Monday, March 19, 2012

ਭਗਤ ਸਿੰਘ ਵਿਚਾਰਧਾਰਾ ਤੇ ਉਸਦੀ ਪਰਾਸੰਗਿਕਤਾ

ਖ਼ੁਲਾਸਾ (ਪ੍ਰਕਾਸ਼ਨ ਕਾਲ 1986)

ਭਗਤ ਸਿੰਘ ਵਿਚਾਰਧਾਰਾ
ਤੇ
ਉਸਦੀ ਪਰਾਸੰਗਿਕਤਾ


ਆਤੰਕਵਾਦ ਸੰਪੂਰਨ ਕਰਾਂਤੀ ਨਹੀਂ ਤੇ ਕਰਾਂਤੀ ਵੀ ਆਤੰਕਵਾਦ ਦੇ ਬਿਨਾਂ ਅੱਧੀ-ਅਧੂਰੀ ਹੁੰਦੀ ਹੈ।'


1928-29 ਦੇ ਦੋ ਵਰ੍ਹੇ ਸਾਡੇ ਇਤਿਹਾਸ ਦੇ ਕਰਾਂਤੀਕਾਰੀ ਉਭਾਰ ਦੇ ਵਰ੍ਹੇ ਸਨ। ਇਹਨਾਂ ਦੋ ਵਰ੍ਹਿਆਂ ਵਿਚ ਸਾਡੀ ਰਾਜਨੀਤੀ ਤੇ ਵਿਚਾਰਾਂ ਵਿਚ ਜਿਹੜੇ ਗੁਣਣਾਤਮਕ-ਪਰੀਵਰਤਨ ਹੋਏ, ਉਹਨਾਂ ਨੂੰ ਅੱਜ ਤਕ ਸਮਝਿਆ ਨਹੀਂ ਗਿਆ। ਨਾ ਸਮਝਣ ਕਰਕੇ ਰਾਸ਼ਟਰ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਹਾਲੇ ਵੀ ਹੋ ਰਿਹਾ ਹੈ। ਹੋਰ ਵਧੇਰੇ ਨੁਕਸਾਨ ਤੋਂ ਬਚਣ ਖਾਤਰ ਇਸ ਗੁਣਣਾਤਮਕ-ਪਰੀਵਰਤਨ ਨੂੰ ਸਮਝ ਲੈਣਾ ਜ਼ਰੂਰੀ ਹੈ। ਪਰ ਇਸ ਨੂੰ ਕਾਂਗਰਸ ਇਤਿਹਾਸ ਦੇ ਅਧਿਅਨ ਨਾਲ ਨਹੀਂ, ਕਰਾਂਤੀਕਾਰੀ ਅੰਦੋਲਨ ਦੇ ਇਤਿਹਾਸ, ਵਿਸ਼ੇਸ਼ ਕਰਕੇ ਭਗਤ ਸਿੰਘ ਦੇ ਦਸਤਾਵੇਜਾਂ ਨਾਲ ਹੀ ਸਮਝਿਆ ਜਾ ਸਕਦਾ ਹੈ।

ਮੈਂ ਇਸ ਨੂੰ ਆਪਣੀ ਰਾਸ਼ਟਰੀ ਜ਼ਿੰਮੇਵਾਰੀ ਸਮਝ ਕੇ ਇਹ ਅਧਿਅਨ ਪੇਸ਼ ਕਰ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਇਸ ਵੱਲ ਵਿਸ਼ੇਸ਼ ਧਿਆਨ ਦਏਗੀ।
8 ਅਪ੍ਰੈਲ 1929 ਨੂੰ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਕੇਂਦਰੀ ਅਸੈਂਬਲੀ ਵਿਚ ਦੋ ਬੰਬ ਸੁੱਟੇ ਸਨ ਤੇ 'ਸਾਮਰਾਜਵਾਦ-ਮੁਰਦਾਬਾਦ!' 'ਇਨਕਾਲਾਬ-ਜ਼ਿੰਦਾਬਾਦ!!' 'ਦੁਨੀਆਂ ਭਰ ਦੇ ਕਾਮਿਓਂ ਇਕ ਹੋ ਜਾਓ!!!' ਦੇ ਨਾਅਰੇ ਲਾਉਂਦਿਆਂ ਹੋਇਆਂ ਇਕ ਪਰਚਾ ਹਾਲ ਵਿਚ ਸੁੱਟਿਆ ਸੀ। ਇਸ ਪਰਚੇ ਦਾ ਪਹਿਲਾ ਵਾਕ ਸੀ...“ਬੋਲ਼ਿਆਂ ਨੂੰ ਸੁਣਾਉਣ ਦੇ ਲਈ ਧਮਾਕੇ ਦੀ ਲੋੜ ਹੁੰਦੀ ਹੈ।” ਤੇ ਦੇਸ਼ ਦੇ ਜੋ ਹਾਲਾਤ ਸਨ ਉਹਨਾਂ ਨੂੰ ਇਸ ਵਿਚ ਇੰਜ ਚਿੱਤਰਿਆ ਗਿਆ ਸੀ...:
“ਪਿਛਲੇ ਦਸ ਵਰ੍ਹਿਆਂ ਵਿਚ ਬ੍ਰਿਟਿਸ਼ ਸਰਕਾਰ ਦੇ ਹਕੂਮਤੀ ਸੁਧਾਰਾਂ ਦੇ ਨਾਂ ਉੱਪਰ ਇਸ ਦੇਸ਼ ਦਾ ਅਪਮਾਨ ਕਰਨ ਦੀ ਕਹਾਣੀ ਦੂਹਰਾਉਣ ਦੀ ਲੋੜ ਨਹੀਂ। ਨਾ ਹੀ ਹਿੰਦੁਸਤਾਨੀ ਪਾਰਲੀਮੈਂਟ ਆਖੀ ਜਾਣ ਵਾਲੀ ਇਸ ਸਭਾ ਦੁਆਰਾ ਹਿੰਦੁਸਤਾਨੀ ਰਾਸ਼ਟਰ ਦੇ ਸਿਰ ਵਿਚ ਪੱਥਰ ਮਾਰ-ਮਾਰ ਕੇ ਸਾਨੂੰ ਅਪਮਾਨਤ ਕਰਨ ਵਾਲੀਆਂ ਉਦਾਹਰਨਾ ਨੂੰ ਚੇਤੇ ਕਰਨ-ਕਰਵਾਉਣ ਦੀ ਲੋੜ ਹੈ। ਸਾਰੇ ਚੰਗੀ ਤਰ੍ਹਾਂ ਜਾਣਦੇ ਹਨ, ਇਸ ਬਾਰੇ ਕੋਈ ਓਹਲਾ ਨਹੀਂ। ਅੱਜ ਫੇਰ, ਜਦਕਿ ਜਨਤਾ ਸਾਈਮਨ ਕਮਿਸ਼ਨ ਦੇ ਕੁਝ ਸੁਧਾਰਾਂ ਰੂਪੀ ਟੁਕੜਿਆਂ ਦੀ ਆਸ ਵਿਚ ਅੱਖਾਂ ਵਿਛਾਈ ਬੈਠੀ ਹੈ ਤੇ ਉਹਨਾਂ ਟੁਕੜਿਆਂ ਦੇ ਲੋਭ ਵਿਚ ਆਪੋ ਵਿਚ ਝਗੜ ਰਹੀ ਹੈ। ਵਿਦੇਸ਼ੀ ਸਰਕਾਰ ਸਰਬ-ਜਨਕ ਸੁਰੱਖਿਆ (ਪਬਲਿਕ ਸੇਫਟੀ) ਤੇ ਔਦਯੋਗਿਕ ਵਿਵਾਦ (ਟਰੇਡ ਡਿਸਪਿਊਟ) ਵਰਗੇ ਕਾਨੂੰਨਾਂ ਦੇ ਰੂਪ ਵਿਚ ਆਪਣੇ ਦਮਨ-ਚੱਕਰ ਨੂੰ ਹੋਰ ਵੀ ਤੇਜ਼ ਕਰ ਰਹੀ ਹੈ। ਇਹਨਾਂ ਦੇ ਨਾਲ ਹੀ ਅਗਲੇ ਸੰਮੇਲਨ ਵਿਚ ਅਖ਼ਬਾਰਾਂ ਰਾਹੀਂ ਰਾਜ-ਧਰੋ ਦੇ ਕਾਨੂੰਨ (ਪ੍ਰੈਸ ਸੇਡੀਸ਼ਨ) ਜਨਤਾ ਉੱਪਰ ਕਸ ਦਿੱਤੇ ਜਾਣ ਦੀ ਧਮਕੀ ਦਿੱਤੀ ਜਾ ਰਹੀ ਹੈ। ਸਰਬ-ਜਨਕ ਕੰਮ ਕਰਨ ਵਾਲੇ ਮਜ਼ਦੂਰ ਨੇਤਾਵਾਂ ਦੀਆਂ ਗਿਰਫਤਾਰੀਆਂ ਸਪਸ਼ਟ ਕਰ ਦਿੰਦੀਆਂ ਹਨ ਕਿ ਸਰਕਾਰ ਦਾ ਰਵੱਈਆ ਕੀ ਹੈ।”
ਵਿਦੇਸ਼ੀ ਸਰਕਾਰ ਆਪਣੇ ਦਮਨ-ਚੱਕਰ ਨੂੰ ਕਾਨੂੰਨੀ ਸ਼ਕਲ ਦੇ ਰਹੀ ਸੀ। ਪਰ ਜਿੱਥੇ ਦਮਨ ਹੁੰਦਾ ਹੈ, ਉੱਥੇ ਪ੍ਰਤੀਸ਼ੋਧ ਵੀ ਹੁੰਦਾ ਹੈ...ਕਰਾਂਤੀ ਉਸਦੀ ਸੁਭਾਵਿਕ ਪ੍ਰਤੀਕਿਰਿਆ ਹੁੰਦੀ ਹੈ। ਸੋ ਪਰਚੇ ਦੇ ਤੀਜੇ ਪੈਰੇ ਵਿਚ ਇਹ ਪ੍ਰਤੀਕਿਰਿਆ ਇੰਜ ਜ਼ਾਹਰ ਹੋਈ ਹੈ...:
“ਰਾਸ਼ਟਰੀ ਦਮਨ ਤੇ ਅਪਮਾਨ ਦੀ ਇਸ ਉਤੇਜਨਾ ਭਰਪੂਰ ਪ੍ਰਸਥਿਤੀ ਵਿਚ ਆਪਣੀ ਜ਼ਿੰਮੇਵਾਰੀ ਦੀ ਗੰਭੀਰਤਾ ਨੂੰ ਮਹਿਸੂਸ ਕਰਕੇ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਨੇ ਆਪਣੀ ਸੈਨਾ ਨੂੰ ਇਹ ਕਦਮ ਚੁੱਕਣ ਦੀ ਆਗਿਆ ਦਿੱਤੀ ਹੈ। ਇਸ ਕਾਰਜ ਦਾ ਮੰਤਕ ਇਹ ਹੈ ਕਿ ਕਾਨੂੰਨ ਦੇ ਨਾਂ ਉੱਤੇ ਕੀਤੇ ਜਾਣ ਵਾਲੇ ਇਸ ਮਜ਼ਾਕ ਨੂੰ ਸਮਾਪਤ ਕਰ ਦਿੱਤਾ ਜਾਏ। ਵਿਦੇਸ਼ੀ ਸਰਕਾਰ ਤੇ ਨੌਕਰਸ਼ਾਹੀ ਜੋ ਚਾਹੇ ਕਹੇ ਪਰ ਉਸਦੀ ਵੈਧਾਨਿਕਤਾ ਦੀ ਨਕਾਬ ਪਾੜ ਦੇਣਾ ਜ਼ਰੂਰੀ ਹੈ।”
ਅਖ਼ੀਰਲੇ ਪੈਰੇ ਵਿਚ ਇਸ ਪ੍ਰਕਿਰਿਆ ਦਾ, ਕਰਾਂਤੀ ਦਾ, ਜਿਸਨੇ ਇਸ ਘਟਨਾ ਨੂੰ ਜਨਮ ਦਿੱਤਾ, ਉਦੇਸ਼ ਇਹਨਾਂ ਸ਼ਬਦਾਂ ਵਿਚ ਸਪਸ਼ਟ ਕੀਤਾ ਗਿਆ ਹੈ...:
“ਅਸੀਂ ਮਨੁੱਖ ਦੇ ਜੀਵਨ ਨੂੰ ਪਵਿੱਤਰ ਸਮਝਦੇ ਹਾਂ। ਇਸ ਲਈ ਉੱਜਲ ਭਵਿੱਖ ਵਿਚ ਵਿਸ਼ਵਾਸ ਕਰਦੇ ਹਾਂ, ਜਿਸ ਵਿਚ ਹਰੇਕ ਵਿਅਕਤੀ ਨੂੰ ਪੂਰਨ ਸ਼ਾਂਤੀ ਤੇ ਆਜ਼ਾਦੀ ਦੇ ਮੌਕੇ ਮਿਲ ਸਕਣ। ਅਸੀਂ ਮਨੁੱਖੀ ਲਹੂ ਵਹਾਉਣ ਲਈ ਆਪਣੀ ਮਜ਼ਬੂਰੀ ਹੱਥੋਂ ਦੁਖੀ ਹਾਂ, ਪਰ ਕਰਾਂਤੀ ਰਾਹੀਂ ਸਭ ਨੂੰ ਬਰਾਬਰ ਦੀ ਆਜ਼ਾਦੀ ਦੇਣ ਤੇ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਨੂੰ ਸਮਾਪਤ ਕਰ ਦੇਣ ਲਈ ਕਰਾਂਤੀ ਸਮੇਂ ਕੁਝ ਨਾ ਕੁਝ ਲਹੂ ਵਹਾਉਣਾ ਜ਼ਰੂਰੀ ਹੋ ਜਾਂਦਾ ਹੈ।”
ਇਹ ਇਕ ਇਤਿਹਾਸਕ ਘਟਨਾ ਸੀ ਜਿਹੜੀ ਇਸ ਤੋਂ ਪਹਿਲਾਂ ਦੀਆਂ ਆਤੰਕਵਾਦੀ ਘਟਨਾਵਾਂ ਨਾਲੋਂ ਇਸ ਕਰਕੇ ਭਿੰਨ ਸੀ ਕਿ ਬੰਬ ਕਿਸੇ ਵਿਅਕਤੀ ਉੱਤੇ ਨਹੀਂ ਸੰਵਿਧਾਨ ਉੱਤੇ, ਕਾਲੇ ਕਾਨੂੰਨਾਂ ਉੱਤੇ, ਸੁੱਟੇ ਗਏ ਸਨ। ਇਹੀ ਇਸ ਘਟਨਾ ਦਾ ਅਸਲੀ ਗੁਣ ਹੈ।
ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 6 ਜੂਨ ਨੂੰ ਅਦਾਲਤ ਸਾਹਮਣੇ 'ਹਮਨੇ ਬੰਬ ਕਿਓਂ ਫੇਂਕੇ' ਜਿਹੜਾ ਬਿਆਨ ਦਿੱਤਾ ਸੀ, ਉਸ ਵਿਚ ਆਪਣੇ ਟੀਚੇ, ਇਸ ਘਟਨਾ ਦੇ ਮਹੱਤਵ ਤੇ ਰਾਜਨੀਤੀ ਵਿਚ ਆਏ ਗੁਣਣਾਤਮਕ ਪਰੀਵਰਤਨ ਦੀ ਵਿਆਖਿਆ ਇਹਨਾਂ ਸ਼ਬਦਾਂ ਵਿਚ ਕੀਤੀ ਸੀ...:
“ਅਸੀਂ ਉਹਨਾਂ ਲੋਕਾਂ ਵੱਲੋਂ ਵਿਰੋਧ ਪਰਗਟ ਕਰਨ ਲਈ ਅਸੈਂਬਲੀ ਦੇ ਫਰਸ਼ ਉੱਤੇ ਬੰਬ ਸੁੱਟੇ, ਜਿਹਨਾਂ ਕੋਲ ਆਪਣੀ ਦਿਲ ਦਹਿਲਾਅ ਦੇਣ ਵਾਲੀ ਹਾਲਤ ਬਿਆਨ ਕਰਨ ਦਾ ਕੋਈ ਹੋਰ ਦੂਸਰਾ ਸਾਧਨ ਨਹੀਂ ਰਿਹਾ। ਸਾਡਾ ਇਕੋ ਇਕ ਮੰਸ਼ਾ ਇਹ ਸੀ ਬੋਲ਼ਿਆਂ ਨੂੰ ਆਪਣੀ ਆਵਾਜ਼ ਸੁਣਾਈਏ ਤੇ ਸਮੇਂ ਦੀ ਚਿਤਾਵਨੀ ਉਹਨਾਂ ਲੋਕਾਂ ਤਕ ਪਹੁੰਚਾਈਏ, ਜਿਹੜੇ ਉਸਨੂੰ ਅਣਡਿੱਠ ਕਰ ਰਹੇ ਹਨ। ਦੂਜੇ ਲੋਕ ਵੀ ਸਾਡੇ ਵਾਂਗ ਹੀ ਸੋਚ ਰਹੇ ਹਨ ਤੇ ਭਾਰਤੀ ਜਾਤੀ ਉੱਪਰੋਂ ਇਕ ਸ਼ਾਂਤ ਸਮੁੰਦਰ ਦਿਖਾਈ ਦੇ ਰਹੀ ਹੈ ਫੇਰ ਵੀ ਅੰਦਰੇ ਅੰਦਰ ਇਕ ਭਿਆਨਕ ਤੂਫ਼ਾਨ ਉੱਫ਼ਨ ਰਿਹਾ ਹੈ। ਅਸੀਂ ਉਹਨਾਂ ਲੋਕਾਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਹੈ, ਜਿਹੜੇ ਸਾਹਮਣੇ ਆਉਣ ਵਾਲੀਆਂ ਗੰਭੀਰ ਪ੍ਰਸਥਿਤੀਆਂ ਦੀ ਚਿੰਤਾ ਕੀਤੇ ਬਿਨਾਂ ਅੰਨ੍ਹੇਵਾਹ ਦੌੜੇ ਜਾ ਰਹੇ ਹਨ। ਅਸੀਂ ਇਸ ਕਲਪਿੱਤ ਅਹਿੰਸਾ ਦੀ ਸਮਾਪਤੀ ਦਾ ਐਲਾਨ ਕੀਤਾ ਹੈ, ਜਿਸਦੀ ਸਾਰਹੀਣਤਾ ਬਾਰੇ ਨਵੀਂ ਪੀੜ੍ਹੀ ਦੇ ਮਨ ਵਿਚ ਕਿਸੇ ਕਿਸਮ ਦਾ ਸ਼ੰਕਾ ਨਹੀਂ ਰਿਹਾ। ਅਸੀਂ ਈਮਾਨਦਾਰੀ ਨਾਲ, ਸਦਭਾਵਨਾ ਤੇ ਮਨੁੱਖਤਾ ਪ੍ਰਤੀ ਆਪਣੇ ਪਰੇਮ ਸਦਕਾ ਉਹਨਾਂ ਭਿਆਨਕ ਖਤਰਿਆਂ ਦੇ ਵਿਰੁੱਧ ਚੇਤਾਵਨੀ ਦੇਣ ਲਈ ਇਹ ਮਾਰਗ ਚੁਣਿਆਂ ਹੈ, ਜਿਹਨਾਂ ਦਾ ਅਗਾਊ ਅਹਿਸਾਸ ਸਾਨੂੰ ਵੀ ਦੇਸ਼ ਦੇ ਕਰੋੜਾਂ ਲੋਕਾਂ ਵਾਂਗ ਸਪਸ਼ਟ ਰੂਪ ਵਿਚ ਹੋ ਚੁੱਕਿਆ ਹੈ।
“ਅਸੀਂ ਪਿੱਛੇ ਪੈਰੇ ਵਿਚ 'ਕਲਪਿੱਤ ਅਹਿੰਸਾ' ਸ਼ਬਦ ਦਾ ਪ੍ਰਯੋਗ ਕੀਤਾ ਹੈ। ਅਸੀਂ ਇਸਦੀ ਵਿਆਖਿਆ ਕਰਨਾ ਚਾਹੁੰਦੇ ਹਾਂ। ਸਾਡੀ ਨਜ਼ਰ ਵਿਚ ਬਲ-ਪ੍ਰਯੋਗ ਉਸ ਸਮੇਂ ਅਨਿਆਂਸੰਗਤ ਹੁੰਦਾ ਹੈ, ਜਦੋਂ ਉਹ ਧਾੜਵੀਆਂ ਵਾਂਗ ਕੀਤਾ ਜਾਏ ਤੇ ਇਹ ਸਾਡੀ ਨਜ਼ਰ ਵਿਚ ਹਿੰਸਾ ਹੈ। ਪਰ ਜਦੋਂ ਸ਼ਕਤੀ ਦਾ ਪ੍ਰਯੋਗ ਕਿਸੇ ਸਮਾਜ ਪੱਖੀ ਉਦੇਸ਼ ਦੀ ਪੂਰਤੀ ਲਈ ਕੀਤਾ ਜਾਏ ਤਾਂ ਉਹ ਨੈਤਿਕ ਦ੍ਰਿਸ਼ਟੀ ਨਾਲ ਨਿਆਂਸੰਗਤ ਹੁੰਦਾ ਹੈ। ਬਲ-ਪ੍ਰਯੋਗ ਦਾ ਮੁੱਢੋਂ ਬਾਈਕਾਟ ਕੋਰਾ ਭਰਮ ਹੈ। ਇਸ ਦੇਸ਼ ਵਿਚ ਇਕ ਨਵਾਂ ਅੰਦੋਲਨ ਉਠ ਖੜ੍ਹਾ ਹੋਇਆ ਹੈ, ਜਿਸਦੀ ਅਗਾਊ ਸੂਚਨਾ ਅਸੀਂ ਦੇ ਚੁੱਕੇ ਹਾਂ। ਇਹ ਅੰਦੋਲਨ ਗੁਰੂ ਗੋਬਿੰਦ ਸਿੰਘ ਤੇ ਸ਼ਿਵਾਜੀ, ਕਮਾਲ ਪਾਸ਼ਾ ਤੇ ਰਜਾ ਖ਼ਾਂ, ਵਾਸ਼ਿੰਗਟਨ ਤੇ ਗੈਰੀ ਬਾਲਡੀ ਤੇ ਲਾਫਾਯਤੇ ਤੇ ਲੇਨਿਨ ਦੇ ਕਾਰਜ ਤੋਂ ਪਰੇਰਨਾਂ ਗ੍ਰਹਿਣ ਕਰਦਾ ਹੈ।”
ਇਹ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੋ ਜਣਿਆ ਦੀ ਆਵਾਜ਼ ਨਹੀਂ ਉਹਨਾਂ ਕਰੋੜਾ ਭੁੱਖੇ ਤੇ ਨੱਪੇ-ਪੀੜੇ ਦੇਸ਼ ਵਾਸੀਆਂ ਦੀ ਆਵਾਜ਼ ਸੀ, ਜਿਹਨਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰਾਂ ਤੇ ਆਰਥਕ ਹਿਤਾਂ ਦੇ ਹਰੇਕ ਸਾਧਨ ਤੋਂ ਵਾਂਝਾ ਕਰ ਦਿੱਤਾ ਗਿਆ ਸੀ। ਇਹ ਸੋਸ਼ਣ ਤੇ ਅਨਿਆਂ ਦੇ ਵਿਰੁੱਧ ਸੰਘਰਸ਼-ਰਤ ਪਰੰਪਰਾ ਦੀ ਆਵਾਜ਼ ਸੀ। ਇਸ ਆਵਾਜ਼ ਵਿਚ ਨਵਾਂ ਅੰਦੋਲਨ ਤੇ ਨਵੀਂ ਚੇਤਨਾ ਗੁੱਝੀ ਹੋਈ ਸੀ, ਇਸ ਲਈ ਇਸਦਾ ਸੁਰ ਨਵਾਂ ਸੀ...ਏਨਾ ਨਵਾਂ ਕਿ ਪਚਵੰਜਾ ਵਰ੍ਹਿਆਂ ਬਾਅਦ ਵੀ ਨਵਾਂ ਹੈ ਤੇ ਅੱਗੋਂ ਵੀ ਨਵਾਂ ਰਹੇਗਾ।
ਇਸ ਨਵੇਂ ਅੰਦੋਲਨ ਦਾ, ਜਿਸਦੀ ਅਗੁਵਾਈ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਦਲ' ਕਰ ਰਿਹਾ ਸੀ, ਸਰੂਪ ਤੇ ਅੰਤਰ-ਵਸਤੂ ਅੰਤਰ-ਰਾਸ਼ਟਰੀ ਸੀ।
ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਦੇਸ਼ ਦੀ ਰਾਜਨੀਤੀ ਵਿਚ ਪਹਿਲੀ ਵਾਰੀ ਬੁਲੰਦ ਹੋਇਆ ਤੇ ਉਸਨੇ 'ਵੰਦੇ ਮਾਤਰਮ' ਦਾ ਸਥਾਨ ਲੈ ਲਿਆ। 2 ਅਕਤੂਬਰ 1931 ਨੂੰ ਫਾਂਸੀ ਦੀ ਕਾਲ ਕੋਠੜੀ ਵਿਚੋਂ ਭੇਜੇ ਗਏ 'ਕੌਮ ਕੇ ਨਾਮ ਸੰਦੇਸ਼' ਵਿਚ ਭਗਤ ਸਿੰਘ ਨੇ ਇਸ ਨਾਅਰੇ ਯਾਨੀ ਕਰਾਂਤੀ ਦੀ ਵਿਆਖਿਆ ਇਹਨਾਂ ਸ਼ਬਦਾਂ ਵਿਚ ਕੀਤੀ ਸੀ...:
“ਹੁਣ ਤੁਸੀਂ ਨਾਅਰਾ ਲਾਉਂਦੇ ਹੋ ਤਾਂ ਮੈਂ ਸਮਝਦਾ ਹਾਂ ਕਿ ਸੱਚਮੁੱਚ ਬੋਲਨ ਲੱਗ ਪਏ ਹੋ, ਇੰਜ ਹੀ ਕਰਨਾ ਵੀ ਚਾਹੀਦਾ ਹੈ। ਅਸੈਂਬਲੀ ਬੰਬ ਕੇਸ ਸਮੇਂ ਅਸੀਂ ਕਰਾਂਤੀ ਦੀ ਇਹ ਵਿਆਖਿਆ ਕੀਤੀ ਸੀ...“ਕਰਾਂਤੀ ਤੋਂ ਸਾਡਾ ਮੰਸ਼ਾ ਸਮਾਜ ਦੀ ਵਰਤਮਾਨ ਪ੍ਰਣਾਲੀ ਤੇ ਵਰਤਮਾਨ ਸੰਗਠਨ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਣਾ ਹੈ।” ਇਸ ਉਦੇਸ਼ ਲਈ ਸਾਨੂੰ ਪਹਿਲਾਂ ਸਰਕਾਰ ਦੀ ਤਾਕਤ ਨੂੰ ਆਪਣੇ ਹੱਥਾਂ ਵਿਚ ਲੈਣਾ ਚਾਹੀਦਾ ਹੈ। ਇਸ ਸਮੇਂ ਹਕੂਮਤ ਦੀ ਮਸ਼ੀਨਰੀ ਧਨੀ ਲੋਕਾਂ ਦੇ ਹੱਥ ਵਿਚ ਹੈ। ਆਮ ਜਨਤਾ ਦੇ ਹਿਤਾਂ ਦੀ ਰਾਖੀ ਤੇ ਆਪਣੇ ਆਦਰਸ਼ਾਂ ਨੂੰ ਕਿਰਿਆਤਮਕ ਰੂਪ ਦੇਣ ਲਈ...ਭਾਵ ਇਹ ਕਿ ਸਮਾਜ ਦਾ ਨਵੇਂ ਸਿਰੇ ਤੋਂ ਸੰਗਠਨ, ਕਾਰਲ ਮਾਰਕਸ ਦੇ ਸਿਧਾਂਤਾਂ ਦੇ ਅਨੁਸਾਰ, ਕਰਨ ਲਈ...ਅਸੀਂ ਸਰਕਾਰ ਦੀ ਮਸ਼ੀਨਰੀ ਨੂੰ ਆਪਣੇ ਹੱਥ ਵਿਚ ਲੈਣਾ ਚਾਹੁੰਦੇ ਹਾਂ। ਅਸੀਂ ਇਸ ਉਦੇਸ਼ ਲਈ ਲੜ ਰਹੇ ਹਾਂ, ਪਰ ਇਸ ਲਈ ਸਾਨੂੰ ਸਾਧਾਰਨ ਜਨਤਾ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ।”
ਪੁਰਾਣੇ ਸਮਾਜ ਦੀ ਜਗ੍ਹਾ ਕਾਰਲ ਮਾਰਕਸ ਦੇ ਸਿਧਾਂਤਾਂ ਅਨੁਸਾਰ ਇਕ ਨਵੇਂ ਸਮਾਜ ਦਾ ਗਠਨ ਇਸ ਨਵੇਂ ਅੰਦੋਲਨ ਦੀ ਨਵੀਂ ਅੰਤਰ-ਵਸਤੂ ਸੀ। ਪਰ ਇਸ ਪਰੀਵਰਤਨ ਨੂੰ ਚੰਗੀ ਤਰ੍ਹਾਂ ਸਮਝਣ ਤੇ ਸਾਰ ਤੱਤ ਨੂੰ ਅੰਦਰ ਵਸਾਅ ਲੈਣ ਲਈ ਸਾਨੂੰ ਉਸ ਪੁਰਾਣੇ ਅੰਦੋਲਨ ਉੱਤੇ ਵੀ ਨਜ਼ਰ ਮਾਰਨੀ ਪਏਗੀ, ਜਿਸਦਾ ਇਸ ਨਵੇਂ ਵਿਚ ਰੂਪਾਂਤਰਣ ਹੋਇਆ। ਭਗਤ ਸਿੰਘ ਨੇ 'ਡਰੀਮ ਲੈਂਡ' ਦੀ ਭੂਮਿਕਾ ਵਿਚ ਲਿਖਿਆ ਹੈ...:
“ਰਾਜਨੀਤਕ ਖੇਤਰ ਵਿਚ 'ਡਰੀਮ ਲੈਂਡ' ਦਾ ਸਥਾਨ ਬੜਾ ਹੀ ਮਹੱਤਵਪੂਰਨ ਹੈ। ਵਰਤਮਾਨ ਪ੍ਰਸਥਿਤੀਆਂ ਵਿਚ ਉਹ ਅੰਦੋਲਨ ਹੀ ਇਕ ਮਹੱਤਵਪੂਰਨ ਪਾੜੇ ਨੂੰ ਪੂਰਦਾ ਹੈ। ਅਸਲ ਵਿਚ ਸਾਡੇ ਦੇਸ਼ ਦੇ ਸਾਰੇ ਰਾਜਨੀਤਕ ਅੰਦੋਲਨਾਂ ਵਿਚ, ਜਿਹਨਾਂ ਨੇ ਸਾਡੇ ਅਧੁਨਿਕ ਇਤਿਹਾਸ ਵਿਚ ਕੋਈ ਨਾ ਕੋਈ ਭੂਮਿਕਾ ਨਿਭਾਈ ਹੈ, ਉਸ ਆਦਰਸ਼ ਦੀ ਕਮੀ ਰਹੀ ਹੈ। ਇਕ ਗਦਰ ਪਾਰਟੀ ਨੂੰ ਛੱਡ ਕੇ, ਜਿਸਨੇ ਅਮਰੀਕੀ ਪ੍ਰਣਾਲੀ ਦੀ ਸਰਕਾਰ ਤੋਂ ਪਰੇਰਤ ਹੋ ਕੇ ਸਪਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਉਹ ਮੌਜ਼ੂਦਾ ਸਰਕਾਰ ਦੀ ਜਗ੍ਹਾ ਗਣਤਾਂਤਰਿਕ ਢੰਗ ਦੀ ਸਰਕਾਰ ਕਾਇਮ ਕਰਨਾ ਚਾਹੁੰਦੀ ਹੈ, ਮੈਨੂੰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਕ ਵੀ ਅਜਿਹੀ ਕਰਾਂਤੀਕਾਰੀ ਪਾਰਟੀ ਨਹੀਂ ਮਿਲੀ, ਜਿਸ ਦੇ ਸਾਹਮਣੇ ਇਹ ਵਿਚਾਰ ਸਪਸ਼ਟ ਹੋਏ ਕਿ ਉਹ ਕਿਸ ਲਈ ਲੜ ਰਹੀ ਹੈ। ਸਾਰੀਆਂ ਪਾਰਟੀਆਂ ਵਿਚ ਸਿਰਫ ਅਜਿਹੇ ਲੋਕ ਸਨ ਜਿਹਨਾਂ ਕੋਲ ਸਿਰਫ ਇਕ ਵਿਚਾਰ ਸੀ ਕਿ ਉਹਨਾਂ ਵਿਦੇਸ਼ੀ ਹਕੂਮਤ ਦੇ ਵਿਰੁੱਧ ਸੰਘਰਸ਼ ਕਰਨਾ ਹੈ। ਇਹ ਵਿਚਾਰ ਕਾਫੀ ਹਦ ਤਕ ਸਲਾਹੁਣ ਯੋਗ ਹੈ। ਪਰ ਇਸਨੂੰ ਇਕ ਕਰਾਂਤੀਕਾਰੀ ਵਿਚਾਰ ਨਹੀਂ ਕਿਹਾ ਜਾ ਸਕਦਾ। ਸਾਨੂੰ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਕਰਾਂਤੀ ਦਾ ਅਰਥ ਸਿਰਫ ਉਥਲ-ਪੁਥਲ ਜਾਂ ਲਹੂ-ਭਿੱਜਿਆ ਸੰਘਰਸ਼ ਨਹੀਂ ਹੈ। ਕਰਾਂਤੀ ਵਿਚ ਮੌਜ਼ੂਦਾ ਹਾਲਾਤ (ਯਾਨੀ ਸੱਤਾ) ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਪਿੱਛੋਂ ਇਕ ਨਵੇਂ ਤੇ ਬਿਹਤਰ ਮੁੜ-ਨਿਰਮਾਣ ਦਾ ਕਾਰਜ ਮਾਨਤਾ ਪ੍ਰਾਪਤ ਆਧਾਰ ਉੱਤੇ ਸੁਘੜ ਤਰੀਕੇ ਨਾਲ ਹੋਣਾ ਤੇ ਹੁੰਦਾ ਰਹਿਣਾ ਚਾਹੀਦਾ ਹੈ।”
ਅਤੀਤ, ਵਰਤਮਾਨ ਵਿਚ ਤੇ ਵਰਤਮਾਨ, ਭਵਿੱਖ ਵਿਚ ਜਿਊਂਦਾ ਰਹਿੰਦਾ ਹੈ। ਫੇਰ ਵੀ ਵਰਤਮਾਨ ਤੇ ਭਵਿੱਖ ਨੂੰ ਸਮਝਣ ਲਈ ਅਤੀਤ ਨੂੰ ਸਮਝ ਲੈਣਾ ਜ਼ਰੂਰੀ ਹੈ। ਇਸੇ ਦਾ ਨਾਂ ਪਰੰਪਰਾ ਹੈ। ਕੁਝ ਵੀ ਬਿਲਕੁਲ ਨਵਾਂ ਨਹੀਂ ਹੁੰਦਾ। ਹਰ ਨਵੀਂ ਚੀਜ਼ ਪੁਰਾਣੀ ਚੀਜ਼ ਦਾ ਵਿਕਸਤ ਤੇ ਬਦਲਿਆ ਹੋਇਆ ਰੂਪ ਹੁੰਦੀ ਹੈ। ਨਾ ਪੁਰਾਣਾ ਅੰਦੋਲਨ ਆਸਮਾਨੋਂ ਟਪਕਿਆ ਸੀ ਤੇ ਨਾ ਹੀ ਨਵਾਂ ਅੰਦੋਲਨ ਆਕਾਸ਼ੋਂ ਲੱਥਾ ਹੈ। ਪੁਰਾਣੇ ਅੰਦੋਲਨ ਦਾ ਜਨਮ ਦੇਸ਼ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਵਿਚੋਂ ਹੋਇਆ ਸੀ ਤੇ ਜਦੋਂ ਇਹਨਾਂ ਪ੍ਰਸਥਿਤੀਆਂ ਨੇ ਨਵਾਂ ਰੂਪ ਧਾਰ ਲਿਆ ਤਾਂ ਪੁਰਾਣੇ ਆਤੰਕਵਾਦੀ ਅੰਦੋਲਨ ਨੇ ਇਸ ਨਵੇਂ ਕਰਾਂਤੀਕਾਰੀ ਅੰਦੋਲਨ ਦਾ ਰੂਪ ਧਾਰ ਲਿਆ। ਪੁਰਾਣੇ ਦਾ ਨਵਾਂ ਰੂਪ ਧਾਰਨ ਕਰਨਾ ਲਾਜ਼ਮੀ ਸੀ। ਸਮਾਜ ਦੀ ਵਿਕਾਸ ਪ੍ਰਕਿਰਿਆ ਅਨੁਸਾਰ ਸੀ। ਇਸ ਵਿਕਾਸ ਪ੍ਰਕਿਰਿਆ ਦਾ ਜ਼ਿਕਰ 'ਬੰਬ ਕਾ ਦਰਸ਼ਨ' ਦਸਤਾਵੇਜ ਵਿਚ, ਜਿਹੜਾ 26 ਜਨਵਰੀ 1930 ਵਿਚ ਸਾਰੇ ਦੇਸ਼ ਵਿਚ ਗੁਪਤ ਰੂਪ ਵਿਚ ਵੰਡਿਆ ਗਿਆ ਸੀ, ਇਸ ਤਰ੍ਹਾਂ ਕੀਤਾ ਗਿਆ ਹੈ...:
“ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਸ ਮਾਨਸਿਕ ਗ਼ੁਲਾਮੀ ਤੇ ਜਿਹੜੇ ਧਾਰਮਕ ਰੂੜੀਵਾਦੀ ਬੰਧਨਾਂ ਨੇ ਜਕੜਿਆ ਹੋਇਆ ਹੈ ਤੇ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਨੌਜਵਾਨ ਸਮਾਜ ਵਿਚ ਜਿਹੜੀ ਬੇਚੈਨੀ ਹੈ—ਉਸੇ ਵਿਚ, ਕਰਾਂਤੀਕਾਰੀ ਪ੍ਰਗਤੀਸ਼ੀਲਤਾ ਦੀਆਂ ਕਰੂੰਭਲਾਂ ਫੁੱਟ ਰਹੀਆਂ ਹਨ। ਜਿਵੇਂ-ਜਿਵੇਂ ਕਿਸੇ ਨੌਜਵਾਨ ਨੂੰ ਮਨੋਵਿਗਿਆਨ ਦੀ ਸੋਝੀ ਹੁੰਦੀ ਜਾਏਗੀ, ਤਿਵੇਂ ਤਿਵੇਂ ਰਾਸ਼ਟਰ ਦੀ ਗ਼ੁਲਾਮੀ ਦਾ ਚਿੱਤਰ ਉਸ ਸਾਹਵੇਂ ਸਪਸ਼ਟ ਹੁੰਦਾ ਜਾਏਗਾ ਤੇ ਉਸਦੀ ਦੇਸ਼ ਨੂੰ ਸੁਤੰਤਰ ਕਰਵਉਣ ਦੀ ਇੱਛਾ ਪ੍ਰਬਲ ਹੁੰਦੀ ਜਾਏਗੀ—ਤੇ ਉਸਦਾ ਇਹ ਸਿਲਸਿਲ ਉਦੋਂ ਤਕ ਚਲਦਾ ਰਹੇਗਾ, ਜਦੋਂ ਤਕ ਨੌਜਵਾਨ ਅਨਿਆਂ, ਕਰੋਧ ਤੇ ਦੁੱਖ ਨਾਲ ਨਕੋ-ਨੱਕ ਭਰ ਕੇ ਅਨਿਆਂ ਕਰਨ ਵਾਲਿਆਂ ਦੀ ਹੱਤਿਆ ਕਰਨੀ ਆਰੰਭ ਨਹੀਂ ਕਰ ਦੇਂਦਾ। ਇੰਜ ਦੇਸ਼ ਵਿਚ ਆਤੰਕਵਾਦ ਦਾ ਜਨਮ ਹੁੰਦਾ ਹੈ। ਆਤੰਕਵਾਦ ਸੰਪੂਰਨ-ਕਰਾਂਤੀ ਨਹੀਂ ਤੇ ਕਰਾਂਤੀ ਵੀ ਆਤੰਕਵਾਦ ਦੇ ਬਿਨਾਂ ਪੂਰਨ ਨਹੀਂ। ਇਹ ਤਾਂ ਕਰਾਂਤੀ ਦਾ ਇਕ ਜ਼ਰੂਰੀ ਤੇ ਅਤਿ ਜ਼ਰੂਰੀ ਅੰਗ ਹੈ। ਇਸ ਸਿਧਾਂਤ ਦਾ ਸੱਚ ਇਤਿਹਾਸ ਦੀ ਕਿਸੇ ਵੀ ਕਰਾਂਤੀ ਦਾ ਵਿਸ਼ਲੇਸ਼ਣ ਕਰਕੇ ਪਰਖਿਆ ਜਾ ਸਕਦਾ ਹੈ। ਕਰਾਂਤੀਕਾਰੀ ਆਤੰਕਵਾਦ ਨਾਲ ਲੋਟੂਆਂ ਦੇ ਮਨ ਵਿਚ ਭੈ ਪੈਦਾ ਕਰਕੇ, ਨੱਪੀ-ਪੀੜੀ ਜਨਤਾ ਵਿਚ ਬਦਲੇ ਦੀ ਭਾਵਨਾ ਜਗਾ ਕੇ, ਉਹਨਾਂ ਵਿਚ ਆਤਮ-ਵਿਸ਼ਵਾਸ ਪੈਦਾ ਕੀਤਾ ਜਾਂਦਾ ਹੈ। ਇਸ ਨਾਲ ਦੁਨੀਆਂ ਸਾਹਮਣੇ ਕਰਾਂਤੀ ਦੇ ਉਦੇਸ਼ ਦਾ ਅਸਲ ਰੂਪ ਸਪਸ਼ਟ ਹੋ ਜਾਂਦਾ ਹੈ, ਕਿਉਂਕਿ ਇਹ ਕਿਸੇ ਰਾਸ਼ਟਰ ਦੀ ਪ੍ਰਬਲ ਇੱਛਾ ਦਾ ਵਿਸ਼ਵਾਸ ਦਿਵਾਉਣ ਵਾਲੇ ਪ੍ਰਮਾਣ ਹਨ। ਜਿਵੇਂ ਦੂਜੇ ਦੇਸ਼ਾਂ ਵਿਚ ਹੁੰਦਾ ਆਇਆ ਹੈ ਓਵੇਂ ਹੀ ਭਾਰਤ ਵਿਚ ਵੀ ਆਤੰਕਵਾਦ ਕਰਾਂਤੀਕਾਰੀ ਰੂਪ ਧਾਰਨ ਕਰ ਲਏਗਾ ਤੇ ਅੰਤ ਵਿਚ ਕਰਾਂਤੀ ਨਾਲ ਹੀ ਦੇਸ਼ ਵਿਚ ਸਾਮਾਜਕ, ਰਾਜਨੀਤਕ ਤੇ ਆਰਥਕ ਸੁਤੰਤਰਤਾ ਬਹਾਲ ਹੋਏਗੀ।”
ਭਾਵ ਇਹ ਕਿ ਇਸ ਨਵੀਂ ਪ੍ਰਸਿਥਤੀ ਵਿਚ ਆਤੰਕਵਾਦੀ ਅੰਦੋਲਨ ਕਰਾਂਤੀਕਾਰੀ ਅੰਦੋਲਨ ਵਿਚ ਬਦਲਿਆ, ਇਸ ਦਾ ਟੀਚਾ ਅਨਿਆਂ ਉੱਤੇ ਆਧਾਰਤ ਵਰਤਮਾਨ ਵਿਵਸਥਾ ਨੂੰ ਢਾ-ਢੇਰੀ ਕਰਕੇ ਮਾਰਕਸਵਾਦੀ ਸਿਧਾਂਤ ਅਨੁਸਾਰ ਨਵੇਂ ਸਮਾਜ ਦਾ ਗਠਨ ਕਰਨਾ ਸੀ।
ਰਾਜਨੀਤੀ ਵਿਚ ਗੁਣਣਾਤਮਕ ਪਰੀਵਰਤਨ ਆਇਆ ਤਾਂ ਉਸਦਾ ਵਿਚਾਰ ਤੇ ਚਿੰਤਨ ਵਿਚ ਆਉਣਾ ਵੀ ਜ਼ਰੂਰੀ ਸੀ। ਇਹ ਪਰੀਵਰਤਨ ਭਗਤ ਸਿੰਘ ਦੇ 'ਮੈਂ ਨਾਸਤਕ ਕਿਓਂ ਹਾਂ' ਲੇਖ ਵਿਚ ਦੇਖਿਆ ਜਾ ਸਕਦਾ ਹੈ। ਲੇਖ 26 ਜਨਵਰੀ 1930 ਨੂੰ ਲਾਹੌਰ ਦੇ ਅੰਗਰੇਜ਼ੀ ਸਪਤਾਹਿਕ 'ਪੀਪੁਲ' ਵਿਚ ਛਪਿਆ ਸੀ। ਕਰਾਂਤੀਕਾਰੀ ਨੌਜਵਾਨਾਂ ਵਿਚ ਭਗਤ ਸਿੰਘ ਪਹਿਲੇ ਆਦਮੀ ਸਨ, ਜਿਹੜੇ ਆਸਤਕ ਤੋਂ ਨਾਸਤਕ ਬਣੇ। ਇੰਜ ਸਹਿਜੇ ਹੀ ਨਹੀਂ ਹੋ ਗਿਆ। ਉਹਨਾਂ ਨੂੰ ਲੰਮੀ ਵਿਕਾਸ ਪ੍ਰਕਿਰਿਆ ਵਿਚੋਂ ਲੰਘਣਾ ਪਿਆ ਤੇ ਸਾਥੀਆਂ ਦਾ ਵਿਰੋਧ ਵੀ ਸਹਿਣਾ ਪਿਆ। ਸਾਥੀਆਂ ਨੇ ਉਹਨਾਂ ਨੂੰ ਹੰਕਾਰੀ ਕਿਹਾ ਤੇ ਤਾਨਾਸ਼ਾਹ ਹੋਣ ਦਾ ਦੋਸ਼ ਵੀ ਲਾਇਆ। ਸੰਸਕਾਰ-ਗਤ ਰੂੜੀਵਾਦੀ ਵਿਚਾਰਾਂ ਨੂੰ ਤਿਆਗਣ ਤੇ ਨਵੇਂ ਵਿਚਾਰ ਗ੍ਰਹਿਣ ਕਰਨ ਸਮੇਂ ਆਪਣੇ ਆਪ ਨਾਲ ਵੀ ਜੂਝਨਾਂ ਪੈਂਦਾ ਹੈ। ਭਗਤ ਸਿੰਘ ਨੇ ਲਿਖਿਆ ਹੈ ਕਿ ਕੋਈ ਆਸਤਕ ਆਪਣੇ ਅਹਮ ਕਾਰਨ ਨਾਸਤਕ ਬਣ ਜਾਏ, ਇਹ ਸੰਭਵ ਨਹੀਂ। ਪਰੀਵਰਤਨ ਦੀ ਵਿਕਾਸ ਪ੍ਰਕਿਰਿਆ ਨੂੰ ਸਮਝਣ ਲਈ ਇਹ ਲੇਖ ਅਤੀ ਮਹੱਤਵਪੂਰਨ ਹੈ।
ਭਗਤ ਸਿੰਘ ਨੇ ਲਿਖਿਆ ਹੈ ਕਿ 'ਮੈਂ ਬੜੇ ਹੀ ਸੰਗਾਲੂ ਸੁਭਾਅ ਤੇ ਭਵਿੱਖ ਵਿਚ ਉਲਝਿਆ ਰਹਿਣ ਵਾਲਾ ਮੁੰਡਾ ਸੀ। ਮੈਂ ਆਪਣੇ ਦਾਦਾਜੀ ਦੇ ਪਰਭਾਵ ਹੇਠ ਵੱਡਾ ਹੋਇਆ। ਉਹ ਪੱਕੇ ਆਰੀਆ ਸਮਾਜੀ ਸਨ, ਪਿਤਾ ਜੀ ਵੀ ਉਦਾਰ ਦ੍ਰਿਸ਼ਟੀ ਵਾਲੇ ਆਰੀਆ ਸਮਾਜੀ ਸਨ। ਉਹਨਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣਾ ਜੀਵਨ ਆਜ਼ਾਦੀ ਦੇ ਆਦਰਸ਼ ਲਈ ਸਮਰਪਣ ਕੀਤਾ। ਮੁੱਢਲੀ ਸਿੱਖਿਆ ਪੂਰੀ ਕਰਕੇ ਡੀ.ਏ.ਵੀ. ਸਕੂਲ ਵਿਚ ਦਾਖ਼ਲ ਹੋਇਆ ਤੇ ਬੋਰਡਿੰਗ ਹਾਊਸ ਵਿਚ ਰਹਿਣ ਲੱਗਾ। ਉੱਥੇ ਸਵੇਰ ਸ਼ਾਮ ਦੀਆਂ ਪ੍ਰਾਰਥਨਾਵਾਂ ਦੇ ਇਲਾਵਾ ਘੰਟਿਆਂ ਬੱਧੀ ਗਾਇਤਰੀ ਮੰਤਰ ਦਾ ਜਾਪ ਕਰਦਾ ਹੁੰਦਾ ਸੀ। ਅਸਹਿਯੋਗ ਅੰਦੋਲਨ ਦੇ ਦਿਨਾਂ ਵਿਚ ਮੈਂ ਨੈਸ਼ਨਲ ਕਾਲਜ ਵਿਚ ਦਾਖ਼ਲ ਹੋਇਆ। ਉੱਥੇ ਮੈਂ ਈਸ਼ਵਰ ਤੇ ਧਾਰਮਕ ਸਮੱਸਿਆਵਾਂ ਬਾਰੇ ਸੋਚਣਾ ਤੇ ਵਿਚਾਰ ਵਟਾਂਦਰੇ ਕਰਨਾ ਸ਼ੁਰੂ ਕੀਤਾ। ਪਰ ਈਸ਼ਵਰ ਦੀ ਹੋਂਦ ਵਿਚ ਮੇਰਾ ਦ੍ਰਿੜ੍ਹ ਵਿਸ਼ਵਾਸ ਸੀ।
“ਫੇਰ ਮੈਂ ਕਰਾਂਤੀਕਾਰੀ ਦਲ ਵਿਚ ਸ਼ਾਮਲ ਹੋ ਗਿਆ। ਸਭ ਤੋਂ ਪਹਿਲਾਂ ਮੈਂ ਜਿਸ ਨੇਤਾ ਨੂੰ ਮਿਲਿਆ, ਉਹ ਪੂਰੀ ਤਰ੍ਹਾਂ ਜਾਗਰੁਕ ਹੋਣ ਦੇ ਬਾਵਜੂਦ ਵੀ ਈਸ਼ਵਰ ਦੀ ਹੋਂਦ ਤੋਂ ਇਨਕਾਰ ਨਹੀਂ ਕਰ ਸਕਦਾ ਸੀ। ਮੈਂ ਈਸ਼ਵਰ ਬਾਰੇ ਪੁੱਛਦਾ ਤਾਂ ਉਹ ਕਹਿ ਦਿੰਦਾ, “ਜਦੋਂ ਤੁਹਾਡਾ ਮਨ ਕਰੇ ਈਸ਼ਵਰ ਦਾ ਧਿਆਨ ਕਰ ਲਿਆ ਕਰੋ।” ਨਾਸਤਕਤਾ ਦੇ ਸਿਧਾਂਤ ਨੂੰ ਮੰਨਣ ਲਈ ਜਿਹੜਾ ਹੌਸਲਾ ਜ਼ਰੂਰੀ ਹੁੰਦਾ ਹੈ—ਉਹ, ਉਸ ਹੌਸਲੇ-ਵਿਹੂਣਾ ਨਾਸਤਕ ਸੀ। ਜਿਸ ਦੂਜੇ ਨੇਤਾ ਨੂੰ ਮੈਂ ਮਿਲਿਆ, ਉਸਦਾ ਈਸ਼ਵਰ ਵਿਚ ਦ੍ਰਿੜ੍ਹ ਵਿਸ਼ਵਾਸ ਸੀ। ਮੈਂ ਤੁਹਾਨੂੰ ਉਸਦਾ ਨਾਂ ਦੱਸਦਾ ਹਾਂ...ਮਾਣਯੋਗ ਕਾਮਰੇਡ ਸ਼ਚੀਂਦਰ ਨਾਥ ਸਾਨਿਆਲ। ਉਹਨਾਂ ਦੀ ਪ੍ਰਸਿੱਧ ਪੁਸਤਕ 'ਬੰਦੀ ਜੀਵਨ' ਦਾ ਪਹਿਲਾਂ ਪਾਠ ਹੀ ਈਸ਼ਵਰ ਦੀ ਸ਼ਾਨ ਵਿਚ ਜਬਰਦਸਤ ਮਹਿਮਾ ਗਾਣ ਹੈ। ਇਸ ਸੁੰਦਰ ਕਿਤਾਬ ਦੇ ਦੂਜੇ ਭਾਗ ਦੇ ਆਖ਼ਰੀ ਸਫਿਆਂ ਉੱਤੇ ਉਹਨਾਂ ਦੇ ਵੇਦਾਂਤਵਾਦ ਕਾਰਨ, ਈਸ਼ਵਰ ਦੀ ਅਧਿਆਤਮਕ ਮਹਿਮਾ, ਉਹਨਾਂ ਦੇ ਵਿਚਾਰਾਂ ਦਾ ਸਾਰ ਹੈ।...” ਇਸਤਗਾਸੇ ਅਨੁਸਾਰ ਜਿਹੜਾ ਕਰਾਂਤੀਕਾਰੀ ਪਰਚਾ 28 ਜਨਵਰੀ 1925 ਨੂੰ ਸਾਰੇ ਭਾਰਤ ਵਿਚ ਵੰਡਿਆ ਗਿਆ ਸੀ ਉਹ ਉਹਨਾਂ ਦੇ ਦਿਮਾਗ਼ ਦੀ ਉਪਜ ਸੀ। ਇੰਜ ਹੁੰਦਾ ਹੀ ਹੈ ਕਿ ਭੂਮੀਗਤ ਗਤੀਵਿਧੀਆਂ ਵਿਚ ਕੋਈ ਪ੍ਰਸਿੱਧ ਨੇਤਾ ਆਪਣੇ ਉਹ ਵਿਚਾਰ ਪਰਗਟ ਕਰਦਾ ਹੈ, ਜਿਹੜੇ ਉਸਨੂੰ ਬੇਹੱਦ ਪਿਆਰੇ ਹੁੰਦੇ ਹਨ ਤੇ ਦੂਜੇ ਕਾਰਜ ਕਰਤਾਵਾਂ ਨੂੰ ਮਤਭੇਦ ਦੇ ਬਾਵਜੂਦ ਉਹਨਾਂ ਨਾਲ ਸਹਿਮਤ ਹੋਣਾ ਪੈਂਦਾ ਹੈ।
ਉਸ ਪਰਚੇ ਵਿਚ ਇਕ ਪੂਰਾ ਪੈਰਾ ਸਭ ਦੇ ਮਾਲਿਕ ਤੇ ਉਹਦੀਆਂ ਲੀਲ੍ਹਾਵਾਂ ਬਾਰੇ ਸੀ...“ਇਹ ਰਹੱਸਵਾਦ ਹੈ। ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਓਦੋਂ ਕਰਾਂਤੀਕਾਰੀ ਦਲ ਵਿਚ ਈਸ਼ਵਰ ਦੀ ਹੋਂਦ ਤੋਂ ਇਨਕਾਰ ਕਰਨ ਦਾ ਵਿਚਾਰ ਪੈਦਾ ਨਹੀਂ ਸੀ ਹੋਇਆ।...
“ਉਸ ਸਮੇਂ ਤਕ ਮੈਂ ਸਿਰਫ ਰੋਮਾਂਟਿਕ ਕਰਾਂਤੀਕਾਰੀ ਹੀ ਸਾਂ। ਤਦ ਤਕ ਅਸੀਂ ਸਿਰਫ ਅਨੁਯਾਈ ਹੀ ਸਾਂ। ਫੇਰ ਪੂਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈਣ ਦਾ ਸਮਾਂ ਆਇਆ। ਕੁਝ ਸਮੇਂ ਤਕ ਦਲ ਦੇ ਅਟਲ ਵਿਰੋਧ ਕਾਰਨ ਉਸਦੀ ਹੋਂਦ ਹੀ ਖਤਰੇ ਵਿਚ ਪੈ ਗਈ ਸੀ। ਜੋਸ਼ ਵਿਚ ਭਰਪੂਰ ਨਾ ਸਿਰਫ ਕਾਮਰੇਡ ਬਲਕਿ ਨੇਤਾ ਵੀ ਸਾਡਾ ਮਜ਼ਾਕ ਉਡਾਉਣ ਲੱਗ ਪਏ। ਕੁਝ ਦਿਨ ਮੈਨੂੰ ਵੀ ਸ਼ੱਕ ਰਿਹਾ ਕਿ ਕਿਸੇ ਦਿਨ ਮੈਨੂੰ ਵੀ ਆਪਣੇ ਦਲ ਦੇ ਕਾਰਜ-ਕੰਮਾਂ ਦੀ ਨਿਸ਼ਫਲਤਾ ਦਾ ਯਕੀਨ ਹੋ ਜਾਏਗਾ। ਇਹ ਮੇਰੇ ਕਰਾਂਤੀਕਾਰੀ ਜੀਵਨ ਵਿਚ ਆਇਆ ਬੜਾ ਵੱਡਾ ਕਰਾਂਤੀਕਾਰੀ ਮੋੜ ਸੀ। ਅਧਿਅਨ ਕਰਨ ਦੇ ਅਹਿਸਾਸ ਦੀ ਤਰੰਗ ਮੇਰੇ ਅੰਦਰ ਉਠਦੀ ਰਹੀ। 'ਅਧਿਅਨ ਕਰ ਤਾਂਕਿ ਤੂੰ ਆਪਣੇ ਵਿਰੋਧੀਆਂ ਦੇ ਤਰਕ ਦਾ ਜਵਾਬ ਦੇਣ ਯੋਗ ਹੋ ਸਕੇਂ। ਆਪਣੇ ਸਿਧਾਂਤ ਤੇ ਪੱਖ ਵਿਚ ਆਪਣੇ ਆਪ ਨੂੰ ਤਰਕ ਨਾਲ ਲੈਸ ਕਰਨ ਲਈ ਅਧਿਅਨ ਕਰ।'" ਲੰਮੇ ਅਧਿਅਨ ਦਾ ਬਿਓਰਾ ਦੇ ਕੇ ਲਿਖਿਆ ਹੈ, “1926 ਦੇ ਅੰਤ ਤਕ ਮੇਰਾ ਇਹ ਵਿਸ਼ਵਾਸ ਦ੍ਰਿੜ੍ਹ ਹੋ ਚੁੱਕਿਆ ਸੀ ਬ੍ਰਾਹਮੰਡ ਦੇ ਸਿਰਜਨਕਾਰ, ਪਾਲਨਹਾਰ ਤੇ ਸਰਬ-ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਨਿਰ-ਆਧਾਰ ਹੈ। ਮੈਂ ਇਸ ਵਿਸ਼ੇ ਉੱਤੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆਂ ਨਾਸਤਕ ਬਣ ਚੁੱਕਿਆ ਸਾਂ—ਤੇ ਨਾਸਤਕ ਹੋਣ ਦੇ ਅਰਥ ਮੈਂ ਹੇਠਾਂ ਦੇ ਰਿਹਾ ਹਾਂ।”
ਮਈ 1927 ਵਿਚ ਭਗਤ ਸਿੰਘ ਲਾਹੌਰ ਵਿਚ ਗਿਰਫਤਾਰ ਹੋਏ ਉਹਨਾਂ ਨੂੰ ਇਕ ਮਹੀਨਾ ਰੇਲਵੇ ਪੁਲਸ ਜੇਲ੍ਹ ਵਿਚ ਰੱਖਿਆ ਗਿਆ। ਇਸ ਦੌਰਾਨ ਪੁਲਸ ਅਫ਼ਸਰਾਂ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਕਿ ਤੂੰ ਕਰਾਂਤੀਕਾਰੀਆਂ ਦੇ ਖ਼ਿਲਾਫ਼ ਬਿਆਨ ਦੇ ਕੇ ਵਾਅਦਾ ਮੁਆਫ਼ ਗਵਾਹ ਬਣ ਜਾਏਂ ਤਾਂ ਨਾ ਸਿਰਫ ਇਹ ਕਿ ਤੂੰ ਕੈਦ ਤੇ ਫਾਂਸੀ ਦੀ ਸਜ਼ਾ ਤੋਂ ਬਚ ਜਾਏਂਗਾ ਬਲਕਿ ਇਨਾਮ ਵੀ ਮਿਲੇਗਾ ਤੇ ਤੈਨੂੰ ਅਦਾਲਤ ਵਿਚ ਵੀ ਪੇਸ਼ ਨਹੀਂ ਕੀਤਾ ਜਾਏਗਾ। ਪੁਲਸ ਅਫ਼ਸਰਾਂ ਨੇ ਉਸਨੂੰ ਈਸ਼ਵਰ ਦਾ ਨਾਂ ਲੈਣ ਤੇ ਪ੍ਰਾਰਥਨਾ ਕਰਨ ਲਈ ਵੀ ਪਰੇਰਤ ਕੀਤਾ। ਲਿਖਿਆ ਹੈ ਕਿ 'ਮੇਰੇ ਲਈ ਇਹ ਪਰਖ ਦੀ ਘੜੀ ਸੀ। ਮੈਂ ਉਸ ਪਰਖ ਵਿਚ ਸਫਲ ਰਿਹਾ। ਮੈਂ ਕਦੀ ਪ੍ਰਾਰਥਨਾ ਨਹੀਂ ਕੀਤੀ। ਮੈਂ ਕਦੀ ਇਕ ਪਲ ਲਈ ਵੀ ਆਪਣੀ ਜਾਨ ਬਚਾਉਣ ਖਾਤਰ ਨਹੀਂ ਸੋਚਿਆ। ਇਸ ਪਰਖ ਵਿਚ ਪੂਰਾ ਉਤਰਨਾ ਆਸਾਨ ਕੰਮ ਨਹੀਂ ਸੀ। ਵਿਸ਼ਵਾਸ ਮੁਸ਼ਕਲਾਂ ਨੂੰ ਨਾ ਸਿਰਫ ਘੱਟ ਕਰਦਾ ਹੈ ਬਲਕਿ ਸੁਹਾਵਨੀਆਂ ਵੀ ਬਣਾ ਦਿੰਦਾ ਹੈ। ਹਨੇਰੀ ਤੇ ਤੂਫ਼ਾਨ ਵਿਚ ਅਡੋਲ ਰਹਿਣਾ ਬਾਲਾਂ ਦੀ ਖੇਡ ਨਹੀਂ। ਅਜਿਹੀ ਪਰਖ ਦਾ ਸਮਾਂ ਤਾਂ ਕਿਸੇ ਵਿਚ ਵੀ ਬਚੇ ਹੋਏ ਅਹਮ ਨੂੰ ਕਾਫ਼ੂਰ ਕਰ ਸਕਦਾ ਹੈ। ਜੇ ਉਹ ਹੌਸਲਾ ਰੱਖਦਾ ਹੈ ਤਾਂ ਕਹਿਣਾ ਪਏਗਾ ਕਿ ਉਸ ਵਿਚ ਸਿਰਫ ਅਹਮ ਦੇ ਇਲਾਵਾ, ਕੋਈ ਹੋਰ ਤਾਕਤ ਵੀ ਹੈ।'
ਭਗਤ ਸਿੰਘ ਦੂਜੀ ਵਾਰੀ ਗਿਰਫਤਾਰ ਹੋਏ ਤਾਂ ਲਾਹੌਰ ਸਾਜਿਸ਼ ਕੇਸ ਚੱਲਿਆ। ਤੇ ਲਿਖਿਆ ਹੈ...:
“ਹੁਣ ਬਿਲਕੁਲ ਇਹੀ ਹਾਲਤ ਹੈ। ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਹੈ ਕਿ (ਸਾਡੇ ਮੁਕੱਦਮੇ ਦਾ) ਫ਼ੈਸਲਾ ਕੀ ਹੋਏਗਾ। ਇਕ ਹਫ਼ਤੇ ਦੇ ਅੰਦਰ ਫ਼ੈਸਲਾ ਸੁਣਾ ਦਿੱਤਾ ਜਾਏਗਾ, ਮੈਂ ਆਪਣਾ ਜੀਵਨ ਆਦਰਸ਼ ਲਈ ਕੁਰਬਾਨ ਕਰਨਾ ਹੈ, ਇਸ ਵਿਚਾਰ ਦੇ ਇਲਾਵਾ ਮੈਨੂੰ ਹੋਰ ਕਿਸੇ ਚੀਜ਼ ਦਾ ਹੌਸਲਾ ਨਹੀਂ। ਕਿਸੇ ਆਸਤਕ ਹਿੰਦੂ ਨੂੰ ਤਾਂ ਅਗਲੇ ਜਨਮ ਵਿਚ ਰਾਜਾ ਬਣਨ ਦੀ ਆਸ ਹੋ ਸਕਦੀ ਹੈ, ਕੋਈ ਮੁਸਲਮਾਨ ਜਾਂ ਈਸਾਈ ਕੁਰਬਾਨੀਆਂ ਬਦਲੇ ਜੱਨਤ ਦੇ ਮਜ਼ਿਆਂ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ। ਮੈਨੂੰ ਪਤਾ ਹੈ ਕਿ ਜਿਸ ਛਿਣ ਪੈਰਾਂ ਹੇਠੋਂ ਤਖ਼ਤੇ ਖਿੱਚੇ ਜਾਣਗੇ, ਉਹੀ ਮੇਰਾ ਅੰਤਮ ਛਿਣ ਹੋਏਗਾ। ਮੇਰਾ, ਜਾਂ ਵੇਦਾਂ ਦੀ ਸ਼ਬਦਾਵਲੀ ਵਿਚ ਕਿਹਾ ਜਾਏ ਤਾਂ ਆਤਮਾ ਦਾ ਖਾਤਮਾ ਹੋ ਜਾਏਗਾ। ਜੇ ਮੈਂ ਇਨਾਮ ਦੇ ਨਜ਼ਰੀਏ ਨਾਲ ਦੇਖਣ ਦਾ ਹੌਸਲਾ ਕਰਾਂ ਤਾਂ ਸ਼ਾਨਦਾਰ ਅੰਤ ਵਾਲਾ ਜਦੋ-ਜਹਿਦ ਭਰਿਆ ਜੀਵਨ ਹੀ ਆਪਣੇ ਆਪ ਵਿਚ (ਮੇਰਾ) ਇਨਾਮ ਹੋਏਗਾ। ਇਸ ਨਾਲੋਂ ਵੱਧ ਕੁਝ ਨਹੀਂ।”
ਲੇਨਿਨ ਦਾ ਮਤ ਹੈ : “ਮਨੁੱਖ ਨੂੰ ਇਕੋ ਜੀਵਨ ਹੀ ਜਿਊਣ ਲਈ ਮਿਲਦਾ ਹੈ। ਉਹ ਇਸ ਤਰ੍ਹਾਂ ਜਿਊਂਵੇ ਕਿ ਮਰਨ ਸਮੇਂ ਮਨ ਵਿਚ ਇਹ ਅਫ਼ਸੋਸ ਨਾ ਹੋਏ ਕਿ ਮੈਂ ਉਸਨੂੰ ਵਿਅਰਥ ਗਵਾਅ ਦਿੱਤਾ।”
ਭਗਤ ਸਿੰਘ ਨੂੰ 23 ਵਰ੍ਹਿਆਂ ਦੀ ਚੜ੍ਹਦੀ ਅਵਸਥਾ ਵਿਚ ਫਾਂਸੀ ਦਾ ਰੱਸਾ ਚੁੰਮਣਾ ਪਿਆ ਤੇ ਉਹ ਉਹਨਾਂ ਹੱਸ ਕੇ ਚੁੰਮਿਆਂ। ਉਹਨਾਂ ਦੇ ਮਨ ਵਿਚ ਕਿਸੇ ਕਿਸਮ ਦਾ ਅਫ਼ਸੋਸ ਨਹੀਂ ਸੀ। ਕਾਰਨ ਇਹ ਸੀ ਕਿ ਉਹਨਾਂ ਲੋਕ-ਪ੍ਰਲੋਕ ਦੇ ਹਰ ਸਵਾਰਥ ਨੂੰ ਮਨ ਵਿਚੋਂ ਕੱਢ ਦਿੱਤਾ ਸੀ। ਆਦਰਸ਼ ਉਤੋਂ ਮਰ ਮਿਟਣ ਦਾ ਉਦੇਸ਼ ਹੀ ਬਾਕੀ ਰਹਿ ਗਿਆ ਸੀ। ਧਾਰਮਕ ਪਿਤਾ ਤੋਂ ਦੇਸ਼ ਭਗਤੀ ਦੀ ਜਿਹੜੀ ਭਾਵਨਾ ਵਿਰਾਸਤ ਵਿਚ ਮਿਲੀ ਸੀ, ਉਸਨੂੰ ਉਹਨਾਂ ਸ਼ੁੱਧ ਵਿਗਿਆਨਕ ਚਿੰਤਨ ਵਿਚ ਢਾਲ ਕੇ ਕਰਾਂਤੀ ਦਾ ਰੂਪ ਦੇ ਦਿੱਤਾ ਸੀ ਤੇ ਬਚਪਨ ਵਿਚ ਉਹ ਜਿਸ ਭਵਿੱਖ ਵਿਚ ਉਲਝੇ ਰਹਿੰਦੇ ਸਨ, ਉਹ ਆਪਣਾ ਜਾਂ ਪਰਿਵਾਰ ਦਾ ਭਵਿੱਖ ਨਾ ਰਹਿ ਕੇ ਰਾਸ਼ਟਰ ਦਾ ਭਵਿੱਖ ਬਣ ਗਿਆ ਸੀ। ਰਾਸ਼ਟਰ ਦੇ ਭਵਿੱਖ ਨੂੰ ਹੀ ਉੱਜਲ ਬਣਾਉਣਾ ਉਹਨਾਂ ਦਾ ਮਹਾਨ ਆਦਰਸ਼ ਸੀ, ਜਿਸ ਨੇ ਉਹਨਾਂ ਵਿਚ ਫਾਂਸੀ ਦੇ ਰੱਸੇ ਨੂੰ ਹੱਸ ਕੇ ਚੁੰਮਣ ਦਾ ਹੌਸਲਾ ਭਰਿਆ ਤੇ ਜਿਸ ਤੋਂ ਪਰੇਰਤ ਹੋ ਕੇ ਬ੍ਰਿਟਿਸ਼ ਸਾਮਰਾਜਵਾਦੀਆਂ ਨੂੰ ਚਿਤਾਵਨੀ ਦੇਣ ਤੇ ਦੇਸ਼ ਵਾਸੀਆਂ ਨੂੰ ਜਾਗਰੁਕ ਕਰਨ ਲਈ ਬੰਬ ਸੁੱਟਣ ਦੀ ਯੋਜਨਾ ਬਣਾਈ ਗਈ। ਨਵ ਵਿਗਿਆਨਕ ਚੇਤਨਾ-ਜਾਇਆ, ਉਹਨਾਂ ਦਾ ਇਹ ਨਰੋਆ ਹੌਸਲਾ ਦਸਤਾਵੇਜਾਂ ਦੇ ਹਰੇਕ ਸ਼ਬਦ ਵਿਚ ਬੋਲਦਾ ਹੈ...:
“ਇਸ ਆਦਰਸ਼ ਤੋਂ ਪਰੇਰਨਾ ਗ੍ਰਹਿਣ ਕਰਕੇ ਅਸੀਂ ਇਕ ਠੋਸ ਤੇ ਕਾਫੀ ਜ਼ੋਰਦਾਰ ਚਿਤਾਵਨੀ ਦਿੱਤੀ ਹੈ। ਜੇ ਇਸ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ ਤੇ ਵਰਤਮਾਨ ਵਿਵਸਥਾ ਨਵੀਂ ਉਦੈ ਹੋ ਰਹੀ ਕੁਦਰਤੀ ਸ਼ਕਤੀ ਦੇ ਰਸਤੇ ਵਿਚ ਅੜਿੱਕੇ ਲਾਉਣ ਦਾ ਕੰਮ ਜਾਰੀ ਰੱਖਦੀ ਹੈ ਤਾਂ ਇਕ ਭਿਆਨਕ ਸੰਘਰਸ਼ ਹੋਣਾ ਲਾਜ਼ਮੀ ਹੈ, ਜਿਸਦੇ ਸਿੱਟੇ ਵਜੋਂ ਸਾਰੇ ਅੜਿੱਕਿਆਂ ਤੇ ਅੜਿੱਕਾ ਲਾਊ ਸ਼ਕਤੀਆਂ ਨੂੰ ਜੜੋ ਉਖਾੜ ਦਿੱਤਾ ਜਾਏਗਾ ਤੇ ਸਰਵਹਾਰਾ ਤੇ ਸਿਰਫ ਸਰਵਹਾਰਾ ਦਾ ਬੋਲਬਾਲਾ ਸਥਾਪਿੱਤ ਹੋਏਗਾ, ਜਿਸ ਨਾਲ ਕਰਾਂਤੀ ਦੇ ਅਸਲ ਮਕਸਦ ਦੀ ਪ੍ਰਾਪਤੀ ਕੀਤੀ ਜਾ ਸਕੇ। ਕਰਾਂਤੀ ਮਾਨਵ ਜਾਤੀ ਦਾ ਜਨਮਜਾਤ ਅਧਿਕਾਰ ਹੈ। ਸੁਤੰਤਰਤਾ ਸਾਰੇ ਮਨੁੱਖਾਂ ਦਾ ਜਨਮ ਸਿੱਧ ਅਧਿਕਾਰ ਹੈ, ਜਿਸਨੂੰ ਕਿਸੇ ਹਾਲਤ ਵਿਚ ਖੋਹਿਆ ਨਹੀਂ ਜਾ ਸਕਦਾ। ਮਿਹਨਤੀ ਵਰਗ ਮਾਨਵ ਸਮਾਜ ਦਾ ਅਸਲ ਆਧਾਰ ਹੈ।
ਲੋਕ-ਪ੍ਰਭੁਤਾ ਹੀ ਮਿਹਨਤਕਸ਼ਾਂ ਦਾ ਅੰਤਮ ਉਦੇਸ਼ ਹੈ। ਇਹਨਾਂ ਆਦਰਸ਼ਾਂ ਤੇ ਵਿਵਸਥਾ ਲਈ ਅਸੀਂ ਉਹਨਾਂ ਸਾਰੇ ਕਸ਼ਟਾਂ ਦਾ ਸਵਾਗਤ ਕਰਾਂਗੇ, ਜਿਹੜੇ ਸਾਨੂੰ ਨਿਆਂਪਾਲਿਕਾ ਦੁਆਰਾ ਦਿੱਤੇ ਜਾਣਗੇ। ਕਰਾਂਤੀ ਦੀ ਇਸ ਵੇਦੀ ਉੱਤੇ ਅਸੀਂ ਆਪਣੀ ਜਵਾਨੀ ਧੂਫ-ਬੱਤੀ ਵਾਂਗ ਬਾਲਣ ਲਈ ਪ੍ਰਤੀਬੱਧ ਹਾਂ। ਇਸ ਮਹਾਨ ਉਦੇਸ਼ ਲਈ ਕੋਈ ਕੀ ਕੁਰਬਾਨੀ ਵੱਡੀ ਨਹੀਂ ਮੰਨੀ ਜਾ ਸਕਦੀ। ਇਸ ਕਰਾਂਤੀ ਦੇ ਆਉਣ ਦੀ ਸਬਰ ਨਾਲ ਉਡੀਕ ਕਰਾਂਗੇ।” (ਹਮਨੇ ਬੰਬ ਕਿਉਂ ਫੇਂਕੇ : ਅਦਾਲਤ ਵਿਚ ਬਿਆਨ)
ਉੱਨੀਵੀਂ ਸਦੀ ਦੇ ਲਹਿੰਦੇ-ਅੱਧ ਵਿਚ ਯੂਰਪ ਤੇ ਅਮਰੀਕਾ ਵਿਚ ਅਜਿਹੇ ਬਹੁਤ ਸਾਰੇ ਬੁੱਧੀਜੀਵੀ ਪੈਦਾ ਹੋ ਗਏ ਸਨ, ਜਿਹੜੇ ਡਾਰਵਿਨ ਦੇ ਵਿਕਾਸਵਾਦ, ਹਾਰਬਰਟ ਸਪੈਂਸਰ ਦੇ ਅਗੇਅਵਾਦ ਤੇ ਵਿਗਿਆਨ ਦੀਆਂ ਨਵੀਆਂ ਖੋਜਾਂ ਤੋਂ ਪ੍ਰਭਾਵਿਤ ਸਨ। ਜਿਹੜੇ ਸੰਦੇਹਵਾਦੀ, ਮੁਕਤੀਵਾਦੀ ਤੇ ਨਾਸਤਕ ਸਨ। ਜਿਹੜੇ ਧਰਮ ਤੇ ਧਰਮ ਦੇ ਸਾਰੇ ਕਾਰ-ਵਿਹਾਰ ਨੂੰ ਠੱਗੀ ਤੇ ਮੰਦੇ-ਸੰਸਕਾਰ ਕਹਿ ਕੇ ਨਕਾਰਦੇ ਸਨ। ਇਹ ਲੋਕ ਅਮਰੀਕਾ ਦੇ ਆਜ਼ਾਦ ਚਿੰਤਨ ਦਲ ਦੇ ਮੈਂਬਰ ਸਨ ਤੇ ਫਰਾਂਸ ਵਿਚ 'ਇੰਸਾਈਕਲੋਪੀਡਿਸਟ' ਕਹਾਉਂਦੇ ਸਨ, ਪਰ ਇਹ ਲੋਕ ਆਪਣੇ ਵਿਸ਼ਵਾਸ ਉੱਪਰ ਕਾਇਮ ਨਹੀਂ ਰਹਿ ਸਕੇ ਤੇ ਸਦੀ ਦੇ ਅੰਤ ਤਕ ਉਹਨਾਂ ਦਾ ਸੰਗਠਨ ਖਿੰਡ-ਪੁੰਡ ਗਿਆ। ਕਾਰਨ ਇਹ ਕਿ ਉਹਨਾਂ ਦੀ ਨਾਸਤਿਕਤਾ, ਇਕ ਕਿਸਮ ਦੇ ਅੰਧ-ਵਿਸ਼ਵਾਸ ਦੀ ਜਗ੍ਹਾ, ਦੂਜੀ ਕਿਸਮ ਦਾ ਅੰਧ-ਵਿਸ਼ਵਾਸ ਸੀ। ਜਾਂ ਇੰਜ ਕਹੀਏ ਕਿ ਅਧਿਆਤਮਕ ਕਠਮੁੱਲਾਵਾਦ ਦੀ ਜਗ੍ਹਾ ਭੌਤਿਕਵਾਦੀ ਕਠਮੁੱਲਾਵਾਦ ਸੀ। ਲੇਨਿਨ ਨੇ 'ਧਰਮ ਉੱਪਰ ਵਿਚਾਰ' ਪੁਸਤਕ ਦੀ ਭੂਮਿਕਾ ਵਿਚ ਲਿਖਿਆ ਹੈ...:
“ਇੱਥੇ ਇਹ ਦੱਸ ਦੇਈਏ ਕਿ ਅਣ-ਈਸ਼ਵਰਵਾਦ, ਮਾਰਕਸਵਾਦ ਦੇ ਬਿਨਾਂ ਅਧੂਰਾ ਤੇ ਅਨਿਸ਼ਚਿਤ ਹੈ। ਇਸ ਤਰਕ ਦੀ ਪੁਸ਼ਟੀ ਪੂੰਜੀਵਾਦ ਦੇ ਸੁਤੰਤਰ ਵਿਚਾਰਕਾਂ ਦੇ ਅੰਦੋਲਨ ਦੇ ਹਸ਼ਰ ਤੋਂ ਹੁੰਦੀ ਹੈ। ਵਿਗਿਆਨ ਦਾ ਭੌਤਿਕਵਾਦ ਜਿੱਥੇ ਵੀ ਇਤਿਹਾਸਕ ਭੌਤਿਕਵਾਦ ਭਾਵ ਕਿ ਮਾਰਕਸਵਾਦ ਵਿਚ ਵਿਕਸਤ ਨਹੀਂ ਹੋ ਸਕਦਾ; ਉੱਥੇ ਉਸਦਾ ਅੰਤ ਭਾਵਵਾਦ ਵਿਚ ਹੁੰਦਾ ਹੈ।”
ਭਗਤ ਸਿੰਘ ਧਰਮ ਤੇ ਧਰਮ ਦੇ ਸਾਰੇ ਕੰਮਾਂ ਨੂੰ ਮਾੜੇ-ਸੰਸਕਾਰ ਕਹਿ ਕੇ ਨਕਾਰਨ ਵਾਲੇ ਕਠਮੁੱਲਾਵਾਦੀ ਨਾਸਤਕ ਨਹੀਂ ਸਨ। ਭਗਤ ਸਿੰਘ ਨੇ ਸਿਰਫ ਮਾਰਕਸ ਪੜ੍ਹਿਆ ਹੀ ਨਹੀਂ ਸੀ, ਉਸਨੂੰ ਅੰਦਰ ਤਕ ਵਸਾਇਆ ਵੀ ਸੀ ਤੇ ਭਾਰਤੀ ਜਨਤਾ ਦੇ ਕਰਾਂਤੀਕਾਰੀ ਵਿਹਾਰ ਨਾਲ ਜੋੜ ਕੇ ਉਸਨੂੰ ਰਾਸ਼ਟਰੀ ਰੂਪ ਦਿੱਤਾ ਸੀ। ਦਸਤਾਵੇਜਾਂ ਦੇ ਅਧਿਅਨ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਉਹਨਾਂ ਦਾ ਚਿੰਤਨ ਢੰਗ ਇਤਿਹਾਸਕ ਭੌਤਿਕਵਾਦੀ ਸੀ।
'ਡਰੀਮ ਲੈਂਡ' ਰਾਮ ਸਰਨ ਦਾਸ ਦੀ ਕਾਵਿ-ਕਿਰਤ ਸੀ। ਰਾਮ ਸਰਨ ਦਾਸ 1908 ਵਿਚ ਕਰਾਂਤੀਕਾਰੀ ਬਣੇ ਤੇ ਉਸ ਪਿੱਛੋਂ ਲਗਾਤਾਰ ਕਰਾਂਤੀਕਾਰੀ ਅੰਦੋਲਨ ਨਾਲ ਜੁੜੇ ਰਹੇ ਤੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ। 1915 ਵਿਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ, ਜਿਹੜੀ ਬਾਅਦ ਵਿਚ ਉਮਰ ਕੈਦ ਵਿਚ ਬਦਲ ਦਿੱਤੀ ਗਈ। ਇਹ ਕਵਿਤਾ ਉਹਨਾਂ ਦੱਖਣ ਦੀ ਕਿਸੇ ਜੇਲ੍ਹ ਵਿਚ ਉਸ ਸਮੇਂ ਲਿਖੀ, ਜਦੋਂ ਉਹਨਾਂ ਦੇ ਬਹੁਤ ਸਾਰੇ ਸਾਥੀ ਤਸੱਲੀ (ਅੰਡਰਟੇਕਿੰਗ) ਦੇ ਕੇ ਚਲੇ ਗਏ ਸਨ। ਉਸ ਪ੍ਰਸਥਿਤੀ ਵਿਚ ਕਵੀ ਨੇ ਹਿੰਮਤ ਨਹੀਂ ਹਾਰੀ, ਆਪਣੇ ਮਨ ਨੂੰ ਇਸ ਰਚਨਾ ਕਾਰਜ ਵਿਚ ਵਿਅਸਤ ਕਰ ਦਿੱਤਾ। ਪਰ ਕੈਦ ਦੀ ਇਸ ਲੰਮੀ ਮੁੱਦਤ ਵਿਚ ਰਾਮ ਸਰਨ ਦਾਸ ਦੇ ਵਿਚਾਰ ਉਹੀ ਰਹੇ, ਜਿਹੜੇ ਪੁਰਾਣੇ ਕਰਾਂਤੀਕਾਰੀਆਂ ਦੇ ਸਨ। ਜ਼ਾਹਰ ਹੈ ਕਿ ਇਹ ਵਿਚਾਰ ਇਸ ਰਚਨਾ ਦਾ ਆਧਾਰ ਹਨ। ਭਗਤ ਸਿੰਘ ਭੂਮਿਕਾ ਵਿਚ ਲਿਖਦੇ ਨੇ...:
“ਉਹ (ਕਵੀ) ਸ਼ੁਰੂ ਵਿਚ ਦਰਸ਼ਨ ਦੀ ਚਰਚਾ ਕਰਦਾ ਹੈ। ਇਹ ਦਰਸ਼ਨ ਬੰਗਾਲ ਤੇ ਪੰਜਾਬ ਦੇ ਸਾਰੇ ਕਰਾਂਤੀਕਾਰੀ ਅੰਦੋਲਨਾ ਦੀ ਰੀੜ੍ਹ ਹੈ। ਇਸ ਬਿੰਦੂ ਉੱਤੇ ਮੇਰਾ ਲੇਖਕ ਨਾਲ ਬਹੁਤ ਜ਼ਿਆਦਾ ਮਤਭੇਦ ਹੈ। ਉਸਦੀ ਬ੍ਰਾਹਮੰਡ ਦੀ ਵਿਆਖਿਆ ਹੇਤੁਵਾਦੀ ਤੇ ਅਧਿਭੌਤਿਕਵਾਦੀ ਹੈ ਜਦਕਿ ਮੈਂ ਇਕ ਭੌਤਿਕਵਾਦੀ ਹਾਂ ਤੇ ਇਸ ਵਸਤੂ (ਫੇਨਾਮਨ) ਦੀ ਮੇਰੀ ਵਿਆਖਿਆ, ਕਾਰਨ ਨਾਲ ਸੰਬੰਧਤ ਹੋਏਗੀ। ਫੇਰ ਵੀ ਇਹ ਦੇਸ਼-ਕਾਲ ਦੀ ਦ੍ਰਿਸ਼ਟੀ ਨਾਲ ਬੇਕਾਰ ਸ਼ੈ ਨਹੀਂ। ਜਿਹੜੇ ਆਮ ਵਿਚਾਰ ਸਾਡੇ ਦੇਸ਼ ਵਿਚ ਮੌਜ਼ੂਦ ਹਨ, ਉਹ ਲੇਖਕ ਦੁਆਰਾ ਪਰਗਟ ਕੀਤੇ ਗਏ ਵਿਚਾਰਾਂ ਨਾਲ ਵਧੇਰੇ ਮੇਲ ਖਾਂਦੇ ਹਨ। ਆਪਣੀ ਨਿਰਾਸ਼ਾਮਈ ਮਨੋਦਸ਼ਾ ਨਾਲ ਸੰਘਰਸ਼ ਕਰਨ ਵਾਸਤੇ  ਉਸਨੇ ਪ੍ਰਾਰਥਨਾ ਦਾ ਰਾਹ ਅਖ਼ਤਿਆਰ ਕੀਤਾ ਹੈ। ਇਹ ਇਸ ਗੱਲ ਤੋਂ ਸਪਸ਼ਟ ਹੈ ਕਿ ਪੁਸਤਕ ਦਾ ਆਰੰਭ ਈਸ਼ਵਰ, ਉਸਦੀ ਮਹਿਮਾ ਤੇ ਉਸਦੀ ਪ੍ਰੀਭਾਸ਼ਾ ਨੂੰ ਸਮਰਪਿੱਤ ਹੈ। ਈਸ਼ਵਰ ਵਿਚ ਵਿਸ਼ਵਾਸ ਰਹੱਸਵਾਦ ਦਾ ਸਿੱਟਾ ਹੈ, ਜਿਹੜਾ ਨਿਰਾਸ਼ਾ ਦਾ ਸੁਭਾਵਿਕ ਪ੍ਰਤੀਫਲ ਹੈ। ਇਹ ਵਿਸ਼ਵਾਸ 'ਇਕ ਮਾਇਆ, ਇਕ ਸੁਪਨਾ' ਜਾਂ ਕਲਪਨਾ ਹੈ...ਇਹ ਸਪਸ਼ਟ ਰਹੱਸਵਾਦ ਹੈ, ਜਿਸਨੂੰ ਸ਼ੰਕਰਾਚਾਰੀਆ ਨੇ ਵਿਕਸਿਤ ਕੀਤਾ ਤੇ ਪ੍ਰਾਚੀਨ ਕਾਲ ਦੇ ਹੋਰ ਹਿੰਦੂ ਸੰਤਾਂ ਨੇ ਜਨਮ ਦਿੱਤਾ ਤੇ ਵਿਕਸਿਤ ਕੀਤਾ। ਪਰ ਭੌਤਿਕਵਾਦੀ ਚਿੰਤਨ ਪਗਡੰਡੀ ਉੱਤੇ ਇਸ ਲਈ ਕੋਈ ਜਗ੍ਹਾ ਨਹੀਂ। ਫੇਰ ਵੀ ਲੇਖਕ ਦਾ ਇਹ ਰਹੱਸਵਾਦ ਕਿਸੇ ਵੀ ਤਰ੍ਹਾਂ ਹੇਯ ਜਾਂ ਨਿੰਦਨਯੋਗ ਨਹੀਂ। ਇਸਦਾ ਆਪਣਾ ਇਕ ਸੌਂਦਰਯ ਤੇ ਅਕਰਖਣ ਹੈ, ਜਿਹੜਾ ਉਸ ਦੇ ਹੌਸਲੇ ਨੂੰ ਵਧਾਉਂਦਾ ਹੈ। ਉਦਾਹਰਨ ਲਈ...:

 'ਨੀਵ ਕੇ ਪੱਥਰ ਬਨੋ, ਅਨਜਾਨੇ-ਅਗਿਆਤ,
 ਔਰ ਅਪਨੇ ਸੀਨੇ ਪਰ ਬਰਦਾਸ਼ਤ ਕਰੋ ਖੁਸ਼ੀ-ਖੁਸ਼ੀ
 ਵਿਸ਼ਾਲ ਭਾਰੀ-ਭਰਕਮ ਨਿਰਮਾਣ ਕਾ ਬੋਝ
 ਪਾ ਲੋ ਆਸ਼ਰਯ ਕਸ਼ਟ ਸਹਨੇ ਮੇਂ,
 ਮਤ ਕਰੋ ਈਰਸ਼ਾ ਸ਼ੀਰਸ਼ ਪਰ ਜੜੇ ਪੱਥਰ ਸੇ
 ਜਿਸ ਪਰ ਉਂਡੇਲੀ ਜਾਤੀ ਹੈ ਸਾਰੀ ਲੌਕਿਕ ਪ੍ਰਸ਼ੰਸਾ'

ਕਿਸੇ ਵੀ ਚੀਜ਼ ਨੂੰ ਪੂਰੀ ਤਰ੍ਹਾਂ ਨਕਾਰਨਾ ਜਾਂ ਪੂਰੀ ਤਰ੍ਹਾਂ ਸਵੀਕਾਰਨਾ ਆਕਾਰਵਾਦ ਹੈ। ਇਸਦੇ ਵਿਪਰੀਤ ਦੇਸ਼-ਕਾਲ ਦੇ ਸੰਦਰਭ ਵਿਚ ਵਿਗਿਆਨਕ ਵਿਸ਼ਲੇਸ਼ਣ ਕਰਨਾ ਦਵੰਦਾਤਮਕ ਭੌਤਿਕਵਾਦ ਹੈ। ਅੱਗੇ ਦੇਖੋ...:
“ਅੰਤ ਵਿਚ ਉਸਦੀ ਕਵਿਤਾ ਦਾ ਸਭ ਤੋਂ ਵੱਧ ਮਹੱਤਵਪੂਰਨ ਹਿੱਸਾ ਆਉਂਦਾ ਹੈ, ਜਿੱਥੇ ਉਸਨੇ ਉਸ ਭਾਵੀ ਸਮਾਜ ਬਾਰੇ ਲਿਖਿਆ ਹੈ, ਜਿਸਦੀ ਰਚਨਾ ਲਈ ਅਸੀਂ ਸਾਰੇ ਲੋਚ ਰਹੇ ਹਾਂ। ਪਰ ਮੈਂ ਸ਼ੁਰੂ ਵਿਚ ਹੀ ਇਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ...'ਡਰੀਮ ਲੈਂਡ' ਅਸਲ ਵਿਚ ਇਕ ਯੂਟੋਪੀਆ ਹੈ। ਲੇਖਕ ਨੇ ਇਸ ਗੱਲ ਨੂੰ ਸਿਰਲੇਖ ਵਿਚ ਖ਼ੁਦ ਸਵੀਕਾਰਿਆ ਹੈ। ਉਹ ਇਸ ਵਿਸ਼ੇ ਉੱਤੇ ਕੋਈ ਵਿਗਿਆਨਕ ਸ਼ੋਧ-ਨਿਬੰਧ ਲਿਖਣ ਦਾ ਦਾਅਵਾ ਨਹੀਂ ਕਰਦਾ। ਪਰ ਇਸ ਵਿਚ ਸ਼ੱਕ ਨਹੀਂ ਕਿ ਯੂਟੋਪੀਆ ਦੀ ਸਾਮਾਜਕ ਪ੍ਰਗਤੀ ਵਿਚ ਇਕ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸੇਂਟ ਸਾਈਮਨ, ਫੂਰਿਏ, ਰਾਬਰਟ ਓਵੇਨ ਤੇ ਉਹਨਾਂ ਦੇ ਸਿਧਾਂਤ ਨਾ ਹੁੰਦੇ ਤਾਂ ਵਿਗਿਆਨਕ ਮਾਰਕਸਵਾਦੀ ਸਮਾਜਵਾਦੀ ਸਿਧਾਂਤ ਵੀ ਨਹੀਂ ਸੀ ਹੋਣਾ। ਲਾਲਾ ਰਾਮ ਸਰਨ ਦਾਸ ਦੇ ਯੂਟੋਪੀਆ ਦਾ ਵੀ ਉਹੀ ਮਹੱਤਵ ਹੈ। ਜਦੋਂ ਸਾਡਾ ਕਾਰਜ ਆਪਣੇ ਦਰਸ਼ਨ ਨੂੰ ਵਿਊਂਤ-ਬੱਧ ਕਰਨ ਲੱਗੇਗਾ ਤੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਮਹੱਤਵ ਨੂੰ ਸਮਝੇਗਾ, ਉਸ ਸਮੇਂ ਉਸ ਲਈ ਇਹ ਪੁਸਤਕ ਬੜੀ ਉਪਯੋਗੀ ਸਿੱਧ ਹੋਏਗੀ।”
ਮਾਰਕਸਵਾਦੀ ਲਈ ਸਮਾਜ ਨੂੰ ਤੇ ਇਤਿਹਾਸ ਦੇ ਵਿਕਾਸ-ਕਰਮ ਨੂੰ ਸਮਝਣਾ ਬੜਾ ਜ਼ਰੂਰੀ ਹੈ। ਅਤੀਤ ਨੂੰ ਸਮਝ ਕੇ ਹੀ ਵਰਤਮਾਨ ਤੇ ਭਵਿੱਖ ਨੂੰ ਸਮਝਿਆ ਜਾ ਸਕਦਾ ਹੈ। ਦਸਤਾਵੇਜਾਂ ਤੋਂ ਪਤਾ ਲੱਗਦਾ ਹੈ ਕਿ ਭਗਤ ਸਿੰਘ ਨੇ ਚੋਖੇ ਅਧਿਅਨ ਨਾਲ ਸਮਾਜ ਤੇ ਇਤਿਹਾਸ ਦੇ ਵਿਕਾਸ-ਕਰਮ ਨੂੰ ਸਮਝਿਆ ਸੀ ਤੇ ਹੋਰ ਸਮਝਣ ਲਈ ਯਤਨ ਜਾਰੀ ਸਨ, ਪਰ ਸਮੇਂ ਨੇ ਉਹਨਾਂ ਨੂੰ ਇਸਦੀ ਮੋਹਲਤ ਨਹੀਂ ਦਿੱਤੀ। 'ਮੈਂ ਨਾਸਤਕ ਕਿਓਂ ਹਾਂ' ਲੇਖ ਵੱਲ ਵਾਪਸ ਆਈਏ। ਲਿਖਿਆ ਹੈ...:
“ਮਨੁੱਖੀ ਪ੍ਰਗਤੀ ਦੇ ਹਰ ਸਮਰਥਕ ਨੂੰ ਲਾਜ਼ਮੀ ਤੌਰ 'ਤੇ ਹਰ ਪੁਰਾਣੇ ਵਿਚਾਰ ਦੀ, ਹਰ ਗੱਲ ਦੀ ਆਲੋਚਨਾ ਕਰਨੀ ਪਏਗੀ। ਇਸ ਵਿਚ ਅਵਿਸ਼ਵਾਸ ਪਰਗਟ ਕਰਨਾ ਪਏਗਾ ਤੇ ਇਸਦੇ ਹਰ ਪੱਖ ਨੂੰ ਚੈਲੇਂਜ ਕਰਨਾ ਪਏਗਾ। ਪ੍ਰਚਲਤ ਵਿਸ਼ਵਾਸਾਂ ਦੀ ਹਰੇਕ ਗੱਲ ਨੂੰ ਤਰਕ ਨਾਲ ਜਾਚਣਾ-ਪਰਖਣਾ ਪਏਗਾ। ਜੇ ਕੋਈ ਤਰਕ ਦੇ ਨਾਲ ਕਿਸੇ ਸਿਧਾਂਤ ਜਾਂ ਦਰਸ਼ਨ ਵਿਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਸਦਾ ਵਿਸ਼ਵਾਸ ਸਲਾਹੁਣ ਯੋਗ ਹੈ। ਉਸਦਾ ਤਰਕ ਗਲਤ ਜਾਂ ਬਿਲਕੁਲ ਬੇਬੁਨਿਆਦ ਹੋ ਸਕਦਾ ਹੈ, ਪਰ ਉਹਨੂੰ ਰਸਤੇ ਉੱਤੇ ਲਿਆਇਆ ਜਾਣਾ ਚਾਹੀਦਾ ਹੈ ਕਿਉਂਕਿ ਤਰਕਸ਼ੀਲਤਾ ਉਸਦੇ ਜੀਵਨ ਦਾ ਧਰੁਵ ਤਾਰਾ ਹੁੰਦੀ ਹੈ। ਪਰ ਸਿਰਫ ਵਿਸ਼ਵਾਸ ਤੇ ਅੰਧ-ਵਿਸ਼ਵਾਸ ਖਤਰਨਾਕ ਹਨ, ਇਹ ਦਿਮਾਗ਼ ਨੂੰ ਕੂੜਾ ਬੜਾ ਦਿੰਦੇ ਹਨ। ਯਥਾਰਥਵਾਦੀ ਹੋਣ ਦਾ ਦਾਅਵਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਸਮੁੱਚੇ ਪੁਰਾਤਨ ਵਿਚਾਰ ਨੂੰ ਚੈਲੇਂਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਤਰਕ ਅੱਗੇ ਨਾ ਟਿਕ ਸਕੇ ਤਾਂ ਚਕਨਾਚੂਰ ਹੋ ਜਾਣਗੇ। ਫੇਰ ਉਸ ਵਿਅਕਤੀ ਦਾ ਪਹਿਲਾ ਕੰਮ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਦਰਸ਼ਨ ਲਈ ਜ਼ਮੀਨ ਤਿਆਰ ਕਰਨਾ ਹੋਏਗਾ। ਇਹ ਨਕਾਰਾਤਮਕ ਪੱਖ ਹੈ। ਉਸ ਪਿੱਛੋਂ ਅਜਿਹਾ ਸਕਾਰਾਤਮਕ ਕੰਮ ਸ਼ੁਰੂ ਹੁੰਦਾ ਹੈ ਜਿਸ ਵਿਚ ਕਈ ਵਾਰੀ ਪੁਰਾਣੇ ਵਿਸ਼ਵਾਸ ਦੀ ਕੁਝ ਸਾਮੱਗਰੀ ਮੁੜ ਨਿਰਮਾਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ਜਿੱਥੋਂ ਤਕ ਮੇਰਾ ਸਵਾਲ ਹੈ ਮੈਂ ਪਹਿਲਾਂ ਹੀ ਸਵੀਕਾਰ ਕਰਦਾ ਹਾਂ ਕਿ ਮੈਂ ਇਸ ਬਾਰੇ ਬਹੁਤਾ ਅਧਿਅਨ ਨਹੀਂ ਕਰ ਸਕਿਆ। ਏਸ਼ੀਆਈ ਦਰਸ਼ਨ ਦੇ ਅਧਿਅਨ ਦੀ ਮੇਰੀ ਬੜੀ ਇੱਛਾ ਸੀ ਪਰ ਮੈਨੂੰ ਇਸ ਲਈ ਸਮਾਂ ਜਾਂ ਮੌਕਾ ਨਹੀਂ ਮਿਲ ਸਕਿਆ। ਪਰ ਜਿੱਥੋਂ ਤਕ ਨਕਾਰਾਤਮਕ ਪੱਖ ਦਾ ਸੰਬੰਧ ਹੈ ਮੈਨੂੰ ਇਸ ਹੱਦ ਤਕ ਯਕੀਨ ਹੈ ਕਿ ਮੈਂ ਪੁਰਾਤਨ ਵਿਚਾਰਾਂ ਦੇ ਪੁਖ਼ਤਾ ਹੋਣ ਉੱਤੇ ਪ੍ਰਸ਼ਨ ਚਿੰਨ੍ਹ ਲਾ ਸਕਦਾ ਹਾਂ। ਮੇਰਾ ਦਿੜ੍ਹ ਵਿਸ਼ਵਾਸ ਹੈ ਕਿ ਪ੍ਰਕ੍ਰਿਤੀ ਨੂੰ ਚਲਾਉਣ ਵਾਲੀ ਪ੍ਰਮਾਤਮਾ ਵਰਗੀ ਕੋਈ ਸਜਗ ਸੱਤਾ ਨਹੀਂ। ਸਾਡਾ ਪ੍ਰਕ੍ਰਿਤੀ ਵਿਚ ਵਿਸ਼ਵਾਸ ਹੈ ਤੇ ਸਮੁੱਚੀ ਪ੍ਰਗਤੀ ਦਾ ਮੰਤਵ ਮਨੁੱਖ ਦਾ ਪ੍ਰਕ੍ਰਿਤੀ ਉੱਪਰ ਆਪਣੀ ਸੇਵਾ ਲਈ ਕਬਜਾ ਕਰਨਾ ਹੈ। ਇਸਦੇ ਪਿੱਛੇ ਕੋਈ ਸਜਗ ਚਾਲਕ ਸ਼ਕਤੀ ਨਹੀਂ। ਇਹੀ ਸਾਡਾ ਦਰਸ਼ਨ ਹੈ।”
ਏਂਗਲਸ ਲਿਖਦਾ ਹੈ : “ਪੁਰਾਣੇ ਮਿਥਿਆ ਵਿਸ਼ਵਾਸ ਦਾ ਲਗਾਤਾਰ ਨਾਸ਼ ਤੇ ਉਸਦੀ ਜਗ੍ਹਾ ਨਵੇਂ ਪਰ ਕੁਝ ਉੱਨਤ ਮਿਥਿਆ ਵਿਸ਼ਵਾਸ ਨੂੰ ਲੈ ਆਉਣ ਦਾ ਇਤਿਹਾਸ ਹੀ ਵਿਗਿਆਨ ਦਾ ਇਤਿਹਾਸ ਹੈ।” (ਕਨਾਰਡ ਕੇ ਨਾਮ ਪੱਤਰ : ਮਾਰਕਸ ਕੀ ਚੁਨੀ ਹੁਈ ਕ੍ਰਿਤੀਆਂ, ਪਹਿਲਾ ਖੰਡ, ਸਫਾ 383)
ਭਾਰਤ ਵਿਚ ਵੀ ਵਿਚਾਰ ਦਾ ਵਿਕਾਸ ਲਗਾਤਾਰ ਇਸੇ ਤਰ੍ਹਾਂ ਹੋਇਆ ਹੈ। ਪੁਰਾਤਨ ਵਿਚਾਰਾਂ ਦੇ ਪੁਖ਼ਤਾ ਹੋਣ ਉੱਤੇ ਭਗਤ ਸਿੰਘ ਨੇ ਹੀ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ, ਇਹ ਪ੍ਰਸ਼ਨ ਚਿੰਨ੍ਹ ਇਸ ਤੋਂ ਤੀਹ ਬੱਤੀ ਵਰ੍ਹੇ ਪਹਿਲਾਂ ਸਾਡੇ ਰਾਸ਼ਟਰੀ ਪੂੰਜੀਵਾਦ ਦੇ ਪ੍ਰਵਕਤਾ ਵਿਵੇਕਾਨੰਦ ਨੇ ਵੀ ਲਾਇਆ ਸੀ...:
“ਧਰਮ ਜਿਹੜੇ ਵੀ ਦਾਅਵੇ ਕਰਦਾ ਹੈ ਤਰਕ ਦੀ ਕਸਵੱਟੀ ਉੱਤੇ ਉਹਨਾਂ ਸਾਰਿਆਂ ਦੀ ਪਰਖ਼ ਕਰਨੀ ਜ਼ਰੂਰੀ ਹੈ। ਧਰਮ ਇਹ ਦਾਅਵਾ ਕਿਉਂ ਕਰਦਾ ਹੈ ਕਿ ਉਹਨੂੰ ਤਰਕ ਦੁਆਰਾ ਪਰਖ਼ਿਆ ਨਹੀਂ ਜਾਣਾ ਚਾਹੀਦਾ—ਇਹ ਕੋਈ ਨਹੀਂ ਦੱਸ ਸਕਦਾ। ਤਰਕ ਦੇ ਮਾਪਦੰਡ ਦੇ ਬਿਨਾਂ ਕਿਸੇ ਕਿਸਮ ਦਾ ਯਥਾਰਥੀ ਫ਼ੈਸਲਾ ਧਰਮ ਬਾਰੇ ਵੀ ਨਹੀਂ ਕੀਤਾ ਜਾ ਸਕਦਾ। ਧਰਮ ਕੁਝ ਵੀਭਤਸ ਕਰਨ ਦੀ ਆਗਿਆ ਦੇ ਸਕਦਾ ਹੈ।” (ਵਿਵੇਕਾਨੰਦ ਸਾਹਿਤ, ਅੱਠਵਾਂ ਖੰਡ, ਸਫਾ 43)
ਵਿਵੇਕਾਨੰਦ ਨੇ ਸਾਡੇ ਦੇਸ਼ ਵਿਚ ਹੇਗਲ ਦੀ ਭੂਮਿਕਾ ਨਿਭਾਈ ਤੇ ਆਦਸ਼ਵਾਦ ਨੂੰ ਭੌਤਿਕਵਾਦ ਦੀ ਦਹਿਲੀਜ਼ ਉੱਤੇ ਲਿਆ ਖੜ੍ਹਾ ਕੀਤਾ। ਮਾਰਕਸ ਤੇ ਏਂਗਲਸ ਨੇ ਹੇਗਲ ਦੇ ਸਿਰ ਦੇ ਬਲ ਖੜ੍ਹੇ ਦਵੰਦਵਾਦ ਨੂੰ ਪੈਰਾਂ ਭਾਰ ਖੜ੍ਹਾ ਕੀਤਾ; ਭਗਤ ਸਿੰਘ ਨੇ ਵਿਵੇਕਾਨੰਦ ਦੇ ਸਿਰ ਦੇ ਭਾਰ ਖੜ੍ਹੇ ਦਵੰਦਵਾਦ ਨੂੰ ਪੈਰਾਂ ਉੱਤੇ ਖੜ੍ਹਾ ਕਰਨ ਦੀ ਭੂਮਿਕਾ ਨਿਭਾਈ।
ਮੈਂ ਆਪਣੀ ਪੁਸਤਕ 'ਯੋਧਾ ਸਨਿਆਸੀ ਵਿਵੇਕਾਨੰਦ' ਵਿਚ ਲਿਖਿਆ ਸੀ ਕਿ ਭਾਰਤ ਦੀ ਇਸ ਭੂਮੀ ਉੱਤੇ ਵਿਵੇਕਾਨੰਦ ਪਿੱਛੋਂ ਏਨਾ ਵੱਡਾ ਵਿਚਾਰਕ ਪੈਦਾ ਨਹੀਂ ਹੋਇਆ। ਕਾਰਨ ਇਹ ਕਿ ਮੈਂ ਉਦੋਂ ਤਕ ਭਗਤ ਸਿੰਘ ਦੇ ਦਸਤਾਵੇਜਾਂ ਦਾ ਅਧਿਅਨ ਨਹੀਂ ਸੀ ਕੀਤਾ। ਹੁਣ ਮੈਂ ਖੁੱਲ੍ਹੇ ਮਨ ਨਾਲ ਕਹਿ ਸਕਦਾ ਹਾਂ ਕਿ ਭਗਤ ਸਿੰਘ ਨੇ ਵਿਵੇਕਾਨੰਦ ਦੀ ਤਰਕ ਵਿਧੀ ਨੂੰ ਵਿਕਸਤ ਕੀਤਾ, ਉਹ 23 ਵਰ੍ਹਿਆਂ ਦੀ ਉਮਰ ਵਿਚ ਹੀ ਬੜੇ ਵੱਡੇ ਵਿਚਾਰਕ ਸਨ। ਆਜ਼ਾਦੀ ਦੀ ਵੇਦੀ ਉੱਤੇ ਹਜ਼ਾਰਾਂ ਨੌਜਵਾਨ ਸ਼ਹੀਦ ਹੋਏ, ਉਹਨਾਂ ਸਾਰਿਆਂ ਵਿਚ ਭਗਤ ਸਿੰਘ ਸ਼ਹੀਦ-ਏ-ਆਜ਼ਮ ਇਸ ਲਈ ਹਨ ਕਿ ਉਹਨਾਂ ਨੇ ਕਰਾਂਤੀਕਾਰੀ ਅੰਦੋਲਨ ਦੇ ਪਿਛਲੇ ਪੱਚੀ ਵਰ੍ਹਿਆਂ ਦੇ ਅਨੁਭਵ ਨੂੰ ਮਾਰਕਸਵਾਦ ਦੇ ਕਰਾਂਤੀਕਾਰੀ ਸਿਧਾਂਤ ਨਾਲ ਲੈਸ ਕੀਤਾ ਤੇ ਉਸਨੂੰ ਰਾਸ਼ਟਰੀ ਰੂਪ ਦਿੱਤਾ।
ਭਾਵ ਇਹ ਕਿ ਮਾਰਕਸਵਾਦ ਦੇ ਭਾਰਤੀ ਰੂਪ ਦਾ ਨਾਂ ਹੀ ਭਗਤ ਸਿੰਘ ਵਿਚਾਰਧਾਰਾ ਹੈ। ਹੁਣ ਅਸੀਂ ਇਸ ਕਥਨ ਬਾਰੇ ਵਿਚਾਰ ਕਰਾਂਗੇ।


ਤੀਜੇ ਦਹਾਕੇ ਕੇ ਅੰਤ ਵਿਚ ਮੁੱਖ ਰੂਪ ਵਿਚ ਦੋ ਹੀ ਰਾਜਨੀਤਕ ਪਾਰਟੀਆਂ ਸਨ। 'ਇੰਡੀਆ ਸੋਸ਼ਲਿਸਟ ਰੀਪਬਲਿਕ ਪਾਰਟੀ' ਤੇ 'ਇੰਡੀਅਨ ਨੈਸ਼ਨਲ ਕਾਂਗਰਸ'। ਕਾਂਗਰਸੀ ਨੇਤਾਵਾਂ ਦੇ ਮੁਕਾਬਲੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਪ੍ਰਭਾਵ ਕਿਤੇ ਵੱਧ ਸੀ। ਕਾਰਨ ਇਹ ਕਿ ਉਹਨਾਂ ਦੀ ਪਾਰਟੀ ਪ੍ਰਸਥਿਤੀਆਂ-ਜਾਈ ਕ੍ਰਾਂਤੀਕਾਰੀ-ਸ਼ਕਤੀ ਤੇ ਨਵੀਂ ਚੇਤਨਾ ਦੀ ਪ੍ਰਤੀਨਿਧਤਾ ਕਰ ਰਹੀ ਸੀ।
1925 ਵਿਚ ਭਾਰਤੀ ਕਮਿਊਨਿਸਟ ਪਾਰਟੀ ਵੀ ਹੋਂਦ ਵਿਚ ਆ ਚੁੱਕੀ ਸੀ ਤੇ ਉਸਦੇ ਕੁਝ ਨੇਤਾ ਮੇਰਠ ਸਾਜਿਸ਼ ਕੇਸ ਵਿਚ ਗਿਰਫਤਾਰ ਹੋਏ ਸਨ, ਪਰ ਉਹਨਾਂ ਦਾ ਪ੍ਰਭਾਵ ਏਨਾ ਘੱਟ ਸੀ ਕਿ ਭਗਤ ਸਿੰਘ ਦੇ ਦਸਤਾਵੇਜਾਂ ਵਿਚ ਉਸਦਾ ਜ਼ਿਕਰ ਤਕ ਨਹੀਂ। ਹਿੰਦੁਸਤਾਨ ਸਮਾਜਵਾਦੀ ਲੋਕਤੰਤਰ ਦਲ ਦਾ ਉਦੇਸ਼ ਸ਼ੁਰੂ ਤੋਂ ਹੀ ਮੁਕੰਮਲ-ਆਜ਼ਾਦੀ ਸੀ, ਜਦਕਿ ਕਾਂਗਰਸ ਨੇ 1927 ਦੇ ਮਦਰਾਸ ਸੰਮੇਲਨ ਵਿਚ ਮੁਕੰਮਲ-ਆਜ਼ਾਦੀ ਦਾ ਮਤਾ ਪਾਸ ਕੀਤਾ, ਤੇ 1928 ਦੇ ਕਲਕੱਤਾ ਸੰਮੇਲਨ ਵਿਚ ਉਸਨੂੰ ਵਾਪਸ ਲੈ ਲਿਆ ਗਿਆ। ਓਪਨਿਵੇਸ਼ਿਕ ਸਵੈਸ਼ਾਸਨ ਲਈ ਬ੍ਰਿਟਿਸ਼ ਸਰਕਾਰ ਨੂੰ ਦਿੱਤੀ ਗਈ ਸਾਲ ਭਰ ਦੀ ਮੋਹਲਤ ਸਮਾਪਤ ਹੋ ਜਾਣ ਪਿੱਛੋਂ 31 ਦਸੰਬਰ 1929 ਨੂੰ ਉਸਨੂੰ ਫੇਰ ਪਾਸ ਕੀਤਾ ਗਿਆ। ਕਰਾਂਤੀਕਾਰੀਆਂ ਦੁਆਰਾ 'ਬੰਬ ਦਾ ਦਰਸ਼ਨ' ਦਸਤਾਵੇਜ ਵਿਚ ਉਸ ਉੱਤੇ ਇਹ ਪ੍ਰਕਿਰਿਆ ਦਿੱਤੀ ਗਈ ਹੈ...:
“ਉਸ (ਕਾਂਗਰਸ) ਨੇ ਆਪਣਾ ਟੀਚਾ ਸਵਰਾਜ ਤੋਂ ਬਦਲ ਕੇ ਸੁਤੰਤਰਤਾ ਐਲਾਨ ਦਿੱਤਾ ਹੈ। ਇਸ ਐਲਾਨ ਤੋਂ ਕੋਈ ਵੀ ਵਿਅਕਤੀ ਸਿੱਟਾ ਕੱਢ ਸਕਦਾ ਹੈ ਕਿ ਕਾਂਗਰਸ ਨੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਯੁੱਧ ਦਾ ਐਲਾਨ ਨਹੀਂ, ਕਰਾਂਤੀਕਾਰੀਆਂ ਵਿਰੁੱਧ ਹੀ ਯੁੱਧ ਦਾ ਬਿਗਲ ਵਜਾਇਆ ਹੈ।”
ਨਮਕ ਸਤਿਆਗ੍ਰਹਿ ਸ਼ੁਰੂ ਕਰਨ ਤੋਂ ਪਹਿਲਾਂ ਗਾਂਧੀ ਨੇ ਮਾਰਚ 1930 ਨੂੰ ਵਾਇਸਰਾਏ ਲਾਰਡ ਲਿੰਲਿਥਗੋਂ ਦੇ ਨਾਂ ਆਪਣੇ ਖ਼ਤ ਵਿਚ ਲਿਖਿਆ ਸੀ...:
“ਹਿੰਸਕ ਦਲ ਦੀ ਸ਼ਕਤੀ ਤੇ ਪ੍ਰਭਾਵ ਵਧਦਾ ਜਾ ਰਿਹਾ ਹੈ। ਮੇਰਾ ਉਦੇਸ਼ ਇਕ ਪਾਸੇ ਸਰਕਾਰ ਦੀ ਸੰਗਠਿਤ ਹਿੰਸਕ ਸ਼ਕਤੀ ਨੂੰ ਤੇ ਦੂਜੇ ਪਾਸੇ ਹਿੰਸਾ ਦੇ ਇਸ ਦਲ ਦੀ ਵਧਦੀ ਹੋਈ ਸ਼ਕਤੀ ਵਿਰੁੱਧ ਇਸ ਸ਼ਕਤੀ ਨੂੰ ਹਰਕਤ ਵਿਚ ਲਿਆਉਣਾ ਹੈ, ਹੱਥ ਉੱਤੇ ਹੱਥ ਧਰੀ ਬੈਠੇ ਰਹਿਣ ਦਾ ਮਤਲਬ ਦੋਹੇਂ ਕਿਸਮ ਦੀ ਹਿੰਸਕ ਸ਼ਕਤੀ ਨੂੰ ਖੁੱਲ੍ਹੀ ਛੂਟ ਦੇਣਾ ਹੁੰਦਾ ਹੈ।” (ਆਜ ਕਾ ਭਾਰਤ, ਸਫਾ 240)
ਇਸ ਨਾਲ 'ਬੰਬ ਕਾ ਦਰਸ਼ਨ', ਦਸਤਾਵੇਜ ਦੀ ਸੱਚਾਈ ਸਿੱਧ ਹੁੰਦੀ ਹੈ। ਜਿਵੇਂ ਗਾਂਧੀਵਾਦੀ ਦਰਸ਼ਨ ਕਰਾਂਤੀ ਵਿਰੋਧੀ ਸੀ ਓਵੇਂ ਹੀ ਉਸਦੇ ਸਾਧਨ ਵੀ ਕਰਾਂਤੀ ਵਿਰੋਧੀ ਸਨ। ਇਸ ਨਮਕ ਸਤਿਆਗ੍ਰਹਿ ਨੇ 1920 ਦੇ ਅਸਹਿਯੋਗ ਅੰਦੋਲਨ ਵਾਂਗ ਹੀ ਆਜ਼ਾਦੀ ਲਈ ਲੜਨ ਵਾਲੇ ਨੌਜਵਾਨਾਂ ਨੂੰ ਹੱਥ ਪੈਰ ਬੰਨ੍ਹ ਕੇ ਸਰਕਾਰ ਦੀ ਸੰਗਠਿਤ ਹਿੰਸਾ ਨੂੰ ਉਸ ਉੱਤੇ ਟੁੱਟ ਪੈਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਇਸ ਗੱਲ ਨੂੰ ਉਪਰੋਕਤ ਦਸਤਾਵੇਜ ਵਿਚ ਇੰਜ ਕਿਹਾ ਹੈ...:
“ਇਹ ਸੱਚ ਹੈ ਕਿ ਹੁਣ ਓਪਨਿਵੇਸ਼ਕ ਸਵਰਾਜ ਦੇ ਬਜਾਏ ਕਾਂਗਰਸ ਦੇ ਬੁਲਾਰੇ ਜਨਤਾ ਸਾਹਮਣੇ ਪੂਰਨ ਸੁਤੰਤਰਤਾ ਦਾ ਢੋਲ ਵਜਾਉਣਗੇ। ਉਹ ਹੁਣ ਜਨਤਾ ਨੂੰ ਕਹਣਿਗੇ ਕਿ ਜਨਤਾ ਨੂੰ ਸੰਘਰਸ਼ ਲਈ ਤਿਆਰ ਹੋ ਜਾਣਾ ਚਾਹੀਦਾ ਹੈ, ਜਿਸ ਵਿਚ ਇਕ ਪੱਖ ਤਾਂ ਮੁੱਕੇਬਾਜੀ ਕਰੇਗਾ ਤੇ ਦੂਜਾ ਸਿਰਫ ਉਹਨਾਂ ਨੂੰ ਸਹਿੰਦਾ ਰਹੇਗਾ ਜਦੋਂ ਤਕ ਕਿ ਉਹ ਖ਼ੂਬ ਮਾਰ ਖਾ ਕੇ ਨਿਢਾਲ ਨਾ ਹੋ ਜਾਏ ਤੇ ਫੇਰ ਨਾ ਉਠ ਸਕੇ। ਕੀ ਉਸਨੂੰ ਸੰਘਰਸ਼ ਕਿਹਾ ਜਾ ਸਕਦਾ ਹੈ? ਤੇ ਕੀ ਇਸ ਨਾਲ ਦੇਸ਼ ਨੂੰ ਪੂਰਨ ਸੁਤੰਤਰਤਾ ਮਿਲ ਸਕਦੀ ਹੈ? ਕਿਸੇ ਵੀ ਰਾਸ਼ਟਰ ਲਈ ਸਰਬ-ਉੱਚ ਨਿਸ਼ਾਨੇ ਦੀ ਪ੍ਰਾਪਤੀ ਦਾ ਟੀਚਾ ਰੱਖਣਾ ਚੰਗਾ ਹੈ, ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਸ ਨਿਸ਼ਾਨੇ ਉੱਤੇ ਪਹੁੰਚਣ ਲਈ ਉਹਨਾਂ ਸਾਧਨਾਂ ਦਾ ਪ੍ਰਯੋਗ ਕੀਤਾ ਜਾਏ ਜਿਹੜੇ ਯੋਗ ਹੋਣ ਤੇ ਪਹਿਲਾਂ ਵਰਤੇ-ਪਰਖੇ ਜਾ ਚੁੱਕੇ ਹੋਣ, ਨਹੀਂ ਤਾਂ ਸੰਸਾਰ ਸਾਹਵੇਂ ਆਪਣਾ ਮਖ਼ੌਲ ਉੱਡਨ ਦਾ ਭੈ ਬਣਿਆ ਰਹੇਗਾ।”
'ਬੰਬ ਕਾ ਦਰਸ਼ਨ' ਦਸਤਾਵੇਜ ਕਾਂਗਰਸ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਲਿਖਿਆ ਗਿਆ ਸੀ ਤੇ ਭਗਤ ਸਿੰਘ ਨੇ 'ਕੌਮ ਕੇ ਨਾਮ ਸੰਦੇਸ਼' ਵਿਚ ਲਿਖਿਆ ਸੀ। ਜਦੋਂ ਅੰਦੋਲਨ ਇਕ ਸਾਲ ਪੁਰਾਣਾ ਹੋ ਚੁੱਕਿਆ ਸੀ ਤੇ ਵਾਇਸਰਾਏ ਨੇ ਕਾਂਗਰਸ ਨੇਤਾਵਾਂ ਨੂੰ ਹਕੂਮਤੀ ਵਿਧਾਨ ਵਿਚ ਪਰੀਵਰਤਨ ਲਈ ਗੋਲ-ਮੇਜ਼ ਕਾਨਫਰੰਸ ਵਿਚ ਸੱਦਾ ਦਿੱਤਾ ਸੀ; ਭਗਤ ਸਿੰਘ ਨੇ ਇਹ ਭਵਿੱਖਬਾਣੀ ਕੀਤੀ ਸੀ...:
“ਕਾਂਗਰਸ ਦੇ ਨੇਤਾ ਇਸ ਹਾਲਤ ਵਿਚ ਅੰਦੋਲਨ ਨੂੰ ਟਾਲ ਦੇਣ ਲਈ ਤਿਆਰ ਦਿਖਾਈ ਦੇਂਦੇ ਹਨ। ਉਹ ਲੋਕ ਅੰਦੋਲਨ ਨੂੰ ਅੱਗੇ ਟਾਲਨ ਦਾ ਫ਼ੈਸਲਾ ਕਰਨਗੇ ਜਾਂ ਇਸਦੇ ਖ਼ਿਲਾਫ਼, ਇਹ ਗੱਲ ਸਾਡੇ ਲਈ ਬਹੁਤੀ ਮਹੱਤਵਪੂਰਨ ਨਹੀਂ ਹੈ। ਇਹ ਗੱਲ ਨਿਸ਼ਚਿਤ ਹੈ ਕਿ ਵਰਤਮਾਨ ਅੰਦੋਲਨ ਦਾ ਅੰਤ ਲਾਜ਼ਮੀ ਕਿਸੇ ਨਾ ਕਿਸੇ ਸਮਝੌਤੇ ਦੇ ਰੂਪ ਵਿਚ ਹੋਏਗਾ। ਇਹ ਦੂਜੀ ਗੱਲ ਕਿ ਸਮਝੌਤਾ ਜਲਦੀ ਹੋ ਜਾਏ ਜਾਂ ਦੇਰ ਨਾਲ ਹੋਏ।” ਤੇ ਇਹ ਵੀ ਕਿਹਾ, “ਅੰਦੋਲਨ ਦਾ ਨਿਸ਼ਾਨਾਂ ਬੜਾ ਹੀ ਸੀਮਿਤ ਹੈ।”
ਭਗਤ ਸਿੰਘ ਦੇ ਸ਼ਬਦਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਗਾਂਧੀ-ਇਰਵਿਨ ਸਮਝੌਤਾ ਹੋ ਗਿਆ, ਜਿਸ ਵਿਚ ਭਾਰਤ ਦੇ ਉਦਯੋਗਪਤੀਆਂ ਨੂੰ ਲਾਇਸੈਂਸ ਤੇ ਕੋਟੇ ਮਿਲੇ ਤੇ ਬਦਲੇ ਵਿਚ ਸਰਕਾਰ ਦੀ ਇਹ ਸ਼ਰਤ ਮੰਨ ਲਈ ਗਈ ਕਿ ਕਾਂਗਰਸ ਵਿਦੇਸ਼ੀ ਮਾਲ ਦੇ ਬਾਈਕਾਟ ਦਾ ਅੰਦੋਲਨ ਅੱਗੇ ਨਹੀਂ ਚਲਾਏਗੀ।
ਭਗਤ ਸਿੰਘ ਨੇ ਆਪਣੇ ਉਪਰਲੇ ਸੰਦੇਸ਼ ਵਿਚ ਇਸ ਨਾਲੋਂ ਵੀ ਵੱਡੀ ਭਵਿੱਖਬਾਣੀ ਇਹ ਕੀਤੀ ਸੀ ਕਿ 'ਜਦੋਂ ਸਾਡਾ ਦਲ ਅੰਗਰੇਜ਼ ਤੋਂ ਸੱਤਾ ਖੋਹ ਕੇ ਮਜ਼ਦੂਰ-ਕਿਸਾਨ ਦੇ ਹੱਥੀਂ ਦੇਣਾ ਚਾਹੁੰਦਾ ਹੈ, ਕਾਂਗਰਸੀ ਨੇਤਾ ਲਾਰਡ ਹਾਰਡਿੰਗ ਜਾਂ ਇਰਵਿਨ ਦੀ ਜਗ੍ਹਾ ਤੇਜ਼ ਬਹਾਦੁਰ, ਪੁਰੂਸ਼ੋਤਮ ਦਾਸ ਜਾਂ ਠਾਕੁਰ ਦਾਸ ਨੂੰ ਲੈਣਾ ਚਾਹੁੰਦੇ ਹਨ, ਉਸ ਨਾਲ ਆਮ ਜਨਤਾ ਨੂੰ ਕੋਈ ਲਾਭ ਨਹੀਂ ਹੋ ਸਕਦਾ।' ਪਰੇਮ ਚੰਦ ਨੇ 'ਆਹੁਤਿ' ਕਹਾਣੀ ਦੀ ਨਾਇਕਾ ਰੂਪਮਤੀ ਤੋਂ ਇਸ ਗੱਲ ਨੂੰ ਇੰਜ ਅਖਵਾਇਆ ਹੈ ਕਿ 'ਜੇ ਇਹ ਵਿਵਸਥਾ ਜਿਵੇਂ ਦੀ ਤਿਵੇਂ ਬਣੀ ਰਹੇ...ਪੈਸੇ ਦਾ ਸੋਸ਼ਣ ਤੇ ਧਰਮ ਤੇ ਜਾਤ ਦਾ ਦਮਨ ਜਿਵੇਂ ਦਾ ਤਿਵੇਂ ਹੁੰਦਾ ਰਹੇ ਤੇ ਸਿਰਫ ਜਾਨ ਦੀ ਜਗ੍ਹਾ ਗੋਵਿੰਦ ਬਿਠਾਅ ਦਿੱਤਾ ਜਾਏ ਤਾਂ ਮੈਂ ਇਸਨੂੰ ਆਜ਼ਾਦੀ ਨਹੀਂ ਸਮਝਦੀ।'
ਕੀ 15 ਅਗਸਤ 1947 ਦੀ ਅੱਧੀ ਰਾਤ ਨੂੰ ਇਹ ਭਵਿੱਖਬਾਣੀ ਸਿੱਧ ਨਹੀਂ ਹੋਈ? ਕੀ ਜਾਨ ਦੀ ਜਗ੍ਹਾ ਗੋਵਿੰਦ ਨਹੀਂ ਬੈਠਿਆ। ਸੋਸ਼ਣ ਉੱਤੇ ਟਿਕੀ ਜਿਸ ਵਿਵਸਥਾ ਨੂੰ ਬਦਲਨਾ ਚਾਹੀਦਾ ਸੀ ਉਹ ਜਿਵੇਂ ਦੀ ਤਿਵੇਂ ਮੌਜ਼ੂਦ ਨਹੀਂ ਹੈ?
ਹੋਰ ਦੇਖੋ ਜਦੋਂ ਕਲਪਿੱਤ ਅਹਿੰਸਾ ਦਾ ਇਹ ਸੀਮਿਤ ਨਿਸ਼ਾਨਾ ਪੂਰਾ ਹੋ ਗਿਆ ਤਾਂ ਪਹਿਲਾਂ ਇਸਦੇ ਜਨਮਦਾਤਾ ਗਾਂਧੀ ਦੀ ਹੱਤਿਆ ਹੋਈ ਤੇ ਫੇਰ ਗੋਵਿੰਦ ਨੇ ਉਸਦਾ ਕੋਈ ਲਾਭ ਨਾ ਹੋਣ ਦਾ ਐਲਾਨ ਕਰ ਦਿੱਤਾ। 9 ਮਈ 1949 ਨੂੰ ਰਾਜੇਂਦਰ ਬਾਬੂ ਨੇ ਸਰਵੋਦਯ ਸਮਾਜ ਦੇ ਸੰਮੇਲਨ ਵਿਚ ਭਾਸ਼ਣ ਦਿੰਦਿਆਂ ਹੋਇਆਂ ਕਿਹਾ ਸੀ...:
“ਮਨੁੱਖ ਦੀਆਂ ਨੀਚ ਪ੍ਰਵਿਰਤੀਆਂ, ਜਿਵੇਂ ਨਫ਼ਰਤ ਤੇ ਬਦਲੇ ਦੀਆਂ ਭਾਵਨਾਵਾਂ ਦੇ ਸਾਹਮਣੇ ਝੁਕਣ ਨੂੰ ਉਹ (ਗਾਂਧੀ) ਕਾਇਰਤਾ ਸਾਹਮਣੇ ਝੁਕਣਾ ਮੰਨਦੇ ਸਨ। ਜਿਹੜਾ ਦੂਜਿਆਂ ਉੱਤੇ ਵਾਰ ਕੀਤੇ ਬਿਨਾਂ, ਵਿਅਕਤੀ ਜਾਂ ਰਾਸ਼ਟਰ ਦੀ ਰੱਖਿਆ ਨਹੀਂ ਕਰ ਸਕਦਾ, ਉਹ ਹੀ ਇਸ ਕਿਸਮ ਦੀ ਕਾਇਰਤਾ ਸਾਹਮਣੇ ਝੁਕਦਾ ਹੈ।  ਉਹ ਮਨੁੱਖ ਵਿਚ ਅਜਿਹਾ ਹੌਸਲਾ ਚਾਹੁੰਦੇ ਸਨ, ਜਿਹੜਾ ਵਿਰੋਧੀ ਦੇ ਮਾੜੇ ਤੋਂ ਮਾੜੇ ਵਿਹਾਰ ਨੂੰ ਵਿਰੋਧੀ ਦੇ ਪ੍ਰਤੀ ਕਿਸੇ ਕਿਸਮ ਦੀ ਦੁਰਭਾਵਨਾ ਦੇ ਬਿਨਾਂ ਸਹਿਣ ਦੀ ਸਮਰਥਾ ਰੱਖਦਾ ਹੋਏ। ਅਜਿਹੇ ਹੌਸਲੇ ਦੇ ਬਲਬੂਤੇ ਉੱਤੇ ਮਨੁੱਖ ਵਿਰੋਧੀ ਦਾ ਅੰਤ ਤਕ ਮੁਕਾਬਲਾ ਕਰੇ ਤੇ ਇਸ ਕੋਸ਼ਿਸ਼ ਵਿਚ ਆਪਣੇ ਪ੍ਰਾਣ ਵੀ ਦੇ ਦਏ, ਜਿਸਦਾ ਅਰਥ ਹੈ ਉਸਦੀ ਜਿੱਤ, ਕਿਉਂਕਿ ਵਿਰੋਧੀ ਉਸਨੂੰ ਝੁਕਾਉਣ ਵਿਚ ਆਪਣੇ ਆਪ ਨੂੰ ਅਸਫਲ ਦੇਖੇਗਾ। ਜਦੋਂ ਤਕ ਕੋਈ ਰਾਸ਼ਟਰ ਇਸ ਕਿਸਮ ਦੇ ਹੌਸਲੇ ਦਾ ਧਾਰਨੀ ਨਹੀਂ ਹੁੰਦਾ ਤੇ ਇਹ ਦ੍ਰਿੜ੍ਹ ਸੰਕਲਪ ਕਰਕੇ ਕਿ ਉਸਨੇ ਕਿਸੇ ਵੀ ਹਾਲਤ ਵਿਚ ਪ੍ਰਤੀਰਕਸ਼ਾਤਮਕ (ਬਚਾਓ ਲਈ) ਜਾਂ ਆਕਰਮਣਾਤਮਕ (ਹਮਲੇ ਵਜੋਂ) ਕਿਸੇ ਕਿਸਮ ਦਾ ਯੁੱਧ ਨਹੀਂ ਲੜਨਾ ਹੈ, ਕੋਈ ਸੁਨਿਸ਼ਚਿਤ ਯੁੱਧ ਦੇ ਵਿਰੋਧੀ ਕਾਰਜ ਕਰਮ ਲੈ ਕੇ ਮੈਦਾਨ ਵਿਚ ਨਹੀਂ ਆਉਂਦਾ ਤੇ ਕਿਸੇ ਕਿਸਮ ਦੀ ਸੈਨਾ ਰੱਖਣਾ ਛੱਡ ਨਹੀਂ ਦਿੰਦਾ ਉਦੋਂ ਤਕ ਅਹਿੰਸਾ ਦੀ ਲੜਾਈ ਜਾਰੀ ਹੈ।”
ਲਫ਼ਜ਼-ਬਾਜੀ! ਸੁੰਦਰ ਲਫ਼ਜ਼-ਬਾਜੀ!! ਕੀ ਇਹ ਲਫ਼ਜ਼-ਬਾਜੀ ਗਾਂਧੀ ਦੀ ਅਣਉਪਯੋਗਤਾ-ਅਵਿਹਾਰਕਤਾ ਨੂੰ ਛਿਪਾਉਣ ਦੇ ਸਮਰਥ ਹੈ? ਨਹੀਂ। ਰਾਜੇਂਦਰ ਬਾਬੂ ਸਵੀਕਾਰ ਕਰਦੇ ਹਨ...:
“ਕਿਸੇ ਨਾ ਕਿਸੇ ਰਾਸ਼ਟਰ ਨੂੰ ਇਹ ਹੌਸਲਾ ਦਿਖਾਉਣਾ ਹੀ ਪਏਗਾ। ਅਸੀਂ ਕਹਿ ਨਹੀਂ ਸਕਦੇ ਕਿ ਉਹ ਕਿਹੜਾ ਰਾਸ਼ਟਰ ਹੋਏਗਾ। ਸਪਸ਼ਟ ਹੈ ਕਿ ਅੱਜ ਇਹ ਕੰਮ ਅਸੀਂ ਨਹੀਂ ਕਰ ਸਕਦੇ, ਜੇ ਅਸੀਂ ਆਪਣੇ ਆਪ ਨੂੰ ਗਾਂਧੀਜੀ ਦੀ ਵਿਚਾਰਧਾਰਾ ਤੇ ਉਹਨਾਂ ਦੇ ਉਪਦੇਸ਼ ਦਾ ਉਤਰਾਧਿਕਾਰੀ ਮੰਨਦੇ ਹਾਂ। ਫੇਰ ਵੀ ਇਹ ਕੰਮ ਕਿਸੇ ਨੇ ਤਾਂ ਕਰਨਾ ਹੀ ਹੈ। ਮੈਂ ਆਸ ਕਰਦਾ ਹਾਂ ਕਿ ਇਸ ਸੰਮੇਲਨ ਵਿਚ ਹੋਏ ਵਿਚਾਰ ਵਟਾਂਦਰੇ ਦੇ ਸਿੱਟੇ ਵਜੋਂ ਇਹ ਸੁਨੇਹਾ ਸੰਸਾਰ ਦੇ ਹੋਰ ਲੋਕਾਂ ਤਕ ਪਹੁੰਚਾ ਸਕਾਂਗੇ।”
ਅਹਿੰਸਾ ਦੀ ਲੜਾਈ ਕਰਾਂਤੀ ਦੀਆਂ ਸ਼ਕਤੀਆਂ ਦੇ ਖ਼ਿਲਾਫ਼ ਸੀ। ਇਸ ਰੂਪ ਵਿਚ ਇਹ ਲੜਾਈ ਹੁਣ ਵੀ ਲੜੀ ਜਾ ਰਹੀ ਹੈ। ਇਸ ਮਤਲਬ ਲਈ ਦੇਸ਼ੀ ਵਿਦੇਸ਼ੀ ਗੁੱਝੇ-ਸਵਾਰਥ ਇਸ ਨੂੰ ਹੁਣ ਵੀ ਡਟ ਕੇ ਇਸਤੇਮਾਲ ਕਰ ਰਹੇ ਹਨ। ਹੁਣੇ ਜਿਹੇ ਹੀ ਸਾਡੀ ਸਰਕਾਰ ਦੀ ਸਹਾਇਤਾ ਨਾਲ ਬਣੀ ਸਰ ਚਾਰਲਸ ਏਟਨਬ੍ਰੋ ਦੀ ਖਰਚੀਲੀ ਮਹਿੰਗੀ ਫ਼ਿਲਮ 'ਗਾਂਧੀ' ਇਸਦਾ ਪੱਕਾ ਸਬੂਤ ਹੈ। ਵੈਸੇ ਪ੍ਰਤੀਰਕਸ਼ਾਤਕ ਜਾਂ ਆਕਰਮਣਾਤਮਕ ਪ੍ਰਮਾਣੂ ਸ਼ਸਤਰ ਤਿਆਰ ਕਰਨ ਤੇ ਸੈਨਿਕ ਸ਼ਕਤੀ ਵਧਾਉਣ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਨੱਪੀ-ਪੀੜੀ ਜਨਤਾ ਨੂੰ ਅਹਿੰਸਾ ਦਾ ਪਾਠ ਪੜਾਉਣ ਵਾਲੇ ਗੋਵਿੰਦ ਨੇ ਖ਼ੁਦ ਚਾਰ ਲੜਾਈਆਂ ਲੜੀਆਂ, ਨਾ ਸਿਰਫ ਇਕ ਸੈਨਿਕ ਸ਼ਕਤੀ ਵਧਾਈ, ਕੇਂਦਰੀ ਰਿਜਰਵ ਪੁਲਸ ਤੇ ਸੀਮਾ ਸੁਰੱਖਿਆ ਪੁਲਸ ਦਾ ਗਠਨ ਵੀ ਕੀਤਾ।
ਪੰਚਤੰਤਰ ਦੇ ਰਚੇਤਾ ਵਿਸ਼ਣੂ ਸ਼ਰਮਾ ਨੇ ਲਿਖਿਆ ਹੈ ਕਿ ਕਰਨੀਂ ਤੇ ਕੱਥਨੀਂ ਵਿਚ ਅੰਤਰ ਜਿੰਨਾ ਵਧਦਾ ਹੈ, ਵਿਨਾਸ਼ ਦਾ ਦਿਨ ਓਨਾਂ ਹੀ ਨੇੜੇ ਆਉਂਦਾ ਹੈ। ਕਰਾਂਤੀ ਨੂੰ ਪੈਰ-ਪੈਰ ਟਾਲਨ ਨਾਲ ਸਾਡੀ ਇਹ ਪ੍ਰਾਚੀਨ ਵਰਣ-ਵਿਵਸਥਾ ਜਿਸਨੂੰ ਬਦਲਨਾ ਜ਼ਰੂਰੀ ਸੀ, ਏਨੀ ਸੜ ਗਲ ਗਈ ਹੈ ਕਿ ਜਿਸ ਅਨੁਪਾਤ ਨਾਲ ਬੇਰੁਜ਼ਗਾਰੀ, ਮਹਿੰਗਾਈ ਤੇ ਭਰਿਸ਼ਟਾਚਾਰ ਵਧ ਰਿਹਾ ਹੈ ਉਸੇ ਅਨੁਪਾਤ ਨਾਲ ਅਪਰਾਧ ਵਧ ਰਹੇ ਹਨ, ਹਿੰਸਾ ਵਧ ਰਹੀ ਹੈ। ਕਹਿੰਦੇ ਇਹ ਸੀ ਕਿ ਭਾਰਤ ਮਾਤਾ ਪਿੰਡਾਂ ਵਿਚ ਵੱਸਦੀ ਹੈ, ਪਰ ਪਿੰਡਾਂ ਦਾ ਬੁਰਾ ਹਾਲ ਹੈ। ਪਿੰਡ ਉੱਜੜ ਰਹੇ ਹਨ। ਪਿੰਡਾਂ ਦੇ ਹਜ਼ਾਰਾਂ ਲੋਕ ਹਰ ਮਹੀਨੇ ਰੋਜੀ ਦੀ ਭਾਲ ਵਿਚ ਬੰਬਈ, ਕਲਕੱਤਾ, ਦਿੱਲੀ ਆਦੀ ਸ਼ਹਿਰਾਂ ਵੱਲ ਜਾ ਰਹੇ ਹਨ। ਨਤੀਜਾ ਇਹ ਹੈ ਕਿ ਗੰਦੀਆਂ ਬਸਤੀਆਂ ਦਿਨੋਂ-ਦਿਨ ਵਧ ਰਹੀਆਂ ਹਨ, ਫ਼ੈਲ ਰਹੀਆਂ ਹਨ ਤੇ ਇਹਨਾਂ ਬਸਤੀਆਂ ਦੀ ਦਲਦਲ ਵਿਚ ਅਪਰਾਧ ਮੱਖੀ-ਮੱਛਰਾਂ ਵਾਂਗ ਪਲਦੇ ਹਨ। ਆਖ਼ਰ ਇਹਨਾਂ ਉੱਜੜੇ ਉੱਖੜੇ ਲੋਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਢਿੱਡ ਤਾਂ ਭਰਨਾ ਹੀ ਹੈ। ਕਵੀ ਸ਼ਿਵ ਓਮ ਅੰਬਰ ਦੇ ਸ਼ਬਦਾਂ ਵਿਚ ਨਤੀਜਾ ਇਹ ਹੈ...:

 ਪਗ ਪਗ ਪੇ ਹੈ ਘਾਤ ਹਮਾਰੀ ਬਸਤੀ ਮੇਂ,
 ਹਰ ਪਲ ਇਕ ਉਤਪਾਤ ਹਮਾਰੀ ਬਸਤੀ ਮੇਂ।

'ਸਤਯ' ਤੇ 'ਅਹਿੰਸਾ', ਸਿਰਫ ਸ਼ਬਦ ਬਣ ਕੇ ਰਹਿ ਗਏ ਹਨ ਵੈਸੇ 'ਝੂਠ' ਤੇ 'ਹਿੰਸਾ' ਦਾ ਬੋਲਬਾਲਾ ਹੈ। ਸ਼ਬਦ ਨਿਰਅਰਥ ਹੁੰਦੇ ਜਾ ਰਹੇ ਹਨ ਤੇ ਮਨੁੱਖੀ ਕਦਰਾਂ-ਕੀਮਤਾਂ ਮਿਟ ਰਹੀਆਂ ਹਨ।
ਅਕਤੂਬਰ 1930 ਨੂੰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਦੋਸ਼ ਇਹ ਸਨ ਕਿ ਉਹਨਾਂ ਨੇ ਸਮਰਾਟ ਜਾਰਜ ਪੰਜਮ ਦੇ ਵਿਰੁੱਧ ਜੰਗ ਛੇੜੀ। ਤਦ ਉਹਨਾਂ ਨੇ ਜੰਗੀ ਕੈਦੀ ਹੋਣ ਦੇ ਨਾਤੇ ਗੋਲੀ ਨਾਲ ਉਡਾ ਦਿੱਤੇ ਜਾਣ ਦੀ ਮੰਗ ਕੀਤੀ ਸੀ ਤੇ ਐਲਾਨ ਕੀਤਾ ਸੀ...:
“ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੰਗ ਛਿੜ ਪਈ ਹੈ ਤੇ ਇਹ ਜੰਗ ਓਦੋਂ ਤਕ ਜਾਰੀ ਰਹੇਗੀ, ਜਦੋਂ ਤਕ ਕਿ ਸ਼ਕਤੀਸ਼ਾਲੀ ਵਿਅਕਤੀ ਭਾਰਤੀ ਜਨਤਾ ਤੇ ਮਿਹਨਤਕਸ਼ਾਂ ਦੀ ਆਮਦਨ ਦੇ ਸਾਧਨਾਂ ਉੱਤੇ ਆਪਣਾ ਕਬਜਾ ਕਰੀ ਰੱਖਣਗੇ। ਭਾਵੇਂ ਅਜਿਹੇ ਵਿਅਕਤੀ ਪੂੰਜੀਵਾਦੀ ਅੰਗਰੇਜ਼ ਹਾਕਮ ਜਾਂ ਮੂਲ ਭਾਰਤੀ ਹੀ ਹੋਣ। ਉਹਨਾਂ ਆਪਸ ਵਿਚ ਰਲ ਕੇ ਇਕ ਲੁੱਟ ਜਾਰੀ ਕੀਤੀ ਹੋਈ ਹੈ। ਜੇ ਸ਼ੁੱਧ ਭਾਰਤੀ ਪੂੰਜੀਪਤੀਆਂ ਰਾਹੀਂ ਹੀ ਗਰੀਬਾਂ ਦਾ ਖ਼ੂਨ ਚੁਸਿਆ ਜਾ ਰਿਹਾ ਹੈ ਤਦ ਵੀ ਇਸ ਸਥਿਤੀ ਵਿਚ ਕੋਈ ਫਰਕ ਨਹੀਂ ਪੈਂਦਾ। ਜੇ ਆਪਣੀ ਸਰਕਾਰ ਕੁਝ ਨੇਤਾਵਾਂ ਜਾਂ ਭਾਰਤੀ ਸਮਾਜ ਦੇ ਮੁਖੀਆਂ ਉੱਤੇ ਪ੍ਰਭਾਵ ਜਮਾਉਣ ਵਿਚ ਸਫਲ ਹੋ ਜਾਏ, ਕੁਝ ਸੌਖਾਂ-ਸਹੂਲਤਾਂ ਮਿਲ ਜਾਣ, ਜਾਂ ਸਮਝੌਤੇ ਹੋ ਜਾਣ, ਉਸ ਨਾਲ ਵੀ ਸਥਿਤੀ ਨਹੀਂ ਬਦਲ ਸਕਦੀ। ਜਨਤਾ ਉੱਤੇ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਬੜਾ ਘੱਟ ਪੈਂਦਾ ਹੈ।”
1947 ਦੇ ਸੱਤਾ ਪਰੀਵਰਤਨ ਪਿੱਛੋਂ ਵੀ ਜੰਗ ਕਿੱਥੇ ਰੁਕੀ? ਕਿਸੇ ਨਾ ਕਿਸੇ ਰੂਪ ਵਿਚ ਤੇ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਜਾਰੀ ਹੀ ਰਹੀ। ਹੁਣ ਉਸਦਾ ਭਿਅੰਕਰ ਰੂਪ ਸਾਡੇ ਸਾਹਮਣੇ ਹੈ। ਫਰਕ ਸਿਰਫ ਏਨਾ ਹੈ ਕਿ ਅੰਗਰੇਜ਼ ਦੀ ਹਕੂਮਤ ਵਾਲੀ ਕਰਾਂਤੀਕਾਰੀ-ਜੰਗ, ਗ੍ਰਹਿ-ਯੁੱਧ ਵਿਚ ਬਦਲ ਗਈ ਹੈ।
ਰਾਜੇਂਦਰ ਬਾਬੂ ਨੇ ਕਿਹਾ ਕਿ ਅਹਿੰਸਾ ਦੀ ਲੜਾਈ ਜਾਰੀ ਰਹੇਗੀ ਤੇ ਕਰਾਂਤੀਕਾਰੀਆਂ ਨੇ ਵੀ ਕਿਹਾ ਕਿ ਅਸੀਂ ਰਹੀਏ ਨਾ ਰਹੀਏ ਸਾਡਾ ਇਹ ਯੁੱਧ ਜਾਰੀ ਰਹੇਗਾ। ਦੋਹੇਂ ਜਾਰੀ ਹਨ। ਪਰ ਕਿਸ ਰੂਪ ਵਿਚ ਤੇ ਕਿਸ ਲਈ। ਦੋਹਾਂ ਦਾ ਰਾਸ਼ਟਰੀ ਜੀਵਨ ਉੱਤੇ ਕੀ ਪ੍ਰਭਾਵ ਪਿਆ ਤੇ ਪੈ ਰਿਹਾ ਹੈ। ਸਤ ਬਚਨ ਰਾਜੇਂਦਰ ਬਾਬੂ ਦਾ ਭਾਸ਼ਣ ਹੈ ਜਾਂ ਕਰਾਂਤੀਕਾਰੀਆਂ ਦੇ ਬੋਲ? ਸਰਵੋਦਯ ਸਮਾਜ ਵਿਚ ਭਾਸ਼ਣ ਦੇਂਦਿਆਂ ਹੋਇਆਂ ਰਾਜੇਂਦਰ ਬਾਬੂ ਨੇ ਸਤਿਆਗ੍ਰਹੀ ਦੇ ਜਿਸ ਹੌਸਲੇ ਦਾ ਵਿਆਖਿਆਨ ਕੀਤਾ ਹੈ ਉਹ ਹੌਸਲਾ ਖਰਾ ਹੈ ਜਾਂ ਮੌਤ ਦੇ ਸਾਹਮਣੇ ਖੜ੍ਹੇ ਕਰਾਂਤੀਕਾਰੀਆਂ ਨੇ ਜਿਸ ਹੌਸਲੇ ਦਾ ਸਬੂਤ ਦਿੱਤਾ, ਉਹ ਖਰਾ ਹੈ?
ਇਹਨਾਂ ਪਰਸਪਰ ਵਿਰੋਧੀ ਵਿਚਾਰਧਾਰਾਵਾਂ ਦਾ ਸਾਂਸਕਰੀਤਕ ਪੱਖ ਇਹ ਹੈ ਕਿ ਕਰਾਂਤੀਕਾਰੀ ਅਮਲ ਉੱਚਾ ਉਠਦਾ ਹੈ ਤਾਂ ਵਿਚਾਰ ਵੀ ਉੱਚਾ ਉਠਦਾ ਹੈ। ਗਾਂਧੀ ਨੇ ਸਾਡੇ ਕਰਾਂਤੀਕਾਰੀ ਅਮਲ ਨੂੰ ਚਰਖੇ ਨਾਲ ਬੰਨ੍ਹ ਕੇ ਰੱਖਿਆ। ਸਿੱਟਾ ਇਹ ਹੈ ਕਿ ਵਿਚਾਰ ਬੌਣਾ ਹੋ ਗਿਆ। ਜਿਸ ਰਾਸ਼ਟਰ ਦਾ ਵਿਚਾਰ ਬੌਣਾ ਹੋ ਜਾਏ ਉਹ ਰਾਸ਼ਟਰ ਬੌਣਾ ਹੋ ਜਾਂਦਾ ਹੈ। ਚਾਲਬਾਜੀ ਤੇ ਅੰਧਵਿਸ਼ਵਾਸ ਨੂੰ ਠੁੰਮਣਾ ਮਿਲਦਾ ਹੈ। ਇਸ ਨਾਲ ਜਿਹੜੀ ਮਾਨਸਿਕਤਾ ਬਣਦੀ ਹੈ ਉਸਨੂੰ ਭਗਤ ਸਿੰਘ ਨੇ ਇੰਜ ਬਿਆਨ ਕੀਤਾ ਹੈ...:
“ਤੁਸੀਂ ਪ੍ਰਚਲਤ ਵਿਸ਼ਵਾਸ ਦਾ ਵਿਰੋਧ ਕਰਕੇ ਦੇਖੋ, ਤੁਸੀਂ ਨਿਸ਼ਕਲੰਕ ਸਮਝੇ ਜਾਣ ਵਾਲੇ ਕਿਸੇ ਨਾਇਕ, ਕਿਸੇ ਮਹਾ-ਪੁਰਖ ਦੀ ਆਲੋਚਨਾ ਕਰਕੇ ਦੇਖੋ, ਤੁਹਾਡੇ ਤਰਕ ਦਾ ਜਵਾਬ ਤੁਹਾਨੂੰ ਘੁਮੰਡੀ ਕਹਿ ਕੇ ਦਿੱਤਾ ਜਾਏਗਾ। ਇਸਦਾ ਕਾਰਨ ਮਾਨਸਕ ਜੜ੍ਹਤਾ ਹੈ। ਆਲੋਚਨਾ ਤੇ ਸੁਤੰਤਰ ਢੰਗ ਨਾਲ ਸੋਚਣਾ ਕਰਾਂਤੀਕਾਰੀ ਦੇ ਦੋ ਜ਼ਰੂਰੀ ਗੁਣ ਹਨ। ਮਹਾਤਮਾ ਜਿਹੜੇ ਮਹਾਨ ਹਨ, ਇਸ ਲਈ ਉਹਨਾਂ ਦੀ ਕੋਈ ਆਲੋਚਨਾ ਨਾ ਕਰੇ। ਉਹ ਉਸ ਤੋਂ ਉੱਚੇ ਉਠ ਚੁੱਕੇ ਹਨ। ਇਸ ਲਈ ਉਹ ਰਾਜਨੀਤੀ ਜਾਂ ਧਰਮ, ਅਰਥ-ਸ਼ਾਸਤਰ ਜਾਂ ਸਦਾਚਾਰ ਬਾਰੇ ਕੁਝ ਵੀ ਕਹਿਣ, ਸਹੀ ਹੈ। ਤੁਸੀਂ ਮੰਨਦੇ ਹੋਵੋਂ ਜਾਂ ਨਾ ਮੰਨਦੇ ਹੋਵੋਂ ਤੁਹਾਨੂੰ ਕਹਿਣਾ ਪਏਗਾ, 'ਹਾਂ ਇਹ ਸੱਤ ਹੈ।' ਅਜਿਹੀ ਮਾਨਸਿਕਤਾ ਸਿਰਫ ਸਾਨੂੰ ਪ੍ਰਗਤੀ ਤੋਂ ਲਾਂਭੇ ਹੀ ਨਹੀਂ ਲਿਜਾਂਦੀ ਸਗੋਂ ਇਹ ਤਾਂ ਸਪਸ਼ਟ ਤੌਰ 'ਤੇ ਪ੍ਰਗਤੀ ਵਿਰੋਧੀ ਹੈ।” (ਮੈਂ ਨਾਸਤਕ ਕਿਓਂ ਹਾਂ)।
ਇਸ ਖੇਤਰ ਵਿਚ ਭਗਤ ਸਿੰਘ ਦੀ ਭੂਮਿਕਾ ਇਹ ਹੈ ਕਿ ਵਿਵੇਕਾਨੰਦ ਉੱਨੀਵੀਂ ਸਦੀ ਦੇ ਅੰਤ ਤਕ ਸਾਡੇ ਵਿਚਾਰਾਂ ਨੂੰ ਜਿੱਥੋਂ ਤਕ ਲੈ ਆਏ ਸਨ, ਉਹ ਉਸਨੂੰ ਨਾ ਸਿਰਫ ਅੱਗੇ ਲੈ ਗਏ ਸਗੋਂ ਨਵੀਂ ਸਥਿਤੀ ਵਿਚ ਨਵਾਂ ਰੂਪ ਦੇ ਕੇ ਕਰਾਂਤੀਕਾਰੀ ਯੁੱਧ ਦਾ ਹਥਿਆਰ ਵੀ ਬਣਾਇਆ। ਇਸ ਦੇ ਵਿਪਰੀਤ ਗਾਂਧੀ ਉਸਨੂੰ ਜਾਣ-ਬੁੱਝ ਕੇ ਢਾਈ ਸੌ ਵਰ੍ਹੇ ਪਿੱਛੇ ਲੈ ਗਿਆ; ਸਿੱਟਾ ਇਹ ਕਿ ਅੰਧਵਿਸ਼ਵਾਸੀ, ਜੜ੍ਹ ਬੁੱਧੀ ਸਤਿਆਗ੍ਰਹੀ ਪੈਦਾ ਕੀਤੇ। ਇਸ ਨਾਲ ਸਾਹਿਤ ਦੇ ਕਲਾ ਦੀ ਜਿਹੜੀ ਹਾਨੀ ਹੋਈ, ਉਸਦਾ ਅੰਦਾਜ਼ਾ ਅੱਜ ਦੇ ਸਾਂਸਕਰੀਤਕ ਸਤਰ ਤੋਂ ਬਾਖ਼ੂਬੀ ਲਾਇਆ ਜਾ ਸਕਦਾ ਹੈ।
ਭਗਤ ਸਿੰਘ ਵਿਚਾਰਧਾਰਾ ਰਾਸ਼ਟਰ ਦੇ ਭਵਿੱਖ ਨੂੰ ਨਿਖਾਰਨ ਵਾਲੀ ਕਰਾਂਤੀਕਾਰੀ ਵਿਚਾਰਧਾਰਾ ਸੀ ਤੇ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਦਲ' ਉਸਨੂੰ ਅਪਣਾਉਣ ਵਾਲਾ ਕਰਾਂਤੀਕਾਰੀ ਸੰਗਠਨ ਸੀ। ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਦੁਸ਼ਮਣ ਦੇ ਦੋਹਰੇ ਕਰੂਰ ਵਾਰ ਨੇ ਇਸ ਕਰਾਂਤੀਕਾਰੀ ਸੰਗਠਨ ਨੂੰ ਉਸਦੀ ਬਾਲ ਅਵਸਥਾ ਵਿਚ ਹੀ ਮਸਲ-ਕੁਚਲ ਦਿੱਤਾ। ਸੰਗਠਨ ਦੇ ਨਾ ਹੋਣ ਤੇ ਵਿਰੋਧੀ ਪਰਚਾਰ ਸਦਕਾ ਵਿਚਾਰਧਾਰਾ ਵੀ ਅਣਗੌਲੀ ਹੀ ਰਹੀ।
ਫੇਰ ਗਾਂਧੀ ਦਾ ਵਿਰੋਧ ਸੁਭਾਸ਼ ਨੇ ਕੀਤਾ। ਉਹ ਅਹਿੰਸਾ ਦੇ ਬਜਾਏ ਹਥਿਆਬੰਦ ਸੰਘਰਸ਼ ਤੇ ਛਾਪਾਮਾਰ ਯੁੱਧ ਵਿਚ ਵਿਸ਼ਵਾਸ ਕਰਦੇ ਸਨ। ਪਰ ਸਿਧਾਂਤ ਦੀ ਦ੍ਰਿਸ਼ਟੀ ਨਾਲ ਉਹ ਭਾਰਤ ਲਈ ਸੋਸ਼ਲਿਜ਼ਮ ਤੇ ਫਾਸਿਜਮ ਦੇ ਮਿਲੇ ਜੁਲੇ ਰੂਪ ਨੂੰ ਲਾਭਵੰਤ ਸਮਝਦੇ ਸਨ। ਇਸ ਸਿਧਾਂਤਕ ਪਿਛੜੇਪਨ ਕਾਰਨ ਗਾਂਧੀ, ਨਹਿਰੂ ਤੇ ਪਟੇਲ ਦੀ ਬਹੁਰੂਪੀਆ ਤਿਕੜੀ ਦੇ ਰਾਸ਼ਟਰ ਦੇ ਪ੍ਰਤੀ ਛਲ ਨੂੰ ਨੰਗਾ ਕਰਨ ਦੀ ਬਜਾਏ ਖ਼ੁਦ ਉਸਦੇ ਹੱਥੋਂ ਮਾਤ ਖਾ ਗਏ।
ਸਿਧਾਂਤਕ ਸੰਘਰਸ਼ ਦੀ ਭੂਮਿਕਾ ਕਮਿਊਨਿਸਟ ਪਾਰਟੀ ਨੇ ਨਿਭਾਉਣੀ ਸੀ, ਪਰ ਉਹ ਇਹ ਭੂਮਿਕਾ ਤਦੇ ਹੀ ਨਿਭਾ ਸਕਦੀ ਸੀ, ਜੇਕਰ ਉਹ ਸਹੀ ਕਮਿਊਨਿਸਟ ਪਾਰਟੀ ਹੁੰਦੀ। ਸਾਡੇ ਕਮਿਊਨਿਸਟ ਅੰਦੋਲਨ ਦੀ ਸਭ ਤੋਂ ਵੱਡੀ ਖਾਮੀ ਇਹ ਰਹੀ ਹੈ ਕਿ ਉਹ ਆਪਣੇ ਆਰੰਭ ਤੋਂ ਹੀ ਰਾਸ਼ਟਰੀਤਾ ਨੂੰ ਨਕਾਰ ਕੇ ਅੰਤਰ-ਰਾਸ਼ਟਰੀ ਬਣ ਬੈਠਾ ਸੀ ਤੇ ਹੁਣ ਤਕ ਬਣਿਆ ਹੋਇਆ ਹੈ। ਉਹਨਾਂ ਭਾਰਤੀ ਸਮਾਜ ਤੇ ਇਤਿਹਾਸ ਦੇ ਅਧਿਅਨ ਦੀ ਲੋੜ ਹੀ ਨਹੀਂ ਸਮਝੀ। ਸੋ ਅੰਦੋਲਨ ਦਾ ਨੇਤਰੀਤਵ ਭਗਤ ਸਿੰਘ ਵਿਚਾਰਧਾਰਾ ਨੂੰ, ਜਿਹੜੀ ਮਾਰਕਸਵਾਦ ਦਾ ਰਾਸ਼ਟਰੀ ਰੂਪ ਸੀ, ਸਮਝਣ, ਸਵੀਕਾਰਨ ਵਿਚ ਅਸਮਰਥ ਰਹੇ। ਸਿੱਟਾ ਇਹ ਕਿ ਅੰਦੋਲਨ ਖੇਰੂ-ਖੇਰੂ ਹੋ ਗਿਆ ਤੇ ਸੱਠ ਵਰ੍ਹਿਆਂ ਦੇ ਲੰਮੇ ਸੰਘਰਸ਼ ਤੇ ਕੁਰਬਾਨੀਆਂ ਦੇ ਬਾਵਜੂਦ ਸਹੀ ਪਾਰਟੀ ਨਹੀਂ ਬਣ ਸਕੀ।
ਮਾਰਕਸ, ਲੇਨਿਨ, ਮਾਓ ਤਸੇ ਤੁੜ ਨੂੰ ਪੜ੍ਹਨਾ-ਮੰਨਣਾ ਠੀਕ ਹੈ ਪਰ ਰਾਸ਼ਟਰਵਾਦ ਨੂੰ ਨਕਾਰ ਕੇ ਅੰਤਰ-ਰਾਸ਼ਟਰੀ ਬਣਨਾ ਸੰਭਵ ਨਹੀਂ।
ਸਹੀ ਕਰਾਂਤੀਕਾਰੀ ਪਾਰਟੀ ਉਹ ਹੋਏਗੀ ਜਿਹੜੀ ਮਾਰਕਸਵਾਦ-ਲੇਨਿਨਵਾਦ ਵਿਚਾਰਧਾਰਾ ਨੂੰ ਆਪਣਾ ਕਰਾਂਤੀਕਾਰੀ ਸਿਧਾਂਤ ਬਣਾਏਗੀ। ਉਹੀ ਸੰਕਟ ਦੀ ਵਰਤਮਾਨ ਸਥਿਤੀ ਵਿਚ ਪੀੜੇ ਜਾ ਰਹੇ ਲੋਕਾਂ ਨੂੰ ਨੇਤਰੀਤਵ ਦੇ ਸਕੇਗੀ। ਵਿਵੇਕਾਨੰਦ ਨੇ ਵੀਹਵੀਂ ਸਦੀ ਦੇ ਆਰੰਭ ਵਿਚ ਨਵੇਂ ਭਾਰਤ ਦਾ ਜਿਹੜਾ ਸੁਪਨਾ ਦੇਖਿਆ ਸੀ, ਉਹੀ ਉਸਨੂੰ ਸਾਕਾਰ ਕਰ ਸਕੇਗੀ।
ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਦਲ' ਦਾ ਨਿਸ਼ਾਨਾਂ ਸਮਾਜਵਾਦੀ ਕਰਾਂਤੀ ਦਾ ਸੀ। ਪਰ ਵਸਤੂ ਸਥਿਤੀ ਇਹ ਹੈ ਕਿ ਸਾਡੀ ਕਰਾਂਤੀ ਦੀ ਮੌਜ਼ੂਦਾ ਮੰਜ਼ਿਲ ਨਵ ਜਨਵਾਦੀ ਕਰਾਂਤੀ ਹੈ—ਸਮਾਜਵਾਦੀ ਕਰਾਂਤੀ ਦੂਜੀ ਮੰਜ਼ਿਲ ਹੋਏਗੀ। ਭਗਤ ਸਿੰਘ ਵਿਚਾਰਧਾਰਾ ਵਿਚ ਇਹ ਸੁਧਾਰ ਅਸਾਂ ਵਿਕਸਤ ਕਰਨਾ, ਠੋਸ ਬਣਾਉਣਾ ਹੈ। ਜੇ ਭਗਤ ਸਿੰਘ ਨੂੰ ਸਮੇਂ ਨੇ ਮੋਹਲਤ ਦਿੱਤੀ ਹੁੰਦੀ ਤਾਂ ਸੰਭਵ ਹੈ ਉਹ ਇਸ ਸੁਧਾਰ ਖ਼ੁਦ ਹੀ ਕਰ ਦੇਂਦੇ। ਵੈਸੇ ਉਹਨਾਂ ਦੇ ਦਸਤਾਵੇਜਾਂ ਵਿਚ ਖੇਤੀ ਕਰਾਂਤੀ ਦੀ ਗੱਲ ਵੀ ਕੀਤੀ ਗਈ ਹੈ।
  –––   –––   –––   ––– 

No comments:

Post a Comment