਕੇ ਹਾਂ, ਜਿੱਥੋਂ ਤਕ ਮੁਸਲਮਾਨਾਂ ਦਾ ਸੰਬੰਧ ਹੈ, ਇਹ ਹਰ ਪੱਖੋਂ ਉਹਨਾਂ ਨੂੰ ਅੱਗੇ ਲਿਜਾਣ ਦੀ ਬਜਾਏ ਪਿੱਛੇ ਘਸੀਟਨ ਵਿਚ ਸਹਾਇਕ ਸਿੱਧ ਹੋਇਆ...”
ਇਹ ਕਿੰਜ ਸੰਭਵ ਹੈ ਕਿ ਹੋਰਾਂ ਨੂੰ ਅੱਗੇ ਵਧਾਇਆ, ਮੁਸਲਮਾਨਾਂ ਨੂੰ ਪਿੱਛੇ ਖਿੱਚਿਆ? ਗੁਪਤ ਜੀ ਇਹ ਵੀ ਕਹਿੰਦੇ ਹਨ ਕਿ ਮਤਭੇਦ ਦੇ ਬਾਵਜੂਦ ਗਾਂਧੀ ਜੀ ਈਮਾਨਦਾਰ ਸਨ। ਪਰ ਇਹ ਕੈਸੀ ਈਮਾਨਦਾਰੀ ਸੀ ਤੇ ਕਿਸ ਦੇ ਪ੍ਰਤੀ ਸੀ? ਇਸ ਈਮਾਨਦਾਰੀ ਉੱਤੇ ਖ਼ੁਦ ਗੁਪਤ ਜੀ ਨੇ ਪ੍ਰਸ਼ਨਚਿੰਨ੍ਹ ਲਾਇਆ...“12 ਫਰਬਰੀ 1922 ਨੂੰ ਗੋਰਖਪੁਰ ਜ਼ਿਲੇ ਦੀ ਉਤੇਜਿਤ ਕਿਸਾਨ ਜਨਤਾ ਨੇ ਚੌਰੀਚੌਰਾ ਪੁਲਸ ਚੌਕੀ ਨੂੰ ਘੇਰ ਕੇ ਅੱਗ ਲਾ ਦਿੱਤੀ। ਉਸ ਵਿਚ 21-22 ਪੁਲਸ ਵਾਲੇ ਸੜ ਗਏ ਤਾਂ ਗਾਂਧੀ ਨੇ ਇਸਨੂੰ ਹਿੰਸਾ ਕਹਿ ਕੇ ਅੰਦੋਲਨ ਵਾਪਸ ਲੈ ਲਿਆ।” ਗੁਪਤ ਜੀ ਲਿਖਦੇ ਹਨ...: 
“ਇੱਥੇ ਰੁਕ ਕੇ ਇਹ ਦੱਸ ਦਿੱਤਾ ਜਾਏ ਕਿ ਚੌਰੀਚੌਰਾ ਦੀ ਉਸ ਘਟਨਾ ਦੇ ਸੰਬੰਧ ਵਿਚ ਕਾਂਗਰਸੀ ਇਤਿਹਾਸ ਵਿਚ ਇਹ ਗੱਲ ਨਹੀਂ ਦੱਸੀ ਜਾਂਦੀ ਕਿ ਪੁਲਸ ਵਾਲਿਆਂ ਨੇ ਉਦੋਂ ਤਕ ਗੋਲੀਆਂ ਚਲਾਈਆਂ, ਜਦੋਂ ਤਕ ਕਿ ਉਹਨਾਂ ਕੋਲ ਗੋਲੀਆਂ ਮੁੱਕ ਨਹੀਂ ਸੀ ਗਈਆਂ। ਇਹ ਵੀ ਨਹੀਂ ਦੱਸਿਆ ਜਾਂਦਾ ਕਿ ਪੁਲਸ ਵਾਲਿਆਂ ਦੀਆਂ ਗੋਲੀਆਂ ਨਾਲ ਕਿੰਨੇ ਲੋਕ ਮਰੇ ਸਨ ਤੇ ਕਿੰਨੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਨ। ਕੁਛ ਵੀ ਹੋਏ, ਗਾਂਧੀ ਜੀ ਨੇ ਇਸ ਘਟਨਾ ਦਾ ਬਹਾਨਾ ਬਣਾ ਕੇ ਅੰਦੋਲਨ ਬੰਦ ਕਰ ਦਿੱਤਾ। ਇੰਜ ਸਥਿਤੀ ਇਹ ਹੋਈ ਕਿ ਗਾਂਧੀ ਜੀ ਜਨਤਾ ਨੂੰ ਅੰਦੋਲਨ ਵਿਚ ਲਿਆਏ, ਇਸ ਲਈ ਉਹਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਏ, ਘੱਟ ਹੈ। ਪਰ ਉਹ ਇਹ ਨਹੀਂ ਸੀ ਚਾਹੁੰਦੇ ਕਿ ਜਨਤਾ ਕਰਾਂਤੀ ਵੱਲ ਵਧੇ ਜਿਵੇਂ ਕਿ ਤਰਕ ਦੀ ਦ੍ਰਿਸ਼ਟੀ ਨਾਲ ਉਹਨਾਂ ਨੂੰ ਕਰਨਾ ਚਾਹੀਦਾ ਸੀ...”
ਹਕੀਕਤ ਇਹ ਹੈ ਕਿ ਯੁੱਧ ਦੀਆਂ ਹਾਲਤਾਂ ਕਰਕੇ ਦੇਸ਼ ਦੀ ਜਨਤਾ ਵਿਚ ਕਰਾਂਤੀਕਾਰੀ ਉਭਾਰ ਆਇਆ ਹੋਇਆ ਸੀ, ਗਾਂਧੀ ਨੇ ਅੰਦੋਲਨ ਸ਼ੁਰੂ ਕਰਕੇ ਉਸਦੀ ਫੂਕ ਕੱਢ ਦਿੱਤੀ ਤੇ ਜਨਤਾ ਦੇ ਕਰਾਂਤੀਕਾਰੀ ਅਮਲ ਨੂੰ ਅੱਧ ਵਿਚਕਾਰ ਰੋਕ ਕੇ ਦੇਸ਼ੀ-ਵਿਦੇਸ਼ੀ ਗੁੱਝੇ-ਸਵਾਰਥਾਂ ਦੀ ਸੇਵਾ ਕੀਤੀ। ਪ੍ਰਿੰਸੀਪਲ ਛਬੀ ਦਾਸ ਨੇ ਲਿਖਿਆ ਹੈ...:
“ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਭਾਰਤ ਦੇ ਕੁਝ ਸਾਹਸੀ ਨੌਜਵਾਨਾਂ ਨੇ ਗੁੱਸੇ ਤੇ ਜੋਸ਼ ਵਿਚ ਆ ਕੇ ਥਾਣੇ ਨੂੰ ਅੱਗ ਲਾ ਦਿੱਤੀ ਸੀ ਤੇ ਉਸ ਵਿਚ 21-22 ਪੁਲਸ ਦੇ ਸਿਪਾਹੀ ਸੜ ਮਰੇ ਸਨ ਤਾਂ ਇਸ ਘਟਨਾ ਤੋਂ ਪ੍ਰ੍ਰਭਾਵਿਤ ਹੋ ਕੇ ਗਾਂਧੀ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ 'ਨੋ ਟੈਕਸ' ਭਾਵ ਸਰਕਾਰ ਨੂੰ ਕਿਸੇ ਕਿਸਮ ਦਾ ਟੈਕਸ ਨਾ ਦੇਣ ਦਾ ਅੰਦੋਲਨ ਬਿਲਕੁਲ ਬੰਦ ਕਰ ਦਿੱਤਾ ਸੀ। ਇਸ ਸਮੇਂ ਲਾਲਾ ਲਾਜਪਤ ਰਾਏ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਸਨ। ਲਾਲਾ ਜੀ ਨੇ ਗੁੱਸੇ ਵਿਚ ਆ ਕੇ ਇਹ ਟਿੱਪਣੀ ਕੀਤੀ ਕਿ 'ਆਖ਼ਰ ਗਾਂਧੀ ਬਾਣੀਆ ਹੀ ਰਿਹਾ।' ਇਹ ਸ਼ਬਦ ਲਾਹੌਰ ਸੈਂਟਰਲ ਜੇਲ੍ਹ ਦੀ ਡਿਓਢੀ ਵਿਚ ਲਾਲਾ ਲਾਜਪਤ ਰਾਏ ਦੇ ਮੂੰਹੋ ਮੈਂ ਆਪ ਸੁਣੇ ਸਨ।...”


ਭਗਤ ਸਿੰਘ ਨੇ ਨੈਸ਼ਨਲ ਕਾਲਜ ਵਿਚ ਇੰਟਰਮੀਡੀਅਟ ਭਾਵ ਐਫ.ਏ. ਪਾਸ ਕਰਕੇ ਬੀ.ਏ. ਵਿਚ ਦਾਖ਼ਲਾ ਲਿਆ ਤਾਂ ਉਹਨਾਂ ਨੂੰ ਸਤਾਰਵਾਂ ਵਰ੍ਹਾ ਲੱਗਿਆ ਹੋਇਆ ਸੀ। ਇਹ 1924 ਦੀ ਗੱਲ ਹੈ। ਉਹਨੀਂ ਦਿਨੀ ਸਾਰੇ ਪੰਜਾਬ ਵਿਚ ਭਾਸ਼ਾ ਉੱਤੇ ਬਹਿਸ ਚੱਲ ਰਹੀ ਸੀ। ਇਕ ਪਾਸੇ ਉਰਦੂ ਤੇ ਦੂਜੇ ਪਾਸੇ ਹਿੰਦੀ ਦੇ ਪੱਖ ਦਾ ਸਮਰਥਨ ਹੋ ਰਿਹਾ ਸੀ। ਪੰਜਾਬ ਹਿੰਦੀ ਸਾਹਿਤ ਸੰਮੇਲਨ ਨੇ 'ਪੰਜਾਬ ਦੀ ਭਾਸ਼ਾ ਤੇ ਲਿੱਪੀ' ਸਮੱਸਿਆ ਉੱਪਰ ਲੇਖਾਂ ਦੀ ਮੰਗ ਕੀਤੀ। ਸਰਬ-ਉਤਮ ਲੇਖ ਉੱਪਰ ਪੰਜਾਹ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੁਕਾਬਲੇ ਵਿਚ ਭਗਤ ਸਿੰਘ ਨੇ ਵੀ ਹਿੱਸਾ ਲਿਆ। ਸਰਬ-ਉੱਤਮ ਲੇਖਾਂ ਵਿਚ ਭਗਤ ਸਿੰਘ ਦਾ ਲੇਖ ਵੀ ਸੀ। ਇਸ ਲਈ ਸੰਮੇਲਨ ਦੇ ਪ੍ਰਧਾਨ ਭੀਮ ਸੈਨ ਵਿਧਾਲੰਕਾਰ ਨੇ ਉਸਨੂੰ ਸੰਭਾਲ ਕੇ ਰੱਖਿਆ ਤੇ 28 ਫਰਬਰੀ 1924 ਦੇ 'ਹਿੰਦੀ ਸੰਦੇਸ਼' ਪਰਚੇ ਵਿਚ ਪ੍ਰਕਾਸਤ ਕੀਤਾ। ਭਗਤ ਸਿੰਘ ਦੀ ਕਲਮ ਵਿਚੋਂ ਨਿਕਲਣ ਵਾਲਾ ਇਹ ਪਹਿਲਾ ਲੇਖ ਸੀ। ਨੈਸ਼ਨਲ ਕਾਲਜ ਦੀ ਦੋ ਵਰ੍ਹਿਆਂ ਦੀ ਸਿੱਖਿਆ ਤੇ ਅਧਿਅਨ ਨਾਲ ਉਹਨਾਂ ਦਾ ਚਿੰਤਨ ਕਿੰਨਾ ਪੱਕੇ-ਪੈਰੀਂ ਹੋ ਗਿਆ ਸੀ, ਭਾਸ਼ਾ ਤੇ ਸਾਹਿਤ ਬਾਰੇ ਉਹਨਾਂ ਦੇ ਵਿਚਾਰ ਕਿੰਨੇ ਸਪਸ਼ਟ ਤੇ ਸਾਰਥਕ ਸਨ, ਇਹ ਲੇਖ ਇਸ ਦਾ ਸਬੂਤ ਹੈ। ਲੇਖ ਇੰਜ ਸ਼ੁਰੂ ਹੁੰਦਾ ਹੈ...:
“ਕਿਸੇ ਸਮਾਜ ਤੇ ਦੇਸ਼ ਨੂੰ ਪਛਾਣਨ ਲਈ, ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਦੀ ਜਾਣਕਾਰੀ ਹੋਣੀ ਸਭ ਤੋਂ ਵਧ ਜ਼ਰੂਰੀ ਹੁੰਦੀ ਹੈ, ਕਿਉਂਕਿ 'ਕਿਸੇ ਵੀ ਸਮਾਜ ਦੀ ਪ੍ਰਾਣ-ਚੇਤਨਾ ਉਸ ਸਮਾਜ ਦੇ ਸਾਹਿਤ ਵਿਚ ਸਾਕਾਰ ਹੁੰਦੀ ਹੈ।'
“ਇਤਿਹਾਸ ਉਪਰੋਕਤ ਕਥਨ ਦਾ ਸਾਖੀ ਹੈ। ਕਿਸੇ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਹੁੰਦਾ ਹੈ, ਠੀਕ ਉਸੇ ਪਾਸੇ ਉਹ ਦੇਸ਼ ਵੀ ਵਧ ਰਿਹਾ ਹੁੰਦਾ ਹੈ। ਕਿਸੇ ਵੀ ਜਾਤੀ ਦੀ ਤਰੱਕੀ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਵੇਂ ਜਿਵੇਂ ਸਾਹਿਤ ਉੱਚਾ ਉਠਦਾ ਹੈ, ਤਿਵੇਂ ਤਿਵੇਂ ਦੇਸ਼ ਦੀ ਤਰੱਕੀ ਹੁੰਦੀ ਹੈ। ਦੇਸ਼ ਭਗਤ ਭਾਵੇਂ ਨਿਰੋਲ ਸੁਧਾਰਕ ਹੋਣ ਜਾਂ ਰਾਜਨੀਤਕ ਨੇਤਾ, ਉਹ ਸਭ ਤੋਂ ਵੱਧ ਧਿਆਨ ਦੇਸ਼ ਦੇ ਸਾਹਿਤ ਵੱਲ ਹੀ ਦਿੰਦੇ ਹਨ। ਜੇ ਉਸ ਸਮੇਂ ਦੀਆਂ ਸਮੱਸਿਆਵਾਂ ਤੇ ਹਾਲਤਾਂ ਅਨੁਸਾਰ ਸਾਹਿਤ-ਸਿਰਜਣ ਨਹੀਂ ਕਰਦੇ ਤਾਂ ਉਹਨਾਂ ਦੇ ਸਾਰੇ ਯਤਨ ਨਿਸਫਲ ਰਹਿ ਜਾਂਦੇ ਹਨ—ਤੇ ਉਹਨਾਂ ਦੇ ਕੰਮ ਸਥਾਈ ਰੂਪ ਨਹੀਂ ਲੈ ਸਕਦੇ।”
ਅੱਜ ਵੀ ਲਿੱਪੀ ਤੇ ਭਾਸ਼ਾ ਦੀ ਸਮੱਸਿਆ ਬੜੀ ਉਲਝੀ ਹੋਈ ਹੈ। ਹਿੰਦੀ-ਉਰਦੂ ਦਾ ਝਗੜਾ ਤੇ ਪੰਜਾਬੀ-ਹਿੰਦੀ ਦਾ ਝਗੜਾ ਧਾਰਮਕ ਝਗੜਾ ਬਣ ਗਿਆ ਹੈ ਤੇ ਇਸ ਵਿਚੋਂ ਸੰਪਰਦਾਇਕਤਾ ਫੁੱਟ-ਫੁੱਟ ਪੈਂਦੀ ਹੈ। ਭਗਤ ਸਿੰਘ ਨੇ ਇਸ ਸਿਲਸਿਲੇ ਵਿਚ ਆਪਣਾ ਪੱਖ ਇੰਜ ਜ਼ਾਹਰ ਕੀਤਾ ਹੈ...:
“ਇੱਥੇ ਅਸੀਂ ਭਾਸ਼ਾ ਦੇ ਸੰਬੰਧ ਵਿਚ ਵਿਚਾਰ ਕਰੀਏ ਤਾਂ ਗ਼ਲਤ ਨਹੀਂ ਹੋਏਗਾ। ਸਭ ਤੋਂ ਪਹਿਲਾਂ ਅਸੀਂ ਮੁਸਲਮਾਨਾਂ ਬਾਰੇ ਵਿਚਾਰ ਕਰਾਂਗੇ। ਉਹ ਉਰਦੂ ਕੇ ਕੱਟੜ ਪੱਖੀ ਹਨ। ਇਸ ਸਮੇਂ ਪੰਜਾਬ ਵਿਚ ਇਸ ਭਾਸ਼ਾ ਦਾ ਜ਼ੋਰ ਵੀ ਹੈ। ਅਦਾਲਤਾਂ ਦੀ ਭਾਸ਼ਾ ਵੀ ਇਹੋ ਹੈ। ਫੇਰ ਮੁਸਲਮਾਨ ਸੱਜਣਾ ਦਾ ਇਹ ਵੀ ਕਹਿਣਾ ਹੈ ਕਿ ਉਰਦੂ ਲਿੱਪੀ ਵਿਚ ਵੱਡੀ ਗੱਲ ਥੋੜ੍ਹੇ ਸ਼ਬਦਾਂ ਵਿਚ ਲਿਖੀ ਜਾ ਸਕਦੀ ਹੈ। ਇਹ ਸਭ ਠੀਕ ਹੈ—ਪਰ ਸਾਡੇ ਸਾਹਮਣੇ ਇਸ ਸਮੇਂ ਮੁੱਖ ਸਵਾਲ ਭਾਰਤ ਲਈ ਇਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇੰਜ ਤੁਰੰਤ ਨਹੀਂ ਹੋ ਸਕਦਾ। ਇਸ ਲਈ ਪੈਰ-ਪੈਰ ਚੱਲਣਾ ਪਏਗਾ। ਜੇ ਅਸੀਂ ਭਾਰਤ ਲਈ ਇਕ ਭਾਸ਼ਾ ਨਹੀਂ ਬਣਾ ਸਕਦੇ ਤਾਂ ਘੱਟੋਘੱਟ ਇਕ ਲਿੱਪੀ ਤਾਂ ਬਣਾ ਹੀ ਸਕਦੇ ਹਾਂ। ਉਰਦੂ ਲਿੱਪੀ ਨੂੰ ਹਰ ਪੱਖੋਂ ਸੰਪੂਰਨ ਨਹੀਂ ਕਿਹਾ ਜਾ ਸਕਦਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸਦਾ ਆਧਾਰ ਫ਼ਾਰਸੀ ਭਾਸ਼ਾ ਹੈ। ਉਰਦੂ ਕਵੀਆਂ ਦੀ ਉਡਾਨ, ਭਾਵੇਂ ਉਹ ਭਾਰਤੀ ਹੀ ਕਿਉਂ ਨਾ ਹੋਣ, ਈਰਾਨ ਦੇ ਸਾਕੀ ਤੇ ਅਰਬ ਦੇ ਖਜ਼ੂਰਾਂ ਦੇ ਰੁੱਖਾਂ ਤਕ ਜਾ ਪਹੁੰਚਦੀ ਹੈ। ਕਾਜੀ ਨਜਰੂਲ ਇਸਲਾਮ ਦੀ ਕਵਿਤਾ ਵਿਚ ਭਾਵੇਂ ਵਿਸ਼ਵਾਮਿੱਤਰ ਤੇ ਦੁਰਵਾਸ਼ੇ ਰਿਸ਼ੀ ਦੀ ਚਰਚਾ ਵਾਰ-ਵਾਰ ਹੈ, ਪਰ ਸਾਡੇ ਪੰਜਾਬੀ, ਉਰਦੂ, ਹਿੰਦੀ ਕਵੀ ਇਸ ਵੱਲ ਧਿਆਨ ਹੀ ਨਹੀਂ ਦੇ ਸਕੇ। ਕੀ ਇਹ ਦੁਖਦਾਈ ਸਥਿਤੀ ਨਹੀਂ ਕਿ ਇਸ ਦਾ ਮੁੱਖ ਕਾਰਨ ਭਾਰਤੀਆਂ ਤੇ ਭਾਰਤੀ ਸਾਹਿਤ ਦੇ ਪ੍ਰਤੀ ਉਹਨਾਂ ਦਾ ਅਗਿਆਨ ਹੈ। ਉਹਨਾਂ ਵਿਚ ਭਾਰਤੀਪਨ ਆ ਹੀ ਨਹੀਂ ਸਕਿਆ। ਫੇਰ ਉਹਨਾਂ ਦੇ ਰਚੇ ਸਾਹਿਤ ਨਾਲ ਅਸੀਂ ਕਿੱਥੋਂ ਤਕ ਭਾਰਤੀ ਬਣ ਸਕਦੇ ਹਾਂ। ਸਿਰਫ ਉਰਦੂ ਪੜ੍ਹਨ ਵਾਲੇ ਵਿਦਿਆਰਥੀ ਭਾਰਤ ਦੇ ਪ੍ਰਾਚੀਨ ਸਾਹਿਤ ਦਾ ਗਿਆਨ ਨਹੀਂ ਹਾਸਿਲ ਕਰ ਸਕਦੇ। ਅਜਿਹਾ ਵੀ ਨਹੀਂ ਕਿ ਉਰਦੂ ਵਰਗੀ ਸਾਹਿਤਕ ਭਾਸ਼ਾ ਵਿਚ ਉਸਦਾ ਅਨੁਵਾਦ ਨਹੀਂ ਹੋ ਸਕਦਾ। ਇਹ ਅਨੁਵਾਦ ਐਨ ਉਸੇ ਤਰ੍ਹਾਂ ਹੋਵੇਗਾ ਜਿੰਨਾ ਕੁ ਇਕ ਈਰਾਨੀ ਨੂੰ ਭਾਰਤੀ ਸਾਹਿਤ ਸੰਬੰਧੀ ਗਿਆਨ ਦੇਣ ਦੀ ਜ਼ਰੂਰੀ ਹੈ।
“ਆਪਣੇ ਉਪਰੋਕਤ ਕਥਨ ਬਾਰੇ ਅਸੀਂ ਸਿਰਫ ਏਨਾ ਹੀ ਕਹਾਂਗੇ ਕਿ ਜਦੋਂ 'ਆਰੀਆ' ਤੇ 'ਸਵਰਾਜ' ਵਰਗੇ ਆਮ ਸ਼ਬਦਾਂ ਨੂੰ 'ਆਰਿਯਾ' ਤੇ 'ਸਵੇ ਰਾਜਯ' ਲਿਖਿਆ ਤੇ ਪੜ੍ਹਿਆ ਜਾਂਦਾ ਹੈ ਤਾਂ ਵਿਗਿਆਨ ਦੇ ਗੂੜ੍ਹ ਵਿਸ਼ਿਆਂ ਬਾਰੇ ਚਰਚਾ ਹੀ ਕੀ?ਅਜੇ ਉਸ ਦਿਨ ਲਾਲਾ ਹਰਦਿਆਲ ਐਮ.ਏ. ਦੀ ਉਰਦੂ ਕਿਤਾਬ 'ਕੌਮੇ ਕਿਸ ਤਰਹ ਜਿੰਦਾ ਰਹਿ ਸਕਤੀ ਹੈਂ' ਦਾ ਅਨੁਵਾਦ ਕਰਨ ਸਮੇਂ ਸਰਕਾਰੀ ਅਨੁਵਾਦਕ ਨੇ ਰਿਸ਼ੀ ਨਚਿਕੇਤਾ ਨੂੰ ਉਰਦੂ ਵਿਚ ਲਿਖਿਆ ਹੋਣ ਕਰਕੇ ਇਸਨੂੰ 'ਨੀਚ ਕੁਤੀਆ' ਸਮਝ ਲਿਆ ਤੇ 'ਏ ਬਿਚ ਆਫ ਲੋ ਓਰੀਜਨ' ਅਨੁਵਾਦ ਕਰ ਦਿੱਤਾ ਸੀ। ਹੁਣ ਇਸ ਵਿਚ ਨਾ ਲਾਲਾ ਹਰਦਿਆਲ ਦਾ ਦੋਸ਼ ਸੀ ਤੇ ਨਾ ਹੀ ਸ਼੍ਰੀਮਾਨ ਅਨੁਵਾਦਕ ਦਾ। ਦੋਸ਼ ਸੀ ਤਾਂ ਉਰਦੂ ਲਿੱਪੀ ਦਾ ਤੇ ਉਰਦੂ ਭਾਸ਼ਾ ਦਾ; ਹਿੰਦੀ ਭਾਸ਼ਾ ਤੇ ਸਾਹਿਤ ਦੇ ਅੰਤਰ ਦਾ।
“ਬਾਕੀ ਭਾਰਤ ਵਿਚ ਕਈ ਭਾਰਤੀ ਭਾਸ਼ਾਵਾਂ ਤੇ ਲਿੱਪੀਆਂ ਪ੍ਰਚਲਿਤ ਹਨ। ਅਜਿਹੀ ਸਥਿਤੀ ਵਿਚ ਪੰਜਾਬ ਵਿਚ ਉਰਦੂ ਦਾ ਪਰਚਾਰ ਕਰਕੇ ਅਸੀਂ ਭਾਰਤ ਤੋਂ ਅਲਗ-ਥਲਗ ਹੋ ਜਾਵਾਂਗੇ। ਨਹੀਂ? ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਰਦੂ ਦੇ ਕੱਟੜ-ਪੱਖੀ ਮੁਸਲਮਾਨ ਲੇਖਕਾਂ ਦੀ ਉਰਦੂ ਵਿਚ ਫ਼ਾਰਸੀ ਦਾ ਹੀ ਵਧੇਰੇ ਜ਼ੋਰ ਹੁੰਦਾ ਹੈ। 'ਜ਼ਮੀਂਦਾਰ' ਤੇ 'ਸਿਆਸਤ' ਆਦੀ ਮੁਸਲਿਮ ਅਖ਼ਬਾਰਾਂ ਵਿਚ ਤਾਂ ਅਰਬੀ ਸ਼ਬਦਾਂ ਦੀ ਏਨੀ ਭਰਮਾਰ ਹੁੰਦੀ ਹੈ, ਜਿਸਨੂੰ ਆਮ ਆਦਮੀ ਸਮਝ ਹੀ ਨਹੀਂ ਸਕਦਾ। ਅਜਿਹੀ ਸਥਿਤੀ ਵਿਚ ਇਸ ਨਾਲ ਪਰਚਾਰ ਕਿੰਜ ਕੀਤਾ ਜਾ ਸਕਦਾ ਹੈ? ਅਸੀਂ ਤਾਂ ਚਾਹੁੰਦੇ ਹਾਂ ਕਿ ਮੁਸਲਮਾਨ ਭਰਾ ਵੀ ਆਪਣੇ ਮਜਹਬ ਉੱਤੇ ਪੱਕੇ ਰਹਿੰਦੇ ਹੋਏ ਐਨ ਉਸੇ ਤਰ੍ਹਾਂ ਭਾਰਤੀ ਬਣ ਜਾਣ ਜਿਹੋ ਜਿਹੇ ਕਮਾਲ ਤਰਕ ਹਨ। ਸਾਨੂੰ ਭਾਸ਼ਾ ਦੇ ਸਵਾਲ ਨੂੰ ਜਜ਼ਬਾਤੀ ਮਸਲਾ ਨਾ ਬਣਾ ਕੇ ਇਸਨੂੰ ਵਿਸ਼ਾਲ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ ਹੈ।...”
ਮਿਥਿਹਾਸ ਕਿਸੇ ਵੀ ਦੇਸ਼ ਦੀ ਸੰਸਕਰੀਤੀ ਦਾ ਅਭਿੰਨ ਅੰਗ ਹੁੰਦਾ ਹੈ। ਮਿਥਿਹਾਸ ਆਮ ਜਨਤਾ ਨੂੰ ਆਪਣੀ ਸੰਸਕਰੀਤੀ ਤੇ ਪਰੰਪਰਾ ਨਾਲ ਜੋੜਦਾ ਹੈ। ਮਿਥਿਹਾਸ ਵਿਚ ਉਸ ਰਾਸ਼ਟਰ ਦੀਆਂ ਵਿਸ਼ੇਸ਼ਤਾਵਾਂ ਗੁੰਦੀਆਂ ਹੁੰਦੀਆਂ ਹਨ। ਆਪਣੇ ਇਤਿਹਾਸ ਤੇ ਮਿਥਿਹਾਸ ਨੂੰ ਸਮਝੇ ਬਿਨਾਂ ਤੇ ਰਾਸ਼ਟਰ ਦੀਆਂ ਵਿਸ਼ੇਸ਼ਤਾਵਾਂ ਨਾਲ ਅੰਗ-ਸੰਗ ਹੋਏ ਬਿਨਾਂ, ਦੇਸ਼ ਭਗਤ ਬਣਨਾ ਤੇ ਕਰਾਂਤੀ ਦਾ ਨੇਤਰੀਤਵ ਕਰਨਾ ਸੰਭਵ ਨਹੀਂ...ਭਗਤ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਵਿਚ ਹੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ ਇਸ ਲਈ ਭਾਸ਼ਾ, ਸਾਹਿਤ ਤੇ ਮਿਥਿਹਾਸ ਬਾਰੇ ਉਹਨਾਂ ਦੇ ਵਿਚਾਰ ਏਨੇ ਸ਼ਪਸਟ ਹਨ। ਇਸ ਵਿਗਿਆਨਕ ਯੁੱਗ ਵਿਚ ਸਿਰੇ ਦੀ ਗੱਲ ਇਹ ਹੈ ਕਿ ਸੰਸਾਰ ਭਰ ਦੀ ਭਾਸ਼ਾ ਇਕ ਬਣੇਗੀ। ਪਰ ਇਹ ਦੂਰ...ਬੜੀ ਦੂਰ-ਦਰੇਡੇ ਦੇ ਭਵਿੱਖ ਦੀ ਗੱਲ ਹੈ। ਇਸ ਲਈ ਮਨੁੱਖ ਨੂੰ ਸਦੀਆਂ ਲੰਮੀ ਵਿਕਾਸ-ਪ੍ਰਕਿਰਿਆ ਵਿਚੋਂ ਲੰਘਣਾ ਪਏਗਾ। ਇਸ ਪਿੜ ਵਿਚ ਭਗਤ ਸਿੰਘ ਦਾ ਇਹ ਕਥਨ ਕਿੰਨਾ ਸਾਰਥਕ ਹੈ...'ਇੰਜ ਤੁਰੰਤ ਨਹੀਂ ਹੋ ਸਕਦਾ। ਇਸ ਲਈ ਪੈਰ-ਪੈਰ ਚੱਲਣਾ ਪਏਗਾ।' ਉਸ ਅਗੇਤਰੇ ਭਵਿੱਖ ਤਕ ਪਹੁੰਚਣ ਲਈ ਜਿਸ ਬੌਧਿਕ ਵਿਕਾਸ ਦੀ ਲੋੜ ਹੈ, ਉਸਦਾ ਮੁੱਢਲਾ ਵਿਕਾਸ ਮਾਤਭਾਸ਼ਾ ਤੇ ਖੇਤਰੀ ਸਾਹਿਤ ਰਾਹੀਂ ਹੀ ਸੰਭਵ ਹੈ। ਗੁਰੂਮੁਖੀ ਲਿੱਪੀ ਦੇ ਮੁਕਾਬਲੇ ਨਾਗਰੀ ਲਿੱਪੀ ਨੂੰ ਪੂਰਨ ਦੱਸਣ ਤੇ ਪੰਜਾਬੀ ਲਈ ਉਸਨੂੰ ਅਪਣਾਅ ਲੈਣ ਦੀ ਸਲਾਹ ਦਿੰਦਿਆਂ ਹੋਇਆਂ ਲਿਖਿਆ ਹੈ...:
“ਹਿੰਦੀ ਦੇ ਪੱਤਰਕਾਰ ਸੱਜਣਾ ਨੂੰ ਅਸੀਂ ਕਹਿੰਦੇ ਹਾਂ ਕਿ ਯਕੀਨਨ ਹਿੰਦੀ ਭਾਸ਼ਾ ਹੀ ਅਖ਼ੀਰ ਸਾਰੇ ਭਾਰਤ ਦੀ ਭਾਸ਼ਾ ਬਣੇਗੀ, ਪਰ ਸ਼ੁਰੂ-ਸ਼ੁਰੂ ਵਿਚ ਇਸਦਾ ਪਰਚਾਰ ਕਰਨ ਵਿਚ ਕਾਫੀ ਔਖਿਆਈ ਰਹੇਗੀ। ਹਿੰਦੀ ਲਿੱਪੀ ਅਪਣਾਉਣ ਨਾਲ ਪੰਜਾਬੀ ਵੀ ਹਿੰਦੀ ਵਰਗੀ ਹੀ ਬਣ ਜਾਏਗੀ। ਕੋਈ ਫਰਕ ਹੀ ਨਹੀਂ ਰਹੇਗਾ ਤੇ ਨਾਲੇ ਇਸਦੀ ਲੋੜ ਵੀ ਹੈ। ਇਸ ਲਈ ਕਿ ਆਮ ਆਦਮੀ ਨੂੰ ਸਾਖਰ ਕੀਤਾ ਜਾ ਸਕੇ। ਇਹ ਸਭ ਆਪਣੀ ਭਾਸ਼ਾ ਦੇ ਆਪਣੇ ਸਾਹਿਤ ਨਾਲ ਹੀ ਹੋ ਸਕਦਾ ਹੈ। ਪੰਜਾਬੀ ਦੀ ਇਸ ਕਵਿਤਾ ਨੂੰ ਹੀ ਦੇਖੀਏ...:

 ਓ ਰਹੀਆ ਰਹੇ ਜਾਂਦਿਆ ਸੁਣ ਜਾ ਮੇਰੀ ਗੱਲ
 ਸਿਰ ਤੇ ਪੱਗ ਤੇਰੇ ਵਲਾਇਤ ਦੀ ਇਸਨੂੰ ਫੂਕ ਚੁਆਤੜਾ ਲਾ।

ਇਸਦੇ ਮੁਕਾਬਲੇ ਹਿੰਦੀਆਂ ਦੀਆਂ ਚੰਗੀਆਂ-ਚੰਗੀਆਂ ਕਵਿਤਾਵਾਂ ਦਾ ਬਹੁਤਾ ਅਸਰ ਨਹੀਂ ਹੋਏਗਾ ਕਿਉਂਕਿ ਅਜੇ ਉਹ ਆਮ ਲੋਕਾਂ ਦੇ ਮਨ ਵਿਚ ਆਪਣੀ ਜਗ੍ਹਾ ਨਹੀਂ ਬਣਾ ਸਕਣਗੀਆਂ। ਉਹ ਓਪਰੀਆਂ ਜਿਹੀਆਂ ਲੱਗਦੀਆਂ ਰਹਿਣਗੀਆਂ। ਕਾਰਨ ਇਹ ਕਿ ਹਿੰਦੀ ਦਾ ਆਧਾਰ ਸੰਸਕ੍ਰਿਤ ਹੈ। ਪੰਜਾਬ ਉਸ ਤੋਂ ਕੋਹਾਂ ਦੂਰ ਹੋ ਚੁੱਕਿਆ ਹੈ। ਪੰਜਾਬ ਉੱਤੇ ਫ਼ਾਰਸੀ ਨੇ ਆਪਣਾ ਅਸਰ ਵਧੇਰੇ ਛੱਡਿਆ ਹੈ। ਜਿਵੇਂ ਕਿ ਚੀਜ਼ ਦਾ ਬਹੁ ਵਚਨ ਚੀਜ਼ੇਂ ਨਾ ਹੋ ਕੇ ਚੀਜਾਂ ਫ਼ਾਰਸੀ ਪ੍ਰਭਾਵ ਕਰਕੇ ਬਣ ਗਿਆ ਹੈ।”
ਇਹ ਸਿਧਾਂਤ ਅੰਤ ਤਕ ਕੰਮ ਕਰਦਾ ਦਿਖਾਈ ਦਿੰਦਾ ਹੈ। ਕਹਿਣ ਦਾ ਭਾਵ ਇਹ ਕਿ ਪੰਜਾਬੀ ਭਾਸ਼ਾ ਨੂੰ ਹਿੰਦੀ ਲਿੱਪੀ ਵਿਚ ਲਿਖੇ ਜਾਣ 'ਤੇ ਉਸਨੂੰ ਸਾਹਿਤਕ ਬਣਾਉਣ ਦੇ ਯਤਨ ਨਾਲ ਲਾਜ਼ਮੀ ਹੈ ਇਹ ਹਿੰਦੀ ਦੇ ਨੇੜੇ ਆ ਜਾਏਗੀ।
ਸਾਰੇ ਮੁੱਖ ਤਰਕ ਦਿੱਤੇ ਜਾ ਚੁੱਕੇ ਹਨ। ਹੁਣ ਅਸੀਂ ਸਿਰਫ ਇਕ ਗੱਲ ਹੋਰ ਕਹਾਂਗੇ। ਬਹੁਤੇ ਸੱਜਣਾ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਵਿਚ ਮਿਠਾਸ, ਸੁੰਦਰਤਾ ਤੇ ਭਾਵੁਕਤਾ ਨਹੀਂ। ਇਸ ਗੱਲਾਂ ਬਿਲਕੁਲ ਆਧਾਰਹੀਣ ਹਨ।

 ਲੱਛੀਏ ਜਿੱਥੇ ਤੈਂ ਪਾਣੀ ਡੋਲ੍ਹਿਆ
 ਉੱਥੇ ਉਗ ਪਏ ਸੰਦਲ ਦੇ ਬੂਟੇ।

ਇਸ ਗੀਤ ਦੀ ਮਿਠਾਸ ਨੇ ਕਵੀਵਰ ਰਵਿੰਦਰ ਨੂੰ ਮੋਹ ਲਿਆ ਸੀ ਤੇ ਝੱਟ ਉਹਨਾਂ ਇਸਦਾ ਅੰਗਰੇਜ਼ੀ ਵਿਚ ਅਨੁਵਾਦ ਕਰ ਦਿੱਤਾ ਸੀ...:

 Lachchi, where thy split water
 where thy split water etc. etc.

ਅਜਿਹੇ ਅਨੇਕਾਂ ਹੋਰ ਉਦਾਹਰਨ ਦਿੱਤੇ ਜਾ ਸਕਦੇ ਹਨ। ਹੇਠਾਂ ਲਿਖੇ ਬੋਲ ਕਿਸੇ ਭਾਸ਼ਾ ਦੀ ਕਵਿਤਾ ਨਾਲੋਂ ਘੱਟ ਨਹੀਂ:
 ਪਿਪਲ ਦੇ ਪੱਤਿਆ ਵੇ, ਕੇਹੀ ਖੜ ਖੜ ਲਾਈ ਏ
 ਪਤ ਝੜੇ ਪੁਰਾਨੇ ਹੁਣ ਰੁੱਤ ਨਵਿਆਂ ਦੀ ਆਈ ਏ।

ਅਛੂਤ ਸਮੱਸਿਆ ਵੀ ਇਸ ਯੁੱਗ ਦੀ ਇਕ ਭਖ਼ਦੀ ਸਮੱਸਿਆ ਬਣ ਗਈ ਸੀ। 1923 ਵਿਚ ਕਾਂਗਰਸ ਦਾ ਸਾਲਾਨਾ ਸੰਮੇਲਨ ਕੋਕਨੜਾ ਵਿਚ ਹੋਇਆ। ਮੌਲਾਨਾ ਮੁਹੰਮਦ ਅਲੀ ਪ੍ਰਧਾਨ ਸਨ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਹ ਸੁਝਾਅ ਪੇਸ਼ ਕੀਤਾ ਕਿ ਅਛੂਤਾਂ ਨੂੰ ਹਿੰਦੂ, ਮੁਸਲਮਾਨਾਂ ਵਿਚ ਅੱਧੋ-ਅੱਧ ਵੰਡ ਦਿੱਤਾ ਜਾਵੇ। ਲਾਲਾ ਲਾਜਪਤ ਰਾਏ ਨੇ ਇਸ ਦਾ ਵਿਰੋਧ ਕੀਤਾ ਤੇ ਇਹ ਸਮੱਸਿਆ ਬਹਿਸ ਦਾ ਵਿਸ਼ਾ ਬਣ ਗਈ। ਮੁਸਲਮਾਨਾਂ ਵੱਲੋਂ ਤਬਲੀਕ (ਧਰਮ ਪਰੀਵਰਤਨ) ਦੀ ਤਹਿਰੀਕ ਚੱਲੀ ਤੇ ਆਰੀਆ ਸਮਾਜ ਵੱਲੋਂ ਸ਼ੁੱਧੀ ਅੰਦੋਲਨ ਚੱਲਿਆ, ਜਿਸ ਦੇ ਨੇਤਾ ਸਵਾਮੀ ਸ਼ਰਧਾਨੰਦ ਸਨ। ਅਮੀਰ ਮੁਸਲਮਾਨਾਂ ਤੇ ਧਨੀ ਹਿੰਦੂਆਂ ਨੇ ਦੋਹਾਂ ਨੂੰ ਆਰਥਕ ਸਹਾਇਤਾ ਦਿੱਤੀ। ਸਿੱਟਾ ਇਹ ਕਿ ਸੰਪਰਦਾਇਤਾ ਤੇ ਫੁੱਟ-ਪਾਊ ਸ਼ਕਤੀਆਂ ਨੂੰ ਸ਼ਹਿ ਮਿਲੀ। ਪ੍ਰਿੰਸੀਪਲ ਛਬਲੀ ਦਾਸ ਲਿਖਦੇ ਹਨ...:
“ਮੈਨੂੰ ਲਾਲਾ ਲਾਜਪਤ ਰਾਏ ਦੀ ਇਸ ਗੱਲ ਨੇ ਬੜਾ ਪ੍ਰਭਾਵਿਤ ਕੀਤਾ ਕਿ ਆਰੀਆ ਸਮਾਜ ਤੇ ਹੋਰਨਾਂ ਨੇ ਸੁਧਾਰ ਦੀਆਂ ਲਹਿਰਾਂ ਦੇ ਨਾਲ-ਨਾਲ ਅਛੂਤ-ਕਲਿਆਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਲੋਕ ਸੇਵਕ ਮੰਡਲ ਵੱਲੋਂ ਅਛੂਤ ਕਲਿਆਣ ਮੰਡਲ ਸਥਾਪਿਤ ਕਰ ਦਿੱਤਾ ਗਿਆ, ਲਾਲਾ ਮੋਹਨ ਲਾਲ ਜੀ ਜਿਸਦੇ ਕਈ ਵਰ੍ਹੇ ਤਕ ਮੰਤਰੀ ਰਹੇ। ਅਛੂਤ ਕਲਿਆਣ ਦੇ ਕੰਮਾਂ ਨੂੰ ਚਲਾਉਣ ਲਈ ਕਲਕੱਤੇ ਦੇ ਸੇਠ ਬਿੜਲਾ ਲਗਭਗ ਪੰਜ ਹਜ਼ਾਰ ਰੁਪਏ ਮਹੀਨਾ ਦਿੰਦੇ ਸਨ। ਇਸੇ ਤਰ੍ਹਾਂ ਦੀ ਸਹਾਇਤਾ ਆਰੀਆ ਸਮਾਜ ਦੇ ਨੇਤਾ ਸਵਾਮੀ ਸ਼ਰਧਾਨੰਦ ਨੂੰ ਵੀ ਦਿੱਤੀ ਜਾਂਦੀ ਸੀ।”
ਲਾਲਾ ਲਾਜਪਤ ਰਾਏ ਨੇ ਆਪਣੀ ਆਤਮ-ਕਥਾ ਵਿਚ ਲਿਖਿਆ ਹੈ ਕਿ 'ਮੈਨੂੰ, ਬਿੜਲਾ ਤੇ ਮੌਲਾਨਾ ਮੁਹੰਮਦ ਅਲੀ ਨੂੰ, ਸਰ ਆਗਾ ਖ਼ਾਂ ਪੈਸਾ ਦਿੰਦੇ ਸਨ।' ਭਗਤ ਸਿੰਘ ਨੇ ਵੀ ਇਸ ਸਮੱਸਿਆ ਉੱਤੇ ਲੇਖ ਲਿਖਿਆ, ਜਿਹੜਾ ਜੂਨ 1928 ਵਿਚ ਵਿਦਰੋਹੀ ਨਾਂ ਨਾਲ 'ਕਿਰਤੀ' ਵਿਚ ਪ੍ਰਕਾਸ਼ਤ ਹੋਇਆ। ਛੂਤ-ਛਾਤ ਨੂੰ ਦੇਸ਼ ਦੇ ਮੱਥੇ ਉੱਤੇ ਕਲੰਕ ਦੱਸਦਿਆਂ ਉਹਨਾਂ ਲਿਖਿਆ ਹੈ...:
“ਅੱਜ ਇਸ ਸਵਾਲ ਉੱਤੇ ਬੜਾ ਹੂ-ਹੱਲਾ ਹੋ ਰਿਹਾ ਹੈ। ਉਹਨਾਂ ਵਿਚਾਰਿਆਂ ਵੱਲ ਅੱਜ-ਕੱਲ੍ਹ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਦੇਸ਼ ਵਿਚ ਆਜ਼ਾਦੀ ਦਾ ਜਿਹੜਾ ਵਿਕਾਸ ਹੋ ਰਿਹਾ ਹੈ ਉਸ ਵਿਚ ਸੰਪਰਦਾਇਕ ਰਾਹ ਦਿਖੇਵਿਆਂ ਨੂੰ ਕੋਈ ਹੋਰ ਲਾਭ ਹੋਇਆ ਹੋਵੇ ਭਾਵੇਂ ਨਾ ਹੋਵੇ, ਪਰ ਇਹ ਲਾਭ ਜ਼ਰੂਰ ਹੋਇਆ ਹੈ ਕਿ ਵਧ ਅਧਿਕਾਰ ਮੰਗਣ ਲਈ ਆਪਣੇ ਫਿਰਕੇ ਦੀ ਸੰਖਿਆ ਵਧਾਉਣ ਦੀ ਲੋੜ ਸਾਰਿਆਂ ਨੂੰ ਪੈ ਗਈ ਹੈ। ਮੁਸਲਮਾਨਾਂ ਨੇ ਵਧੇਰੇ ਜ਼ੋਰ ਲਾਇਆ। ਉਹਨਾਂ ਨੇ ਅਛੂਤਾਂ ਨੂੰ ਮੁਸਲਮਾਨ ਬਣਾ ਕੇ ਯਾਨੀ ਆਪਣੇ ਬਰਾਬਰ ਦਾ ਮਨੁੱਖ ਬਣਾ ਕੇ ਉਹਨਾਂ ਨੂੰ ਮਨੁੱਖੀ ਅਧਿਕਾਰ ਦੇਣੇ ਸ਼ੁਰੂ ਕਰ ਦਿੱਤੇ। ਹੁਣ ਹਿੰਦੂਆਂ ਨੂੰ ਵੀ ਠੇਸ ਲੱਗੀ। ਜ਼ਿੱਦ ਵਧੀ। ਦੰਗੇ ਵੀ ਹੋਏ। ਹੌਲੀ-ਹੌਲੀ ਸਿੱਖਾਂ ਵਿਚ ਵੀ ਵਿਚਾਰ ਪੈਦਾ ਹੋਇਆ ਕਿ ਅਸੀਂ ਪਿੱਛੇ ਰਹਿ ਜਾਵਾਂਗੇ। ਉਹਨਾਂ ਨੇ ਵੀ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ। ਹਿੰਦੂ-ਸਿੱਖਾਂ ਵਿਚ ਅਛੂਤਾਂ ਦੇ ਜਨੇਊ ਲਾਹੇ ਜਾਣ ਜਾਂ ਕੇਸ ਕਟਾਏ ਜਾਣ 'ਤੇ ਝਗੜੇ ਹੋਏ। ਫੇਰ ਵੀ ਤਿੰਨੇ ਕੌਮਾਂ ਉਹਨਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਨੇ ਤੇ ਬੜਾ ਹੂ-ਹੱਲਾ ਹੋ ਰਿਹਾ ਹੈ। ਇਧਰ ਈਸਾਈ ਚੁੱਪਚਾਪ ਉਹਨਾਂ ਦਾ ਰੁਤਬਾ ਵਧਾ ਰਹੇ ਹਨ। ਇਸ ਸਾਰੀ ਹਲਚਲ ਦੇ ਨਾਲ ਹਿੰਦੂਸਤਾਨ ਦੀ ਲਾਹਨਤ ਦੂਰ ਹੋ ਰਹੀ ਹੈ।
“ਇਧਰ ਜਦੋਂ ਅਛੂਤਾਂ ਨੇ ਦੇਖਿਆ ਕਿ ਸਾਡੀ ਖਾਤਰ ਏਨੇ ਫਸਾਦ ਹੋ ਰਹੇ ਨੇ—ਸਾਨੂੰ ਹਰੇਕ ਆਪਣੀ ਖੁਰਾਕ ਸਮਝ ਰਿਹਾ ਹੈ ਤਾਂ ਅਸੀਂ ਵੱਖਰਾ ਸੰਗਠਨ ਕਿਉਂ ਨਾ ਬਣ ਜਾਈਏ। ਇਸ ਵਿਚਾਰ ਨੂੰ ਸ਼ੁਰੂ ਕਰਨ ਵਿਚ ਅੰਗਰੇਜ਼ੀ ਸਰਕਾਰ ਦਾ ਕੋਈ ਹੱਥ ਹੋਏ ਜਾਂ ਨਾ ਹੋਏ, ਏਨਾ ਜ਼ਰੂਰ ਹੈ ਕਿ ਉਸਦਾ ਪਰਚਾਰ ਕਰਨ ਵਿਚ ਸਰਕਾਰੀ ਆਦਮੀਆਂ ਦਾ ਕਾਫੀ ਹੱਥ ਸੀ—ਆਦਿ ਧਰਮ ਮੰਡਲ ਆਦਿ ਇਸੇ ਪਰਚਾਰ ਦਾ ਸਿੱਟਾ ਹੈ।”
ਇਹ ਕਾਰਨ ਸਨ। ਹੁਣ ਇਸ ਸਮੱਸਿਆ ਦਾ ਹੱਲ ਕੀ ਹੈ। ਲਿਖਿਆ ਹੈ...:
“ਜਦੋਂ ਸਵਾਲ ਇਹ ਹੈ ਕਿ ਇਸ ਸਮੱਸਿਆ ਦਾ ਠੀਕ-ਠੀਕ ਹੱਲ ਕੀ ਹੈ। ਉਤਰ ਬੜਾ ਸਹਿਜ ਹੈ। ਸਭ ਤੋਂ ਪਹਿਲਾਂ ਇਹ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਾਰੇ ਇਨਸਾਨ ਇਕੋ ਜਿਹੇ ਹਨ। ਯਾਨੀਕਿ ਨਾ ਤਾਂ ਜਨਮ ਨਾਲ ਕੋਈ ਪਾੜਾ ਵਧਦਾ ਹੈ ਤੇ ਨਾ ਹੀ ਕੰਮ-ਧੰਦੇ ਨਾਲ। ਯਾਨੀ ਇਕ ਆਦਮੀ ਕਿਉਂਕਿ ਭੰਗੀ ਦੇ ਘਰ ਪੈਦਾ ਹੋ ਗਿਆ ਹੈ, ਇਸ ਲਈ ਸਾਰੀ ਜ਼ਿੰਦਗੀ ਗੰਦਗੀ ਹੀ ਸਾਫ਼ ਕਰੇਗਾ ਤੇ ਦੁਨੀਆਂ ਵਿਚ ਕਿਸੇ ਕਿਸਮ ਦੀ ਤਰੱਕੀ ਕਰਨ ਦਾ ਉਸਨੂੰ ਕੋਈ ਅਧਿਕਾਰ ਹੀ ਨਹੀਂ...ਇਹ ਗੱਲਾਂ ਫਜ਼ੂਲ ਹਨ। ਇਹਨਾਂ ਲੋਕਾਂ ਨਾਲ ਸਾਡੇ ਵੱਡੇਰਿਆਂ ਯਾਨੀ ਆਰੀਆ ਲੋਕਾਂ (ਆਰੀਅਨਸ) ਨੇ ਇਹ ਅਤਿਆਚਾਰ ਕੀਤਾ ਕਿ ਉਹਨਾਂ ਨੂੰ ਨੀਚ ਐਲਾਨ ਕੇ ਪਰ੍ਹੇ ਧਰੀਕ ਦਿੱਤਾ। ਉਹਨਾਂ ਤੋਂ ਨੀਚ ਕੰਮ ਕਰਵਾਉਣ ਲੱਗ ਪਏ ਤੇ ਨਾਲ ਹੀ ਇਹ ਚਿੰਤਾ ਵੀ ਹੋਈ ਕਿ ਕਿਤੇ ਉਹ ਬਗ਼ਾਵਤ ਹੀ ਨਾ ਕਰ ਦੇਣ ਤਾਂ ਮਿਥਿਕ ਪੂਨਰ-ਜਨਮ ਦੇ ਸਿਧਾਂਤ ਦਾ ਪਰਚਾਰ-ਪਰਸਾਰ ਸ਼ੁਰੂ ਕਰ ਦਿੱਤਾ—ਇਹ ਤੁਹਾਡੇ ਪਿਛਲੇ ਜਨਮ ਦੇ ਪਾਪਾਂ ਦਾ ਫਲ ਹੈ। ਕੀ ਹੋ ਸਕਦਾ ਹੈ? ਚੁੱਪਚਾਪ ਜੀਵਨ ਬਿਤਾਓ। ਇੰਜ ਸਬਰ-ਸੰਤੋਖ ਦਾ ਪਾਠ ਪੜ੍ਹਾ ਕੇ ਉਹ ਲੋਕ ਇਹਨਾਂ ਨੂੰ ਚਿਰ-ਕਾਲ ਲਈ ਚੁੱਪ ਕਰਵਾ ਗਏ। ਪਰ ਉਹਨਾਂ ਬੜਾ ਵੱਡਾ ਪਾਪਾ ਕੀਤਾ—ਇਨਸਾਨ ਵਿਚੋਂ ਇਨਸਾਨੀਅਤ, ਆਤਮ-ਵਿਸ਼ਵਾਸ ਤੇ ਆਤਮ-ਨਿਰਭਰਤਾ ਦੀ ਭਾਵਨਾ ਹੀ ਸਮਾਪਤ ਕਰ ਦਿੱਤੀ। ਬੜਾ ਜੁਲਮ, ਬੜਾ ਭਾਰੀ ਅਨਿਆਂ ਕੀਤਾ। ਅੱਜ ਉਸਦੇ ਪਸ਼ਚਾਤਾਪ ਦਾ ਸਮਾਂ ਹੈ।
“ਇਸਦੇ ਨਾਲ ਹੀ ਇਕ ਹੋਰ ਖ਼ਰਾਬੀ ਪੈਦਾ ਹੋ ਗਈ। ਲੋਕਾਂ ਦੇ ਮਨ ਵਿਚ ਅਤਿ ਜ਼ਰੂਰੀ ਕੰਮਾਂ ਲਈ ਘਿਰਣਾ ਪੈਦਾ ਹੋ ਗਈ। ਅਸੀਂ ਜੁਲਾਹੇ ਨੂੰ ਵੀ ਪਰ੍ਹਾਂ ਧਰੀਕ ਦਿੱਤਾ ਤੇ ਅੱਜ ਕੱਪੜਾ ਬੁਣਨ ਵਾਲੇ ਅਛੂਤ ਸਮਝੇ ਜਾਂਦੇ ਹਨ। ਯੂ.ਪੀ. ਵੱਲ ਝਿਊਰ ਨੂੰ ਵੀ ਅਛੂਤ ਸਮਝਿਆ ਜਾਂਦਾ ਹੈ। ਇੰਜ ਬੜਾ ਵੱਡਾ ਵਿਤਕਰਾ ਪੈਦਾ ਹੋ ਗਿਆ। ਇਸੇ ਕਰਕੇ ਸਾਡੀ ਤਰੱਕੀ ਨੂੰ ਬੜਾ ਵੱਡਾ ਅੜਿੱਕਾ ਲੱਗਿਆ ਹੋਇਆ ਹੈ ਤੇ ਲੱਗ ਰਿਹਾ ਹੈ।
“ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਅੱਗੇ ਵਧੀਏ। ਇਹਨਾਂ ਨੂੰ ਅਛੂਤ ਨਾ ਕਹੀਏ, ਨਾ ਸਮਝੀਏ। ਬਸ ਸਮੱਸਿਆ ਹੱਲ ਹੋ ਜਾਂਦੀ ਹੈ। ਨੌਜਵਾਨ ਭਾਰਤ ਸਭਾ ਤੇ ਨੌਜਵਾਨ ਕਾਂਗਰਸ ਨੇ ਜਿਹੜਾ ਢੰਗ ਅਪਣਾਇਆ ਹੈ, ਉਹ ਬੜਾ ਸੁੰਦਰ ਹੈ। ਜਿਹਨਾਂ ਭਰਾਵਾਂ ਨੂੰ ਅੱਜ ਤਕ ਅਛੂਤ ਕਿਹਾ ਕਰਦੇ ਸਨ, ਉਹਨਾਂ ਤੋਂ ਆਪਣੇ ਇਸ ਪਾਪ ਲਈ ਮੁਆਫ਼ੀ ਮੰਗਣਾ ਤੇ ਉਹਨਾਂ ਨੂੰ ਆਪਣੇ ਵਰਗਾ ਇਨਸਾਨ ਸਮਝਣਾ। ਬਗ਼ੈਰ ਅੰਮ੍ਰਿਤ ਛਕਾਇਆਂ, ਬਗ਼ੈਰ ਕਲਮਾ ਪੜ੍ਹਾਇਆਂ, ਜਾਂ ਬਗ਼ੈਰ ਸ਼ੁੱਧੀ ਕੀਤਿਆਂ, ਉਹਨਾਂ ਨੂੰ ਆਪਣੇ ਨਾਲ ਰਲਾ ਲੈਣਾ, ਉਹਨਾਂ ਦੇ ਹੱਥ ਦਾ ਪਾਣੀ ਪੀਣਾ, ਇਹੀ ਇਕ ਠੀਕ ਤਰੀਕਾ ਹੈ...ਤੇ ਆਪਸ ਵਿਚ ਖਿੱਚੋਤਾਣੀ ਕਰਨਾ ਤੇ ਵਿਹਾਰ ਵਿਚ ਕੋਈ ਵੀ ਅਧਿਕਾਰ ਨਾ ਦੇਣਾ, ਇਹ ਬਿਲਕੁਲ ਠੀਕ ਗੱਲ ਨਹੀਂ।”
ਇਹ ਦੋ ਲੇਖ ਚਾਰ ਸਾਲ ਦੇ ਅੰਤਰ ਨਾਲ ਲਿਖੇ ਗਏ। ਇਕ ਓਦੋਂ ਲਿਖਿਆ ਜਦੋਂ ਉਹ ਦੇਸ਼ ਦੇ ਕਰਾਂਤੀਕਾਰੀ ਅੰਦੋਲਨ ਦੇ ਨਾਲ ਤਨ, ਮਨ ਨਾਲ ਜੁੜ ਚੁੱਕੇ ਸਨ ਤੇ ਉਸਦੇ ਇਕ ਪ੍ਰਮੁੱਖ ਨੇਤਾ ਸਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਬਹੁਪੱਖੀ ਪ੍ਰਤਿਭਾ ਸਨ। ਉਹਨਾਂ ਕੋਲ ਦ੍ਰਿਸ਼ਟੀ ਵੀ ਸੀ, ਦਿਸ਼ਾ ਵੀ। ਇਸ ਲਈ ਉਹਨਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ। ਰਾਜਨੀਤਕ ਤੇ ਸਮਾਜਕ ਸਮੱਸਿਆਵਾਂ ਦੇ ਨਾਲ-ਨਾਲ ਸਾਹਿਤ ਵਿਚ ਵੀ ਉਹਨਾਂ ਦੀ ਚੋਖੀ ਪੈਂਠ ਸੀ ਤੇ ਚਿੰਤਨ ਸੂਖਮ ਸੀ। ਭਾਸ਼ਾ ਤੇ ਅਛੂਤ ਸਮੱਸਿਆ ਉੱਤੇ ਉਹਨਾਂ ਦੇ ਵਿਚਾਰ ਜਿੰਨੇ ਪੱਕੇ-ਪੈਰੀਂ ਤੇ ਤਰਕ-ਸੰਗਤ ਸਨ, ਸਾਡੇ ਕਾਂਗਰਸੀ ਤੇ ਕਮਿਊਨਿਸਟ ਨੇਤਾਵਾਂ ਦੇ ਅੱਜ  ਤੀਕ ਨਹੀਂ ਹੋ ਸਕੇ। ਫੇਰ ਭਗਤ ਸਿੰਘ ਨੂੰ ਸਾਡੇ ਇਤਿਹਾਸ ਤੇ ਦਰਸ਼ਨ ਦੀ ਜਿਹੜੀ ਵਿਗਿਆਨਕ ਸਮਝ ਸੀ...ਸਾਡੇ ਵਾਮਪੰਥੀ ਨੇਤਾਵਾਂ, ਲੇਖਕਾਂ ਤੇ ਬੁੱਧੀਜੀਵੀਆਂ ਵਿਚ ਉਸਦੀ ਥੁੜੋਂ ਹੈ।
ਆਜ਼ਾਦੀ ਦਾ ਮਤਲਬ ਸਿਰਫ ਅੰਗਰੇਜ਼ ਨੂੰ ਭਜਾਉਣਾ ਹੀ ਨਹੀਂ, ਸੋਸ਼ਨ 'ਤੇ ਟਿਕੀ ਇਸ ਸਦੀਆਂ ਪੁਰਾਣੀ ਵਰਗ-ਵਿਵਸਥਾ ਨੂੰ, ਜਿਸਨੇ ਨਾ ਸਿਰਫ ਭੰਗੀ-ਚਮਾਰ ਨੂੰ ਬਲਕਿ ਹਰੇਕ ਮਿਹਨਤਕਸ਼ ਨੂੰ ਅਛੂਤ ਬਣਾ ਦਿੱਤਾ ਹੈ, ਬਦਲ ਦੇਣ ਦਾ ਸਵਾਲ ਇਤਿਹਾਸ ਦੇ ਅਜੰਡੇ ਉੱਤੇ ਆ ਗਿਆ ਸੀ।
ਭਗਤ ਸਿੰਘ ਜਦੋਂ ਕਾਲਜ ਵਿਚ ਪੜ੍ਹ ਰਹੇ ਸਨ, ਓਦੋਂ ਅਜਿਹੀ ਸਥਿਤੀ ਪੈਦਾ ਹੋ ਗਈ ਕਿ ਉਹਨਾਂ ਨੂੰ ਘਰ ਛੱਡ ਕੇ ਜਾਣਾ ਪਿਆ। ਕਾਰਨ ਇਹ ਕਿ ਉਹ ਆਪਣੇ ਆਪ ਨੂੰ ਦੇਸ਼ ਸੇਵਾ ਲਈ ਅਰਪਿੱਤ ਕਰ ਚੁੱਕੇ ਸਨ ਤੇ ਮਨ ਵਿਚ ਇਹ ਧਾਰ ਲਿਆ ਸੀ ਕਿ ਮੈਂ ਵਿਆਹ ਨਹੀਂ ਕਰਾਂਗਾ। ਪਰ ਦਾਦੀ ਜੈ ਕੌਰ ਚਾਹੁੰਦੀ ਸੀ ਕਿ ਪੋਤਾ ਘੋੜੀ ਚੜ੍ਹੇ ਤੇ ਬਹੂ ਲੈ ਕੇ ਘਰ ਆਵੇ। ਪਿਤਾ ਕਿਸ਼ਨ ਸਿੰਘ ਨੇ ਵੀ ਮਾਂ ਦੀ ਇੱਛਾ ਦਾ ਪਾਲਨ ਕਰਨਾ ਸੀ। ਗੱਲ ਚੱਲੀ ਤੇ ਸ਼ੇਖੂਪੁਰ ਜ਼ਿਲੇ ਦੇ ਮੰਨਾਵਾਲਾ ਪਿੰਡ ਦੇ ਇਕ ਧਨੀ ਆਦਮੀ ਤੇਜ਼ ਸਿੰਘ ਮਾਨ ਆਪਣੀ ਭੈਣ ਲਈ ਭਗਤ ਸਿੰਘ ਨੂੰ ਦੇਖਣ ਆਏ। ਲਾਹੌਰ ਤੋਂ ਛੇ-ਸਤ ਮੀਲ ਦੇ ਫ਼ਾਸਲੇ ਉੱਤੇ ਖਾਸਰੀਆ ਪਿੰਡ ਸੀ। ਉੱਥੇ ਵੀ ਭਗਤ ਸਿੰਘ ਦੇ ਪਰਿਵਾਰ ਦੀ ਜ਼ਮੀਨ ਸੀ। ਸ਼ਾਇਦ ਇਹ ਲੋਕ ਓਹਨੀਂ ਦਿਨੀ ਉੱਥੇ ਹੋਣਗੇ, ਕਿਉਂਕਿ ਵੀਰੇਂਦਰ ਸੰਧੂ ਨੇ ਲਿਖਿਆ ਹੈ...“ਇਕ ਦਿਨ ਉਸੇ ਇਲਾਕੇ ਦੇ ਇਕ ਬਹੁਤ ਅਮੀਰ ਆਦਮੀ ਆਪਣੀ ਭੈਣ ਲਈ ਭਗਤ ਸਿੰਘ ਨੂੰ ਦੇਖਣ ਆਏ। ਭਗਤ ਸਿੰਘ ਉਸ ਦਿਨ ਬੜੇ ਪ੍ਰਸੰਨ ਰਹੇ। ਨੱਚਦੇ-ਟੱਪਦੇ ਰਹੇ ਤੇ ਆਪਣੇ ਟਾਂਗੇ ਵਿਚ, ਖ਼ੁਦ ਘੋੜਾ ਚਲਾਅ ਕੇ, ਉਹਨਾਂ ਨੂੰ ਲਾਹੌਰ ਤਕ ਛੱਡਣ ਗਏ। ਭਗਤ ਸਿੰਘ ਉਹਨਾਂ ਨੂੰ ਪਸੰਦ ਆ ਗਏ ਸਨ ਤੇ ਉਹ ਮੰਗਣੀ ਦੀ ਤਾਰੀਖ਼ ਪੱਕੀ ਕਰ ਗਏ ਸਨ।”
ਫੇਰ ਲਿਖਿਆ ਹੈ...“ਮੰਗਣੀ ਦੀ ਤਾਰੀਖ਼ ਤੋਂ ਕੁਝ ਦਿਨ ਪਹਿਲਾਂ ਭਗਤ ਸਿੰਘ ਘਰੋਂ ਲਾਹੌਰ ਗਏ ਤੇ ਉੱਥੋਂ ਪਤਾ ਨਹੀਂ ਕਿੱਧਰ ਫਰਾਰ ਹੋ ਗਏ। ਉਹਨਾਂ ਦੇ ਪਿਤਾ ਨੂੰ ਆਪਣੀ ਮੇਜ਼ ਦੀ ਦਰਾਜ਼ ਵਿਚ ਰੱਖਿਆ ਇਹ ਖ਼ਤ ਮਿਲਿਆ–

ਪੂਜੈ ਪਿਤਾ ਜੀ
ਨਮਸਕਾਰ।
ਮੇਰੀ ਜ਼ਿੰਦਗੀ ਮਕਸਦੇ-ਆਲਾ ਯਾਨੀ ਆਜ਼ਾਦੀ-ਏ-ਵਤਨ ਦੇ ਉਸੂਲਾਂ ਲਈ ਵਕਫ਼ (ਰਾਖਵੀਂ) ਹੋ ਚੁੱਕੀ ਹੈ। ਇਸ ਲਈ ਮੇਰੀ ਜ਼ਿੰਦਗੀ ਵਿਚ ਆਰਾਮ ਤੇ ਦੁਨਿਆਵੀ ਖਾਹਿਸ਼ਾਂ ਲਈ ਕੋਈ ਖਿੱਚ, ਕੋਈ ਜਗ੍ਹਾ ਨਹੀਂ।
ਤੁਹਾਨੂੰ ਯਾਦ ਹੋਏਗਾ ਕਿ ਜਦੋਂ ਮੈਂ ਛੋਟਾ ਸਾਂ ਤਾਂ ਬਾਪੂਜੀ ਨੇ ਮੇਰੇ ਯੱਗੋਪਵੀਤ ਸਮੇਂ ਐਲਾਨ ਕੀਤਾ ਸੀ ਕਿ ਮੈਨੂੰ ਖਿਦਮਤੇ-ਵਤਨ ਲਈ ਵਕਫ਼ ਕਰ ਦਿੱਤਾ ਗਿਆ ਹੈ। ਲਿਹਾਜ਼ਾ ਮੈਂ ਉਸ ਵਕਤ ਕੀਤਾ ਗਿਆ ਕੌਲ਼ ਪੂਰਾ ਕਰ ਰਿਹਾ ਹਾਂ।
ਉਮੀਦ ਹੈ ਤੁਸੀਂ ਮੁਆਫ਼ ਫ਼ੁਰਮਾਓਗੇ।
  ਆਪਦਾ ਤਾਅਬੇਦਾਰ
ਭਗਤ ਸਿੰਘ।”


ਭਗਤ ਸਿੰਘ ਲਾਹੌਰ ਤੋਂ ਕਾਨ੍ਹਪੁਰ ਪਹੁੰਚੇ। ਕੁਝ ਲੇਖਕਾਂ ਦਾ ਕਹਿਣਾ ਹੈ ਕਿ ਉਹ ਗਣੇਸ਼ ਸੰਕਰ ਵਿਦਿਆਰਥੀ ਦੇ ਨਾਂ ਵਿਧਾਲੰਕਾਰ ਦੀ ਚਿੱਠੀ ਲੈ ਕੇ ਗਏ ਸਨ, ਪਰ ਉਹ ਸਿੱਧੇ ਗਣੇਸ਼ ਸੰਕਰ ਵਿਦਿਆਰਥੀ ਕੋਲ ਗਏ ਹੀ ਨਹੀਂ। ਸ਼ਚੀਂਦਰ ਨਾਥ ਸਾਨਿਆਲ ਨੇ ਲਿਖਿਆ ਹੈ...:
“ਏਧਰ ਭਗਤ ਸਿੰਘ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਭਗਤ ਸਿੰਘ ਦੇ ਪਿਤਾ ਭਗਤ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ। ਮੈਂ ਖ਼ੁਦ ਤਾਂ ਸ਼ਾਦੀ ਕਰ ਲਈ ਸੀ, ਪਰ ਮੈਂ ਇਹ ਮਹਿਸੂਸ ਕਰ ਰਿਹਾ ਸਾਂ ਕਿ ਮੈਂ ਸ਼ਾਦੀ ਕਰਕੇ ਬੜੀ ਭਾਰੀ ਗ਼ਲਤੀ ਕੀਤੀ ਹੈ। ਮੈਂ ਭਗਤ ਸਿੰਘ ਨੂੰ ਸਮਝਾ ਦਿੱਤਾ ਕਿ ਜੇ ਸ਼ਾਦੀ ਕਰ ਲਓਗੇ ਤਾਂ ਭਵਿੱਖ ਵਿਚ ਕਰਾਂਤੀਕਾਰੀ ਅੰਦੋਲਨ ਵਿਚ ਬਹੁਤਾ ਕੰਮ ਨਹੀਂ ਕਰ ਸਕੋਗੇ। ਭਗਤ ਸਿੰਘ ਸ਼ਾਦੀ ਕਰਨਾ ਨਹੀਂ ਸਨ ਚਾਹੁੰਦੇ। ਮੇਰਾ ਇਹ ਇਕ ਨਿਯਮ ਸੀ ਕਿ ਦਲ ਦੇ ਆਦਮੀ ਦੀ ਪ੍ਰੀਖਿਆ ਲੈਣ ਖਾਤਰ ਮੈਂ ਇਹ ਦੇਖਣਾ ਚਾਹੁੰਦਾ ਸਾਂ ਕਿ ਦਲ ਦਾ ਮੈਂਬਰ ਤਿਆਗ ਕਰਨ ਲਈ ਕਿੱਥੋਂ ਤਕ ਤਿਆਰ ਹੈ। ਅਸੀਂ ਤਾਂ ਉਸੇ ਨੂੰ ਆਪਣੇ ਦਲ ਦਾ ਮੈਂਬਰ ਸਮਝਦੇ ਸਾਂ ਜਿਹੜਾ ਹਰ ਘੜੀ ਇਸ ਗੱਲ ਲਈ ਤਿਆਰ ਹੋਏ ਕਿ ਜਦੋਂ ਕਦੀ ਕਿਹਾ ਜਾਏ, ਉਹ ਘਰ ਬਾਰ ਛੱਡ ਕੇ ਮੈਦਾਨ ਵਿਚ ਉਤਰ ਆਏ। ਇਸ ਨੀਤੀ ਅਨੁਸਾਰ ਮੈਂ ਭਗਤ ਸਿੰਘ ਨੂੰ ਪੁੱਛਿਆ ਕਿ ਕੀ ਉਹ ਘਰ ਬਾਰ ਛੱਡਣ ਲਈ ਤਿਆਰ ਹੈ? ਜੇ ਤੂੰ ਸ਼ਾਦੀ ਕਰ ਲਏਂਗਾ ਤਾਂ ਅੱਗੋਂ ਤੈਥੋਂ ਕੰਮ ਕਰਨ ਦੀ ਉਮੀਦ ਨਹੀਂ ਰਹੇਗੀ ਤੇ ਜੇ ਤੂੰ ਘਰੇ ਰਿਹਾ ਤਾਂ ਤੈਨੂੰ ਸ਼ਾਦੀ ਕਰਨੀ ਹੀ ਪਏਗੀ। ਮੈਂ ਨਹੀਂ ਚਾਹੁੰਦਾ ਕਿ ਤੂੰ ਸ਼ਾਦੀ ਕਰੇਂ। ਇਸ ਲਈ ਮੇਰੀ ਇੱਛਾ ਹੈ ਕਿ ਤੂੰ ਘਰ ਛੱਡ ਕੇ ਜਿੱਥੇ ਮੈਂ ਕਹਾਂ ਰਹਿਣ ਲੱਗ ਪੈ। ਭਗਤ ਸਿੰਘ ਘਰ ਛੱਡਣ ਲਈ ਤਿਆਰ ਹੋ ਗਏ। ਮੈਂ ਇਕ ਵਾਰੀ ਚਾਹਿਆ ਸੀ ਕਿ ਸਰਦਾਰ ਕਿਸ਼ਨ ਸਿੰਘ (ਭਗਤ ਸਿੰਘ ਦੇ ਪਿਤਾ) ਨਾਲ ਮਿਲ-ਮਿਲਾਅ ਲਵਾਂ ਕਿਉਂਕਿ ਪਿਛਲੇ ਸਮੇਂ ਵਿਚ ਸਾਡਾ ਕਿਸ਼ਨ ਸਿੰਘ ਨਾਲ ਕੁਝ ਸੰਬੰਧ ਰਿਹਾ ਸੀ। ਪਰ ਭਗਤ ਸਿੰਘ ਦੇ ਘਰੋਂ ਚਲੇ ਆਉਣ ਪਿੱਛੋਂ ਮੈਂ ਫ਼ੈਸਲਾ ਕੀਤਾ ਕਿ ਸਰਦਾਰ ਕਿਸ਼ਨ ਸਿੰਘ ਨੂੰ ਨਹੀਂ ਮਿਲਾਂਗਾ...ਮੇਰੇ ਕਹਿਣ 'ਤੇ ਭਗਤ ਸਿੰਘ ਘਰ ਛੱਡ ਕੇ ਉਤਰ ਪ੍ਰਦੇਸ਼ ਚਲੇ ਗਏ। ਪਹਿਲੋਂ-ਪਹਿਲ ਕਾਨ੍ਹਪੁਰ ਵਿਚ ਮਨੀ ਲਾਲ ਅਵਸਥੀ ਦੇ ਘਰ, ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ।”
ਉਹਨੀਂ ਦਿਨੀ ਕਾਨ੍ਹਪੁਰ ਦੇ ਮੁੱਖ ਕਰਾਂਤੀਕਾਰੀ ਨੇਤਾ ਸੁਰੇਸ਼ ਚੰਦਰ ਭੱਟਾਚਾਰੀਆ ਹੁੰਦੇ ਸਨ। ਉਹਨਾਂ ਲਿਖਿਆ ਹੈ ਕਿ...'ਭਗਤ ਸਿੰਘ ਸ਼ਚੀਨ ਦਾ ਪੱਤਰ ਲੈ ਕੇ ਮੇਰੇ ਕੋਲ ਆਏ। ਮੈਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਆਪਣੇ ਮੈੱਸ ਵਿਚ ਕਰ ਦਿੱਤਾ ਤੇ ਉਹਨਾਂ ਦਾ ਨਾਂ ਬਦਲ ਕੇ ਬਲਵੰਤ ਸਿੰਘ ਰੱਖ ਦਿੱਤਾ। ਦੁਪਹਿਰ ਵੇਲੇ ਉਸ ਮਕਾਨ ਵਿਚ ਭਗਤ ਸਿੰਘ ਨੂੰ ਇਕੱਲਿਆਂ ਹੀ ਰਹਿਣਾ ਪੈਂਦਾ ਸੀ। ਇਸ ਲਈ ਮੈਂ ਉਹਨਾਂ ਦੀ ਜਾਣ-ਪਛਾਣ ਬਟੁਕੇਸ਼ਵਰ ਦੱਤ ਨਾਲ ਕਰਵਾ ਦਿੱਤੀ। ਬਟੁਕੇਸ਼ਵਰ ਦੱਤ ਤੋਂ ਉਹ ਬੰਗਾਲੀ ਸਿੱਖਣ ਲੱਗ ਪਏ ਤੇ ਥੋੜ੍ਹੇ ਸਮੇਂ ਵਿਚ ਹੀ ਉਹਨਾਂ ਕਵੀਵਰ ਨਜ਼ਰੁੱਲ ਇਸਲਾਮ ਦੀ ਪ੍ਰਸਿੱਧ ਕਵਿਤਾ 'ਵਿਦਰੋਹੀ' ਜ਼ੁਬਾਨੀ ਚੇਤੇ ਕਰ ਲਈ। ਹਾਲਾਂਕਿ ਉਹ ਮੈੱਸ ਵਿਚੋਂ ਘੱਟ ਹੀ ਬਾਹਰ ਜਾਂਦੇ ਸਨ, ਫੇਰ ਵੀ ਮੈਂ ਦੇਖਿਆ ਕਿ ਸੀ.ਆਈ.ਡੀ. ਦੇ ਕੁਛ ਸਿਪਾਹੀਆਂ ਨੇ ਰਾਮ ਨਰਾਇਣ ਬਾਜ਼ਾਰ ਵਿਚ ਸਥਿਤ ਉਸ 221 ਨੰਬਰ ਦੇ ਮਕਾਨ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਮੈਨੂੰ ਇਹ ਵੀ ਪਤਾ ਲੱਗਿਆ ਕਿ ਖੁਫ਼ੀਆ ਪੁਲਸ ਦੇ ਡਿਪਟੀ ਸੁਪਰਡੈਂਟ ਦੁਰਗਾ ਪਰਸਾਦ ਤੇ ਯਤੀਨ ਬੈਨਰਜੀ ਵੀ ਕਰਾਂਤੀਕਾਰੀਆਂ ਦੀ ਭਾਲ ਵਿਚ ਕਾਨ੍ਹਪਰ ਆਉਣ-ਜਾਣ ਲੱਗ ਪਏ ਹਨ।
“ਗਣੇਸ਼ਜੀ (ਗਣੇਸ਼ ਸ਼ੰਕਰ ਵਿਦਿਆਰਥੀ) ਨੂੰ ਕਿਸੇ ਤਰ੍ਹਾਂ ਭਗਤ ਸਿੰਘ ਦੇ ਆਉਣ ਦਾ ਪਤਾ ਲੱਗ ਗਿਆ ਸੀ। ਭਗਤ ਸਿੰਘ ਦੇ ਪਿਤਾ ਤੇ ਗਣੇਸ਼ਜੀ ਦੋਹੇਂ ਹੀ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਇਕ-ਦੂਜੇ ਨੂੰ ਜਾਣਦੇ ਸਨ। ਇਕ ਦਿਨ ਵਿਦਿਆਰਥੀ ਜੀ ਨੇ ਮੈਨੂੰ ਪੁੱਛਿਆ, 'ਸੁਰੇਸ਼ ਬਾਬੂ! ਕੀ ਭਗਤ ਸਿੰਘ ਤੁਹਾਡੇ ਕੋਲ ਠਹਿਰੇ ਹੋਏ ਨੇ?' ਇਸ ਸਿੱਧੇ ਸਵਾਲ ਦਾ ਉਤਰ ਦੇਣ ਵਿਚ ਮੈਨੂੰ ਦੋ-ਚਾਰ ਸੈਕਿੰਟ ਦੀ ਦੇਰ ਲੱਗੀ, ਪਰ ਮੈਂ ਸਪਸ਼ਟ ਉਤਰ ਦਿੱਤਾ...'ਹਾਂ ਜੀ।'
“ 'ਉਹਨਾਂ ਨੂੰ ਤੁਸੀਂ ਪ੍ਰਤਾਪ ਪ੍ਰੈੱਸ ਲੈ ਆਓ।" ਗਣੇਸ਼ਜੀ ਨੇ ਹੁਕਮ ਦਿੱਤਾ।
“ 'ਉਹਨਾਂ ਉੱਤੇ ਪੁਲਸ ਦੀ ਕਰੜੀ ਨਿਗਾਹ ਹੈ, ਕੀ ਉਹਨਾਂ ਨੂੰ ਇੱਥੇ ਲਿਆਉਣਾ ਠੀਕ ਹੋਏਗਾ?' ਮੈਂ ਕਿਹਾ।
“ 'ਇਸ ਦੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ। ਮੈਂ ਉਹਨਾਂ ਨੂੰ ਪੱਤਰਕਾਰੀ ਸਿਖਾਵਾਂਗਾ। ਤੁਸੀਂ ਜਾਣਦੇ ਓ ਕਿ ਅਹਿ ਪਿੱਛੇ ਜਿਹੇ ਹੀ ਦਰਿਆਗੰਜ ਦਿੱਲੀ ਵਿਚ ਭਿਅੰਕਰ ਦੰਗਾ ਹੋਇਆ ਏ। ਉਸਦੀ ਸਹੀ ਰਿਪੋਰਟ ਲੈਣ ਖਾਤਰ ਉਹਨਾਂ ਨੂੰ ਉੱਥੇ ਭੇਜਣਾ ਏਂ।'
“ਸਰਦਾਰ ਕਿਸ਼ਨ ਸਿੰਘ ਨੇ ਭਗਤ ਸਿੰਘ ਦਾ ਪਤਾ ਲਾਉਣ ਲਈ ਭੱਜ-ਨੱਠ ਸ਼ੁਰੂ ਕਰ ਦਿੱਤੀ ਸੀ ਤੇ ਦੈਨਿਕ 'ਵੰਦੇਮਾਤਰਮ' ਵਿਚ ਵਿਗਿਆਪਨ ਵੀ ਦਿੱਤਾ ਸੀ ਕਿ 'ਉਹ ਘਰ ਵਾਪਸ ਆ ਜਾਏ।' ਗਣੇਸ਼ ਸੰਕਰ ਵਿਦਿਆਰਥੀ ਨੇ ਇਹ ਵਿਗਿਆਪਨ ਪੜ੍ਹਿਆ ਹੋਏਗਾ ਤੇ ਕਿਸੇ ਵਸੀਲੇ ਰਾਹੀਂ ਉਹਨਾਂ ਨੂੰ ਭਗਤ ਸਿੰਘ ਦੇ ਕਾਨ੍ਹਪੁਰ ਵਿਚ ਹੋਣ ਦਾ ਪਤਾ ਲੱਗ ਗਿਆ ਹੋਏਗਾ। ਇਸੇ ਲਈ ਉਹਨਾਂ ਭਗਤ ਸਿੰਘ ਨੂੰ ਪ੍ਰਤਾਪ ਪ੍ਰੈੱਸ ਵਿਚ ਲੈ ਆਉਣ ਦੀ ਗੱਲ ਸੁਰੇਸ਼ ਭੱਟਨਾਗਰ ਨੂੰ ਕਹੀ ਤੇ ਇੰਜ ਭਗਤ ਸਿੰਘ ਵਿਦਿਆਰਥੀ ਦੇ ਸੰਪਰਕ ਵਿਚ ਆਏ।
“ਭਗਤ ਸਿੰਘ 'ਪ੍ਰਤਾਪ' ਦੇ ਸੰਵਾਦਦਾਤਾ ਦੇ ਰੂਪ ਵਿਚ ਦਿੱਲੀ ਗਏ। ਉਹਨਾਂ ਸੰਪਰਦਾਇਕ ਦੰਗੇ ਬਾਰੇ ਤੱਥ ਇਕੱਠੇ ਕੀਤੇ ਤੇ ਕਾਨ੍ਹਪੁਰ ਆ ਕੇ ਦੋ ਕਾਲਮ ਦੀ ਰਿਪੋਰਟ ਲਿਖੀ। ਇਸ ਪਿੱਛੋਂ ਉਹ ਅਖ਼ਬਾਰ ਵਿਚ ਬਲਵੰਤ ਸਿੰਘ ਦੇ ਨਾਂ ਨਾਲ ਕੰਮ ਕਰਨ ਲੱਗੇ। ਵਿਦਿਆਰਥੀ ਦਾ ਪੈੱਸ ਕਰਾਂਤੀਕਾਰੀਆਂ ਦਾ ਮਿਲਣ-ਸਥਲ ਸੀ ਤੇ ਉਸ ਵਿਚ ਗੁਪਤ ਕਰਾਂਤੀਕਾਰੀ ਸਾਹਿਤ ਵੀ ਛਪਦਾ ਸੀ।”
ਗਾਂਧੀ ਨੇ ਅਸਹਿਯੋਗ ਅੰਦੋਲਨ ਸ਼ੁਰੂ ਕਰਨ ਸਮੇਂ ਇਕ ਸਾਲ ਵਿਚ ਸਵਰਾਜ ਦਿਵਾਉਣ ਦੀ ਗੱਲ ਕਹੀ ਸੀ। ਪਰ ਚੌਰੀਚੌਰਾ ਕਾਂਢ ਦੇ ਬਹਾਨੇ ਅੰਦੋਲਨ ਵਾਪਸ ਲੈ ਲਿਆ ਤਾਂ ਦੇਸ਼ ਵਿਚ ਘੋਰ ਨਿਰਾਸ਼ਾ ਫ਼ੈਲ ਗਈ। ਗਾਂਧੀਵਾਦ ਤੋਂ ਮੋਹ ਭੰਗ ਹੋਇਆ। ਕਰਾਂਤੀਕਾਰੀ ਨੌਜਵਾਨ ਮੁੜ ਇਕੱਤਰ ਹੋਏ ਤੇ ਉਹਨਾਂ 'ਹਿੰਦੁਸਤਾਨ ਪਰਜਾਤੰਤਰ ਸੰਘ' ਨਾਂ ਦਾ ਇਕ ਗੁਪਤ ਸੰਗਠਨ ਬਣਾ ਲਿਆ ਤੇ ਇਹ ਐਲਾਨ ਕੀਤਾ...“ਸੁਸੰਗਠਿਤ ਤੇ ਹਥਿਆਰ ਬੰਦ ਕਰਾਂਤੀ ਰਾਹੀਂ ਸੰਯੁਕਤ ਪਰਜਾਤੰਤਰ ਸੰਘ ਦੀ ਸਥਾਪਨਾ ਕਰਨਾ ਇਸ ਦਲ ਦਾ ਉਦੇਸ਼ ਹੋਏਗਾ। ਇਸ ਪਰਜਾਤੰਤਰ ਸੰਘ ਦੇ ਵਿਧਾਨ ਤੇ ਉਸਦੀ ਅੰਤਮ ਰੂਪਰੇਖਾ ਦਾ ਨਿਰਣਾ ਤੇ ਉਸਦਾ ਐਲਾਨ ਜਨਤਾ ਦੇ ਪ੍ਰਤੀਨਿਧੀਆਂ ਰਾਹੀਂ ਉਸ ਸਮੇਂ ਕੀਤਾ ਜਾਏਗਾ ਜਦੋਂ ਉਹ ਫ਼ੈਸਲੇ ਨੂੰ ਵਿਵਹਾਰਕ ਰੂਪ ਦੇਣ ਦੇ ਸਮਰਥ ਹੋਣਗੇ। ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਏਗਾ ਤੇ ਉਸ ਉੱਤੇ ਇਸ ਪਰਜਾਤੰਤਰ ਸੰਘ ਦੇ ਸੰਗਠਨ ਦੀ ਨੀਂਹ ਟਿਕੀ ਹੋਏਗੀ। ਇਸ ਪਰਜਾਤੰਤਰ ਸੰਗਠਨ ਵਿਚ ਅਜਿਹੀ  ਕੋਈ ਪਿਰਤ ਨਹੀਂ ਹੋਏਗੀ, ਜਿਸ ਦੁਆਰਾ ਇਕ ਮਨੁੱਖ ਨੂੰ ਦੂਜੇ ਮਨੁੱਖ ਦੇ ਸੋਸ਼ਣ ਦਾ ਮੌਕਾ ਮਿਲਦਾ ਹੈ।”
ਦਲ ਦੇ ਲਿਖਤੀ ਕਾਰਜਾਂ ਦੀ ਦੂਜੀ ਮਦ ਇਸ ਤਰ੍ਹਾਂ ਸੀ...:
“ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਇਸ ਸੰਸਥਾ ਵੱਲੋਂ ਸੁਯੋਗ ਵਿਅਕਤੀਆਂ ਨੂੰ ਕਾਰਖ਼ਾਨਿਆਂ, ਰੇਲਾਂ, ਤੇ ਕੋਇਲੇ ਦੀਆਂ ਖਾਨਾਂ ਵਿਚ ਭੇਜਿਆ ਜਾਏਗਾ, ਜਿਸ ਨਾਲ ਉੱਥੋਂ ਦੇ ਮਜ਼ਦੂਰਾਂ ਵਿਚ ਇਹਨਾਂ ਦਾ ਪ੍ਰਭਾਵ ਬਣੇ ਤੇ ਉਹਨਾਂ ਦੇ ਮਨ ਵਿਚ ਇਹ ਗੱਲ ਚੰਗੀ ਤਰ੍ਹਾਂ ਬੈਠ ਸਕੇ ਕਿ ਮਜ਼ਦੂਰ ਵਰਗ, ਕਰਾਂਤੀ ਦਾ ਸਾਧਨ ਮਾਤਰ ਨਹੀਂ ਹੈ, ਮਜ਼ਦੂਰ ਵਰਗ ਦੇ ਲਾਭ ਹਿੱਤ ਹੀ ਕਰਾਂਤੀ ਆਏਗੀ। ਮਜ਼ਦੂਰਾਂ ਵਾਂਗ ਕਿਸਾਨਾਂ ਨੂੰ ਵੀ ਲਾਮਬੰਦ ਕਰਨਾ ਹੈ।”
ਗੁਪਤ ਕਾਰਜ-ਕਰਨੀ ਦੀ ਪੰਜਵੀਂ ਮਦ ਵੀ ਦੋਖੋ...:
“ਵਿਦਰੋਹ ਸਮੇਂ ਹਥਿਆਰਾਂ ਦੇ ਕਾਰਖ਼ਾਨਿਆਂ ਤੇ ਸੈਨਕਾਂ ਨੂੰ ਸੇਧ ਦੇਣ ਵਰਗੀਆਂ ਜ਼ਿੰਮੇਵਾਰੀਆਂ ਸੰਭਾਲਨ ਲਈ ਯੋਗ ਵਿਅਕਤੀਆਂ ਨੂੰ ਜੰਗ ਦੇ ਵਿਗਿਆਨਕ ਤਰੀਕਿਆਂ ਦੀ ਸਿਖਲਾਈ ਲੈਣ ਦੇ ਉਦੇਸ਼ ਨਾਲ ਵਿਦੇਸ਼ਾਂ ਵਿਚ ਭੇਜਿਆ ਜਾਏਗਾ।”
ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪ੍ਰਸਥਿਤੀਆਂ ਦੇ ਪ੍ਰਭਾਵ ਨਾਲ ਕਰਾਂਤੀਕਾਰੀ ਅੰਦੋਲਨ ਵਿਚ ਜਿਹੜਾ ਪਰੀਵਰਤਨ ਆਇਆ, ਉਸਨੂੰ ਇਸ ਵਿਧਾਨ ਦੇ ਅਧਿਅਨ ਨਾਲ ਠੀਕ-ਠੀਕ ਸਮਝਿਆ ਜਾ ਸਕਦਾ ਹੈ। ਉਤਰ ਭਾਰਤ ਦੇ ਇਸ ਨਵੇਂ ਗੁਪਤ ਸੰਗਠਨ ਤੇ ਬੰਗਾਲ ਦੇ ਪੁਰਾਣੇ ਗੁਪਤ ਸੰਗਠਨ ਵਿਚ ਜਿਹੜਾ ਅੰਤਰ ਸੀ, ਉਸਨੂੰ ਸ਼ਚੀਂਦਰ ਨਾਥ ਸਾਨਿਆਲ ਨੇ 'ਬੰਦੀ ਜੀਵਨ' ਵਿਚ ਇੰਜ ਸਪਸ਼ਟ ਕੀਤਾ ਹੈ...:
“ਢਾਕਾ ਅਨੁਸ਼ੀਲਨ ਸਮਿਤੀ ਦੇ ਨੇਤਾਵਾਂ ਦਾ ਬੌਧਿਕ ਵਿਕਾਸ ਮੁੱਢੋਂ ਊਣਾ ਸੀ। ਉਹਨਾਂ ਦੀ ਸਮਝ ਵਿਚ ਇਹ ਨਹੀਂ ਸੀ ਆਉਂਦਾ ਪਿਆ ਕਿ ਕਰਾਂਤੀਕਾਰੀ ਅੰਦੋਲਨ ਭਾਰਤ ਦੇ ਰਾਸ਼ਟਰੀ-ਅੰਦੋਲਨ ਦੀ ਇਕ ਸ਼ਾਖ਼ ਮਾਤਰ ਹੈ। ਭਾਰਤ ਦੇ ਰਾਸ਼ਟਰੀ-ਅੰਦੋਲਨ ਦੇ ਮੁੱਢ ਵਿਚ ਇਕ ਨਵੇਂ ਰਾਸ਼ਟਰ ਤੇ ਇਕ ਨਵੀਂ ਸਭਿਅਤਾ ਦੀ ਪਰੇਰਨਾਂ ਹੈ। ਇਹ ਸਾਰੀਆਂ ਗੱਲਾਂ ਨਾ ਉਹ ਸਮਝਦੇ ਸਨ ਤੇ ਨਾ ਇਹਨਾਂ ਗੱਲਾਂ ਨਾਲ ਉਹਨਾਂ ਦਾ ਕੋਈ ਸੰਬੰਧ ਹੀ ਸੀ। ਇਤਿਹਾਸ, ਦਰਸ਼ਨ, ਸਾਹਿਤ ਆਦੀ ਨਾਲ ਬੰਗਾਲ ਦੇ ਕਰਾਂਤੀਕਾਰੀ ਨੇਤਾ ਸੱਜਣਾ ਦਾ ਕੋਈ ਵਿਸ਼ੇਸ਼ ਸਰੋਕਾਰ ਨਹੀਂ ਸੀ। ਨਵਿਆਉਣ ਦੀ ਗਰਜ ਨਾਲ ਉਹ ਨੇਤਾ ਸੱਜਣ ਕੁਛ-ਨਾ-ਕੁਛ ਪੜ੍ਹਨ-ਪੜ੍ਹਾਉਣ ਲੱਗ ਪਏ ਸਨ। ਪਰ ਇਹਨਾਂ ਦਾ ਪੜ੍ਹਨਾ-ਪੜ੍ਹਾਉਣਾ ਬੜਾ ਹੀ ਬੇਤਰਤੀਬ ਹੁੰਦਾ ਸੀ, ਜਿਵੇਂ ਚੀਨ ਬਾਰੇ ਬਰਟ੍ਰੇਂਡ ਰਸੇਲ ਦੀ ਇਕ ਕਿਤਾਬ ਪੜ੍ਹੀ, ਪਰ ਸੁਨਿਆਤ ਸੈਨ ਦੀ ਜੀਵਨੀ ਤੇ ਉਹਨਾਂ ਦੇ ਲੇਖ ਆਦੀ ਨਹੀਂ ਪੜ੍ਹੇ। ਸੰਸਾਰ ਦੀਆਂ ਕਰਾਂਤੀਆਂ ਤੇ ਰਾਜ ਪਲਟਿਆਂ ਬਾਰੇ ਇਹ ਲੋਕ ਕੁਝ ਵੀ ਨਹੀਂ ਸੀ ਜਾਣਦੇ। ਡੇਟਿੰਨਿਊ ਰਹਿੰਦਿਆਂ ਹੋਇਆਂ ਵੀ ਇਹਨਾਂ ਲੋਕਾਂ ਵਿਚੋਂ ਵਧੇਰਿਆਂ ਨੇ ਪੜ੍ਹਨ-ਲਿਖਣ ਵਿਚ ਵਿਸ਼ੇਸ਼ ਰੂਚੀ ਨਹੀਂ ਦਿਖਾਈ।”
ਫੇਰ ਇਟਲੀ, ਚੀਨ ਤੇ ਰੂਸ ਦੀਆਂ ਰਾਜ-ਕਰਾਂਤੀਆਂ ਤੇ ਉਹਨਾਂ ਦੌਰਾਨ ਨਵੇਂ ਵਿਚਾਰ ਤੇ ਨਵੇਂ ਸਾਹਿਤ ਦੇ ਸਿਲਸਿਲੇ ਵਿਚ ਹੋਏ ਕੰਮ ਦਾ ਉਲੇਖ ਕਰਦਿਆਂ ਲਿਖਿਆ ਹੈ... “ਭਾਰਤ ਵਿਚ ਵੀ ਸ਼੍ਰੀ ਅਰਵਿੰਦ ਤੇ ਸਵਰਗੀ ਸਵਾਮੀ ਵਿਵੇਕਾਨੰਦ, ਰਾਮ ਤੀਰਥ, ਦਯਾਨੰਦ, ਲੋਕ ਮਾਨਿਆ ਤਿਲਕ ਵਰਗੇ ਮਹਾਨ ਨੇਤਾਵਾਂ ਨੇ ਦਾਰਸ਼ਨਿਕ ਦ੍ਰਿਸ਼ਟੀਕੋਣ ਰਾਹੀਂ ਤੀਬਰ ਜਾਗ੍ਰਤੀ ਪੈਦਾ ਕੀਤੀ—ਤੇ ਇਕ ਨਵਾਂ ਨਵੇਕਲਾ ਦਾਰਸ਼ਨਿਕ-ਅੰਦੋਲਨ ਪ੍ਰਬਲ ਰੂਪ ਵਿਚ ਆਰੰਭ ਕਰ ਦਿੱਤਾ।”
ਦਾਰਸ਼ਨਿਕ-ਅੰਦੋਲਨ ਰਾਜਨੀਤਕ-ਅੰਦੋਲਨ ਦਾ ਅਭਿੰਨ ਅੰਗ ਹੁੰਦਾ ਹੈ। ਦੋਹਾਂ ਵਿਚ ਦਵੰਦਾਤਮਕ ਸੰਬੰਧ ਹੈ ਤੇ ਇਹ ਸੰਬੰਧ ਰਾਜਨੀਤਕ ਅੰਦੋਲਨ ਦਾ ਟੀਚਾ ਤੇ ਉਸ ਵਰਗ ਵਿਸ਼ੇਸ਼ ਦਾ ਹਿਤ ਨਿਰਧਾਰਤ ਕਰਦਾ ਹੈ, ਜਿਹੜਾ ਅੰਦੋਲਨ ਵਿਚ ਨੇਤਰੀਤਵ ਦੀ ਭੂਮਿਕਾ ਨਿਭਾਉਂਦਾ ਹੈ। 1921 ਤਕ ਸਾਡੇ ਰਾਸ਼ਟਰੀ ਅੰਦੋਲਨ ਵਿਚ ਨੇਤਰੀਤਵ ਦੀ ਭੂਮਿਕਾ ਰੱਜਿਆ-ਪੁੱਜਿਆ ਪੂੰਜੀਵਾਦੀ ਵਰਗ ਨਿਭਾ ਰਿਹਾ ਸੀ। ਸ਼ਚੀਂਦਰ ਨਾਥ ਸਾਨਿਆਲ ਨੇ ਉੱਪਰ ਜਿਹਨਾਂ ਮਹਾਪੁਰਖਾਂ ਦੇ ਨਾਂ ਗਿਣਵਾਏ ਹਨ, ਉਹ ਇਸ ਉੱਤਮ ਪੂੰਜੀਵਾਦ ਦੇ ਪ੍ਰਵਕਤਾ ਸਨ ਤੇ ਉਹਨਾਂ ਦਾ ਦਾਰਸ਼ਨਿਕ ਸੰਘਰਸ਼ ਸਾਮੰਤੀ ਵਿਚਾਰਧਾਰਾ, ਰਾਜ-ਭਗਤ ਮਾਡਰੇਟਾਂ ਦੀ ਆਤਮ ਸਮਰਪਣਵਾਦੀ ਵਿਚਾਰਧਾਰਾ ਤੇ ਭਾਰਤੀਆਂ ਵਿਚ ਆਲਸੀ ਤੇ ਵਿਹਲੜ ਪੈਦਾ ਕਰਨ ਵਾਲੀ ਸਾਮਰਾਜਵਾਦੀ ਵਿਚਾਰਧਾਰਾ ਦੇ ਵਿਰੁੱਧ ਸੀ, ਜਿਸ ਲਈ ਉਹ ਆਪਣੇ ਇਤਿਹਾਸ ਤੇ ਮਿਥਿਹਾਸ ਤੋਂ ਪਰੇਰਨਾਂ ਲੈਂਦੇ ਸਨ, ਰਾਜਨੀਤਕ ਟੀਚਾ ਇਹ ਸੀ ਕਿ ਸਾਡਾ ਦੇਸ਼ ਮਹਾਨ ਸੀ, ਸਵਰਾਜ ਪ੍ਰਾਪਤ ਕਰਕੇ ਇਸਨੂੰ ਫੇਰ ਮਹਾਨ ਬਣਾਉਣਾ ਹੈ। ਸਵਰਾਜ ਕੀ ਹੈ, ਇਸਦੀ ਕੋਈ ਵਿਆਖਿਆ ਨਹੀਂ ਸੀ ਕੀਤੀ ਜਾਂਦੀ। ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ, ਕਹਿ ਦੇਣਾ ਹੀ ਕਾਫੀ ਸੀ ਤੇ ਉਸ ਅਧਿਕਾਰ ਨੂੰ ਪ੍ਰਾਪਤ ਕਰਨ, ਭਾਰਤ ਮਾਤਾ ਦੀਆਂ ਜੰਜ਼ੀਰਾਂ ਕੱਟਣ, ਲਈ ਦੇਸ਼ ਭਗਤੀ ਦੀ ਭਾਵਨਾ ਨੂੰ ਉਭਾਰਿਆ ਜਾਂਦਾ ਸੀ।
ਇਸ ਯੁੱਗ ਵਿਚ ਰਾਸ਼ਟਰੀ ਅੰਦੋਲਨ ਦੀਆਂ ਜਿਹੜੀਆਂ ਸੀਮਾਵਾਂ ਸਨ, ਪੁਰਾਣੇ ਕਰਾਂਤੀਕਾਰੀ ਅੰਦੋਲਨ ਦੀਆਂ ਵੀ ਉਹੀ ਸਨ। ਕਰਾਂਤੀਕਾਰੀ ਨੌਜਵਾਨ ਗੀਤਾ ਹੱਥ ਵਿਚ ਫੜ੍ਹ ਕੇ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਲੈਂਦੇ ਸਨ ਤੇ ਪ੍ਰਤਿਗਿਆ ਕਰਦੇ ਸਨ ਕਿ ਅਗਲੇ ਜਨਮ ਵਿਚ ਵੀ ਅਸੀਂ ਇਸ ਦੇਸ਼ ਵਿਚ ਜਨਮ ਲਵਾਂਗੇ ਤੇ ਆਪਣਾ ਜੀਵਨ ਭਾਰਤ ਮਾਤਾ ਦੀਆਂ ਜੰਜ਼ੀਰਾਂ ਕੱਟਣ ਲਈ ਅਰਪਣ ਕਰ ਦਿਆਂਗੇ। ਖ਼ੁਦ ਸਾਨਿਆਲ ਨੇ ਗ਼ਦਰ ਪਾਰਟੀ ਦੇ ਕਰਾਂਤੀਕਾਰੀਆਂ ਨੂੰ ਮਿਲ ਕੇ 1915 ਵਿਚ ਫ਼ੌਜ ਦੀ ਮਦਦ ਨਾਲ ਵਿਦਰੋਹ ਦੀ ਯੋਜਨਾ ਬਣਾਈ ਸੀ, ਉਸਦਾ ਇਕੋ ਇਕ ਟੀਚਾ ਵੀ ਭਾਰਤ ਮਾਤਾ ਦੀਆਂ ਜੰਜ਼ੀਰਾਂ ਕੱਟਣਾ ਤੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਭਜਾਉਣਾ ਸੀ। ਉਹਨਾਂ ਦੇ ਚਿੰਤਨ ਦੀਆਂ ਆਪਣੀਆਂ ਸੀਮਾਵਾਂ ਸਨ, ਜਿਹੜੀਆਂ ਅੰਤ ਤਕ ਓਹੀ ਰਹੀਆਂ। ਇਹਨਾਂ ਸੀਮਾਵਾਂ ਨੂੰ ਭਗਤ ਸਿੰਘ ਨੇ ਆਪਣੇ 'ਮੈਂ ਨਾਸਤਕ ਕਿਓਂ ਹਾਂ' ਲੇਖ ਵਿਚ ਇੰਜ ਉਜਾਗਰ ਕੀਤਾ ਹੈ...:
“ਫੇਰ ਮੈਂ ਕਰਾਂਤੀਕਾਰੀ ਦਲ ਵਿਚ ਸ਼ਾਮਲ ਹੋ ਗਿਆ। ਸਭ ਤੋਂ ਪਹਿਲਾਂ ਮੈਂ ਜਿਸ ਨੇਤਾ ਨੂੰ ਮਿਲਿਆ, ਉਹ ਪੂਰੀ ਤਰ੍ਹਾਂ ਜਾਗਰੁਕ ਹੋਣ ਦੇ ਬਾਵਜੂਦ ਵੀ ਈਸ਼ਵਰ ਦੀ ਹੋਂਦ ਤੋਂ ਇਨਕਾਰ ਨਹੀਂ ਕਰ ਸਕਦਾ ਸੀ। ਮੈਂ ਈਸ਼ਵਰ ਬਾਰੇ ਪੁੱਛਦਾ ਤਾਂ ਉਹ ਕਹਿ ਦਿੰਦਾ, “ਜਦੋਂ ਤੁਹਾਡਾ ਮਨ ਕਰੇ ਈਸ਼ਵਰ ਦਾ ਧਿਆਨ ਕਰ ਲਿਆ ਕਰੋ।” ਨਾਸਤਕਤਾ ਦੇ ਸਿਧਾਂਤ ਨੂੰ ਮੰਨਣ ਲਈ ਜਿਹੜਾ ਹੌਸਲਾ ਜ਼ਰੂਰੀ ਹੁੰਦਾ ਹੈ—ਉਹ, ਉਸ ਹੌਸਲੇ-ਵਿਹੂਣਾ ਨਾਸਤਕ ਸੀ। ਜਿਸ ਦੂਜੇ ਨੇਤਾ ਨੂੰ ਮੈਂ ਮਿਲਿਆ, ਉਸਦਾ ਈਸ਼ਵਰ ਵਿਚ ਦ੍ਰਿੜ੍ਹ ਵਿਸ਼ਵਾਸ ਸੀ। ਮੈਂ ਤੁਹਾਨੂੰ ਉਸਦਾ ਨਾਂ ਦੱਸਦਾ ਹਾਂ...ਮਾਣਯੋਗ ਕਾਮਰੇਡ ਸ਼ਚੀਂਦਰ ਨਾਥ ਸਾਨਿਆਲ। ਉਹਨਾਂ ਦੀ ਪ੍ਰਸਿੱਧ ਪੁਸਤਕ 'ਬੰਦੀ ਜੀਵਨ' ਦਾ ਪਹਿਲਾਂ ਪਾਠ ਹੀ ਈਸ਼ਵਰ ਦੀ ਸ਼ਾਨ ਵਿਚ ਜਬਰਦਸਤ ਮਹਿਮਾ ਗਾਣ ਹੈ। ਇਸ ਸੁੰਦਰ ਕਿਤਾਬ ਦੇ ਦੂਜੇ ਭਾਗ ਦੇ ਆਖ਼ਰੀ ਸਫਿਆਂ ਉੱਤੇ ਉਹਨਾਂ ਦੇ ਵੇਦਾਂਤਵਾਦ ਕਾਰਨ ਈਸ਼ਵਰ ਦੀ ਅਧਿਆਤਮਕ ਮਹਿਮਾ, ਉਹਨਾਂ ਦੇ ਵਿਚਾਰਾਂ ਦਾ ਸਾਰ ਹੈ।...”
ਸੋ ਨਵਾਂ ਕਰਾਂਤੀਕਾਰੀ ਸੰਗਠਨ, ਜਿਸਨੇ ਹਥਿਆਰ-ਬੰਦ ਕਰਾਂਤੀਕਾਰੀਆਂ ਨਾਲ 'ਸੰਯੁਕਤ ਭਾਰਤੀ ਪਰਜਾਤੰਤਰ ਸੰਘ' ਦੀ ਸਥਾਪਨਾ—ਤੇ ਉਹਨਾਂ ਸਾਰੇ ਪ੍ਰਬੰਧਾਂ ਦਾ, ਜਿਹਨਾਂ ਵਿਚ ਮਨੁੱਖ ਹੱਥੋਂ ਮਨੁੱਖ ਦਾ ਸੋਸ਼ਣ ਹੁੰਦਾ ਹੈ, ਅੰਤ ਕਰਨਾ ਆਪਣਾ ਨਿਸ਼ਾਨਾਂ ਐਲਾਨਿਆਂ ਸੀ ਪੁਰਾਣੇ ਕਰਾਂਤੀਕਾਰੀ ਅੰਦੋਲਨ ਦਾ ਹੀ ਨਵਾਂ ਰੂਪ ਸੀ। ਉਸਦੀ ਨਵੀਂ ਚੇਤਨਾ ਨਾ ਕਾਮਰੇਡ ਸਾਨਿਆਲ ਦੇ ਦਿਮਾਗ਼ ਦੀ ਉਪਜ ਸੀ ਤੇ ਨਾ ਕੋਈ ਰੱਬੀ ਕ੍ਰਿਪਾ, ਬਲਕਿ ਉਸ ਨਵੇਂ ਯੁੱਗ ਦੀ ਦੇਣ ਸੀ, ਜਿਸ ਵਿਚ ਅਸਹਿਯੋਗ ਅੰਦੋਲਨ ਨੂੰ ਠੁੱਸ ਕਰ ਦਿੱਤੇ ਜਾਣ ਪਿੱਛੋਂ ਸਾਡੇ ਰਾਸ਼ਟਰੀ ਅੰਦੋਲਨ ਨੇ ਪੈਰ ਧਰਿਆ ਸੀ। ਇਸ ਨਵੇਂ ਯੁੱਗ ਵਿਚ ਰਾਸ਼ਟਰੀ ਅੰਦੋਲਨ ਦਾ ਜਿਹੜਾ ਨਵਾਂ ਰੂਪ ਬਣਿਆ, ਉਸਨੂੰ ਸਮਝਣ ਲਈ ਸਾਨੂੰ 1924 ਵਿਚ ਜਦੋਂ ਭਗਤ ਸਿੰਘ ਕਾਨ੍ਹਪਰ ਗਏ, ਓਦੋਂ ਦੇਸ਼ ਦੀ ਜਿਹੜੀ ਰਾਜਨੀਤਕ ਸਥਿਤੀ ਸੀ, ਉਸਦਾ ਜਾਇਜ਼ਾ ਲੈਣਾ ਪਏਗਾ...ਫੇਰ ਹੀ ਅਸੀਂ ਕਰਾਂਤੀ-ਦਲ ਦੀ ਭੂਮਿਕਾ ਨੂੰ ਤੇ ਉਸ ਉੱਤੇ ਚੱਲੇ ਦਮਨ ਚੱਕਰ ਨੂੰ ਸਮਝ ਸਕਾਂਗੇ।
ਗਾਂਧੀ ਨੇ 22 ਫਰਬਰੀ 1922 ਨੂੰ ਚੌਰੀਚੌਰਾ ਕਾਂਢ ਪਿੱਛੋਂ ਅੰਦੋਲਨ ਵਾਪਸ ਲਿਆ ਸੀ, ਉਸ ਤੋਂ ਤਿੰਨ ਦਿਨ ਪਹਿਲਾਂ ਯਾਨੀ 9 ਫਰਬਰੀ ਨੂੰ ਵਾਇਸਰਾਏ ਨੇ ਭਾਰਤ ਮੰਤਰੀ ਨੂੰ ਲੰਦਨ ਵਿਚ ਇਹ ਤਾਰ ਭੇਜਿਆ ਸੀ...“ਕਸਬਿਆਂ ਦੇ ਹੇਠਲੇ ਵਰਗਾਂ ਉੱਤੇ ਅਸਹਿਯੋਗ ਅੰਦੋਲਨ ਦਾ ਖਾਸਾ ਪ੍ਰਭਾਵ ਪਿਆ ਹੈ। ਕੁਝ ਖੇਤਰਾਂ ਵਿਚ, ਵਿਸ਼ੇਸ਼ ਕਰਕੇ ਅਸਮ, ਸੰਯੁਕਤ ਪ੍ਰਾਂਤ, ਬਿਹਾਰ, ਉੜੀਸਾ ਤੇ ਬੰਗਾਲ ਵਿਚ ਕਿਸਾਨ ਲੜਨ-ਮਰਨ ਲਈ ਤਿਆਰ ਹੋ ਗਏ ਹਨ। ਜਿੱਥੋਂ ਤਕ ਪੰਜਾਬ ਦਾ ਸੰਬੰਧ ਹੈ, ਅਕਾਲੀ ਅੰਦੋਲਨ ਪਿੰਡਾਂ ਦੇ ਸਿੱਖਾਂ ਤਕ ਜਾ ਪਹੁੰਚਿਆ ਹੈ। ਦੇਸ਼-ਭਰ ਦੀ ਵਧੇਰੇ ਮੁਸਲਿਮ ਆਬਾਦੀ ਹਿਰਖੀ ਤੇ ਹਿੰਸਕ ਹੋਈ ਹੋਈ ਹੈ। ਸਥਿਤੀ ਗੰਭੀਰ ਹੈ...ਹਿੰਦੁਸਤਾਨ ਦੀ ਸਰਕਾਰ ਇਕ ਅਜਿਹੀ ਭਿਅੰਕਰ ਅਵਸਥਾ ਲਈ ਤਿਆਰ ਹੈ, ਜਿਸਦਾ ਸਾਹਮਣਾ ਉਸਨੂੰ ਅਤੀਤੀ ਵਿਚ ਕਦੀ ਨਹੀਂ ਕਰਨਾ ਪਿਆ ਤੇ ਉਹ ਇਸ ਤੱਥ ਨੂੰ ਵੀ ਛਿਪਾਉਣਾ ਨਹੀਂ ਚਾਹੁੰਦੀ ਕਿ ਇਸ ਸਥਿਤੀ ਨੇ ਬੜੀ ਵੱਡੀ ਚਿੰਤਾ ਪੈਦਾ ਕੀਤੀ ਹੋਈ ਹੈ।”
ਤੇ ਲਿਖਿਆ ਹੈ...:
“ਜਨ-ਅੰਦੋਲਨ ਵਿਚ ਜਿਹੜਾ ਅਨੁਸ਼ਾਸਨ ਤੇ ਆਰ-ਪਾਰ ਦੀ ਲੜਾਈ ਲਈ ਉਤਸਾਹ ਸੀ, ਉਸਨੂੰ ਗੁਨਟੂਰ ਦੀ ਉਦਾਹਰਨ ਤੋਂ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉੱਥੇ ਗਾਂਧੀ ਦੇ ਅੰਦੋਲਨ ਵਾਪਸ ਲੈ ਲੈਣ ਦੇ ਬਾਵਜੂਦ ਲਗਾਨ-ਬੰਦੀ ਅੰਦੋਲਨ ਸ਼ੁਰੂ ਹੋ ਗਿਆ। ਜਦੋਂ ਤਕ ਗਾਂਧੀ ਨੇ ਲਗਾਨ ਦੇ ਦੇਣ ਦਾ ਆਦੇਸ਼ ਨਹੀਂ ਦਿੱਤਾ, ਸਰਕਾਰ 5% ਲਗਾਨ ਵੀ ਨਹੀਂ ਉਗਰਾਹ ਸਕੀ। ਜੇ ਕਾਂਗਰਸ ਨੇ ਲਗਾਨ-ਬੰਦੀ ਦਾ ਆਦੇਸ਼ ਜਾਰੀ ਕਰ ਦਿੱਤਾ ਹੁੰਦਾ, ਸ਼ੱਕ ਨਹੀਂ ਕਿ ਲਗਾਨ ਤੇ ਟੈਕਸ ਨਾ ਭਰਨ ਦਾ ਅੰਦੋਲਨ ਸਾਰੇ ਦੇਸ਼ ਵਿਚ ਫ਼ੈਲ ਗਿਆ ਹੁੰਦਾ, ਤੇ ਇਸ ਅੰਦੋਲਨ ਦੇ ਨਤੀਜਿਆਂ ਵਜੋਂ ਨਾ ਸਿਰਫ ਸਾਮਰਾਜਵਾਦ ਦਾ, ਬਲਕਿ ਸਾਮੰਤਵਾਦ ਦਾ ਵੀ ਸਫਾਇਆ ਹੋ ਜਾਂਦਾ।”
ਇਹ ਸਥਿਤੀ ਸੀ ਜਿਸ ਤੋਂ ਵਾਇਸਰਾਏ ਚਿੰਤਤ ਸੀ ਤੇ ਖ਼ੁਦ ਗਾਂਧੀ ਚਿੰਤਤ ਸੀ। ਇਸ ਕਰਾਂਤੀਕਾਰੀ ਉਭਾਰ ਦਾ ਤੇ ਬੰਬਈ ਤੇ ਮਦਰਾਸ ਦੀਆਂ ਘਟਨਾਵਾਂ ਦਾ ਵੇਰਵਾ ਦਿੰਦਿਆਂ ਹੋਇਆਂ ਗਾਂਧੀ ਨੇ 19 ਫਰਬਰੀ 1922 ਨੂੰ ਜਵਾਹਰ ਲਾਲ ਦੇ ਨਾਂ ਆਪਣੇ ਪੱਤਰ ਵਿਚ ਲਿਖਿਆ ਹੈ...“ਇਹ ਸਾਰੀਆਂ ਖ਼ਬਰਾਂ ਤੇ ਦੱਖਣ ਦੀਆਂ ਇਸ ਤੋਂ ਵੀ ਵੱਧ ਖ਼ਬਰਾਂ ਮੇਰੇ ਕੋਲ ਸਨ, ਤਦ ਚੌਰੀਚੌਰਾ ਦੀਆਂ ਖ਼ਬਰਾਂ ਨੇ ਬਾਰੂਦ ਵਿਚ ਜਬਰਦਸਤ ਚੰਗਿਆੜੀ ਦਾ ਕੰਮ ਕੀਤਾ ਤੇ ਅੱਗ ਲੱਗ ਗਈ। ਮੈਂ ਤੈਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੇ ਇਹ ਮੁਲਤਵੀ ਨਾ ਕਰ ਦਿੱਤਾ ਜਾਂਦਾ ਤਾਂ ਅਸੀਂ ਇਕ ਅਹਿੰਸਕ ਅੰਦੋਲਨ ਦੇ ਬਜਾਏ ਹਿੰਸਕ ਸੰਗਰਾਮ ਚਲਾ ਰਹੇ ਹੁੰਦੇ।”
ਇਹ ਸਥਿਤੀ ਯਕਦਮ ਪੈਦਾ ਨਹੀਂ ਸੀ ਹੋ ਗਈ, ਇਸ ਦੇ ਪਿੱਛੇ ਇਤਿਹਾਸ ਦੀ ਲੰਮੀ ਵਿਕਾਸ ਪ੍ਰਕਿਰਿਆ ਸੀ। ਇਹ ਸਥਿਤੀ ਯੁੱਧ ਕਾਰਨ ਪੈਦਾ ਹੋਈ ਸੀ। ਕਿਸਾਨ ਤੇ ਮਜ਼ਦੂਰ ਇਸ ਕਰਾਂਤੀਕਾਰੀ ਉਭਾਰ ਦੀ ਮੁੱਖ ਸ਼ਕਤੀ ਸਨ। ਯੁੱਧ ਦੇ ਦਿਨਾਂ ਵਿਚ ਵਿਦੇਸ਼ਾਂ ਤੋਂ ਮਾਲ ਆਉਣਾ ਬੰਦ ਹੋ ਗਿਆ ਸੀ ਤੇ ਸਰਕਾਰ ਦੀਆਂ ਲੋੜਾਂ ਵਧ ਗਈਆਂ ਸਨ। ਇਸ ਨਾਲ ਭਾਰਤੀ ਉਦਯੋਗਾਂ...ਵਿਸ਼ੇਸ਼ ਕਰਕੇ ਕੱਪੜੇ ਦੇ ਉਦਯੋਗ ਦੀ ਤਰੱਕੀ ਹੋਈ ਤੇ ਉਸਦੇ ਕਾਰਖ਼ਾਨੇਦਾਰ ਮਾਲਾਮਾਲ ਹੋ ਗਏ। ਉਹ ਆਪਣੇ ਲਾਭ ਦੀ ਪੂੰਜੀ ਨੂੰ ਨਵੇਂ ਧੰਦਿਆਂ ਵਿਚ ਲਾ ਕੇ ਹੋਰ ਵਧਾਉਣਾ ਚਾਹੁੰਦੇ ਸਨ। ਇਹ ਤਦੇ ਸੰਭਵ ਹੋ ਸਕਦਾ ਸੀ, ਜਦ ਸਾਮਰਾਜਵਾਦ ਦੀ ਜਕੜ ਢਿੱਲੀ ਪੈਂਦੀ।
ਨਵੇਂ ਨਵੇਂ ਕਾਰਖ਼ਾਨੇ ਲੱਗ ਜਾਣ ਨਾਲ ਮਜ਼ਦੂਰਾਂ ਦੀ ਗਿਣਤੀ ਖਾਸੀ ਵਧ ਗਈ ਸੀ, ਪਰ ਉਹਨਾਂ ਦੀ ਆਰਥਕ ਸਥਿਤੀ ਚੰਗੀ ਨਹੀਂ ਸੀ ਹੋਈ। ਪੈਸਾ ਤਾਂ ਕੁਝ ਉਪਰਲੇ ਲੋਕਾਂ ਨੇ ਹੀ ਕਮਾਇਆ ਸੀ। ਆਮ ਜਨਤਾ ਉੱਤੇ ਤਾਂ ਵਧੇ ਹੋਏ ਟੈਕਸਾਂ ਤੇ ਲਗਾਨ ਦਾ ਭਾਰ ਹੀ ਵਧਿਆ ਸੀ। ਮਜ਼ਦੂਰਾਂ, ਕਿਸਾਨਾਂ ਤੇ ਮੱਧ ਵਰਗ ਦੇ ਲੋਕਾਂ ਵਿਚ ਖਾਸੀ ਬੇਚੈਨੀ ਸੀ। ਸਿਪਾਹੀ ਜਿਹੜੇ ਯੁੱਧ ਦੇ ਮੋਰਚਿਆਂ ਤੋਂ ਪਰਤ ਆਏ ਸਨ, ਪਹਿਲਾਂ ਵਾਂਗ 'ਜੋ ਹੁਕਮ' ਵਾਲੇ ਸਿਪਾਹੀ ਨਹੀਂ ਸਨ ਰਹੇ, ਉਹਨਾਂ ਦਾ ਗਿਆਨ ਤੇ ਅਨੁਭਵ ਖਾਸਾ ਵਧ ਚੁੱਕਿਆ ਸੀ।
ਫੇਰ ਨਵੰਬਰ 1917 ਦੀ ਰੂਸ ਦੀ ਸਮਾਜਵਾਦੀ ਕਰਾਂਤੀ ਨਾਲ ਮਿਹਨਤਕਸ਼ ਲੋਕਾਂ ਵਿਚ ਵਰਗ ਚੇਤਨਾ ਦਾ ਅਹਿਸਾਸ ਉਜਾਗਰ ਹੋਇਆ—ਉਹਨਾਂ ਵਿਚ ਨਵਾਂ ਜੋਸ਼ ਤੇ ਨਵਾਂ ਉਤਸਾਹ ਸੀ। ਉਹਨਾਂ ਸਾਹਵੇਂ ਸੋਸ਼ਕਾਂ ਤੇ ਹਾਕਮਾਂ ਤੋਂ ਕਰਾਂਤੀ ਰਾਹੀਂ ਮੁਕਤੀ ਪ੍ਰਾਪਤੀ ਦਾ ਰਾਹ ਖੁੱਲ੍ਹ ਗਿਆ ਸੀ।
ਯੁੱਧ ਦੇ ਸਮਾਪਤ ਹੁੰਦਿਆਂ-ਹੁੰਦਿਆਂ ਮਜ਼ਦੂਰ ਸੰਘਰਸ਼ ਵਿਚ ਉਤਰ ਆਏ ਸਨ। 1918 ਦੇ ਅੰਤ ਵਿਚ ਬੰਬਈ ਦੀਆਂ ਕੱਪੜਾ ਮਿਲਾਂ ਵਿਚ ਹੜਤਾਲਾਂ ਹੋਈਆਂ, ਜਿਹੜੀਆਂ ਜਨਵਰੀ 1919 ਵਿਚ ਸਾਰੀਆਂ ਮਿੱਲਾਂ ਵਿਚ ਫ਼ੈਲ ਗਈਆਂ ਤੇ ਉਹਨਾਂ ਵਿਚ 1,25,000 ਮਜ਼ਦੂਰਾਂ ਨੇ ਭਾਗ ਲਿਆ। ਅਪ੍ਰੈਲ ਵਿਚ ਰੌਲਟ ਐਕਟ ਦੇ ਵਿਰੁੱਧ ਜਿਹੜੀ ਆਮ ਹੜਤਾਲ ਹੋਈ, ਉਸ ਵਿਚ ਵੀ ਮਜ਼ਦੂਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਰਾਸ਼ਟਰੀ ਸੰਘਰਸ਼ ਵਿਚ ਜੁਝਾਰੂ ਭੂਮਿਕਾ ਨਿਭਾਈ। 1919 ਦੇ ਪੂਰੇ ਸਾਲ ਹੜਤਾਲਾਂ ਦਾ ਸਿਲਸਿਲਾ ਜਾਰੀ ਰਿਹਾ, ਜਿਹੜਾ 1920 ਦੇ ਅੱਧ ਤਕ ਚਰਮ ਸੀਮਾ ਤਕ ਪਹੁੰਚ ਗਿਆ। ਇਸ ਸੰਬੰਧ ਵਿਚ ਕੁਝ ਆਂਕੜੇ ਇਸ ਤਰ੍ਹਾਂ ਹਨ—: 4 ਨਵੰਬਰ ਤੋਂ 2 ਦਸੰਬਰ 1919 ਤਕ ਕਾਨ੍ਹਪੁਰ ਦੀਆਂ ਊਨੀਂ ਮਿੱਲਾਂ ਦੇ 17000 ਮਜ਼ਦੂਰ ਹੜਤਾਲ 'ਤੇ ਰਹੇ। 7 ਦਸੰਬਰ 1919 ਤੋਂ 9 ਜਨਵਰੀ 1920 ਤਕ ਜਮਾਲਪੁਰ ਦੇ 16000 ਮਜ਼ਦੂਰ ਹੜਤਾਲ 'ਤੇ ਰਹੇ। 9 ਤੋਂ 18 ਜਨਵਰੀ 1920 ਤਕ ਕਲਕੱਤਾ ਦੀਆਂ ਪਟਸਨ ਮਿੱਲਾਂ ਦੇ 35000 ਮਜ਼ਦੂਰ ਹੜਤਾਲ 'ਤੇ ਰਹੇ। 21 ਤੋਂ 31 ਜਨਵਰੀ ਤਕ ਰੰਗੂਨ ਦੇ 20000 ਮਜ਼ਦੂਰ ਹੜਤਾਲ 'ਤੇ ਰਹੇ। 31 ਜਨਵਰੀ ਨੂੰ ਬ੍ਰਿਟਿਸ਼ ਇੰਡੀਆ ਦੇ ਵੀਗੇਸ਼ਨ ਕੰਪਨੀ ਬੰਬਈ ਦੇ 10000 ਮਜ਼ਦੂਰ ਹੜਤਾਲ 'ਤੇ ਗਏ। 2 ਤੋਂ 16 ਫਰਬਰੀ ਤਕ 20000 ਗੋਦੀ ਮਜ਼ਦੂਰ ਹੜਤਾਲ 'ਤੇ ਰਹੇ। 24 ਫਰਬਰੀ ਤੋਂ 29 ਮਾਰਚ ਤਕ ਟਾਟਾ ਆਇਰਨ ਐਂਡ ਸਟੀਲ ਕਾਰਖ਼ਾਨੇ ਦੇ 40000 ਮਜ਼ਦੂਰ ਹੜਤਾਲ 'ਤੇ ਰਹੇ। 9 ਮਾਰਚ ਨੂੰ ਬੰਬਈ ਦੇ 60000 ਮਜ਼ਦੂਰ ਹੜਤਾਲ 'ਤੇ ਗਏ। 20 ਤੋਂ 26 ਮਾਰਚ ਤਕ ਮਦਰਾਸ ਦੇ 17000 ਮਿੱਲ ਮਜ਼ਦੂਰ ਹੜਤਾਲ 'ਤੇ ਰਹੇ ਤੇ ਮਈ ਵਿਚ ਅਹਿਮਦਾਬਾਦ ਦੇ 25000 ਮਜ਼ਦੂਰਾਂ ਨੇ ਹੜਤਾਲ ਕੀਤੀ।
1920 ਦੇ ਪਹਿਲੇ ਛੇ ਮਹੀਨਿਆਂ ਵਿਚ 200 ਹੜਤਾਲਾਂ ਹੋਈਆਂ, ਜਿਹਨਾਂ ਵਿਚ 15 ਲੱਖ ਮਜ਼ਦੂਰਾਂ ਨੇ ਹਿੱਸਾ ਲਿਆ।
ਇਹਨਾਂ ਹੜਤਾਲਾਂ ਦੌਰਾਨ ਮਜ਼ਦੂਰ ਸੰਗਠਨ ਬਣਨ ਲੱਗੇ। ਸ਼ੁਰੂ ਸ਼ੁਰੂ ਵਿਚ ਹੜਤਾਲ ਕਮੇਟੀਆਂ ਬਣਾਈਆਂ ਜਾਂਦੀਆਂ ਸਨ, ਜਿਹਨਾਂ ਦਾ ਨੇਤਰੀਤਵ ਮੱਧ ਵਰਗ ਦੇ ਬੁੱਧੀਜੀਵੀ ਕਰਦੇ ਸਨ—ਉਹ ਨਿਰੇ ਸੁਧਾਰਵਾਦੀ ਜਾਂ ਕੈਰੀਅਰਵਾਦੀ ਸਨ। ਵਰਗ ਚੇਤਨਾ ਦੀ ਘਾਟ ਸੀ। ਇੰਡੀਅਨ ਟਰੇਡ ਯੂਨੀਅਨ ਕਾਂਗਰਸ 1920 ਵਿਚ ਬਣੀ। ਜਿਸਦਾ ਉਦਘਾਟਨੀ ਸੰਮੇਲਨ ਅਕਤੂਬਰ ਦੇ ਮਹੀਨੇ ਬੰਬਈ ਵਿਚ ਹੋਇਆ, ਜਿਸਦੇ ਪ੍ਰਧਾਨ ਲਾਲਾ ਲਾਜਪਤ ਰਾਏ ਸਨ। ਚੌਥਾ ਸੰਮੇਲਨ 1924 ਵਿਚ ਹੋਇਆ, ਉਦੋਂ ਸਵਰਾਜ ਪਾਰਟੀ ਦੇ ਨੇਤਾ ਸੀ.ਆਰ. ਦਾਸ ਪ੍ਰਧਾਨ ਬਣੇ।
ਸਾਡੇ ਰਾਸ਼ਟਰੀ ਅੰਦੋਲਨ ਵਿਚ ਇਸ ਨਵੀਂ ਸ਼ਕਤੀ ਦੇ ਉਭਾਰ ਨੇ ਜਿੱਥੇ ਕਾਂਗਰਸੀ ਨੇਤਾਵਾਂ ਦਾ ਧਿਆਨ ਖਿੱਚਿਆ, ਉੱਥੇ ਸਰਕਾਰ ਲਈ ਵੀ ਇਸਨੂੰ ਅੱਖੋਂ ਪਰੋਖੇ ਕਰ ਦੇਣਾ ਸੰਭਵ ਨਹੀਂ ਸੀ। ਉਸਨੇ 1921 ਵਿਚ ਮਜ਼ਦੂਰ ਅਸ਼ਾਂਤੀ ਸੰਬੰਧੀ ਬੰਗਾਲ ਕਮੇਟੀ ਨਿਯੁਕਤ ਕੀਤੀ, 1922 ਵਿਚ ਬੰਬਈ ਇੰਡਸਟ੍ਰੀਅਲ ਡਿਸਪਿਊਟ ਕਮੇਟੀ ਬਣਾਈ ਤੇ ਮਦਰਾਸ ਲੇਬਰ ਡਿਪਾਰਟਮੈਂਟ ਕਾਇਮ ਕੀਤਾ। 1921 ਤੋਂ ਹੜਤਾਲਾਂ ਤੇ ਵਾਕ-ਆਊਟ ਆਦੀ ਦੇ ਆਂਕੜੇ ਪੱਕੇ ਤੌਰ 'ਤੇ ਰੱਖੇ ਜਾਣ ਲੱਗ ਪਏ।
ਮਜ਼ਦੂਰ ਅੰਦੋਲਨ ਦੀ ਇਸ ਚੜ੍ਹਤ ਦੇ ਨਾਲ ਨਾਲ ਮਜ਼ਦੂਰ ਵਰਗ ਦੀ ਵਿਚਾਰਧਾਰਾ ਵਿਚ ਮਾਰਕਸਵਾਦ ਦਾ ਆਉਣਾ ਵੀ ਲਾਜ਼ਮੀ ਸੀ। 1921 ਵਿਚ ਕਾਂਗਰਸ ਦਾ ਜਿਹੜਾ ਸੰਮੇਲਨ ਅਹਿਮਦਾਬਾਦ ਵਿਚ ਹੋਇਆ, ਉਸ ਵਿਚ ਕਮਿਊਨਿਸਟ ਪਾਰਟੀ ਨੇ ਆਪਣਾ ਇਹ ਐਲਾਨ-ਨਾਮਾ ਪੇਸ਼ ਕਰ ਦਿੱਤਾ...:
“ਜੇ ਕਾਂਗਰਸ ਕਰਾਂਤੀ ਦੀ, ਜਿਹੜੀ ਭਾਰਤੀ ਸਮਾਜ ਦੀਆਂ ਬੁਨਿਆਦਾਂ ਨੂੰ ਹਿਲਾ ਰਹੀ ਹੈ, ਵਾਕੱਈ ਅਗਵਾਈ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਸਿਰਫ ਜਲਸਿਆਂ-ਜਲੂਸਾਂ ਤੇ ਨਾਅਰੇਬਾਜੀ ਤਕ ਸੀਮਿਤ ਨਹੀਂ ਰਹਿਣਾ ਚਾਹੀਦਾ। ਉਹ ਟਰੇਡ ਯੂਨੀਅਨਾਂ ਤੇ ਕਿਸਾਨ ਸਭਾਵਾਂ ਦੀਆਂ ਮੰਗਾਂ ਨੂੰ ਆਪਣੀਆਂ ਮੰਗਾਂ ਬਣਾਏ ਤੇ ਉਹਨਾਂ ਨੂੰ ਆਪਣੇ ਕਾਰਜ-ਕਰਮ ਵਿਚ ਸ਼ਾਮਲ ਕਰੇ ਤਾਂ ਛੇਤੀ ਹੀ ਉਹ ਸਮਾਂ ਆ ਸਕਦਾ ਹੈ ਜਦੋਂ ਕੋਈ ਵੀ ਅੜਿੱਕਾ ਉਸਦੇ ਰਸਤੇ ਵਿਚ ਨਹੀਂ ਟਿਕੇਗਾ। ਆਪਣੀਆਂ ਭੌਤਿਕ ਲੋੜਾਂ ਲਈ ਲੜਨ ਵਾਲੀ ਸਮੁੱਚੀ ਸੁਚੇਤ ਜਨਤਾ ਦੀ ਅਜਿੱਤ ਸ਼ਕਤੀ ਦਾ ਸਹਿਯੋਗ ਉਸਨੂੰ ਪ੍ਰਾਪਤ ਹੋਏਗਾ।”
1924 ਵਿਚ 'ਸੋਸ਼ਲਿਸਟ' ਨਾਂ ਦਾ ਇਕ ਪਰਚਾ ਬੰਬਈ ਤੋਂ ਛਪਣਾ ਸ਼ੁਰੂ ਹੋਇਆ। ਜਿਸ ਦੇ ਸੰਪਾਦਕ ਸ਼੍ਰੀਪਾਦ ਅੰਮ੍ਰਿਤ (ਐਮ.ਏ.) ਡਾਂਗੇ ਸਨ। ਕਰਾਂਤੀਕਾਰੀ ਵਿਚਾਰਾਂ ਦਾ ਪਰਚਾਰ-ਪਰਸਾਰ ਸਰਕਾਰ ਦੀ ਨਜ਼ਰ ਵਿਚ ਬੜੀ ਖ਼ਤਰਨਾਕ ਗੱਲ ਸੀ। ਹਾਲਾਂਕਿ ਇੰਗਲੈਂਡ ਵਿਚ ਲੇਬਰ ਪਾਰਟੀ ਸੱਤਾ ਵਿਚ ਸੀ। ਭਾਰਤ ਸਰਕਾਰ ਨੇ ਦਮਨ ਚੱਕਰ ਚਲਾਉਣ ਵਿਚ ਜ਼ਰਾ ਵੀ ਦੇਰ ਨਹੀਂ ਕੀਤੀ। ਚਾਰ ਕਮਿਊਨਿਸਟ ਨੇਤਾਵਾਂ...ਡਾਂਗੇ, ਸ਼ੌਕਤ ਉਸਮਾਨ, ਮੁਜੱਫਰ ਅਹਿਮਦ ਤੇ ਦਾਸ ਗੁਪਤ ਨੂੰ ਗਿਰਫਤਾਰ ਕਰਕੇ ਉਹਨਾਂ ਵਿਰੁੱਧ ਕਾਨ੍ਹਪਰ ਪੜਯੰਤਰ ਕੇਸ ਚਲਾਇਆ ਤੇ ਉਹਨਾਂ ਸਾਰਿਆਂ ਨੂੰ ਚਾਰ-ਚਾਰ ਸਾਲ ਦੀ ਸਜ਼ਾ ਸੁਣਾ ਦਿੱਤੀ। ਮਾਰਕਸਵਾਦੀ ਵਿਚਾਰਧਾਰਾ ਤੇ ਵਧਦੀ ਹੋਈ ਮਜ਼ਦੂਰ ਸ਼ਕਤੀ ਦੇ ਵਿਰੁੱਧ ਸਰਕਾਰ ਦੁਆਰਾ ਚੁੱਕਿਆ ਗਿਆ ਇਹ ਪਹਿਲਾ ਕਦਮ ਸੀ ਤੇ ਅਸੀਂ ਦੇਖਾਂਗੇ ਕਿ ਇਸ ਪਿੱਛੋਂ ਇਸ ਵਿਚਾਰਧਾਰਾ ਦੀ ਰੋਕਥਾਮ ਇਸ ਪੂਰੇ ਤੀਸਰੇ ਦਹਾਕੇ ਵਿਚ ਅੰਗਰੇਜ਼ ਸਰਕਾਰ ਦੀ ਸਭ ਤੋਂ ਵੱਡੀ ਸਿਰਦਰਦੀ ਬਣੀ ਰਹੀ।
ਮਤਲਬ ਇਹ ਕਿ 1920 ਪਿੱਛੋਂ ਸਾਡੇ ਰਾਸ਼ਟਰੀ ਅੰਦੋਲਨ ਵਿਚ ਜਿਸ ਨਵੇਂ ਯੁੱਗ ਦਾ ਆਰੰਭ ਹੋਇਆ, ਉਸ ਵਿਚ ਉਸਦੇ ਨੇਤਰੀਤਵ ਦੀ ਭੂਮਿਕਾ ਮਜ਼ਦੂਰ ਵਰਗ ਨੇ ਤੇ ਉਸਦੀ ਸੰਗਠਿਤ ਪਾਰਟੀ ਨੇ ਨਿਭਾਈ ਸੀ...ਮਜ਼ਦੂਰ ਵਰਗ ਦੀ ਕਰਾਂਤੀਕਾਰੀ ਵਿਚਾਰਧਾਰਾ ਮਾਰਕਸਵਾਦ ਹੀ ਇਸ ਨੇਤਰੀਤਵ ਦਾ ਜੀਵਨ ਦਰਸ਼ਨ ਸੀ। ਪਰ ਇਹ ਵਿਚਾਰਧਾਰ ਅਜੇ ਭਰੂਣ ਅਵਸਥਾ ਵਿਚ ਸੀ। ਜਿਸ ਤਰ੍ਹਾਂ ਚੂਚਾ, ਆਂਡੇ ਵਿਚ ਹੌਲੀ-ਹੌਲੀ ਪਲਦਾ ਤੇ ਵੱਡਾ ਹੁੰਦਾ ਰਹਿੰਦਾ ਹੈ, ਉਸੇ ਤਰ੍ਹਾਂ ਇਹ ਵਿਚਾਰਧਾਰਾ ਰਾਸ਼ਟਰੀ ਅੰਦੋਲਨ ਦੀ ਪੂੰਜੀਵਾਦੀ ਹੱਦਬੰਦੀ ਦੀਆਂ ਬੰਦਿਸ਼ਾਂ ਵਿਚ ਹੌਲੀ-ਹੌਲੀ ਪਲ-ਵਧ ਰਹੀ ਸੀ...ਖੋਲ ਨੂੰ ਤੋੜ ਕੇ ਬਾਹਰ ਨਿਕਲ ਆਉਣ ਦਾ ਸਮਾਂ ਨਹੀਂ ਸੀ ਆਇਆ ਅਜੇ।
ਹਰ ਯੁੱਗ ਆਪਣੇ ਪ੍ਰਵਕਤਾ ਪੈਦਾ ਕਰਦਾ ਹੈ, ਇਹ ਇਕ ਇਤਿਹਾਸਕ ਨਿਯਮ ਹੈ। ਪਿਛਲੇ ਯੁੱਗ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਵਕਤਾ ਵਿਵੇਕਾਨੰਦ ਸਨ। ਪੁਰਾਣੇ ਕਰਾਂਤੀਕਾਰੀ ਉਹਨਾਂ ਤੋਂ ਪਰੇਰਨਾਂ ਲੈਂਦੇ ਸਨ। ਉਹਨਾਂ ਦੇ ਘਰਾਂ ਦੀਆਂ ਤਲਾਸ਼ੀਆਂ ਹੁੰਦੀਆਂ ਤਾਂ ਉਹਨਾਂ ਕੋਲੋਂ ਵਿਵੇਕਾਨੰਦ ਦੇ ਗ੍ਰੰਥ ਮਿਲਦੇ।
ਇਸ ਨਵੇਂ ਯੁੱਗ ਦਾ ਪ੍ਰਵਕਤਾ ਭਗਤ ਸਿੰਘ ਨੇ ਬਣਨਾ ਸੀ। ਵਿਆਹ ਨਾ ਕਰਨਾ ਇਸ ਲਈ ਬਹਾਨਾ ਬਣਿਆ ਤੇ ਉਹ ਘਰੋਂ ਭੱਜ ਕੇ ਕਾਨ੍ਹਪੁਰ ਆ ਗਏ। ਕਾਨ੍ਹਪੁਰ ਉਤਰ ਭਾਰਤ ਦਾ ਸਭ ਤੋਂ ਵੱਡਾ ਉਦਯੋਗਿਕ ਕੇਂਦਰ ਹੈ। ਇੱਥੇ ਸੁਰੇਸ਼ ਭੱਟਾਚਾਰੀਆ, ਬਟੁਕੇਸ਼ਵਰ ਦੱਤ, ਅਜੈ ਘੋਸ਼ ਤੇ ਸ਼ਿਵ ਵਰਮਾ ਆਦੀ ਜਿਹੜੇ ਕਰਾਂਤੀਕਾਰੀ ਨੌਜਵਾਨ ਸਨ, ਉਹ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ। ਉਹਨਾਂ ਦੇ ਸੰਪਰਕ ਵਿਚ ਆ ਕੇ ਭਗਤ ਸਿੰਘ ਵੀ ਜੁੜੇ ਤੇ ਮਾਰਕਸਵਾਦ ਦਾ ਅਧਿਅਨ ਸ਼ੁਰੂ ਕਰ ਦਿੱਤਾ...ਤੇ ਪ੍ਰਵਕਤਾ ਬਣਨ ਦੀ ਟ੍ਰੇਨਿੰਗ ਵੀ ਇੱਥੇ ਹੀ ਸ਼ੁਰੂ ਹੋਈ।
ਅਸੀਂ ਦੇਖਾਂਗੇ ਕਿ ਮਾਰਕਸਵਾਦੀ ਚੇਤਨਾ ਨੂੰ ਵਿਕਸਤ ਕਰਨ ਤੇ ਉਸਨੂੰ ਰਾਸ਼ਟਰੀ ਰੂਪ ਦੇਣ ਦਾ ਸਿਹਰਾ ਨਾ ਤਾਂ ਕਾਮਰੇਡ ਸ਼ਚੀਂਦਰ ਨਾਥ ਸਾਨਿਆਲ ਨੂੰ ਤੇ ਨਾ ਕਮਿਊਨਿਸਟ ਪਾਰਟੀ ਨੂੰ ਜਾਂਦਾ ਹੈ, ਬਲਕਿ ਭਗਤ ਸਿੰਘ ਤੇ ਉਹਨਾਂ ਦੇ ਕਰਾਂਤੀਕਾਰੀ ਸਾਥੀਆਂ ਨੂੰ ਜਾਂਦਾ ਹੈ। ਜਨਤਾ ਵਿਚ ਵਿਦੇਸ਼ੀ ਸਰਕਾਰ ਵਿਰੁੱਧ ਜਿਹੜਾ ਵਿਆਪਕ ਰੋਸ ਤੇ ਗੁੱਸਾ ਸੀ, ਅੰਦੋਲਨ ਵਿਚ ਉਸਦਾ ਧਮਾਕੇਦਾਰ ਤੇ ਕਰਾਂਤੀਕਾਰੀ ਰੂਪ ਧਾਰਨ ਕਰਨਾ ਸੁਭਾਵਿਕ ਸੀ। ਗਾਂਧੀ ਤੋਂ ਅਹਿੰਸਾ ਰੂਪੀ 'ਕਾਰ' ਹਟਾਅ ਲੈਣ ਦੀ ਵਾਰ-ਵਾਰ ਮੰਗ ਕੀਤੀ ਗਈ ਤੇ ਇਹ ਮੰਗ ਵਿਸ਼ੇਸ਼ ਤੌਰ 'ਤੇ ਉਸਦੇ ਮੁਸਲਿਮ ਸਹਿਯੋਗੀਆਂ ਨੇ ਕੀਤੀ। ਪਰ ਗਾਂਧੀ ਨੇ ਅਹਿੰਸਾ ਦੀ 'ਕਾਰ' ਹਟਾਉਣ ਦੇ ਬਹਾਨੇ ਅੰਦੋਲਨ ਵਾਪਸ ਲੈ ਕੇ ਕਰਾਂਤੀ ਦਾ ਗਲ਼ਾ ਘੁੱਟ ਦਿੱਤਾ। ਸਿੱਟਾ ਇਹ ਕਿ ਵਿਆਪਕ ਰੋਸ ਦਾ ਰੂਪ, ਬਡਰੂਪ-ਕਰਾਂਤੀ ਵਿਚ ਬਦਲ ਗਿਆ ਤੇ ਬ੍ਰਿਟਿਸ਼ ਸਰਕਾਰ ਨੂੰ ਸੰਪਰਦਾਇਕ ਦੰਗੇ ਭੜਕਾਉਣ ਦਾ ਮੌਕਾ ਮਿਲ ਗਿਆ।
ਕਰਾਂਤੀਕਾਰੀਆਂ ਦਾ ਮੁੱਖ ਕੰਮ ਹੁਣ ਇਹਨਾਂ ਦੰਗਿਆਂ ਨੂੰ ਰੋਕਣਾ ਤੇ ਲੋਕ-ਰੌਅ ਦਾ ਮੁਹਾਨ ਸਾਮਰਾਜਵਾਦ ਵਿਰੁੱਧ ਮੋੜਨਾ ਸੀ। ਗਣੇਸ਼ ਸ਼ੰਕਰ ਵਿਦਿਆਰਥੀ ਦਾ ਪ੍ਰਤਾਪ ਪ੍ਰੈੱਸ ਇਸ ਸੰਬੰਧ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ। ਇਸ ਲਈ ਭਗਤ ਸਿੰਘ ਨੂੰ ਪਹਿਲਾ ਕੰਮ ਇਹ ਸੌਂਪਿਆ ਗਿਆ ਕਿ ਉਹ ਦਿੱਲੀ ਜਾ ਕੇ ਦਰਿਆ-ਗੰਜ ਦੇ ਸੰਪਰਦਾਇਕ ਦੰਗਿਆਂ ਬਾਰੇ ਜਨਤਾ ਨੂੰ ਸੁਚੇਤ ਤੇ ਸਵਾਧਾਨ ਕਰਨ ਵਾਲੀ ਸਹੀ ਰਿਪੋਰਟ ਲਿਖਣ। ਇਸ ਦੇ ਇਲਾਵਾ ਪ੍ਰਤਾਪ ਪ੍ਰੈੱਸ ਵਿਚ ਕਰਾਂਤੀਕਾਰੀ ਗੁਪਤ ਸਾਹਿਤ ਵੀ ਛਪਦਾ ਸੀ, ਜਿਹੜਾ ਗੁਪਤ ਰੂਪ ਵਿਚ ਜਨਤਾ ਵਿਚ ਵੰਡਿਆ ਜਾਂਦਾ ਸੀ। ਇਸ ਸਾਹਿਤ ਦਾ ਉਦੇਸ਼ ਜਨਤਾ ਨੂੰ ਹਥਿਆ-ਬੰਦ ਕਰਾਂਤੀ ਲਈ ਤਿਆਰ ਕਰਨਾ ਸੀ। ਭਗਤ ਸਿੰਘ ਨੇ ਕਈ ਪਰਚੇ ਤੇ ਪੈਂਫਲੇਟ ਲਿਖੇ, ਜਿਹਨਾਂ ਨੂੰ ਭਾਰਤ ਮਾਤਾ ਸੁਸਾਇਟੀ ਵੱਲੋਂ ਮੇਲਿਆਂ ਵਿਚ ਵੰਡਿਆ ਜਾਂਦਾ ਰਿਹਾ।
ਉਤਰ ਪ੍ਰਦੇਸ਼ ਵਿਚ ਪ੍ਰਤਾਪਗੜ੍ਹ ਦਾ ਮੇਲਾ ਮਸ਼ਹੂਰ ਹੈ, ਜਿਹੜਾ ਦੁਸ਼ਹਿਰੇ ਦੇ ਮੌਕੇ 'ਤੇ ਲੱਗਦਾ ਹੈ ਤੇ ਜਿਸ ਵਿਚ ਆਲੇ-ਦੁਆਲੇ ਦੇ ਪਿੰਡਾਂ ਤੇ ਕਸਬਿਆਂ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਆਉਂਦੇ ਹਨ। ਭਗਤ ਸਿੰਘ ਤੇ ਉਹਨਾਂ ਦੇ ਪੰਜ ਸਾਥੀ ਇਸ ਮੇਲੇ ਵਿਚ ਇਕ ਕਰਾਂਤੀਕਾਰੀ ਪਰਚਾ ਵੰਡਣ ਗਏ ਜਿਹੜਾ ਪ੍ਰਤਾਪ ਪ੍ਰੈੱਸ ਨੇ ਹਿੰਦੀ ਵਿਚ ਛਾਪਿਆ ਸੀ ਤੇ ਜਿਸ ਦਾ ਸਿਰਲੇਖ ਸੀ...:

“ਜਾਗੋ ਮੇਰੇ ਦੇਸ਼ ਕੇ ਲੋਗੋ !”
ਮੇਲੇ ਵਿਚ ਚਿੱਟੇ ਕੱਪੜਿਆਂ ਵਿਚ ਖੁਫ਼ੀਆ ਪੁਲਸ ਵੀ ਸੀ। ਜਿਵੇਂ ਹੀ ਨੌਜਵਾਨਾਂ ਨੇ ਪਰਚੇ ਵੰਡਣੇ ਸ਼ੁਰੂ ਕੀਤੇ, ਇਹ ਸਿਪਾਹੀ ਉਹਨਾਂ ਉੱਤੇ ਝਪਟ ਪਏ ਤੇ ਉਹਨਾਂ ਵਿਚੋਂ ਦੋ ਨੂੰ ਗਿਰਫਤਾਰ ਕਰ ਲਿਆ ਗਿਆ। ਆਪਣੇ ਇਹਨਾਂ ਸਾਥੀਆਂ ਨੂੰ ਪੁਲਸ ਤੋਂ ਛੁਡਵਾਉਣ ਲਈ ਭਗਤ ਸਿੰਘ ਨੂੰ ਇਕ ਤਰਕੀਬ ਸੁੱਝੀ। ਉਹਨਾਂ ਆਪਣੇ ਹੱਥਲੇ ਸਾਰੇ ਪਰਚੇ ਚੁੱਪਚਾਪ ਇਕ ਪਾਸੇ ਸੁੱਟ ਦਿੱਤੇ। ਲੋਕ ਉਹਨਾਂ ਨੂੰ ਚੁੱਕਣ ਲਈ ਦੌੜ ਪਏ। ਭਗਤ ਸਿੰਘ ਨੇ ਪੁਲਸ ਵਾਲਿਆਂ ਕੋਲ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਦੋਖੋ-ਦੇਖੋ। ਕਾਂਗਰਸੀ ਪਰਚੇ ਵੰਡ ਰਹੇ ਨੇ।” ਦੋ ਸਿਪਾਹੀਆਂ ਨੂੰ ਪਿੱਛੇ ਛੱਡ ਕੇ ਬਾਕੀ ਪੁਲਸ ਵਾਲੇ ਉਧਰ ਅਹੁਲੇ ਤੇ ਭੀੜ ਵਿਚ ਵੜ ਗਏ। ਇਹੀ ਉਹ ਮੌਕਾ ਸੀ, ਜਿਸਦਾ ਇੰਤਜ਼ਾਰ ਸੀ। ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਪਿੱਛੇ ਰਹਿ ਗਏ ਪੁਲਸ ਵਾਲਿਆਂ ਉੱਤੇ ਹੱਲਾ ਬੋਲ ਦਿੱਤਾ ਤੇ ਆਪਣੇ ਦੋਹੇਂ ਸਾਥੀ ਛੁਡਾਅ ਲਏ। ਹੁਣ ਉਹ ਪੰਜੇ ਮੇਲੇ ਵਿਚੋਂ ਸਿਰ 'ਤੇ ਪੈਰ ਰੱਖ ਕੇ ਦੌੜੇ। ਸਿਪਾਹੀਆਂ ਤੇ ਭੀੜ ਦੇ ਕੁਝ ਲੋਕਾਂ ਨੇ ਉਹਨਾਂ ਦਾ ਪਿੱਛਾ ਕੀਤਾ। ਭਗਤ ਸਿੰਘ ਨੇ ਆਪਣੇ ਪਸਤੌਲ ਵਿਚੋਂ ਤਿੰਨ-ਚਾਰ ਹਵਾਈ ਫਾਇਰ ਕੀਤੇ ਤਾਂ ਉਹਨਾਂ ਡਰ ਕੇ ਪਿੱਛਾ ਕਰਨਾ ਛੱਡ ਦਿੱਤਾ।
ਇਹਨਾਂ ਦਿਨਾਂ ਦੀ ਪ੍ਰਮੁੱਖ ਘਟਨਾ ਗੋਪੀ ਨਾਥ ਸਾਹਾ ਦੀ ਸ਼ਹਾਦਤ ਹੈ, ਜਿਸਨੇ ਜਨਤਾ ਦਾ ਧਿਆਨ ਮੁੜ ਕਰਾਂਤੀਕਾਰੀਆਂ ਵੱਲ ਖਿੱਚਿਆ ਤੇ ਆਮ-ਖਾਸ ਦੀ ਚਰਚਾ ਦਾ ਵਿਸ਼ਾ ਬਣੀ। ਗੋਪੀ ਨਾਥ ਸਾਹਾ ਇਕ ਕਰਾਂਤੀਕਾਰੀ ਨੌਜਵਾਨ ਸੀ। ਉਹਨੇ ਬਦਨਾਮ ਪੁਲਸ ਕਪਤਾਨ ਸਰ ਚਾਰਲਸ ਟੇਂਗਰਟ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ। ਪਰ ਭੁਲੇਖੇ ਵਿਚ ਕੋਈ ਹੋਰ ਅੰਗਰੇਜ਼ ਮਾਰਿਆ ਗਿਆ। ਸਾਹਾ ਨੇ ਗਿਰਫਤਾਰੀ ਪਿੱਛੇਂ ਅਦਾਲਤ ਵਿਚ ਬੜੀ ਦਲੇਰੀ ਨਾਲ ਬਿਆਨ ਦਿੱਤਾ ਕਿ 'ਮੈਂ ਤਾਂ ਜਾਲਮ ਚਾਰਲਸ ਟੇਂਗਰਟ ਨੂੰ ਮਾਰਨਾ ਚਾਹੁੰਦਾ ਸੀ, ਬੜੀ ਵੱਡੀ ਗਲਤੀ ਹੋ ਗਈ ਕਿ ਇਕ ਨਿਰਦੋਸ਼ ਅੰਗਰੇਜ਼ ਮਾਰਿਆ ਗਿਆ।' ਸਾਹਾ ਨੂੰ ਜੇਲ੍ਹ ਵਿਚ ਭਿਆਨਕ ਤਸੀਹੇ ਦਿੱਤੇ ਗਏ, ਬਰਫ਼ ਦੀਆਂ ਸਿਲਾਂ ਉੱਪਰ ਲਿਟਾਇਆ ਗਿਆ ਤਾਂਕਿ ਉਹ ਆਪਣੇ ਦਲ ਤੇ ਹੋਰ ਸਾਥੀਆਂ ਬਾਰੇ ਸਰਕਾਰ ਨੂੰ ਦੱਸ ਦਏ। ਪਰ ਗੋਪੀ ਨਾਥ ਸਾਹਾ ਟਸ ਤੋਂ ਮਸ ਨਾ ਹੋਇਆ। ਸਾਰੇ ਤਸੀਹੇ ਚੁੱਪਚਾਪ ਝੱਲੇ। ਇਕ ਸ਼ਬਦ ਵੀ ਨਹੀਂ ਦੱਸਿਆ। ਉਹਨੂੰ ਮੌਤ ਦੀ ਸਜ਼ਾ ਹੋਈ ਤਾਂ ਹੱਸਦਿਆਂ-ਹੱਸਦਿਆਂ ਫਾਂਸੀ ਦਾ ਰੱਸਾ ਚੁੰਮ ਲਿਆ। ਫਾਂਸੀ ਦੀ ਜਿਸ ਕੋਠੀ ਵਿਚ ਸਾਹਾ ਨੂੰ ਬੰਦ ਰੱਖਿਆ ਗਿਆ ਸੀ, ਉੱਥੇ ਲੋਕਾਂ ਨੇ ਕੰਧ ਉੱਤੇ ਲਿਖੇ ਹੋਏ ਇਹ ਸ਼ਬਦ ਦੇਖੇ...“ਭਾਰਤੀ ਰਾਜਨੀਤੀ ਵਿਚ ਹਿੰਸਾ ਲਈ ਕੋਈ ਸਥਾਨ ਨਹੀਂ ਹੈ।”
ਕਰਾਂਤੀਕਾਰੀਆਂ ਦਾ ਸੰਘਰਸ਼ ਜਿੱਥੇ ਅੰਗਰੇਜ਼ਾਂ ਦੇ ਖ਼ਿਲਾਫ਼ ਸੀ, ਉੱਥੇ ਗਾਂਧੀ ਦੇ ਖ਼ਿਲਾਫ਼ ਵੀ ਸੀ। ਗੋਪੀ ਨਾਥ ਸਾਹਾ ਨੇ ਅਸਹਿਯੋਗ ਅੰਦੋਲਨ ਪਿੱਛੋਂ ਇਸ ਸੰਘਰਸ਼ ਦਾ ਸ਼੍ਰੀਗਣੇਸ਼ ਆਪਣੇ ਲਹੂ ਨਾਲ ਕੀਤਾ। ਉਹਨੀਂ ਦਿਨੀ ਬੰਗਾਲ ਕਾਂਗਰਸ ਦਾ ਸੂਬਾਈ ਰਾਜਨੀਤਕ ਅੰਦੋਲਨ ਦਿਨਾਜਪੁਰ ਵਿਚ ਹੋਇਆ, ਜਿਸ ਵਿਚ ਗੋਪੀ ਨਾਥ ਸਾਹਾ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਸਦੀ ਬਹਾਦਰੀ ਦਾ ਮਤਾ ਪਾਸ ਹੋਇਆ। ਇਹ ਸਭ ਕਾਂਗਰਸ ਦੇ ਬਜ਼ੁਰਗ ਨੇਤਾ ਚਿਤਰੰਜਨ ਦਾਸ ਦੇ ਨੇਤਰੀਤਵ ਵਿਚ ਹੋਇਆ, ਜਿਹੜੇ ਉਸ ਸਮੇਂ ਸਵਰਾਜ ਪਾਰਟੀ ਦੇ ਪ੍ਰਧਾਨ ਸਨ ਤੇ ਟਰੇਡ-ਯੂਨੀਅਨ ਕਾਂਗਰਸ ਦੇ ਵੀ ਪ੍ਰਧਾਨ ਸਨ।
ਗਾਂਧੀ ਨੂੰ ਅੰਗਰੇਜ਼ ਸਰਕਾਰ ਨੇ ਅੰਦੋਲਨ ਵਾਪਸ ਲੈਣ ਦੇ 'ਅਪਰਾਧ' ਵਿਚ ਮਾਰਚ 1922 ਵਿਚ ਗਿਰਫਤਾਰ ਕੀਤਾ ਸੀ ਤੇ ਉਸਨੂੰ ਛੇ ਸਾਲ ਦੀ ਸਜ਼ਾ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ, ਪਰ ਜਨਵਰੀ 1924 ਵਿਚ ਸਿਰਫ਼ ਪੌਣੇ ਦੋ ਸਾਲ ਬਾਅਦ ਰਿਹਾਅ ਕਰ ਦਿੱਤਾ ਕਿਉਂਕਿ ਅੰਗਰੇਜ਼ ਸਰਕਾਰ ਲਈ ਉਸਦਾ ਲਾਭ ਜੇਲ੍ਹ ਵਿਚ ਨਹੀਂ ਬਾਹਰ ਸੀ। ਜੇਲ੍ਹ ਤਾਂ ਉਸਨੂੰ ਜਨਤਾ ਦੇ ਰੋਸ ਤੋਂ ਬਚਾਉਣ ਖਾਤਰ ਭੇਜਿਆ ਗਿਆ ਸੀ।
ਗੋਪੀ ਨਾਥ ਸਾਹਾ ਵਾਲੇ ਮਤੇ ਲਈ ਸਾਰੇ ਦੇਸ਼ ਵਿਚ ਚਿਤਰੰਜਨ ਦਾਸ ਦੀ ਪ੍ਰਸ਼ੰਸਾ ਹੋ ਰਹੀ ਸੀ। ਗਾਂਧੀ ਨੇ ਉਸਦਾ ਵਿਰੋਧ ਕੀਤਾ ਤੇ ਕਿਹਾ ਕਿ ਅਜਿਹੇ ਮਤੇ ਕਾਂਗਰਸ ਸੰਮੇਲਨ ਵਿਚ ਨਹੀਂ ਪਾਉਣੇ ਚਾਹੀਦੇ। ਇਸ ਉੱਤੇ ਬਹਿਸ ਛਿੜ ਗਈ। ਜਿਹੜੀ ਅਖ਼ਬਾਰਾਂ ਵਿਚ ਚਿੱਠੀ-ਪੱਤਰੀ ਰਾਹੀਂ ਕਾਫੀ ਦਿਨ ਚੱਲਦੀ ਰਹੀ। ਬੰਗਾਲ ਦੇ ਹੀ ਨਹੀਂ, ਸਾਰੇ ਦੇਸ਼ ਦੇ ਨੌਜਵਾਨਾਂ ਨੇ ਚਿਤਰੰਜਨ ਦਾਸ ਦਾ ਸਮਰਥਨ ਤੇ ਗਾਂਧੀ ਦਾ ਵਿਰੋਧ ਕੀਤਾ।
ਅਹਿਮਦਾਬਾਦ ਵਿਚ 27,28,29 ਜੂਨ ਨੂੰ ਅਖਿਲ ਭਾਰਤੀ ਕਾਂਗਰਸ ਮਹਾ-ਸੰਮਤੀ ਦੀ ਜਿਹੜੀ ਬੈਠਕ ਹੋਈ, ਉਸ ਵਿਚ ਗਾਂਧੀ ਦਾ ਵਿਰੋਧੀ ਮਤਾ ਆਇਆ। ਕਾਂਗਰਸ ਇਤਿਹਾਸਕਾਰ ਪੱਟਾਭਿ ਸੀਤਾਰਾਮੈਯਾ ਲਿਖਦੇ ਹਨ...:
“ਇਸ ਮੀਟਿੰਗ ਵਿਚ ਜਿਸ ਮਤੇ ਨੇ ਕਾਫੀ ਜੋਸ਼ ਪੈਦਾ ਕੀਤਾ, ਉਹ ਗੋਪੀ ਨਾਥ ਸਾਹਾ ਦੁਆਰਾ ਆਰਨੇਸਟਡੇ ਦੀ ਹੱਤਿਆ ਨੂੰ ਫਿੱਟ-ਲਾਹਣਤ ਤੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਪ੍ਰਤੀ ਸ਼ਾਂਤੀ ਪ੍ਰਦਰਸ਼ਨ ਸੰਬੰਧੀ ਸੀ। ਮਤੇ ਵਿਚ ਗੋਪੀ ਨਾਥ ਸਾਹਾ ਦੀ ਦੇਸ਼ ਭਗਤੀ ਦੀ ਗੱਲ ਨੂੰ, ਦਿਲੋਂ ਸਵੀਕਾਰ ਕੀਤਾ ਗਿਆ, ਪਰ ਨਾਲ ਹੀ ਉਸਨੂੰ ਲੀਹੋਂ-ਲੱਥਾ ਵੀ ਦੱਸਿਆ ਗਿਆ। ਮਹਾ-ਸੰਮਤੀ ਨੇ ਇਸ ਤੇ ਇਸੇ ਤਰ੍ਹਾਂ ਦੀਆਂ ਸਾਰੀਆਂ ਰਾਜਨੀਤਕ ਹੱਤਿਆਵਾਂ ਨੂੰ ਜ਼ੋਰਦਾਰ ਸ਼ਬਦਾਂ ਵਿਚ ਫਿਟਕਾਰਿਆ ਤੇ ਆਪਣੀ ਸਪਸ਼ਟ ਰਾਏ ਪਰਗਟ ਕੀਤੀ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਾਂਗਰਸ ਦੀ ਅਹਿੰਸਾ ਦੀ ਨੀਤੀ ਦੇ ਵਿਰੁੱਧ ਹਨ। ਸਵਰਾਜ ਦੇ ਰਸਤੇ ਵਿਚ ਅੜਿੱਕੇ ਲਾਉਂਦੀਆਂ ਹਨ ਤੇ ਸਤਿਆਗ੍ਰਹਿ ਦੀ ਤਿਆਰੀ ਲਈ ਰੁਕਾਵਟ ਬਣਦੀਆਂ ਹਨ। ਇਸ ਮਤੇ ਉੱਤੇ ਖ਼ੂਬ ਵਾਕ-ਯੁੱਧ ਹੋਇਆ। ਇਹ ਗੱਲ ਢਕੀ ਨਹੀਂ ਸੀ ਰਹੀ ਕਿ ਇਹ ਮਤਾ ਦੇਸ਼ਬੰਧੂ ਨੂੰ ਪਸੰਦ ਨਹੀਂ ਸੀ ਆਇਆ। ਇਸ ਲਈ ਨਹੀਂ ਕਿ ਉਹ ਅਹਿੰਸਾ ਦੇ ਕਾਇਲ ਸਨ, ਬਲਕਿ ਇਸ ਲਈ ਕਿ ਮਤੇ ਦੇ ਭਿੰਨ-ਭਿੰਨ ਸ਼ਬਦਾਂ ਉੱਤੇ ਦਿੱਤੇ ਗਏ ਜ਼ੋਰ ਨੂੰ ਬਦਲ ਦੇਣਾ ਚਹੁੰਦੇ ਸਨ। ਗਾਂਧੀਜੀ ਨੂੰ ਇਹ ਦੇਖ ਕੇ ਬੜਾ ਦੁੱਖ ਹੋਇਆ ਕਿ ਉਹਨਾਂ ਦੇ ਕੁਝ ਖਾਸ ਤੇ ਨੇੜਲੇ ਚੇਲੇ-ਬਾਲਕਿਆਂ ਨੇ ਵੀ ਇਸ ਮਤੇ ਦੇ ਵਿਰੁੱਧ ਰਾਏ ਦਿੱਤੀ। ਇਹ ਸਭ ਦੇਖ ਕੇ ਉਹਨਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ।...”
ਫੇਰ ਲਿਖਿਆ ਹੈ :
“ਪਰ ਉਸ ਵਰ੍ਹੇ ਦੀ ਸਭ ਤੋਂ ਮਾੜੀ ਖ਼ਬਰ ਸੀ, ਜਗ੍ਹਾ-ਜਗ੍ਹਾ ਸੰਪਰਦਾਇਕ ਦੰਗਿਆਂ ਦਾ ਹੋਣਾ। ਖਾਸ ਕਰਕੇ ਦਿੱਲੀ, ਗੁਲਬਰਗ, ਲਖ਼ਨਊ, ਸ਼ਾਹਜਹਾਂਪੁਰ, ਇਲਾਹਾਬਾਦ ਤੇ ਜੱਬਲਪੁਰ ਵਿਚ। ਸਭ ਤੋਂ ਵੱਧ ਭਿਅੰਕਰ ਦੰਗਾ ਕੋਹਾਟ ਵਿਚ ਹੋਇਆ। ਕੋਹਾਟ ਦੇ ਦੰਗੇ ਨੇ ਪੂਰੇ ਭਾਰਤ ਦਾ ਲੱਕ ਹੀ ਤੋੜ ਦਿੱਤਾ। ਦੰਗਿਆਂ ਦੇ ਕਾਰਨਾ ਤੇ ਹੋਰਨਾਂ ਪ੍ਰਸਥਿਤੀਆਂ ਦੇ ਸੰਬੰਧ ਵਿਚ ਗਾਂਧੀਜੀ ਤੇ ਮੌਲਾਨਾ ਮੁਹੰਮਦ ਅਲੀ ਦੀ ਇਕ ਕਮੇਟੀ ਨਿਯੁਕਤ ਕੀਤੀ ਗਈ। ਦੋਹਾਂ ਨੇ ਰਿਪੋਰਟ ਪੇਸ਼ ਕੀਤੀ, ਪਰ ਮੰਦੇ ਭਾਗੀਂ ਦੋਹਾਂ ਦੇ ਇਸ ਵਿਸ਼ੇ ਉੱਪਰ ਮੱਤਭੇਦ ਸਨ ਕਿ ਦੰਗਿਆਂ ਦੀ ਜ਼ਿੰਮੇਵਾਰੀ ਕਿਸ 'ਤੇ ਹੈ। ਕੋਹਾਟ ਦੇ ਦੰਗਿਆਂ ਬਾਰੇ ਜਿਹੜੀ ਰਿਪੋਰਟ ਪ੍ਰਕਾਸ਼ਿਤ ਹੋਈ, ਉਸ ਅਨੁਸਾਰ 9 ਤੇ 10 ਦਸੰਬਰ ਦੇ ਗੋਲੀ ਕਾਂਢ ਤੇ ਕਤਲੇਆਮ ਪਿੱਛੋਂ ਇਕ ਸਪੈਸ਼ਲ ਟਰੇਨ 4000 ਹਿੰਦੂ ਸਵਾਰੀਆਂ ਲਿਜਾਅ ਰਹੀ ਸੀ। ਇਹਨਾਂ ਵਿਚ 2600 ਪਿਛਲੇ ਦੋ ਮਹੀਨੇ ਤੋਂ ਰਾਵਲਪਿੰਡੀ ਦੀ ਜਨਤਾ ਦੀ ਤੇ 1140 ਹੋਰ ਸਥਾਨਾਂ ਦੀ ਜਨਤਾ ਦੀ ਦਾਨਸ਼ੀਲਤਾ ਉੱਤੇ ਜਿਊਂ ਰਹੇ ਸਨ।
“ਇਹਨਾਂ ਹਾਲਤਾਂ ਵਿਚ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਗਾਂਧੀਜੀ ਨੇ 21 ਦਿਨਾਂ ਦਾ ਵਰਤ ਰੱਖ ਲਿਆ। ਇਸ ਕਰੋਧ-ਪ੍ਰਦਰਸ਼ਨ ਤੇ ਹੱਤਿਆ ਪ੍ਰਵਿਰਤੀ ਦਾ ਜ਼ਿੰਮੇਵਾਰ ਆਪਣੇ ਆਪ ਨੂੰ ਠਹਿਰਾਇਆ ਤੇ ਵਰਤ ਰੱਖ ਕੇ ਪ੍ਰਾਸ਼ਚਿਤ ਕਰਨ ਦਾ ਫ਼ੈਸਲਾ ਕੀਤਾ।...ਇਹ ਉਹਨਾਂ ਲਈ ਅਗਨੀ-ਪ੍ਰੀਖਿਆ ਸੀ। ਗਾਂਧੀਜੀ ਨੇ ਵਰਤ ਮੌਲਾਨਾ ਮੁਹੰਮਦ ਅਲੀ ਦੇ ਮਕਾਨ ਵਿਚ ਸ਼ੁਰੂ ਕੀਤਾ, ਪਰ ਪਿੱਛੋਂ ਉਹਨਾਂ ਨੂੰ ਸ਼ਹਿਰ ਦੇ ਬਾਹਰ-ਵਾਰ ਇਕ ਮਕਾਨ ਵਿਚ ਲੈ ਜਾਇਆ ਗਿਆ। ਇਸ ਮੌਕੇ ਦਾ ਲਾਭ ਲੈਂਦਿਆਂ ਸਾਰੀਆਂ ਜਾਤੀਆਂ ਦੇ ਨੇਤਾਵਾਂ ਨੂੰ ਇਕੱਤਰ ਕੀਤਾ ਗਿਆ। ਕਲਕੱਤੇ ਦੇ ਵੱਡੇ ਪਾਦਰੀ ਵੀ ਸ਼ਾਮਲ ਹੋਏ। ਇਹ ਏਕਤਾ ਪਰੀਸ਼ਦ 26 ਸਤੰਬਰ ਤੋਂ 2 ਅਕਤੂਬਰ 1924 ਤਕ ਹੁੰਦੀ ਰਹੀ। ਪਰੀਸ਼ਦ ਦੇ ਮੈਂਬਰਾਂ ਨੇ ਪ੍ਰਤੀਗਿਆ ਲਈ ਕਿ ਉਹ ਧਰਮ ਤੇ ਮਤ-ਪੰਥ ਦੀ ਸੁਤੰਤਰਤਾ ਦੇ ਸਿਧਾਂਤ ਦੀ ਪਾਲਨਾ ਕਰਾਉਣ ਦੀ ਵਧ ਤੋਂ ਵਧ ਕੋਸ਼ਿਸ਼ ਕਰਨਗੇ ਤੇ ਉਤੇਜਨਾ ਹੋਣ ਤੇ ਵੀ ਇਹਨਾਂ ਵਿਰੁੱਧ ਕੀਤੇ ਗਏ ਕਾਰਜ ਦੀ ਨਿੰਦਿਆ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਇਕ ਕੇਂਦਰੀ ਰਾਸ਼ਟਰੀ ਪੰਚਾਇਤ ਬਣਾਈ ਗਈ, ਜਿਸਦੇ ਪ੍ਰਬੰਧਕ ਤੇ ਪ੍ਰਧਾਨ ਗਾਂਧੀਜੀ ਬਣਾਏ ਗਏ ਤੇ ਹਕੀਮ ਅਜਮਲ ਖ਼ਾਂ, ਲਾਲਾ ਲਾਜਪਤ ਰਾਏ, ਕੇ.ਐਫ. ਨਰੀਮਨ, ਡੀ.ਐਸ.ਕੇ. ਦੱਤ ਤੇ ਲਾਇਲਪੁਰ ਦੇ ਮਾਸਟਰ ਸੁੰਦਰ ਸਿੰਘ ਮੈਂਬਰ ਚੁਣੇ ਗਏ। ਪਰੀਸ਼ਦ ਨੇ ਧਾਰਮਕ ਸਿਧਾਂਤਾਂ ਨੂੰ ਮੰਨਣ, ਧਾਰਮਕ ਵਿਚਾਰ ਪ੍ਰਗਟਾਉਣ ਤੇ ਧਾਰਮਕ ਰੀਤੀ-ਰਿਵਾਜ਼ਾਂ ਦਾ ਪਾਲਨ ਕਰਨ, ਧਰਮ ਸਥਾਨਾਂ ਦੀ ਪਵਿੱਤਰਤਾ ਦਾ ਧਿਆਨ ਰੱਖਣ ਤੇ ਗਊ-ਹੱਤਿਆ ਤੇ ਮਸਜਿਦ ਸਾਹਮਣੇ ਵਾਜਾ ਵਜਾਉਣ ਦੇ ਸੰਬੰਧ ਵਿਚ ਸਭਨਾਂ ਦੀ ਇਕੋ ਜਿਹੀ ਜਿੰਮੇਵਾਰੀ ਮੰਨਿਆਂ, ਪਰ ਨਾਲ ਹੀ ਉਹਨਾਂ ਦੀਆਂ ਮਰਿਆਦਾਵਾਂ ਦੇ ਪਾਲਨ ਦੀ ਹਦਾਇਤ ਵੀ ਦਿੱਤੀ। ਅਖ਼ਬਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਸੰਪਰਦਾਇਕ ਮਾਮਲਿਆਂ ਉੱਪਰ ਸੋਚ-ਵਿਚਾਰ ਕੇ ਲਿਖਿਆ ਕਰਨ, ਤੇ ਜਨਤਾ ਨੂੰ ਬੇਨਤੀ ਕੀਤੀ ਗਈ ਕਿ ਗਾਂਧੀਜੀ ਦੇ ਵਰਤ ਦੇ ਆਖ਼ਰੀ ਹਫ਼ਤੇ ਦੇਸ਼ ਭਰ ਵਿਚ ਪ੍ਰਾਰਥਨਾਵਾਂ ਕੀਤੀਆਂ ਜਾਣ। 2 ਅਕਤੂਬਰ ਨੂੰ ਜਨ-ਸਭਾਵਾਂ ਰਾਹੀਂ ਈਸ਼ਵਰ ਦਾ ਧੰਨਵਾਦ ਕਰਨ ਲਈ ਪੱਕਾ ਕੀਤਾ ਗਿਆ।”
ਗਾਂਧੀ ਨੇ ਦੰਗਿਆਂ ਲਈ ਆਪਣੇ ਆਪ ਨੂੰ ਠੀਕ ਹੀ ਜ਼ਿੰਮੇਵਾਰ ਠਹਿਰਾਇਆ, ਪਰ ਕਰਾਂਤੀ ਨੂੰ ਪੁੱਠੇ-ਪੈਰੀਂ ਮੋੜ ਦੇਣ ਦੇ ਪਾਪ ਦਾ ਇਹ ਵਰਤ ਕੋਈ ਪ੍ਰਾਸ਼ਚਿਤ ਨਹੀਂ ਸੀ, ਬਲਕਿ ਇਸਦੇ ਸੂਖਮ ਵਿਸ਼ਲੇਸ਼ਣ ਨਾਲ ਇਹ ਸਿੱਟੇ ਨਿਕਲਦੇ ਹਨ...:
(1) ਇਹ ਵਰਤ ਗਾਂਧੀ ਨੇ ਮੁੜ ਰਾਜਨੀਤੀ ਵਿਚ ਆਉਣ ਤੇ ਆਪਣੀ ਧੁੰਦਲਾ ਚੁੱਕੀ ਦਿੱਖ ਨੂੰ ਮੁੜ ਪੋਚਣ-ਪੂੰਝਣ ਲਈ ਰੱਖਿਆ ਸੀ।
(2) ਲੇਨਿਨ ਨੇ 1905 ਦੀ ਰੂਸੀ ਕਰਾਂਤੀ ਦਾ ਵਿਸ਼ਲੇਸਣ ਕਰਦਿਆਂ ਹੋਇਆ ਲਿਖਿਆ ਹੈ ਕਿ ਇਸ ਕਰਾਂਤੀ ਦੀ ਅਸਫਲਤਾ ਨਾਲ ਟਾਲਸਟਾਏ ਦੀ ਮੌਤ ਹੋਈ, ਕਿਉਂਕਿ ਹਾਰੀ ਹੋਈ ਫ਼ੌਜ ਵਾਂਗ, ਹਾਰੀ ਹੋਈ ਜਨਤਾ ਵੀ ਬੜਾ ਕੁਝ ਸਿਖਦੀ ਹੈ। ਅਸਹਿਯੋਗ ਅੰਦੋਲਨ ਦੀ ਅਸਫਲਤਾ ਨਾਲ ਸਾਡੀ ਜਨਤਾ ਨੇ ਬੜਾ ਕੁਝ ਸਿਖਿਆ ਸੀ—ਤੇ ਗਾਂਧੀਵਾਦ ਦਮ ਤੋੜ ਰਿਹਾ ਸੀ। ਵਰਤ ਰੱਖ ਕੇ ਉਸਨੂੰ ਜਿਊਂਦਾ ਰੱਖਣ ਦਾ ਟੀਕਾ ਲਾਇਆ ਗਿਆ।
(3) ਜਿਸ ਤਰ੍ਹਾਂ ਖ਼ਿਲਾਫ਼ਤ ਨਾਲ ਹੋਏ ਅਰਥਹੀਣ, ਅਵਸਰਵਾਦੀ ਸਮਝੌਤੇ ਨਾਲ ਧਾਰਮਕ ਰੂੜੀਵਾਦ ਤੇ ਅੰਧਵਿਸ਼ਵਾਸ ਨੂੰ ਹੱਲਾਸ਼ੇਰੀ ਮਿਲੀ, ਉਸੇ ਤਰ੍ਹਾਂ ਇਸ ਮੌਕੇ 'ਤੇ ਬੁਲਾਈ ਗਈ ਏਕਤਾ ਪਰੀਸ਼ਦ ਨੂੰ ਵੀ ਮਿਲੀ। ਆਖ਼ਰ ਇਸ ਦਾ ਮੰਤਕ ਕੀ ਸੀ? ਇਤਿਹਾਸ ਗਵਾਹ ਹੈ ਕਿ ਇਸ ਪਿੱਛੋਂ ਵੀ ਦੰਗੇ ਘੱਟ ਹੋਣ ਦੀ ਬਜਾਏ ਵਧੇ ਹੀ ਸਨ।
(4) ਵਰਤ ਦੇ ਆਖ਼ਰੀ ਹਫ਼ਤੇ ਵਿਚ ਦੇਸ਼ ਭਰ ਵਿਚ ਪ੍ਰਾਰਥਨਾਂ ਤੇ 2 ਅਕਤੁਬਰ ਨੂੰ ਈਸ਼ਵਰ ਦਾ ਧੰਨਵਾਦ ਕਰਨ ਦਾ ਇਕੋ ਇਕ ਉਦੇਸ਼ ਗਾਂਧੀ ਦੇ ਮਹੱਤਵ ਨੂੰ ਵਧਾਉਣਾ ਤੇ ਸੋਸ਼ਣ-ਪੀੜੇ ਲੋਕਾਂ ਨੂੰ ਧਰਮ ਦੀ ਅਫੀਮ ਪਿਆ ਕੇ ਸਥਿਤੀਆਂ-ਜਾਈ, ਵਰਗ-ਚੇਤਨਾ ਨੂੰ ਕੁੰਢਿਆਂ ਕਰਨ ਦੇ ਸਿਵਾਏ ਹੋਰ ਕੁਝ ਨਹੀਂ ਸੀ।
(5) ਗਾਂਧੀ ਨੇ ਗੋਪੀ ਨਾਥ ਸਾਹਾ ਦੀ ਕਰਾਂਤੀਕਾਰੀ ਹਿੰਸਾ ਨੂੰ ਸਵਰਾਜ ਦੀ ਰਾਹ ਵਿਚ ਰੁਕਾਵਟ ਤੇ ਸਤਿਆਗ੍ਰਹਿ ਦੀ ਤਿਆਰੀ ਵਿਚ ਅੜਿੱਕਾ ਦੱਸਿਆ। ਜਦਕਿ ਅਸਲ ਗੱਲ ਇਹ ਸੀ ਕਿ ਸਤਿਆਗ੍ਰਹਿ, ਅਹਿੰਸਾ ਤੇ ਵਰਤ ਕਰਾਂਤੀ ਦੀਆਂ ਸ਼ਕਤੀਆਂ ਨੂੰ ਕਮਜ਼ੋਰ ਕਰਦੇ ਸਨ ਤੇ 'ਦੇਸ਼ੀ ਵਿਦੇਸ਼ੀ ਗੁੱਝੇ-ਸਵਾਰਥ', ਗਾਂਧੀ ਨੂੰ ਇਸ ਲਈ ਇਸਤੇਮਾਲ ਕਰ ਰਹੇ ਸਨ।
ਲਿਖਿਆ ਹੈ : “ਸਰਬ-ਦਲ ਸੰਮੇਲਨ ਨੇ ਬੰਗਾਲ ਦੀ ਅਸ਼ਾਂਤੀ ਦਾ ਕਾਰਨ ਸਵਰਾਜ ਨਾ ਮਿਲਣਾ ਦੱਸਿਆ ਤੇ ਇਕ ਕਮੇਟੀ ਨਿਯੁਕਤ ਕੀਤੀ, ਜਿਸ ਦੇ ਜ਼ਿੰਮੇ ਸਵਰਾਜ ਦੀ ਯੋਜਨਾ ਤੇ ਸੰਪਰਦਾਇਕ ਸਮਝੌਤੇ ਤਿਆਰ ਕਰਨ ਦਾ ਕੰਮ ਲਾਇਆ ਗਿਆ। ਇਸ ਕਮੇਟੀ ਵਿਚ ਦੇਸ਼ ਦੇ ਸਾਰੇ ਰਾਜਨੀਤਕ ਦਲਾਂ ਦੇ ਪ੍ਰਮੁੱਖ ਵਿਅਕਤੀਆਂ ਨੂੰ ਲਿਆ ਗਿਆ। 31 ਮਾਰਚ 1925 ਤਕ ਰਿਪੋਰਟ ਮੰਗੀ ਗਈ। ਪਰੀਸ਼ਦ ਦੁਆਰਾ ਇਸ ਵਿਸ਼ੇਸ਼ ਕੰਮ ਦੇ ਹੋਣ ਦੀ ਆਸ ਨਹੀਂ ਸੀ, ਪਰ ਇਸ ਨਾਲ ਦੇਸ਼ਬੰਧੁ ਚਿਤਰੰਜਨ ਦਾਸ ਦੀ ਗਿਰਫਤਾਰੀ ਰੁਕ ਗਈ।”
ਜਾਦੂ ਉਹ ਜਿਹੜਾ ਸਿਰ ਚੜ੍ਹ ਕੇ ਬੋਲੇ, ਪਰੀਸ਼ਦ ਦੁਆਰਾ ਕੋਈ ਵਿਸ਼ੇਸ਼ ਕੰਮ ਹੋਣ ਦੀ ਨਾ ਉਮੀਦ ਸੀ, ਨਾ ਹੋਇਆ। ਇਹ ਤਾਂ ਸਿਰਫ ਇਕ ਨਾਟਕ ਸੀ। ਹਾਂ, ਬੰਗਾਲ ਦੀ ਅਸ਼ਾਂਤੀ ਦਾ ਕਾਰਨ ਸਵਰਾਜ ਦਾ ਨਾ ਮਿਲਣਾ ਦੱਸਣਾ ਸਹੀ ਸੀ। ਇਸ ਅਸ਼ਾਂਤੀ ਕਾਰਨ ਜਿਹੜੀਆਂ ਕਰਾਂਤੀਕਾਰੀ ਸ਼ਕਤੀਆਂ ਉਭਰ ਰਹੀਆਂ ਸਨ, ਉਹਨਾਂ ਨੂੰ ਕੁਚਲਨ ਲਈ ਲਾਰਡ ਰੀਡਿੰਗ ਨੇ 1924 ਵਿਚ ਆਰਡੀਨੈਂਸ ਨੰਬਰ 1 ਜਾਰੀ ਕੀਤਾ, ਜਿਸ ਦੁਆਰਾ ਉਹਨਾਂ ਲੋਕਾਂ ਨੂੰ, ਜਿਹਨਾਂ ਉੱਤੇ ਸਥਾਨਿਕ ਸਰਕਾਰ ਦੁਆਰਾ ਕਰਾਂਤੀਕਾਰੀ ਦਲ ਨਾਲ ਸੰਬੰਧ ਰੱਖਣ ਦਾ ਸ਼ੱਕ ਕੀਤਾ ਜਾਂਦਾ ਹੋਏ, ਗਿਰਫਤਾਰ ਕੀਤਾ ਜਾ ਸਕਦਾ ਸੀ ਤੇ ਸਪੈਸ਼ਲ ਕਮਿਸ਼ਨਰ ਦੀ ਅਦਾਲਤ ਵਿਚ ਉਹਨਾਂ ਦੇ ਮਾਮਲਿਆਂ ਦਾ ਸਰਸਰੀ ਢੰਗ ਨਾਲ ਫ਼ੈਸਲਾ ਕੀਤਾ ਜਾ ਸਕਦਾ ਸੀ। ਪਰੀਸ਼ਦ ਨੇ ਇਸ ਆਰਡੀਨੈਂਸ ਦੀ ਨਿੰਦਿਆ ਕੀਤੀ ਸੀ, ਪਰ ਕਰਾਂਤੀਕਾਰੀਆਂ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਜਾਂ ਕਰਨ ਦੀ ਲੋੜ ਨਹੀਂ ਸੀ ਸਮਝੀ ਗਈ। ਉਹਨਾਂ ਉੱਤੇ ਦਮਨ-ਚੱਕਰ ਚੱਲਦਾ ਹੈ ਤਾਂ ਚੱਲੇ। ਫੇਰ 1924 ਦਾ ਕਾਂਗਰਸ ਸੰਮੇਲਨ ਬੇਲਗਾਂਵ ਵਿਚ ਹੋਇਆ। ਗਾਂਧੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਿਰਫ ਏਨਾ ਕਿਹਾ ਕਿ 'ਇਹ ਸਭ ਸਵਰਾਜੀਆਂ ਦੇ ਵਿਰੁੱਧ ਕੀਤਾ ਜਾ ਰਿਹਾ ਹੈ।' ਪਰ ਸਵਰਾਜੀਆਂ ਤੇ ਸਤਿਆਗ੍ਰਹੀਆਂ ਨਾਲ ਤਾਂ ਖਿਲਵਾੜ ਹੋ ਹੀ ਰਿਹਾ ਸੀ, ਉਦਾਹਰਨ ਵੇਖ ਲਓ...:
“ਨਾਗਪੁਰ ਦੀ ਪੁਲਸ ਨੇ 1 ਮਈ 1923 ਨੂੰ ਧਾਰਾ 144 ਅਨੁਸਾਰ ਸਿਵਲ ਲਾਈਂਸ ਵਿਚ ਰਾਸ਼ਟਰੀ ਝੰਡੇ ਸਮੇਤ ਜਲੂਸ ਲੈ ਕੇ ਜਾਣ ਦੀ ਮਨਾਹੀ ਕਰ ਦਿੱਤੀ। ਸਵੈਸੇਵਕਾਂ ਨੇ ਕਿਹਾ, ਸਾਨੂੰ ਅਧਿਕਾਰ ਹੈ ਜਿੱਥੇ ਚਾਹੀਏ ਝੰਡਾ ਲੈ ਜਾਈਏ। ਗਿਰਫਤਾਰੀਆਂ ਤੇ ਸਜ਼ਾਵਾਂ ਸ਼ੁਰੂ ਹੋ ਗਈਆਂ ਤੇ ਇਸ ਗੱਲ ਨੇ ਅੰਦੋਲਨ ਦਾ ਰੂਪ ਧਾਰ ਲਿਆ। ਕਾਂਗਰਸ ਮਹਾਸੰਮਤੀ ਨੇ ਆਪਣੀ 2 ਤੇ 10 ਜੁਲਾਈ ਦੀ ਬੈਠਕ ਵਿਚ ਇਸ ਅੰਦੋਲਨ ਨੂੰ ਆਸ਼ੀਰਵਾਦ ਦਿੱਤਾ। ਇਸ ਨੂੰ ਚਲਾਉਣ ਦਾ ਭਾਰ ਬੱਲਭ ਭਾਈ ਪਟੇਲ ਨੂੰ ਸੌਂਪਿਆ ਤੇ ਕਿਹਾ, “ਅਗਲੀ 18 ਤਾਰੀਖ਼ ਨੂੰ ਜਿਹੜਾ ਗਾਂਧੀ ਦਿਵਸ ਆ ਰਿਹਾ ਹੈ, ਉਸਨੂੰ ਝੰਡਾ ਦਿਵਸ ਕਹਿ ਕੇ ਮਨਾਇਆ ਜਾਏ।” ਲਿਖਿਆ ਹੈ...“ਦੇਸ਼ ਦੇ ਕੋਨੇ ਕੋਨੇ ਵਿਚ ਸਵੈਸੇਵਕ ਭੇਜੇ ਜਾਣੇ ਸ਼ੁਰੂ ਹੋ ਗਏ ਤੇ ਇਸ ਝੰਡਾ ਸਤਿਆਗ੍ਰਹਿ ਨੇ ਦੇਖਦਿਆਂ ਦੇਖਦਿਆਂ ਹੀ ਅਖਿਲ ਭਾਰਤੀ ਅੰਦੋਲਨ ਦਾ ਰੂਪ ਧਾਰ ਲਿਆ। ਕਾਂਗਰਸ ਕਹਿੰਦੀ ਸੀ ਕਿ ਸੜਕ ਸਭ ਲਈ ਹੈ, ਸਾਨੂੰ ਅਧਿਕਾਰ ਹੈ ਜਿੱਥੇ ਚਾਹੀਏ, ਬਿਨਾਂ ਕਿਸੇ ਰੁਕਾਵਟ ਦੇ ਜਾਈਏ। ਬੱਲਭ ਭਾਈ ਪਟੇਲ ਨੇ ਜਲੂਸ ਦਾ ਰਸਤਾ ਨਿਸਚਿਤ ਕਰਕੇ ਜਨਤਾ ਦੀ ਸਾਰੀ ਗ਼ਲਤ-ਫ਼ਹਿਮੀ ਦੂਰ ਕਰ ਦਿੱਤੀ। ਧਾਰਾ 144 ਦੇ ਬਾਵਜੂਦ ਜਲੂਸ ਨਿਕਲਿਆ ਤੇ ਉਸਨੂੰ ਜਾਣ ਦਿੱਤਾ ਗਿਆ। ਅੱਧ-ਗੋਰੇ ਅਖ਼ਬਾਰਾਂ ਨੇ ਲਿਖਿਆ ਕਿ ਸਰਕਾਰ ਦੀ ਜਿੱਤ ਹੋਈ, ਕਿਉਂਕਿ ਕਾਂਗਰਸ ਨੇ ਇਜਾਜ਼ਤ ਦੀ ਦਰਖ਼ਾਸਤ ਦਿੱਤੀ ਸੀ ਤੇ ਕਾਂਗਰਸ ਦਾ ਕਹਿਣਾ ਹੈ ਕਿ ਅਸੀਂ ਇੰਜ ਨਹੀਂ ਕੀਤਾ। ਦਿੱਲੀ ਕਾਂਗਰਸ ਨੇ ਨਾਗਪੁਰ ਦੇ ਝੰਡਾ ਸਤਿਆਗ੍ਰਹਿ ਦੇ ਪ੍ਰਬੰਧਕਾਂ ਤੇ ਸਵੈਸੇਵਕਾਂ ਨੂੰ ਆਪਣੇ ਬਹਾਦਰੀ ਭਰੇ ਬਲੀਦਾਨ ਤੇ ਕਸ਼ਟ ਝੱਲਣ ਦੀ ਮਰਿਆਦਾ ਰਾਹੀਂ ਯੁੱਧ ਨੂੰ ਅੰਤ ਤਕ ਨਿਭਾਉਣ ਤੇ ਇੰਜ ਆਪਣੇ ਦੇਸ਼ ਦੇ ਮਾਣ-ਸਨਮਾਣ ਦੀ ਰੱਖਿਆ ਕਰਨ ਲਈ ਦਿਲੋਂ ਵਧਾਈ ਦਿੱਤੀ।”
ਕੀ ਇਹ ਸਤਿਆਗ੍ਰਹਿ ਦੇਸ਼ ਦੀਆਂ ਅਸਲ ਸਮੱਸਿਆਵਾਂ ਤੇ ਉਹਨਾਂ ਲਈ ਕੀਤੇ ਜਾਣ ਵਾਲੇ ਸੰਘਰਸ਼ ਵੱਲੋਂ ਜਨਤਾ ਦਾ ਧਿਆਨ ਨਹੀਂ ਹਟਾਉਂਦਾ? ਕੀ ਇਸ ਸੰਦਰਭ ਵਿਚ ਬਹਾਦਰੀ ਭਰੇ ਬਲੀਦਾਨ, ਯੁੱਧ, ਦੇਸ਼ ਤੇ ਮਾਣ-ਸਨਮਾਣ ਸਿਰਫ ਲਫ਼ਜੀ ਲਿਫ਼ਾਫ਼ੇਬਾਜ਼ੀ ਨਹੀਂ? ਪਰ ਡਾ. ਪੱਟਾਭਿ ਸੀਤਾਰਾਮੈਯਾ ਨੇ ਇਸ ਝੰਡਾ ਸਤਿਆਗ੍ਰਹਿ ਦਾ ਬੜੇ ਮਾਣ ਤੇ ਵਿਸਥਾਰ ਨਾਲ ਵਰਨਣ ਕੀਤਾ ਹੈ। ਧਰਮ ਸਨਮਾਣ ਦੀ ਰੱਖਿਆ ਦੇ ਅਜਿਹੇ ਹੀ ਇਕ ਸਤਿਆਗ੍ਰਹਿ ਦੀ ਕਹਾਣੀ ਨੂੰ ਜਵਾਹਰ ਲਾਲ ਨਹਿਰੂ ਨੇ ਆਪਣੀ ਆਤਮ ਕਥਾ 'ਮੇਰੀ ਕਹਾਣੀ' ਵਿਚ ਇੰਜ ਬਿਆਨ ਕੀਤੀ ਹੈ...:
“ਜਨਵਰੀ 1924 ਵਿਚ ਕੁੰਭ ਦਾ ਮੇਲਾ ਸੀ। ਇਸ ਪਰਵ 'ਤੇ ਲੱਖਾਂ ਯਾਤਰੀ ਸੰਗਮ ਵਿਚ ਇਸ਼ਨਾਨ ਕਰਨ ਆਉਂਦੇ ਹਨ। ਪਰ ਉਸ ਵਰ੍ਹੇ ਗੰਗਾ ਦਾ ਵਹਾਅ ਖਤਰਨਾਕ ਹੋਇਆ ਹੋਇਆ ਸੀ ਤੇ ਸਰਕਾਰ ਨੇ ਸੰਗਮ ਵਿਚ ਨਹਾਉਣ ਉੱਪਰ ਕੁਛ ਪਾਬੰਦੀਆਂ ਲਾ ਦਿੱਤੀਆਂ ਸਨ। ਹੁਣ ਨਹਾਉਣ ਦਾ ਮਹੱਤਵ ਤਾਂ ਸੰਗਮ ਵਿਚ ਹੀ ਸੀ, ਇਸ ਲਈ ਪੰਡਤ ਮਦਨ ਮੋਹਨ ਮਾਲਵੀਆ ਨੇ ਇਹਨਾਂ ਪਾਬੰਦੀਆਂ ਉੱਤੇ ਇਤਰਾਜ਼ ਕੀਤਾ ਤੇ ਜੇ ਉਹਨਾਂ ਨੂੰ ਨਾ ਹਟਾਇਆ ਗਿਆ ਤਾਂ ਸਤਿਆਗ੍ਰਹਿ ਕਰਨ ਦੀ ਚਿਤਾਵਨੀ ਦੇ ਦਿੱਤੀ।
“ਕੁੰਭ ਵਾਲੇ ਦਿਨ ਸਵੇਰੇ-ਸਵੇਰੇ ਜਵਾਹਰ ਲਾਲ ਨਹਿਰੂ ਉਂਜ ਹੀ ਮੇਲਾ ਦੇਖਣ ਦੀ ਨੀਅਤ ਨਾਲ ਸੰਗਮ ਵੱਲ ਜਾ ਨਿਕਲੇ। ਉਹਨਾਂ ਦਾ ਇਰਾਦਾ ਉਹਨਾਂ ਦੇ ਆਪਣੇ ਕਥਨ ਅਨੁਸਾਰ ਨਹਾਉਣ ਦਾ ਬਿਲਕੁਲ ਨਹੀਂ ਸੀ, ਕਿਉਂਕਿ ਗੰਗਾ ਇਸ਼ਨਾਨ ਕਰਕੇ ਪੂੰਨ ਕਮਾਉਣ ਵਿਚ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ। ਜਦੋਂ ਉਹਨਾਂ ਨੇ ਮਾਲਵੀਆ ਜੀ ਨੂੰ ਦੋ ਸੌ ਆਦਮੀਆਂ ਨਾਲ ਜ਼ਿਲਾ ਮਜਿਸਟਰੇਟ ਦੀ ਮਨਾਹੀ ਦੇ ਬਾਵਜੂਦ ਸੰਗਮ ਵੱਲ ਵਧਦੇ ਦੇਖਿਆ ਤਾਂ ਝੱਟ ਜੋਸ਼ ਵਿਚ ਆ ਕੇ ਉਸ ਸਤਿਆਗ੍ਰਹੀ-ਟੋਲੇ ਵਿਚ ਸ਼ਾਮਿਲ ਹੋ ਗਏ। ਘੋੜਸਵਾਰ ਤੇ ਪੈਦਲ ਪੁਲਸ ਵਾਲਿਆਂ ਨੇ ਸਤਿਆਗ੍ਰਹੀਆਂ ਨੂੰ ਘੇਰ ਲਿਆ, ਹਲਕਾ ਜਿਹਾ ਡੰਡਾ ਵੀ ਵਾਹਿਆ, ਪਰ ਮਾਲਵੀਆ ਜੀ ਤੇ ਸਤਿਆਗ੍ਰਹੀ ਆਪਣੀ ਥਾਵੇਂ ਡਟੇ ਰਹੇ। ਇਸੇ ਹਾਲਤ ਵਿਚ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਮਾਲਵੀਆ ਜੀ ਯਕਲਖ਼ਤ ਉੱਠੇ ਤੇ ਤੀਰ ਵਾਂਗ ਘੋੜਿਆਂ ਤੇ ਪੁਲਸ ਵਾਲਿਆਂ ਦੇ ਵਿਚਕਾਰੋਂ ਨਿਕਲ ਕੇ ਗੰਗਾ ਵਿਚ ਕੁੱਦੀ ਜਾ ਲਾਈ। ਜਵਾਹਰ ਲਾਲ ਤੇ ਹੋਰ ਸਤਿਆਗ੍ਰਹੀ ਵੀ ਉਹਨਾਂ ਦੇ ਪਿੱਛੇ ਪਿੱਛੇ ਦੌੜ ਪਏ ਤੇ ਸਾਰਿਆਂ ਨੇ ਪਾਣੀ ਵਿਚ ਜਾ ਕੁੱਦੀਆਂ ਲਾਈਆਂ। ਇਸ ਪਿੱਛੋਂ ਪੁਲਸ ਉੱਥੋਂ ਹਟਾਅ ਲਈ ਗਈ।”
ਗਾਂਧੀ ਨਾਲ ਗੱਲਬਾਤ ਕਰਕੇ ਦੇਸ਼ਬੰਧੁ ਚਿਤਰੰਜਨ ਦਾਸ ਤੇ ਮੋਤੀ ਲਾਲ ਨਹਿਰੂ ਨੇ ਸਵਰਾਜ ਪਾਰਟੀ ਦੇ ਭਾਵੀ ਕਾਰਜ-ਕੰਮਾਂ ਬਾਰੇ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਇਹ ਗੱਲ ਵੀ ਸ਼ਾਮਲ ਸੀ...:
“ਨਾਲ ਹੀ ਸਾਨੂੰ ਮਜ਼ਦੂਰਾਂ ਕਿਸਾਨਾਂ ਦੇ ਸੰਗਠਨ ਬਣਾ ਕੇ ਕਾਂਗਰਸ ਦੇ ਕੰਮ ਦੀ ਪੂਰਤੀ ਕਰਨੀ ਚਾਹੀਦੀ ਹੈ। ਮਜ਼ਦੂਰ ਸਮੱਸਿਆ ਸਾਰੇ ਦੇਸ਼ਾਂ ਵਿਚ ਇਕ ਕਠਿਨ ਸਮੱਸਿਆ ਹੈ। ਪਰ ਇਸ ਦੇਸ਼ ਵਿਚ ਉਹਨਾਂ ਦੀਆਂ ਕਠਿਨਾਈਆਂ ਹੋਰ ਵੀ ਵਧ ਗਈਆਂ ਹਨ। ਜਿੱਥੇ ਅਸੀਂ ਇਕ ਇਸ ਤਰ੍ਹਾਂ ਦਾ ਸੰਗਠਨ ਬਣਾਉਣਾ ਚਾਹੁੰਦੇ ਹਾਂ, ਜਿਸ ਦੁਆਰਾ ਪੂੰਜੀਪਤੀ ਤੇ ਜ਼ਿਮੀਂਦਾਰ ਮਜ਼ਦੂਰਾਂ ਦਾ ਸੋਸ਼ਣ ਨਾ ਕਰ ਸਕਣ, ਉੱਥੇ ਇਸ ਗੱਲ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਕਿਤੇ ਇਹੀਆਂ ਸੰਸਥਾਵਾਂ ਵਧ-ਚੜ੍ਹ ਕੇ ਵੱਡੀਆਂ ਮੰਗਾਂ ਪੇਸ਼ ਕਰਕੇ ਅਤਿਆਚਾਰ ਦਾ ਸਾਧਨ ਨਾ ਬਣ ਜਾਣ। ਮਜ਼ਦੂਰਾਂ ਨੂੰ ਸੱਚਮੁੱਚ ਮਦਦ ਦੀ ਲੋੜ ਹੈ, ਪਰ ਇਵੇਂ ਹੀ ਉਦਯੋਗਿਕ ਧੰਦਿਆਂ ਨੂੰ ਮਦਦ ਮਿਲਣੀ ਜ਼ਰੂਰੀ ਹੈ। ਟਰੇਡ ਯੂਨੀਅਨ ਕਾਂਗਰਸ ਦਾ ਸੰਗਠਨ ਇਸ ਰੂਪ ਵਿਚ ਹੋਣਾ ਚਾਹੀਦਾ ਹੈ ਕਿ ਉਹ ਦੋਹਾਂ ਲਈ ਲਾਭਕਾਰੀ ਸਿੱਧ ਹੋਵੇ। ਸਾਡੀ ਰਾਏ ਦੇ ਅੰਤ ਵਿਚ ਤਾਂ ਦੋਹਾਂ ਪੱਖਾਂ ਦੇ ਹਿਤ ਤੇ ਦੇਸ਼ ਦੇ ਹਿਤ ਬਰਾਬਰ ਹਨ।”
ਇਸ ਉੱਤੇ ਕਿਸੇ ਟਿੱਪਣੀ ਦੀ ਲੋੜ ਨਹੀਂ। ਮਜ਼ਦੂਰਾਂ-ਕਿਸਾਨਾਂ ਦੀ ਵਧਦੀ ਹੋਈ ਤਾਕਤ ਦਾ ਡਰ ਸਾਫ਼ ਜ਼ਾਹਰ ਹੈ। ਕਾਂਗਰਸੀ ਨੇਤਾਵਾਂ ਨੇ ਮਜ਼ਦੂਰ ਸੰਗਠਨਾਂ ਨੂੰ ਆਪਣੇ ਹੱਥ ਹੇਠ ਰੱਖ ਕੇ ਉਦਯੋਗ-ਪਤੀਆਂ ਤੇ ਜ਼ਿਮੀਂਦਾਰਾਂ ਦੇ ਹਿਤਾਂ ਦੀ ਰਾਖੀ ਕਰਨੀ ਸੀ। ਇਸ ਕਰਾਂਤੀਕਾਰੀ ਸ਼ਕਤੀ ਦਾ ਡਰ ਬ੍ਰਿਟਿਸ਼ ਸਰਕਾਰ ਨੂੰ ਵੀ ਸੀ ਤੇ ਇਸਨੂੰ ਕਮਜ਼ੋਰ ਕਰਨ ਲਈ ਉਹ ਦਮਨਕਾਰੀ ਕਾਨੂੰਨ ਬਣਾ ਰਹੀ ਸੀ, ਦੰਗੇ ਭੜਕਾ ਰਹੀ ਤੇ ਗਾਂਧੀ ਦੇ ਅਹਿੰਸਾ ਤੇ ਸਤਿਆਗ੍ਰਹਿ ਨੂੰ ਸਿੱਧ-ਸਿਧਾਂਤਕ-ਅਸਤਰ ਦੇ ਤੌਰ 'ਤੇ ਇਸਤੇਮਾਲ ਕਰ ਰਹੀ ਸੀ।
ਮਜ਼ਦੂਰਾਂ ਕਿਸਾਨਾਂ ਦੀ ਇਸ ਕਰਾਂਤੀਕਾਰੀ ਸ਼ਕਤੀ ਦੇ ਦਬਾ ਨਾਲ ਹੀ ਸਰਬ-ਦਲ ਸੰਮੇਲਨ ਦੁਆਰਾ ਸਵਰਾਜ ਦੇ ਪ੍ਰਬੰਧ ਲਈ ਕਮੇਟੀ ਨਿਯੁਕਤ ਕੀਤੀ ਗਈ ਸੀ। ਕਮੇਟੀ ਨੇ ਨਾ ਕੁਝ ਕਰਨਾ ਸੀ ਤੇ ਨਾ ਕੀਤਾ। ਪਰ ਸਮੇਂ ਦਾ ਇਹ ਪ੍ਰਮੁੱਖ ਸਵਾਲ ਸੀ, ਜਿਸਨੂੰ ਅਣਡਿੱਠ ਕਰਨਾ ਸੰਭਵ ਨਹੀਂ ਸੀ। ਬੇਲਗਾਂਵ ਕਾਂਗਰਸ ਵਿਚ ਗਾਂਧੀ ਦੇ ਪ੍ਰਧਾਨਗੀ ਭਾਸ਼ਣ ਨੂੰ ਸੰਖੇਪ ਵਿਚ ਪੇਸ਼ ਕਰਦਿਆਂ ਹੋਇਆਂ ਡਾ. ਪੱਟਾਭਿ ਸੀਤਾਰਾਮੈਯਾ ਨੇ ਲਿਖਿਆ ਹੈ...“ਪੂਰਨ-ਸਵਰਾਜ ਦੇ ਸਵਾਲ ਵੱਲ ਵੀ ਗਾਂਧੀਜੀ ਦਾ ਧਿਆਨ ਗਿਆ। ਅਹਿਮਦਾਬਾਦ ਪਿੱਛੋਂ ਉਹਨਾਂ ਦੇ ਵਿਚਾਰ ਸੱਜਣ ਹੋ ਗਏ ਸਨ, ਕਿਉਂਕਿ ਉਸ ਸਮੇਂ ਉਹ ਆਸਾਂ ਨਾਲ ਭਰੇ ਹੋਏ ਸਨ। ਪਰ ਹੁਣ ਜਿੱਥੋਂ ਤਕ ਸਰਕਾਰ ਦਾ ਰੰਗ-ਢੰਗ ਤੇ ਸਥਿਤੀ ਦਾ ਸੰਬੰਧ ਸੀ, ਗਾਂਧੀਜੀ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਸੀ। ਉਹਨਾਂ ਕਿਹਾ, 'ਮੈਂ ਸਾਮਰਾਜ ਦੇ ਅੰਦਰ ਹੀ ਸਵਰਾਜ ਬਣਾਉਣ ਦੀ ਕੋਸ਼ਿਸ਼ ਕਰਾਂਗਾ ਪਰ ਜੇ ਖ਼ੁਦ ਬ੍ਰਿਟਿਸ਼ ਦੇ ਦੋਸ਼ ਕਾਰਨ ਉਸ ਨਾਲ ਸਾਰੇ ਨਾਤੇ ਤੋੜਨਾ ਜ਼ਰੂਰੀ ਹੋਇਆ ਤਾਂ ਮੈਂ ਇੰਜ ਕਰਨ ਤੋਂ ਵੀ ਸੰਕੋਚ ਨਹੀਂ ਕਰਾਂਗਾ।'”
ਸਵਰਾਜ ਨੂੰ ਪੂਰਨ-ਸਵਰਾਜ ਨਾ ਕਹਿਣਾ ਤੇ ਉਸਦੀ ਵਿਆਖਿਆ ਨਾ ਕਰਕੇ ਰਹੱਸਮਈ ਬਣਾਈ ਰੱਖਣਾ ਵਰਗ-ਚੇਤਨਾ ਨੂੰ ਵਿਕਸਿਤ ਹੋਣ ਤੋਂ ਰੋਕਣਾ ਸੀ।
ਮਜ਼ਦੂਰ ਵਰਗ ਦੇ ਜੀਵਨ ਦਰਸ਼ਨ ਮਾਰਕਸਵਾਦ ਤੇ ਟਰਸਟੀਸ਼ਿਪ ਗਾਂਧੀਵਾਦ ਵਿਚਕਾਰ ਸੰਘਰਸ਼ ਇਸ ਨਵੇਂ ਯੁੱਗ ਦੀ ਇਕ ਵਿਸ਼ੇਸ਼ਤਾ ਸੀ, ਜਿਸ ਉੱਤੇ ਧਿਆਨ ਦੇਣਾ ਜ਼ਰੂਰੀ ਹੈ।


ਭਗਤ ਸਿੰਘ ਬਾਰੇ ਲਿਖਣ ਵਾਲੇ ਵਧੇਰੇ ਲੇਖਕਾਂ ਦੀ ਰਾਏ ਇਹ ਹੈ ਕਿ ਭਗਤ ਸਿੰਘ ਕਿਉਂਕਿ ਆਪਣੀਆਂ ਕਰਾਂਤੀਕਾਰੀ ਗਤੀ-ਵਿਧੀਆਂ ਕਰਕੇ ਪੁਲਸ ਦੀਆਂ ਨਜ਼ਰਾਂ ਵਿਚ ਆ ਗਏ ਸਨ, ਇਸ ਲਈ ਗਣੇਸ਼ ਸ਼ੰਕਰ ਵਿਦਿਆਰਥੀ ਨੇ ਉਹਨਾਂ ਨੂੰ ਅਲੀਗੜ੍ਹ ਜ਼ਿਲੇ ਦੇ ਸਾਦੀਪੁਰ ਪਿੰਡ ਦੇ ਰਾਸ਼ਟਰੀ ਸਕੂਲ ਵਿਚ ਹੈਡਮਾਸਟਰ ਲਗਵਾ ਦਿੱਤਾ ਸੀ ਤੇ ਉੱਥੋਂ ਹੀ ਉਹ 1924 ਦੇ ਅੰਤ ਵਿਚ ਪੰਜਾਬ ਪਰਤੇ। ਪਰ ਭਗਤ ਸਿੰਘ ਦੇ ਭਾਂਜੇ ਪ੍ਰੋਫ਼ੈਸਰ ਜਗਮੋਹਨ ਦਾ ਮਤ, ਜਿਹਨਾਂ ਭਗਤ ਸਿੰਘ ਉੱਤੇ ਮਹੱਤਵਪੂਰਨ ਖੋਜ ਕਾਰਜ ਕੀਤਾ ਹੈ, ਇਸਦੇ ਵਿਪਰੀਤ ਹੈ। ਉਹਨਾਂ ਅਨੁਸਾਰ ਹੈਡਮਾਸਟਰ ਲੱਗਣ ਦੀ ਘਟਨਾ ਬਾਅਦ ਦੀ ਹੈ। ਉਹ ਇਸ ਤੋਂ ਪਹਿਲਾਂ ਹੀ ਪਰਤ ਆਏ ਸਨ। ਅਸੀਂ ਜਗਮੋਹਨ ਸਿੰਘ ਦੇ ਮਤ ਨੂੰ ਹੀ ਪ੍ਰਮਾਣਿਤ ਮੰਨਦੇ ਹਾਂ ਤੇ ਘਟਨਾਵਾਂ ਵੀ ਇਸ ਦਾ ਸਮਰਥਨ ਕਰਦੀਆਂ ਹਨ। ਜੋ ਵੀ ਸੀ, ਘਰ ਪਰਤਨ ਦੀ ਕਹਾਣੀ ਇਸ ਤਰ੍ਹਾਂ ਹੈ...:
ਦਾਦੀ ਜੈ ਕੌਰ ਖਾਸੀ ਬਿਮਾਰ ਸੀ ਤੇ ਭਗਤ ਸਿੰਘ ਨੂੰ ਦੇਖਣ ਲਈ ਬੜੀ ਬੇਚੈਨ ਵੀ। ਪਰ ਭਗਤ ਸਿੰਘ ਦਾ ਕੋਈ ਪਤਾ-ਠਿਕਾਣਾ ਨਹੀਂ ਸੀ ਲੱਭ ਰਿਹਾ। ਸਬੱਬ ਨਾਲ ਭਗਤ ਸਿੰਘ ਨੇ ਇਹਨੀਂ ਦਿਨੀ ਆਪਣੇ ਇਕ ਮਿੱਤਰ ਰਾਮ ਚੰਦਰ ਨੂੰ, ਜਿਹੜਾ ਰਾਵਲਪਿੰਡੀ ਜ਼ਿਲੇ ਦੇ ਜਿਨਾਰ ਪਿੰਡ ਦਾ ਰਹਿਣ ਵਾਲਾ ਸੀ, ਖ਼ਤ ਲਿਖਿਆ ਤੇ ਹਦਾਇਤ ਕੀਤੀ ਕਿ ਉਹ ਉਹਦਾ ਪਤਾ ਕਿਸੇ ਨੂੰ ਨਾ ਦੱਸੇ। ਪਰ ਰਾਮ ਚੰਦਰ ਨੇ ਖ਼ਤ ਦਾ ਜ਼ਿਕਰ ਭਗਤ ਸਿੰਘ ਦੇ ਪੱਕੇ ਯਾਰ ਜੈ ਦੇਵ ਕੋਲ ਕਰ ਦਿੱਤਾ ਤੇ ਇੰਜ ਗੱਲ ਕਿਸ਼ਨ ਸਿੰਘ ਤਕ ਪਹੁੰਚ ਗਈ। ਕਿਸ਼ਨ ਸਿੰਘ ਨੇ ਰਾਮ ਚੰਦਰ ਤੇ ਜੈ ਦੇਵ ਨੂੰ ਕਾਨ੍ਹਪੁਰ ਭੇਜਿਆ ਤਾਂਕਿ ਉਹ ਭਗਤ ਸਿੰਘ ਨੂੰ ਦਾਦੀ ਦੀ ਬੀਮਾਰੀ ਦੀ ਖ਼ਬਰ ਕਰ ਦੇਣ ਤੇ ਘਰ ਲੈ ਆਉਣ।
ਪਰ ਉਹ ਦੋਹੇਂ ਭਗਤ ਸਿੰਘ ਨੂੰ ਮਿਲੇ ਬਗ਼ੈਰ ਹੀ ਲਾਹੌਰ ਪਰਤ ਆਏ। ਹੁਣ ਕਿਸ਼ਨ ਸਿੰਘ ਨੇ ਆਪਣੇ ਮਿੱਤਰ ਮੌਲਾਨਾ ਹਸਰਤ ਮੋਹਾਨੀ ਨੂੰ ਖ਼ਤ ਲਿਖਿਆ ਕਿ ਉਹ ਭਗਤ ਸਿੰਘ ਨੂੰ ਸਮਝਾ-ਬੁਝਾਅ ਕੇ ਘਰ ਭੇਜ ਦੇਣ।
ਮੌਲਾਨਾ ਤਫ਼ੱਜੁਲ ਹੁਸੈਨ ਹਸਰਤ ਮੋਹਾਨੀ ਸਾਡੀ ਰਾਜਨੀਤੀ ਦੇ ਇਕ ਅਜੀਬੋ-ਗਰੀਬ ਪਾਤਰ ਸਨ। ਉਹ ਕਿਸ਼ਨ ਸਿੰਘ ਵਾਂਗ ਤਿਲਕ ਦੇ ਪੈਰੋਕਾਰ, ਰਾਸ਼ਟਰਵਾਦੀ ਤੇ ਖੁੱਲ੍ਹੇ ਸੁਭਾਅ ਦੇ ਦਬੰਗ ਆਦਮੀ ਸਨ। ਉਹ ਉਰਦੂ ਦੇ ਮਸ਼ਹੂਰ ਸ਼ਾਇਰ ਸਨ ਤੇ ਮਜ਼ਹਬ ਦੇ ਪੱਕੇ। ਉਹਨਾਂ ਦਾ ਮੁੱਲਾਂਕਣ ਕੀਤਾ ਜਾਏ ਤਾਂ ਕਹਿਣਾ ਪਵੇਗਾ ਕਿ ਉਹਨਾਂ ਦੇ ਵਿਅਕਤੀਤਵ ਵਿਚ ਰਾਜਨੀਤੀ, ਧਰਮ ਤੇ ਸ਼ਾਇਰੀ ਦਾ ਕੁਝ ਅਜਿਹਾ ਸਮ-ਮਿਸ਼ਰਨ ਹੋਇਆ ਹੋਇਆ ਸੀ ਕਿ ਇਹਨਾਂ ਤਿੰਨਾਂ ਚੀਜਾਂ ਨੂੰ ਵੱਖੋ-ਵੱਖਰਾ ਕਰ ਸਕਣਾ ਸੰਭਵ ਨਹੀਂ। ਸਿਆਸਤ ਨੇ ਕਿਹਾ...“ਬੇਟਾ ਇਨਕਲਾਬੀ ਬਣਨਾ।” ਉਤਰ ਸੀ, “ਜ਼ਰੂਰ ਬਣਾਗਾ।” ਮਜਹਬ ਨੇ ਕਿਹਾ...“ਬਈ, ਕੁਛ ਵੀ ਬਣਨਾ, ਪਰ ਰਸੂਲ ਤੇ ਕੁਰਾਨ ਵਿਚ ਵਿਸ਼ਵਾਸ ਨਾ ਛੱਡਣਾ।”, ਉਤਰ ਸੀ, “ਵਿਸ਼ਵਾਸ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” ਸ਼ਾਇਰੀ ਸਿਆਸਤ ਤੇ ਮਜ਼ਹਬ ਦੋਹਾਂ ਦੇ ਮੋਢਿਆਂ ਨੂੰ ਹੱਥ ਪਾ ਕੇ ਅੱਲੜ੍ਹ ਮੁਟਿਆਰ ਵਾਂਗ ਝੂਟ ਗਈ, ਤੇ ਬੋਲੀ...“ਸ਼ਾਬਾਸ਼ੇ!”
ਉਹਨਾਂ ਆਪਣੇ ਉਰਦੂ ਰਸਾਲੇ 'ਉਰਦੂ-ਏ-ਮੁਅੱਲਾ' ਵਿਚ ਸਰਕਾਰ ਵਿਰੋਧੀ ਲੇਖ ਛਾਪਣ ਦੇ ਅਪਰਾਧ ਵਿਚ 1906 ਵਿਚ ਪਹਿਲੀ ਵਾਰ ਜੇਲ੍ਹ ਕੱਟੀ ਤੇ ਚੱਕੀ ਪੀਸੀ। ਉਹਨਾਂ 1921 ਵਿਚ ਅਹਿਮਦਾਬਾਦ ਕਾਂਗਰਸ਼ ਵਿਚ ਪਹਿਲੀ ਵਾਰੀ ਮੁਕੰਮਲ-ਆਜ਼ਾਦੀ ਦਾ ਪ੍ਰਸਤਾਵ ਰੱਖਿਆ, ਜਿਸਨੂੰ ਗਾਂਧੀ ਨੇ 'ਗ਼ੈਰ ਜ਼ਿੰਮੇਦਾਰੀ ਵਾਲੀ ਗੱਲ' ਕਹਿ ਕੇ ਰੱਦ ਕਰ ਦਿੱਤਾ। ਜਦੋਂ ਅਸਹਿਯੋਗ ਅੰਦੋਲਨ ਸ਼ੁਰੂ ਹੋਇਆ ਤਾਂ ਉਹਨਾਂ ਵਿਦੇਸ਼ੀ ਬਾਈਕਾਟ ਬਾਰੇ ਕਿਹਾ ਕਿ 'ਸਾਡੀ ਲੜਾਈ ਬ੍ਰਿਟਿਸ਼ ਸਾਮਰਾਜਵਾਦ ਨਾਲ ਹੈ, ਇਸ ਲਈ ਸਿਰਫ ਬ੍ਰਿਟਿਸ਼ ਮਾਲ ਦਾ ਬਾਈਕਾਟ ਕੀਤਾ ਜਾਵੇ।' ਗਾਂਧੀ ਨੇ ਉਹਨਾਂ ਦੀ ਇਹ ਗੱਲ ਵੀ ਨਹੀਂ ਮੰਨੀ। ਅੰਦੋਲਨ ਦੌਰਾਨ ਅਹਿੰਸਾ ਦਾ ਅੰਕੁਸ਼ ਹਟਾਉਣ ਦੀ ਮੰਗ ਕਰਨ ਵਾਲਿਆਂ ਵਿਚ ਵੀ ਉਹ ਨਾਲ-ਨਾਲ ਸਨ ਤੇ ਰੂਸ ਦੀ ਸਮਾਜਵਾਦੀ ਕਰਾਂਤੀ ਤੋਂ ਬੜੇ ਪ੍ਰਭਾਵਿਤ ਸਨ। ਉਹਨਾਂ ਦਾ ਇਕ ਸ਼ਿਅਰ ਹੈ...:

 ਕਿਉਂ ਗਾਂਧੀ ਕੀ ਤਰਹ ਬੈਠ ਕੇ ਕਾਤੇਂਗੇ ਚਰਖਾ,
 ਲੇਨਿਨ ਕੀ ਤਰਹ ਦੇਂਗੇ ਨ ਦੁਨਿਯਾ ਕੋ ਹਿਲਾ ਹਮ।

1925 ਵਿਚ ਕਾਨ੍ਹਪੁਰ ਕਮਿਊਨਿਸਟ ਪਾਰਟੀ ਦਾ ਸਥਾਪਨਾ ਸੰਮੇਲਨ ਹੋਇਆ ਤਾਂ ਮੌਲਾਨਾ ਹਸਰਤ ਮੋਹਾਨੀ ਉਸਦੀ ਸਵਾਗਤ ਕਮੇਟੀ ਦੇ ਪ੍ਰਧਾਨ ਸਨ। ਪਰ ਆਪਣੇ ਧਾਰਮਕ ਵਿਚਾਰਾਂ ਕਰਕੇ ਕਮਿਊਨਿਸਟਾਂ ਦੇ ਨਾਲ ਨਹੀਂ ਤੁਰ ਸਕੇ ਤੇ ਕਾਂਗਰਸ ਵਿਚ ਗਾਂਧੀ ਨਾਲ ਨਹੀਂ ਸੀ ਬਣਦੀ, ਇਸ ਲਈ ਮੁਸਲਿਮ ਲੀਗ ਵਿਚ ਚਲੇ ਗਏ। ਉੱਥੇ ਵੀ ਉਹਨਾਂ ਸਮਾਜਵਾਦ ਪੱਖੀ ਮਤਾ ਪਾਸ ਕਰਵਾਉਣਾ ਚਾਹਿਆ, ਜਿੱਨਾਹ ਨਾਲ ਨਹੀਂ ਬਣੀ। ਪਾਕਿਸਤਾਨ ਬਣ ਜਾਣ ਪਿੱਛੋਂ ਵੀ ਭਾਰਤ ਵਿਚ ਰਹੇ ਤੇ ਵਿਧਾਨ ਪਰੀਸ਼ਦ ਦੇ ਮੈਂਬਰ ਚੁਣੇ ਗਏ। ਜਿਹੜਾ ਵਿਧਾਨ ਬਣਿਆ, ਉਸ ਉੱਤੇ ਇਹ ਕਹਿ ਕੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸੋਵੀਅਤ ਰੂਸ ਵਰਗਾ ਵਿਧਾਨ ਹੋਣਾ ਚਾਹੀਦਾ ਹੈ।
ਮੁੱਕਦੀ ਗੱਲ ਇਹ ਕਿ ਉਹਨਾਂ ਭਗਤ ਸਿੰਘ ਨੂੰ ਸਮਝਾਇਆ ਕਿ 'ਬੇਟਾ ਘਰ ਜਾਓ। ਤੁਹਾਡਾ ਕਰਮ-ਖੇਤਰ ਪੰਜਾਬ ਹੈ, ਉੱਥੇ ਹੀ ਜਾ ਕੇ ਕੰਮ ਕਰੋ।' ਭਗਤ ਸਿੰਘ ਨੂੰ ਮੌਲਾਨਾ ਦੀ ਗੱਲ ਭਲੀ ਲੱਗੀ ਤੇ ਛੇ-ਸੱਤ ਮਹੀਨਿਆਂ ਬਾਅਦ, 15 ਜਨਵਰੀ 1925 ਨੂੰ, ਉਹ ਘਰ ਪਰਤ ਆਏ। ਦਾਦੀ ਜੈ ਕੌਰ ਵਾਕੱਈ ਬੀਮਾਰ ਸੀ। ਪੋਤੇ ਨੂੰ ਦੇਖ ਕੇ ਤਬੀਅਤ ਸੰਭਲ ਗਈ। ਉਹ ਭਗਤ ਸਿੰਘ ਨੂੰ ਬੜਾ ਪਿਆਰ ਕਰਦੇ ਸਨ।
ਭਗਤ ਸਿੰਘ ਕੁਝ ਦਿਨ ਦਾਦੀ ਦੀ ਸੇਵਾ-ਟਹਿਲ ਵਿਚ ਲੱਗੇ ਰਹੇ। ਜਦੋਂ ਉਹਨਾਂ ਦੀ ਤਬੀਅਤ ਜ਼ਰਾ ਸੰਭਲ ਗਈ ਤਾਂ ਉਹ ਕਦੀ ਬੰਗਾ ਵਿਚ, ਕਦੀ ਲਾਹੌਰ ਵਿਚ ਤੇ ਕਦੀ ਕਿਸੇ ਹੋਰ ਸ਼ਹਿਰ ਵਿਚ ਹੁੰਦੇ। ਉਹਨਾਂ ਦਾ ਕੰਮ ਨੌਜਵਾਨਾਂ ਨਾਲ ਸੰਪਰਕ ਵਧਾਉਣਾ ਤੇ ਉਹਨਾਂ ਨੂੰ ਕਰਾਂਤੀਕਾਰੀ ਸੰਗਠਨ ਵਿਚ ਸ਼ਾਮਲ ਕਰਨਾ ਸੀ। ਇਹਨੀਂ ਦਿਨੀ ਉਹਨਾਂ ਨੂੰ ਇਕ ਕੰਮ ਪਿਤਾ ਵੱਲੋਂ ਸੌਂਪਿਆ ਗਿਆ, ਜਿਸਨੂੰ ਤੋੜ ਚੜ੍ਹਾਉਣ ਵਿਚ ਉਹਨਾਂ ਆਪਣੀ ਕਰਾਂਤੀਕਾਰੀ ਸੂਝ-ਬੂਝ ਤੇ ਦ੍ਰਿੜ੍ਹ ਸੰਕਲਪ ਸ਼ਕਤੀ ਦਾ ਸਬੂਤ ਦਿੱਤਾ।
ਭਰਿਸ਼ਟ ਮਹੰਤਾਂ ਵਿਰੁੱਧ ਅਕਾਲੀ ਅੰਦੋਲਨ ਸਰਕਾਰੀ ਦਮਨ-ਚੱਕਰ ਦੇ ਬਾਵਜੂਦ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਪਰ ਮਾਰਚ 1924 ਤੋਂ ਇਹ ਜੱਥੇ ਨਨਕਾਣਾ ਸਾਹਿਬ ਦੀ ਬਜਾਏ ਨਾਭਾ ਰਿਆਸਤ ਦੀ ਇਕ ਮੰਡੀ ਜੈਤੋ ਵਿਚ ਭੇਜੇ ਜਾ ਰਹੇ ਸਨ। ਕਾਰਨ ਇਹ ਸੀ ਕਿ ਨਨਕਾਣਾ ਸਾਹਿਬ ਦੇ ਭਿਅੰਕਰ ਗੋਲੀ ਕਾਂਢ ਤੇ ਲਾਠੀ ਚਾਰਜ ਨਾਲ ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸੋਗ-ਦਿਵਸ ਮਨਾਇਆ ਗਿਆ। ਉਸ ਦਿਨ ਲੋਕ ਜਲਸੇ ਤੇ ਜਲੂਸਾਂ ਵਿਚ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਸ਼ਾਮਲ ਹੋਏ। ਪੰਜਾਬ ਦੀਆਂ ਪੰਜ ਸਿੱਖ ਰਿਆਸਤਾਂ...ਪਟਿਆਲਾ, ਨਾਭਾ, ਕਪੂਰਥਲਾ, ਜੀਂਦ ਤੇ ਫਰੀਦਕੋਟ ਵਿਚ ਹਾਕਮਾਂ ਨੇ 1857 ਦੇ ਸੁਤੰਤਰਤਾ ਸੰਗਰਾਮ ਸਮੇਂ ਅੰਗਰੇਜ਼ ਦੀ ਮਦਦ ਕਰਕੇ ਪੰਜਾਬ ਨੂੰ ਕਲੰਕਿਤ ਕਰ ਦਿੱਤਾ ਸੀ। ਇਸ ਲਈ ਆਮ ਜਨਤਾ ਉਹਨਾਂ ਨੂੰ ਟੋਡੀ ਆਖਦੀ ਤੇ ਉਹਨਾਂ ਨਾਲ ਨਫ਼ਰਤ ਕਰਦੀ ਸੀ। ਉਹ ਵੀ ਜਨਤਾ ਦੇ ਹਰ ਪ੍ਰਗਤੀਸ਼ੀਲ ਕਾਰਜ ਦਾ ਵਿਰੋਧ ਕਰਦੇ ਸਨ। ਅਕਾਲੀ ਅੰਦੋਲਨ ਪ੍ਰਤੀ ਵੀ ਉਹਨਾਂ ਵਿਰੋਧੀ ਰੁਖ਼ ਅਪਣਾਇਆ। ਪਰ ਉਸ ਦਿਨ ਇਕ ਆਸਾਂ ਭਰੀ ਤੇ ਭਰਪੂਰ ਹੈਰਾਨੀ ਵਾਲੀ ਗੱਲ ਇਹ ਵਾਪਰੀ ਕਿ ਨਾਭੇ ਦਾ ਰਾਜਾ ਰਿਪਦਮਨ ਸਿੰਘ ਬਾਂਹ ਉੱਤੇ ਕਾਲੀ ਪੱਟੀ ਬੰਨ੍ਹ ਕੇ ਜਲਸੇ ਤੇ ਜਲੂਸ ਵਿਚ ਸ਼ਾਮਲ ਹੋਇਆ। ਸਰਕਾਰ ਦੀ ਨਜ਼ਰ ਵਿਚ ਇਹ ਰਾਜ-ਧਰੋ ਸੀ। ਵਾਇਸਰਾਏ ਬੜੇ ਨਾਰਾਜ਼ ਹੋਏ ਤੇ ਰਿਪਦਮਨ ਸਿੰਘ ਨੂੰ ਗੱਦੀ ਤੋਂ ਲਾਹ ਕੇ ਦੇਹਰਾਦੁਨ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਹੁਣ ਗੁਰਦੁਆਰਿਆਂ ਦੇ ਸਵਾਲ ਦੇ ਨਾਲ-ਨਾਲ ਮਹਾਰਾਜਾ ਰਿਪਦਮਨ ਸਿੰਘ ਦੀ ਬਹਾਲੀ ਦਾ ਸਵਾਲ ਵੀ ਜੁੜ ਗਿਆ ਤੇ ਜੱਥੇ ਨਨਕਾਣਾ ਸਾਹਿਬ ਦੀ ਬਜਾਏ ਜੈਤੋ ਜਾਣ ਲੱਗ ਪਏ। ਇੱਥੇ ਜਿਹੜਾ ਮੋਰਚਾ ਲੱਗਿਆ ਉਹ ਸ਼ਹਾਦਤ ਤੇ ਬਲੀਦਾਨ ਦੀ ਇਕ ਅਜਿਹੀ ਮਸਾਲ ਬਣ ਗਿਆ, ਜਿਸਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ।
ਇਹ ਜੱਥੇ ਜਦੋਂ ਪਿੰਡਾਂ ਵਿਚੋਂ ਲੰਘਦੇ ਤਾਂ ਪਿੰਡ-ਪਿੰਡ ਇਹਨਾਂ ਦਾ ਸਵਾਗਤ ਹੁੰਦਾ। ਪਰ ਸਰਕਾਰ ਇਹ ਕੋਸ਼ਿਸ਼ ਕਰਦੀ ਕਿ ਜੱਥਿਆਂ ਦਾ ਸਵਾਗਤ ਨਾ ਹੋਏ ਕਿਉਂਕਿ ਸਵਾਗਤ ਨਾਲ ਅੰਦੋਲਨ ਨੂੰ ਬਲ ਮਿਲਦਾ ਸੀ ਤੇ ਜੱਥੇ ਵਾਲਿਆਂ ਦੇ ਹੌਸਲੇ ਵਧਦੇ ਸਨ। ਸਰਕਾਰ-ਪਰਸਤ ਜਾਗੀਰਦਾਰਾਂ ਦੀ ਵੀ ਇਹੋ ਕੋਸ਼ਿਸ਼ ਰਹੀ ਕਿ ਜੱਥਿਆਂ ਦਾ ਸਵਾਗਤ ਨਾ ਹੋਏ।
ਤੇਰਵੇਂ ਸ਼ਹੀਦੀ ਜੱਥੇ ਨੇ ਸਰਦਾਰ ਕਿਸ਼ਨ ਸਿੰਘ ਕੇ ਪਿੰਡ ਬੰਗਾ ਵਿਚੋਂ ਹੋ ਕੇ ਲੰਘਣਾ ਸੀ। ਜੱਥੇਦਾਰ ਕਰਤਾਰ ਸਿੰਘ ਤੇ ਜਵਾਲਾ ਸਿੰਘ ਲਾਹੌਰ ਵਿਚ ਸਰਦਾਰ ਕਿਸ਼ਨ ਕੋਲ ਆਏ ਕਿ ਉਹ ਉੱਥੇ ਜੱਥੇ ਦੇ ਸਵਾਗਤ ਦਾ ਪ੍ਰਬੰਧ ਕਰਨ। ਭਾਵੇਂ ਕਿਸ਼ਨ ਸਿੰਘ ਅਕਾਲੀ ਨਹੀਂ ਸਨ, ਪਰ ਉਹਨਾਂ ਦੀ ਹਮਦਰਦੀ ਅੰਦੋਲਨ ਨਾਲ ਸੀ ਤੇ ਪਿੰਡ ਵਿਚ ਉਹਨਾਂ ਦਾ ਅਸਰ-ਰਸੂਖ਼ ਵੀ ਸੀ। ਪਰ ਉਹਨਾਂ ਕਿਸੇ ਜ਼ਰੂਰੀ ਕੰਮ ਬੰਬਈ ਜਾਣਾ ਸੀ ਸੋ ਉਹਨਾਂ ਜੱਥੇ ਦੇ ਸਵਾਗਤ ਦਾ ਕੰਮ ਭਗਤ ਸਿੰਘ ਨੂੰ ਸੌਂਪ ਦਿੱਤਾ।
ਇਲਾਕੇ ਦਾ ਸਰਕਾਰ-ਪਰਸਤ ਜਾਗੀਰਦਾਰ ਦਿਲਬਾਗ ਸਿੰਘ ਸੀ। ਉਹ ਸਰਦਾਰ ਬਹਾਦੁਰ ਹੋਣ ਦੇ ਇਲਾਵਾ ਫਸਟ ਕਲਾਸ ਮਜਿਸਟ੍ਰੇਟ ਵੀ ਸੀ। ਉਸਨੇ ਮੁਨਾਦੀ ਕਰਵਾ ਦਿੱਤੀ ਕਿ ਪਿੰਡ ਦਾ ਕੋਈ ਵੀ ਆਦਮੀ ਜੱਥੇ ਦੇ ਸਵਾਗਤ ਲਈ ਨਾ ਜਾਏ ਤੇ ਨਾ ਹੀ ਕੋਈ ਚੀਜ਼ ਦਵੇ। ਉਸਨੇ ਖ਼ੂਹਾਂ ਉੱਤੋਂ ਡੋਲ ਵੀ ਚੁੱਕਵਾ ਲਏ ਤਾਂ ਕਿ ਜੱਥੇ ਵਾਲੇ ਆਪਣੇ ਹੱਥ ਨਾਲ ਖਿੱਚ ਕੇ ਪਾਣੀ ਵੀ ਨਾ ਪੀ ਸਕਣ।
ਸਰਦਾਰ ਬਹਾਦੁਰ ਦਿਲਬਾਗ ਸਿੰਘ ਭਗਤ ਸਿੰਘ ਕਾ ਨੇੜੇ ਦਾ ਰਿਸ਼ਤੇਦਾਰ ਵੀ ਸੀ। ਉਹ ਉਹਨਾਂ ਦੇ ਦਾਦੇ ਅਰਜੁਨ ਸਿੰਘ ਦੇ ਭਰਾ ਸੁਰਜਨ ਸਿੰਘ ਦਾ ਪੁੱਤਰ ਸੀ। ਦਾਦਾ ਭਾਈ ਨੌਰੋਜੀ ਦੀ ਪ੍ਰਧਾਨਗੀ ਵਿਚ ਕਾਂਗਰਸ ਦਾ 1893 ਦਾ ਜਿਹੜਾ ਸੰਮੇਲਨ ਲਾਹੌਰ ਵਿਚ ਹੋਇਆ ਸੀ, ਉਸ ਵਿਚ ਸੁਰਜਨ ਸਿੰਘ ਦੇ ਅਰਜੁਨ ਸਿੰਘ ਦੋਹੇਂ ਭਰਾ ਡੈਲੀਗੇਟ ਸਨ। ਪਿੱਛੋਂ ਸੁਰਜਨ ਸਿੰਘ ਨੇ ਸਰਕਾਰ-ਪ੍ਰਸਤੀ ਦੀ ਰਾਹ ਫੜ੍ਹ ਲਈ ਤੇ ਇਸ ਦੇ ਬਦਲੇ ਉਸਦੇ ਪੁੱਤਰ ਨੂੰ ਸਰਦਾਰ ਬਹਾਦੁਰ ਦਾ ਖਿਤਾਬ ਮਿਲ ਗਿਆ...ਤੇ ਉਹ ਫਸਟ ਕਲਾਸ ਮਜਿਸਟ੍ਰੇਟ ਬਣ ਗਿਆ। ਪੁਲਸ ਵੀ ਉਸਦੇ ਨਾਲ ਸੀ—ਸੋ ਪਿੰਡ ਵਿਚ ਆਤੰਕ ਛਾ ਗਿਆ ਸੀ।
ਮੋਰਚਾ ਜਬਰਦਸਤ ਸੀ। ਭਗਤ ਸਿੰਘ ਨੂੰ ਬੜੇ ਘੱਟ ਲੋਕ ਜਾਣਦੇ ਸਨ ਕਿਉਂਕਿ ਉਹ ਅਕਸਰ ਪਿੰਡੋਂ ਬਾਹਰ ਹੀ ਰਹੇ ਸਨ। ਫੇਰ ਵੀ ਜਿਹੜੀ ਜ਼ਿੰਮੇਵਾਰੀ ਉਹਨਾਂ ਆਪਣੇ ਉੱਪਰ ਓਟ ਲਈ ਸੀ, ਉਸਨੂੰ ਨਿਭਾਉਣ ਦੀ ਪੱਕੀ ਧਾਰੀ ਹੋਈ ਸੀ। ਉਹ ਆਪਣੇ ਕੁਝ ਦੋਸਤਾਂ ਨਾਲ ਪਿੰਡ ਪਹੁੰਚੇ। ਕਰਾਂਤੀਕਾਰੀ ਕਾਰਜਾਂ ਦਾ ਅਨੁਭਵ ਹੈ ਹੀ ਸੀ। ਚੁੱਪਚਾਪ ਆਤੰਕ ਦਾ ਜਾਲ ਤੋੜਿਆ ਤੇ ਜੱਥੇ ਨੂੰ ਦੁੱਧ, ਰੋਟੀ ਤੇ ਸਬਜ਼ੀ ਆਦੀ ਪਹੁੰਚਾਉਣ ਦਾ ਪ੍ਰਬੰਧ ਕਰ ਲਿਆ। ਸਰਦਾਰ ਬਹਾਦੁਰ ਪੁਲਸ ਲਾ ਕੇ ਨਿਸ਼ਚਿੰਤ ਹੋ ਗਏ ਸਨ। ਭਗਤ ਸਿੰਘ ਦੇ ਕੰਮ ਦੀ ਉਸਦੇ ਤੇ ਪੁਲਸ ਦੇ ਕੰਨ ਵਿਚ ਭਿਣਕ ਤਕ ਨਹੀਂ ਪਈ।
ਨਿਸ਼ਚਿਤ ਤਾਰੀਖ਼ 'ਤੇ ਜੱਥਾ ਆਇਆ ਤੇ ਪਿੰਡ ਦੇ ਬਾਹਰ-ਵਾਰ ਇਕ ਜਗ੍ਹਾ ਠਹਿਰਿਆ। ਨੇੜੇ ਹੀ ਗੰਨੇ ਦਾ ਖੇਤ ਸੀ। ਕਮਾਦ ਵਿਚ ਲੁਕੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਦੁੱਧ, ਸਬਜ਼ੀ ਤੇ ਰੋਟੀਆਂ, ਜਿਹੜੀਆਂ ਰਾਤੋ-ਰਾਤ ਉੱਥੇ ਪਹੁੰਚਾ ਦਿੱਤੀਆਂ ਗਈਆਂ ਸਨ, ਜੱਥੇ ਨੂੰ ਪਰੋਸ ਦਿੱਤੀਆਂ। ਇਸ ਕੰਮ ਵਿਚ ਰੋਡਾ ਪਿੰਡ ਦੇ ਮਜਾਰਿਆਂ (ਖੇਤ-ਮਜ਼ਦੂਰਾਂ) ਨੇ ਖਾਸੀ ਮਦਦ ਕੀਤੀ। ਫੇਰ ਜੱਥੇ ਦੇ ਸਵਾਗਤ ਵਿਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਆਤਿਸ਼ਬਾਜੀਆਂ ਚੱਲਾਈਆਂ। ਆਤਿਸ਼ਬਾਜੀ ਦੀ ਆਵਾਜ਼ ਸੁਣ ਕੇ ਲੋਕੀ ਵੀ ਘਰਾਂ ਵਿਚੋਂ ਨਿਕਲ ਆਏ ਤੇ ਦੇਖਦੇ-ਦੇਖਦੇ ਹੀ ਖਾਸੀ ਗਿਣਤੀ ਵਿਚ ਉੱਥੇ ਇਕੱਠੇ ਹੋ ਗਏ। ਭਗਤ ਸਿੰਘ ਨੇ ਉਹਨਾਂ ਸਾਹਮਣੇ ਭਾਸ਼ਣ ਦਿੱਤਾ।
ਓਹਨੀਂ ਦਿਨੀ ਗੋਪੀ ਨਾਥ ਸਾਹਾ ਦੀ ਬੜੀ ਚਰਚਾ ਸੀ। ਭਗਤ ਸਿੰਘ ਨੇ ਉਹਨਾਂ ਦੀ ਬਹਾਦਰੀ ਤੇ ਤਿਆਗ ਦੀ ਕਹਾਣੀ ਸੁਣਾ ਕੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਪਿੰਡ ਦੇ ਮਰਾਸੀ ਨੇ ਪਿੱਛੋਂ ਦੱਸਿਆ ਕਿ ਭਗਤ ਸਿੰਘ ਦਾ ਭਾਸ਼ਣ ਸੁਣ ਕੇ ਉਹ ਰੋ ਪਿਆ ਸੀ। ਜੱਥੇ ਨੂੰ ਮੋਹ ਭਿੱਜੀ ਵਿਦਾਈ ਦਿੱਤੀ ਗਈ ਤੇ ਉਹ 'ਲਾਜ ਰੱਖ ਲੀ, ਲਾਜ ਰੱਖ ਲੀ, ਭਗਤ ਸਿੰਘ ਪਿਆਰੇ ਨੇ ਲਾਜ ਰੱਖ ਲੀ' ਗਾਉਂਦੇ ਹੋਏ ਉੱਥੋਂ ਅੱਗੇ ਤੁਰ ਪਏ।
ਸਰਦਾਰ ਬਹਾਦੁਰ ਦਿਲਬਾਗ ਸਿੰਘ ਦੀ ਬੜੀ ਹੇਠੀ ਹੋਈ। ਉਸ ਦੀ ਸਾਰੀ ਸ਼ਾਨ ਧੂੜ ਵਿਚ ਰੁਲ ਗਈ। ਉਸ ਤੋਂ ਹੋਰ ਕੁਝ ਤਾਂ ਸਰਿਆ ਨਹੀਂ, ਭਗਤ ਸਿੰਘ ਦੀ ਗਿਰਫਤਾਰੀ ਦੇ ਵਾਰੰਟ ਕਢਵਾ ਦਿੱਤੇ।
ਕਿਸ਼ਨ ਸਿੰਘ ਨੂੰ ਖੁਫ਼ੀਆ ਵਿਭਾਗ ਦੀ ਖ਼ਬਰ ਮਿਲ ਜਾਂਦੀ ਸੀ। ਇਸ ਵਾਰੰਟ ਦਾ ਵੀ ਪਤਾ ਲੱਗ ਗਿਆ ਤੇ ਇਸ ਵਾਰੀ ਉਹਨਾਂ ਖ਼ੁਦ ਭਗਤ ਸਿੰਘ ਨੂੰ ਕਾਨ੍ਹਪੁਰ ਭੇਜ ਦਿੱਤਾ ਤਾਂ ਕਿ ਛੇ ਮਹੀਨਿਆਂ ਦੀ ਮਿਆਦ ਪੂਰੀ ਹੋ ਜਾਏ। ਇਹ ਭਗਤ ਸਿੰਘ ਲਈ ਆਪਣੇ ਕਰਾਂਤੀਕਾਰੀ ਸਾਥੀਆਂ ਨਾਲ ਸੰਬੰਧ ਪੀਢੇ ਕਰਨ ਤੇ ਅਨੁਭਵ ਵਧਾਉਣ ਦਾ ਸੁਨਹਿਰੀ ਮੌਕਾ ਸੀ।
ਭਗਤ ਸਿੰਘ ਨੇ ਕੁਝ ਦਿਨ ਦਿੱਲੀ ਵਿਚ ਬਿਤਾਏ ਤੇ ਬਲਵੰਤ ਸਿੰਘ ਦੇ ਨਾਂ ਨਾਲ ਦੈਨਿਕ 'ਅਰਜੁਨ' ਦੇ ਸੰਪਾਦਕੀ ਵਿਭਾਗ ਵਿਚ ਕੰਮ ਕੀਤਾ। ਫੇਰ ਗਣੇਸ਼ ਸ਼ੰਕਰ ਵਿਦਿਆਰਥੀ ਨੇ ਉਹਨਾਂ ਨੂੰ ਅਲੀਗੜ੍ਹ ਜ਼ਿਲੇ ਦੇ ਸਾਦੀਪੁਰ ਪਿੰਡ ਦੇ ਨੈਸ਼ਨਲ ਸਕੂਲ ਵਿਚ ਹੈਡਮਾਸਟਰ ਲਗਵਾ ਦਿੱਤਾ। ਇਸ ਨਾਲ ਦੇਸ਼ ਦੀ ਨਵੀਂ ਪੀੜ੍ਹੀ ਨੂੰ ਦੇਸ਼ ਭਗਤੀ ਤੇ ਕਰਾਂਤੀਕਾਰੀ ਸਿੱਖਿਆ ਦੇਣ ਦਾ ਮੌਕਾ ਮਿਲਿਆ। ਭਗਤ ਸਿੰਘ ਦੀ ਯੋਗਤਾ, ਪੜ੍ਹਾਉਣ ਦੇ ਢੰਗ ਤੇ ਵਰਤਾਰੇ ਤੋਂ ਅਧਿਆਪਕ ਤੇ ਵਿਦਿਆਰਥੀ ਸਾਰੇ ਹੀ ਪ੍ਰਸੰਨ ਸਨ। ਇਹਨੀਂ ਦਿਨੀ 16 ਤੋਂ 19 ਸਤੰਬਰ ਤਕ ਤੇਜ਼ਧਾਰ ਮੀਂਹ ਵੱਸਿਆ, ਜਿਸ ਨਾਲ ਗੰਗਾ-ਜਮੁਨਾ ਤੇ ਰਾਮ ਗੰਗਾ ਵਿਚ ਜਬਰਦਸਤ ਹੜ੍ਹ ਆ ਗਿਆ। ਉਤਰ ਪ੍ਰਦੇਸ਼ ਦੇ, ਜਿਸਨੂੰ ਉਸ ਸਮੇਂ ਸੰਯੁਕਤ ਪ੍ਰਾਂਤ ਆਖਿਆ ਜਾਂਦਾ ਸੀ, ਬਹੁਤ ਸਾਰੇ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਸਨ। ਭਗਤ ਸਿੰਘ ਆਪਣੇ ਵੱਡੇਰਿਆਂ ਦੀ ਰੀਤ 'ਤੇ ਚੱਲਦੇ, ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦੇ ਕੰਮ ਵਿਚ ਜਾ ਜੁਟੇ। ਉਹਨਾਂ ਦੀ ਲਗਨ ਤੇ ਸੇਵਾ ਭਾਵ ਦੀ ਸਭ ਨੇ ਪ੍ਰਸ਼ੰਸਾ ਕੀਤੀ। ਸਰਕਾਰ ਨੇ ਲੋਕਾਂ ਦੀ ਜ਼ਰਾ ਵੀ ਮਦਦ ਨਹੀਂ ਕੀਤੀ, ਇਸ ਨਾਲ ਵੀ ਉਹਨਾਂ ਦੇ ਮਨ ਵਿਚ ਕੁਝ ਸਵਾਲ ਉੱਠੇ ਹੋਣਗੇ। ਬੀ.ਕੇ. ਦੱਤ ਦੇ ਕਥਨ ਅਨੁਸਾਰ, 'ਸੰਸਾਰ ਦੇ ਕਰਾਂਤੀਕਾਰੀ ਅਨੁਭਵਾਂ ਦਾ ਅਧਿਅਨ ਲਗਨ ਨਾਲ ਜਾਰੀ ਰਿਹਾ।'
1924 ਦੀ ਬੇਲਗਾਂਵ ਕਾਂਗਰਸ ਵਿਚ, ਜਿਸਦੀ ਪ੍ਰਧਾਨਗੀ ਗਾਂਧੀ ਨੇ ਕੀਤੀ ਸੀ, ਸਰਦਾਰ ਕਿਸ਼ਨ ਸਿੰਘ ਭਗਤ ਸਿੰਘ ਨੂੰ ਇਕ ਡੈਲੀਗੇਟ ਦੇ ਨਾਤੇ, ਨਾਲ ਲੈ ਗਏ ਸਨ। ਇਸ ਨਾਲ ਉਹਨਾਂ ਨੂੰ ਦੇਸ਼ ਦੇ ਨੇਤਾਵਾਂ ਨੂੰ ਨੇੜਿਓਂ ਦੇਖਣ-ਪਰਖ਼ਣ ਦਾ ਮੌਕਾ ਮਿਲਿਆ। ਇੱਥੇ ਇਕ ਖਾਸ ਗੱਲ ਇਹ ਹੋਈ ਕਿ ਸਰਦਾਰ ਕਿਸ਼ਨ ਸਿੰਘ ਨੇ ਭਗਤ ਸਿੰਘ ਦੀ ਮੁਲਾਕਾਤ ਪੁਰਾਣੇ ਕਰਾਂਤੀਕਾਰੀ ਨਿਰਲੰਭਾ ਸਵਾਮੀ ਨਾਲ ਕਰਵਾਈ। ਕਾਫੀ ਦੇਰ ਸਵਾਲ-ਜਵਾਬ ਹੁੰਦੇ ਰਹੇ। ਉਸ ਪਿੱਛੋਂ ਸਵਾਮੀ ਨੇ ਕਿਹਾ...“ਭਗਤ ਸਿੰਘ ਬੜਾ ਵੱਡਾ ਕਰਾਂਤੀਕਾਰੀ ਬਣ ਰਿਹਾ ਹੈ। ਸੋ ਸਰਦਾਰ ਕਿਸ਼ਨ ਸਿੰਘ ਜੀ ਇਸਨੂੰ ਅੱਗੇ ਵਧਣ ਦਿਓ।”
ਲਿਖਿਆ ਹੈ...“1925 ਦੇ ਸ਼ੁਰੂ ਤੋਂ ਭਗਤ ਸਿੰਘ ਦਾ ਲਾਹੌਰ ਤੋਂ ਕਾਨ੍ਹਪੁਰ ਆਉਣਾ-ਜਾਣਾ ਲਗਾਤਾਰ ਜਾਰੀ ਰਿਹਾ। ਉਹਨਾਂ ਦੇ ਆਪਣੇ ਸ਼ਬਦਾਂ ਵਿਚ ਉਹ ਉਸ ਸਮੇਂ ਸਿਰਫ ਰੁਮਾਂਟਿਕ ਵਿਚਾਰਵਾਦੀ ਕਰਾਂਤੀਕਾਰੀ ਸਨ। ਭਾਵੇਂ ਸਮਾਜਵਾਦੀ ਤੇ ਸਾਮਵਾਦੀ ਕਰਾਂਤੀਕਾਰੀ ਵਿਚਾਰ ਦੇਸ਼ ਵਿਚ ਆ ਚੁੱਕੇ ਸਨ ਤੇ ਕਾਕੋਰੀ ਦੇ ਸ਼ਹੀਦਾਂ ਵਿਚ ਰਾਜੇਂਦਰ ਨਾਥ ਲਾਹਿੜੀ ਇਸ ਸਿਲਸਿਲੇ ਵਿਚ ਕਾਫੀ ਪੜ੍ਹੇ-ਲਿਖੇ ਸਨ, ਪਰ ਕਰਨੀਂ ਤੇ ਕੱਥਨੀਂ ਵਿਚ ਖਾਸੀ ਦੂਰੀ ਬਰਕਰਾਰ ਸੀ। ਭਾਵੇਂ ਭਗਤ ਸਿੰਘ ਨੇ ਆਪਣੇ ਛੋਟੇ ਭਰਾ ਦਾ ਨਾਂ ਰਾਜੇਂਦਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਰੱਖਿਆ ਸੀ, ਪਰ ਉਹ ਵਰਤਾਰੇ ਦੀ ਇਸ ਤਰੁਟੀ ਨੂੰ ਵੀ ਸਮਝਦੇ ਸਨ। 9 ਅਗਸਤ ਨੂੰ ਪਾਰਟੀ ਦਾ ਕੰਮ ਤੇਜ਼ ਕਰਨ ਲਈ ਕਾਕੋਰੀ ਸਟੇਸ਼ਨ ਦੇ ਨੇੜੇ ਸਰਕਾਰੀ ਖਜਾਨਾ ਲੁੱਟ ਲਿਆ ਗਿਆ। ਇਸ ਡਕੈਤੀ ਦੇ ਸਿੱਟੇ ਵਜੋਂ ਸ਼ਹੀਦ ਰਾਮ ਪਰਸਾਦ ਬਿਸਮਿਲ ਤੇ ਉਹਨਾਂ ਦੇ ਸਾਥੀ ਗਿਰਫਤਾਰ ਕਰ ਲਏ ਗਏ। ਸਿਰਫ ਚੰਦਰ ਸ਼ੇਖਰ ਆਜ਼ਾਦ ਜਿਹੜੇ ਫਰਾਰ ਰਹੇ, ਬਚੇ ਰਹੇ। ਉਦੋਂ ਪਾਰਟੀ ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰਨ ਤੇ ਗਤੀਮਾਨ ਕਰਨ ਦਾ ਕੰਮ ਭਗਤ ਸਿੰਘ ਨੇ ਆਪਣੇ ਮੋਢਿਆਂ 'ਤੇ ਲੈ ਲਿਆ। ਉਸ ਸਮੇਂ ਪਾਰਟੀ ਦਾ ਨਾਂ 'ਹਿੰਦੁਸਤਾਨ ਪਰਜਾਤੰਤਰ ਦਲ' ਸੀ।” ਜਿਹਨਾਂ ਹਾਲਤਾਂ ਦਾ ਸਾਹਮਣਾ ਕਰਨਾਂ ਪਿਆ, ਭਗਤ ਸਿੰਘ ਦੇ ਸ਼ਬਦਾਂ ਵਿਚ ਹੀ ਉਹ ਇੰਜ ਸਨ...“ਉਸ ਸਮੇਂ ਤਕ ਮੈਂ ਸਿਰਫ ਰੋਮਾਂਟਿਕ ਵਿਚਾਰਵਾਦੀ ਕਰਾਂਤੀਕਾਰੀ ਹੀ ਹੁੰਦਾ ਸਾਂ ਤੇ ਸਿਰਫ ਚੇਲਾ-ਬਾਲਕਾ ਹੀ ਸਾਂ। ਫੇਰ ਪੂਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈਣ ਦਾ ਫ਼ੈਸਲਾ ਕਰਨ ਦਾ ਸਮਾਂ ਆਇਆ। ਉਸ ਸਮੇਂ ਤਕ ਦਲ ਦੇ ਕੱਟੜ ਵਿਰੋਧ ਕਾਰਨ ਉਸਦੀ ਹੋਂਦ ਹੀ ਖਤਰੇ ਵਿਚ ਸੀ। ਨਾ ਸਿਰਫ ਜੋਸ਼ ਵਿਚ ਭਰੇ, ਸਾਰੇ ਕਾਮਰੇਡ ਬਲਕਿ ਨੇਤਾ ਵੀ ਸਾਡਾ ਮਜ਼ਾਕ ਉਡਾਉਣ ਲੱਗ ਪਏ ਸਨ। ਕੁਝ ਦਿਨ ਮੈਨੂੰ ਵੀ ਸ਼ੱਕ ਰਿਹਾ ਕਿ ਕੁਝ ਦਿਨਾਂ ਵਿਚ ਹੀ ਮੈਨੂੰ ਵੀ ਦਲ ਦੇ ਕਾਰਜ-ਕੰਮਾਂ ਦੀ ਅਸਫਲਤਾ ਉੱਤੇ ਯਕੀਨ ਹੋ ਜਾਏਗਾ। ਇਹ ਮੇਰੇ ਕਰਾਂਤੀਕਾਰੀ ਜੀਵਨ ਵਿਚ ਆਇਆ ਬੜਾ ਵੱਡਾ ਮੋੜ ਸੀ। ਅਧਿਅਨ ਕਰਨ ਦੀ ਚਾਹਤ ਦੀਆਂ ਤਰੰਗਾਂ ਮੇਰੇ ਅੰਦਰ ਉਫਨ ਰਹੀਆਂ ਸਨ। ਅਧਿਅਨ ਕਰੋ ਤਾਂਕਿ ਆਪਣੇ ਵਿਰੋਧੀਆਂ ਦੇ ਤਰਕਾਂ ਦਾ ਜਵਾਬ ਦੇ ਸਕੋ। ਆਪਣੇ ਸਿਧਾਂਤ ਦੇ ਪੱਖ ਵਿਚ ਤਰਕਾਂ ਨਾਲ ਖ਼ੁਦ ਨੂੰ ਲੈਸ ਕਰਨ ਲਈ ਅਧਿਅਨ ਕਰੋ। ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਕਾਕੋਰੀ ਕੇਸ ਦੌਰਾਨ ਆਮ ਆਦਮੀ ਦੀਆਂ ਗਵਾਹੀਆਂ ਨੇ ਪਾਰਟੀ ਦੇ ਨੇਤਾਵਾਂ ਦੀ, ਜਿਹੜੇ ਲਗਨ ਤੇ ਤਿਆਗ ਵਾਲੇ ਸਨ ਤੇ ਨਿਸਵਾਰਥੀ ਵੀ, ਜਨਤਾ ਨਾਲ ਨਾ ਜੁੜ ਸਕਣ ਦੀ ਨਾਕਾਮੀਂ ਨੂੰ ਸਾਹਮਣੇ ਲਿਆ ਖੜ੍ਹਾ ਕੀਤਾ।”
ਨਵੰਬਰ ਵਿਚ ਕਾਕੋਰੀ ਕੇਸ ਦੇ ਸਾਥੀਆਂ ਨੂੰ ਜੇਲ੍ਹ 'ਚੋਂ ਛੁਡਾਅ ਲੈਣ ਦੀ ਯੋਜਨਾ ਬਣੀ। ਇਸ ਯੋਜਨਾ ਵਿਚ ਹਿੱਸਾ ਲੈਣ ਲਈ ਭਗਤ ਸਿੰਘ ਕਾਨ੍ਹਪੁਰ ਗਏ, ਪਰ ਭੇਦ ਖੁੱਲ੍ਹ ਜਾਣ ਕਰਕੇ ਯੋਜਨਾ ਅਸਫਲ ਰਹੀ। ਫੇਰ ਦੂਜੀ ਯੋਜਨਾ ਜਨਵਰੀ-ਫਰਬਰੀ ਵਿਚ ਬਣੀ ਤੇ ਉਹ ਵੀ ਅਸਫਲ ਰਹੀ। ਕੁਲ ਦਸ ਵਿਆਕਤੀ ਗਿਰਫਤਾਰ ਹੋਏ ਸਨ, ਉਹਨਾਂ ਵਿਚੋਂ ਚਾਰਾਂ ਨੂੰ ਫਾਂਸੀ ਤੇ ਛੇਆਂ ਨੂੰ ਲੰਮੀ ਕੈਦ ਦੀ ਸਜ਼ਾ ਹੋਈ।
ਹੁਣ ਦੇਖਣਾ ਇਹ ਹੈ ਕਿ ਭਗਤ ਸਿੰਘ ਰੋਮਾਂਟਿਕ ਵਿਚਾਰਵਾਦੀ ਤੋਂ ਯਥਾਰਥ ਸਮਾਜਵਾਦੀ ਕਰਾਂਤੀਕਾਰੀ ਕਿੰਜ ਬਣੇ ਤੇ ਉਹਨਾਂ ਦੋ ਮੋਢਿਆਂ 'ਤੇ ਜਿਹੜੀ ਜ਼ਿੰਮੇਵਾਰੀ ਆਣ ਪਈ ਸੀ, ਉਸਨੂੰ ਉਹਨਾਂ ਕਿੰਜ ਨਿਭਾਇਆ। ਦਰਅਸਲ ਭਗਤ ਸਿੰਘ ਦੇ ਜੀਵਨ ਦਾ ਇਹੋ ਮੋੜ ਸਾਡੇ ਰਾਸ਼ਟਰੀ ਅੰਦੋਲਨ ਦੇ ਇਤਿਹਾਸ ਦਾ ਮੋੜ ਵੀ ਸੀ, ਜਿਸਨੂੰ ਸਮਝਿਆ ਨਹੀਂ ਗਿਆ ਤੇ ਜਿਸਨੂੰ ਜਾਣ-ਬੁੱਝ ਕੇ ਅੱਖੋਂ-ਪਰੋਖੇ ਕਰ ਦਿੱਤਾ ਗਿਆ। ਸਿੱਟਾ ਇਹ ਹੋਇਆ ਕਿ ਕਰਾਂਤੀ ਅਸਫਲ ਰਹੀ ਤੇ ਉਸਦੀ ਸਜ਼ਾ ਸਮੁੱਚੇ ਰਾਸ਼ਟਰ ਨੂੰ ਭੁਗਤਨੀ ਪੈ ਰਹੀ ਹੈ।
--------------

No comments:

Post a Comment