Monday, March 19, 2012

ਅਧਿਅਨ, ਚਿੰਤਨ ਤੇ ਪੱਕੇ-ਪੈਰੀਂ

ਸਰੂਪ ਪਰੀਵਰਤਨ :

ਅਧਿਅਨ, ਚਿੰਤਨ ਤੇ ਪੱਕੇ-ਪੈਰੀਂ

ਮੈਂ  ਇਹ  ਸੋਚ ਕੇ ਕਿ ਇਸ ਬੋਲ਼ੇ ਸਮਾਜ ਨੂੰ ਜਗਾਉਣ ਲਈ
ਉੱਚੀ ਆਵਾਜ਼ ਦੀ ਲੋੜ ਹੈ, ਅਸੈਂਬਲੀ ਵਿਚ ਧਮਾਕਾ ਕੀਤਾ।



ਭਗਤ ਸਿੰਘ ਨੇ ਬੜੀ ਗੰਭੀਰਤਾ ਤੇ ਲਗਨ ਨਾਲ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਅਧਿਅਨ ਦਾ ਉਦੇਸ਼ ਉਹਨਾਂ ਸਮੱਸਿਆਵਾਂ ਦਾ ਹੱਲ ਕੱਢਣਾ ਸੀ, ਜਿਹਨਾਂ ਕਰਕੇ ਕਰਾਂਤੀਕਾਰੀ ਅੰਦੋਲਨ ਸੰਕਟ ਵਿਚ ਘਿਰ ਗਿਆ ਸੀ। ਮੁੱਖ ਸਮੱਸਿਆ ਇਹ ਸੀ ਕਿ ਕੁਝ ਨੌਜਵਾਨ ਸਿਰਫ ਆਪਣੀਆਂ ਕੋਸ਼ਿਸ਼ਾਂ ਤੇ ਬਲੀਦਾਨ ਨਾਲ ਹੀ ਕਰਾਂਤੀ ਨਹੀਂ ਲਿਆ ਸਕਦੇ। ਲੋੜ ਇਸ ਗੱਲ ਦੀ ਸੀ ਕਿ ਜਨਤਾ ਨੂੰ ਹਰਕਤ ਵਿਚ ਲਿਆਂਦਾ ਜਾਵੇ ਤੇ ਇਸਨੂੰ ਸੰਗਠਿਤ ਕਰਨ ਦਾ ਉਪਾਅ ਇਹ ਸੀ ਕਿ ਉਸ ਵਿਚ ਨਵੀਂ ਚੇਤਨਾ ਦਾ ਪਰਚਾਰ-ਪਰਸਾਰ ਕੀਤਾ ਜਾਵੇ। ਸੋ ਅਧਿਅਨ, ਪਰਚਾਰ ਤੇ ਸੰਗਠਨ...ਤਿੰਨੇ ਕੰਮ ਨਾਲੋ-ਨਾਲ ਸ਼ੁਰੂ ਹੋਏ।
ਵੀਰੇਂਦਰ ਸੰਧੂ ਨੇ ਤੇ ਮੰਮਥ ਨਾਥ ਗੁਪਤ ਨੇ ਉਪਰੋਕਤ ਕਥਨ ਦੀ ਪੁਸ਼ਟੀ ਕੀਤੀ ਹੈ। ਮੰਮਥ ਨਾਥ ਗੁਪਤ ਨੇ ਰਾਜਾ ਰਾਮ ਸ਼ਾਸਤਰੀ ਦੇ ਦੁਆਰਕਾ ਦਾਸ  ਲਾਇਬਰੇਰੀ ਦੀ ਪ੍ਰਧਾਨਗੀ ਤੇ ਅਧਿਅਨ ਸ਼ੁਰੂ ਕਰਨ ਵਾਲੀ ਗੱਲ ਉਦੋਂ ਦੀ ਲਿਖ ਦਿੱਤੀ ਜਦੋਂ 1922-23 ਵਿਚ ਭਗਤ ਸਿੰਘ ਨੈਸ਼ਨਲ ਕਾਲਜ ਦੇ ਵਿਦਿਆਰਥੀ ਹੁੰਦੇ ਸਨ। ਪਰ ਰਾਜਾ ਰਾਮ ਸ਼ਾਸਤਰੀ 1926 ਵਿਚ ਲਾਹੌਰ ਆਏ ਤੇ ਭਗਤ ਸਿੰਘ ਨਾਲ ਉਦੋਂ ਉਹਨਾਂ ਦਾ ਸੰਪਰਕ ਹੋਇਆ। 1981 ਵਿਚ ਜਦੋਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਅਰਧ-ਸ਼ਤਾਬਦੀ ਮੰਨਾਈ ਜਾ ਰਹੀ ਸੀ, ਰਾਜਾ ਰਾਮ ਸ਼ਾਸਤਰੀ ਨੇ 'ਅਮਰ ਸ਼ਹੀਦੋਂ ਕੇ ਸੰਸਮਰਣ' ਨਾਂ ਦੀ ਕਿਤਾਬ ਲਿਖੀ। ਜਿਸ ਵਿਚ ਉਹਨਾਂ ਅਧਿਅਨ,ਪਰਚਾਰ ਤੇ 'ਨੌਜਵਾਨ ਭਾਰਤ ਸਭਾ' ਬਣਾਉਣ ਦਾ ਬਿਓਰਾ ਵਿਸਥਾਰ ਨਾਲ ਦਿੱਤਾ। ਅਸੀਂ ਉਸਨੂੰ ਸੰਖੇਪ ਵਿਚ ਪੇਸ਼ ਕਰ ਰਹੇ ਹਾਂ...:
“1926 ਈ. ਵਿਚ ਕਾਸ਼ੀ ਵਿਦਿਆ-ਪੀਠ ਤੋਂ 'ਸ਼ਾਸ਼ਤਰੀ' ਦੀ ਉਪਾਧੀ ਪ੍ਰਾਪਤ ਕਰਕੇ ਮੈਂ ਬਨਾਰਸ ਤੋਂ ਸਿੱਧਾ ਲਾਹੌਰ ਚਲਾ ਗਿਆ ਸੀ। ਉੱਥੇ ਮੈਂ 1926 ਤੋਂ 1931 ਤਕ ਦੁਆਰਕਾ ਦਾਸ ਲਾਇਬਰੇਰੀ ਵਿਚ ਕੰਮ ਕੀਤਾ।
“ਇਸ ਲਾਇਬਰੇਰੀ ਵਿਚ ਕੰਮ ਕਰਨ ਦਾ ਮੈਨੂੰ ਜਿਹੜਾ ਸੁਨਹਿਰਾ ਮੌਕਾ ਮਿਲਿਆ, ਉਸਦਾ ਮੇਰੇ ਭਾਵੀ ਜੀਵਨ ਉੱਤੇ ਬੜਾ ਡੂੰਘਾ ਅਸਰ ਪਿਆ। ਕਾਸ਼ੀ ਵਿਦਿਆ-ਪੀਠ ਵਿਚ ਅਧਿਅਨ ਸਮੇਂ ਮੇਰੇ ਉੱਤੇ ਫਰਾਂਸ ਦੀ ਰਾਜ-ਕਰਾਂਤੀ ਦਾ ਬੜਾ ਡੂੰਘਾ ਅਸਰ ਹੋਇਆ ਸੀ। ਸ਼ਾਸਤਰੀ ਦੀ ਉਪਾਧੀ ਪ੍ਰਾਪਤ ਕਰਨ ਲਈ ਮੈਂ ਫਰਾਂਸ ਦੀ ਰਾਜ-ਕਰਾਂਤੀ ਵਿਸ਼ੇ ਉੱਤੇ ਹੀ ਆਪਣਾ ਥੀਸਿਸ ਲਿਖਿਆ ਸੀ। ਉਸ ਸਮੇਂ ਰਾਸ਼ਟਰੀਤਾ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਮੇਰਾ ਮਾਨਸ-ਮਨ ਭਰਿਆ ਹੋਇਆ ਸੀ। ਉਦੋਂ ਤਕ ਰੂਸ ਦੀ ਰਾਜ-ਕਰਾਂਤੀ ਤੇ ਸਮਾਜਵਾਦੀ ਵਿਚਾਰਾਂ ਬਾਰੇ ਮੈਂ ਕੁਝ ਵੀ ਨਹੀਂ ਸੀ ਜਾਣਦਾ, ਸੋ ਉਹਨਾਂ ਤੋਂ ਪ੍ਰਭਾਵਿਤ ਹੋਣ ਦਾ ਕੋਈ ਸਵਾਲ ਹੀ ਨਹੀਂ ਸੀ।
“ਦੁਆਰਕਾ ਦਾਸ ਲਾਇਬਰੇਰੀ ਵਿਚ ਲੱਗਣ ਪਿੱਛੋਂ ਮੈਨੂੰ ਅਧਿਅਨ ਕਰਨ ਦਾ ਜਿਹੜਾ ਮੌਕਾ ਮਿਲਿਆ, ਉਸਦਾ ਸਿੱਟਾ ਇਹ ਹੋਇਆ ਕਿ ਮੈਂ ਰੂਸੀ-ਕਰਾਂਤੀ, ਕਾਰਲ ਮਾਰਕਸ ਤੇ ਲੇਨਿਨ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਪੱਕਾ ਸਮਾਜਵਾਦੀ ਬਣ ਗਿਆ।
“ਲਾਇਬਰੇਰੀ ਦੇ ਚਾਰੇ ਪਾਸੇ ਕਾਲਜ ਸਨ। ਸੋ ਨੌਜਵਾਨ ਵਿਦਿਆਰਥੀ ਕਾਫੀ ਗਿਣਤੀ ਵਿਚ ਲਾਇਬਰੇਰੀ ਵਿਚ ਪੜ੍ਹਨ ਲਈ ਆਉਂਦੇ ਹੁੰਦੇ ਸਨ। ਮੈਂ ਸਦਾ ਇਹੋ ਕੋਸ਼ਿਸ਼ ਕਰਦਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਮਾਜਵਾਦੀ ਸਾਹਿਤ ਪੜ੍ਹਨ ਲਈ ਦਿੱਤਾ ਜਾਏ। ਕੁਝ ਦਿਨਾਂ ਪਿੱਛੋਂ ਮੈਨੂੰ ਪਤਾ ਲੱਗਿਆ ਕਿ ਇਸ ਲਾਇਬਰੇਰੀ ਵਿਚ ਕਰਾਂਤੀਕਾਰੀ ਪਾਰਟੀ ਦੇ ਬਹੁਤ ਸਾਰੇ ਲੋਕ ਵੀ ਆਉਂਦੇ ਹਨ। ਸੋ ਮੈਂ ਇਹ ਜਾਣਨ ਦੀ ਵਾਰ-ਵਾਰ ਕੋਸ਼ਿਸ਼ ਕਰਨ ਲੱਗਾ ਕਿ ਕਿਹੜੇ ਵਿਦਿਆਰਥੀ ਤੇ ਨੌਜਵਾਨ ਗਰਮ-ਵਿਚਾਰਾਂ ਦੇ ਹਨ ਜਾਂ ਕਿਹਨਾਂ ਨੂੰ ਨਵੀਆਂ-ਨਵੀਆਂ ਕਿਤਾਬਾਂ ਪੜ੍ਹਾ ਕੇ ਕਰਾਂਤੀਕਾਰੀ ਤੇ ਸਮਾਜਵਾਦੀ ਬਣਾਇਆ ਜਾ ਸਕਦਾ ਹੈ। ਇਸੇ ਕੋਸ਼ਿਸ਼ ਵਿਚ ਸਰਦਾਰ ਭਗਤ ਸਿੰਘ, ਸੁਖਦੇਵ, ਯਸ਼ ਪਾਲ, ਭਗਵਤੀ ਚਰਣ ਵੋਹਰਾ, ਹੰਸ ਰਾਜ ਵੋਹਰਾ, ਧਨਵੰਤਰੀ, ਰਾਮ ਕ੍ਰਿਸ਼ਨ, ਅਹਿਸਾਨ ਇਲਾਹੀ, ਦੁਰਗਾ ਦਾਸ ਖੰਨਾਂ, ਪ੍ਰਭਰੀਤ ਪੰਜਾਬ ਦੇ ਕਰਾਂਤੀਕਾਰੀਆਂ ਨਾਲ ਮੇਰੀ ਜਾਣ-ਪਛਾਣ ਹੋ ਗਈ। ਇਹਨਾਂ ਸਰਿਆਂ ਵਿਚੋਂ ਭਗਤ ਸਿੰਘ, ਸੁਖਦੇਵ, ਯਸ਼ ਪਾਲ ਤੇ ਭਗਵਤੀ ਚਰਣ ਵੋਹਰਾ ਨਾਲ ਮੇਰੀ ਪੱਕੀ ਦੋਸਤੀ ਵੀ ਹੋ ਗਈ ਸੀ।
“ਲਾਇਬਰੇਰੀ ਦੇ ਬਿਲਕੁਲ ਨੇੜੇ ਬਣੇ 'ਲੋਕ ਸੇਵਕ ਮੰਡਲ' ਦੀ ਇਮਾਰਤ ਦੇ ਇਕ ਨਿੱਕੇ ਜਿਹੇ ਕਮਰੇ ਵਿਚ ਮੈਂ ਰਹਿੰਦਾ ਹੁੰਦਾ ਸੀ ਤੇ ਬਾਜ਼ਾਰ ਜਾ ਕੇ ਕਿਸੇ ਢਾਬੇ ਤੋਂ ਰੋਟੀ ਖਾ ਆਉਂਦਾ ਹੁੰਦਾ ਸੀ। ਭਗਤ ਸਿੰਘ ਤੇ ਸੁਖਦੇਵ ਨਾਲ ਮੇਰੀ ਏਨੀ ਪੱਕੀ ਦੋਸਤੀ ਹੋ ਗਈ ਕਿ ਉਹ ਜਦੋਂ ਲਾਹੌਰ ਵਿਚ ਹੁੰਦੇ ਤਾਂ ਅਕਸਰ ਲਾਇਬਰੇਰੀ ਵਿਚ ਜ਼ਰੂਰ ਆਉਂਦੇ। ਅਜਿਹੇ ਮੌਕੇ ਕਦੀ-ਕਦੀ ਕਰਾਂਤੀ ਤੇ ਸਮਾਜਵਾਦ ਉੱਤੇ ਲੰਮੀਆਂ-ਲੰਮੀਆਂ ਬਹਿਸਾਂ ਛਿੜ ਪੈਂਦੀ ਤੇ ਉਸ ਵਿਚ ਅਸੀਂ ਏਨੇ ਖੁੱਭ ਜਾਂਦੇ ਕਿ ਸਮੇਂ ਦਾ ਧਿਆਨ ਹੀ ਨਾ ਰਹਿੰਦਾ। ਜਦੋਂ ਥੱਕ ਜਾਂਦੇ, ਰਾਤ ਦੇ ਇਕ ਜਾਂ ਦੋ ਵਜੇ, ਸੌਂ ਜਾਂਦੇ।
“ਭਗਤ ਸਿੰਘ ਵਿਚ ਉਹ ਸਮੁੱਚਾ ਨਾਟਕੀਪਨ ਤੇ ਸ਼ਰਾਰਤਾਂ ਸਨ, ਜਿਹੜਾ ਆਮ ਤੌਰ 'ਤੇ ਉਸ ਉਮਰ ਦੇ ਨੌਜਵਾਨਾਂ ਵਿਚ ਹੁੰਦਾ ਹੈ। ਇਕ ਦਿਨ ਭਗਤ ਸਿੰਘ ਹੱਸਦੇ ਹੋਏ ਮੇਰੇ ਕੋਲ ਆ ਕੇ ਕਹਿਣ ਲੱਗੇ, “ਰਾਜਾਰਾਮਾ, ਤੂੰ ਮੇਰਾ ਪੱਕਾ ਦੋਸਤ ਏਂ ਤਾਂ ਮੇਰਾ ਇਕ ਜ਼ਰੂਰੀ ਕੰਮ ਕਰ ਦੇਅ। ਮੈਂ ਤੇਰਾ ਬੜਾ ਅਹਿਸਾਨ ਮੰਨਾਂਗਾ।” ਮੈਂ ਕਿਹਾ, “ਜੇ ਕੰਮ ਕਰਨ ਵਾਲਾ ਹੋਇਆ ਤਾਂ ਜ਼ਰੂਰ ਕਰਾਂਗਾ।” ਉਸ ਨੇ ਜੇਬ ਵਿਚੋਂ ਇਕ ਤਸਵੀਰ ਕੱਢੀ। ਉਹ ਕਿਸੇ ਕਿਤਾਬ ਜਾਂ ਰਸਾਲੇ ਵਿਚੋ ਪਾੜੀ ਹੋਈ ਲੱਗਦੀ ਸੀ। ਇਕ ਬੜੇ ਸੋਹਣੇ ਬਨਮਾਨਸ ਦੀ ਤਸਵੀਰ ਸੀ ਉਹ। ਉੱਥੇ ਸਾਡੇ ਸਾਰਿਆਂ ਦੇ ਇਕ ਬੜੇ ਪੱਕੇ ਮਿੱਤਰ ਹੁੰਦੇ ਸਨ ਜਿਹਨਾਂ ਦੀ ਸ਼ਕਲ ਬਨਮਾਨਸ ਨਾਲ ਕਾਫੀ ਮਿਲਦੀ-ਜੁਲਦੀ ਸੀ। ਭਗਤ ਸਿੰਘ ਗੱਲਾਂਬਾਤਾਂ ਦੌਰਾਨ ਉਹਨਾਂ ਨੂੰ ਉਸੇ ਨਾਂਅ ਨਾਲ ਯਾਦ ਕਰਦੇ ਹੁੰਦੇ ਸਨ। ਭਗਤ ਸਿੰਘ ਨੇ ਮੈਨੂੰ ਕਿਹਾ, “ਇਸ ਤਸਵੀਰ ਕਿਸੇ ਤਰ੍ਹਾਂ ਉਹਨਾਂ ਤਕ ਪਹੁੰਚਾ ਦੇਅ ਤੇ ਫੇਰ ਆਣ ਕੇ ਦੱਸ ਬਈ ਉਹਨਾਂ ਉੱਤੇ ਇਸ ਦੀ ਕੀ ਪ੍ਰਤੀਕਿਰਿਆ ਹੋਈ ਏ।”
“ਤਸਵੀਰ ਦੇਖ ਕੇ ਮੈਨੂੰ ਹਾਸਾ ਆ ਗਿਆ। ਮੈਂ ਕਿਹਾ, “ਭਗਤ ਸਿੰਘ, ਤੁਸੀਂ ਬੜੇ ਸ਼ਰਾਰਤੀ ਓ। ਅਜਿਹਾ ਮਜ਼ਾਕ ਠੀਕ ਨਹੀਂ। ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਸਵੀਰ ਤੁਸਾਂ ਉਹਨਾਂ ਨੂੰ ਭੇਜੀ ਏ ਤਾਂ ਉਹ ਚੰਗੀ ਤਰ੍ਹਾਂ ਖ਼ਬਰ ਲੈਣਗੇ ਤੇ ਹੋ ਸਕਦਾ ਏ ਨਾਰਾਜ਼ ਵੀ ਹੋ ਜਾਣ।” ਭਗਤ ਸਿੰਘ ਕਹਿਣ ਲੱਗੇ, “ਭਾਈ ਸਾਹਬ, ਮੈਥੋਂ ਰਿਹਾ ਨਹੀਂ ਜਾਂਦਾ। ਜੇ ਤੁਸੀਂ ਨਹੀਂ ਲੈ ਜਾਓਗੇ ਤਾਂ ਮੈਂ ਕਿਸੇ ਹੋਰ ਦੇ ਜ਼ਰੀਏ ਭਿਜਵਾ ਦਿਆਂਗਾ। ਪਰ ਭੇਜਾਂਗਾ ਜ਼ਰੂਰ। ਰਹੀ ਨਾਰਾਜ਼ ਹੋਣ ਵਾਲੀ ਗੱਲ ਤਾਂ ਇਸ ਵਿਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਏ। ਉਹ ਤਾਂ ਮੇਰਾ ਲੰਗੋਟੀਆਂ ਯਾਰ ਏ। ਜੇ ਨਾਰਾਜ਼ ਹੋ ਵੀ ਜਾਏਗਾ ਤਾਂ ਬਾਅਦ ਵਿਚ ਆਪਾਂ ਸਾਰੇ ਉਸਨੂੰ ਮਨਾਅ ਲਵਾਂਗੇ। ਜੇ ਜ਼ਿਆਦਾ ਹੋਇਆ ਤਾਂ ਸਾਰੇ ਲੋਕ ਰਲ ਕੇ ਉਸਦੀ ਝਾੜ-ਫੰਡ ਕਰ ਦਿਆਂਗੇ। ਬਸ, ਉਸਦਾ ਗੁੱਸਾ ਢੈਲਾ ਹੋ ਜਾਏਗਾ।” ਪਰ ਜਦੋਂ ਭਗਤ ਸਿੰਘ ਦੇ ਹਜ਼ਾਰ ਵਾਰ ਕਹਿਣ 'ਤੇ ਵੀ ਮੈਂ ਤਿਆਰ ਨਾ ਹੋਇਆ ਤਾਂ ਉਹ ਬੋਲੇ, “ਮੈਂ ਇਸਨੂੰ ਡਾਕ ਰਾਹੀਂ ਭੇਜ ਦਿਆਂਗਾ ਤੇ ਹੇਠਾਂ ਤੁਹਾਡਾ ਨਾਂਅ ਲਿਖ ਦਿਆਂਗਾ।” ਮੈਂ ਕਿਹਾ, “ਜੇ ਤੁਸਾਂ ਇੰਜ ਕੀਤਾ ਮੈਂ ਸਿੱਧਾ ਉਸ ਕੋਲ ਜਾ ਕੇ ਤੁਹਾਡਾ ਨਾਂਅ ਲੈ ਦਿਆਂਗਾ ਕਿ ਇਹ ਸ਼ਰਾਰਤ ਤੁਹਾਡੀ ਏ।” ਥੋੜ੍ਹੀ ਦੇਰ ਸਾਡੇ ਦੋਹਾਂ ਵਿਚਕਾਰ ਹਾਸਾ-ਠੱਠਾ ਚਲਦਾ ਰਿਹਾ ਤੇ ਅੰਤ ਵਿਚ ਭਗਤ ਸਿੰਘ ਚਲੇ ਗਏ। ਮੈਨੂੰ ਯਾਦ ਨਹੀਂ ਕਿ ਭਗਤ ਸਿੰਘ ਨੇ ਉਹਨਾਂ ਨੂੰ ਇਹ ਤਸਵੀਰ ਭੇਜੀ ਜਾਂ ਨਹੀਂ। ਹਾਂ, ਏਨੀ ਸ਼ਰਾਰਤ ਉਹਨਾਂ ਫੇਰ ਵੀ ਕੀਤੀ ਕਿ ਉਸ ਤਸਵੀਰ ਉੱਤੇ ਸਾਡੇ ਉਸ ਮਿੱਤਰ ਦਾ ਨਾਂਅ ਲਿਖ ਦਿੱਤਾ।”
ਭਗਤ ਸਿੰਘ ਦੇ ਹਸ-ਮੁੱਖ ਸੁਭਾਅ, ਚੁਹਲ-ਬਾਜ਼ੀਆਂ ਤੇ ਸ਼ਰਾਰਤਾਂ ਦੀਆਂ ਕੁਝ ਘਟਨਾਵਾਂ ਦਾ ਵਰਨਣ ਕਰਨ ਪਿੱਛੋਂ ਲਿਖਿਆ ਹੈ...:
“ਉੱਪਰ ਭਗਤ ਸਿੰਘ ਦੀਆਂ ਕੁਝ ਯਾਦਾਂ ਦਾ ਜ਼ਿਕਰ ਮੈਂ ਇਸ ਵਿਚਾਰ ਨਾਲ ਕੀਤਾ ਹੈ ਤਾਂਕਿ ਇਹ ਜਾਣਿਆ ਜਾ ਸਕੇ ਕਿ ਭਗਤ ਸਿੰਘ ਬੰਬ ਜਾਂ ਪਿਸਤੌਲ ਚਲਾਉਣ ਵਾਲੇ ਖ਼ੂੰਖ਼ਾਰ ਵਿਅਕਤੀ ਨਾ ਹੋ ਕੇ ਹੋਰਨਾਂ ਵਰਗੇ ਇਕ ਸਾਧਾਰਨ ਨੌਜਵਾਨ ਸਨ, ਜਿਹੜੇ ਹਾਸਾ-ਮਖ਼ੌਲ ਦਿਲ ਖੋਲ੍ਹ ਕੇ ਕਰਦੇ ਸਨ। ਪਰ ਉਹਨਾਂ ਨੇ ਦੇਸ਼ ਦੀ ਆਜ਼ਾਦੀ ਤੇ ਕਰਾਂਤੀ ਦੀ ਵੇਦੀ ਉੱਪਰ ਆਪਣਾ ਸਭ ਕੁਝ ਬਲੀਦਾਨ ਕਰਨ ਦੀ ਪ੍ਰਤਿਗਿਆ ਕਰ ਲਈ ਸੀ। ਉਹ ਕਰਾਂਤੀਕਾਰੀ ਪਾਰਟੀ ਦੇ ਸਰਗਰਮ ਮੈਂਬਰ ਸਨ। ਉਹ ਹਮੇਸ਼ਾ ਇਹਨਾਂ ਕੋਸ਼ਿਸ਼ਾਂ ਵਿਚ ਜੁਟੇ ਰਹਿੰਦੇ ਕਿ ਕਰਾਂਤੀਕਾਰੀ-ਦਲ ਨੂੰ ਕਿੰਜ ਸ਼ਕਤੀਸ਼ਾਲੀ ਬਣਾਇਆ ਜਾਵੇ ਤੇ ਉਸਦੇ ਕਰਾਂਤੀਕਾਰੀ ਸੁਨੇਹੇ ਨੂੰ ਆਮ ਜਨਤਾ ਤਕ ਕਿੰਜ ਪਹੁੰਚਾਇਆ ਜਾਵੇ।
“ਜਦੋਂ ਭਗਤ ਸਿੰਘ ਨਾਲ ਮੇਰੀ ਦੋਸਤੀ ਖਾਸੀ ਗੂੜ੍ਹੀ ਹੋ ਗਈ ਤੇ ਅਸੀਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ-ਪਛਾਣ ਲਿਆ ਤਾਂ ਦੁਆਰਕਾ ਦਾਸ ਲਾਇਬਰੇਰੀ ਵਿਚ ਤੇ ਮੇਰੇ ਘਰ ਉਹਨਾਂ ਦਾ ਆਉਣ-ਜਾਣ ਖਾਸਾ ਹੋ ਗਿਆ। ਕਿਸੇ ਨੂੰ ਕਿਸੇ ਕਿਸਮ ਦਾ ਸ਼ੱਕ ਨਾ ਹੋਵੇ, ਇਸ ਤੋਂ ਬਚਣ ਲਈ ਮੈਂ ਉਹਨਾਂ ਨੂੰ ਲਾਇਬਰੇਰੀ ਦਾ ਮੈਂਬਰ ਬਣਾ ਲਿਆ। ਅਸਾਂ ਦੋਹਾਂ ਇਹ ਫ਼ੈਸਲਾ ਕੀਤਾ ਕਿ ਇਸ ਲਾਇਬਰੇਰੀ ਦਾ ਵੱਧ ਤੋਂ ਵੱਧ ਲਾਭ ਲਿਆ ਜਾਏ ਤੇ ਹਰ ਦਿਨ ਉੱਥੇ ਆਉਣ ਵਾਲੇ ਨੌਜਵਾਨਾਂ ਤੇ ਵਿਦਿਆਰਥੀਆਂ ਵਿਚ ਕਰਾਂਤੀਕਾਰੀ ਵਿਚਾਰਾਂ ਦਾ ਪਰਸਾਰ-ਪਰਚਾਰ ਕੀਤਾ ਜਾਏ।
“ਭਗਤ ਸਿੰਘ ਨੇ ਮੈਨੂੰ ਇਹ ਕੰਮ ਸੌਂਪਿਆ ਸੀ ਕਿ ਪਹਿਲਾਂ ਮੈਂ ਖ਼ੁਦ ਚੰਗੀਆਂ-ਚੰਗੀਆਂ ਕਿਤਾਬਾਂ ਦਾ ਅਧਿਅਨ ਕਰਾਂ ਤੇ ਜਿਹੜੀ ਚੰਗੀ ਲੱਗੇ ਉਸਨੂੰ ਭਗਤ ਸਿੰਘ ਤੇ ਸੁਖਦੇਵ ਨੂੰ ਪੜ੍ਹਨ ਲਈ ਦਿਆ ਕਰਾਂ। ਇਸ ਪਿੱਛੋਂ ਹੌਲੀ-ਹੌਲੀ ਉਹਨਾਂ ਕਿਤਾਬਾਂ ਨੂੰ ਕਾਲਜ ਦੇ ਵਿਦਿਆਰਥੀਆਂ ਤਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਏ। ਸਿਰਫ ਏਨਾ ਹੀ ਨਹੀਂ ਕੁਝ ਛੋਟੇ-ਛੋਟੇ ਪੈਂਫਲੇਟ ਵੀ ਛਾਪੇ ਜਾਣ। ਇਹਨਾਂ ਨੂੰ ਲਿਖਣ ਵਿਚ ਪ੍ਰਿੰਸੀਪਲ ਛਬੀਲ ਦਾਸ ਤੋਂ, ਜਿਹੜੇ ਲੋਕ ਸੇਵਾ ਮੰਡਲ ਦੇ ਜੀਵਨ ਮੈਂਬਰ ਸਨ, ਬੜੀ ਸਹਾਇਤਾ ਮਿਲੀ। ਮੈਨੂੰ ਯਾਦ ਹੈ ਕਿ ਉਹਨਾਂ ਨੇ ਇਕ ਪੁਸਤਕ 'ਭਾਰਤ ਮਾਤਾ' ਦੇ ਨਾਂ ਨਾਲ ਤੇ ਇਕ ਪੁਸਤਕ 'ਸੋਸ਼ਲਿਜ਼ਮ ਕੀ ਹੈ' ਸਿਰਲੇਖ ਹੇਠ ਲਿਖੀ ਸੀ। ਉਹ ਛਾਪੀਆਂ ਵੀ ਸਨ। ਪ੍ਰਿੰਸ ਕ੍ਰੋਪਾਟਕਿਨ ਦਾ ਲੇਖ 'ਨੌਜਵਾਨਾਂ ਨੂੰ ਅਪੀਲ' (ਐਨ ਅਪੀਲ ਟੂ ਦੀ ਯੰਗ) ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ਤੇ ਬੜੀ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਵਿਦਿਆਰਥੀਆਂ ਵਿਚ ਵੰਡਿਆ ਗਿਆ ਸੀ।
“ਵੀਰ ਸਾਵਰਕਰ ਦੀ ਲਿਖੀ 'ਭਾਰਤ ਦਾ ਪ੍ਰਥਮ ਸਵਾਤੰਤ੍ਰੀਯ ਸੰਗ੍ਰਾਮ' (ਫ੍ਰਸਟ ਵਾਰ ਆਫ ਇੰਡੀਅਨ ਇੰਡੀਪੈਂਡੇਂਸ) ਨੇ ਭਗਤ ਸਿੰਘ ਨੂੰ ਬੜਾ ਪ੍ਰਭਾਵਿਤ ਕੀਤਾ ਸੀ। ਇਹ ਕਿਤਾਬ ਸਰਕਾਰ ਨੇ ਜਬਤ ਕਰ ਲਈ ਸੀ। ਮੈਂ ਇਸ ਕਿਤਾਬ ਦੀ ਬੜੀ ਪ੍ਰਸ਼ੰਸਾ ਸੁਣੀ ਸੀ ਤੇ ਉਸਨੂੰ ਪੜ੍ਹਨ ਦੀ ਮੇਰੀ ਬੜੀ ਹੀ ਇੱਛਾ ਸੀ। ਪਤਾ ਨਹੀਂ ਕਿੱਥੋਂ ਭਗਤ ਸਿੰਘ ਨੂੰ ਉਹ ਮਿਲ ਗਈ—ਇਕ ਦਿਨ ਉਹ ਉਸਨੂੰ ਮੇਰੇ ਕੋਲ ਲੈ ਆਏ। ਜਿਸ ਤੋਂ ਲਈ ਹੋਏਗੀ, ਉਸਨੂੰ ਵਾਪਸ ਕਰਨੀ ਹੋਏਗੀ...ਇਸ ਲਈ ਉਹ ਮੇਰੇ ਬੜਾ ਕਹਿਣ 'ਤੇ ਵੀ ਮੈਨੂੰ ਦੇਣ ਲਈ ਤਿਆਰ ਨਹੀਂ ਸੀ ਹੋ ਰਹੇ। ਪਰ ਮੈਂ ਜਲਦ ਤੋਂ ਜਲਦ ਪੜ੍ਹ ਕੇ ਉਹਨਾਂ ਨੂੰ ਵਾਪਸ ਕਰ ਦੇਣ ਦਾ ਵਾਅਦਾ ਕੀਤਾ, ਤਦ ਉਹਨਾਂ ਮੈਨੂੰ ਉਹ ਸਿਰਫ 36 ਘੰਟਿਆਂ ਵਿਚ ਪੜ੍ਹ ਲੈਣ ਲਈ ਦਿੱਤੀ ਸੀ। ਇਹ ਗੱਲ ਮੈਂ ਕਦੀ ਨਹੀਂ ਭੁੱਲ ਸਕਦਾ...ਮੈਂ ਇਕ ਡੰਗ ਰੋਟੀ ਨਹੀਂ ਸੀ ਖਾਧੀ ਤੇ ਦਿਨ-ਰਾਤ ਉਸਨੂੰ ਹੀ ਪੜ੍ਹਦਾ ਰਿਹਾ ਸਾਂ। ਪੁਸਤਕ ਨੇ ਮੈਨੂੰ ਬੜਾ ਜ਼ਿਆਦਾ ਪ੍ਰਭਾਵਿਤ ਕੀਤਾ। ਭਗਤ ਸਿੰਘ ਦੇ ਆਉਣ 'ਤੇ ਮੈਂ ਪੁਸਤਕ ਦੀ ਬੜੀ ਪ੍ਰਸ਼ੰਸਾ ਕੀਤੀ। ਕੁਝ ਚਿਰ ਬਾਅਦ ਭਗਤ ਸਿੰਘ ਨੇ ਮੈਨੂੰ ਕਿਹਾ, “ਜੇ ਕੁਝ ਮਿਹਨਤ ਕਰੇਂ ਤੇ ਮਦਦ ਕਰਨ ਲਈ ਤਿਆਰ ਹੋਵੇਂ ਤਾਂ ਇਸਨੂੰ ਗੁਪਤ ਰੂਪ ਵਿਚ ਮੁੜ ਛਾਪਣ ਦਾ ਕੋਈ ਉਪਾਅ ਕੀਤਾ ਜਾਏ।” ਮੈਂ ਪੂਰੀ ਤਰ੍ਹਾਂ ਮਦਦ ਕਰਨ ਲਈ ਤਿਆਰ ਹੋ ਗਿਆ ਸਾਂ।
“ਭਗਤ ਸਿੰਘ ਨੇ ਕਿਸੇ ਪ੍ਰੈੱਸ ਵਾਲੇ ਨਾਲ ਗੱਲ ਕਰ ਲਈ। ਉਹ ਹਰ ਰੋਜ਼ ਰਾਤੀਂ ਕੁਝ ਮੈਟਰ ਮੈਨੂੰ ਪਰੂਫ਼ ਰੀਡ ਕਰਨ ਲਈ ਦੇ ਜਾਂਦੇ ਸਨ। ਮੈਂ ਰਾਤ ਨੂੰ ਹੀ ਪਰੂਫ਼ ਦੇਖ ਤੇ ਠੀਕ ਕਰਕੇ ਰੱਖ ਦਿੰਦਾ ਸਾਂ। ਦੂਜੇ ਦਿਨ ਭਗਤ ਸਿੰਘ ਉਹ ਲੈ ਜਾਂਦੇ ਸਨ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ। ਹਰੇਕ ਭਾਗ ਦੀ ਕੀਮਤ ਅੱਠ ਆਨੇ ਰੱਖੀ ਗਈ। ਫੇਰ ਗੁਪਤ ਰੂਪ ਵਿਚ ਇਸਨੂੰ ਵੇਚਣ ਦਾ ਪ੍ਰਬੰਧ ਹੋਇਆ। ਮੈਨੂੰ ਚੇਤਾ ਹੈ ਕਿ ਇਹ ਪੁਸਤਕ ਮੈਂ ਸਭ ਤੋਂ ਪਹਿਲਾਂ ਰਾਜਰਿਸ਼ੀ ਪੁਰਸ਼ੋਤਮ ਦਾਸ ਟੰਡਨ ਨੂੰ ਵੇਚੀ ਸੀ। ਇਸ ਦੇ ਛਪਣ ਨਾਲ ਟੰਡਨ ਜੀ ਬੜੇ ਖੁਸ਼ ਹੋਏ ਸਨ। ਇਸਨੂੰ ਵੇਚਣ ਲਈ ਸੁਖਦੇਵ ਨੇ ਬੜੀ ਹੀ ਮਿਹਨਤ ਕੀਤੀ ਸੀ।
“ਭਗਤ ਸਿੰਘ ਚਾਹੁੰਦੇ ਸਨ ਕਿ ਜਿਹਨਾਂ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਕੇ ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਵੱਲ ਨੌਜਵਾਨਾਂ ਦਾ ਧਿਆਨ ਦਿਵਾਇਆ ਜਾਵੇ। ਭਗਤ ਸਿੰਘ ਨੇ ਇਸ ਦੇਸ਼ ਦੇ ਬਲੀਦਾਨੀ ਯੋਧਿਆਂ ਦੇ ਚਿੱਤਰ ਇਕੱਠੇ ਕੀਤੇ ਤੇ ਉਹਨਾਂ ਦੇ ਛੋਟੇ-ਛੋਟੇ ਜੀਵਨ ਚਰਿੱਤਰ ਲਿਖੇ। ਵੱਖ-ਵੱਖ ਨਾਂਵਾਂ ਨਾਲ ਉਹਨਾਂ ਨੂੰ ਇਲਾਹਾਬਾਦ ਤੋਂ ਛਪਣ ਵਾਲੇ 'ਚਾਂਦ' ਦੇ 'ਫਾਂਸੀ ਅੰਕ' ਵਿਚ ਪ੍ਰਕਾਸ਼ਤ ਕਰਵਾਇਆ। ਪਿੱਛੋਂ ਉਹਨਾਂ ਮੈਜਿਕ ਲੈਂਟਰਨ ਤੇ ਦਿਖਾਉਣ ਲਈ ਇਹਨਾਂ ਸ਼ਹੀਦਾਂ ਦੇ ਚਿੱਤਰ ਤਿਆਰ ਕਰਵਾਏ। ਉਹਨਾਂ ਨੂੰ ਦਿਖਾਅ ਕੇ ਕਰਾਂਤੀਕਾਰੀ ਵਿਚਾਰਾਂ ਦਾ ਨੌਜਵਾਨਾਂ ਤੇ ਵਿਦਿਆਰਥੀਆਂ ਵਿਚ ਪਰਚਾਰ ਕੀਤਾ ਜਾਂਦਾ ਸੀ। ਮੈਨੂੰ ਚੇਤਾ ਹੈ, ਉਹਨਾਂ ਇਕ ਵਾਰੀ ਬਰੇਡਲਾ ਹਾਲ ਵਿਚ ਜਾਂ ਉਸਦੇ ਬਾਹਰ ਮੈਜਿਕ ਲੈਂਟਰਨ ਰਾਹੀਂ ਇਸ ਕਿਸਮ ਦਾ ਪਰਚਾਰ-ਪ੍ਰੋਗਰਾਮ ਰੱਖਿਆ ਸੀ, ਤੇ ਉੱਥੋ ਨੌਜਵਾਨ ਖਾਸੀ ਗਿਣਤੀ ਵਿਚ ਇਕੱਠੇ ਹੋਏ ਸਨ।
“ਕੁਝ ਸਮੇਂ ਤਕ ਤਾਂ ਗਰਮ ਤੇ ਗੁਪਤ ਸਾਹਿਤ ਦੁਆਰਾ ਨੌਜਵਾਨਾਂ ਵਿਚ ਕਰਾਂਤੀਕਾਰੀ ਵਿਚਾਰਾਂ ਦਾ ਪਰਚਾਰ ਹੁੰਦਾ ਰਿਹਾ। ਫੇਰ ਇਹ ਮਹਿਸੂਸ ਕੀਤਾ ਗਿਆ ਕਿ ਕਰਾਂਤੀਕਾਰੀ ਪਾਰਟੀ ਨੂੰ ਚਾਹੀਦਾ ਹੈ ਕਿ ਹੁਣ ਉਹ ਖੁੱਲ੍ਹ ਕੇ ਆਮ ਜਨਤਾ ਦੇ ਸਾਹਮਣੇ ਆਏ ਤੇ ਆਪਣੇ ਵਿਚਾਰਾਂ ਤੋਂ ਸਭ ਨੂੰ ਜਾਣੂ ਕਰਵਾਏ। ਇਸ ਉਦੇਸ਼ ਨੂੰ ਸਾਹਮਣੇ ਰੱਖ ਕੇ 'ਨੌਜਵਾਨ ਭਾਰਤ ਸਭਾ' ਦੀ ਸਥਾਪਨਾ 1926 ਈ. ਵਿਚ ਕੀਤੀ ਗਈ। ਅਸਲ ਵਿਚ ਉਹ ਕਰਾਂਤੀਕਾਰੀ ਪਾਰਟੀ ਦਾ ਖੁੱਲ੍ਹਾ ਮੰਚ ਸੀ। ਜਿਹੜੇ ਲੋਕ 'ਨੌਜਵਾਨ ਭਾਰਤ ਸਭਾ' ਦੀ ਰੀਤੀ-ਨੀਤੀ ਤੇ ਵਿਚਾਰਾਂ ਨੂੰ ਸਮਝਦੇ ਸਨ ਤੇ ਉਸ ਨਾਲ ਹਮਦਰਦੀ ਰੱਖਦੇ ਸਨ, ਉਹਨਾਂ ਸਾਰਿਆਂ ਲਈ ਉਸਦੇ ਦਰਵਾਜ਼ੇ ਖੁੱਲ੍ਹੇ ਸਨ। ਹਾਲਾਂਕਿ ਸਭਾ ਕਾਂਗਰਸ ਦੀ ਆਲੋਚਕ ਸੀ, ਫੇਰ ਵੀ ਕਾਂਗਰਸ ਦੇ ਉਹਨਾਂ ਲੋਕਾਂ ਦੀ, ਜਿਹੜੇ ਆਪਣੇ-ਆਪ ਨੂੰ ਗਰਮ ਵਿਚਾਰਾਂ ਦੇ ਕਹਿੰਦੇ ਸਨ, ਹਮਦਰਦੀ ਇਸ ਸਭਾ ਨਾਲ ਸੀ ਤੇ ਵਿਤ ਅਨੁਸਾਰ ਸਭਾ ਦੀ ਮਦਦ ਵੀ ਕਰਦੇ ਰਹਿੰਦੇ ਸਨ। ਸਭਾ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਇਸਦੇ ਨੇਤਾਵਾਂ ਤੇ ਕਾਰਜ-ਕਰਤਾਵਾਂ ਵਿਚ ਕੋਈ ਫਰਕ ਨਹੀਂ ਸੀ ਹੁੰਦਾ। ਸਾਰੇ ਮਿਲ ਕੇ ਛੋਟੇ, ਵੱਡੇ ਹਰੇਕ ਕਿਸਮ ਦੇ ਕੰਮ ਕਰਦੇ ਸਨ। ਦਰੀਆਂ ਵਿਚਛਾਉਣ, ਸਟੇਜ ਬਣਾਉਣ ਤੇ ਸਜਾਉਣ ਦਾ ਕੰਮ, ਪਰਚੇ ਵੰਡਣ ਦਾ ਕੰਮ ਤੇ ਮੰਚ ਉੱਤੇ ਭਾਸ਼ਣ ਦੇਣ ਦਾ ਕੰਮ ਸਾਰੇ ਲੋਕ ਮਿਲ-ਜੁਲ ਕੇ ਬਿਨਾਂ ਕਿਸੇ ਦਬਾਅ ਦੇ, ਖੁਸ਼ੀ-ਖੁਸ਼ੀ ਕਰਦੇ ਹੁੰਦੇ ਸਨ।
“ਮੈਨੂੰ ਉਹ ਦਿਨ ਯਾਦ ਹੈ ਜਦੋਂ 'ਨੌਜਵਾਨ ਭਾਰਤ ਸਭਾ' ਵਿਚ ਇਸ ਗੱਲ ਉੱਤੇ ਖੁੱਲ੍ਹ ਕੇ ਬਹਿਸ ਹੋਈ ਸੀ ਕਿ ਸਭਾ ਦੇ ਜਨਤਕ ਇਕੱਠਾਂ ਸਮੇਂ ਲੋਕਾਂ ਦੀ ਰਾਖੀ ਕਰਨ ਲਈ ਜਿਹੜਾ ਸਵੈ-ਸੇਵਕ ਦਲ ਬਣਾਇਆ ਜਾਏਗਾ, ਉਸਦੀ ਪਛਾਣ ਕੀ ਹੋਏਗੀ। ਫ਼ੈਸਲਾ ਇਹ ਹੋਇਆ ਕਿ ਸਵੈ-ਸੇਵਕ ਮੀਟਿੰਗਾਂ ਦਾ ਪ੍ਰਬੰਧ ਕਰਦੇ ਹੋਏ ਗਲ਼ੇ ਵਿਚ ਇਕ ਰੁਮਾਲ ਬੰਨ੍ਹਿਆਂ ਕਰਨਗੇ। ਸਵਾਲ ਇਹ ਉਠਿਆ ਕਿ ਰੁਮਾਲ ਦਾ ਰੰਗ ਕਿਹੜਾ ਹੋਏ! ਖ਼ਿਆਲ ਹੈ ਕਿ ਭਗਤ ਸਿੰਘ ਦਾ ਵਿਚਾਰ ਇਹ ਸੀ ਕਿ ਰੁਮਾਲ ਲਾਲ ਰੰਗ ਦਾ ਹੋਏ। ਮੈਂ ਭਗਤ ਸਿੰਘ ਦਾ ਸਮਰਥਕ ਸਾਂ, ਕਾਫੀ ਬਹਿਸ ਹੋਈ ਸੀ ਤੇ ਹੋਰ ਕਈ ਸੁਝਾਅ ਵੀ ਆਏ, ਪਰ ਅੰਤ ਵਿਚ ਇਹੋ ਫ਼ੈਸਲਾ ਕੀਤਾ ਗਿਆ ਕਿ ਰੁਮਾਲ ਦਾ ਰੰਗ ਲਾਲ ਹੀ ਰੱਖਿਆ ਜਾਏ। ਲਾਹੌਰ ਤੋਂ ਕਾਨ੍ਹਪੁਰ ਆ ਜਾਣ ਦੇ ਬਾਅਦ ਵੀ ਬੜੇ ਵਰ੍ਹਿਆਂ ਤਕ ਭਗਤ ਸਿੰਘ ਦਾ ਸੁਝਾਇਆ ਲਾਲ ਰੰਗ ਦਾ ਰੁਮਾਲ ਮੇਰੇ ਕੋਲ ਰਿਹਾ, ਪਿੱਛੋਂ ਪਤਾ ਨਹੀਂ ਉਹ ਕਿੱਥੇ ਗਵਾਚ ਗਿਆ!
“ਭਗਤ ਸਿੰਘ ਕਾਂਗਰਸ ਦੇ ਕੱਟੜ ਆਲੋਚਕ ਸਨ। ਉਹ ਕਹਿੰਦੇ ਸਨ ਕਿ ਇਕ ਨਾ ਇਕ ਦਿਨ ਕਾਂਗਰਸ ਅੰਗਰੇਜ਼ੀ ਸਰਕਾਰ ਤੋਂ ਕੁਝ ਲੋਕਾਂ ਲਈ ਕੁਝ ਸੁਧਾਰ ਲੈ ਕੇ ਅੰਗਰੇਜ਼ ਨਾਲ ਸਮਝੌਤਾ ਕਰ ਲਏਗੀ। ਇਸ ਲਈ ਲੋੜ ਹੈ ਕਿ ਆਮ ਜਨਤਾ ਤੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਸਾਹਵੇਂ ਨਵਾਂ ਆਦਰਸ਼ ਤੇ ਨਵਾਂ ਨੇਤਰੀਤਵ ਲਿਆਂਦਾ ਜਾਵੇ। 'ਨੌਜਵਾਨ ਭਾਰਤ ਸਭਾ' ਦੀ ਸਥਾਪਨਾਂ ਸਮੇਂ ਉਸਦੇ ਟੀਚੇ ਤੇ ਪਹੁੰਚ ਵਿਧੀ ਦੇ ਰਾਹ ਉੱਪਰ ਖਾਸੀ ਬਹਿਸ ਹੋਈ ਸੀ। ਆਮ ਤੌਰ 'ਤੇ ਇਹ ਸਹਿਮਤੀ ਹੋ ਗਈ ਸੀ ਕਿ ਪੂਰਨ-ਆਜ਼ਾਦੀ ਤੇ ਮਜ਼ਦੂਰ-ਕਿਸਾਨ-ਰਾਜ ਕਾਇਮ ਕਰਨਾ ਭਾਰਤੀ ਜਨਤਾ ਦਾ ਮੁੱਖ ਟੀਚਾ ਹੋਣਾ ਚਾਹੀਦਾ ਹੈ ਸੋ ਮਜ਼ਦੂਰਾਂ, ਕਿਸਾਨਾਂ ਸਾਹਵੇਂ ਇਹੋ ਨਿਸ਼ਾਨਾਂ ਰੱਖ ਕੇ ਉਹਨਾਂ ਨੂੰ ਸੰਗਠਿਤ ਕੀਤਾ ਜਾਏ।
“ਸੰਪਰਦਾਇਕ ਦੰਗਿਆਂ ਕਾਰਨ ਭਗਤ ਸਿੰਘ ਬਹੁਤ ਦੁਖੀ ਹੋ ਜਾਂਦੇ ਸਨ ਤੇ ਹਿਰਖ ਜਾਂਦੇ ਹੁੰਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਈਸ਼ਵਰ ਦੇ ਨਾਂਅ 'ਤੇ ਹੀ ਇਹ ਦੰਗੇ ਹੁੰਦੇ ਨੇ। ਉਹ ਕਦੀ ਕਦੀ ਇੱਥੋਂ ਤਕ ਕਹਿ ਦੇਂਦੇ ਸਨ ਕਿ ਜਦੋਂ ਤਕ ਈਸ਼ਵਰ ਦਾ ਬੋਲਬਾਲਾ ਰਹੇਗਾ, ਉਦੋਂ ਤਕ ਇਨਸਾਨਾਂ ਵਿਚ ਕਦੀ ਵੀ ਭਾਈਚਾਰਾ ਨਹੀਂ ਵਧੇਗਾ। ਜੇ ਮਨੁੱਖ ਨੂੰ ਏਕਤਾ ਤੇ ਭਾਈਚਾਰੇ ਦੀ ਡੋਰ ਵਿਚ ਬੰਨ੍ਹਣਾ ਹੈ ਤਾਂ ਮਾਨਵ ਸਮਾਜ ਨੂੰ ਪਹਿਲਾਂ ਈਸ਼ਵਰ ਤੋਂ ਮੁਕਤੀ ਦਿਵਾਉਣੀ ਪਏਗੀ। ਮੈਂ ਆਮ ਤੌਰ 'ਤੇ ਭਗਤ ਸਿੰਘ ਦੇ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਸੀ ਹੁੰਦਾ।...
“ਉਹਨੀਂ ਦਿਨੀ ਭਗਤ ਸਿੰਘ ਅਰਾਜਕਤਾਵਾਦੀ ਨੇਤਾਵਾਂ ਦੀਆਂ ਸਿੱਖਿਆਵਾਂ ਤੇ ਤਰਕਾਂ ਤੋਂ ਖਾਸੇ ਪ੍ਰਭਾਵਿਤ ਰਹਿੰਦੇ ਸਨ। ਰੂਸੀ ਅਰਾਜਕਤਾਵਾਦੀ ਨੇਤਾ ਪ੍ਰਿੰਸ ਕ੍ਰੋਪਾਟਕਿਨ ਤੇ ਬਕੂਨਿਨ ਦੀਆਂ ਬੜੀਆਂ ਕਿਤਾਬਾਂ ਪੜ੍ਹਦੇ ਹੁੰਦੇ ਸਨ। ਬਕੂਨਿਨ ਦੀ ਕਿਤਾਬ 'ਈਸ਼ਵਰ ਤੇ ਰਾਜ' (ਗਾਡ ਐਂਡ ਦਿ ਸਟੇਟ) ਦਾ ਭਗਤ ਸਿੰਘ ਨੇ ਬੜੇ ਮਨ ਨਾਲ ਅਧਿਅਨ ਕੀਤਾ ਸੀ। ਉਹ, ਉਹਨੂੰ ਨੌਜਵਾਨਾਂ ਨੂੰ ਪੜ੍ਹਨ ਲਈ ਵੀ ਕਹਿੰਦੇ ਤੇ ਦੇਂਦੇ ਹੁੰਦੇ ਸਨ। ਇਹ ਪੁਸਤਕ ਉਹ ਦੁਆਰਕਾ ਦਾਸ ਲਾਇਬਰੇਰੀ ਵਿਚੋਂ ਲੈ ਜਾਂਦੇ ਹੁੰਦੇ ਸਨ। ਜੋ ਵੀ ਹੋਏ 'ਨੌਜਵਾਨ ਭਾਰਤ ਸਭਾ' ਸੰਪਰਦਾਇਕਤਾ ਦਾ ਡਟਵਾਂ ਵਿਰੋਧ ਕਰਦੀ ਸੀ।
“'ਨੌਜਵਾਨ ਭਾਰਤ ਸਭਾ' ਦਾ ਇਕ ਉਦੇਸ਼ ਨੌਜਵਾਨਾਂ ਵਿਚ ਦੇਸ਼-ਭਗਤੀ ਦੀ ਭਾਵਨਾ ਨੂੰ ਜਗਾਉਣਾ ਵੀ ਸੀ। ਸਭਾ ਇਹ ਵੀ ਚਾਹੁੰਦੀ ਸੀ ਕਿ ਨੌਜਵਾਨ ਹਮੇਸ਼ਾ ਇਹ ਮਹਿਸੂਸ ਕਰਨ ਕਿ ਭਾਰਤ ਇਕ ਆਖੰਡ ਰਾਸ਼ਟਰ ਹੈ ਤੇ ਨਵੇਂ ਰਾਸ਼ਟਰ ਦੇ ਨਿਰਮਾਣ ਦਾ ਕੰਮ ਨੌਜਵਾਨਾਂ ਨੇ ਹੀ ਕਰਨਾ ਹੈ। ਭਗਤ ਸਿੰਘ ਚਾਹੁੰਦੇ ਸਨ ਕਿ ਨੌਜਵਾਨ ਕਰਾਂਤੀ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਇਸ ਗੱਲ ਲਈ ਤਿਆਰ ਰਹਿਣ ਕਿ ਅੰਗਰੇਜ਼ਾਂ ਨਾਲ ਕੋਈ ਵੀ ਸੌਦੇ ਰੂਪੀ ਸਮਝੌਤਾ ਸਾਡੇ ਰਾਸ਼ਟਰੀ ਨੇਤਾ ਨਾ ਕਰ ਸਕਣ।
“ਏਨਾ ਸਮਾਂ ਬੀਤ ਜਾਣ ਕਰਕੇ ਮੈਨੂੰ ਉਹਨਾਂ ਸਾਰੀਆਂ ਕਿਤਾਬਾਂ ਦੇ ਨਾਂ ਤਾਂ ਚੇਤੇ ਨਹੀਂ ਰਹੇ ਜਿਹੜੀਆਂ ਭਗਤ ਸਿੰਘ ਖ਼ੁਦ ਪੜ੍ਹਦੇ ਤੇ ਦੂਜੇ ਸਾਥੀਆਂ ਨੂੰ ਪੜ੍ਹਨ ਲਈ ਦਿੰਦੇ ਹੁੰਦੇ ਸਨ, ਪਰ ਕੁਝ ਕੁ ਦੇ ਨਾਂ ਮੈਨੂੰ ਅੱਜ ਤਕ ਯਾਦ ਨੇ। ਸ਼ੁਰੂ ਵਿਚ ਭਗਤ ਸਿੰਘ ਆਮ ਤੌਰ ਤੇ ਉਹਨਾਂ ਕਿਤਾਬਾਂ ਨੂੰ ਵੱਧ ਪੜ੍ਹਦੇ ਸਨ, ਜਿਹਨਾਂ ਵਿਚ ਕਰਾਂਤੀਕਾਰੀਆਂ ਨੇ ਲੁਕ-ਛਿਪ ਕੇ ਕੰਮ ਕੀਤਾ ਹੋਏ, ਜਾਨ ਹਥੇਲੀ ਉੱਤੇ ਰੱਖ ਕੇ ਸੱਤਾਧਾਰੀਆਂ ਤੇ ਅਤਿਆਚਾਰੀ ਹਾਕਮਾਂ ਦਾ ਡਟਵਾਂ ਮੁਕਾਬਲਾ ਕੀਤਾ ਹੋਏ। ਆਇਰਲੈਂਡ ਦੇ ਕਰਾਂਤੀਕਾਰੀ ਨੇਤਾ ਡੇਨਬ੍ਰੀਨ ਦੀ ਕਿਤਾਬ 'ਆਇਰਿਸ਼ ਸੁੰਤਤਰਤਾ ਕੇ ਲੀਏ ਮੇਰਾ ਸੰਘਰਸ਼' (ਮਾਈ ਫਾਈਟ ਫਾਰ ਆਇਰਿਸ਼ ਫ੍ਰੀਡਮ) ਭਗਤ ਸਿੰਘ ਦੀ ਪਸੰਦੀਦਾ ਪੁਸਤਕ ਸੀ। ਦੁਆਰਕਾ ਦਾਸ ਲਾਇਬਰੇਰੀ ਵਿਚ ਵੀਰ ਸਾਵਰਕਰ ਦੀ ਅੰਗਰੇਜ਼ੀ ਵਿਚ ਇਕ ਛੋਟੀ ਜਿਹੀ ਜੀਵਨੀ ਆਈ ਸੀ, ਜਿਸ ਵਿਚ ਸਾਵਰਕਰ ਜਹਾਜ਼ ਵਿਚੋਂ ਕੁੱਦੀ ਲਾ ਕੇ, ਸਮੁੰਦਰ ਵਿਚ ਤੈਰਦੇ ਹੋਏ ਫਰਾਂਸ ਦੇ ਕਿਨਾਰੇ ਪਹੁੰਚ ਗਏ ਸਨ। ਇਸ ਘਟਨਾ ਨੇ ਭਗਤ ਸਿੰਘ ਨੂੰ ਬੜਾ ਪ੍ਰਭਾਵਿਤ ਕੀਤਾ ਸੀ। ਇਸ ਕਿਤਾਬ ਨੂੰ ਵੀ ਉਹਨਾਂ ਬੜੀ ਵਾਰੀ ਆਪਣੇ ਨਾਂ ਈਸ਼ੂ ਕਰਵਾਇਆ ਤੇ ਨੌਜਵਾਨਾਂ ਨੂੰ ਪੜ੍ਹਨ ਲਈ ਦਿੱਤਾ ਸੀ। 'ਇਟਲੀ ਕੀ ਕ੍ਰਾਂਤੀ', 'ਮੇਜਿਨੀ' ਤੇ 'ਗੇਰੀਬਾਲਡੀ ਕੀ ਜੀਵਨੀਆਂ ਔਰ ਉਨਕੇ ਵਿਚਾਰ' ਨਾਂ ਦੀਆਂ ਕਿਤਾਬਾਂ ਵੀ ਉਹਨਾਂ ਨੂੰ ਬੜੀ ਪਿਆਰੀਆਂ ਸਨ। ਉਹਨਾਂ ਦੀ ਇਕ ਪਿਆਰੀ ਪੁਸਤਕ ਹੋਰ ਸੀ 'ਨਿਆਏ ਕੀ ਪੁਕਾਰ' (ਕਰਾਈ ਫਾਰ ਜਸਟਿਸ), ਇਸ ਨੂੰ ਵੀ ਉਹ ਲਾਇਬਰੇਰੀ ਵਿਚੋਂ ਵਾਰ-ਵਾਰ ਲੈ ਜਾਂਦੇ ਹੁੰਦੇ ਸਨ।
“ਕੁਝ ਅਰਸਾ ਇਸੇ ਕਿਸਮ ਦੀਆਂ ਕਿਤਾਬਾਂ ਦਾ ਪਰਚਾਰ ਹੁੰਦਾ ਰਿਹਾ। ਮੈਂ ਉਹਨੀਂ ਦਿਨੀ ਨਵਾਂ-ਨਵਾਂ ਸਮਾਜਵਾਦੀ ਬਣਿਆ ਸਾਂ। ਇਕ ਸਮਾਜਵਾਦੀ ਦੇ ਆਦਰਸ਼ ਤੇ ਸਿਧਾਂਤ ਤੇ ਰੂਸੀ ਰਾਜ-ਕਰਾਂਤੀ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਸੀ। ਉਹਨੀਂ ਦਿਨੀ ਮਾਰਕਸ, ਲੇਨਿਨ ਤੇ ਦੂਜੇ ਸਮਾਜਵਾਦੀ ਨੇਤਾਵਾਂ ਦੀਆਂ ਕਿਤਾਬਾਂ ਤੋਂ ਮੈਨੂੰ ਇੰਜ ਲੱਗਦਾ ਸੀ, ਜਿਵੇਂ ਸੱਚ ਦੀ ਕੁੰਜੀ ਮੇਰੇ ਹੱਥ ਆ ਗਈ ਹੋਏ। ਸੰਸਾਰ ਦੇ ਇਤਿਹਾਸ ਦਾ ਉਤਾਰ-ਚੜਾਅ ਸਮਝ ਵਿਚ ਆਉਣ ਲੱਗ ਪਿਆ ਸੀ। ਲਾਹੌਰ ਵਿਚ ਰਾਮਕ੍ਰਿਸ਼ਨ ਐਂਡ ਸਨਜ਼ ਵਾਲਿਆਂ ਤੋਂ ਨਵੀਆਂ-ਨਵੀਆਂ ਕਿਤਾਬਾਂ ਮੈਂ ਲਾਇਬਰੇਰੀ ਲਈ ਲੈ ਆਉਂਦਾ ਹੁੰਦਾ ਸਾਂ। ਉਹਨਾਂ ਨੂੰ ਪਹਿਲਾਂ ਖ਼ੁਦ ਪੜ੍ਹਦਾ ਸਾਂ ਤੇ ਫੇਰ ਭਗਤ ਸਿੰਘ ਤੇ ਸੁਖਦੇਵ ਨੂੰ ਪੜ੍ਹਨ ਲਈ ਦੇ ਦਿੰਦਾ ਸਾਂ।
“ਰੂਸ ਦੀ ਰਾਜ-ਕਰਾਂਤੀ ਤੇ ਰੂਸੀ ਨੌਜਵਾਨਾਂ ਦੇ ਬਲੀਦਾਨ ਨੇ ਭਗਤ ਸਿੰਘ ਨੂੰ ਬੜਾ ਜ਼ਿਆਦਾ ਪ੍ਰਭਾਵਿਤ ਕੀਤਾ ਸੀ। ਰੂਸੀ ਕਰਾਂਤੀਕਾਰੀਆਂ ਵਿਚ ਇਕ ਗੁੱਟ ਅਜਿਹਾ ਸੀ, ਜਿਹੜਾ ਆਪਾ ਬਲੀਦਾਨ ਕਰਕੇ ਆਪਣੇ ਵਿਚਾਰਾਂ ਦਾ ਪਰਚਾਰ ਕਰਨ ਵਿਚ ਵਿਸ਼ਵਾਸ ਕਰਦਾ ਸੀ। ਅਦਾਲਤ ਵਿਚ ਉਹ ਬੜਾ ਦਲੇਰਾਨਾ ਵਿਹਾਰ ਕਰਦੇ ਸਨ ਤੇ ਜਾਰਸ਼ਾਹੀ ਅਦਾਲਤ ਦੇ ਮੰਚ ਨੂੰ ਆਪਣੇ ਵਿਚਾਰ ਫ਼ੈਲਾਉਣ ਲਈ ਇਸਤੇਮਾਲ ਕਰਦੇ ਹੁੰਦੇ ਸਨ। ਅਦਾਲਤ ਦੇ ਕਟਹਿਰੇ ਵਿਚ ਖੜ੍ਹੇ ਹੋ ਕੇ ਉਹ ਆਪਣਾ ਬਿਆਨ ਦੇਂਦੇ ਹੋਏ ਕਹਿੰਦੇ ਕਿ 'ਮੈਂ ਇਹ ਹਿੰਸਾਤਮਕ ਕਾਰਜ ਕੀਤਾ।...ਕਿਉਂ ਕੀਤਾ?' ਤੇ ਫੇਰ ਇਹ ਕਿ 'ਮੈਨੂੰ ਆਪਣੇ ਇਸ ਕਾਰਜ ਲਈ ਜ਼ਰਾ ਵੀ ਪਛਤਾਵਾ ਨਹੀਂ। ਭਾਵੇਂ ਕੋਈ ਵੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏਗੀ, ਉਹ ਮੈਂ ਖਿੜੇ ਮੱਥੇ ਝੱਲਾਂਗਾ। ਜੇ ਮੈਨੂੰ ਫਾਂਸੀ ਵੀ ਦਿੱਤੀ ਗਈ ਤਾਂ ਹੱਸਦਾ-ਹੱਸਦਾ ਫਾਂਸੀ ਦੇ ਰੱਸੇ ਨੂੰ ਆਪਣੇ ਗਲ਼ੇ ਵਿਚ ਪਾਵਾਂਗਾ।' ਅਜਿਹੇ ਬਿਆਨ ਪੜ੍ਹ ਕੇ ਭਗਤ ਸਿੰਘ ਅਤੀ ਭਾਵੁਕ ਹੋ ਜਾਂਦੇ। ਉਹ ਅਕਸਰ ਮੈਨੂੰ ਇਹ ਸਲਾਹ ਦੇਂਦੇ ਕਿ ਮੈਂ ਲਾਇਬਰੇਰੀ ਵਿਚ ਬੈਠ ਕੇ ਵੱਧ ਤੋਂ ਵੱਧ ਸਾਹਿਤ ਪੜ੍ਹਿਆ ਕਰਾਂ ਤੇ ਉੱਥੇ ਆਉਣ ਵਾਲੇ ਨੌਜਵਾਨਾਂ ਨੂੰ ਵੀ ਅਜਿਹੇ ਸਾਹਿਤ ਤੋਂ ਜਾਣੂ ਕਰਵਾਇਆ ਕਰਾਂ।
“ਇਕ ਦਿਨ ਮੈਂ ਇਕ ਕਿਤਾਬ ਪੜ੍ਹੀ—ਨਾਂ ਸੀ ਸ਼ਾਇਦ 'ਅਰਾਜਕਤਾਵਾਦ ਔਰ ਅਨਯ ਨਿਬੰਧ' (ਅਨਾਰਕਿਜ਼ਮ ਐਂਡ ਅਦਰ ਐਸੇਜ਼), ਇਸ ਪੁਸਤਕ ਵਿਚ ਇਕ ਲੇਖ ਸੀ 'ਹਿੰਸਾ ਕਾ ਮਨੋਵਿਗਿਆਨ' (ਸਾਈਕੋਲਾਜੀ ਆਫ ਵਾਏਲੈਂਸ)। ਇਸ ਵਿਚ ਫਰਾਂਸ ਦੇ ਅਰਾਜਕਤਾਵਾਦੀ ਕਰਾਂਤੀਕਾਰੀ ਵੇਲਾਂ ਦਾ ਉਹ ਬਿਆਨ ਛਪਿਆ ਸੀ, ਜਿਹੜਾ ਉਸਨੇ ਅਦਾਲਤ ਸਾਹਵੇਂ ਦਿੱਤਾ ਸੀ। ਵੇਲਾਂ ਨੂੰ ਪੁੱਛਿਆ ਗਿਆ ਸੀ ਕਿ 'ਤੂੰ ਅਸੈਂਬਲੀ ਵਿਚ ਬੰਬ ਕਿਉਂ ਸੁੱਟਿਆ? ਵਿਰੋਧ ਪ੍ਰਦਰਸ਼ਨ ਦਾ ਕੋਈ ਹੋਰ ਤਰੀਕਾ ਕਿਉਂ ਨਹੀਂ ਅਪਣਾਇਆ?' ਤਾਂ ਵੇਲਾਂ ਦਾ ਉਤਰ ਸੀ, “ਮੈਂ ਮਜ਼ਦੂਰ-ਰੈਲੀਆਂ ਕੀਤੀਆਂ, ਮੀਟਿੰਗਾਂ ਕੀਤੀਆਂ, ਬਿਆਨ ਦਿੱਤੇ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਮੈਂ ਦੇਖ ਰਿਹਾ ਸਾਂ ਕਿ ਫਰਾਂਸੀਸੀ ਸਮਾਜ ਅਜਿਹੇ ਜਵਾਲਾ ਮੁਖੀ ਦੇ ਮੁਹਾਨੇ ਉੱਤੇ ਬੈਠਾ ਏ, ਜਿਹੜਾ ਫਟਨ ਈ ਵਾਲਾ ਏ। ਇਸ ਲਈ ਮੈਂ ਇਹ ਸੋਚਿਆ ਕਿ ਇਸ ਬੋਲ਼ੇ ਸਮਾਜ ਨੂੰ ਜਗਾਉਣ ਲਈ ਉੱਚੀ ਆਵਾਜ਼ ਦੀ ਲੋੜ ਏ—ਸੋ ਅਸੈਂਬਲੀ ਵਿਚ ਬੰਬ ਧਮਾਕਾ ਕਰ ਦਿੱਤਾ।”...ਵੇਲਾਂ ਦਾ ਬਿਆਨ ਕਾਫੀ ਲੰਮਾ ਸੀ। ਮੈਂ ਜਦੋਂ ਉਸਨੂੰ ਪੜ੍ਹਿਆ ਤਾਂ ਮੈਨੂੰ ਬੜਾ ਜੋਸ਼ ਆਇਆ। ਦੂਜੇ ਦਿਨ ਜਦੋਂ ਭਗਤ ਸਿੰਘ ਆਏ, ਮੈਂ ਉਹਨਾਂ ਨੂੰ ਕਿਹਾ, “ਲਓ ਪੜ੍ਹੋ। ਵੇਲਾਂ ਨੇ ਕਿੰਨਾ ਵਧੀਆ ਬਿਆਨ ਦਿੱਤਾ ਏ। ਜਿਹੜਾ ਵੀ ਨੌਜਵਾਨ ਇਸਨੂੰ ਪੜ੍ਹੇਗਾ, ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇਗਾ।” ਮੈਂ ਉਹ ਪੁਸਤਕ ਭਗਤ ਸਿੰਘ ਦੇ ਨਾਂ ਈਸ਼ੂ ਕਰ ਦਿੱਤੀ। ਉਹ ਪੁਸਤਕ ਤੇ ਖਾਸ ਤੌਰ 'ਤੇ ਵੇਲਾਂ ਦਾ ਬਿਆਨ ਪੜ੍ਹਨ ਪਿੱਛੋਂ ਭਗਤ ਸਿੰਘ ਮੇਰੇ ਕੋਲ ਆਏ, ਉਦੋਂ ਉਹਨਾਂ ਮੈਨੂੰ ਛਾਤੀ ਨਾਲ ਲਾ ਕੇ ਕਿਹਾ, “ਭਰਾ, ਤੂੰ ਮੈਨੂੰ ਬੜੀ ਵਧੀਆ ਚੀਜ਼ ਪੜ੍ਹਨ ਲਈ ਦਿੱਤੀ ਏ।” ਇਸ ਪਿੱਛੋਂ ਚੇਤੇ ਨਹੀਂ ਭਗਤ ਸਿੰਘ ਨੇ ਉਹ ਕਿਤਾਬ ਕਿੰਨੀ ਵੇਰ ਲਾਇਬਰੇਰੀ ਵਿਚੋਂ ਕਢਵਾਈ। ਵੇਲਾਂ ਦਾ ਬਿਆਨ ਉਹਨਾਂ ਨੋਟ ਕਰ ਲਿਆ ਸੀ ਤੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਪੜ੍ਹਾਇਆ ਸੀ। ਭਗਤ ਸਿੰਘ ਉਸ ਬਿਆਨ ਨੂੰ ਫੇਰ ਕਦੀ ਨਹੀਂ ਭੁੱਲੇ। ਉਹਨਾਂ ਨੇ ਉਹ ਆਪਣੇ ਦਿਲ ਦੀ ਡਾਇਰੀ ਉੱਤੇ ਉਕੇਰ ਲਿਆ ਜਪਦਾ ਸੀ। 8 ਅਪ੍ਰੈਲ 1929 ਨੂੰ ਜਦੋਂ ਭਗਤ ਸਿੰਘ ਨੇ ਕੇਂਦਰੀ ਅਸੈਂਬਲੀ ਵਿਚ ਬੰਬ ਧਮਾਕਾ ਕੀਤਾ ਸੀ, ਉਹਨਾਂ ਇਕ ਪਰਚਾ ਵੀ ਸੁੱਟਿਆ ਸੀ, ਜਿਸਦਾ ਪਹਿਲਾ ਵਾਕ ਸੀ : “ਬੋਲ਼ਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਪ੍ਰਸਿੱਧ ਫਰਾਂਸੀਸੀ ਅਰਾਜਕਤਾਵਾਦੀ ਸ਼ਹੀਦ ਵੇਲਾਂ ਦੇ ਇਹ ਅਮਰ ਸ਼ਬਦ ਸਾਡੇ ਕੰਮ ਦੇ ਸਾਖੀ ਹਨ।” ਉਸ ਪਰਚੇ ਵਿਚ ਇਹ ਵੀ ਕਿਹਾ ਗਿਆ ਸੀ ਕਿ 'ਕਰਾਂਤੀਕਾਰੀ ਵਿਚਾਰ ਅਮਰ ਹੁੰਦੇ ਹਨ। ਦੁਨੀਆਂ ਦੀ ਕੋਈ ਸ਼ਕਤੀ ਉਹਨਾਂ ਨੂੰ ਮਾਰ ਨਹੀਂ ਸਕਦੀ।'
“ਵੈਸੇ ਵੀ ਭਗਤ ਸਿੰਘ ਆਮ ਕਰਕੇ ਕਰਾਂਤੀਕਾਰੀਆਂ ਦੀਆਂ ਜੀਵਨੀਆਂ ਤੇ ਸਮਾਜਵਾਦੀ ਕਿਤਾਬਾਂ ਹੀ ਪੜ੍ਹਦੇ ਹੁੰਦੇ ਸਨ, ਪਰ ਕਦੀ-ਕਦੀ ਆ ਕੇ ਮੈਨੂੰ ਕਹਿੰਦੇ, “ਏਡੀ ਵੱਡੀ ਲਾਇਬਰੇਰੀ ਏ ਤੇ ਇੱਥੇ ਕਰਾਂਤੀਕਾਰੀ ਨਾਵਲ ਨਹੀਂ।” ਮੈਂ ਲੱਭ ਕੇ ਉਹਨਾਂ ਲਈ ਕੋਈ ਨਾਵਲ ਰੱਖ ਛੱਡਦਾ। ਉਹਨਾਂ ਵਿਚੋਂ ਕੁਝ ਕੁ ਦੇ ਨਾਂ ਮੈਨੂੰ ਅੱਜ ਵੀ ਯਾਦ ਹਨ...ਗੋਰਕੀ ਦਾ 'ਮਦਰ', ਵਿਕਟਰ ਹਿਊਗੋ ਦਾ 'ਨਾਇੰਟੀ ਥਰੀ' ਤੇ 'ਲਾ ਮਿਜਰੇਬਲਸ', 'ਟੇਲ ਆਫ ਟੂ ਸਿਟੀਜ', ਇਪਟਨ ਸਿੰਕਲੇਅਰ ਦੇ ਨਾਵਲ 'ਜੰਗਲ', 'ਬੋਸਟਨ', 'ਕਿੰਗ ਕੋਲ' ਆਦੀ। ਇਕ ਕਿਤਾਬ ਸੀ 'ਹੀਰੋਜ ਐਂਡ ਹੀਰੋਇੰਸ ਆਫ ਰਸ਼ੀਆ'।
“ਇੰਜ ਭਗਤ ਸਿੰਘ ਦੇ ਵਿਚਾਰਾਂ ਦਾ ਵਿਕਾਸ ਹੁੰਦਾ ਰਿਹਾ। ਉਹਨਾਂ ਰੂਸ ਦੀ ਰਾਜ-ਕਰਾਂਤੀ ਤੇ ਸਮਾਜਵਾਦੀ ਸਾਹਿਤ ਦਾ ਚੋਖਾ ਅਧਿਅਨ ਕਰ ਲਿਆ, ਤਦ ਉਹਨਾਂ ਦਾ ਧਿਆਨ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਾਂਤੀਕਾਰੀ ਸ਼ਕਤੀ ਵੱਲ ਗਿਆ। ਫੇਰ ਉਹ ਚਾਹੁਣ ਲੱਗੇ ਕਿ ਭਾਰਤੀ ਰਾਸ਼ਟਰ ਦੇ ਸਾਹਮਣੇ ਸਮਾਜਵਾਦੀ ਆਦਰਸ਼ ਨੂੰ ਵਧੇਰੇ ਜ਼ੋਰ ਨਾਲ ਰੱਖਿਆ ਜਾਏ ਤੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਸੁਤੰਤਰਤਾ ਸੰਗਰਾਮ ਵਿਚ ਹੋਰ ਅੱਗੇ ਵਧ ਕੇ ਹਿੱਸਾ ਲੈਣ ਲਈ ਪਰੇਰਿਆ ਜਾਏ। ਉਹਨਾਂ ਨੂੰ ਮਜ਼ਦੂਰਾਂ ਦੇ ਵਰਗ-ਸੰਘਰਸ਼ ਤੋਂ ਅਗਲੇਰੇ ਭਵਿੱਖ ਵਿਚ ਬਹੁਤ ਸਾਰੀਆਂ ਆਸਾਂ ਸਨ। ਸਮਾਜਵਾਦ ਵਿਚ ਹੀ ਉਹਨਾਂ ਨੂੰ ਸੋਸ਼ਿਤ ਤੇ ਪੀੜੇ ਹੋਏ ਮਾਨਵ ਸਮਾਜ ਦੀ ਮੁੱਕਤੀ ਦਿਖਾਈ ਦੇਣ ਲੱਗ ਪਈ। ਇਹ ਸਭ ਹੁੰਦਿਆਂ ਹੋਇਆਂ ਵੀ ਮੇਰੀ ਰਾਏ ਵਿਚ ਭਗਤ ਸਿੰਘ ਦੇ ਅੰਦਰੋਂ ਆਤੰਕਵਾਦੀ ਭਾਵਨਾ ਪੂਰੀ ਤਰ੍ਹਾਂ ਨਿਰਮੂਲ ਨਹੀਂ ਸੀ ਹੋ ਰਹੀ।
“ਮੈਨੂੰ ਯਾਦ ਹੈ, ਜਦੋਂ ਕਦੀ ਸਮਾਜਵਾਦ ਉੱਪਰ ਉਹਨਾਂ ਨਾਲ ਕੋਈ ਬਹਿਸ ਹੁੰਦੀ, ਉਹ ਇਕ ਪਾਸੇ ਤਾਂ ਕਾਰਲ ਮਾਰਕਸ ਦੇ ਸਿਧਾਂਤਾਂ ਤੇ ਉਹਨਾਂ ਦੀ ਰੀਤੀ-ਨੀਤੀ ਦਾ ਸਮਰਥਨ ਕਰਨ ਲੱਗਦੇ ਸਨ ਤੇ ਦੂਜੇ ਪਾਸੇ ਅਰਾਜਕਤਾਵਾਦੀ ਬਕੂਨਿਨ ਦੀ ਪ੍ਰਸ਼ੰਸਾ ਕਰਨ ਲੱਗ ਪੈਂਦੇ ਸਨ। ਉਹ ਕਹਿੰਦੇ ਹੁੰਦੇ ਸਨ...“ਸਮਾਜਵਾਦ ਲਿਆਉਣ ਖਾਤਰ ਸੋਸ਼ਕ ਵਰਗਾਂ (ਲੋਟੂ ਟੋਲਿਆਂ) ਵਿਚ ਭੈਅ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰਨੀ ਲਾਜ਼ਮੀ ਹੈ।” ਉਹਨਾਂ ਦਾ ਵਿਸ਼ਵਾਸ ਸੀ...“ਕਰਾਂਤੀ ਦੀ ਰਾਹ ਉੱਪਰ ਥੋੜ੍ਹੇ-ਬਹੁਤੇ ਲਹੂ ਦਾ ਛਿੱਟਾ ਦੇਣਾ ਵੀ ਜ਼ਰੂਰੀ ਹੈ।” ਉਹ ਨੌਜਵਾਨਾਂ ਦੇ ਮਨਾਂ ਵਿਚ ਇਹੀ ਵਿਚਾਰ ਬਿਠਾਉਣਾ ਚਾਹੁੰਦੇ ਸਨ। ਉਹਨਾਂ ਦਾ ਕਹਿਣਾ ਸੀ ਕਿ 'ਸਾਨੂੰ ਨਿਧੜਕ ਹੋ ਕੇ ਆਪਣੇ ਕਰਾਂਤੀਕਾਰੀ ਵਿਚਾਰਾਂ ਉੱਤੇ ਚੱਲਣਾ ਚਾਹੀਦਾ ਹੈ। ਦੁਸ਼ਮਣ ਦੀ ਅਦਾਲਤ ਵਿਚ ਖੜ੍ਹੇ ਹੋ ਕੇ ਉਸਨੂੰ ਲਲਕਾਰਨਾ ਚਾਹੀਦਾ ਹੈ ਤੇ ਸਪਸ਼ਟ ਸ਼ਬਦਾਂ ਵਿਚ ਆਪਣੇ ਆਦਰਸ਼ ਦਾ ਐਲਾਨ ਕਰਨਾ ਚਾਹੀਦਾ ਹੈ। ਆਪਣੀ ਕੁਰਬਾਨੀ ਦੇ ਕੇ ਅਸੀਂ ਜਿਹੜੀ ਗੱਲ ਕਹਿ ਜਾਵਾਂਗੇ, ਉਸਦਾ ਆਮ ਜਨਤਾ ਉੱਤੇ ਤੇ ਨੌਜਵਾਨਾਂ ਉੱਤੇ ਬੜਾ ਡੂੰਘਾ ਪ੍ਰਭਾਵ ਪਏਗਾ।' ਪਰ ਭਗਤ ਸਿੰਘ ਦੀ ਕਾਰਜ-ਵਿਧੀ ਦੇਖਦਿਆਂ ਹੋਇਆਂ ਮੈਨੂੰ ਕੁਝ ਇੰਜ ਮਹਿਸੂਸ ਹੋਣ ਲੱਗ ਪਿਆ ਸੀ ਕਿ ਭਗਤ ਸਿੰਘ ਦੇਸ਼ ਵਿਚ ਕਰਾਂਤੀਕਾਰੀ ਵਾਤਾਵਰਣ ਪੈਦਾ ਕਰਨ ਤੇ ਕਰਾਂਤੀ ਨੂੰ ਨੇੜੇ ਲਿਆਉਣ ਲਈ ਬੜੇ ਉਤਾਵਲੇ ਹੋਏ ਹੋਏ ਸਨ।”
ਰਾਜਾ ਰਾਮ ਸ਼ਾਸਤਰੀ ਨੇ ਜੋ ਕੁਝ ਲਿਖਿਆ ਹੈ, ਉਸ ਤੋਂ ਇਹ ਤਸਵੀਰ ਸਪਸ਼ਟ ਰੂਪ ਵਿਚ ਉਭਰਦੀ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਤੇ ਵਿਅਕਤੀਤਵ ਦਾ ਰੂਪਾਂਤਰਣ ਹੋ ਰਿਹਾ ਸੀ ਤੇ ਉਹ ਪਰੀਵਰਤਨ ਦੀ ਪ੍ਰਕਿਰਿਆ ਵਿਚ ਸਨ। ਇਹ ਠੀਕ ਹੈ ਕਿ ਉਹਨਾਂ ਦੇ ਅੰਦਰੋਂ ਆਤੰਕਵਾਦੀ ਭਾਵਨਾ ਪੂਰੀ ਤਰ੍ਹਾਂ ਮਿਟ ਨਹੀਂ ਸੀ ਸਕੀ। ਮਿਟ ਜਾਣਾ ਸੰਭਵ ਵੀ ਨਹੀਂ ਸੀ। ਕਿਉਂਕਿ ਭਾਵਨਾ ਤੇ ਸੰਸਕਾਰ ਕੋਈ ਅਜਿਹੀ ਵਸਤੂ ਨਹੀਂ ਹੁੰਦੇ, ਜਿਹਨਾਂ ਨੂੰ ਜਦੋਂ ਕੋਈ ਚਾਹੇ ਸਹਿਜੇ ਹੀ ਮੇਟ ਦਏ ਤੇ ਉਹਨਾਂ ਦੀ ਥਾਂ ਕੁਝ ਹੋਰ ਅਪਣਾਅ ਲਏ। ਭਾਵਨਾਵਾਂ ਤੇ ਸੰਸਕਾਰਾਂ ਦੀਆਂ ਜੜਾਂ ਬੜੀਆਂ ਡੂੰਘੀਆਂ ਹੁੰਦੀਆਂ ਹਨ, ਉਹਨਾਂ ਤੋਂ ਮੁਕਤ ਹੋਣ ਲਈ ਆਪਣੇ ਆਪ ਨਾਲ ਲੰਮਾਂ ਸੰਘਰਸ਼ ਕਰਨਾ ਪੈਂਦਾ ਹੈ। ਜਿਵੇਂ ਜਿਵੇਂ ਨਵੇਂ ਵਿਚਾਰ ਤਰਤੀਬਵਾਰ ਅੰਦਰ ਜਗ੍ਹਾ ਬਣਾਉਂਦੇ ਜਾਂਦੇ ਹਨ, ਪੂਰਾਣੀਆ ਭਾਵਨਾਵਾਂ ਤੇ ਸੰਸਕਾਰ ਮੱਠੇ ਪੈਂਦੇ ਜਾਂਦੇ ਹਨ। ਭਗਤ ਸਿੰਘ ਦਾ 'ਮੈਂ ਨਾਸਤਕ ਕਿਓਂ ਹਾਂ?' ਲੇਖ ਇਸ ਅੰਤਰ-ਸੰਘਰਸ਼ ਤੇ ਪਰੀਵਰਤਨ-ਪ੍ਰਕਿਰਿਆ ਦਾ ਸਾਕਸ਼ੀ ਹੈ।
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜੋ ਕੁਝ ਸੋਚਿਆ ਤੇ ਕਿਹਾ ਉਸਨੂੰ ਕਰ ਦਿਖਾਇਆ। ਉਹਨਾਂ ਕਰਾਂਤੀ ਨੂੰ ਨੇੜੇ ਲਿਆਉਣ ਲਈ ਆਪਣੇ ਪ੍ਰਾਣਾ ਦੀ ਆਹੂਤੀ ਦੇ ਦਿੱਤੀ। ਸਵਾਲ ਇਹ ਹੈ ਕਿ ਸ਼ਾਸਤਰੀ ਜੀ, ਜਿਹੜੇ ਹੁਣ ਭਗਤ ਸਿੰਘ ਨੂੰ ਬੜਾ ਕਾਹਲਾ-ਉਤਾਵਲਾ ਦੱਸ ਰਹੇ ਹਨ ਤੇ ਜਿਹੜੇ ਉਸ ਸਮੇਂ ਮਾਰਕਸ ਤੇ ਲੇਨਿਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸਨ ਤੇ ਆਪਣੇ ਹੀ ਸ਼ਬਦਾਂ ਵਿਚ ਪੱਕੇ ਸਮਾਜਵਾਦੀ ਬਣ ਗਏ ਸਨ, ਕੀ ਭਗਤ ਸਿੰਘ ਦੀਆਂ ਪੈੜਾਂ 'ਤੇ ਤੁਰੇ? ਆਪਣੇ ਅੰਦਰੋਂ ਕਰਾਂਤੀ ਵਿਰੋਧੀ ਭਾਵਨਾਵਾਂ ਤੇ ਸੰਸਕਾਰਾਂ ਨੂੰ ਕੱਢ ਸਕੇ? ਉਤਰ ਹੈ...'ਨਹੀਂ, ਬਿਲਕੁਲ ਨਹੀਂ।' ਰਾਜਾ ਰਾਮ ਸ਼ਾਸਤਰੀ ਤੇ ਉਹਨਾਂ ਵਰਗੇ ਅਨੇਕਾਂ ਨੌਜਵਾਨ ਜਿਹੜੇ ਉਹਨੀਂ ਦਿਨੀ ਮਾਰਕਸ ਤੇ ਲੇਨਿਨ ਤੋਂ ਪ੍ਰਭਾਵਿਤ ਹੋਏ ਸਨ ਤੇ ਪੱਕੇ ਸਮਾਜਵਾਦੀ ਬਣ ਗਏ ਸਨ, ਸਿਰਫ ਕੱਥਨੀਂ ਦੇ ਪੱਕੇ ਸਨ, ਕਰਨੀਂ ਦੇ ਨਹੀਂ। ਨਵੀਂ ਚੇਤਨਾ ਨੂੰ ਮਨ ਨਾਲ ਮੇਚ ਕੇ ਜਿਵੇਂ ਭਗਤ ਸਿੰਘ ਨਾਸਤਕ ਤੇ ਕਰਾਂਤੀਕਾਰੀ ਬਣੇ ਰਹੇ, ਉਹ ਨਹੀਂ ਸੀ ਬਣ ਸਕੇ। ਸਮਾਜਵਾਦੀ ਕਹਾਉਂਦਿਆਂ ਹੋਇਆਂ ਵੀ 'ਆਤਮਾ', 'ਪ੍ਰਮਾਤਮਾ' ਦੇ ਫੇਰ ਵਿਚ ਪਏ ਰਹੇ। ਸਿੱਟਾ ਇਹ ਕਿ ਆਖ਼ਰ ਆਪਣੇ ਸਮਾਜਵਾਦ ਦੀ ਕੁਰਸੀ, ਗਾਂਧੀਵਾਦ ਦੀ ਛਾਂ ਤੇ ਸ਼ਰਣ ਵਿਚ ਡਾਹ ਕੇ ਪ੍ਰਤੀਕਰਾਂਤੀ ਦੀ ਸੇਵਾ ਕੀਤੀ ਤੇ ਕਰ ਰਹੇ ਹਨ ਤੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਵੀ ਇਸੇ ਮਕਸਦ ਲਈ ਇਸਤੇਮਾਲ ਕਰ ਰਹੇ ਹਨ। ਰਾਜਾ ਰਾਮ ਸ਼ਾਸਤਰੀ ਨੇ 'ਅਮਰ ਸ਼ਹੀਦੋਂ ਕੇ ਸੰਸਮਰਣ' ਨਾਮਕ ਕਿਤਾਬ ਆਪਣੇ ਸੰਘਰਸ਼ਮਈ ਜੀਵਨ ਤੋਂ ਸ਼ੁਰੂ ਕੀਤੀ ਤੇ ਪਹਿਲੇ ਸਫੇ ਦੇ ਪਹਿਲੇ ਪਹਿਰੇ ਵਿਚ ਹੀ ਲਿਖਿਆ...:
“ਅੱਜ ਉਹ ਅਮਰ ਸ਼ਹੀਦ ਸ਼ਰੀਰਕ ਰੂਪ ਵਿਚ ਸਾਡੇ ਵਿਚਕਾਰ ਮੌਜੂਦ ਨਹੀਂ ਹਨ, ਪਰ ਉਹਨਾਂ ਦਾ ਤਿਆਗ ਤੇ ਬਲੀਦਾਨ ਸਾਰੇ ਦੇਸ਼ ਸਾਹਮਣੇ ਹੈ। ਉਹ ਹਰੇਕ ਦੇਸ਼ ਭਗਤ ਨਰ-ਨਾਰੀ, ਜਵਾਨ ਤੇ ਬਿਰਧ—ਸਭਨਾਂ ਦਿਲਾਂ ਵਿਚ ਬਿਰਾਜਮਾਨ ਹਨ। ਉਹਨਾਂ ਦੀ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਤ੍ਰਭੂਮੀ ਦੀ ਰੱਖਿਆ ਤੇ ਸੇਵਾ ਲਈ ਸਦਾ ਪਰੇਰਨਾਂ ਦਿੰਦੀ ਰਹੇਗੀ।”
'ਮਾਤ੍ਰਭੂਮੀ ਦੀ ਰੱਖਿਆ ਤੇ ਸੇਵਾ ਦੀ ਭਾਵਨਾ' ਅਮੂਰਤ ਦੇਸ਼ ਭਗਤੀ ਹੈ, ਜਿਹੜੀ ਵਰਗ-ਚੇਤਨਾ ਤੇ ਵਰਗ-ਸੰਘਰਸ਼ ਨੂੰ ਕੁੰਢਿਆਂ ਕਰਦੀ ਹੈ। ਇਹ ਦੇਸ਼ ਭਗਤੀ 1920 ਤੋਂ ਪਹਿਲਾਂ ਦੀ ਦੇਸ਼ ਭਗਤੀ ਹੈ, ਜਿਹੜੀ ਮਨੁੱਖ ਦੁਆਰਾ ਮਨੁੱਖ ਦੇ ਸੋਸ਼ਣ ਦੀ ਹਰ ਵਿਵਸਥਾ ਨੂੰ ਖ਼ਤਮ ਕਰ ਦੇਣ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ। ਅਮਰ ਸ਼ਹੀਦਾਂ ਨੇ ਜਿਸ ਸਿਧਾਂਤ ਲਈ ਪ੍ਰਾਣਾ ਦੀ ਆਹੂਤੀ ਦਿੱਤੀ, ਉਸਨੂੰ ਹਿਰਦੇ ਵਿਚ ਵਸਾਉਣ ਦੀ ਬਜਾਏ ਸਿਰਫ ਅਮਰ ਸ਼ਹੀਦਾਂ ਨੂੰ ਯਾਦ ਰੱਖਿਆ ਜਾਏ ਤਾਂ ਉਹਨਾਂ ਅਮਰ ਸ਼ਹੀਦਾਂ ਨੂੰ ਉਸਦਾ ਕੀ ਲਾਭ? ਮਜ਼ਦੂਰਾਂ, ਕਿਸਾਨਾਂ ਤੇ ਦੇਸ਼ ਦੀ ਪੀੜੀ-ਸੋਸ਼ਿਤ ਆਮ ਜਨਤਾ ਨੂੰ ਕੀ ਲਾਭ? ਇਹ ਤਾਂ ਅਮਰ ਸ਼ਹੀਦਾਂ ਦੇ ਨਾਂ ਉੱਤੇ ਆਮ ਜਨਤਾ ਨੂੰ ਗੁਮਰਾਹ ਕਰਨਾ ਹੋਇਆ।


ਨੌਜਵਾਨ ਭਾਰਤ ਸਭਾ' ਦੇ ਪ੍ਰਧਾਨ ਰਾਮ ਕਿਸ਼ਨ ਬੀ.ਏ. (ਨੈਸ਼ਨਲ), ਸਕੱਤਰ ਭਗਤ ਸਿੰਘ ਤੇ ਪਰਚਾਰ ਮੰਤਰੀ ਭਗਵਤੀ ਚਰਣ ਵੋਹਰਾ ਸਨ। ਕਰਾਂਤੀਕਾਰੀ ਨੌਜਵਾਨਾਂ ਦੇ ਇਲਾਵਾ ਇਸਨੂੰ ਕੇਦਾਰ ਨਾਥ ਸਹਿਗਲ, ਸੈਫੂੱਦੀਨ ਕਿਚਲੂ, ਡਾ. ਸੱਤ ਪਾਲ, ਲਾਲਾ ਪਿੰਡੀ ਦਾਸ, ਅਹਿਸਾਨ ਇਲਾਹੀ, ਮੰਸੂਰ ਤੇ ਮੁੰਸ਼ੀ ਅਹਿਮਦ ਦੀਨ ਵਗ਼ੈਰਾ ਦਾ ਸਹਿਯੋਗ ਪ੍ਰਾਪਤ ਸੀ। 'ਨੌਜਵਾਨ ਭਾਰਤ ਸਭਾ' ਦੇ ਸੰਵਿਧਾਨ ਵਿਚ ਇਹ ਉਦੇਸ਼ ਸ਼ਾਮਲ ਸਨ...:
(1) ਭਾਰਤੀ ਮਜ਼ਦੂਰਾਂ ਤੇ ਕਿਸਾਨਾਂ ਦਾ ਇਕ ਸੰਯੁਕਤ ਗਣਰਾਜ ਸਥਾਪਤ ਕਰਨਾ।
(2) ਰਾਸ਼ਟਰੀਤਾ ਦੇ ਆਧਾਰ ਉੱਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ।
(3) ਆਰਥਕ, ਸਮਾਜਕ ਤੇ ਉਦਯੋਗਿਕ ਖੇਤਰਾਂ ਦੇ ਅਜਿਹੇ ਅੰਦੋਲਨਾਂ ਨਾਲ ਹਮਦਰਦੀ ਰੱਖਣਾ ਤੇ ਉਹਨਾਂ ਦੀ ਮਦਦ ਕਰਨਾ, ਜਿਹੜੇ ਸੰਪਰਦਾਇਕਤਾ ਦੇ ਵਿਰੋਧੀ ਹੋਣ ਤੇ ਕਿਸਾਨ-ਮਜ਼ਦੂਰ ਦੇ ਆਦਰਸ਼ ਗਣਤਾਂਤਰਿਕ ਰਾਜ ਦੀ ਪ੍ਰਾਪਤੀ ਵਿਚ ਸਹਿਯੋਗੀ ਹੋਣ।
(4) ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ।
ਸਭਾ ਵੱਲੋਂ ਸਾਂਝੇ ਤੌਰ 'ਤੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਸਨ। ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਬਰੇਡਲਾ ਹਾਲ ਵਿਚ ਮਨਾਇਆ ਗਿਆ। ਇਸ ਸਮਾਗਮ ਨੂੰ ਮਹੱਤਵ ਦੇਣ ਲਈ ਭਗਵਤੀ ਚਰਣ ਦੀ ਪਤਨੀ ਦੁਰਗਾ ਭਾਬੀ ਤੇ ਸੁਸ਼ੀਲਾ ਦੀਦੀ ਨੇ ਆਪਣੀ ਉਂਗਲ ਕੱਟ ਕੇ ਲਹੂ ਦੀਆਂ ਛਿੱਟਾਂ ਨਾਲ ਸਰਾਭੇ ਦੇ ਚਿੱਤਰ ਦੀ ਘੁੰਡ ਚੁਕਾਈ ਕੀਤੀ।
ਇਵੇਂ ਹੀ ਜਲਿਆਂ ਵਾਲਾ ਬਾਗ ਦਿਵਸ ਤੇ ਕਾਕੋਰੀ ਕਾਂਢ ਦਿਹਾੜੇ ਵੀ ਮਨਾਏ ਜਾਂਦੇ ਸੀ। ਭਗਤ ਸਿੰਘ ਨੇ ਸ਼ਹੀਦਾਂ ਦੀਆਂ ਜਿਹੜੀਆਂ ਜੀਵਨੀਆਂ ਲਿਖੀਆਂ ਸਨ ਤੇ ਤਸਵੀਰਾਂ ਇਕੱਠੀਆਂ ਕੀਤੀਆਂ ਸਨ, ਉਹਨਾਂ ਨੂੰ ਮੈਜਿਕ ਲਾਲਟੈਨ ਦੇ ਜ਼ਰੀਏ ਦਿਖਾਇਆ ਜਾਂਦਾ ਸੀ। 'ਨੌਜਵਾਨ ਭਾਰਤ ਸਭਾ' ਦੇ ਇਲਾਵਾ ਭਗਤ ਸਿੰਘ ਨੇ 'ਸਟੂਡੈਂਟ ਯੂਨੀਅਨ' ਵੀ ਬਣਾਈ ਤਾਂਕਿ ਕਰਾਂਤੀਕਾਰੀ ਵਿਚਾਰ ਵੱਧ ਤੋਂ ਵੱਧ ਨੌਜਵਾਨਾਂ ਤਕ ਪਹੁੰਚਾਏ ਜਾ ਸਕਣ।
ਦਰਅਸਲ 'ਨੌਜਵਾਨ ਭਾਰਤ ਸਭਾ' ਤੇ 'ਸਟੂਡੈਂਟ ਯੂਨੀਅਨ' ਅਜਿਹੇ ਖੁੱਲ੍ਹੇ ਸੰਗਠਨ ਸਨ ਜਿਹਨਾਂ ਰਾਹੀਂ ਨੌਜਵਾਨਾਂ ਨੂੰ ਕਰਾਂਤੀਕਾਰੀ ਗੁਪਤ ਸੰਗਠਨ ਵਿਚ ਲਿਆਂਦਾ ਜਾਂਦਾ ਸੀ। ਨੌਜਵਾਨਾਂ ਪ੍ਰਤੀ ਉਹਨਾਂ ਦਾ ਜੋ ਵਿਹਾਰ, ਜਿਹੜਾ ਰੁਖ਼ ਸੀ, ਉਸਨੂੰ ਸਮਝਣ ਲਈ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ...:
1924 ਵਿਚ ਕੇਂਦਰੀ ਅਸੈਂਬਲੀ ਦੀ ਚੋਣ ਹੋਈ ਤਾਂ ਲਾਲਾ ਲਾਜਪਤ ਰਾਏ ਇੰਡੀਪੈਂਡੇਂਟ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ। ਸਰਦਾਰ ਕਿਸ਼ਨ ਸਿੰਘ ਨੌਜਵਾਨ ਸਵਰਾਜ ਪਾਰਟੀ ਦੇ ਸਮਰਥਕ ਸਨ। ਉਹਨਾਂ ਨੇ ਲਾਜਪਤ ਰਾਏ ਦੇ ਵਿਰੁੱਧ ਪਰਚੇ ਵੰਡੇ। ਉਹਨਾਂ ਦਾ ਸਿਰਲੇਖ ਸੀ 'ਮਰ ਚੁੱਕਿਆ ਨੇਤਾ' ਤੇ ਲਿਖਿਆ ਸੀ ਕਿ 'ਪੰਜਾਬ ਕੇਸਰੀ ਦਾ ਦਿਲ ਚੂਚੇ ਦੇ ਦਿਲ ਵਿਚ ਵਟ ਗਿਆ ਹੈ।' ਸੁਖਦੇਵ ਰਾਜ ਨਾਂ ਦਾ ਇਕ ਨੌਜਵਾਨ ਲਾਜਪਤ ਰਾਏ ਦਾ ਸ਼ਰਧਾਲੂ ਤੇ ਸਮਰਥਕ ਸੀ। ਉਸਨੇ ਲਿਖਿਆ ਹੈ...:
“ਇਸ ਤਰ੍ਹਾਂ ਦੀ ਕਾਰਵਾਈ ਮੈਨੂੰ ਚੰਗੀ ਨਹੀਂ ਲੱਗੀ। ਮੈਂ ਪਰਚੇ ਵੰਡਣ ਵਾਲੇ ਨੂੰ ਕਿਹਾ ਕਿ ਏਡੇ ਵੱਡੇ ਨੇਤਾ ਨੂੰ ਗਾਲ੍ਹਾਂ ਕੱਢਣ 'ਤੇ ਉਤਰ ਆਉਣਾ ਬੜੀ ਮਾੜੀ ਗੱਲ ਹੈ। ਤੁਹਾਡਾ ਇਹ ਵਤੀਰਾ ਮੈਨੂੰ ਚੰਗਾ ਨਹੀਂ ਲੱਗਿਆ। ਮੇਰੀ ਇਹ ਗੱਲ ਸੁਣ ਕੇ ਉਹ ਆਦਮੀ ਹੱਸ ਪਿਆ ਤੇ ਬੋਲਿਆ, “ਏਸ ਸਮੇਂ ਤੁਸੀਂ ਭਾਵਨਾਵਾਂ ਵਿਚ ਵਹਿ ਰਹੇ ਓ, ਮੀਟਿੰਗ ਖ਼ਤਮ ਹੋ ਜਾਏ ਫੇਰ ਆਪਾਂ ਗੱਲ ਕਰਦੇ ਆਂ।” ਲਾਲਾ ਜੀ ਪ੍ਰਤੀ ਆਪਣੀ ਸ਼ਰਧਾ ਕਾਰਨ ਆਪਣੀ ਗੱਲਬਾਤ ਦੌਰਾਨ ਭਾਵੇਂ ਮੈਂ ਕਈ ਕੌੜੇ ਸ਼ਬਦ ਉਸ ਆਦਮੀ ਨੂੰ ਆਖੇ ਸਨ, ਪਰ ਉਸਨੇ ਮੇਰੀ ਕਿਸੇ ਗੱਲ ਦਾ ਬੁਰਾ ਨਹੀਂ ਸੀ ਮੰਨਿਆਂ। ਉਹ ਮੁਸਕੁਰਾਉਂਦਾ ਹੀ ਰਿਹਾ ਸੀ ਤੇ ਮੀਟਿੰਗ ਖ਼ਤਮ ਹੋ ਜਾਣ ਪਿੱਛੋਂ ਗੱਲਬਾਤ ਕਰਨ ਦਾ ਵਾਅਦਾ ਕਰਕੇ ਚਲਾ ਗਿਆ ਸੀ ਤੇ ਪਰਚੇ ਵੰਡਣ ਵਿਚ ਰੁੱਝ ਗਿਆ ਸੀ। ਸਭਾ ਸਮਾਪਤ ਹੋ ਜਾਣ ਪਿੱਛੋਂ ਆਪਣੇ ਵਾਅਦੇ ਅਨੁਸਾਰ ਉਹ ਮੇਰੇ ਕੋਲ ਆਇਆ ਤੇ ਬੋਲਿਆ, “ਚੱਲੋ ਘਰ ਚੱਲਦੇ ਆਂ। ਓਥੇ ਬੈਠ ਕੇ ਆਰਾਮ ਨਾਲ ਗੱਲਾਂਬਾਤਾਂ ਕਰਾਂਗੇ।” ਪਿੱਛੋਂ ਪਤਾ ਲੱਗਿਆ ਕਿ ਉਹ ਆਦਮੀ ਹੋਰ ਕੋਈ ਨਹੀਂ, ਅਮਰ ਸ਼ਹੀਦ ਭਗਵਤੀ ਚਰਣ ਸੀ।
ਸਾਰੇ ਰਸਤੇ ਭਗਵਤੀ ਚਰਣ ਨੇ ਕੋਈ ਰਾਜਨੀਤਕ ਗੱਲ ਨਹੀਂ ਛੇੜੀ, ਬੱਸ ਨਿੱਜੀ ਤੇ ਪਰਿਵਾਰਕ ਗੱਲਾਂ ਹੀ ਕਰਦੇ ਰਹੇ।  ਉਹਨਾਂ ਪੁੱਛਿਆ, “ਕਿੱਥੇ ਪੜ੍ਹਦੇ ਓ?”
“ਪੜ੍ਹਾਈ ਮੈਂ ਛੱਡ ਦਿੱਤੀ ਏ।” ਮੈਂ ਉਤਰ ਦਿੱਤਾ।
“ਕਿਉਂ?”
“ਘਰ ਦੀ ਆਰਥਕ ਸਥਿਤੀ ਠੀਕ ਨਹੀਂ, ਇਸ ਲਈ ਪੜ੍ਹਨ ਦੀ ਇੱਛਾ ਹੋਣ ਦੇ ਬਾਵਜੂਦ ਵੀ ਮਜਬੂਰਨ ਨੌਕਰੀ ਕਰਨੀ ਪੈ ਰਹੀ ਏ।”
“ਕਿੰਨਾ ਪੜ੍ਹੇ ਓ?”
“ਇੰਟਰ ਦਾ ਇਮਤਿਹਾਨ ਫਸਟ ਡਵੀਜ਼ਨ ਵਿਚ ਪਾਸ ਕੀਤਾ ਏ। ਵਜੀਫ਼ਾ ਵੀ ਮਿਲ ਗਿਆ ਸੀ, ਪਰ ਤੰਗੀ ਕਾਰਨ ਘਰ ਵਾਲੇ ਅੱਗੇ ਪੜ੍ਹਾਉਣ ਲਈ ਰਾਜ਼ੀ ਨਹੀਂ ਹੋਏ।”
“ਇਹ ਤਾਂ ਬੜੀ ਮੰਦਭਾਗੀ ਗੱਲ ਏ।” ਭਗਵਤੀ ਚਰਣ ਬੋਲੇ, “ਐਸ.ਡੀ. ਕਾਲਜ ਦੇ ਪ੍ਰਿੰਸੀਪਲ ਰਘੁਵਰ ਦਿਆਲ ਨੂੰ ਮੈਂ ਜਾਣਦਾ ਆਂ। ਉਹਨਾਂ ਕੋਲ ਜਾਓ, ਮੇਰਾ ਨਾਂ ਲੈ ਕੇ ਉਹਨਾਂ ਨੂੰ ਮਿਲਣਾ। ਉਹ ਫੀਸਾਂ ਵਗ਼ੈਰਾ ਦਾ ਸਾਰਾ ਇੰਤਜ਼ਾਮ ਕਰ ਦੇਣਗੇ, ਜੇ ਫੇਰ ਵੀ ਪੜ੍ਹਾਈ ਜਾਰੀ ਰੱਖਣ 'ਚ ਕੋਈ ਦਿੱਕਤ ਹੋਈ ਤਾਂ ਲੋੜ ਅਨੁਸਾਰ ਖਰਚ ਤੁਹਾਨੂੰ ਮੈਂ ਦੇ ਦਿਆ ਕਰਾਂਗਾ।”
ਇਹ ਨਿੱਕੀ ਜਿਹੀ ਘਟਨਾਂ ਕਰਾਂਤੀਕਾਰੀਆਂ ਦੇ ਉੱਚੇ ਚਰਿੱਤਰ ਦਾ ਬੜਾ ਵੱਡਾ ਸਬੂਤ ਹੈ—ਤੇ ਉਹਨਾਂ ਨੂੰ ਸਿਰਫ ਬੰਬ ਤੇ ਪਸਤੌਲਾਂ ਵਿਚ ਵਿਸ਼ਵਾਸ ਰੱਖਣ ਵਾਲੇ ਕਾਹਲੇ ਤੇ ਹਿੰਸਕ ਉਗਰਵਾਦੀ ਦੱਸਣਾ ਕਿੱਡਾ ਵੱਡਾ ਝੂਠ ਹੈ!
ਭਗਵਤੀ ਚਰਣ ਇਕ ਰਾਏ ਸਾਹਬ ਦੇ ਬੇਟੇ ਸਨ, ਪਰ ਉਹਨਾਂ ਤੇ ਉਹਨਾਂ ਦੀ ਪਤਨੀ ਦੁਰਗਾ ਭਾਬੀ ਨੇ ਕਰਾਂਤੀਕਾਰੀ ਅੰਦੋਲਨ ਵਿਚ ਜਿਹੜੀ ਭੂਮਿਕਾ ਨਿਭਾਈ, ਉਸ ਨਾਲ ਉਹਨਾਂ ਦਾ ਨਾਂ ਹਮੇਸ਼ਾ ਲਈ ਆਦਰ-ਮਾਣ ਨਾਲ ਲਿਆ ਜਾਏਗਾ ਤੇ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਮੁੰਡੇ ਕੁੜੀਆਂ ਦੇ ਮਨਾਂ ਵਿਚ ਦੇਸ਼ ਭਗਤੀ ਤੇ ਤਿਆਗ ਦੀ ਭਾਵਨਾ ਜਗਾਉਂਦਾ ਰਹੇਗਾ,
ਸੁਖਦੇਵ ਦੇ ਛੋਟੇ ਭਰਾ ਮਥਰਾ ਦਾਸ ਥਾਪਰ ਨੇ ਇਹਨਾਂ ਲੋਕਾਂ ਨੂੰ ਬੜੀ ਨੇੜਿਓਂ ਦੇਖਿਆ ਸੀ। ਉਹ ਆਪਣੀ ਕਿਤਾਬ 'ਅਮਰ ਸ਼ਹੀਦ ਸੁਖਦੇਵ' ਵਿਚ ਲਿਖਦੇ ਹਨ...:
“ਓਹਨੀਂ ਦਿਨੀ ਮੈਂ ਭਾਈ ਸਾਹਬ ਨਾਲ ਲਾਹੌਰ ਦੇ ਸ਼ਾਹ ਆਲਮੀ ਦਰਵਾਜ਼ੇ ਅੰਦਰ ਇਕ ਮਕਾਨ ਵਿਚ ਰਹਿੰਦਾ ਸਾਂ। ਇਕ ਦਿਨ ਸੁਖਦੇਵ ਦੇ ਸਾਥੀ ਬੜੀ ਦੇਰ ਤੋਂ ਉਹਨਾਂ ਦੀ ਉਡੀਕ ਕਰ ਰਹੇ ਸਨ। ਦੇਖਦਾ ਹਾਂ ਕਿ ਉਹ ਕਰਾਹੁੰਦੇ ਹੋਏ ਤੁਰੇ ਆ ਰਹੇ ਨੇ। ਉੱਪਰ ਜਾ ਕੇ ਉਹਨਾਂ ਆਵਾਜ਼ ਮਾਰੀ, 'ਮਥਰੇ ਤੇਲ ਵਾਲੀ ਸ਼ੀਸ਼ੀ ਲਿਆਵੀਂ।' ਮੈਂ ਤੁਰੰਤ ਲੈ ਗਿਆ। ਭਗਤ ਸਿੰਘ ਵੱਲ ਭੌਂ ਕੇ ਬੋਲੇ, 'ਬੜੀ ਮਾਰ ਪਈ ਏ। ਜ਼ਰਾ ਮਾਲਿਸ਼ ਕਰ ਦੇਅ।' ਏਨਾ ਕਹਿ ਕੇ ਠਹਾਕਾ ਮਾਰ ਕੇ ਹੱਸ ਪਏ।”
ਪਿੱਛੋਂ ਉਹਨਾਂ ਆਪਣੇ ਸਾਥੀਆਂ ਨੂੰ ਜਿਹੜਾ ਕਿੱਸਾ ਸੁਣਾਇਆ ਉਹ ਇੰਜ ਸੀ...:
“ਲਾਇਲਪੁਰ ਤੋਂ ਲਾਹੌਰ ਆਉਂਦੇ ਹੋਏ ਸੁਖਦੇਵ ਗੱਡੀ ਫੜ੍ਹ ਲੈਣ ਦੀ ਗਰਜ ਨਾਲ, ਚੱਲਦੀ ਹੋਈ ਗੱਡੀ ਦੇ ਜਿਸ ਡੱਬੇ ਵਿਚ ਚੜ੍ਹੇ, ਉਹ ਕੈਦੀਆਂ ਦਾ ਡੱਬਾ ਨਿਕਲਿਆ। ਉਸ ਵਿਚ ਪੁਲਸ ਗਾਰਦ ਵੀ ਸੀ। ਪੁਲਸ ਵਾਲਿਆਂ ਨੇ ਸਮਝਿਆ, ਇਹ ਨੌਜਵਾਨ ਕੈਦੀਆਂ ਦਾ ਸਾਥੀ ਹੈ ਤੇ ਉਹਨਾਂ ਨੂੰ ਛੁਡਾਉਣ ਲਈ ਚੜ੍ਹਿਆ ਹੈ। ਇਸ ਲਈ ਉਸਨੂੰ ਫੜ੍ਹ ਕੇ ਅੰਦਰ ਖਿੱਚ ਲਿਆ। ਉਸ ਤੋਂ ਪੁੱਛ-ਗਿੱਛ ਸ਼ੁਰੂ ਹੋਈ। ਸੁਖਦੇਵ ਨੂੰ ਸ਼ਰਾਰਤ ਸੁੱਝੀ ਤੇ ਉਹਨਾਂ ਆਪਣੇ ਜਬਾੜੇ ਭੀਚ ਲਏ। ਕਈ ਤਰ੍ਹਾਂ ਦੇ ਸਵਾਲ ਕੀਤੇ ਗਏ, ਪਰ ਉਹ ਚੁੱਪ ਰਹੇ। ਤੰਗ ਆ ਕੇ ਪੁਲਸ ਵਾਲਿਆਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਫੇਰ ਵੀ ਉਹ ਚੁੱਪਚਾਪ ਅੰਤ ਤਕ ਮਾਰ ਖਾਂਦੇ ਰਹੇ। ਕੁਝ ਬੋਲੇ ਹੀ ਨਹੀਂ। ਅਖ਼ੀਰ ਅੱਕ-ਥੱਕ ਕੇ ਉਹਨਾਂ ਨੂੰ ਸਾਂਗੁਲਾ ਸਟੇਸ਼ਨ ਉੱਤੇ ਲਾਹ ਦਿੱਤਾ ਗਿਆ। ਉਹ ਸਟੇਸ਼ਨ ਉੱਤੇ ਹੀ ਸਨ ਕਿ ਇਕ ਬੁੱਢੇ ਪੁਲਸਮੈਨ ਨੇ ਖਿੜਕੀ ਵਿਚੋਂ ਸਿਰ ਕੱਢ ਕੇ ਪੁੱਛਿਆ, 'ਐਨੀ ਮਾਰ ਪਈ ਏ ਹੁਣ ਤਾਂ ਆਪਣਾ ਨਾਂ ਦੱਸ ਦੇ ਭਲਿਆ ਮਾਨਸਾ।' ਉਹਨਾਂ ਪੂਰੇ ਜ਼ੋਰ ਨਾਲ ਚੀਕ ਕੇ ਕਿਹਾ, 'ਮਾਰ ਖਾਣਾ।' ਤੇ ਹੱਸਦੇ ਹੋਏ ਤੁਰ ਆਏ। ਉਹਨਾਂ ਦੀ ਇਸ ਸਨਕ ਉੱਤੇ ਸਾਰੇ ਸਾਥੀ ਹੱਸੇ ਤੇ ਹੈਰਾਨ ਹੋਏ ਕਿ ਅਖ਼ੀਰ ਉਹਨਾਂ ਨੂੰ ਇਹ ਸੁੱਝੀ ਕੀ ਹੋਈ! ਰਹੱਸਮਈ ਸੁਭਾਅ ਦੇ ਮਾਲਕ ਸੁਖਦੇਵ ਨੇ ਅਖ਼ੀਰ ਵਿਚ ਗੰਭੀਰਤਾ ਨਾਲ ਕਿਹਾ, 'ਮੈਂ ਇਹ ਦੇਖਣਾ ਚਾਹੁੰਦਾ ਸਾਂ ਕਿ ਮੇਰੇ ਵਿਚ ਕਸ਼ਟ ਝੱਲਣ ਦੀ ਕਿੰਨੀ ਕੁ ਸਮਰਥਾ ਏ।'
“ਸਨ 1925 ਵਿਚ ਸੁਖਦੇਵ ਬੀ.ਏ. ਫਾਈਨਲ ਦੇ ਵਿਦਿਆਰਥੀ ਹੁੰਦੇ ਸਨ। ਨੌਵੀਂ ਪਾਸ ਕਰਨ ਪਿੱਛੋਂ ਉਹਨਾਂ ਮੈਨੂੰ ਲਾਹੌਰ ਬੁਲਾ ਕੇ ਰੇਲਵੇ ਰੋਡ ਵਾਲੇ ਡਾਇਮੰਡ ਟੈਕਨੀਕਲ ਇੰਸਟੀਟਿਊਟ ਵਿਚ ਦਾਖ਼ਲ ਕਰਵਾ ਦਿੱਤਾ। ਮੇਰੇ ਆਉਣ ਕਰਕੇ ਹੀ ਉਹਨਾਂ ਹੋਸਟਲ ਛੱਡ ਕੇ ਇਹ ਮਕਾਨ ਲਿਆ ਸੀ।
“ਮਕਾਨ ਵਿਚ ਪੌੜੀਆਂ ਚੜ੍ਹਦਿਆਂ ਹੀ ਇਕ ਕਮਰਾ ਸੀ। ਉਸਦੇ ਨਾਲ ਲਗਵਾਂ ਕਮਰਾ ਮੇਰਾ ਸੀ। ਨਾਲ ਹੀ ਕਿਚਨ ਤੇ ਬਾਥਰੂਮ ਵੀ ਸੀ। ਪੌੜੀਆਂ ਦੇ ਨੇੜੇ ਵਾਲੇ ਕਮਰੇ ਵਿਚ ਸੁਖਦੇਵ ਤੇ ਉਹਨਾਂ ਦੇ ਸਾਥੀਆਂ ਦਾ ਅੱਡਾ ਜੰਮਦਾ। ਰਾਤ ਬਰਾਤੇ ਕਦੋਂ ਵੀ ਉਹ ਆ ਜਾਂਦੇ। ਇਹ ਲੋਕ ਬੇ-ਫਿਕਰੇ ਤੇ ਮਸਤ-ਮੌਲਾ ਕਿਸਮ ਦੇ ਬੰਦੇ ਸਨ। ਹਾਸਾ-ਠੱਠਾ ਤੇ ਸ਼ਰਾਰਤਾਂ ਚੱਲਦੀਆਂ ਰਹਿੰਦੀਆਂ,ਪਰ ਜਦੋਂ ਮੈਂ ਉਹਨਾਂ ਨੂੰ ਸਿਰ ਜੋੜ ਕੇ ਲੰਮੀਆਂ ਬਹਿਸਾਂ ਵਿਚ ਉਲਝੇ ਦੇਖਦਾ ਤਾਂ ਲੱਗਦਾ ਜਿਵੇਂ ਸਾਰੀ ਦੁਨੀਆਂ ਦਾ ਦਰਦ ਉਹਨਾਂ ਦੇ ਸਿਰਾਂ ਵਿਚ ਹੀ ਹੈ ਤੇ ਜਦੋਂ ਉਹਨਾਂ ਵਿਚਕਾਰ ਕੋਈ ਗੁਪਤ ਗੁਰਮਤਾ ਹੋ ਰਿਹਾ ਹੁੰਦਾ ਤਾਂ ਮੈਂ ਸਮਝਦਾ ਕਿਸੇ ਸਮੱਸਿਆ ਦਾ ਹੱਲ ਟੋਲਿਆ ਜਾ ਰਿਹਾ ਹੈ। ਖੁਸਰ-ਫੁਸਰ ਤੇ ਧੀਮੀ ਗੱਲਬਾਤ ਦੌਰਾਨ ਜੇ ਮੈਂ ਕਿਸੇ ਕੰਮ ਕਾਰਨ ਉਹਨਾਂ ਦੇ ਕਮਰੇ ਵਿਚ ਪਹੁੰਚ ਜਾਂਦਾ, ਤਾਂ ਉਹ ਚੁੱਪ ਹੋ ਜਾਂਦੇ।
“ਕਮਰੇ ਵਿਚ ਉਹਨਾਂ ਦੇ ਅਨੇਕਾਂ ਸਾਥੀ ਆਉਂਦੇ ਸਨ। ਉਹਨਾਂ ਵਿਚ ਭਗਤ ਸਿੰਘ ਪ੍ਰਮੁੱਖ ਸਨ, ਜਿਹਨਾਂ ਨੂੰ ਮੈਂ ਲਾਇਲਪੁਰ ਤੋਂ ਹੀ ਜਾਣਦਾ ਸਾਂ। ਉਹ ਬਚਪਨ ਵਿਚ ਬਾਬਾ ਅਰਜੁਨ ਸਿੰਘ ਨਾਲ ਸਾਡੇ ਫਾਰਮ ਉੱਤੇ ਵੀ ਆਉਂਦੇ ਹੁੰਦੇ ਸਨ। ਯਸ਼ ਪਾਲ ਨੂੰ ਵੀ ਮੈਂ ਬਾਅਦ ਵਿਚ ਪਛਾਣਨ ਲੱਗ ਪਿਆ ਸਾਂ। ਇਹ ਵੀ ਇਸ ਲਈ ਕਿ ਸੁਖਦੇਵ ਦੇ ਹੋਰ ਸਾਥੀਆਂ ਦੇ ਮੁਕਾਬਲੇ ਉਹਨਾਂ ਬਾਰੇ ਵੱਧ ਜਾਣਨ ਦੀ ਜੁਗਿਆਸਾ ਮੇਰੇ ਮਨ ਵਿਚ ਅਚਾਨਕ ਉੱਠੀ ਸੀ। ਹੁੰਦਾ ਇਹ ਸੀ ਕਿ ਜਦੋਂ ਸਾਥੀਆਂ ਦੀ ਟੋਲੀ ਆਪਸੀ ਗੱਲਬਾਤ ਵਿਚ ਖੁੱਭੀ ਹੁੰਦੀ ਤੇ ਅਚਾਨਕ ਯਸ਼ ਪਾਲ ਆ ਜਾਂਦੇ ਤਾਂ ਇਹ ਲੋਕ ਤੁਰੰਤ ਸਾਵਧਾਨ ਹੋ ਜਾਂਦੇ ਤੇ ਗੱਲਬਾਤ ਦੀ ਮੁਹਾਰ, ਗੱਲਾਂ-ਗੱਪਾਂ ਵੱਲ ਮੋੜ ਦਿੰਦੇ। ਜਦੋਂ ਯਸ਼ ਪਾਲ ਚਲੇ ਜਾਂਦੇ ਤਾਂ ਫੇਰ ਆਪਣੇ ਪੁਰਾਣੇ ਵਿਸ਼ੇ ਉੱਤੇ ਪਰਤ ਆਉਂਦੇ। ਪਿੱਛੋਂ ਪਤਾ ਲੱਗਿਆ ਕਿ ਲਾਹੌਰ ਦੇ ਪਰੀ ਮਹਿਲ ਵਿਚ ਛੋਟੇ-ਛੋਟੇ ਹਿੰਦੂ ਬੱਚਿਆਂ ਦੀ ਇਕ ਸੰਸਥਾ ਸੀ, ਜਿਸ ਵਿਚ ਯਸ਼ ਪਾਲ ਡਰਿਲ ਮਾਸਟਰ ਸਨ। ਇੱਥੇ ਬੱਚਿਆਂ ਨੂੰ ਹਿੰਦੂ ਸੰਸਕਰੀਤੀ ਦੀ ਰੱਖਿਆ ਦਾ ਪਾਠ ਪੜ੍ਹਾਇਆ ਜਾਂਦਾ ਸੀ। ਯਸ਼ ਪਾਲ ਹਮੇਸ਼ਾ ਆਪਣੀ ਆਰਥਕ ਤੰਗੀ ਦਾ ਰੋਣਾ ਰੋਣ ਬਹਿ ਜਾਂਦੇ ਸਨ ਤੇ ਦੋਸਤਾਂ ਦੇ ਮਜ਼ਾਕ ਕਰਨ ਉੱਤੇ ਇਕੋ ਉਤਰ ਦਿੰਦੇ ਸਨ ਕਿ ਰੋਟੀ ਚਲਾਉਣ ਲਈ ਹੋਰ ਕੀ ਕਰਾਂ। ਮੈਨੂੰ ਹੈਰਾਨੀ ਹੁੰਦੀ ਸੀ ਕਿ ਇਹ ਲੋਕ ਆਪਣੇ ਗਰੀਬ ਮਿੱਤਰ ਨਾਲ ਹਮਦਰਦੀ ਦਿਖਾਉਣ ਦੀ ਜਗ੍ਹਾ ਉਸਦਾ ਮਜ਼ਾਕ ਕਿਉਂ ਉਡਾਉਂਦੇ ਨੇ? ਕਿਉਂ ਉਸਦਾ ਨਿਰਾਦਰ ਕਰਦੇ ਨੇ? ਮਨ ਵਿਚ ਆਉਂਦਾ ਕਿ ਭਾਈ ਸਾਹਬ ਨੂੰ ਪੁੱਛਾਂ, ਪਰ ਹਿੰਮਤ ਨਾ ਪੈਂਦੀ ਤੇ ਮਨ ਦੀ ਮਨ ਵਿਚ ਰੱਖ ਕੇ ਰਹਿ ਜਾਂਦਾ।”
ਮੰਮਥ ਨਾਥ ਗੁਪਤ ਨੇ ਲਿਖਿਆ ਹੈ...:
“ਇਹਨਾਂ ਨੂੰ ਪੜ੍ਹਾਉਣ ਤੇ ਕਿਤਾਬਾਂ ਵਗ਼ੈਰਾ ਦਿਵਾਉਣ ਤਕ ਹੀ ਜੈ ਚੰਦਰ ਜੀ ਦਾ ਪ੍ਰਭਾਵ ਸੀਮਿਤ ਨਹੀਂ ਸੀ। ਉਹ ਵਿਦਿਆਰਥੀਆਂ ਨੂੰ ਬੁਲਾਅ ਕੇ ਉਹਨਾਂ ਨੂੰ ਪੁੱਛਦੇ ਸਨ ਕਿ ਤੁਸੀਂ ਆਪਣੇ ਜੀਵਨ ਵਿਚ ਅੱਗੇ ਕੀ ਕਰਨਾ ਚਾਹੁੰਦੇ ਹੋ? ਉਹ ਇਹ ਗੱਲ ਵੀ ਸਾਫ਼ ਕਹਿ ਦਿੰਦੇ ਸਨ ਕਿ ਜਿਸ ਕਾਲਜ ਵਿਚ ਤੁਸੀਂ ਪੜ੍ਹ ਰਹੇ ਹੋ, ਉਸਦੀ ਪੜ੍ਹਾਈ ਦਾ ਸਰਕਾਰੀ ਨੌਕਰੀ ਦੀ ਦ੍ਰਿਸ਼ਟੀ ਨਾਲ ਕੋਈ ਮੁੱਲ ਨਹੀਂ ਤੇ ਦੂਜੇ ਦਰਵਾਜ਼ੇ ਵੀ ਵਿਸ਼ੇਸ਼ ਖੁੱਲ੍ਹੇ ਨਹੀਂ। ਉਹਨਾਂ ਯਸ਼ ਪਾਲ ਨੂੰ ਬੁਲਾਅ ਕੇ ਪੁੱਛਿਆ ਤਾਂ ਯਸ਼ ਪਾਲ ਜੀ ਨੇ ਕੋਈ ਠੋਸ ਉਤਰ ਨਾ ਦਿੱਤਾ। ਉਹਨਾਂ ਕਿਹਾ, “ਜਿਵੇਂ ਪ੍ਰਸਥਿਤੀਆਂ ਹੋਣਗੀਆਂ, ਦੇਖਿਆ ਜਾਏਗਾ। ਨੌਕਰੀ ਕਰ ਸਕਦਾ ਹਾਂ ਤੇ ਨਹੀਂ ਵੀ ਕਰ ਸਕਦਾ।” ਯਸ਼ ਪਾਲ ਨੇ ਇੰਜ ਕੁਝ ਹੱਦ ਤਕ ਇਸ ਕਰਕੇ ਕਿਹਾ ਸੀ ਕਿ ਉਹ ਜਾਣਦੇ ਨਹੀਂ ਸਨ ਕਿ ਜੈ ਚੰਦਰ ਜੀ ਕੀ ਨੇ ਤੇ ਕੀ ਚਾਹੁੰਦੇ ਨੇ। ਉਂਜ ਨਿੱਜੀ ਤੌਰ 'ਤੇ ਉਹ ਤੇ ਭਗਤ ਸਿੰਘ ਆਪਣੇ ਭਾਵੀ ਜੀਵਨ ਦੇ ਵਿਸ਼ੇ ਵਿਚ ਇਕ ਪ੍ਰਤਿਗਿਆ ਕਰ ਚੁੱਕੇ ਸਨ। ਉਹ ਤੇ ਭਗਤ ਸਿੰਘ ਰਾਵੀ ਵਿਚ ਕਿਸ਼ਤੀ ਚਲਾਉਣ ਦਾ ਅਭਿਆਸ ਕਰ ਰਹੇ ਸਨ। ਉੱਥੇ ਤੀਜਾ ਕੋਈ ਹੋਰ ਹੈ ਨਹੀਂ ਸੀ। ਪਤਾ ਨਹੀਂ, ਗੱਲ ਕਿੱਥੋਂ ਛਿੜੀ ਤੇ ਕੀ ਹੋਇਆ ਕਿ ਯਕਦਮ ਦੋਹੇਂ ਨੌਜਵਾਨ ਭਾਵੁਕ ਹੋ ਗਏ ਤੇ ਉਹਨਾਂ ਇਹ ਪ੍ਰਤਿਗਿਆ ਕਰ ਲਈ। ਯਸ਼ ਪਾਲ ਦੇ ਸ਼ਬਦਾਂ ਵਿਚ ਹੀ ਸੁਣੋ...:
“'ਅਸੀਂ ਦੋਹੇਂ ਹੀ ਸਾਂ, ਤੀਜਾ ਕੋਈ ਨਾਲ ਹੈ ਨਹੀਂ ਸੀ। ਇਹ ਤਾਂ ਯਾਦ ਨਹੀਂ ਕਿ ਗੱਲ ਕਿੰਜ ਸ਼ੁਰੂ ਹੋਈ, ਪਰ ਇਕਾਂਤ ਦੇਖ ਕੇ ਮੈਂ ਭਗਤ ਸਿੰਘ ਨੂੰ ਇਹ ਪੂਰੇ ਵਿਸ਼ਵਾਸ ਨਾਲ ਕਹਿ ਦਿੱਤਾ 'ਲੈੱਟ ਅੱਸ ਪਲੈੱਜ ਆਵਰ ਲਾਈਵਜ਼ ਟੂ ਆਵਰ ਕੰਟਰੀ' (ਆਓ ਆਪਾਂ ਆਪਣਾ ਜੀਵਨ ਆਪਣੇ ਦੇਸ਼ ਲਈ ਅਰਪਣ ਕਰਨ ਦੀ ਪ੍ਰਤਿਗਿਆ ਕਰੀਏ)। ਭਗਤ ਸਿੰਘ ਨੇ ਅਚਾਨਕ ਬੜੇ ਗੰਭੀਰ ਹੋ ਕੇ ਆਪਣਾ ਹੱਥ ਮੇਰੇ ਵੱਲ ਵਧਾਇਆ...'ਆਈ ਡੂ ਪਲੈੱਜ' (ਮੈਂ ਅਰਪਣ ਕਰਦਾ ਹਾਂ)।
“'ਹੱਥ ਮਿਲਾਉਣ ਪਿੱਛੋਂ ਅਸੀਂ ਦੋਹੇਂ ਹੀ ਕੁਝ ਚਿਰ ਚੱਪੂ ਚਲਾਉਣੇ ਛੱਡ ਕੇ ਸਥਿਰ ਬੈਠੇ ਰਹੇ। ਉਦੋਂ ਸੂਰਜ ਡੁੱਬ ਗਿਆ ਸੀ। ਆਕਾਸ਼ ਉੱਤੇ ਲਾਲੀ ਸੀ। ਹਨੇਰਾ ਹੁੰਦਾ ਦੇਖ ਕੇ ਅਸਾਂ ਦੋਹਾਂ ਨੇ ਕਿਸ਼ਤੀ ਕਿਨਾਰੇ ਉੱਤੇ ਲਿਆ ਕੇ ਮਲਾਹ ਨੂੰ ਸੌਂਪ ਦਿੱਤੀ। ਮੁੜਦੇ ਹੋਏ ਵੀ ਅਸੀਂ ਚੁੱਪ ਹੀ ਰਹੇ, ਬੋਲੇ ਨਹੀਂ। ਇਹ ਗੱਲ ਏਨੀ ਭਾਵੁਕਤਾ ਵਿਚ ਹੋਈ ਸੀ ਕਿ ਯਾਦ ਬਣ ਗਈ ਹੈ। ਸੰਭਵ ਹੈ ਕਿ ਜੈ ਚੰਦਰ ਜੀ ਨੇ ਮੇਰੇ ਨਾਲ ਜਿਹੜੀ ਗੱਲਬਾਤ ਕੀਤੀ ਸੀ, ਉਸਦੀ ਜੜ ਵਿਚ ਭਗਤ ਸਿੰਘ ਦੁਆਰਾ ਕੀਤੀ ਗਈ ਸਾਡੀ ਇਸ ਪ੍ਰਤਿਗਿਆ ਜਾਂ ਮੇਰੀ ਭਾਵਨਾ ਵੱਲ ਕੋਈ ਸੰਕੇਤ ਹੋਵੇ।'”
ਰਾਵੀ ਦੀ ਇਸ ਘਟਨਾ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਇਹ ਬਿਲਕੁਲ ਮਨ ਘੜਤ ਤੇ ਝੂਠੀ ਸਾਬਤ ਹੋਏ। (1) ਜਦੋਂ ਪ੍ਰਤਿਗਿਆ ਯਾਦ ਰਹੀ ਤਾਂ ਗੱਲਬਾਤ ਕਿੰਜ ਸ਼ੁਰੂ ਹੋਈ, ਕਿਉਂ ਯਾਦ ਨਹੀਂ ਰਿਹਾ? (2) ਕੀ ਪ੍ਰਤਿਗਿਆ ਅੰਗਰੇਜ਼ੀ ਵਿਚ ਹੀ ਹੋ ਸਕਦੀ ਸੀ? (3) ਫੇਰ ਪ੍ਰਤਿਗਿਆ ਸਿਰਫ ਭਗਤ ਸਿੰਘ ਨੇ ਕੀਤੀ, ਯਸ਼ ਪਾਲ ਨੇ ਤਾਂ ਸੁਝਾਅ ਹੀ ਰੱਖਿਆ ਸੀ। (4) ਜਦੋਂ ਇਹ ਪ੍ਰਤਿਗਿਆ ਜੈ ਚੰਦਰ ਜੀ ਨਾਲ ਗੱਲਬਾਤ ਤੋਂ ਪਹਿਲਾਂ ਕਰ ਲਈ ਗਈ ਸੀ ਤਾਂ ਇਸ ਵਿਚ ਜੈ ਚੰਦਰ ਜੀ ਦੀ ਗੱਲਬਾਤ ਇਸ ਵੱਲ ਇਸ਼ਾਰਾ ਕਿੰਜ ਹੋਈ? (5) ਸੂਰਜ ਛਿਪਣ ਦੀ ਲਾਲੀ ਤੇ ਲਗਾਤਾਰ ਚੁੱਪ ਦੇ ਅਰਥ ਕੀ ਹਨ? ਕੀ ਇਹ ਸਭ ਕਿਸੇ ਨਾਵਲ ਵਾਂਗ ਬਣਾਊਟੀ ਨਹੀਂ ਲੱਗਦਾ?
ਭਗਤ ਸਿੰਘ ਦੇ ਵਿਆਕਤੀਤਵ ਦਾ ਵਿਕਾਸ ਆਪਣੀ ਵੰਸ਼-ਪਰੰਪਰਾ ਅਨੁਸਾਰ ਸਹਿਜ ਤੇ ਸੁਭਾਵਿਕ ਸੀ। ਉਹਨਾਂ ਨੂੰ ਦਾਦੇ ਅਰਜੁਨ ਸਿੰਘ ਨੇ ਹੀ ਦੇਸ਼ ਸੇਵਾ ਲਈ ਅਰਪਿੱਤ ਕਰ ਦਿੱਤਾ ਸੀ। ਸੋ ਯਸ਼ ਪਾਲ ਸਾਹਵੇਂ, ਜਿਸਦਾ ਉਹ ਮਜ਼ਾਕ ਉਡਾਉਂਦੇ ਸਨ, ਪ੍ਰਤਿਗਿਆ ਦੀ ਕੋਈ ਤੁਕ ਹੀ ਨਹੀਂ। ਕਹਾਵਤ ਹੈ ਚੋਰ ਦੀ ਦਾੜ੍ਹੀ ਵਿਚ ਤਿਨਕਾ, ਜਿਸਨੂੰ ਲੁਕਾਉਣ ਦੇ ਯਤਨ ਵਿਚ ਉਹ ਆਪ ਹੀ ਉਜਾਗਰ ਹੋ ਜਾਂਦਾ ਹੈ। ਯਸ਼ ਪਾਲ ਦਾ 'ਸਿੰਹਾਵਲੋਕਨ' ਵੀ ਵਿਸ਼ਵਾਸ ਕਰਨ ਯੋਗ ਨਹੀਂ, ਉਹ ਝੂਠੀਆਂ ਤੇ ਮਨ ਘੜਤ ਗੱਲਾਂ ਉੱਤੇ ਅਧਾਰਿਤ ਹੈ। ਮਥਰਾ ਦਾਸ ਥਾਪਰ ਨੇ ਆਪਣੀ ਕਿਤਾਬ 'ਅਮਰ ਸ਼ਹੀਦ ਸੁਖਦੇਵ' ਵਿਚ ਉਸਦੇ ਕੋਰੇ ਝੂਠ ਦੇ ਕਈ ਉਦਾਹਰਨ ਦਿੱਤੇ ਹਨ। ਜਿਵੇਂ ਕਿ ਯਸ਼ ਪਾਲ ਨੇ 'ਸਿੰਹਾਵਲੋਕਨ' ਵਿਚ ਵਿਸਥਾਰ ਨਾਲ ਲਿਖਿਆ ਹੈ ਕਿ ਉਹ ਜੇਲ੍ਹ ਵਿਚ ਸੁਖਦੇਵ ਨੂੰ ਮਿਲਿਆ ਤੇ ਉਸ ਤੋਂ ਸਹਾਰਨਪੁਰ ਬੰਬ ਫੈਕਟਰੀ ਦਾ ਪਤਾ ਪੁੱਛਿਆ। ਮਥਰਾ ਦਾਸ ਇਸ ਦਾ ਤੱਥਾਂ ਦੇ ਆਧਾਰ ਉੱਤੇ ਖੰਡਨ ਕਰਦੇ ਹੋਏ ਲਿਖਦੇ ਹਨ...:
“ਜੇਲ੍ਹ ਜਾ ਕੇ ਸੁਖਦੇਵ ਨਾਲ ਮੁਲਾਕਾਤ ਕਰ ਸਕਣਾ ਉਹਨਾਂ ਲਈ ਅਸੰਭਵ ਸੀ—ਕਿਉਂਕਿ ਉਹ ਇਕ ਫਰਾਰ ਦੋਸ਼ੀ ਸਨ। ਪੁਲਸ ਵਿਭਾਗ ਉਹਨਾਂ ਨੂੰ ਪਛਾਣਦਾ ਸੀ। ਕੇਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਜੇਲ੍ਹ ਅੰਦਰ ਵੀ ਸੀ.ਆਈ.ਡੀ. ਘੁੰਮਦੀ ਸੀ। ਆਉਣ ਜਾਣ ਵਾਲਿਆਂ ਉੱਤੇ ਕਰੜੀ ਨਿਗਰਾਨੀ ਰੱਖੀ ਜਾਂਦੀ ਸੀ। ਅਜਿਹੇ ਹਾਲਾਤਾਂ ਵਿਚ ਯਸ਼ ਪਾਲ ਦੇ ਸ਼ਕੁੰਤਲਾ ਨੂੰ ਨਾਲ ਲੈ ਕੇ ਜੇਲ੍ਹ ਜਾਣ ਤੇ ਸੁਖਦੇਵ ਨਾਲ ਗੁਪਤ ਗੱਲਾਂ ਕਰਨ ਵਾਲੀ ਗੱਲ ਉੱਤੇ ਵਿਸ਼ਵਾਸ ਨਹੀਂ ਆਉਂਦਾ। ਖ਼ੁਦ ਯਸ਼ ਪਾਲ ਦੀਆਂ ਇਹਨਾਂ ਲਾਈਨਾ ਨੇ ਅਵਿਸ਼ਵਾਸ ਨੂੰ ਹੋਰ ਬਲ ਦਿੱਤਾ ਹੈ ਕਿ 'ਉਹਨਾਂ ਦੇ ਨੇੜੇ ਦੇ ਰਿਸ਼ਤੇਦਾਰ ਤੇ ਉਹ ਵੀ ਸਿਰਫ ਜੇਲ੍ਹ ਅਫ਼ਸਰਾਂ ਦੀ ਮੌਜ਼ੂਦਗੀ ਵਿਚ ਹੀ ਉਸਨੂੰ ਮਿਲ ਸਕਦੇ ਸਨ।' ਅਜਿਹੀ ਹਾਲਤ ਵਿਚ ਕੋਈ ਗੱਲ ਕਿੰਜ ਪੁੱਛੀ ਜਾ ਸਕਦੀ ਸੀ?”
“ਯਸ਼ ਪਾਲ ਨੇ ਕਹਾਣੀ ਤਾਂ ਖ਼ੂਬ ਘੜੀ ਪਰ ਇਹ ਭੁੱਲ ਗਏ ਕਿ ਇਸ ਬਣਾਊਟੀਪਣ ਕਾਰਨ ਉਹਨਾਂ ਉੱਤੇ ਵੀ ਉਂਗਲ ਉਠ ਸਕਦੀ ਹੈ। ਜੇ ਉਹਨਾਂ ਦੇ ਕਥਨ ਉੱਤੇ ਵਿਸ਼ਵਾਸ ਕਰ ਲਿਆ ਜਾਏ ਕਿ ਉਹ ਸੁਖਦੇਵ ਤੋਂ ਸਹਾਰਨਪੁਰ ਦਾ ਪਤਾ ਪੁੱਛ ਕੇ ਆਏ ਸਨ ਤਾਂ ਸਿੱਧੇ ਉਹੀ ਦੋਸ਼ੀ ਬਣ ਜਾਂਦੇ ਹਨ, ਕਿਉਂਕਿ ਉਹਨਾਂ ਅਨੁਸਾਰ ਹੀ ਸੁਖਦੇਵ ਨੂੰ ਮਿਲਣ ਤੋਂ ਬਾਅਦ ਹੀ ਫੈਕਟਰੀ ਫੜੀ ਗਈ ਸੀ।”
ਮੈਂ ਇਸ ਗੱਲ ਦੀ ਚਰਚਾ ਭਾਈ ਮੰਮਥ ਨਾਥ ਗੁਪਤ ਨਾਲ ਕੀਤੀ ਤਾਂ ਉਹ ਬੋਲੇ...“ਯਸ਼ ਪਾਲ ਵੱਡੇ ਲੇਖਕ ਸਨ। ਲੇਖਕ ਨੂੰ ਆਪਣੇ ਰਚਨਾ-ਕਾਰਜ ਨਾਲ ਮੋਹ ਹੁੰਦਾ ਹੈ, ਇਸ ਲਈ ਉਸ ਵਿਚ ਕਮਜ਼ੋਰੀ ਆ ਸਕਦੀ ਹੈ।”
“ਇਹ ਕਮਜ਼ੋਰੀ ਨਹੀਂ ਰਾਸ਼ਟਰ ਨਾਲ ਗੱਦਾਰੀ ਤੇ ਸਾਥੀਆਂ ਨਾਲ ਵਿਸ਼ਵਾਤਘਾਤ ਸੀ ਜਿਹੜਾ ਕਿਸੇ ਤਰ੍ਹਾਂ ਵੀ ਮੁਆਫ਼ ਕਰਨ ਯੋਗ ਨਹੀਂ।” ਮੈਂ ਉਤਰ ਵਿਚ ਕਿਹਾ।
ਦਰਅਸਲ ਯਸ਼ ਪਾਲ ਨੇ ਕਰਾਂਤੀਕਾਰੀ ਅੰਦੋਲਨ ਦੇ ਅੰਦਰ ਹੀ ਸਰਕਾਰੀ ਨੌਕਰੀ ਕਰ ਲਈ ਸੀ। ਗੋਰਖਪੁਰ ਦੇ ਧਰਮੇਂਦਰ ਗੌੜ ਨੇ, ਜਿਹੜੇ ਰਿਟਾਇਰਡ ਸੀ.ਆਈ.ਡੀ. ਅਫ਼ਸਰ ਹਨ, ਆਪਣੀ ਕਿਤਾਬ 'ਚੰਦਰ ਸ਼ੇਖਰ ਆਜ਼ਾਦ ਕੇ ਗੱਦਾਰ ਸਾਥੀ' ਵਿਚ ਇਸ ਗੱਲ ਦੇ ਫ਼ੋਟੋਸਟੇਟ ਸਬੂਤ ਦਿੱਤੇ ਹਨ ਕਿ ਯਸ਼ ਪਾਲ ਤੇ ਵੀਰਭੱਦਰ ਤਿਵਾੜੀ ਸਰਕਾਰੀ ਮੁਖਬਰ ਸਨ।
ਜਿੱਥੋਂ ਤਕ ਯਸ਼ ਪਾਲ ਦੀ ਲੇਖਨੀ ਦਾ ਸੰਬੰਧ ਹੈ, ਉਹ ਮਾਰਕਸਵਾਦੀ ਤਾਂ ਸੀ ਹੀ ਨਹੀਂ। 'ਪ੍ਰਾਗਮਾਟਿਸਟ' ਭਾਵ ਵਿਹਾਰਵਾਦੀ ਸੀ, ਜਿਸ ਦੀ ਸਮਝ ਵਿਚ ਲਾਭਵੰਤ ਝੂਠ, ਝੂਠ ਨਹੀਂ ਸੱਚ ਹੁੰਦਾ। 'ਦਿਵਯ', 'ਪਾਰਟੀ ਕਾਮਰੇਡ', 'ਮਨੁੱਸ਼ ਕੇ ਰੂਪ' ਤੇ 'ਝੂਠਾ ਸੱਚ' ਆਦੀ ਨਾਵਲਾਂ ਵਿਚ ਯਸ਼ ਪਾਲ ਹੀਰੋ ਨੂੰ ਆਪਣੇ ਆਦਰਸ਼ ਸੌਂਪਦਾ ਹੈ ਤੇ ਫੇਰ ਉਹਨਾਂ ਆਦਰਸ਼ਾਂ ਤੋਂ ਗੱਦਾਰੀ ਕਰਵਾਉਂਦਾ ਹੈ। ਇਸ ਲਈ ਉਸਦੇ ਨਾਵਲ ਬ੍ਰਿਟਿਸ਼ ਕਾਲ ਵਿਚ ਵੀ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਰਹੇ। 'ਦਾਦਾ ਕਾਮਰੇਡ' ਦਾ ਹੀਰੋ ਔਰਤ ਨੂੰ ਨੰਗੀ ਵੇਖ ਕੇ ਹੀ ਵਿਅਕਤੀਤਵ ਦੀ ਪੂਰਨਤਾ ਪ੍ਰਾਪਤ ਕਰਦਾ ਹੈ। ਰਾਸ਼ਟਰ ਲਈ ਸਮਰਪਿੱਤ ਲੇਖਕ ਅਜਿਹੀ ਗੱਲ ਸੋਚ ਹੀ ਨਹੀਂ ਸਕਦਾ। ਉਸਦੇ ਨਾਵਲਾਂ ਕਹਾਣੀਆਂ ਵਿਚ ਅਸ਼ਲੀਲਤਾ ਹੈ ਤੇ ਉਹ ਔਰਤ ਦੀ ਆਜ਼ਾਦੀ ਦੇ ਨਾਂ ਉੱਤੇ ਯੌਨ-ਅਰਾਜਕਤਾ ਨੂੰ ਉਤਸਾਹਿਤ ਕਰਦਾ ਹੈ। ਲਿਖਤ, ਲੇਖਕ ਦੇ ਵਿਅਕਤੀਤਵ ਤੋਂ ਵੱਖਰੀ ਹੋ ਹੀ ਨਹੀਂ ਸਕਦੀ।
ਪਰ ਮੰਮਥ ਨਾਥ ਗੁਪਤ ਯਸ਼ ਪਾਲ ਦੇ ਹੱਕ ਵਿਚ ਪੂਰੇ ਵਿਸ਼ਵਾਸ ਨਾਲ ਆਪਣਾ ਸ਼ੰਖ ਪੂਰਦੇ ਰਹਿੰਦੇ ਹਨ। 'ਨੌਜਵਾਨ ਭਾਰਤ ਸਭਾ' ਦੇ ਸਹਿ-ਭੋਜਾਂ ਦਾ ਜਿਹੜਾ ਵਰਨਣ 'ਸਿੰਹਾਵਲੋਕਨ' ਵਿਚ ਹੈ, ਇੰਜ ਹੈ...:
“'ਨੌਜਵਾਨ ਭਾਰਤ ਸਭਾ' ਵੱਲੋਂ ਸਹਿ-ਭੋਜ ਵੀ ਕੀਤੇ ਜਾਂਦੇ ਸਨ। ਛੂਈ-ਛੂਤ ਤੇ ਸੰਪਰਦਾਇਕਤਾ ਨੂੰ ਸਮਾਪਤ ਕਰਨ ਦਾ ਇਹ ਇਕ ਚੰਗਾ ਯਤਨ ਸੀ। ਉਸ ਸਮੇਂ ਦੇ ਸਹਿ-ਭੋਜਾਂ ਵਿਚ ਠਾਠ ਦਾ ਭੋਜਨ ਨਹੀਂ ਸੀ ਹੁੰਦਾ, ਬਲਕਿ ਪ੍ਰਤੀਕ-ਆਤਮਕ ਰੂਪ ਵਿਚ ਲੋਕਾਂ ਵਿਚ ਪਰੇਮ ਭਾਵ ਨੂੰ ਵਧਾਇਆ ਜਾਂਦਾ ਸੀ। ਤੱਪੜ ਵਿਛਾ ਦਿੱਤਾ ਜਾਂਦਾ ਸੀ ਤੇ ਪੱਤਲਾਂ ਜਾਂ ਕਸੋਰਿਆਂ ਵਿਚ ਖਿਚੜੀ ਜਾਂ ਛੋਲਿਆਂ ਦਾ ਪਲਾਅ, ਮਠਾ ਪਰੋਸਿਆ ਜਾਂਦਾ ਸੀ।
“ਉਦੇਸ਼ ਸਿਰਫ ਏਨਾ ਸੀ ਕਿ ਲੋਕ ਨਾਲ-ਨਾਲ ਉਠਣ-ਬੈਠਣ, ਖਾਣ-ਪੀਣ ਤੇ ਉਹਨਾਂ ਵਿਚ ਕੋਈ ਭੇਦਭਾਵ ਨਾ ਰਹੇ। ਇਹਨਾਂ ਸਹਿ-ਭੋਜਾਂ ਨੂੰ ਹੋਰ ਵਧ ਲਾਭਕਾਰੀ ਬਣਾਉਣ ਲਈ ਤੇ ਰੂੜੀਆਂ 'ਤੇ ਵਾਰ ਕਰਨ ਲਈ ਇਕ ਅਜਿਹਾ ਪ੍ਰਬੰਧ ਵੀ ਕੀਤਾ ਗਿਆ ਕਿ ਝਟਕੇ ਦੇ ਮੀਟ ਤੇ ਹਲਾਲ ਦੇ ਗੋਸ਼ਤ ਨੂੰ ਇਕੋ ਦੇਗ ਵਿਚ ਰਿੰਨ੍ਹਿਆਂ ਜਾਂਦਾ ਤੇ ਮੁਸਲਮਾਨ, ਹਿੰਦੂ, ਸਿੱਖ ਨੌਜਵਾਨ ਰਲ ਕੇ ਛਕਦੇ। ਇੰਜ 'ਨੌਜਵਾਨ ਭਾਰਤ ਸਭਾ' ਦੇ ਲੋਕ ਉਸ ਮੂਰਖਤਾ ਭਰੀ ਪਰੰਪਰਾ ਨਾਲੋਂ ਆਪਣੇ ਆਪ ਨੂੰ ਵੱਖ ਕਰ ਰਹੇ ਸਨ, ਜਿਸ ਵਿਚ 'ਤੂੰ ਵੀ ਭਲਾ ਤੇ ਮੈਂ ਵੀ ਭਲਾ' ਵਰਗੇ ਵਿਚਾਰਾਂ ਦਾ ਪਰਚਾਰ ਕੀਤਾ ਜਾਂਦਾ ਹੈ। ਅਸਲ ਵਿਚ ਸਾਰੇ ਲੋਕ ਵੱਖ-ਵੱਖ ਰਹਿੰਦੇ ਹਨ। ਲੋਕ 'ਅੱਲ੍ਹਾ ਹੋ ਅਕਬਰ' ਜਾਂ 'ਸਤ ਸ੍ਰੀ ਆਕਾਲ' ਤੇ 'ਵੰਦੇ ਮਾਤਰਮ' ਕਹਿ ਕੇ ਇਕ ਦੂਜੇ ਦੀ ਖ਼ੁਸ਼ਾਮਦ ਕਰਕੇ ਇਕ ਦੂਜੇ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਹੋਏ, ਸੱਚੀ ਏਕਤਾ ਵੱਲ ਵਧ ਰਹੇ ਸਨ। ਇਸ ਨੂੰ ਵਿਚਾਰਕ ਰੂਪ ਵੀ ਦਿੱਤਾ ਜਾਂਦਾ ਸੀ। ਪ੍ਰਿੰਸੀਪਲ ਛਬੀਲ ਦਾਸ ਇਸ ਕਾਰਜ ਵਿਚ ਬੜਾ ਸਹਿਯੋਗ ਦਿੰਦੇ ਸਨ। ਮੁਸਲਮਾਨ ਸਾਥੀਆਂ ਵਿਚ ਫਜਲ, ਮੰਸੂਰ, ਅਹਿਸਾਨ ਇਲਾਹੀ ਵੀ ਸਰਗਰਮੀ ਨਾਲ ਹਿੱਸਾ ਲੈਂਦੇ ਸਨ।”
ਪਹਿਲੇ ਤੇ ਦੂਜੇ ਪਹਿਰੇ ਵਿਚ ਅੰਤਰ-ਵਿਰੋਧ ਹੈ। ਪਹਿਲੇ ਪਹਿਰੇ ਵਿਚ ਲਿਖਿਆ ਹੈ ਕਿ 'ਸਹਿ-ਭੋਜ ਵਿਚ ਠਾਠ ਦਾ ਭੋਜਨ ਨਹੀਂ, ਖਿਚੜੀ, ਛੋਲਿਆਂ ਦਾ ਪੁਲਾਅ ਤੇ ਮਠਾ ਪਰੋਸਿਆ ਜਾਂਦਾ ਸੀ।' ਜਦਕਿ ਦੂਜੇ ਪਹਿਰੇ ਵਿਚ 'ਝਟਕੇ ਤੇ ਹਲਾਲ ਦਾ ਗੋਸ਼ਤ ਇਕੋ ਦੇਗ ਵਿਚ ਬਣਾਇਆ ਜਾਂਦਾ ਹੈ ਤੇ ਉਸਨੂੰ ਹਿੰਦੂ, ਸਿੱਖ, ਮੁਸਲਮਾਨ ਨੌਜਵਾਨ ਇਕੱਠੇ ਰਲ-ਮਿਲ ਕੇ ਖਾਂਦੇ ਹਨ।' ਇਹ ਦੂਜੀ ਗੱਲ ਯਸ਼ ਪਾਲ ਦੇ ਦਿਮਾਗ਼ ਦੀ ਉਪਜ ਹੈ ਤੇ ਇਹ ਗੱਲ ਜਨਤਾ ਨੂੰ ਅੰਦੋਲਨ ਨਾਲ ਜੋੜਦੀ ਨਹੀਂ, ਤੋੜਦੀ ਹੈ। ਝਟਕਾ ਤੇ ਹਲਾਲ ਰਲਾ ਕੇ ਖਾਣ ਨਾਲ ਪੁਰਾਣੇ ਸੰਸਕਾਰ ਨਵੇਂ ਨਹੀਂ ਬਣ ਜਾਂਦੇ। ਕਰਾਂਤੀਕਾਰੀ ਤੇ ਨਾਸਤਕ ਬਣਨ ਦੀ ਇਹ ਗੱਲ ਬਿਲਕੁਲ ਓਪਰੀ ਤੇ ਭੱਦੀ ਹੈ, ਜਿਹੜੀ ਸਿਰਫ ਯਸ਼ ਪਾਲ ਹੀ ਸੋਚ ਤੇ ਲਿਖ ਸਕਦਾ ਹੈ। ਫੇਰ 'ਬੰਦੇ ਮਾਤਰਮ' ਨੂੰ 'ਅੱਲਾ ਹੋ ਅਕਬਰ' ਤੇ 'ਸਤ ਸ੍ਰੀ ਆਕਾਲ' ਨਾਲ ਮੇਲਨਾ ਵੀ ਯਸ਼ ਪਾਲ ਦਾ ਹੀ ਕੰਮ ਢੰਗ ਹੈ। 'ਵੰਦੇ ਮਾਤਰਮ' ਸਾਡੇ ਰਾਸ਼ਟਰੀ ਸੰਘਰਸ਼ ਵਿਚੋਂ ਉਪਜਿਆ ਰਾਸ਼ਟਰੀ ਨਮਸਕਾਰ ਹੈ। ਇਸ ਲਈ ਸਾਡੀ ਜਨਤਾ ਨੇ ਤੇ ਵਿਦਿਆਰਥੀਆਂ ਤਕ ਨੇ ਅੰਗਰੇਜ਼ ਸਰਕਾਰ ਦਾ ਦਮਨ ਝੱਲਿਆ, ਪੁਲਸ ਦੀਆਂ ਡਾਂਗਾਂ ਖਾਧੀਆਂ ਤੇ ਜੇਲ੍ਹ ਗਏ। ਭਗਤ ਸਿੰਘ ਤੇ ਉਹਨਾਂ ਦੇ ਸਾਥੀ 'ਨੌਜਵਾਨ ਭਾਰਤ ਸਭਾ' ਵਿਚ 'ਵੰਦੇ ਮਾਤਰਮ' ਨਾਲ ਇਕ ਦੂਜੇ ਨੂੰ ਨਮਸਕਾਰ ਕਰਦੇ ਸਨ। ਤੇ ਇਹ ਨਮਸਕਾਰ ਉਹਨਾਂ ਦੇ ਖ਼ਤਾਂ ਵਿਚ ਵੀ ਵਰਤਿਆ ਹੋਇਆ ਹੈ। 'ਵੰਦੇ ਮਾਤਰਮ' ਦੇ ਪ੍ਰਤੀ ਯਸ਼ ਪਾਲ ਦੀ ਘੱਟ ਜਾਣਕਾਰੀ ਅਜੀਬ ਗੱਲ ਹੈ ਤੇ 'ਅੱਲਾ ਹੋ ਅਕਬਰ' ਤੇ 'ਸਤ ਸ੍ਰੀ ਆਕਾਲ' ਨੂੰ ਖ਼ੁਸ਼ਾਮਦ ਕਹਿਣਾ ਵੀ ਅਜੀਬ ਗੱਲ...
ਅਸੀਂ ਪ੍ਰਤੱਖ-ਦਰਸ਼ੀ ਰਾਜਾ ਰਾਮ ਸ਼ਾਸਤਰੀ ਦੇ ਸੰਸਮਰਣ (ਯਾਦਾਂ) ਪੜ੍ਹੇ, ਉਹਨਾਂ ਵਿਚ ਅਜਿਹੀ ਕਿਸੇ ਗੱਲ ਦਾ ਜ਼ਿਕਰ ਨਹੀਂ। ਹੁਣ ਅਧਿਅਨ, ਪਰਚਾਰ ਤੇ ਸੰਗਠਨ ਸੰਬੰਧੀ ਪ੍ਰਤੱਖ-ਦਰਸ਼ੀ ਮਥਰਾ ਦਾਸ ਥਾਪਰ ਦੀਆਂ ਯਾਦਾਂ ਵੀ ਦੇਖਦੇ ਹਾਂ। ਇਹਨਾਂ ਵਿਚ ਵੀ ਅਜਿਹੀ ਕੋਈ ਗੱਲ ਨਹੀਂ ਦਿਸੇਗੀ...:
“ਸੁਖਦੇਵ ਦੀ ਅਲਮਾਰੀ ਅਗਿਣਤ ਕਿਤਾਬਾਂ ਨਾਲ ਭਰੀ ਹੁੰਦੀ ਸੀ। ਦੁਆਰਕਾ ਦਾਸ ਲਾਇਬਰੇਰੀ, ਪੰਜਾਬ ਲਾਇਬਰੇਰੀ ਤੇ ਕਾਲਜ ਲਾਇਬਰੇਰੀ ਦੀਆਂ ਕਿਤਾਬਾਂ ਕਮਰੇ ਵਿਚ ਪਈਆਂ ਰਹਿੰਦੀਆਂ ਸਨ। ਕੋਰਸ ਦੀਆਂ ਕਿਤਾਬਾਂ ਨੂੰ ਤਾਂ ਉਹ ਬੜਾ ਘੱਟ ਛੂੰਹਦੇ ਸਨ। ਮੈਂ ਉਹਨਾਂ ਨੂੰ ਅਕਸਰ ਵਿਸ਼ਵ-ਕਰਾਂਤੀ, ਰਾਜਨੀਤੀ, ਸਮਾਜ-ਸ਼ਾਸਤਰ, ਭਾਰਤੀ ਤੇ ਵਿਸ਼ਵ-ਇਤਿਹਾਸ ਦੀਆਂ ਕਿਤਾਬਾਂ ਨਾਲ ਚਿਪਕਿਆ ਹੀ ਦੇਖਦਾ। ਫਰਾਂਸ, ਇਟਲੀ ਤੇ ਰੂਸ ਦੀਆਂ ਰਾਜ-ਕਰਾਂਤੀਆਂ ਤੇ ਵੱਖ-ਵੱਖ ਦੇਸ਼ਾਂ ਦੇ ਸੁਤੰਤਰਤਾ ਘੋਲਾਂ ਵਿਚ ਰੁਚੀ ਦਾ ਪਤਾ ਉਹਨਾਂ ਦੇ ਅਧਿਅਨ ਤੇ ਗੱਲਬਾਤ ਤੋਂ ਲੱਗਦਾ ਸੀ। ਸੁਖਦੇਵ ਤੇ ਭਗਤ ਸਿੰਘ ਕਦੀ-ਕਦੀ ਕਾਲਜੋਂ ਸਿੱਧੇ ਘਰ ਆ ਜਾਂਦੇ ਤੇ ਦੇਰ ਤਕ ਕੂਕਾ ਵਿਦਰੋਹ, ਗਦਰ ਪਾਰਟੀ, ਕਰਤਾਰ ਸਿੰਘ ਸਰਾਭਾ, ਸੂਫ਼ੀ ਅੰਬਾ ਪਰਸਾਦ ਤੇ ਬੱਬਰ ਅਕਾਲੀਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਦੇ ਜ਼ਿਕਰ ਵਿਚ ਉਲਝੇ ਰਹਿੰਦੇ। ਗੋਰਕੀ, ਵਿਕਟਰ ਹਿਊਗੋ, ਟਾਲਸਟਾਏ ਤੇ ਦੋਸਤੋਵਸਕੀ ਵਰਗੇ ਮਹਾਨ ਵਿਚਾਰਕਾਂ ਤੇ ਲੇਖਕਾਂ ਬਾਰੇ ਉਹ ਘੰਟਿਆਂ ਬੱਧੀ ਸਿਰ ਜੋੜ ਕੇ ਚਰਚਾ ਕਰਦੇ ਰਹਿੰਦੇ। ਸੁਖਦੇਵ ਦੀ ਅਲਮਾਰੀ ਦੀਆਂ ਕਿਤਾਬਾਂ ਵਿਚੋਂ ਮੈਨੂੰ ਦੋ-ਚਾਰ ਦਾ ਨਾਂ ਹੀ ਚੇਤੇ ਰਹਿ ਗਿਆ ਹੈ। ਉਹਨਾਂ ਵਿਚ ਰੋਪਸ਼ਿਨ ਦੀ 'ਰਸ਼ੀਅਨ ਡੈਮੋਕ੍ਰੇਸ਼ੀ', ਮੈਕਸਵਿਨੀ ਦੀ 'ਪ੍ਰਿੰਸੀਪਲਸ ਆਫ ਫਰੀਡਮ', ਮਾਰਕਸ ਦੀ 'ਸਿਵਲ ਵਾਰ ਇਨ ਫਰਾਂਸ' ਤੇ ਬੁਖਾਰਿਨ ਦੀ 'ਹਿਸਟੋਰੀਕਲ ਮੈਟੀਰੀਅਲਿਜ਼ਮ' ਪ੍ਰਮੁੱਖ ਹਨ।
“ਸੁਖਦੇਵ ਤੇ ਭਗਤ ਸਿੰਘ ਅਰਾਜਕਤਾ ਉੱਪਰ ਵੀ ਬਹਿਸ ਕਰਦੇ ਹੁੰਦੇ ਸਨ। ਮੈਨੂੰ ਧੁੰਦਲਾ ਜਿਹਾ ਚੇਤਾ ਆਉਂਦਾ ਹੈ ਕਿ ਭਗਤ ਸਿੰਘ ਨੇ ਦੁਆਰਕਾ ਦਾਸ ਲਾਇਬਰੇਰੀ ਵਿਚੋਂ ਕੋਈ ਕਿਤਾਬ 'ਅਰਾਨਕਿਜ਼ਮ ਐਂਡ ਅਦਰ ਐਸੇਜ਼' ਲੈ ਕੇ ਪੜ੍ਹੀ ਸੀ ਤੇ ਉਸ ਤੋਂ ਉਹ ਬੜੇ ਪ੍ਰਭਾਵਿਤ ਹੋਏ ਸਨ। ਇਹ ਮੈਨੂੰ ਇਸ ਲਈ ਚੇਤੇ ਹੈ ਕਿ ਇਸ ਕਿਤਾਬ ਦੇ ਵਿਸ਼ੇ ਬਾਰੇ ਭਗਤ ਸਿੰਘ ਤੇ ਸੁਖਦੇਵ ਕਈ ਮਹੀਨੇ ਤਕ ਉਲਝੇ ਰਹੇ ਸਨ।”
ਦੋਹਾਂ ਕਰਾਂਤੀਕਾਰੀਆਂ ਦੀ ਇਸ ਮਾਨਸਿਕ ਭੁੱਖ ਬਾਰੇ ਪ੍ਰਸਿੱਧ ਕਰਾਂਤੀਕਾਰੀ ਸ਼ਿਵ ਵਰਮਾ ਲਿਖਦੇ ਹਨ...:
“ਭਗਤ ਸਿੰਘ ਤੇ ਸੁਖਦੇਵ ਨੂੰ ਛੱਡ ਕੇ ਕਿਸੇ ਨੇ ਨਾ ਤਾਂ ਸਮਾਜਵਾਦ ਬਾਰੇ ਵੱਧ ਪੜ੍ਹਿਆ ਹੀ ਸੀ ਤੇ ਨਾ ਮਨਨ ਹੀ ਕੀਤਾ ਸੀ। ਭਗਤ ਸਿੰਘ ਤੇ ਸੁਖਦੇਵ ਦਾ ਗਿਆਨ ਹੀ ਸਾਡੇ ਮੁਕਾਬਲੇ ਵੱਧ ਵੀ ਸੀ।
“ਸਨ 1926 ਵਿਚ ਸੁਖਦੇਵ, ਭਗਤ ਸਿੰਘ ਤੇ ਭਗਵਤੀ ਚਰਣ ਆਦੀ ਨੇ ਲਾਹੌਰ ਵਿਚ 'ਨੌਜਵਾਨ ਭਾਰਤ ਸਭਾ' ਬਣਾਈ ਸੀ। ਇਸ ਦਾ ਅਸਲ ਉਦੇਸ਼ ਇਸ਼ਤਿਹਾਰਾਂ, ਬੁਲਾਰਿਆਂ ਤੇ ਸਭਾਵਾਂ ਰਾਹੀਂ ਆਪਣੇ ਵਿਚਾਰਾਂ ਨੂੰ ਆਮ ਜਨਤਾ ਤਕ ਪਹੁੰਚਾਉਣਾ ਤੇ ਪ੍ਰਚੰਡ-ਰਾਸ਼ਟਰੀ ਭਾਵਨਾਵਾਂ ਪੈਦਾ ਕਰਨਾ ਸੀ। ਇਹ ਕਰਾਂਤੀਕਾਰੀ ਅੰਦੋਲਨ ਦਾ ਇਕ ਮਹੱਤਵਪੂਰਨ ਮੰਚ ਸੀ, ਜਿਸ ਵਿਚ ਨਵੇਂ ਸਾਥੀਆਂ ਨੂੰ ਭਰਤੀ ਕਰਕੇ ਕਰਾਂਤੀ ਦੀ ਰਾਹ ਉੱਤੇ ਅੱਗੇ ਵਧਿਆ ਜਾ ਸਕਦਾ ਸੀ।
“ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਝੰਗ ਨਿਵਾਸੀ ਰਾਮ ਕਿਸ਼ਨ, ਮੰਤਰੀ ਭਗਤ ਸਿੰਘ ਤੇ ਪਰਚਾਰ ਮੰਤਰੀ ਭਗਵਤੀ ਚਰਣ ਸਨ। ਕੇਦਾਰ ਨਾਥ ਸਹਿਗਲ, ਸੈਫੂੱਦੀਨ ਕਿਚਲੂ, ਕਾਮਰੇਡ ਪਿੰਡੀ ਦਾਸ, ਲਾਲ ਚੰਦਰ ਫਲਕ, ਮੰਸੂਰ ਸਾਹਬ, ਮੁੰਨਸ਼ੀ ਅਹਿਮਦ ਦੀਨ ਵਰਗੇ ਅਗਾਂਹ ਵਧੂ ਨੌਜਵਾਨਾਂ ਤੇ ਨੇਤਾਵਾਂ ਨੇ ਵੀ ਸਭਾ ਨੂੰ ਕਾਫੀ ਸਹਿਯੋਗ ਦਿੱਤਾ। ਸੁਖਦੇਵ, ਭਗਵਤੀ ਚਰਣ, ਭਗਤ ਸਿੰਘ ਆਦੀ ਸਭਾ ਦੇ ਪ੍ਰੋਗਰਾਮ ਕਰਵਾਉਂਦੇ ਤੇ ਆਪਣੇ ਸਾਥੀਆਂ ਨਾਲ ਰਲ ਕੇ ਦਰੀਆਂ ਤਕ ਵਿਛਾਉਂਦੇ ਹੁੰਦੇ ਸਨ।
“ਸਨ 1914 ਦੇ ਪਹਿਲੇ ਪੜਯੰਤਰ ਕੇਸ ਵਿਚ 18 ਸਾਲ ਦੇ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਹੋਈ ਸੀ। 'ਨੌਜਵਾਨ ਭਾਰਤ ਸਭਾ' ਨੇ ਉਸਦਾ ਸ਼ਹੀਦੀ ਦਿਹਾੜਾ ਬਰੇਡਲਾ ਹਾਲ ਵਿਚ ਬੜੇ ਵੱਡੇ ਪਰਚਾਰ-ਪੱਧਰ 'ਤੇ ਮਨਾਇਆ।  ਇਹ ਆਮ ਸਭਾ ਸੀ ਤੇ ਇਸ ਦਾ ਉਦੇਸ਼ ਨੌਜਵਾਨਾਂ ਨੂੰ ਕਰਾਂਤੀ ਦੀ ਰਾਹ 'ਤੇ ਤੋਰਨਾਂ ਸੀ। ਸੰਪਰਦਾਇਕ ਏਕਤਾ ਤੇ ਆਪਸੀ ਭਾਈਚਾਰੇ ਦੀ ਸਾਂਝ ਵਧਾਉਣ ਲਈ ਸਭਾ ਵਿਚ ਸਾਰੇ ਧਰਮਾਂ ਦੇ ਲੋਕਾਂ ਦੀ ਭਰਤੀ, ਪ੍ਰੀਤੀ-ਭੋਜ ਤੇ ਧਾਰਮਕ ਅੰਧਵਿਸ਼ਵਾਸ ਦੇ ਵਿਰੁੱਧ ਭਾਸ਼ਣ ਵੀ ਹੁੰਦੇ ਸਨ। ਅਹਿਸਾਨ ਇਲਾਹੀ, ਮੰਸੂਰ, ਫਜ਼ਲ ਇਲਾਹੀ ਆਦੀ ਇਹਨਾਂ ਵਿਚ ਖਾਸਾ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਸਭਾ ਵਿਚ ਧਾਰਮਕ ਨਾਅਰੇ ਬਾਜ਼ੀ ਲਈ ਕੋਈ ਸਥਾਨ ਨਹੀਂ ਸੀ। ਉਸਦੇ ਨਾਅਰੇ ਸਨ...'ਹਿੰਦੁਸਤਾਨ ਜ਼ਿੰਦਾਬਾਦ' ਤੇ 'ਵੰਦੇ ਮਾਤਰਮ'। ਇਹ ਗਤੀ-ਵਿਧੀਆਂ ਅਸਲ ਵਿਚ ਗੁਪਤ-ਕਰਾਂਤੀਕਾਰੀ-ਅੰਦੋਲਨ ਦਾ ਬੀਜ-ਰੂਪ ਸਨ, ਜਿਹੜੀਆਂ ਅੱਗੇ ਜਾ ਕੇ ਮਹਾਨ ਸੰਗਠਨ ਦੇ ਰੂਪ ਵਿਚ ਤਬਦੀਲ ਹੋ ਗਈਆਂ।
“ਸਨ 1926 ਤਕ ਸੰਗਠਨ ਵਿਚ ਕੋਈ ਵਿਸ਼ੇਸ਼ ਜਾਨ ਨਹੀਂ ਸੀ ਪਈ। ਪੰ. ਜੈ ਚੰਦਰ ਵਿਧਾਲੰਕਾਰ ਦੇ ਇਸ਼ਾਰੇ ਉੱਪਰ ਜੋ ਕੁਝ ਹੁੰਦਾ ਸੀ, ਉਹ ਵਧੇਰੇ ਨਹੀਂ ਸੀ। ਥੋੜ੍ਹਾ-ਬਹੁਤਾ ਕਰਦਿਆਂ ਹੋਇਆਂ ਵੀ ਮਨ ਦੀ ਤਸੱਲੀ ਨਹੀਂ ਸੀ ਹੁੰਦੀ। ਕੁਝ ਕਰ ਦਿਖਾਉਣ ਦੀ ਲਲਕ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਣ ਨੂੰ ਬੇਚੈਨ ਕਰੀ ਰੱਖਦੀ। ਜੈ ਚੰਦਰ ਵਿਧਾਲੰਕਾਰ ਇਕ ਹੱਦ ਤੋਂ ਅੱਗੇ ਨਹੀਂ ਸਨ ਵਧਣਾ ਚਹੁੰਦੇ। ਭਗਤ ਸਿੰਘ ਕੁਝ ਸੰਪਰਕ ਸੂਤਰ ਲੱਭਣ ਲਈ ਦਿੱਲੀ ਤੇ ਕਾਨ੍ਹਪਰ ਘੁੰਮ ਰਹੇ ਸਨ, ਸੁਖਦੇਵ ਲਾਇਲਪੁਰ ਤੇ ਲਾਹੌਰ ਵਿਚਕਾਰ ਭੱਜ-ਦੌੜ ਕਰਦੇ ਹੋਏ ਆਪਣੇ ਜਤਨਾਂ ਵਿਚ ਰੁੱਝੇ ਹੋਏ ਸਨ। ਤੇ ਭਗਵਤੀ ਚਰਣ ਕਰਾਂਤੀਕਾਰੀ ਅੰਦੋਲਨ ਦਾ ਇਤਿਹਾਸ ਲਿਖਣ ਵਿਚ ਜੁਟ ਗਏ ਸਨ। ਇਹਨਾਂ ਪ੍ਰਬਲ ਇੱਛਾਵਾਂ ਤੇ ਯਤਨਾਂ ਦੇ ਬਾਵਜੂਦ ਵੀ 'ਨੌਜਵਾਨ ਭਾਰਤ ਸਭਾ' ਠੁੱਸ ਵਾਂਗਰ ਹੀ ਹੋਈ ਹੋਈ ਸੀ।...”


ਭਗਤ ਸਿੰਘ ਨੇ ਸ਼ਚੀਂਦਰ ਨਾਥ ਸਾਨਿਆਲ ਦੀ ਪੁਸਤਕ 'ਬੰਦੀ ਜੀਵਨ' ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਕਿਰਤੀ ਰਸਾਲੇ ਦੇ ਮਈ-ਜੂਨ ਅੰਕਾਂ ਵਿਚ ਇਸਦਾ ਇਸ਼ਤਿਹਾਰ ਛਪਵਾਇਆ। ਮਈ 1927 ਵਿਚ ਹੀ ਵਿਦਰੋਹੀ ਦੇ ਨਕਲੀ ਨਾਂ ਹੇਠ 'ਕਾਕੋਰੀ ਦੇ ਬਹਾਦਰਾਂ ਨਾਲ ਜਾਨ-ਪਛਾਣ' ਲੇਖ ਵੀ ਛਾਪਿਆ ਗਿਆ। ਇਸ ਲੇਖ ਕੇ ਆਧਾਰ ਉੱਤੇ ਉਹਨਾਂ ਦੇ ਵਾਰੰਟ ਨਿਕਲੇ ਤੇ ਉਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ। 'ਮੈਂ ਨਾਸਤਕ ਕਿਓਂ ਹਾਂ?' ਲੇਖ ਵਿਚ ਇਸ ਗਿਰਫਤਾਰੀ ਦੀ ਗੱਲ ਭਗਤ ਸਿੰਘ ਨੇ ਖ਼ੁਦ ਇੰਜ ਲਿਖੀ ਹੈ...:
“ਮਈ 1927 ਵਿਚ ਮੈਨੂੰ ਲਾਹੌਰ ਤੋਂ ਗਿਰਫਤਾਰ ਕੀਤਾ ਗਿਆ। ਮੇਰੀ ਗਿਰਫਤਾਰੀ ਮੇਰੇ ਲਈ ਬੜੀ ਹੈਰਾਨੀ ਦੀ ਗੱਲ ਸੀ। ਮੈਨੂੰ ਕਤਈ ਪਤਾ ਨਹੀਂ ਸੀ ਕਿ ਪੁਲਸ ਮੇਰੇ ਪਿੱਛੇ ਲੱਗੀ ਹੋਈ ਹੈ। ਇਕ ਬਾਗ਼ ਵਿਚੋਂ ਲੰਘਦਿਆਂ ਹੋਇਆਂ ਅਚਾਨਕ ਮੈਂ ਦੇਖਿਆ ਕਿ ਪੁਲਸ ਨੇ ਮੈਨੂੰ ਘੇਰਿਆ ਹੋਇਆ ਹੈ। ਮੈਨੂੰ ਖ਼ੁਦ ਹੈਰਾਨੀ ਹੁੰਦੀ ਹੈ ਕਿ ਮੈਂ ਉਸ ਸਮੇਂ ਬੜੇ ਸ਼ਾਂਤ ਢੰਗ ਨਾਲ ਪੇਸ਼ ਆਇਆ ਸਾਂ। ਮੈਨੂੰ ਘਬਰਾਹਟ ਨਹੀਂ ਸੀ ਹੋਈ ਤੇ ਨਾ ਹੀ ਮੈਂ ਉਤੇਜਿਤ ਹੋਇਆ ਸਾਂ। ਮੈਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ। ਅਗਲੇ ਦਿਨ ਉਹ ਮੈਂਨੂੰ ਰੇਲਵੇ ਪੁਲਸ ਜੇਲ੍ਹ ਵਿਚ ਲੈ ਗਏ ਤੇ ਮੈਂ ਇਕ ਮਹੀਨਾ ਉੱਥੇ ਰਿਹਾ। ਪੁਲਸ ਅਫ਼ਸਰਾਂ ਨਾਲ ਕਈ ਦਿਨਾਂ ਦੀ ਗੱਲ ਬਾਤ ਪਿੱਛੋਂ ਮੈਂ ਅੰਦਾਜ਼ਾ ਲਾਇਆ ਕਿ ਉਹਨਾਂ ਕੋਲ ਕਾਕੋਰੀ ਦਲ ਨਾਲ ਮੇਰੇ ਸੰਬੰਧਾਂ ਤੇ ਕਰਾਂਤੀਕਾਰੀ ਅੰਦੋਲਨਾਂ ਨਾਲ ਸੰਬੰਧਤ ਮੇਰੀਆਂ ਗਤੀ-ਵਿਧੀਆਂ ਬਾਰੇ ਕੁਛ ਜਾਣਕਾਰੀ ਹੈ। ਉਹਨਾਂ ਮੈਨੂੰ ਦੱਸਿਆ ਕਿ (ਕਾਕੋਰੀ) ਮੁਕੱਦਮੇ ਦੀ ਸੁਣਵਾਈ ਸਮੇਂ ਮੈਂ ਲਖ਼ਨਊ ਵਿਚ ਸਾਂ। ਮੈਂ ਉਹਨਾਂ (ਕਾਕੋਰੀ ਦੋਸ਼ੀਆਂ) ਨਾਲ ਗੱਲਬਾਤ ਕਰਕੇ ਉਹਨਾਂ ਨੂੰ ਭਜਾਉਣ ਦੀ ਯੋਜਨਾ ਬਣਾਈ ਸੀ ਤੇ ਉਹਨਾਂ ਦੀ ਸਹਿਮਤੀ ਮਿਲਣ ਪਿੱਛੋਂ ਅਸੀਂ ਕੁਝ ਬੰਬ ਇਕੱਠੇ ਕੀਤੇ ਤੇ ਪਰੀਖਣ ਲਈ ਉਹਨਾਂ ਵਿਚੋਂ ਇਕ 1926 ਦੇ ਦਸ਼ਹਿਰੇ ਦੇ ਮੌਕੇ ਭੀੜ ਵਿਚ ਸੁੱਟਿਆ। ਉਹਨਾਂ ਮੇਰੀ ਭਲਾਈ ਖਾਤਰ ਮੈਨੂੰ ਇਹ ਵੀ ਕਿਹਾ ਕਿ ਜੇ ਮੈਂ ਕਰਾਂਤੀਕਾਰੀ ਦਲ ਦੀਆਂ ਗਤੀ-ਵਿਧੀਆਂ ਬਾਰੇ ਕੋਈ ਬਿਆਨ ਦੇ ਦਿਆਂ ਤਾਂ ਕੈਦ ਨਹੀਂ ਹੋਏਗੀ ਬਲਕਿ ਮੈਨੂੰ ਰਿਹਾਅ ਵੀ ਕਰ ਦੇਣਗੇ ਤੇ ਇਨਾਮ ਵੀ ਦੇਣਗੇ। ਮੈਨੂੰ ਅਦਾਲਤ ਵਿਚ ਵਾਅਦਾ ਮੁਆਫ਼ ਗਵਾਹ ਦੇ ਤੌਰ 'ਤੇ ਪੇਸ਼ ਨਹੀਂ ਕੀਤਾ ਜਾਏਗਾ।
“ਮੈਂ ਉਹਨਾਂ ਦੇ ਇਸ ਸੁਝਾਅ 'ਤੇ ਹੱਸ ਪਿਆ। ਇਹ ਸਰਾਸਰ ਧੋਖਾ ਸੀ। ਸਾਡੇ ਵਰਗੇ ਵਿਚਾਰਾਂ ਵਾਲੇ ਬੰਦੇ ਕਦੀ ਆਪਣੇ ਮਾਸੂਮ ਲੋਕਾਂ ਉੱਤੇ ਬੰਬ ਨਹੀਂ ਸੁੱਟਦੇ। ਇਕ ਸਵੇਰ ਸੀ.ਆਈ.ਡੀ. ਦਾ ਇਕ ਵਿਸ਼ੇਸ਼ ਅਧਿਕਾਰੀ ਮਿਸਟਰ ਨਿਊਮੈਨ ਮੇਰੇ ਕੋਲ ਆਇਆ। ਉਸਨੇ ਮੇਰੇ ਨਾਲ ਹਮਦਰਦੀ ਵਿਖਾਈ ਤੇ ਲੰਮੀ ਗੱਲਬਾਤ ਪਿੱਛੋਂ ਆਪਣੇ ਹਿਸਾਬ ਨਾਲ ਬੜੀ ਮਾੜੀ ਖ਼ਬਰ ਸੁਣਾਈ ਕਿ ਜੇ ਮੈਂ ਉਹਨਾਂ ਦੇ ਕਹਿਣ ਅਨੁਸਾਰ ਕੋਈ ਬਿਆਨ ਨਾ ਦਿੱਤਾ ਤਾਂ ਉਹ, ਮੇਰੇ ਉੱਤੇ ਕਾਕੋਰੀ ਦੇ ਸਿਲਸਿਲੇ ਵਿਚ ਜੰਗ ਸ਼ੁਰੂ ਕਰਨ ਦੀ ਸਾਜਿਸ਼ ਤੇ ਦਸ਼ਹਿਰਾ ਬੰਬ ਕਾਂਢ ਦੇ ਵਹਿਸ਼ੀ ਕਤਲਾਂ ਦਾ ਮੁਕੱਦਮਾ ਚਲਾਉਣ 'ਤੇ ਮਜ਼ਬੂਰ ਹੋਣਗੇ। ਫੇਰ ਉਹ ਮੈਨੂੰ ਦੱਸਣ ਲੱਗੇ ਕਿ ਮੈਨੂੰ ਸਜ਼ਾ ਦਿਵਾਅ ਕੇ ਫਾਂਸੀ ਚੜ੍ਹਾਉਣ ਲਈ ਉਹਨਾਂ ਕੋਲ ਗਵਾਹ ਵੀ ਹਨ। ਉਹਨੀਂ ਦਿਨੀ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਮੇਰੇ ਲੱਖ ਬੇਗੁਨਾਹ ਹੋਣ 'ਤੇ ਵੀ ਪੁਲਸ ਜੋ ਚਾਹੇ ਕਰ ਸਕਦੀ ਹੈ। ਉਸ ਦਿਨ ਕੁਝ ਪੁਲਸ ਅਫ਼ਸਰ ਮੈਨੂੰ ਈਸ਼ਵਰ ਦਾ ਨਾਂਅ ਲੈਣ ਲਈ ਪਰੇਰਤ ਕਰਨ ਲੱਗੇ। ਮੈਂ ਤਾਂ ਨਾਸਤਕ ਸਾਂ। ਮੈਂ ਆਪਣੇ ਆਪ ਨਾਲ ਇਹ ਫ਼ੈਸਲਾ ਕਰਨਾ ਚਾਹੁੰਦਾ ਸਾਂ ਕਿ ਕੀ ਮੈਂ ਸੁਖ-ਸ਼ਾਂਤੀ ਦੇ ਦਿਨਾਂ ਦਾ ਹੀ ਨਾਸਤਕ ਹੋਣ ਦਾ ਦਾਅਵਾ ਕਰ ਸਕਦਾ ਹਾਂ ਜਾਂ ਏਸ ਭੀੜ ਭਰੇ ਸਮੇਂ ਵਿਚ ਵੀ ਆਪਣੇ ਸਿਧਾਂਤ 'ਤੇ ਅਟਲ ਰਹਿ ਸਕਦਾ ਹਾਂ। ਕਾਫੀ ਸੋਚਣ ਪਿੱਛੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਈਸ਼ਵਰ ਵਿਚ ਵਿਸ਼ਵਾਸ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਪ੍ਰਾਰਥਨਾਂ। ਮੈਂ ਕਦੀ ਪ੍ਰਾਰਥਨਾਂ ਨਹੀਂ ਕੀਤੀ। ਇਹ ਇਕ ਪਰਖ ਦੀ ਘੜੀ ਸੀ ਤੇ ਮੈਂ ਇਸ ਪਰਖ ਵਿਚ ਸਫਲ ਰਿਹਾ। ਮੈਂ ਕਦੀ ਇਕ ਪਲ ਲਈ ਵੀ ਕਿਸੇ ਵੀ ਕੀਮਤ ਉੱਤੇ ਆਪਣੀ ਜਾਨ ਬਚਾਉਣ ਖਾਤਰ ਨਹੀਂ ਸੀ ਸੋਚਿਆ। ਇਸ ਲਈ ਮੈਂ ਪੱਕਾ ਨਾਸਤਕ ਸਾਂ। ਉਸ ਪਰਖ ਵਿਚ ਪੂਰਾ ਉਤਰਨਾਂ ਕੋਈ ਆਸਾਨ ਗੱਲ ਨਹੀਂ ਸੀ। 'ਵਿਸ਼ਵਾਸ' ਮੁਸ਼ਕਲਾਂ ਨੂੰ ਨਾ ਸਿਰਫ ਘੱਟ ਕਰਦਾ ਹੈ ਬਲਕਿ ਖ਼ੁਸ਼ਗਵਾਰ ਵੀ ਬਣਾ ਦੇਂਦਾ ਹੈ। ਆਦਮੀ ਈਸ਼ਵਰ ਵਿਚ ਹੌਸਲੇ ਤੇ ਸਹਾਰੇ ਦਾ ਪੂਰਨ ਅਹਿਸਾਸ ਲੱਭ ਸਕਦਾ ਹੈ। ਉਸ ਦੇ ਬਿਨਾਂ ਆਦਮੀ ਨੂੰ ਖ਼ੁਦ ਆਪਣੇ ਉੱਤੇ ਨਿਰਭਰ ਕਰਨਾ ਪੈਂਦਾ ਹੈ। ਝੱਖੜ-ਝੋਲਿਆਂ ਵਿਚ ਮਨ ਦਾ ਥਾਵੇਂ ਰਹਿਣਾ ਬਾਲਾਂ ਦੀ ਖੇਡ ਨਹੀਂ ਹੁੰਦਾ। ਪਰਖ ਦੀ ਅਜਿਹੀ ਘੜੀ ਵਿਚ ਜੇ ਕਿਸੇ ਦੇ ਅੰਦਰ ਰਤਾ ਵੀ ਅਹਮ ਬਚਿਆ ਹੋਵੇ ਤਾਂ ਵੀ ਕਾਫ਼ੂਰ ਹੋ ਜਾਂਦਾ ਹੈ ਤੇ ਆਦਮੀ ਆਮ ਵਿਸ਼ਵਾਸਾਂ ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਕਰ ਸਕਦਾ। ਜੇ ਉਹ ਹੌਸਲਾ ਕਰਦਾ ਹੈ ਤਾਂ ਸਾਨੂੰ ਮੰਨਣਾ ਪਏਗਾ ਕਿ ਉਸ ਵਿਚ ਨਿਰੇ ਅਹਮ ਦੇ ਇਲਾਵਾ ਕੋਈ ਹੋਰ ਤਾਕਤ ਵੀ ਹੁੰਦੀ ਹੋਏਗੀ।”
ਲਾਹੌਰ ਵਿਚ ਹਰ ਸਾਲ ਦੁਸ਼ਹਿਰੇ ਦਾ ਮੇਲਾ ਭਰਦਾ ਸੀ। 1926 ਦੇ ਇਸ ਮੇਲੇ ਵਿਚ ਕਿਸੇ ਨੇ ਬੰਬ ਸੁੱਟਿਆ, ਜਿਸ ਨਾਲ ਦਸ-ਬਾਰਾਂ ਆਦਮੀ ਮਰ ਗਏ ਤੇ ਪੰਜਾਹ ਤੋਂ ਵੱਧ ਜ਼ਖ਼ਮੀ ਹੋਏ। ਇਸ ਬੰਬ ਕਾਂਢ ਦੇ ਸਿਲਸਿਲੇ ਵਿਚ ਦੋ ਕਿਸਮ ਦੇ ਵਿਚਾਰਾਂ ਨੂੰ ਹਵਾ ਦਿੱਤੀ ਗਈ। ਸਾਰੇ ਜਾਣਦੇ ਸਨ ਕਿਸ ਕਰਾਂਤੀਕਾਰੀ ਬੰਬ ਬਣਾਉਂਦੇ ਹਨ ਤੇ ਬੰਬ ਸੁੱਟਣ ਦੀਆਂ ਕਈ ਘਟਨਾਵਾਂ ਵੀ ਹੋ ਚੁੱਕੀਆਂ ਸਨ। ਇਹ ਅਫ਼ਵਾਹ ਫ਼ੈਲਾਈ ਗਈ ਕਿ ਬੰਬ ਕਰਾਂਤੀਕਾਰੀਆਂ ਨੇ ਸੁੱਟਿਆ ਹੈ। ਉਦੇਸ਼—ਕਰਾਂਤੀਕਾਰੀਆਂ ਨੂੰ ਹਿੰਸਕ ਤੇ ਨਿਰਦਈ ਸਿੱਧ ਕਰਨਾ ਤੇ ਉਹਨਾਂ ਨੂੰ ਲੋਕਾਂ ਦੀ ਨਿਗਾਹ ਵਿਚ ਭੰਡਣਾ ਸੀ। ਦੂਜੀ ਅਫ਼ਵਾਹ ਇਹ ਸੀ ਕਿ ਹਿੰਦੂਆਂ ਦੇ ਮੇਲੇ ਉੱਤੇ ਬੰਬ ਕਿਸੇ ਮੁਸਲਮਾਨ ਨੇ ਸੁੱਟਿਆ ਹੈ। ਉਦੇਸ਼—ਸੰਪਰਦਾਇਕ ਨਫ਼ਰਤ ਫ਼ੈਲਾਉਣਾ ਤੇ ਦੰਗੇ ਭੜਕਾਉਣਾ ਸੀ। ਜ਼ਾਹਰ ਹੈ ਕਿ ਇਹਨਾਂ ਦੋਹਾਂ ਗੱਲਾਂ ਨਾਲ ਲਾਭ ਅੰਗਰੇਜ਼ ਸਰਕਾਰ ਨੂੰ ਮਿਲਦਾ ਸੀ ਤੇ ਇਹ ਦੋਹੇਂ ਅਫ਼ਵਾਹਾਂ, ਉਸੇ ਨੇ ਫ਼ੈਲਾਈਆਂ ਹੋਈਆਂ ਸਨ। ਪਿੱਛੋਂ ਪਤਾ ਲੱਗਿਆ ਕਿ ਬੰਬ ਚੰਨਣਦੀਨ ਨਾਂ ਦੇ ਆਦਮੀ ਨੇ ਸੁੱਟਿਆ ਹੈ ਤੇ ਉਹ ਖੁਫ਼ੀਆ ਪੁਲਸ ਦ ਆਦਮੀ ਹੈ। ਯਾਨੀਕਿ ਬੰਬ ਕਾਂਢ ਖੁਫ਼ੀਆ ਪੁਲਸ ਦੁਆਰਾ ਰਚਾਈ ਗਈ ਸਾਜਿਸ਼ ਸੀ।
ਵੀਰੇਂਦਰ ਸੰਧੂ ਤੇ ਮੰਮਥ ਨਾਥ ਗੁਪਤ ਨੇ ਬੰਬ ਧਮਾਕੇ ਦੀ ਇਸ ਘਟਨਾ ਨੂੰ ਭਗਤ ਸਿੰਘ ਦੀ ਗਿਰਫਤਾਰੀ ਦਾ ਕਾਰਨ ਦੱਸ ਕੇ ਉਸਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਵੀਰੇਂਦਰ ਸੰਧੂ ਅਨੁਸਾਰ ਭਗਤ ਸਿੰਘ ਦੀ ਗਿਰਫਤਾਰੀ 29 ਜੁਲਾਈ 1927 ਨੂੰ ਹੋਈ। ਦੁਸ਼ਹਿਰਾ ਆਮ ਤੌਰ 'ਤੇ ਅਕਤੂਬਰ ਵਿਚ ਆਉਂਦਾ ਹੈ, ਘਟਨਾ ਤੋਂ ਦਸ ਗਿਆਰਾਂ ਮਹੀਨੇ ਬਾਅਦ ਗਿਰਫਤਾਰੀ ਦਾ ਕੀ ਅਰਥ? ਮੰਮਥ ਨਾਥ ਗੁਪਤ ਲਿਖਦੇ ਹਨ ਕਿ 1928 ਵਿਚ ਲਾਹੌਰ ਦਸ਼ਹਿਰੇ ਦੇ ਮੌਕੇ ਬੰਬ ਫਟਿਆ। ਇੰਜ ਇਹ ਘਟਨਾਂ ਗਿਰਫਤਾਰੀ ਦੇ ਡੇਢ ਸਾਲ ਬਾਅਦ ਦੀ ਹੋ ਗਈ ਤੇ ਫੇਰ ਇਹ ਗਿਰਫਤਾਰੀ ਦਾ ਆਧਾਰ ਕਿੰਜ ਬਣੀ? ਗਲਤ ਤੱਥਾਂ ਦੇ ਸਿੱਟੇ ਵੀ ਗਲਤ ਹੀ ਨਿਕਲਦੇ ਹਨ ਸੋ ਨਿਕਲੇ...ਉਹਨਾਂ ਉੱਤੇ ਬਹਿਸ ਕਰਨੀ ਵਿਅਰਥ ਹੈ। ਅਸੀਂ ਸਿਰਫ ਏਨਾ ਕਹਿਣਾ ਹੈ ਕਿ ਭਗਤ ਸਿੰਘ ਨੇ ਆਪਣੇ ਨਵੇਂ ਵਿਅਕਤੀਤਵ ਦਾ ਜਿਹੜਾ ਚਿੱਤਰ ਪੇਸ਼ ਕੀਤਾ ਹੈ, ਇਧਰ ਉਧਰ ਭਟਕ ਜਾਣ ਨਾਲ ਉਹ ਅੱਖੋਂ ਓਹਲੇ ਹੋ ਜਾਂਦਾ ਹੈ ਜਦਕਿ ਲੋੜ ਉਸਨੂੰ ਉਜਾਗਰ ਕਰਨ ਦੀ ਹੈ।
ਭਗਤ ਸਿੰਘ ਨੂੰ ਬੰਬ ਧਮਾਕੇ ਦੇ ਦੋਸ਼ ਵਿਚ ਗਿਰਫਤਾਰ ਨਹੀਂ ਕੀਤਾ ਗਿਆ ਸੀ। ਗਿਰਫਤਾਰੀ ਕਰਾਂਤੀਕਾਰੀ ਗਤੀ-ਵਿਧੀਆਂ ਕਰਕੇ ਹੋਈ ਸੀ। ਹਾਲਾਂਕਿ ਬੰਬ ਧਮਾਕੇ ਵਿਚ ਹੋਈਆਂ ਹੱਤਿਆਵਾਂ ਦਾ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਨੂੰ ਫਾਂਸੀ ਦਾ ਭੈ ਦਿਖਾਇਆ ਗਿਆ ਸੀ ਤਾਂਕਿ ਉਸ ਤੋਂ ਬਚਣ ਲਈ ਉਹ ਵਾਅਦਾ ਮੁਆਫ਼ ਗਵਾਹ ਬਣ ਜਾਣ। ਭਗਤ ਸਿੰਘ ਜਾਣਦੇ ਸਨ ਕਿ ਪੁਸਲ ਜੋ ਕਹਿੰਦੀ ਹੈ, ਉਹ ਕਰ ਵੀ ਸਕਦੀ ਹੈ। ਇਸ ਦੇ ਬਾਵਜੂਦ ਚਟਾਨ ਵਾਂਗ ਅੜੇ ਰਹੇ। ਪੁਲਸ ਵਾਲਿਆਂ ਨੇ ਇਹ ਵੀ ਚਾਹਿਆ ਕਿ ਭਗਤ ਸਿੰਘ ਈਸ਼ਵਰ ਦਾ ਨਾਂ ਲੈਣ। ਈਸ਼ਵਰ ਵਿਚ ਵਿਸ਼ਵਾਸ ਮਨੁੱਖੀ ਮਨ ਦੀ ਕਮਜ਼ੋਰੀ ਨੂੰ ਢਕ ਲੈਂਦਾ ਹੈ। ਔਕੜ ਸਮੇਂ ਸਹਾਰਾ ਬਣਦਾ ਹੈ ਤੇ ਅਸ਼ਾਂਤ ਮਨ ਨੂੰ ਸ਼ਾਂਤੀ ਦੇਂਦਾ ਹੈ। ਚੌਰੀਚੌਰਾ ਸਮੇਂ ਜਵਾਹਰ ਲਾਲ ਨਹਿਰੂ ਜੇਲ੍ਹ ਵਿਚ ਸਨ। ਉਹਨਾਂ ਆਪਣੀ ਭੈਣ ਵਿਜੇ ਲਕਸ਼ਮੀ ਪੰਡਤ ਦੇ ਹੱਥ ਗਾਂਧੀ ਨੂੰ ਇਕ ਖ਼ਤ ਭੇਜਿਆ ਸੀ, ਜਿਸ ਵਿਚ ਆਪਣੇ ਮਨ ਦੀ ਪ੍ਰੇਸ਼ਾਨੀ ਬਿਆਨ ਕੀਤੀ ਸੀ। ਉਤਰ ਵਿਚ ਗਾਂਧੀ ਨੇ ਉਸਨੂੰ ਸਲਾਹ ਦਿੱਤੀ...“ਗੀਤਾ ਪੜੋ ਤੇ ਚਰਖਾ ਕੱਤੋ, ਮਨ ਨੂੰ ਸ਼ਾਂਤੀ ਮਿਲੇਗੀ।” ਗਾਂਧੀ ਆਪਣੇ ਅਸ਼ਾਂਤ ਮਨ ਨੂੰ ਸ਼ਾਂਤ ਰੱਖਣ ਲਈ ਇਹੀ ਨੁਸਖਾ ਇਸਤੇਮਾਲ ਕਰਦਾ ਸੀ ਤੇ ਇਹੀ ਸ਼ਾਇਦ ਜਵਾਹਰ ਲਾਲ ਨੇ ਵੀ ਕੀਤਾ ਹੋਏ। ਪਰ ਦ੍ਰਿੜ੍ਹ ਸੰਕਲਪ ਨਾਸਤਕ ਭਗਤ ਸਿੰਘ ਨੇ ਪੁਲਸ ਦੀ ਇਹ ਸਲਾਹ ਨਹੀਂ ਮੰਨੀ। ਈਸ਼ਵਰ ਦਾ ਨਾਂ ਲੈਣ ਤੇ ਪ੍ਰਾਰਥਨਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰਖ ਦੀਆਂ ਘੜੀਆਂ ਵਿਚ ਖਰਾ ਉਤਰਨ ਵਾਲੀ ਇਹ ਦ੍ਰਿੜ੍ਹ-ਸੰਕਪ ਨਾਸਤਿਕਤਾ ਕਿੱਥੋਂ ਆਈ?...ਉਸ ਅਧਿਅਨ ਤੋਂ ਜਿਹੜਾ ਉਹਨਾਂ 1926 ਵਿਚ ਕੀਤਾ। ਇਸ ਅਧਿਅਨ ਨੇ ਉਹਨਾਂ ਨੂੰ ਝੂਠੇ ਭਰਮਾਂ ਵਿਚੋਂ ਕੱਢਿਆ ਤੇ ਉਹਨਾਂ ਦੇ ਵਿਸ਼ਵਾਸ ਨੂੰ ਸਰਵਹਾਰਾ ਦੇ ਕਰਾਂਤੀ ਦਰਸ਼ਨ ਦਵੰਦਾਤਮਕ ਭੌਤਿਕਵਾਦ ਨਾਲ ਜੋੜਿਆ। ਉਸੇ ਲੇਖ 'ਮੈਂ ਨਾਸਤਕ ਕਿਓਂ ਹਾਂ' ਵਿਚ ਲਿਖਿਆ ਹੈ...:
“ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦਿਆਂ ਤੇ ਵਿਸ਼ਵਾਸਾਂ ਵਿਚ ਬੜਾ ਵੱਡਾ ਪਰੀਵਰਤਨ ਆ ਗਿਆ। ਸਾਥੋਂ ਪਹਿਲਾਂ ਵਾਲੇ ਕਰਾਂਤੀਕਾਰੀਆਂ ਉੱਤੇ ਆਤੰਕ ਦੇ ਤੌਰ-ਤਰੀਕੇ ਦਾ ਰੋਮਾਂਸ ਬੜਾ ਹਾਵੀ ਹੁੰਦਾ ਸੀ। ਹੁਣ ਰਹੱਸਵਾਦ ਤੇ ਅੰਧਵਿਸ਼ਵਾਸ ਲਈ ਕੋਈ ਜਗ੍ਹਾ ਨਹੀਂ ਰਹੀ। ਯਥਾਰਥਵਾਦ ਸਾਡਾ ਸਿਧਾਂਤ ਬਣ ਗਿਆ ਹੈ। ਬਹੁਤ ਜ਼ਿਆਦਾ ਲੋੜ ਪੈਣ 'ਤੇ ਸ਼ਕਤੀ ਦਾ ਪ੍ਰਯੋਗ ਜਾਇਜ਼ ਹੈ, ਨਹੀਂ ਤਾਂ ਸਾਰੇ ਅੰਦੋਲਨਾਂ ਦੀ ਅਭਿੰਨ ਨੀਤੀ ਅਹਿੰਸਾ ਹੈ। ਮੈਂ ਤੌਰ-ਤਰੀਕਿਆਂ ਬਾਰੇ ਕਾਫੀ ਕੁਝ ਕਹਿ ਚੁੱਕਿਆ ਹਾਂ। ਸਭ ਨਾਲੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਸ ਆਦਰਸ਼ ਲਈ ਅਸੀਂ ਸੰਘਰਸ਼ ਕਰਨਾ ਹੈ, ਉਸਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਏ। ਕਾਰਵਾਈ ਦੇ ਤੌਰ 'ਤੇ ਖਾਸ ਗਤੀ-ਵਿਧੀਆਂ ਨਾ ਹੋਣ ਕਾਰਨ ਮੈਨੂੰ ਸੰਸਾਰ ਕਰਾਂਤੀ ਦੇ ਭਿੰਨ-ਭਿੰਨ ਆਦਰਸ਼ਾਂ ਦੇ ਅਧਿਅਨ ਦਾ ਖਾਸਾ ਮੌਕਾ ਮਿਲਿਆ। ਮੈਂ ਅਰਾਜਕਤਾਵਾਦੀ ਨੇਤਾ ਬਕੂਨਿਨ ਪੜ੍ਹਿਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਤੇ ਆਪਣੇ ਦੇਸ਼ ਵਿਚ ਸਫਲ ਕਰਾਂਤੀਆਂ ਲਿਆਉਣ ਵਾਲੇ ਲੇਨਿਨ, ਟ੍ਰਾਸਟਸਕੀ ਤੇ ਕੁਝ ਹੋਰ ਨੇਤਾਵਾਂ ਨੂੰ ਪੜ੍ਹਿਆ। ਇਹ ਸਾਰੇ ਨਾਸਤਕ ਸਨ। ਬਕੂਨਿਨ ਦੀ ਪੁਸਤਕ 'ਈਸ਼ਵਰ ਏਵੰ ਰਾਜਯ' ਅਧੂਰੀ ਜਿਹੀ ਹੋਣ ਦੇ ਬਾਵਜੂਦ ਇਸ ਵਿਸ਼ੇ ਦਾ ਦਿਲਚਸਪ ਅਧਿਅਨ ਹੈ। ਇਸ ਪਿੱਛੋਂ ਮੈਨੂੰ ਨਿਰਲੰਭ ਸੁਆਮੀ ਦੀ ਕਿਤਾਬ 'ਸਾਧਾਰਣ ਗਿਆਨ' ਮਿਲੀ। ਇਸ ਕਿਤਾਬ ਵਿਚ ਅਧਿਆਤਮਕ ਨਾਸਤਕਵਾਦ ਸੀ, ਇਸ ਵਿਸ਼ੇ ਵਿਚ ਮੇਰੀ ਦਿਲਚਸਪੀ ਕਾਫੀ ਵਧ ਗਈ। 1926 ਦੇ ਅੰਤ ਤਕ ਮੇਰਾ ਇਹ ਵਿਸ਼ਵਾਸ ਦ੍ਰਿੜ੍ਹ ਹੋ ਚੁੱਕਿਆ ਸੀ ਕਿ ਬ੍ਰਾਹਮੰਡ ਦੇ ਸਿਰਜਨਹਾਰ, ਪਾਲਨ ਵਾਲੇ ਤੇ ਸਰਬ-ਸ਼ਕਤੀਮਾਨ ਦੇ ਅਸਤਿਤਵ ਦਾ ਸਿਧਾਂਤ ਨਿਰ-ਆਧਾਰ ਹੈ। ਮੈਂ ਇਸ ਵਿਸ਼ੇ ਉੱਤੇ ਦੋਸਤਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆਂ ਨਾਸਤਕ ਬਣ ਚੁੱਕਿਆ ਸਾਂ।”
ਲੇਨਿਨ ਨੇ ਲਿਖਿਆ ਹੈ...:
“ਇਸ ਭੂਮਿਕਾ ਦੇ ਆਰੰਭ ਵਿਚ ਅਸੀਂ ਕਹਿ ਚੁੱਕੇ ਹਾਂ ਕਿ ਨਾਸਤਿਕਤਾ ਦੇ ਬਿਨਾਂ ਮਾਰਕਸਵਾਦ ਦੀ ਕਲਪਨਾ ਵੀ ਸੰਭਵ ਨਹੀਂ। ਅਸੀਂ ਇੱਥੇ ਏਨਾ ਹੋਰ ਕਹਿਣਾ ਚਾਹਾਂਗੇ ਕਿ ਨਾਸਤਿਕਤਾ ਮਾਰਕਸਵਾਦ ਦੇ ਬਿਨਾਂ ਅਧੂਰੀ ਤੇ ਡਾਵਾਂਡੋਲ ਹੈ। ਬੁਰਜੁਆ ਸੁਤੰਤਰ ਨੇਤਾਵਾਂ ਦੇ ਅੰਦੋਲਨ ਦਾ ਪਤਨ ਸਾਡੇ ਇਸ ਤਰਕ ਨੂੰ ਬਲ ਦੇਂਦਾ ਹੈ ਤੇ ਇਹ ਸਿੱਖਿਆ ਦੇਣ ਵਾਲੀ ਉਦਾਹਰਨ ਹੈ। ਜਿੱਥੇ ਕਿਤੇ ਵੀ ਵਿਗਿਆਨਕ ਭੌਤਿਕਵਾਦ, ਦੁਵੰਦਾਤਮਕ-ਭੌਤਿਕਵਾਦ ਭਾਵ ਮਾਰਕਸਵਾਦ ਵਿਚ ਵਿਕਸਤ ਹੋਣ ਵਿਚ ਅਸਫਲ ਹੋਇਆ, ਉਸਦਾ ਅੰਤ ਆਦਰਸ਼ਵਾਦ ਤੇ ਅਧਿਆਤਮਵਾਦ ਵਿਚ ਹੋਇਆ।”
ਆਜਮਾਇਸ਼ ਦੀ ਇਸ ਘੜੀ ਵਿਚ ਭਗਤ ਸਿੰਘ ਨੇ ਉਸੇ ਕਰਾਂਤੀਕਾਰੀ ਹੌਸਲੇ, ਦ੍ਰਿੜ੍ਹਤਾ ਤੇ ਨੈਤਿਕਤਾ ਦਾ ਸਬੂਤ ਦਿੱਤਾ, ਜਿਸਦੀ ਪਛਾਣ ਅਜੀਤ ਸਿੰਘ, ਸੂਫੀ ਅੰਬਾ ਪਰਸਾਦ, ਕਰਤਾਰ ਸਿੰਘ ਸਰਾਭੇ ਤੇ ਮਦਨ ਲਾਲ ਢੀਂਗਰਾ ਨੇ ਕਰਵਾਈ ਸੀ। ਇਸ ਨੂੰ ਹੁਣ ਇਕ ਨਵੇਂ ਸਿਧਾਂਤ ਦਾ ਆਧਾਰ ਮਿਲ ਗਿਆ ਸੀ, ਜਿਸ ਵਿਚ ਰਹੱਸਵਾਦ ਤੇ ਅੰਧਵਿਸ਼ਵਾਸ ਦੀ ਰਤਾ ਵੀ ਮੱਸ ਨਹੀਂ ਸੀ। ਇਹ ਵਿਸ਼ਵਾਸ ਮਨੁੱਖ ਨੂੰ ਕਿੰਨਾ ਫੌਲਾਦੀ, ਤਿਆਗੀ ਤੇ ਦ੍ਰਿੜ੍ਹ ਸੰਕਲਪ ਵਾਲਾ ਬਣਾਉਂਦਾ ਹੈ, ਹਿਟਲਰ ਦੀ ਨਾਜੀ ਸੈਨਾ ਦੇ ਵਿਰੁੱਧ ਰੂਸੀ ਕਮਿਊਨਿਸਟਾਂ ਦੇ ਤੇ ਫਾਸਿਸਟ ਫੌਜਾਂ ਦੇ ਵਿਰੁੱਧ ਚੀਨੀ ਕਮਿਊਨਿਸਟਾਂ ਦੇ ਬਹਾਦਰੀ ਭਰੇ ਕਾਰਨਾਮੇ ਇਸ ਦਾ ਸਬੂਤ ਹਨ। ਕਮਿਊਨਿਸਟ ਨੈਤਿਕਤਾ ਦਾ ਵਿਵਹਾਰਕ ਰੂਪ ਦੇਖਣਾ ਹੋਏ ਤਾਂ ਗੋਰਕੀ ਦਾ 'ਮਾਂ' ਨਾਵਲ ਪੜ੍ਹੋ।
ਭਗਤ ਸਿੰਘ ਨੇ ਕੁਝ ਨਾ ਦੱਸਿਆ ਤਾਂ ਪੁਲਸ ਕੋਲ ਮੁਕੱਦਮਾ ਦਰਜ ਕਰਨ ਲਈ ਵੀ ਕੁਝ ਨਹੀਂ ਰਿਹਾ। ਉਹਨਾਂ ਨੂੰ 60 ਹਜ਼ਾਰ ਰੁਪਏ ਦੀ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ। ਤੀਹ ਹਜ਼ਾਰ ਦੀ ਜਮਾਨਤ ਕਿਸ਼ਨ ਸਿੰਘ ਦੇ ਮਿੱਤਰ ਲਾਹੌਰ ਦੇ ਬੈਰਿਸਟਰ ਲਾਲਾ ਦੂਨੀ ਚੰਦ ਨੇ ਤੇ ਤੀਹ ਹਜ਼ਾਰ ਦੀ ਦੌਲਤ ਰਾਮ ਨੇ ਦਿੱਤੀ ਸੀ। ਦੌਲਤ ਰਾਮ ਭਾਵੇਂ ਸਰਕਾਰ ਪ੍ਰਸਤ ਸੀ, ਪਰ ਜਨਤਾ ਵਿਚ ਮੂੰਹ ਦਿਖਾਉਣ ਖਾਤਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਹੈ। ਕਾਂਗਰਸੀ ਵਕੀਲਾਂ ਨੇ ਕਰਾਂਤੀਕਾਰੀਆਂ ਦੇ ਮੁਕੱਦਮੇ ਲੜ ਕੇ, ਜਿਹੜੀ ਪ੍ਰਸਿੱਧੀ ਖੱਟੀ, ਪਿੱਛੋਂ ਉਸੇ ਦੇ ਆਧਾਰ 'ਤੇ ਮੰਤਰੀ ਤੇ ਮੁੱਖ ਮੰਤਰੀ ਬਣੇ।
ਡਰ, ਧਮਕੀ, ਲਾਲਚ ਤੇ ਝੂਠੀ ਹਮਦਰਦੀ ਦੇ ਇਲਾਵਾ ਇਸ ਲੰਮੀ ਪੁੱਛ-ਪੜਤਾਲ ਦੌਰਾਨ ਪੱਕਾ ਹੈ ਕਿ ਪੁਲਸ ਨੇ ਭਗਤ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਹੋਣਗੇ। ਇਹ ਪੁੱਛ-ਪੜਤਾਲ ਕੁਝ ਅਜਿਹੇ ਢੰਗ ਦੀ ਹੁੰਦੀ ਹੈ ਕਿ ਚੰਗੇ ਭਲੇ ਆਦਮੀ ਦੇ ਹੋਸ਼ ਉੱਡ ਜਾਂਦੇ ਹਨ। ਪਰ ਇਸ ਦਾ ਜ਼ਿਕਰ ਭਗਤ ਸਿੰਘ ਨੇ ਨਾ ਆਪਣੇ ਕਿਸੇ ਲੇਖ ਵਿਚ ਕੀਤਾ, ਨਾ ਆਪਣੇ ਲੰਗੋਟੀਏ ਯਾਰ ਜਾਂ ਕਿਸੇ ਸੰਗੀ ਸਾਥੀ ਨਾਲ ਕੀਤਾ। ਇਹ ਜ਼ਿਕਰ ਬੇਕਾਰ ਸੀ ਤੇ ਆਨ, ਬਾਨ ਨਾਲ ਜਿਊਣ ਦੀ ਪਰੰਪਰਾ ਦੇ ਉਲਟ ਸੀ। ਉਹ ਆਪਣੇ ਦੁੱਖ ਦਰਦ ਦੂਜਿਆਂ ਨੂੰ ਸੁਣਾਉਣ ਦੀ ਬਜਾਏ ਦੂਜਿਆਂ ਦੇ ਦੁੱਖ ਦਰਦ ਦੀ ਚਿੰਤਾ ਵਧੇਰੇ ਕਰਦੇ ਸਨ। ਜਿਹਨੀਂ ਦਿਨੀ ਜਮਾਨਤ ਚੱਲ ਰਹੀ ਸੀ, ਭਗਤ ਸਿੰਘ ਨੇ ਆਪਣੇ ਪਿੰਡ ਦੇ ਮਿੱਤਰ ਅਮਰ ਚੰਦ ਨੂੰ, ਜਿਹੜਾ ਉਦੋਂ ਅਮਰੀਕਾ ਵਿਚ ਪੜ੍ਹ ਰਿਹਾ ਸੀ, ਇਕ ਖ਼ਤ ਲਿਖਿਆ, ਜਿਸ ਨਾਲ ਉਹਨਾਂ ਦੇ ਉੱਚੇ ਚਰਿੱਤਰ ਤੇ ਮਨੋਬਲ ਦਾ ਅੰਦਾਜ਼ਾ ਹੋ ਸਕਦਾ ਹੈ। ਖ਼ਤ ਇੰਜ ਸੀ...:

“ਪਿਆਰੇ ਭਾਈ ਅਮਰ ਚੰਦ ਜੀ,
    ਨਮਸਕਾਰ।
ਅਰਜ ਹੈ ਕਿ ਇਸ ਵਾਰੀ ਅਚਾਨਕ ਮਾਂ ਦੇ ਬਿਮਾਰ ਰਹਿਣ ਕਰਕੇ ਇਧਰ ਆਇਆ ਤੇ ਤੁਹਾਡੀ ਸਤਿਕਾਰ ਯੋਗ ਮਾਤਾਜੀ ਦੇ ਦਰਸ਼ਨ ਹੋਏ। ਤੁਹਾਡਾ ਖ਼ਤ ਪੜ੍ਹਿਆ। ਉਹਨਾਂ ਲਈ ਇਹ (ਨਾਲ ਦਾ) ਖ਼ਤ ਲਿਖਿਆ। ਸੋ ਨਾਲ ਹੀ ਦੋ ਚਾਰ ਸ਼ਬਦ ਲਿਖਣ ਦਾ ਮੌਕਾ ਮਿਲ ਗਿਆ। ਕੀ ਲਿਖਾਂ? ਕਰਮ ਸਿੰਘ ਵਲਾਇਤ ਗਿਆ ਹੈ। ਉਸਦਾ ਪਤਾ ਭੇਜਿਆ ਜਾ ਰਿਹਾ ਹੈ। ਅਜੇ ਤਾਂ ਉਸਨੇ ਲਿਖਿਆ ਹੈ ਕਿ ਲਾ ਪੜ੍ਹੇਗਾ, ਪਰ ਕਿਸ ਤਰ੍ਹਾਂ ਚੱਲ ਰਿਹਾ ਹੈ, ਇਹ ਤਾਂ ਖ਼ੁਦਾ ਜਾਣਦਾ ਹੈ। ਖ਼ਰਚ ਬਹੁਤ ਜ਼ਿਆਦਾ ਹੋ ਰਿਹਾ ਹੈ।
ਵੀਰ, ਮੇਰੀ ਵਲਾਇਤ ਜਾ ਕੇ ਪੜ੍ਹਨ ਦੀ ਖ਼ਾਹਿਸ਼ ਰੁਲ-ਖੁਲ ਗਈ। ਅੱਛਾ, ਤੁਹਾਨੂੰ ਲੋਕਾਂ ਨੂੰ ਸ਼ੁਭ ਮੁਬਾਰਕ। ਕਦੀ ਮੌਕਾ ਮਿਲੇ ਤਾਂ ਚੰਗੀਆਂ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ਼ ਕਰਨਾ। ਆਖ਼ਰ ਅਮਰੀਕਾ ਵਿਚ ਲਿਟਰੇਚਰ ਤਾਂ ਬਹੁਤ ਹੈ। ਖ਼ੈਰ, ਅਜੇ ਤਾਂ ਆਪਣੀ ਪੜ੍ਹਾਈ ਵਿਚ ਬੁਰੀ ਤਰ੍ਹਾਂ ਉਲਝੇ ਹੋ। ਸਾਨ ਫਰਾਂਸਿਸਕੋ ਵੱਲੋਂ ਸਰਦਾਰਜੀ (ਅਜੀਤ ਸਿੰਘ) ਦਾ ਸ਼ਾਇਦ ਕੁਛ ਪਤਾ ਮਿਲ ਸਕੇ, ਕੋਸ਼ਿਸ਼ ਕਰਨੀ। ਘੱਟੋਘੱਟ ਉਹਨਾਂ ਦੀ ਜ਼ਿੰਦਗੀ ਦਾ ਯਕੀਨ ਤਾਂ ਹੋ ਜਾਏਗਾ। ਮੈਂ ਅੱਜ ਹੀ ਲਾਹੌਰ ਜਾ ਰਿਹਾ ਹਾਂ। ਕਦੀ ਮੌਕਾ ਮਿਲੇ ਤਾਂ ਖ਼ਤ ਲਿਖਣਾ। ਪਤਾ ਸੂਰਤ ਮੰਡੀ ਲਾਹੌਰ ਹੋਏਗਾ। ਹੋਰ ਕੀ ਲਿਖਾਂ? ਕੁਛ ਲਿਖਣ ਲਈ ਨਹੀਂ। ਮੇਰਾ ਹਾਲ ਵੀ ਖ਼ੂਬ ਹੈ। ਕਈ ਵਾਰੀ ਮੁਸੀਬਤਾਂ ਦਾ ਸ਼ਿਕਾਰ ਹੋਣਾ ਪਿਆ। ਆਖ਼ਰ ਕੇਸ ਵਾਪਸ ਲੈ ਲਿਆ ਗਿਆ। ਪਿੱਛੋਂ ਫੇਰ ਗਿਰਫਤਾਰ ਕਰ ਲਿਆ ਗਿਆ। ਸੱਠ ਹਜ਼ਾਰ ਦੀ ਜਮਾਨਤ ਉੱਤੇ ਰਿਹਾਅ ਹਾਂ। ਹੁਣ ਤਕ ਕੋਈ ਮੁਕੱਦਮਾ ਮੇਰੇ ਖ਼ਿਲਾਫ਼ ਤਿਆਰ ਨਹੀਂ ਹੋ ਸਕਿਆ ਤੇ ਖ਼ੁਦਾ ਨੇ ਚਾਹਿਆ ਤਾਂ ਹੋ ਵੀ ਨਹੀਂ ਸਕੇਗਾ। ਅੱਜ ਇਕ ਸਾਲ ਹੋਣ ਨੂੰ ਆਇਆ ਹੈ, ਪਰ ਜਮਾਨਤ ਵਾਪਸ ਨਹੀਂ ਲਈ ਗਈ। ਖ਼ੈਰ ਜੋ ਖ਼ੁਦਾ ਦੀ ਮਰਜ਼ੀ। ਖਾਹਮ-ਖਾਹ ਤੰਗ ਕਰਦੇ ਹਨ (ਇਹ ਲਿਖ ਕੇ ਕੱਟਿਆ ਹੋਇਆ ਹੈ।) ਭਾਈ ਖ਼ੂਬ ਦਿਲ ਲਾ ਕੇ ਤਾਲੀਮ ਹਾਸਲ ਕਰਦੇ ਜਾਓ। (ਉਲਟਾ ਕਰਕੇ ਲਿਖਿਆ ਹੈ।)
ਆਪਣੀ ਬਾਬਤ ਹੋਰ ਕੀ ਲਿਖਾਂ। ਖਾਹਮ-ਖਾਹ ਸ਼ੱਕ ਦਾ ਸ਼ਿਕਾਰ ਬਣਿਆ ਹੋਇਆ ਹਾਂ। ਮੇਰੀ ਡਾਕ ਰੁਕਦੀ ਹੈ। ਖ਼ਤ ਖੋਲ੍ਹ ਲਏ ਜਾਂਦੇ ਹਨ। ਪਤਾ ਨਹੀਂ ਕਿਉਂ ਮੈਂ ਇੰਜ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣ ਲੱਗ ਪਿਆ ਹਾਂ। ਖ਼ੈਰ ਭਾਈ, ਆਖ਼ਰ ਸੱਚਾਈ ਸਤਹਿ ਤੇ ਆਏਗੀ ਤੇ ਉਸਦੀ ਜਿੱਤ ਹੋਏਗੀ।
         ਤੇਰਾ
ਭਗਤ ਸਿੰਘ”

ਜਮਾਨਤ 'ਤੇ ਰਿਹਾਈ ਪਿੱਛੋਂ ਕਿਸ਼ਨ ਸਿੰਘ ਨੇ ਭਗਤ ਸਿੰਘ ਲਈ ਖਾਸਰੀਆ ਪਿੰਡ ਵਿਚ, ਜਿਹੜਾ ਲਾਹੌਰ ਤੋਂ ਪੰਜ ਛੇ ਮੀਲ ਹੈ, ਡੈਰੀ ਖੋਲ੍ਹ ਦਿੱਤੀ। ਉਦੇਸ਼ ਇਹ ਸੀ ਕਿ ਪੁਲਸ ਦਾ ਧਿਆਨ ਹਟੇਗਾ ਤੇ ਉਹ ਸਮਝੇਗੀ ਕਿ ਭਗਤ ਸਿੰਘ ਹੁਣ ਵਪਾਰ-ਕਾਰੋਬਾਰ ਵਿਚ ਰੁੱਝ ਗਿਆ ਹੈ। ਵੈਸੇ ਭਗਤ ਸਿੰਘ ਨੇ ਇਹ ਕੰਮ ਵੀ ਬੜੀ ਲਗਨ ਨਾਲ ਕੀਤਾ। ਉਹਨਾਂ ਜੋ ਪ੍ਰਬੰਧ ਕੀਤਾ ਉਸ ਵਿਚ ਕੋਈ ਤਰੁਟੀ ਨਹੀਂ ਸੀ। ਉਹ ਸਵੇਰੇ ਚਾਰ ਵਜੇ ਉਠ ਕੇ ਮੱਝਾਂ ਦੀ ਧਾਰ ਕੱਢਦੇ, ਦੁੱਧ ਨੂੰ ਤਾਂਗੇ ਵਿਚ ਲੱਦ ਕੇ ਲਾਹੌਰ ਪਹੁੰਚਾਉਂਦੇ ਤੇ ਆਨੇ-ਪਾਈਆਂ ਤਕ ਦਾ ਹਿਸਾਬ ਰੱਖਦੇ ਸਨ। ਕਦੀ ਨੌਕਰ ਨਾ ਹੁੰਦਾ ਤਾਂ ਮੱਝਾਂ ਲਈ ਨੀਰਾ-ਪੱਠਾ ਵੀ ਖ਼ੁਦ ਹੀ ਰਲਾਉਂਦੇ ਤੇ ਗੋਹਾ-ਕੂੜਾ ਵੀ ਆਪੁ ਹੀ ਕਰ ਲੈਂਦੇ ਸਨ। ਪਰ ਨਾਲ ਹੀ ਲਾਹੌਰ ਵਿਚ ਸੁਖਦੇਵ ਦੇ ਘਰ ਵਾਂਗ ਹੀ ਇਹ ਡੈਰੀ, ਕਰਾਂਤੀਕਾਰੀਆਂ ਦਾ ਮਿਲਣ-ਸਥਾਨ ਵੀ ਬਣ ਗਈ ਸੀ। ਭਗਤ ਸਿੰਘ ਦੁੱਧ ਦਾ ਪਤੀਲਾ ਭਰ ਲਿਆਉਂਦੇ ਤੇ ਸਾਰੇ ਠਾਠ ਨਾਲ ਪੀਂਦੇ। ਸਾਰੀ-ਸਾਰੀ ਰਾਤ ਵੱਖ-ਵੱਖ ਸਮੱਸਿਆਵਾਂ ਉੱਤੇ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਤੇ ਕੁਝ ਨਾ ਕੁਝ ਕਰ ਦਿਖਾਉਣ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ। ਭਗਤ ਸਿੰਘ ਨੇ 1927 ਵਿਚ, ਮੁੜ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਲੇਖ ਅਧੂਰੇ ਪਏ ਸਨ, ਉਹਨਾਂ ਨੂੰ ਪੂਰਾ ਕੀਤਾ ਤੇ ਕੁਝ ਨਵੇਂ ਲਿਖੇ। ਮਤਲਬ ਇਹ ਕਿ ਡੈਰੀ ਦਾ ਕੰਮ ਕਰਾਂਤੀਕਾਰੀ ਉਦੇਸ਼ ਲਈ ਅੜਿੱਕਾ ਬਣਨ ਦੀ ਬਜਾਏ ਸਹਾਇਕ ਸਿੱਧ ਹੋਇਆ।
ਭਗਤ ਸਿੰਘ ਜਮਾਨਤ ਵਿਚ ਜਕੜੇ ਹੋਏ ਸਨ ਤੇ ਇਸ ਜੂੜ ਨੂੰ ਲਾਹੁਣ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਸਨ। ਉਹ ਆਪ ਹੀ ਜਮਾਨਤੀਆਂ ਵੱਲੋਂ ਸਰਕਾਰ ਨੂੰ ਲਿਖਦੇ ਰਹਿੰਦੇ ਕਿ ਜਾਂ ਤਾਂ ਭਗਤ ਸਿੰਘ ਉੱਤੇ ਮੁਕੱਦਮਾ ਚਲਾਇਆ ਜਾਏ ਜਾਂ ਫੇਰ ਜਮਾਨਤਾਂ ਸਮਾਪਤ ਕਰ ਦਿੱਤੀਆਂ ਜਾਣ। ਪਰਚਿਆਂ ਵਿਚ ਵੀ ਇਸ ਬਾਰੇ ਚਰਚਾ ਹੁੰਦੀ ਰਹਿੰਦੀ ਸੀ, ਇਸੇ ਲਈ ਸ਼੍ਰੀ ਬੋਧ ਰਾਜ ਨੇ ਅਸੈਂਬਲੀ ਵਿਚ ਸਵਾਲ ਉਠਾਇਆ ਕਿ ਸਰਕਾਰ ਕੋਲ ਸਬੂਤ ਹਨ ਤਾਂ ਉਹ ਭਗਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਕਿਉਂ ਨਹੀਂ ਚਲਾਉਂਦੀ? ਪਿੱਛੋਂ ਡਾ. ਗੋਪੀ ਚੰਦ ਭਾਰਗਵ ਨੇ ਵੀ ਇਸ ਸਵਾਲ ਦਾ ਨੋਟਸ ਦਿੱਤਾ। ਸਰਕਾਰ ਨੇ ਜਮਾਨਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਤੇ ਭਗਤ ਸਿੰਘ ਆਜ਼ਾਦ ਹੋ ਕੇ ਆਪਣੇ ਕੰਮ ਵਿਚ ਲੱਗ ਗਏ।
ਹੁਣ ਡੈਰੀ ਦੀ ਚਿੰਤਾ ਕੌਣ ਕਰੇ? ਹੌਲੀ-ਹੌਲੀ ਗਾਹਕ ਟੁੱਟ ਗਏ ਤੇ ਫੇਰ ਡੈਰੀ ਬੰਦ ਹੋ ਗਈ। 'ਨੌਜਵਾਨ ਭਾਰਤ ਸਭਾ' ਜਿਹੜੀ ਇਸ ਦੌਰਾਨ ਨਿਰਜਿੰਦ-ਜਿਹੀ ਹੋ ਗਈ ਸੀ, ਸਭ ਤੋਂ ਪਹਿਲਾਂ ਉਸਨੂੰ ਮੁੜ ਸੰਜੀਵ ਕੀਤਾ ਗਿਆ। ਸੋਹਨ ਸਿੰਘ ਜੋਸ਼ ਲਿਖਦੇ ਹਨ...:
“21 ਜਨਵਰੀ 1927 ਨੂੰ ਮੈਂ ਪੰਜਾਬੀ 'ਕਿਰਤੀ' ਦਾ ਕੰਮ ਸੰਭਾਲਿਆ। ਇਹ ਇਕ ਕਰਾਂਤੀਕਾਰੀ ਪਰਚਾ ਸੀ, ਜਿਸਨੂੰ ਸਾਨ ਫ੍ਰਾਸਿਸਕੋ ਕੇਸ ਵਿਚ ਪ੍ਰਸਿੱਧ ਹੋਏ, ਇਕ ਗਦਰੀ ਕਰਾਂਤੀਕਾਰੀ, ਭਾਈ ਸੰਤੋਖ ਸਿੰਘ ਨੇ ਫਰਬਰੀ 1926 ਵਿਚ ਸ਼ੁਰੂ ਕੀਤਾ ਸੀ। ਇਸ ਪਰਚੇ ਦਾ ਉਦੇਸ਼ ਪੰਜਾਬੀ ਭਾਸ਼ੀ ਲੋਕਾਂ ਵਿਚ ਭਾਰਤ ਦੀ ਮੁਕੰਮਲ-ਆਜ਼ਾਦੀ ਤੇ ਸਮਾਜਵਾਦੀ ਵਿਚਾਰਾਂ ਦਾ ਪਰਚਾਰ ਕਰਨਾ ਸੀ। 1915 ਦੇ ਗਦਰੀ-ਇਨਕਲਾਬ ਦੀ ਅਸਫਲਤਾ ਪਿੱਛੋਂ ਗਦਰ ਪਾਰਟੀ ਦੇ ਨੇਤਾ ਮਾਰਕਸਵਾਦ-ਲੇਨਿਨਵਾਦ ਵੱਲ ਮੂੰਹ ਕਰ ਰਹੇ ਸਨ ਤੇ ਪੰਜਾਬ ਦੀ ਕਿਸਾਨ ਜਨਤਾ ਤੇ ਅਸੰਗਠਤ ਮਜ਼ਦੂਰਾਂ ਨੂੰ ਸੰਗਠਤ ਕਰਨਾ ਚਾਹੁੰਦੇ ਸਨ ਤਾਂਕਿ ਨਵੀਆਂ ਹਾਲਤਾਂ ਵਿਚ ਆਜ਼ਾਦੀ ਦੀ ਲੜਾਈ ਜਾਰੀ ਰੱਖੀ ਜਾ ਸਕੇ।
“'ਕਿਰਤੀ' ਇਕ ਪਰਚਾਰ ਕਰਨ ਵਾਲਾ ਪਰਚਾ ਹੀ ਨਹੀਂ ਸੀ, ਇਹ ਜਨਤਾ ਨੂੰ ਹਰਕਤ ਵਿਚ ਲਿਆਉਣ ਤੇ ਲਾਮਬੰਦ ਕਰਨ ਦਾ ਕਾਰਜ ਵੀ ਕਰ ਰਿਹਾ ਸੀ। ਇਸ ਪਰਚੇ ਦੇ ਇਰਦ-ਗਿਰਦ ਅਸੀਂ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਨੂੰ ਸੰਗਠਿਤ ਕਰ ਰਹੇ ਸਾਂ।
“'ਕਿਰਤੀ' ਦੇ ਪ੍ਰਬੰਧਕਾਂ ਨੇ ਨੌਜਵਾਨਾਂ ਦਾ ਇਕ ਸੰਗਠਨ ਬਣਾਉਣ ਦਾ ਫ਼ੈਸਲਾ ਕਰ ਲਿਆ ਤੇ ਇਸ ਉਦੇਸ਼ ਲਈ ਭਗਤ ਸਿੰਘ ਕੈਨੇਡੀਅਨ ਤੇ ਸੋਹਨ ਸਿੰਘ ਜੋਸ਼ ਵੱਲੋਂ ਮਾਰਚ 1928 ਵਿਚ ਇਕ ਇਸ਼ਤਿਹਾਰ ਦਿੱਤਾ ਕਿ ਉਹ 11, 12 ਤੇ 13 ਅਪ੍ਰੈਲ 1928 ਨੂੰ ਜਲਿਆਂਵਾਲੇ ਬਾਗ਼ ਵਿਚ ਨੌਜਵਾਨਾਂ ਦੀ ਇਕ ਕਾਨਫ਼ਰੰਸ ਕਰ ਰਹੇ ਹਨ। ਇਹਨਾਂ ਤਾਰੀਖ਼ਾਂ ਵਿਚ ਇਸੇ ਜਗ੍ਹਾ ਪੰਜਾਬ ਕਾਂਗਰਸ ਵੀ ਇਕ ਰਾਜਨੀਤਕ ਕਾਨਫ਼ਰੰਸ ਕਰ ਰਹੀ ਸੀ। 13 ਅਪ੍ਰੈਲ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦਾ ਦਿਨ ਹੈ। ਅਸੀਂ ਪੰਜਾਬ ਵਿਚ ਇਕ ਨੌਜਵਾਨ ਸੰਗਠਨ ਬਣਾਉਣ ਲਈ ਨੌਜਵਾਨਾਂ ਨੂੰ ਸੱਦਾ ਦਿੱਤਾ ਸੀ। ਇਸ ਕਾਨਫ਼ਰੰਸ ਦਾ ਉਰਦੂ ਤੇ ਪੰਜਾਬੀ ਦੇ ਅਖ਼ਬਾਰਾਂ ਤੇ ਲਾਹੌਰ ਦੇ ਟ੍ਰਿਬਿਊਨ ਵਿਚ ਚੰਗਾ ਪਰਚਾਰ ਹੋ ਗਿਆ ਸੀ।
“ਕਾਨਫ਼ਰੰਸ ਤੋਂ ਕੁਝ ਦਿਨ ਪਹਿਲਾਂ ਛੇ ਸਤ ਅਪ੍ਰੈਲ ਨੂੰ ਇਕ ਨੌਜਵਾਨ, ਜਿਹੜਾ ਮੈਥੋਂ ਛੋਟੀ ਉਮਰ ਦਾ ਸੀ, ਅੰਮ੍ਰਿਤਸਰ ਵਿਚ ਰੇਲਵੇ ਲਾਈਨ ਉੱਤੇ ਬਣੇ ਲੱਕੜ ਦੇ ਪੁਲ ਲਾਗੇ, 'ਕਿਰਤੀ' ਦੇ ਦਫ਼ਤਰ ਵਿਚ ਮੈਨੂੰ ਮਿਲਣ ਲਈ ਆਇਆ। ਉਹ ਇਕ ਸੋਹਣਾ-ਸੁਣੱਖਾ ਨੌਜਵਾਨ ਸੀ। ਉਸਦੇ ਨਕਸ਼ੇ ਤਿੱਖੇ ਸਨ ਤੇ ਚਿਹਰੇ ਉੱਤੇ ਰੌਅ ਸੀ। ਉਸਦਾ ਕੱਦ ਮੈਥੋਂ ਦੋ ਤਿੰਨ ਇੰਚ ਛੋਟਾ ਸੀ। ਅੰਮ੍ਰਿਤਸਰ ਆਉਣ ਦਾ ਉਸਦਾ ਮਕਸਦ ਇਹ ਸੀ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਕਾਨਫ਼ਰੰਸ ਦੇ ਰਾਜਨੀਤਕ ਨਿਸ਼ਾਨੇ ਤੇ ਕਾਰਜ-ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ।
“ਉਸਨੇ ਮੈਨੂੰ ਦੱਸਿਆ ਕਿ ਉਸਦਾ ਨਾਂ ਭਗਤ ਸਿੰਘ ਹੈ ਤੇ ਉਹ ਲਾਹੌਰ ਵਿਚ ਵਿਦਿਆਰਥੀਆਂ ਨੂੰ ਲਾਮਬੰਦ ਕਰ ਰਿਹਾ ਹੈ। ਉਸਨੇ ਕਿਹਾ ਕਿ ਉਸ ਤੇ ਉਸਦੇ ਸਾਥੀਆਂ ਦੀ ਸਾਡੀ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਣ ਦੀ ਇੱਛਾ ਹੈ ਤੇ ਉਹ ਸਮਝਣਾ ਚਾਹੁੰਦੇ ਹਨ ਕਿ ਇਸ ਕਾਨਫ਼ਰੰਸ ਦਾ ਰਾਜਨੀਤਕ ਪ੍ਰੋਗਰਾਮ ਕੀ ਹੈ। ਮੈਂ ਉਸਨੂੰ ਦੱਸਿਆ ਕਿ ਇਸ ਕਾਨਫ਼ਰੰਸ ਦਾ ਪ੍ਰਬੰਧ 'ਕਿਰਤੀ' ਦੇ ਪ੍ਰਬੰਧਕਾਂ ਨੇ ਕੀਤਾ ਹੈ। ਉਹਨਾਂ ਦੀ ਰਾਜਨੀਤਕ ਨੀਤੀ ਇਸ ਪਰਚੇ ਵਿਚ ਪੇਸ਼ ਕੀਤੀ ਜਾਂਦੀ ਹੈ। ਮੈਂ ਦੱਸਿਆ ਕਿ ਸਾਨੂੰ ਵਿਗਿਆਨਕ ਸਮਾਜਵਾਦ ਵਿਚ ਯਕੀਨ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਕਾਨਫ਼ਰੰਸ ਮਾਰਕਸਵਾਦੀ ਵਿਚਾਰਧਾਰਾ ਉੱਪਰ ਅਧਾਰਿਤ ਵਿਗਿਆਨਕ ਕਾਰਜ-ਕਰਮ ਸਵੀਕਾਰ ਕਰੇ।
“ਉਸਨੇ ਕਿਹਾ ਕਿ 'ਤੁਹਡਾ ਪ੍ਰੋਗਰਾਮ ਇਨਕਲਾਬੀ ਹੈ ਤੇ ਅਸੀਂ ਜ਼ਰੂਰ ਕਾਨਫ਼ਰੰਸ ਵਿਚ ਹਿੱਸਾ ਲਵਾਂਗੇ।'
“ਮੈਂ ਜ਼ੋਰ ਦਿੱਤਾ, 'ਜ਼ਰੂਰ ਆਓ ਤੇ ਹਿੱਸਾ ਲਓ।'
“ 'ਪਰ ਇਕ ਗੱਲ ਹੋਰ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਅਸੀਂ ਲਾਹੌਰ ਵਿਚ ਇਕ ਨੌਜਵਾਨ ਸੰਗਠਨ ਚਲਾ ਰਹੇ ਹਾਂ। ਇਸਦਾ ਨਾਂ 'ਨੌਜਵਾਨ ਭਾਰਤ ਸਭਾ' ਹੈ।'
“'ਨਹੀਂ, ਮੈਨੂੰ ਪਤਾ ਨਹੀਂ।' ਮੈਂ ਉਤਰ ਦਿੱਤਾ, 'ਇੱਥੇ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ।'
“'ਇਹ ਕੁਝ ਕਾਰਨਾ ਕਰਕੇ ਚੁੱਪ ਹੋ ਗਈ ਹੈ।'
“'ਕਿਹੜੇ ਕਾਰਨ ਸਨ?'
“'ਸਰਕਾਰ ਨੇ ਕਾਲਜਾਂ ਵਿਚ ਸਾਡੇ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ ਤੇ ਸੀ.ਆਈ.ਡੀ. ਨੇ ਸੰਗਠਨ ਦੇ ਕਾਮਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨਾਲ ਗੱਲਬਾਤ ਕਰਨਾ ਲਗਭਗ ਅਸੰਭਵ ਜਿਹਾ ਹੋ ਗਿਆ ਸੀ।'
“'ਸਮਝ ਗਿਆ' ਮੈਂ ਕਿਹਾ, 'ਸਰਕਾਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਕ ਕੰਮ ਕਰਨ ਦੀ ਛੂਟ ਦੇਣ ਲਈ ਤਿਆਰ ਨਹੀਂ...।'
“ਫੇਰ ਉਹ ਅਸਲੀ ਨੁਕਤੇ 'ਤੇ ਆਇਆ। ਉਸਨੇ ਮੈਨੂੰ ਪੁੱਛਿਆ ਕਿ 'ਨੌਜਵਾਨ ਭਾਰਤ ਸਭਾ' ਨਾਂ ਦੇ ਬਾਰੇ ਵਿਚ ਮੇਰੀ ਕੀ ਰਾਏ ਹੈ। 'ਨਾਂਅ ਚੰਗਾ ਹੈ।' ਮੈਂ ਉਤਰ ਦਿੱਤਾ ਤੇ ਕਿਹਾ, 'ਅਸੀਂ ਨਾਂਅ ਦਾ ਫ਼ੈਸਲਾ ਡੈਲੀਗੇਟਾਂ ਉੱਪਰ ਲੋਕਤਾਂਤਰਿਕ ਢੰਗ ਨਾਲ ਕਰਨ ਲਈ ਛੱਡ ਦਿੱਤਾ ਏ।'
“ਉਸਨੇ ਪੁੱਛਿਆ, 'ਪਰ ਕੀ ਤੁਸੀਂ ਇਸ ਨਾਂ ਦਾ ਸਮਰਥਣ ਕਰ ਸਕਦੇ ਓ?'
“ਮੈਂ ਉਤਰ ਦਿੱਤਾ, 'ਮੈਂ ਭਗਤ ਸਿੰਘ ਕੈਨੇਡੀਅਨ ਤੇ ਹੋਰਨਾਂ ਨਾਲ ਇਸ ਸਵਾਲ ਉੱਤੇ ਵਿਚਾਰ ਕਰਾਂਗਾ ਤੇ ਮੈਨੂੰ ਉਮੀਦ ਏ ਅਸੀਂ ਇਸ ਨਾਂਅ ਉੱਤੇ ਸੌ ਫੀ ਸਦੀ ਸਹਿਮਤ ਹੋ ਜਾਵਾਂਗੇ।'
“ਭਗਤ ਸਿੰਘ ਨੇ ਵਾਅਦਾ ਕੀਤਾ ਕਿ ਉਹ ਆਪਣੇ ਲਾਹੌਰ ਦੇ ਸਾਥੀਆਂ ਸਮੇਤ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਏਗਾ। ਇਹ ਸਾਡੀ ਪਹਿਲੀ ਮੁਲਾਕਾਤ ਸੀ।
“ਸਰਕਾਰ ਦੀ ਖ਼ੁਫ਼ੀਆ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਲਾਹੌਰ 'ਨੌਜਵਾਨ ਭਾਰਤ ਸਭਾ' ਦੀਆਂ ਗਤੀਵਿਧੀਆਂ, ਜਿਹਨਾਂ ਦਾ ਮੁੱਢ ਭਗਤ ਸਿੰਘ ਨੇ ਬੰਨ੍ਹਿਆ ਸੀ, ਲਾਹੌਰ ਦੇ ਵਿਦਿਆਰਥੀਆਂ ਤਕ ਸੀਮਿਤ ਸਨ। ਇਹ ਇਕ ਅਰਧ ਗੁਪਤ ਸੰਸਥਾ ਸੀ। ਕਰਾਂਤੀਕਾਰੀ ਉਦੇਸ਼ ਲਈ ਵਿਦਿਆਰਥੀਆਂ ਵਿਚੋਂ ਭਰਤੀ ਕਰਨ ਲਈ ਇਸਦਾ ਖੁੱਲ੍ਹਾ ਤੇ ਗੁਪਤ ਕਾਰਜੀ ਅਜੈਂਡਾ ਸੀ। ਬ੍ਰਿਟਿਸ਼ ਖ਼ੁਫ਼ੀਆ ਵਿਭਾਗ ਦੇ ਜਾਸੂਸਾਂ ਨੂੰ ਇਸ ਦੀਆਂ ਅਸਲ ਰਾਜਨੀਤਕ ਸਰਗਰਮੀਆਂ ਦਾ ਪਤਾ ਲੱਗ ਗਿਆ ਸੀ। ਲਾਹੌਰ ਦੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸ਼੍ਰੀਮਾਨ ਫਾਈਨੇਂਸ ਮੈਂਬਰ ਨੇ, ਜਿਹੜਾ ਯੂਨੀਵਰਸਟੀ ਦਾ ਵਾਈਸ ਚਾਂਸਲਰ ਵੀ ਸੀ, ਬੁਲਾਇਆ ਤੇ ਉਹਨਾਂ ਨੂੰ ਸਭਾ ਦੇ ਅਸਲ ਇਰਾਦਿਆਂ ਬਾਰੇ ਦੱਸਿਆ। ਸਭਾ ਹੁਣ ਉਹਨਾਂ ਦੇ ਹੋਸਟਲਾਂ ਤੇ ਹਾਲ ਦਾ ਇਸਤੇਮਾਲ ਨਹੀਂ ਕਰ ਸਕਦੀ ਸੀ। ਅੰਗਰੇਜ਼ ਵਾਈਸ ਚਾਂਸਲਰ ਨੇ ਹੁਕਮ ਦਿੱਤਾ ਕਿ ਕਾਲਜਾਂ ਦੇ ਸਟਾਫ਼ ਦਾ ਕੋਈ ਮੈਂਬਰ ਸਮਾਜਿਕ ਤੇ ਨਾਗਰਿਕ ਵਿਸ਼ਿਆਂ ਆਦੀ ਉੱਪਰ ਸਭਾ ਵਿਚ ਭਾਸ਼ਣ ਨਹੀਂ ਦੇ ਸਕਦਾ। ਇਸ ਹੁਕਮ ਨੇ ਸਭਾ ਦੀਆਂ ਸਰਗਰਮੀਆਂ ਉੱਤੇ ਘਾਤਕ ਵਾਰ ਕੀਤਾ।
“ਲਾਹੌਰ ਵਿਚ 'ਨੌਜਵਾਨ ਭਾਰਤ ਸਭਾ' ਨੇ ਮਾਰਚ 1926 ਤੋਂ ਲੈ ਕੇ ਅਪ੍ਰੈਲ 1927 ਤਕ ਵਿਦਿਆਰਥੀਆਂ ਵਿਚ ਰਾਜਨੀਤਕ ਚੇਤਨਾ ਜਗਾਉਣ ਦਾ ਚੰਗਾ ਹੰਭਲਾ ਮਾਰਿਆ ਸੀ, ਪਰ ਲਾਹੌਰ ਤੋਂ ਬਾਹਰ ਇਸ ਦੀ ਹੋਂਦ ਦਾ ਕਿਸੇ ਨੂੰ ਪਤਾ ਨਹੀਂ ਸੀ। ਤੇ ਫੇਰ ਸਭਾ ਦੀਆਂ ਗਤੀ-ਵਿਧੀਆਂ ਸਮਾਪਤ ਹੋ ਗਈਆਂ...ਇਸ ਦੌਰਾਨ ਸਭਾ ਨੇ ਕੋਈ ਵਿਸ਼ੇਸ਼ ਮਾਹਰਕਾ ਨਹੀਂ ਮਾਰਿਆ। ਬਰਤਾਨਵੀ ਸਰਕਾਰ ਦੇ ਵਿਚਾਰ ਅਨੁਸਾਰ ਸਭਾ ਦਾ ਖੁੱਲ੍ਹਾ ਪ੍ਰੋਗ਼ਰਾਮ ਕਮਿਊਨਿਜ਼ਮ ਤੇ ਹਿੰਸਾ ਦੇ ਉਗਰਵਾਦੀ ਰਾਜਨੀਤਕ ਸਿਧਾਂਤ ਦਾ ਗੁਪਤ ਪਰਚਾਰ ਕਰਨਾ ਸੀ।
“ਅਸੀਂ ਨੌਜਵਾਨ ਕਾਨਫ਼ਰੰਸ ਦੀ ਪ੍ਰਧਾਨਗੀ ਲਈ ਕੇਦਾਰ ਨਾਥ ਸਹਿਗਲ ਨੂੰ ਚੁਣਿਆ ਸੀ ਕਿਉਂਕਿ ਉਸਦਾ ਮੇਲਜੋਲ ਗਦਰ ਪਾਰਟੀ ਦੇ ਨੇਤਾਵਾਂ ਨਾਲ ਸੀ ਤੇ ਉਸਨੂੰ ਪਹਿਲਾਂ ਲਾਹੌਰ ਸਾਜਿਸ਼ ਕੇਸ (1915) ਵਿਚ ਗਦਰੀ ਦੇਸ਼ ਭਗਤਾਂ ਨਾਲ ਹੀ ਇਕ ਦੋਸ਼ੀ ਠਹਿਰਾਇਆ ਗਿਆ ਸੀ। 'ਕਿਰਤੀ' ਇਕ ਨਵੇਂ ਢੰਗ ਨਾਲ ਲੀਹ ਨੂੰ ਅੱਗੇ ਵਧਾਅ ਰਿਹਾ ਸੀ। ਅਸੀਂ ਉਸ ਵਕਤ ਤਕ ਇਹ ਨਹੀਂ ਸੀ ਜਾਣਦੇ ਕਿ ਕੇਦਾਰ ਨਾਥ ਸਹਿਗਲ ਲਾਹੌਰ ਦੀ ਨੋਜਵਾਨ ਸਭਾ ਦਾ ਵੀ, ਜਿਹੜੀ ਉਸ ਸਮੇਂ ਸਿੱਥਲ ਹੋ ਚੁੱਕੀ ਸੀ, ਮੈਂਬਰ ਰਹਿ ਚੁੱਕਿਆ ਹੈ।
“ਕਾਨਫ਼ਰੰਸ ਮਿਥੀਆਂ ਤਾਰੀਖ਼ਾਂ ਉੱਤੇ ਹੋਈ। ਭਗਤ ਸਿੰਘ ਤੇ ਉਹਨਾਂ ਦੇ ਲਾਹੌਰ ਦੇ ਸਾਥੀਆਂ ਨੇ ਇਸ ਵਿਚ ਹਿੱਸਾ ਲਿਆ। ਅਨੇਕਾਂ ਪੜ੍ਹੇ-ਲਿਖੇ ਹਿੰਦੂ, ਸਿੱਖ ਤੇ ਮੁਸਲਮਾਨ ਨੌਜਵਾਨ ਇਸ ਵਿਚ ਸ਼ਾਮਲ ਹੋਏ। ਪ੍ਰਧਾਨ ਕੇਦਾਰ ਨਾਥ ਸਹਿਗਲ ਨੇ ਪੰਜਾਬੀ ਨੌਜਵਾਨਾਂ ਦੀ ਦੇਸ਼-ਸੇਵਾ ਤੇ ਕੁਰਬਾਨੀਆਂ ਦੀ ਪ੍ਰਸ਼ੰਸਾ ਕੀਤੀ ਤੇ ਇਸ ਗੱਲ ਉੱਤੇ ਹੈਰਾਨੀ ਤੇ ਦੁੱਖ ਪਰਗਟ ਕੀਤਾ ਕਿ ਪੰਜਾਬ ਨੂੰ ਹੁਣ ਵੀ ਭਾਰਤ ਦਾ ਅਲਸਟਰ ਕਿਹਾ ਜਾਂਦਾ ਹੈ। ਉਹਨਾਂ ਨੇ ਸੰਪਰਦਾਇਕ ਦੰਗਿਆਂ ਦੀ ਨਿੰਦਿਆ ਕੀਤੀ ਤੇ ਕਿਹਾ ਕਿ ਬਰਤਾਨਵੀ ਝੋਲੀ ਚੁੱਕਾਂ ਦੇ ਉਕਸਾਵੇ ਵਿਚ ਭਾਰਤੀ ਹੀ ਭਾਰਤੀਆਂ ਨੂੰ ਕਤਲ ਕਰੀ ਜਾ ਰਹੇ ਹਨ। ਉਹਨਾਂ ਪੰਜਾਬੀ ਨੌਜਵਾਨਾਂ ਨੂੰ ਵੰਗਾਰਿਆ ਕਿ ਉਹ ਬਰਤਾਨਵੀ ਅਫ਼ਸਰਾਂ ਤੇ ਉਹਨਾਂ ਦੇ ਝੋਲੀ ਚੁੱਕਾਂ ਦੀਆਂ ਸੰਪਰਦਾਇਕ ਚਾਲਾਂ ਨੂੰ ਅਸਫਲ ਬਣਾਉਣ, ਦੇਸ਼ ਨੂੰ ਆਜ਼ਾਦ ਕਰਵਾਉਣ ਤੇ ਉਸ ਦੇ ਲਈ ਜਨਤਾ ਨੂੰ ਲਾਮਬੰਦ ਕਰਨ ਲਈ ਮੈਦਾਨ ਵਿਚ ਨਿੱਤਰ ਪੈਣ।
“ਕਾਨਫ਼ਰੰਸ ਦੇ ਡੈਲੀਗੇਟਾਂ ਦੀ ਆਮ ਰਾਏ ਇਹ ਸੀ ਕਿ ਨੌਜਵਾਨ ਮੁਕੰਮਲ-ਆਜ਼ਾਦੀ ਤੇ ਸਮਾਜਵਾਦ ਨੂੰ ਆਪਣਾ ਨਿਸ਼ਾਨਾਂ ਐਲਾਨ ਦੇਣ। ਇਸ ਉੱਤੇ ਬਹੁਤੀ ਬਹਿਸ ਨਹੀਂ ਹੋਈ। ਮੁੱਖ ਚਰਚਾ ਇਸ ਸਵਾਲ ਉੱਪਰ ਹੋਈ ਕਿ ਧਾਰਮਿਕ ਤੇ ਸੰਪਰਦਾਇਕ ਸੰਸਥਾਵਾਂ ਨਾਲ ਸੰਬੰਧ ਰੱਖਣ ਵਾਲੇ ਨੌਜਵਾਨਾਂ ਨੂੰ ਇਸ ਨੌਜਵਾਨ ਸੰਗਠਨ ਦਾ ਮੈਂਬਰ ਬਣਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। ਇਸ ਸਵਾਲ ਬਾਰੇ ਦੋ ਵਿਪਰੀਤ ਰਾਵਾਂ ਸਨ।
“ਧਾਰਮਕ ਸੰਪਰਦਾਇਕ ਸੰਗਠਨਾਂ ਨਾਲ ਸੰਬੰਧ ਰੱਖਣ ਵਾਲੇ ਨੌਜਵਾਨਾਂ ਨੂੰ ਇਸ ਨੌਜਵਾਨ ਸੰਗਠਨ ਦੇ ਮੈਂਬਰ ਬਣਾਉਣ ਦੀ ਆਗਿਆ ਦੇਣ ਦੇ ਰੁਝਾਨ ਦੀ ਹਿਮਾਇਤ ਕਰਨ ਵਾਲੇ ਪ੍ਰਤੀਨਿਧੀਆਂ ਦੀ ਅਗਵਾਈ ਦੋ ਨੌਜਵਾਨ ਕਰ ਰਹੇ ਸਨ। ਇਕ ਸੀ, ਸਰਦਾਰ ਗੋਪਾਲ ਸਿੰਘ ਕੌਮੀ, ਜਿਹੜਾ ਚਾਹੁੰਦਾ ਸੀ ਕਿ ਅਕਾਲੀ ਨੌਜਵਾਨ ਇਸ ਨਵੇਂ ਸੰਗਠਨ ਵਿਚ ਸ਼ਾਮਲ ਹੋਣ ਤੇ ਦੂਜਾ ਸੀ, ਮੁਨਸ਼ੀ ਅਹਿਮਦ ਦੀਨ, ਜਿਹੜਾ ਅਹਿਰਾਰੀਆਂ ਨੂੰ ਇਸ ਵਿਚ ਸ਼ਾਮਲ ਕਰਨਾ ਚਾਹੁੰਦਾ ਸੀ। ਇਸ ਰੁਝਾਨ ਦੇ ਵਿਰੁੱਧ ਦੂਜੇ ਰੁਝਾਨ ਦਾ ਪ੍ਰਤੀਨਿਧੀਤਵ 'ਕਿਰਤੀ' ਦਾ ਪ੍ਰਬੰਧਕ ਗਰੁੱਪ ਤੇ ਭਗਤ ਸਿੰਘ ਹੁਰੀਂ ਕਰ ਰਹੇ ਸਨ।
“ਉਸ ਸਮੇਂ ਨੌਜਵਾਨ ਧਾਰਮਕ ਸੰਪਰਦਾਇਕ ਨੇਤਾਵਾਂ ਤੋਂ, ਜਿਹੜੇ ਸਾਡੀ ਆਜ਼ਾਦੀ ਦੇ ਦੁਸ਼ਮਣ ਅੰਗਰੇਜ਼ ਦੇ ਹੱਥਾਂ ਵਿਚ ਖੇਡ ਰਹੇ ਸਨ, ਬੜੇ ਚਿੜੇ ਹੋਏ ਸਨ। ਉਹ ਸੰਪਰਦਾਇਕ ਦੰਗੇ ਕਰਵਾਉਂਦੇ ਤੇ ਸਾਡੀ ਆਜ਼ਾਦੀ ਦੀ ਰਾਹ ਵਿਚ ਰੋੜੇ ਅੜਾਉਂਦੇ ਸਨ ਤੇ ਔਕੜਾਂ ਪੈਦਾ ਕਰਦੇ ਸਨ। ਨੌਜਵਾਨਾਂ ਵਿਚ ਕੁਝ ਤਾਂ ਏਨੇ ਵੱਧ ਹਿਰਖੇ ਹੋਏ ਸਨ  ਕਿ ਉਹਨਾਂ ਨੇ ਧਰਮ ਦਾ ਹੀ ਵਿਰੋਧ ਕਰਨਾਂ ਸ਼ੁਰੂ ਕਰ ਦਿੱਤਾ ਸੀ।
“ਲੰਮੀ ਬਹਿਸ ਪਿੱਛੋਂ ਕਿਰਤੀ ਗਰੁੱਪ ਤੇ ਭਗਤ ਸਿੰਘ ਗਰੁੱਪ, ਗੋਪਾਲ ਸਿੰਘ ਕੌਮੀ ਤੇ ਅਹਿਮਦ ਦੀਨ ਦੇ ਪੱਖ ਨੂੰ ਹਰਾਉਣ ਲਈ ਇਕੱਠੇ ਹੋ ਗਏ। ਨੌਜਵਾਨਾਂ ਦਾ ਬਹੁਮਤ ਧਾਰਮਕ ਸੰਪਰਦਾਇਕ ਸੰਗਠਨਾਂ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈਣ ਦੇ ਵਿਰੁੱਧ ਸੀ। ਇਹ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਧਰਮ ਵਿਅਕਤੀ ਦਾ ਨਿੱਜੀ ਮਾਮਲਾ ਹੈ ਤੇ ਸੰਪਰਦਾਇਕਤਾ ਸਾਡੀ ਦੁਸ਼ਮਣ ਹੈ, ਜਿਸਦਾ ਵਿਰੋਧ ਕਰਨਾ, ਜ਼ਰੂਰੀ ਬਣਦਾ ਹੈ। ਇਸ ਵਿਆਖਿਆ ਨਾਲ ਇਹ ਸਮੱਸਿਆ ਸਹਿਜੇ ਹੀ ਸੁਲਝ ਗਈ।
“ਕਾਨਫ਼ਰੰਸ ਨੇ ਫ਼ੈਸਲਾ ਕੀਤਾ ਕਿ ਨੌਜਵਾਨਾਂ ਦਾ ਇਹ ਨਵਾਂ ਸੰਗਠਨ ਗ਼ੈਰ-ਸੰਪਰਦਾਇਕ, ਧਰਮ-ਨਿਰਪੱਖ ਤੇ ਜਨਤੰਤਰੀ ਹੋਏਗਾ। ਇਹ ਨੌਜਵਾਨ ਆਜ਼ਾਦੀ ਦੇ ਘੋਲ ਨੂੰ ਹਾਨੀ ਪਹੁੰਚਾਉਣ, ਸਿੱਥਲ ਕਰਨ ਤੇ ਅੜਿੱਕਾ ਲਾਉਣ ਵਾਲੇ ਰੁਝਾਨਾਂ ਤੇ ਕੁਰੁਚੀਆਂ ਦਾ ਡਟ ਕੇ ਮੁਕਾਬਲਾ ਕਰਨਗੇ। ਤੇ ਦੇਸ਼ ਦੇ ਰਾਜਨੀਤਕ ਪਿੜ ਵਿਚ ਨੌਜਵਾਨ ਅੰਦੋਲਨ ਇਕ ਵੱਡੀ ਸ਼ਕਤੀ ਬਣ ਕੇ ਉਭਰੇਗਾ।
“ਸੰਗਠਨ ਦਾ ਨਾਓਂ 'ਨੌਜਵਾਨ ਭਾਰਤ ਸਭਾ' ਸਰਬ ਸੰਮਤੀ ਨਾਲ ਸਵੀਕਾਰ ਕੀਤਾ ਗਿਆ। ਕਮੇਟੀ ਦੇ ਮੈਂਬਰ ਸਨ...: ਸੋਹਨ ਸਿੰਘ ਜੋਸ਼, ਪ੍ਰਧਾਨ; ਲਾਲਾ ਰਾਮ ਚੰਦਰ, ਅਬੱਦੁਲ ਮਜੀਦ, ਮੁਹੰਮਦ ਤੁਫ਼ੈਲ, ਅਹਿਸਾਨ ਇਲਾਹੀ, ਸ਼ੇਖ ਹਿਸ਼ਾਮੁਦੀਨ, ਛਬੀਲ ਦਾਸ, ਗੋਪਾਲ ਸਿੰਘ ਕੌਮੀ ਤੇ ਕਪਿਲ ਦੇਵ ਸ਼ਰਮਾ।”
ਭਗਤ ਸਿੰਘ ਸਕੱਤਰ ਤੇ ਭਗਵਤੀ ਚਰਣ ਵੋਹਰਾ ਪਰਚਾਰ ਸਕੱਤਰ ਚੁਣੇ ਗਏ। 16 ਅਪ੍ਰੈਲ ਨੂੰ ਜਿਹੜਾ ਐਲਾਨ-ਨਾਮਾ ਪਾਸ ਹੋਇਆ, ਉਹ ਭਗਤ ਸਿੰਘ ਤੇ ਭਗਵਤੀ ਚਰਣ ਨੇ ਤਿਆਰ ਕੀਤਾ ਸੀ।
ਇਹ ਰਾਜਨੀਤਕ ਚੇਤਨਾ ਦੇ ਵਿਕਾਸ ਨੂੰ ਬਿਆਨ ਕਰਦਾ, ਇਕ ਮਹੱਤਵਪੂਰਨ ਦਸਤਾਵੇਜ ਹੈ। 'ਭਗਤ ਸਿੰਘ ਸੇ ਚਾਰ ਮੁਲਾਕਾਤੇਂ' ਵਿਚ ਲਿਖਿਆ ਹੈ...:
“ਉਹ ਸਵਰਾਜ ਜਿਸਨੂੰ ਲੋਕ ਪ੍ਰਾਪਤ ਹੀ ਨਹੀਂ ਕਰਨਗੇ ਬਲਕਿ ਉਹ ਹੋਏਗਾ ਵੀ ਉਹਨਾਂ ਲਈ। ਇਹ ਬੜਾ ਮੁਸ਼ਕਿਲ ਕਾਰਜ ਹੈ। ਭਾਵੇਂ ਸਾਡੇ ਨੇਤਾਵਾਂ ਨੇ ਕਈ ਸੁਝਾਅ ਦਿੱਤੇ ਹਨ, ਪਰ ਕਿਸੇ ਵਿਚ ਏਨਾਂ ਹੌਸਲਾ ਨਹੀਂ, ਜਿਸਨੇ ਸਮੁੱਚੀ ਜਨਤਾ ਦੀ ਜਾਗ੍ਰਤੀ ਲਈ ਕੋਈ ਠੋਸ ਯੋਜਨਾਂ ਪੇਸ਼ ਕੀਤੀ ਹੋਏ ਜਾਂ ਉਸਨੂੰ ਸਫਲਤਾ ਨਾਲ ਸਿਰੇ ਚੜ੍ਹਾਉਣ ਦਾ ਹੌਸਲਾ ਦਿਖਾਇਆ ਹੋਏ। ਬਹੁਤੇ ਵਿਸਥਾਰ ਵਿਚ ਨਾ ਜਾਂਦੇ ਹੋਏ ਅਸੀਂ ਏਨਾ ਜ਼ਰੂਰ ਕਹਿ ਸਕਦੇ ਹਾਂ ਕਿ ਆਪਣੇ ਅਸਲੀ ਉਦੇਸ਼ ਦੀ ਪੂਰਤੀ ਲਈ ਰੂਸੀ ਨੌਜਵਾਨਾਂ ਵਾਂਗ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਵੀ ਆਪਣਾ ਜੀਵਨ, ਪਿੰਡਾਂ ਵਿਚ ਬਿਤਾਉਣਾ ਪਏਗਾ ਤੇ ਲੋਕਾਂ ਨੂੰ ਸਮਝਾਉਣਾ ਪਏਗਾ ਕਿ ਭਾਵੀ ਕਰਾਂਤੀ ਦੇ ਅਰਥ ਕੀ ਹਨ। ਲੋਕਾਂ ਨੂੰ ਇਹ ਗੱਲ ਮਹਿਸੂਸ ਕਰਵਾਉਣ ਦੀ ਲੋੜ ਹੈ ਕਿ ਭਾਵੀ ਕਰਾਂਤੀ ਦਾ ਅਰਥ ਸਿਰਫ ਹਾਕਮਾਂ ਦੀ ਤਬਦੀਲੀ ਨਹੀਂ ਹੋਏਗਾ। ਇਸ ਦਾ ਸਭ ਤੋਂ ਵੱਡਾ ਅਰਥ ਹੋਏਗਾ, ਇਕ ਬਿਲਕੁਲ ਨਵੇਂ ਢਾਂਚੇ ਉੱਤੇ ਇਕ ਨਵੇਂ ਰਾਜਤੰਤਰ ਦੀ ਸਥਾਪਨਾਂ ਕਰਨੀ। ਇਹ ਇਕ ਦਿਨ ਜਾਂ ਇਕ ਸਾਲ ਦਾ ਕੰਮ ਨਹੀਂ, ਕਈ ਦਹਾਕਿਆਂ ਦੇ ਅਦੁੱਤੀ ਬਲੀਦਾਨ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸੰਪਨ ਕਰਨ ਲਈ ਤਿਆਰ ਕਰ ਸਕਦੇ ਹਨ, ਤੇ ਸਿਰਫ ਕਰਾਂਤੀਕਾਰੀ ਨੌਜਵਾਨਾਂ ਨੂੰ ਹੀ ਇਹ ਕਰਨਾ ਪਏਗਾ। ਪਰ ਇਹ ਜ਼ਰੂਰੀ ਨਹੀਂ ਕਿ ਬੰਬ ਤੇ ਪਸਤੌਲ ਵਾਲਾ ਆਦਮੀ ਹੀ ਕਰਾਂਤੀਕਾਰੀ ਹੋਏ।”
ਜਿਹੜੇ ਲੋਕ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਾਹਲੇ ਤੇ ਆਤੰਕਵਾਦੀ ਕਹਿ ਕੇ ਆਪਣੀ ਕਮਜ਼ੋਰੀ ਤੇ ਮੌਕਾ-ਪ੍ਰਸਤੀ ਛਿਪਾਉਣ ਦਾ ਜਤਨ ਕਰਦੇ ਹਨ, ਐਲਾਨ-ਨਾਮੇ ਦੇ ਇਹ ਸ਼ਬਦ ਉਹਨਾਂ ਦੇ ਮੂੰਹ ਉੱਤੇ ਇਕ ਕਰਾਰੀ ਚਪੇੜ ਹਨ ਤੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵਿਗਿਆਨਕ ਸੋਚ ਵਾਲੇ ਕਰਾਂਤੀਕਾਰੀ ਹੋਣ ਦਾ ਸਬਲ ਪ੍ਰਮਾਣ ਵੀ।


ਇਸ ਦੁਨੀਆਂ 'ਚੋਂ ਰੁਖ਼ਸਤ ਹੋ ਚੁੱਕੇ ਕਮਿਊਨਿਸਟ ਨੇਤਾ ਮੁਜੱਫ਼ਰ ਅਹਿਮਦ ਨੇ ਲਿਖਿਆ ਹੈ... “ਜਿੱਥੋਂ ਤਕ ਯਾਦ ਹੈ, ਸਨ 1926 ਵਿਚ ਜਾਂ ਹੋ ਸਕਦਾ ਹੈ, ਉਸ ਤੋਂ ਪਹਿਲਾਂ (ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ) ਅੰਮ੍ਰਿਤਸਰੋਂ ਗੁਰਮੁਖੀ ਵਿਚ ਛਪਿਆ ਹੋਇਆ 'ਕਿਰਤੀ' ਨਾਂ ਦਾ ਪੰਜਾਬੀ ਅਖ਼ਬਾਰ ਛਪਣਾ ਸ਼ੁਰੂ ਹੋਇਆ। 1927 ਦੇ ਨਵੰਬਰ ਜਾਂ ਦਸੰਬਰ ਵਿਚ ਕਿਰਤੀ-ਕਿਸਾਨ ਪਾਰਟੀ ਭਾਵ 'ਦ ਵਰਕਰਸ ਐਂਡ ਪੀਜੇਂਟਸ ਆਫ ਦਾ ਪੰਜਾਬ' ਦਾ ਗਠਜੋੜ ਹੋਇਆ, ਉਦੋਂ ਹੀ ਮਾਸਿਕ ਕਿਰਤੀ ਉਸਦਾ ਮੁੱਖ ਪਰਚਾ ਬਣਿਆ। ਗੱਲ ਇਹ ਹੈ ਕਿ ਪੰਜਾਬ ਵਿਚ ਲੋਕ ਪੰਜਾਬੀ ਭਾਸ਼ਾ ਬੋਲਦੇ ਤੇ ਸਮਝਦੇ ਜ਼ਰੂਰ ਸਨ, ਪਰ ਸਕੂਲਾਂ ਵਿਚ ਪੜ੍ਹਦੇ ਉਰਦੂ ਹੀ ਸਨ। ਗੁਰਮੁਖੀ ਦਾ ਪਰਚਾਰ ਖਾਸ ਕਰਕੇ ਸਿੱਖਾਂ ਵਿਚ ਸੀ। ਇਸ ਲਈ ਕਿਰਤੀ ਦਾ ਇਕ ਉਰਦੂ ਐਡੀਸ਼ਨ ਵੀ ਛਪਣ ਲੱਗ ਪਿਆ, ਜਿਸ ਦੇ ਗੁਰਮੁਖੀ ਐਡੀਸ਼ਨ ਨਾਲੋਂ ਵੱਧ ਸਫੇ ਹੁੰਦੇ ਸਨ। 1928 ਵਿਚ ਉਰਦੂ ਕਿਰਤੀ ਵਿਚ ਸੋਹਣ ਸਿੰਘ ਜੋਸ਼ ਦੇ ਸਹਿਕਾਰੀ ਦੇ ਰੂਪ ਵਿਚ ਭਗਤ ਸਿੰਘ ਨੇ ਵੀ ਕੁਝ ਸਮਾਂ ਕੰਮ ਕੀਤਾ ਸੀ। ਕਰਮ-ਖੇਤਰ ਵਿਚ ਸਾਡੇ ਨਾਲ ਭਗਤ ਸਿੰਘ ਦਾ ਪਹਿਲਾ ਤੇ ਚਿਰ ਸਥਾਈ ਸੰਬੰਧ 'ਨੌਜਵਾਨ ਭਾਰਤ ਸਭਾ' ਵਿਚ ਹੋਇਆ ਤੇ ਅੰਤਿਮ ਸੰਬੰਧ ਉਰਦੂ ਭਾਸ਼ਾ ਵਿਚ ਛਪਦੇ ਕਿਰਤੀ ਦੇ ਜਰੀਏ ਹੋਇਆ ਸੀ।”
'ਨੌਜਵਾਨ ਭਾਰਤ ਸਭਾ' ਦਾ ਨਵਾਂ ਰੂਪ ਕਮਿਊਨਿਸਟਾਂ ਦੇ ਕਿਰਤੀ ਗੱਰੁਪ ਤੇ ਭਗਤ ਸਿੰਘ ਗੱਰੁਪ ਦਾ ਸਾਂਝਾ ਮੋਰਚਾ ਸੀ। ਇਸ ਗੱਲ ਦੀ ਪੁਸ਼ਟੀ ਸੋਹਣ ਸਿੰਘ ਜੋਸ਼ ਰਾਹੀਂ ਵੀ ਹੁੰਦੀ ਹੈ। ਭਗਤ ਸਿੰਘ ਉਹਨਾਂ ਨਾਲ ਕਿਰਤੀ ਦੇ ਸੰਪਾਦਕ ਮੰਡਲ ਵਿਚ ਕੰਮ ਕਰਨ ਲੱਗੇ। ਉਹਨੀਂ ਦਿਨੀ ਕਿਰਤੀ ਵਿਚ ਕਰਾਂਤੀਕਾਰੀ 'ਮਾਂ', 'ਇੰਦਰ ਚੰਦਰ ਨਾਰੰਗ ਦਾ ਮੁਕੱਦਮਾ', 'ਪਬਲਿਕ ਸੇਫਟੀ ਬਿੱਲ', 'ਟਰੇਡ ਡਿਸਪਿਊਟ ਬਿਲ' ਤੇ 'ਮੋਤੀ ਲਾਲ ਨਹਿਰੂ ਕਮੇਟੀ ਰਿਪੋਰਟ' ਆਦੀ ਜਿਹੜੇ ਸੰਪਾਦਕੀ ਲੇਖ ਛਪੇ, ਉਹਨਾਂ ਉੱਤੇ ਭਗਤ ਸਿੰਘ ਦੇ ਵਿਚਾਰਾਂ ਦੀ ਛਾਪ ਸਪਸ਼ਟ ਦਿਖਾਈ ਦਿੰਦੀ ਹੈ। ਸੋਹਣ ਸਿੰਘ ਜੋਸ਼ ਨੇ ਲਿਖਿਆ ਹੈ ਕਿ 'ਕਿਰਤੀ ਦੇ ਪ੍ਰਬੰਧਕਾਂ ਨੇ ਇਕ ਵਾਰੀ ਭਗਤ ਸਿੰਘ ਨੂੰ 400 ਤੇ ਦੂਜੀ ਵਾਰੀ 300 ਰੁਪਏ ਦਿੱਤੇ। ਇਹ ਰਕਮ ਉਹਨੂੰ ਆਪਣੀ ਮਰਜ਼ੀ ਅਨੁਸਾਰ ਖਰਚ ਕਰਨ ਲਈ ਦਿੱਤੀ ਗਈ ਸੀ। ਇਹ ਰਕਮ ਸਾਡੇ ਸਟਾਫ ਵਿਚ ਕੰਮ ਕਰਨ ਦੇ ਮਿਹਨਤਾਨੇ ਨਾਲੋਂ ਵੱਖਰੀ ਸੀ। ਉਹਨਾਂ ਲਗਭਗ ਤਿੰਨ ਮਹੀਨੇ ਕੰਮ ਕੀਤਾ ਤੇ ਫੇਰ ਉਹ ਅਲੋਪ ਹੋ ਗਿਆ।'
ਸੋਹਣ ਸਿੰਘ ਜੋਸ਼ ਨੇ ਲਿਖਿਆ ਹੈ ਕਿ 'ਕੁਝ ਮਹੀਨੇ ਇਕੱਠੇ ਕੰਮ ਕਰਨ ਪਿੱਛੋਂ 'ਨੌਜਵਾਨ ਭਾਰਤ ਸਭਾ' ਵਿਚ ਦੋ ਰੁਝਾਨ ਪੈਦਾ ਹੋ ਗਏ। ਇਕ ਰੁਝਾਨ ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਸੀ, ਜਿਹੜੇ ਬੰਬ ਤੇ ਪਸਤੌਲਾਂ ਇਸਤੇਮਾਲ ਕਰਕੇ ਤੇਜ਼ੀ ਨਾਲ ਕੁਝ ਕਰਨਾ ਚਾਹੁੰਦੇ ਸੀ; ਦੂਜੇ ਰੁਝਾਨ ਦੇ ਪ੍ਰਤੀਨਿਧ ਕਿਰਤੀ ਗਰੁੱਪ ਦੇ ਲੋਕ ਸਨ, ਜਿਹੜੇ ਕਹਿੰਦੇ ਸਨ ਕਿ ਮਜ਼ਦੂਰਾਂ-ਕਿਸਾਨਾਂ ਨੂੰ ਇਕ ਜਨ-ਕਰਾਂਤੀ ਲਈ ਲਾਮਬੰਦ ਕੀਤਾ ਜਾਏ। ਇਹਨਾਂ ਸਮੱਸਿਆਵਾਂ ਉੱਪਰ ਕਈ ਵਾਰੀ ਬਹਿਸ ਹੋਈ। ਕਿਰਤੀ ਗਰੁੱਪ ਆਪਣੀ ਪੋਜੀਸ਼ਨ ਉੱਤੇ ਅਟੱਲ ਰਿਹਾ ਤੇ 'ਨੌਜਵਾਨ ਭਾਰਤ ਸਭਾ' ਤੇ 'ਕਿਰਤੀ ਕਿਸਾਨ ਪਾਰਟੀ' ਰਾਹੀਂ ਆਪਣੀ ਨੀਤੀ ਦਾ ਲਗਾਤਾਰ ਪਰਚਾਰ ਕਰਦਾ ਰਿਹਾ। ਇਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਹਨਾਂ ਦੀਆਂ ਆਰਥਕ ਮੰਗਾਂ ਦੇ ਦੁਆਲੇ ਸੰਗਠਿਤ ਕਰਦਾ ਰਿਹਾ...ਤੇ ਭਗਤ ਸਿੰਘ ਤੇ ਉਸਦੇ ਗਰੁੱਪ ਨੇ ਆਪਣੀ ਨੀਤੀ ਅਮਲ ਵਿਚ ਲਿਆਉਣੀ ਸ਼ੁਰੂ ਕਰ ਦਿੱਤੀ। ਇੰਜ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਉਹ ਜਿਸ ਗੱਲ ਵਿਚ ਵਿਸ਼ਵਾਸ ਰੱਖਦੇ ਹਨ, ਉਸ ਉੱਤੇ ਅਮਲ ਵੀ ਕਰਦੇ ਹਨ।'
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਸਮਝ ਲਿਆ ਸੀ ਕਿ ਕਮਿਊਨਿਸਟ ਸਿਧਾਂਤ ਤਾਂ ਬੜੇ ਝਾੜਦੇ ਨੇ, ਪਰ ਅਸਲ ਵਿਚ ਉਹਨਾਂ ਦੀ ਕੱਥਨੀਂ ਤੇ ਕਰਨੀਂ ਵਿਚ ਬੜਾ ਅੰਤਰ ਹੈ। ਜਨ-ਕਰਾਂਤੀ ਲਈ ਜਿਹਨਾਂ ਹਾਲਤਾਂ ਦੀ ਉਹ ਉਡੀਕ ਕਰ ਰਹੇ ਨੇ, ਉਹ ਹਾਲਤਾਂ ਆਪੇ ਕਦੀ ਨਹੀਂ ਬਣ ਸਕਣੀਆ। ਉਹ ਹਾਲਤਾਂ ਪੈਦਾ ਕਰਨ ਲਈ ਜਿਸ ਲਗਨ ਤੇ ਤਿਆਗ ਦੀ ਲੋੜ ਹੈ, ਉਸ ਪੱਖੋਂ ਉਹ ਊਣੇ ਨੇ। ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕਰਾਂਤੀਕਾਰੀ ਅੰਦੋਲਨਾਂ ਦੇ ਕਾਰਨਾਮਿਆਂ ਦੇ ਅਧਿਅਨ ਨਾਲ ਉਹ ਇਹ ਸਿੱਟੇ ਉੱਪਰ ਪਹੁੰਚੇ ਸਨ ਕਿ ਕਾਰਨਾਮਾਂ ਕੁਝ ਦਿਨਾਂ ਵਿਚ ਏਨਾਂ ਪਰਚਾਰ ਕਰ ਦੇਂਦਾ ਹੈ ਜਿੰਨਾ ਕਿ ਇਕ ਹਜ਼ਾਰ ਪੈਂਫਲੇਟ ਵੀ ਨਹੀਂ ਕਰ ਸਕਦੇ। ਇਕ ਕਾਰਨਾਮੇ ਪਿੱਛੋਂ ਦੂਜਾ ਜਨਮ ਲੈਂਦਾ ਹੈ, ਵਿਰੋਧ ਕਰਨ ਵਾਲੇ ਵਿਦਰੋਹ ਵਿਚ ਆਣ ਮਿਲਦੇ ਨੇ। ਸਰਕਾਰ ਗਰੁੱਪਾਂ ਵਿਚ ਵੰਡੀ ਜਾਂਦੀ ਹੈ। ਦਮਨ, ਸੰਘਰਸ਼ ਨੂੰ ਹੋਰ ਤੇਜ਼ ਕਰ ਦੇਂਦਾ ਹੈ। ਰਿਆਇਤਾਂ ਦੇਰ ਨਾਲ ਆਉਂਦੀਆਂ ਨੇ, ਕਰਾਂਤੀ ਸ਼ੁਰੂ ਹੋ ਜਾਂਦੀ ਹੈ।
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਸਾਹਮਣੇ ਮੁੱਖ ਮੁੱਦਾ ਇਹ ਸੀ ਕਿ ਨਵੀਂ ਵਿਚਾਰਧਾਰਾ ਅਨੁਸਾਰ ਸੰਗਠਨ ਨੂੰ ਨਵਾਂ ਰੂਪ ਦਿੱਤਾ ਜਾਵੇ। ਇਸ ਮਕਸਦ ਲਈ ਕਰਾਂਤੀਕਾਰੀ ਦਲ ਦੇ ਪ੍ਰਤੀਨਿਧੀਆਂ ਦੀ ਦਿੱਲੀ ਵਿਚ ਇਕ ਬੈਠਕ ਬੁਲਾਈ ਗਈ, ਜਿਹੜੀ 8-9 ਸਤੰਬਰ 1928 ਨੂੰ ਫਿਰੋਜਸ਼ਾਹ ਕੋਟਲਾ ਦੇ ਖੰਡਰਾਂ ਵਿਚ ਹੋਈ। ਇਸ ਬੈਠਕ ਵਿਚ ਪੰਜਾਬ, ਸੰਯੁਕਤ-ਪ੍ਰਾਂਤ (ਹੁਣ ਉਤਰ ਪ੍ਰਦੇਸ਼), ਬਿਹਾਰ ਤੇ ਰਾਜਪੁਤਾਨਾ ਦੇ ਜਿਹੜੇ ਕਰਾਂਤੀਕਾਰੀ ਆਏ ਸਨ, ਉਹਨਾਂ ਦੇ ਨਾਂ ਮੰਮਥ ਨਾਥ ਗੁਪਤ ਅਨੁਸਾਰ ਇਹ ਨੇ—(1) ਭਗਤ ਸਿੰਘ, (2) ਵਿਜੇ ਕੁਮਾਰ, (3) ਕੁੰਦਨ ਲਾਲ, ਉਹ ਕਾਕੋਰੀ ਪੜਯੰਤਰ ਕੇਸ ਵਿਚ ਫੜੇ ਗਏ ਸਨ। ਪਿੱਛੋਂ ਭਗਤ ਸਿੰਘ ਨੂੰ ਸਰਗਰਮ ਸਹਿਯੋਗ ਦਿੱਤਾ, (4) ਫਣੀਂਦਰ ਨਾਥ ਘੋਸ਼, ਉਹ ਲਾਹੌਰ ਪੜਯੰਤਰ ਕੇਸ ਵਿਚ ਮੁਖਬਰ ਬਣੇ ਤੇ ਇਸੇ ਅਪਰਾਧ ਵਿਚ ਬੈਕੂੰਠ ਨਾਥ ਸ਼ੁਕਲ ਦੇ ਹੱਥੋਂ ਮਾਰੇ ਗਏ—ਸ਼ੁਕਲ ਨੂੰ ਫਾਂਸੀ ਹੋਈ। (5) ਮਨਮੋਹਨ ਬੈਨਰਜੀ, (6) ਸੁਰੇਂਦਰ ਪਾਂਡੇ, (7) ਬ੍ਰਹਮ ਦੱਤ ਮਿਸ਼ਰ, (8) ਸੁਖਦੇਵ, (9) ਜੈ ਦੇਵ ਗੁਪਤ ਤੇ (10) ਸ਼ਿਵ ਵਰਮਾ।
ਇਸ ਬੈਠਕ ਵਿਚ ਕਰਾਂਤੀਕਾਰੀ ਦਲ ਦਾ ਨਾਂ 'ਹਿੰਦੁਸਤਾਨ ਪਰਜਾਤੰਤਰ ਸੰਘ' ਤੋਂ ਬਦਲ ਕੇ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਕਰ ਦਿੱਤਾ ਗਿਆ। ਦਲ ਦੇ ਨਾਂ ਵਿਚ 'ਸਮਾਜਵਾਦੀ' ਸ਼ਬਦ ਦਾ ਜੁੜਨਾ ਸਾਧਾਰਨ ਗੱਲ ਨਹੀਂ, ਇਕ ਇਤਿਹਾਸਕ ਘਟਨਾ ਸੀ। ਇਸ ਘਟਨਾ ਦੇ ਮਹੱਤਵ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੀ ਰਾਸ਼ਟਰੀ ਸਥਿਤੀ ਨੂੰ ਸਮਝਣਾ ਪਏਗਾ।
1928-29 ਦੇ ਦੋ ਵਰ੍ਹੇ ਸਾਡੇ ਦੇਸ਼ ਵਿਚ ਕਰਾਂਤੀਕਾਰੀ ਉਭਾਰ ਦੇ ਵਰ੍ਹੇ ਸਨ। ਪਰੇਮ ਚੰਦ ਨੇ ਆਪਣੇ ਨਾਵਲ 'ਕਰਮ-ਭੂਮੀ' ਵਿਚ ਜਿਹੜਾ ਓਹਨੀਂ ਦਿਨੀ ਲਿਖਿਆ ਸੀ, ਉਸ ਸਮੇਂ ਦੇ ਕਿਸਾਨਾਂ ਦੀ ਹਾਲਤ ਨੂੰ ਇੰਜ ਚਿੱਤਰਿਆ ਹੈ...:
“ਇਸ ਸਾਲ ਅਚਾਨਕ ਹੀ ਜਿਨਸਾਂ ਦਾ ਭਾਅ ਮੰਦਾ ਹੋ ਗਿਆ। ਏਨਾ ਮੰਦਾ, ਜਿੰਨਾ ਚਾਲ੍ਹੀ ਸਾਲ ਪਹਿਲਾਂ ਹੁੰਦਾ ਸੀ। ਜਦੋਂ ਭਾਅ ਤੇਜ਼ ਸਨ ਕਿਸਾਨ ਆਪਣੀ ਉਪਜ ਵੇਚ-ਵੱਟ ਕੇ ਲਗਾਨ ਦੇ ਦੇਂਦੇ ਸਨ, ਪਰ ਜਦੋਂ ਦੋ ਤੇ ਤਿੰਨ ਵਾਲੀ ਜਿਨਸ ਇਕ ਵਿਚ ਵਿਕੇ ਤਾਂ ਕਿਸਾਨ ਕੀ ਕਰੇ। ਕਿੱਥੋਂ ਦਵੇ ਲਗਾਨ? ਕਿੱਦਾਂ ਨਿਭਾਏ ਮੁਲਾਹਜੇਦਾਰੀਆਂ ਤੇ ਕਿੰਜ ਲਾਹੇ ਕਰਜਾ? ਬੜੀ ਵੱਡੀ ਸਮੱਸਿਆ ਖੜ੍ਹੀ ਹੋ ਗਈ। ਤੇ ਇਹ ਦਸ਼ਾ ਸਿਰਫ ਇਕ ਇਲਾਕੇ ਦੀ ਨਹੀਂ ਸੀ। ਸਾਰੇ ਸੂਬੇ, ਸਾਰੇ ਦੇਸ਼, ਇੱਥੋਂ ਤਕ ਕਿ ਸਾਰੇ ਸੰਸਾਰ ਵਿਚ ਇਹ ਮੰਦੀ ਸੀ। ਚਾਰ ਸੇਰ ਵਾਲਾ ਗੁੜ ਕੋਈ ਦਸ ਸੇਰ ਵਿਚ ਵੀ ਨਹੀਂ ਸੀ ਪੁੱਛਦਾ। ਅੱਠ ਸੇਰ ਵਾਲੀ ਕਣਕ ਡੇਢ ਰੁਪਏ ਮਣ ਵਿਚ ਵੀ ਮਹਿੰਗੀ। ਤੀਹ ਰੁਪਏ ਮਣ ਵਾਲੀ ਕਪਾਹ ਦਸ ਰੁਪਏ ਮਣ ਵਿਚ ਜਾਂਦੀ ਤੇ ਸੋਲਾਂ ਰੁਪਏ ਮਣ ਵਾਲਾ ਸਣ ਚਾਰ ਰੁਪਏ ਵਿਚ। ਕਿਸਨਾਂ ਨੇ ਇਕ ਇਕ ਦਾਣਾ ਵੇਚ ਦਿੱਤਾ: ਤੂੜੀ ਤਾਂ ਕੀ ਕੱਖ-ਘੁੰਢੀਆਂ ਤਕ ਨਹੀਂ ਰੱਖੀਆਂ, ਪਰ ਇਸ ਦੇ ਬਾਵਜੂਦ ਵੀ ਚੌਥੇ ਹਿਸੇ ਨਾਲੋਂ ਵੱਧ ਲਗਾਨ ਨਹੀਂ ਦੇ ਸਕੇ।”
ਸਮੇਂ ਦਾ ਇਕ ਹੋਰ ਚਿੱਤਰ ਦੇਖੋ, 'ਕਿਰਤੀ' ਵਿਚ 'ਹੜਤਾਲਾਂ' ਸਿਰਲੇਖ ਹੇਠ ਜੂਨ 1928 ਵਿਚ ਛਪਿਆ ਸੀ। ਲਿਖਿਆ ਹੈ...:
“ਅੱਜ ਬੰਬਈ ਵਿਚ ਡੇਢ ਦੋ ਲੱਖ ਮਜ਼ਦੂਰ ਹੜਤਾਲ ਕਰੀ ਬੈਠੇ ਹਨ। ਸਿਰਫ ਇਕ ਮਿੱਲ ਚਲਦੀ ਹੈ। ਗੱਲ ਇਹ ਹੈ ਕਿ ਨਵੀਆਂ ਖੱਡੀਆਂ ਆਈਆਂ ਹਨ, ਜਿਹਨਾਂ ਉੱਪਰ ਇਕ ਆਦਮੀ ਨੂੰ ਦੋ ਖੱਡੀਆਂ ਉੱਤੇ ਕੰਮ ਕਰਨਾ ਪੈਂਦਾ ਹੈ ਤੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਇਹਨਾਂ ਖੱਡੀਆਂ ਉੱਪਰ ਕੰਮ ਕਰਨ ਵਾਲਿਆਂ ਦੀ ਤਨਖ਼ਾਹ ਖਾਸ ਤੌਰ 'ਤੇ ਵਧਾਉਣ ਉੱਤੇ ਤੇ ਬਾਕੀ ਆਮ ਮਜ਼ਦੂਰਾਂ ਦੀ ਤਨਖ਼ਾਹ ਵਧਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਅੱਠ ਘੰਟੇ ਤੋਂ ਵੱਧ ਕੰਮ ਨਾ ਕਰਨ ਤੇ ਕੁਝ ਮਾਲਕਾਂ ਦੇ ਮਾੜੇ ਵਤੀਰੇ ਸੰਬੰਧੀ ਸ਼ਿਕਾਇਤਾਂ ਵੀ ਰੱਖੀਆਂ ਗਈਆਂ ਹਨ। ਇਸ ਸਮੇਂ ਹੜਤਾਲਾਂ ਦਾ ਬੜਾ ਜ਼ੋਰ ਹੈ। ਜਮਸ਼ੇਦਪੁਰ ਮਿੱਲ ਦੇ ਮਜ਼ਦੂਰਾਂ ਦੀਆਂ ਵੀ ਕੁਝ ਅਜਿਹੀਆਂ ਹੀ ਮੰਗਾਂ ਹਨ। ਉੱਥੇ ਵੀ ਹੜਤਾਲ ਫ਼ੈਲਦੀ ਜਾ ਰਹੀ ਹੈ। ਭੰਗੀ ਆਪਣੀ ਹੜਤਾਲ ਕਰੀ ਬੈਠੇ ਹਨ, ਜਿਸ ਨਾਲ ਸ਼ਹਿਰ ਦਾ ਨੱਕ ਵਿਚ ਦਮ ਆਇਆ ਹੋਇਆ ਹੈ।...ਲਿਲੁਆ ਵਰਕਸ਼ਾਪ ਵਿਚ ਕੁਝ ਮਜ਼ਦੂਰਾਂ ਦੀ ਛਾਂਟੀ ਕਰ ਦਿੱਤੀ ਗਈ ਹੈ ਤੇ ਤਨਖ਼ਾਹ ਵਿਚ ਕਟੌਤੀ ਦਾ ਝਗੜਾ ਹੈ। ਇਸ ਕਰਕੇ ਹੜਤਾਲ ਚੱਲ ਰਹੀ ਹੈ। ਪਿੱਛੋਂ ਐਲਾਨ ਕੀਤਾ ਗਿਆ ਯਕਦਮ ਇਕ ਹਜ਼ਾਰ ਆਦਮੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਉਹਨਾਂ ਨੂੰ ਹੜਤਾਲ ਖ਼ਤਮ ਹੋਣ 'ਤੇ ਵੀ ਕੰਮ ਉੱਪਰ ਨਹੀਂ ਲਿਆ ਜਾਵੇਗਾ। ਇਸ ਨਾਲ ਬੜੀ ਸਨਸਨੀ ਫ਼ੈਲੀ ਹੋਈ ਹੈ।”
ਵਿਸ਼ਵ-ਵਿਆਪੀ ਆਰਥਕ ਸੰਕਟ ਮਿਹਨਤਕਸ਼ ਲੋਕਾਂ ਦਾ ਲੱਕ ਤੋੜ ਰਿਹਾ ਸੀ। ਮਜ਼ਦੂਰ, ਕਿਸਾਨ ਸੰਘਰਸ਼ ਦੀ ਰਾਹ ਪੈ ਰਹੇ ਸਨ। ਨੌਜਵਾਨ ਵਧਦੀ ਹੋਈ ਬੇਕਾਰੀ ਹੱਥੋਂ ਪ੍ਰੇਸ਼ਾਨ ਸਨ। ਪੂੰਜੀਵਾਦੀ ਅਰਥ-ਵਿਵਸਥਾ ਸੰਕਟ ਵਿਚ ਘਿਰੀ ਸੀ, ਬੈਂਕਾਂ ਦੇ ਦਿਵਾਲੇ ਨਿਕਲ ਰਹੇ ਸਨ। ਮਜ਼ਦੂਰਾਂ ਨੂੰ ਛਾਂਟੀ ਤੇ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਰ ਜਗ੍ਹਾ ਬੇਚੈਨੀ ਤੇ ਰੋਸ ਦਾ ਪਾਸਾਰ ਹੋ ਰਿਹਾ ਸੀ। ਰੂਸ ਦੀ ਸਮਾਜਵਾਦੀ ਕਰਾਂਤੀ, ਬੁਰਜੁਆ ਵਰਗ ਦੇ ਸਮੁੱਚੇ ਵਿਰੋਧ ਤੇ ਪੜਯੰਤਰਾਂ ਨੂੰ ਕੁਚਲ ਕੇ, ਮਿਹਨਤਕਸ਼ ਵਰਗ ਦੀ ਸੰਗਠਿਤ ਸ਼ਕਤੀ ਦਾ ਲੋਹਾ ਮਨਵਾ ਚੁੱਕੀ ਸੀ ਤੇ ਇਸ ਵਿਸ਼ਵ-ਵਿਆਪੀ ਮੰਦਵਾੜੇ ਵਿਚ ਸੌਵੀਅਤ ਰੂਸ ਆਪਣੀ ਪੰਜ ਸਾਲੀ ਯੋਜਨਾ ਰਾਹੀਂ ਪੱਕੇ ਪੈਰੀਂ ਤੇ ਖੁਸ਼ਹਾਲ ਹੋਣ ਵੱਲ ਵਧ ਰਿਹਾ ਸੀ। ਦੁਨੀਆਂ ਭਰ ਦੇ ਪੜ੍ਹੇ ਲਿਖੇ ਨੌਜਵਾਨ ਤੇ ਮਨੁੱਖਤਾ ਦੇ ਪਰੇਮੀ, ਬੁੱਧੀਜੀਵੀ ਮਾਰਕਸਵਾਦ-ਲੇਨਿਨਵਾਦ ਦੇ ਪ੍ਰਭਾਵ ਵਿਚ ਸਨ। ਪੈਸੇ ਦੇ ਸੋਸ਼ਣ, ਧਰਮ ਤੇ ਜਾਤ-ਪਾਤ ਦੇ ਦਮਨ ਤੋਂ ਮੁਕਤੀ ਪਾਉਣ ਦਾ ਇਕੋ ਇਕ ਰਸਤਾ ਸੀ...ਸਮਾਜਵਾਦੀ ਕਰਾਂਤੀ।
ਕਰਾਂਤੀਕਾਰੀ ਉਭਾਰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪ੍ਰਸਥਿਤੀਆਂ ਦੀ ਉਪਜ ਸੀ। ਇਸੇ ਕਰਾਂਤੀਕਾਰੀ ਉਭਾਰ ਦੇ ਦਬਾਅ ਕਾਰਨ ਸਾਡੀ ਰਾਜਨੀਤੀ ਵਿਚ ਗੁਣਣਾਤਮਕ ਪਰੀਵਰਤਨ ਆਏ। 'ਹਿੰਦੁਸਤਾਨ ਪਰਜਾਤੰਤਰ ਸੰਘ' ਦੇ ਨਾਲ 'ਸਮਾਜਵਾਦੀ' ਸ਼ਬਦ ਦਾ ਜੁੜਨਾ ਇਸੇ ਗੁਣਣਾਤਮਕ ਪਰੀਵਰਤਨ ਦਾ ਪ੍ਰਤੀਕ ਸੀ। ਇਸ ਦਾ ਅਰਥ ਸੀ ਕਿ ਸਾਡੇ ਕਰਾਂਤੀਕਾਰੀ ਅੰਦੋਲਨ ਨੇ ਆਦਰਸ਼ਵਾਦ ਦੀਆਂ ਸੀਮਾਵਾਂ ਨੂੰ ਪਾਰ ਕਰਕੇ ਸਰਵਹਾਰਾ ਦੇ ਜੀਵਨ ਦਰਸ਼ਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਇਸਦਾ ਮਤਲਬ ਇਹ ਵੀ ਸੀ ਕਿ ਜਿਹੜਾ ਚੂਚਾ ਤੀਜੇ ਦਹਾਕੇ ਦੇ ਸ਼ੁਰੂ ਵਿਚ ਆਂਡੇ ਵਿਚ ਪਲਨਾਂ-ਵਧਣਾ ਸ਼ੁਰੂ ਹੋਇਆ ਸੀ, ਉਹ ਹੁਣ ਖੋਲ ਤੋੜ ਕੇ ਬਾਹਰ ਨਿਕਲ ਆਇਆ ਹੈ ਤੇ ਵਿਚਾਰ ਦੇ ਵਿਕਾਸ-ਮਾਰਗ ਉੱਤੇ ਤੁਰ ਪਿਆ ਹੈ।
ਵਿਵੇਕਾਨੰਦ ਨੇ ਜਿਹੜੇ ਸਾਡੇ ਰਾਸ਼ਟਰੀ ਪੂੰਜੀਵਾਦ ਦੇ ਸਰਬ-ਸ਼੍ਰੇਸ਼ਟ ਪ੍ਰਵਕਤਾ ਸਨ, ਆਦਰਸ਼ਵਾਦ ਨੂੰ ਦਵੰਦਾਤਮਕ ਆਦਰਸ਼ਵਾਦ ਬਣਾ ਕੇ ਭੌਤਿਕਵਾਦ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਸੀ। ਇਸ ਤੋਂ ਅੱਗੇ ਜਾਣਾ ਉਹਨਾਂ ਲਈ ਸੰਭਵ ਨਹੀਂ ਸੀ, ਕਿਉਂਕਿ ਉਹਨਾਂ ਦੇ ਚਿੰਤਨ ਦੀਆਂ ਸੀਮਾਵਾਂ ਪੂੰਜੀਵਾਦੀ ਵਰਗ ਦੇ ਚਿੰਤਨ ਦੀਆਂ ਇਤਿਹਾਸਕ ਸੀਮਾਵਾਂ ਸਨ। ਸ਼ਿਕਾਗੋ ਧਰਮ ਸਭਾ ਵਿਚ ਭਾਸ਼ਣ ਦੇਂਦਿਆਂ ਹੋਇਆਂ ਉਹਨਾਂ ਨੇ ਇਸ ਗੱਲ ਨੂੰ ਇੰਜ ਸਵੀਕਾਰਿਆ ਸੀ...:
“ਵਿਗਿਆਨ ਇਕ ਤੱਤ ਦੀ ਖੋਜ ਦੇ ਸਿਵਾਏ ਹੋਰ ਕੁਝ ਨਹੀਂ। ਜਿਉਂ ਹੀ ਕੋਈ ਵਿਗਿਆਨ ਪੂਰਨ ਏਕਤਾ ਤਕ ਪਹੁੰਚ ਜਾਏਗਾ, ਤਿਉਂ ਹੀ ਉਸਦੀ ਪ੍ਰਗਤੀ ਰੁਕ ਜਾਏਗੀ ਕਿਉਂਕਿ ਤਦ ਉਹ ਆਪਣਾ ਨਿਸ਼ਾਨਾਂ ਪ੍ਰਾਪਤ ਕਰ ਲਏਗਾ। ਉਦਾਹਰਨ ਵਜੋਂ, ਰਸਾਇਣ ਸ਼ਾਸਤਰ ਜੇ ਇਕ ਵਾਰੀ ਉਸ ਮੂਲ ਤੱਤ ਦਾ ਪਤਾ ਲਾ ਲਏ, ਜਿਸ ਨਾਲ ਹੋਰ ਸਾਰੇ ਦਰਵ ਬਣ ਸਕਦੇ ਹੋਣ ਤਾਂ ਉਹ ਹੋਰ ਅੱਗੇ ਨਹੀਂ ਵਧ ਸਕੇਗਾ। ਭੌਤਿਕੀ ਜਦੋਂ ਉਸ ਮੂਲ ਸ਼ਕਤੀ ਦਾ ਪਤਾ ਲਾ ਲਏਗੀ, ਹੋਰ ਸ਼ਕਤੀਆਂ ਜਿਸਦੀ ਦੇਣ ਹਨ, ਉਦੋਂ ਉਹ ਉੱਥੇ ਹੀ ਰੁਕ ਜਾਏਗੀ। ਉਸੇ ਤਰ੍ਹਾਂ ਧਰਮ ਵੀ ਉਸ ਸਮੇਂ ਪੂਰਨਤਾ ਪ੍ਰਾਪਤ ਕਰ ਲਏਗਾ, ਜਦੋਂ ਉਹ ਉਸਨੂੰ ਖੋਜ ਲਏਗਾ, ਜਿਹੜਾ ਇਸ ਮ੍ਰਿਤੂ ਲੋਕ ਵਿਚ ਇਕੋ-ਇਕ ਜੀਵਨ ਹੈ, ਜਿਹੜਾ ਇਸ ਪਰੀਵਤਨਸ਼ੀਲ ਜਗਤ ਦਾ ਸਦੀਵੀਂ ਆਧਾਰ ਹੈ। ਜਿਹੜਾ ਇਕੋਇਕ ਪ੍ਰਮਾਤਮਾ ਹੈ, ਸਭ ਆਤਮਾਵਾਂ ਜਿਸਦੇ ਪ੍ਰਤੀਰੂਪ ਹਨ। ਇਸ ਤਰ੍ਹਾਂ ਅਨੇਕਤਾ ਤੇ ਅਦਵੈਤ ਵਿਚੋਂ ਹੁੰਦੇ ਹੋਏ ਇਸ ਪਰਮ ਅਦਵੈਤ ਦੀ ਪ੍ਰਾਪਤੀ ਹੁੰਦੀ ਹੈ। ਧਰਮ ਇਸ ਤੋਂ ਅੱਗੇ ਨਹੀਂ ਜਾ ਸਕਦਾ। ਇਹੀ ਸਾਰੇ ਵਿਗਿਆਨਾਂ ਦਾ ਪਰਮ ਨਿਸ਼ਾਨਾਂ ਹੈ।”
ਇਹ ਤਾਂ ਵਿਚਾਰ ਦੀ ਵਿਕਾਸ ਪ੍ਰਕਿਰਿਆ ਉੱਤੇ ਡੰਡੀ ਲਾਉਣਾ ਹੋਇਆ। ਭਗਤ ਸਿੰਘ ਇਸਨੂੰ ਨਹੀਂ ਮੰਨਦੇ। 'ਮੈਂ ਨਾਸਤਕ ਕਿਓਂ ਹਾਂ' ਲੇਖ ਵਿਚ ਉਹਨਾਂ ਲਿਖਿਆ ਹੈ...:
“ਮਨੁੱਖੀ ਪ੍ਰਗਤੀ ਦੇ ਹਰ ਸਮਰਥਕ ਨੂੰ ਲਾਜ਼ਮੀ ਤੌਰ 'ਤੇ ਹਰ ਪੁਰਾਣੇ ਵਿਚਾਰ ਦੀ, ਹਰ ਗੱਲ ਦੀ ਆਲੋਚਨਾ ਕਰਨੀ ਪਏਗੀ। ਇਸ ਵਿਚ ਅਵਿਸ਼ਵਾਸ ਪਰਗਟ ਕਰਨਾ ਪਏਗਾ ਤੇ ਇਸਦੇ ਹਰ ਪੱਖ ਨੂੰ ਚੈਲੇਂਜ ਕਰਨਾ ਪਏਗਾ। ਪ੍ਰਚਲਤ ਵਿਸ਼ਵਾਸਾਂ ਦੀ ਹਰੇਕ ਗੱਲ ਨੂੰ ਤਰਕ ਨਾਲ ਜਾਚਣਾ-ਪਰਖਣਾ ਪਏਗਾ। ਜੇ ਕੋਈ ਤਰਕ ਦੇ ਨਾਲ ਕਿਸੇ ਸਿਧਾਂਤ ਜਾਂ ਦਰਸ਼ਨ ਵਿਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਸਦਾ ਵਿਸ਼ਵਾਸ ਸਲਾਹੁਣ ਯੋਗ ਹੈ। ਉਸਦਾ ਤਰਕ ਗਲਤ ਜਾਂ ਬਿਲਕੁਲ ਬੇਬੁਨਿਆਦ ਹੋ ਸਕਦਾ ਹੈ, ਪਰ ਉਹਨੂੰ ਰਸਤੇ ਉੱਤੇ ਲਿਆਇਆ ਜਾਣਾ ਚਾਹੀਦਾ ਹੈ ਕਿਉਂਕਿ ਤਰਕਸ਼ੀਲਤਾ ਉਸਦੇ ਜੀਵਨ ਦਾ ਧਰੁਵ ਤਾਰਾ ਹੁੰਦੀ ਹੈ। ਪਰ ਸਿਰਫ ਵਿਸ਼ਵਾਸ ਤੇ ਅੰਧ-ਵਿਸ਼ਵਾਸ ਖਤਰਨਾਕ ਹਨ, ਇਹ ਦਿਮਾਗ਼ ਨੂੰ ਕੂੜਾ ਬੜਾ ਦਿੰਦੇ ਹਨ। ਯਥਾਰਥਵਾਦੀ ਹੋਣ ਦਾ ਦਾਅਵਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਸਮੁੱਚੇ ਪੁਰਾਤਨ ਵਿਚਾਰ ਨੂੰ ਚੈਲੇਂਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਤਰਕ ਅੱਗੇ ਨਾ ਟਿਕ ਸਕੇ ਤਾਂ ਚਕਨਾਚੂਰ ਹੋ ਜਾਣਗੇ। ਫੇਰ ਉਸ ਵਿਅਕਤੀ ਦਾ ਪਹਿਲਾ ਕੰਮ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਦਰਸ਼ਨ ਲਈ ਜ਼ਮੀਨ ਤਿਆਰ ਕਰਨਾ ਹੋਏਗਾ। ਇਹ ਨਕਾਰਾਤਮਕ ਪੱਖ ਹੈ। ਉਸ ਪਿੱਛੋਂ ਅਜਿਹਾ ਸਕਾਰਾਤਮਕ ਕੰਮ ਸ਼ੁਰੂ ਹੁੰਦਾ ਹੈ ਜਿਸ ਵਿਚ ਕਈ ਵਾਰੀ ਪੁਰਾਣੇ ਵਿਸ਼ਵਾਸ ਦੀ ਕੁਝ ਸਾਮੱਗਰੀ ਮੁੜ ਨਿਰਮਾਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ਜਿੱਥੋਂ ਤਕ ਮੇਰਾ ਸਵਾਲ ਹੈ ਮੈਂ ਪਹਿਲਾਂ ਹੀ ਸਵੀਕਾਰ ਕਰਦਾ ਹਾਂ ਕਿ ਮੈਂ ਇਸ ਬਾਰੇ ਬਹੁਤਾ ਅਧਿਅਨ ਨਹੀਂ ਕਰ ਸਕਿਆ। ਏਸ਼ੀਆਈ ਦਰਸ਼ਨ ਦੇ ਅਧਿਅਨ ਦੀ ਮੇਰੀ ਬੜੀ ਇੱਛਾ ਸੀ ਪਰ ਮੈਨੂੰ ਇਸ ਲਈ ਸਮਾਂ ਜਾਂ ਮੌਕਾ ਨਹੀਂ ਮਿਲ ਸਕਿਆ। ਪਰ ਜਿੱਥੋਂ ਤਕ ਨਕਾਰਾਤਮਕ ਪੱਖ ਦਾ ਸੰਬੰਧ ਹੈ ਮੈਨੂੰ ਇਸ ਹੱਦ ਤਕ ਯਕੀਨ ਹੈ ਕਿ ਮੈਂ ਪੁਰਾਤਨ ਵਿਚਾਰਾਂ ਦੇ ਪੁਖ਼ਤਾ ਹੋਣ ਉੱਤੇ ਪ੍ਰਸ਼ਨ ਚਿੰਨ੍ਹ ਲਾ ਸਕਦਾ ਹਾਂ। ਮੇਰਾ ਦਿੜ੍ਹ ਵਿਸ਼ਵਾਸ ਹੈ ਕਿ ਪ੍ਰਕ੍ਰਿਤੀ ਨੂੰ ਚਲਾਉਣ ਵਾਲੀ ਪ੍ਰਮਾਤਮਾ ਵਰਗੀ ਕੋਈ ਸਜਗ ਸੱਤਾ ਨਹੀਂ। ਸਾਡਾ ਪ੍ਰਕ੍ਰਿਤੀ ਵਿਚ ਵਿਸ਼ਵਾਸ ਹੈ ਤੇ ਸਮੁੱਚੀ ਪ੍ਰਗਤੀ ਦਾ ਮੰਤਵ ਮਨੁੱਖ ਦਾ ਪ੍ਰਕ੍ਰਿਤੀ ਉੱਪਰ ਆਪਣੀ ਸੇਵਾ ਲਈ ਕਬਜਾ ਕਰਨਾ ਹੈ। ਇਸਦੇ ਪਿੱਛੇ ਕੋਈ ਸਜਗ ਚਾਲਕ ਸ਼ਕਤੀ ਨਹੀਂ। ਇਹੀ ਸਾਡਾ ਦਰਸ਼ਨ ਹੈ।”
ਏਂਗਲਸ ਲਿਖਦਾ ਹੈ : “ਪੁਰਾਣੇ ਮਿਥਿਆ ਵਿਸ਼ਵਾਸ ਦਾ ਲਗਾਤਾਰ ਨਾਸ਼ ਤੇ ਉਸਦੀ ਜਗ੍ਹਾ ਨਵੇਂ ਪਰ ਕੁਝ ਉੱਨਤ ਮਿਥਿਆ ਵਿਸ਼ਵਾਸ ਨੂੰ ਲੈ ਆਉਣ ਦਾ ਇਤਿਹਾਸ ਹੀ ਵਿਗਿਆਨ ਦਾ ਇਤਿਹਾਸ ਹੈ।” 
ਭਾਰਤ ਵਿਚ ਵੀ ਵਿਚਾਰ ਦਾ ਲਗਾਤਾਰ ਵਿਕਾਸ ਇਸੇ ਤਰ੍ਹਾਂ ਹੋਇਆ ਹੈ। ਪੁਰਾਤਨ ਵਿਚਾਰਾਂ ਦੇ ਪੁਖ਼ਤਾ ਹੋਣ ਉੱਤੇ ਭਗਤ ਸਿੰਘ ਨੇ ਹੀ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ, ਇਹ ਪ੍ਰਸ਼ਨ ਚਿੰਨ੍ਹ ਇਸ ਤੋਂ ਤੀਹ ਬੱਤੀ ਵਰ੍ਹੇ ਪਹਿਲਾਂ ਸਾਡੇ ਰਾਸ਼ਟਰੀ ਪੂੰਜੀਵਾਦ ਦੇ ਪ੍ਰਵਕਤਾ ਵਿਵੇਕਾਨੰਦ ਨੇ ਵੀ ਲਾਇਆ ਸੀ...: “ਧਰਮ ਜਿਹੜੇ ਵੀ ਦਾਅਵੇ ਕਰਦਾ ਹੈ ਤਰਕ ਦੀ ਕਸਵੱਟੀ ਉੱਤੇ ਉਹਨਾਂ ਸਾਰਿਆਂ ਦੀ ਪਰਖ਼ ਕਰਨੀ ਜ਼ਰੂਰੀ ਹੈ। ਧਰਮ ਇਹ ਦਾਅਵਾ ਕਿਉਂ ਕਰਦਾ ਹੈ ਕਿ ਉਹ ਤਰਕ ਦੁਆਰਾ ਪਰਖ਼ਿਆ ਨਹੀਂ ਜਾਣਾ ਚਾਹੁੰਦਾ, ਇਹ ਕੋਈ ਨਹੀਂ ਦੱਸ ਸਕਦਾ। ਤਰਕ ਦੇ ਮਾਪਦੰਡ ਦੇ ਬਿਨਾਂ ਕਿਸੇ ਕਿਸਮ ਦਾ ਯਥਾਰਥੀ ਫ਼ੈਸਲਾ ਧਰਮ ਬਾਰੇ ਵੀ ਨਹੀਂ ਕੀਤਾ ਜਾ ਸਕਦਾ। ਧਰਮ ਕੁਝ ਵੀਭਤਸ ਕਰਨ ਦੀ ਆਗਿਆ ਦੇ ਸਕਦਾ ਹੈ।”
ਵਿਵੇਕਾਨੰਦ ਨੇ ਦਵੰਦਵਾਦ ਦੀ ਤਰਕ ਪ੍ਰਣਾਲੀ ਨਾਲ ਧਾਰਮਕ ਵਿਚਾਰ ਨੂੰ ਅਧਿਆਤਮਕ ਦਾ ਰੂਪ ਦੇ ਦਿੱਤਾ ਤੇ ਭਗਤ ਸਿੰਘ ਨੇ ਉਸਨੂੰ ਭੌਤਿਕ ਅਦਵੈਤਵਾਦ ਵਿਚ ਪਰੋ ਦਿੱਤਾ। ਇਸ ਗੱਲ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵਿਵੇਕਾਨੰਦ ਨੇ ਸਾਡੇ ਦੇਸ਼ ਵਿਚ ਉਹੀ ਭੂਮਿਕਾ ਨਿਭਾਈ। ਜਿਹੜੀ ਹੇਗਲ ਨੇ ਜਰਮਨ ਵਿਚ ਅਦਾਅ ਕੀਤੀ ਸੀ। ਮਾਰਕਸ ਤੇ ਏਂਜਲਸ ਨੇ ਹੇਗਲ ਦੇ ਸਿਰ ਦੇ ਬਲ ਖੜ੍ਹੇ ਦਵੰਦਵਾਦ ਨੂੰ ਪੈਰਾਂ ਭਾਰ ਖੜ੍ਹਾ ਕੀਤਾ ਤੇ ਭਗਤ ਸਿੰਘ ਨੇ ਵਿਵੇਕਾਨੰਦ ਦੇ ਸਿਰ ਦੇ ਭਾਰ ਖੜ੍ਹੇ ਦਵੰਦਵਾਦ ਨੂੰ ਪੈਰਾਂ ਉੱਪਰ ਖੜ੍ਹਾ ਕਰ ਦਿੱਤਾ।
ਵਿਵੇਕਾਨੰਦ ਕਹਿੰਦੇ ਹਨ...“ਮਨੁੱਖ ਪ੍ਰਕ੍ਰਿਤੀ ਉੱਪਰ ਜਿੱਤ ਪ੍ਰਾਪਤ ਕਰਨ ਲਈ ਪੈਦਾ ਹੋਇਆ ਹੈ। ਉਸਦੇ ਪਿੱਛੇ ਤੁਰਨ ਲਈ ਨਹੀਂ।” ਤੇ ਭਗਤ ਸਿੰਘ ਇਸੇ ਗੱਲ ਨੂੰ ਇੰਜ ਕਹਿੰਦੇ ਹਨ...: “ਸਾਡਾ ਪ੍ਰਕ੍ਰਿਤੀ ਵਿਚ ਵਿਸ਼ਵਾਸ ਹੈ ਤੇ ਸਮੁੱਚੀ ਪ੍ਰਗਤੀ ਦਾ ਉਦੇਸ਼ ਮਨੁੱਖ ਦੁਆਰਾ ਪ੍ਰਕ੍ਰਿਤੀ ਉੱਪਰ ਆਪਣੀ ਸੇਵਾ ਲਈ ਕਬਜਾ ਕਰਨਾ ਹੈ। ਇਸ ਪਿੱਛੇ ਕੋਈ ਸਜਗ ਚਾਲਕ ਸ਼ਕਤੀ ਨਹੀਂ ਹੈ। ਇਹੀ ਸਾਡਾ ਦਰਸ਼ਨ ਹੈ।”
ਸਾਡਾ ਦਰਸ਼ਨ ਯਾਨੀ ਸਰਵਹਾਰਾ ਦਾ, ਮਿਹਨਤਕਸ਼ ਜਨਤਾ ਦਾ, ਕਰਾਂਤੀਕਾਰੀ ਦਰਸ਼ਨ—ਪੂੰਜੀਵਾਦੀ ਦਰਸ਼ਨ ਦਾ ਨਵਾਂ ਵਿਕਸਤ ਰੂਪ ਹੈ।
'ਹਿੰਦੁਸਤਾਨ ਪਰਜਾਤੰਤਰ ਸੰਘ' ਨਾਲ 'ਸਮਾਜਵਾਦੀ' ਸ਼ਬਦ ਜੋੜਨ ਦਾ ਸੁਝਾਅ ਭਗਤ ਸਿੰਘ ਤੇ ਸੁਖਦੇਵ ਨੇ ਰੱਖਿਆ ਤੇ ਉਹ ਸਵੀਕਾਰ ਹੋਇਆ। ਕਹਿੰਦੇ ਹਨ ਕਿ ਕੁਛ ਵਿਰੋਧ ਵੀ ਹੋਇਆ। ਵਿਰੋਧ ਹੋਣਾ ਸੁਭਾਵਿਕ ਹੀ ਸੀ, ਕਿਉਂਕਿ ਨਵਾਂ ਵਿਚਾਰ ਪੁਰਾਣੇ ਵਿਚਾਰ ਨਾਲ ਸੰਘਰਸ਼ ਸਦਕਾ ਹੀ ਵਿਕਸਤ ਹੁੰਦਾ ਹੈ। ਅਸਲ ਗੱਲ ਇਹ ਸੀ ਕਿ 'ਸਮਾਜਵਾਦੀ' ਸ਼ਬਦ ਸੰਘ ਦੇ ਨਾਂ ਨਾਲ ਜੁੜਿਆ ਤੇ ਉਸਦਾ ਜੁੜਨਾਂ ਸਮੇਂ ਦੀ ਮੰਗ ਨੂੰ ਪੂਰਾ ਕਰਨਾ ਸੀ। ਬੰਗਾਲ ਦੇ ਸਾਥੀਆਂ ਨੂੰ ਇਸ ਬੈਠਕ ਵਿਚ ਸੱਦਿਆ ਗਿਆ ਸੀ, ਪਰ ਉਹ ਆਏ ਨਹੀਂ ਸਨ। ਉਹਨਾਂ ਦੇ ਪ੍ਰਤੀਨਿਧ ਜਿਤੇਂਦਰ ਨਾਥ ਸਾਨਿਆਲ ਨੇ ਆਪਣੀ ਪੁਸਤਕ 'ਅਮਰ ਸ਼ਹੀਦ ਸਰਦਾਰ ਭਗਤ ਸਿੰਘ' ਵਿਚ ਲਿਖਿਆ ਹੈ...: “ਉਹਨਾਂ ਦਾ ਕਹਿਣਾ ਸੀ ਕਿ ਰਾਮ ਪਰਸਾਦ ਬਿਸਮਿਲ, ਸ਼ਚੀਂਦਰ ਨਾਥ ਸਾਨਿਆਲ ਤੇ ਜੋਗੇਂਦਰ ਨਾਥ ਚਟਰਜੀ ਵਰਗੇ ਪ੍ਰਸਿੱਧ ਕਰਾਂਤੀਕਾਰੀਆਂ ਦੁਆਰਾ ਅਪਣਾਏ ਗਏ ਨਾਂ ਨੂੰ ਲੋੜੀਂਦੀ ਪ੍ਰਸਿੱਧੀ ਮਿਲ ਚੁੱਕੀ ਹੈ। ਸੋ ਇਸਨੂੰ ਬਦਲਣਾ ਠੀਕ ਨਹੀਂ ਹੋਏਗਾ। ਦੋਹਾਂ ਧਿਰਾਂ ਵੱਲੋਂ ਜ਼ੋਰਦਾਰ ਤਰਕ ਪੇਸ਼ ਕੀਤਾ ਗਿਆ। ਅੰਤ ਵਿਚ ਭਗਤ ਸਿੰਘ ਦਾ ਸੁਝਾਅ ਮੰਨ ਲਿਆ ਗਿਆ।”
ਜਿਹੜਾ ਵਿਅਕਤੀ ਅੱਜ ਕਰਾਂਤੀਕਾਰੀ ਹੈ ਜ਼ਰੂਰੀ ਨਹੀਂ, ਉਹ ਕੱਲ੍ਹ ਵੀ ਕਰਾਂਤੀਕਾਰੀ ਬਣਿਆ ਰਹੇ। ਜੇ ਉਹ ਆਪਣੇ ਜਨਮ-ਗਤ ਵਿਚਾਰਾਂ ਤੋਂ ਮੁਕਤ ਨਾ ਹੋ ਕੇ ਨਵੇਂ ਵਿਚਾਰ ਗ੍ਰਹਿਣ ਨਾ ਕਰ ਸਕੇ ਤਾਂ ਉਹ ਸਮੇਂ ਦੇ ਨਾਲ ਚੱਲਣ ਤੋਂ ਇਨਕਾਰ ਕਰ ਦੇਂਦਾ ਹੈ ਤੇ ਉਸਦੀ ਕਰਾਂਤੀਕਾਰੀ ਭੂਮਿਕਾ ਉੱਥੇ ਹੀ ਸਮਾਪਤ ਹੋ ਜਾਂਦੀ ਹੈ। ਵੱਡਾ ਨਾਂ ਸਿਰਫ ਸ਼ਰਧਾ ਵੱਸ ਲਿਆ ਜਾਣ ਦੇ ਕਾਬਿਲ ਰਹਿ ਜਾਂਦਾ ਹੈ। ਸ਼ਚੀਂਦਰ ਨਾਥ ਸਾਨਿਆਲ ਆਪਣੀ ਪੁਸਤਕ 'ਬੰਦੀ ਜੀਵਨ' ਦੇ 'ਕ੍ਰਾਂਤੀਕਾਰੀ ਦਲ ਔਰ ਕਮਿਊਨਿਸਟ' ਸਿਰਲੇਖ ਹੇਠ ਲਿਖਦੇ ਹਨ...“ਕਮਿਊਨਿਜ਼ਮ ਦੇ ਸਿਧਾਂਤ ਵਿਚ ਇਤਿਹਾਸ ਦੀ ਆਰਥਕ ਵਿਅਖਿਆ ਦਾ ਇਕ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਤੇ ਇਤਿਹਾਸ ਦੀ ਆਰਥਕ-ਵਿਆਖਿਆ ਦੇ ਮੂਲ ਵਿਚ ਸ਼੍ਰੇਣੀ-ਸੰਘਰਸ਼ (ਵਰਗ-ਸੰਘਰਸ਼) ਦੀ ਧਾਰਨਾ ਪ੍ਰਾਣ ਵਾਂਗ ਬਿਰਾਜਮਾਨ ਹੁੰਦੀ ਹੈ। ਜਿਹੜਾ ਇਸ ਸਿਧਾਂਤਾਂ ਨੂੰ ਸਵੀਕਾਰ ਨਹੀਂ ਕਰਦਾ, ਉਹ ਕੱਟੜਪੰਥੀਆਂ ਦੀ ਨਜ਼ਰ ਵਿਚ ਕਮਿਊਨਿਸਟ ਨਹੀਂ ਹੋ ਸਕਦਾ। ਮੈਂ ਵਿਸ਼ੇਸ਼ ਧਿਆਨ ਨਾਲ ਇਹਨਾਂ ਸਾਰੇ ਸਿਧਾਂਤਾਂ ਨੂੰ ਪੜ੍ਹਿਆ ਤੇ ਇਹਨਾਂ ਦਾ ਗੰਭੀਰਤਾ ਨਾਲ ਮਨਨ ਕੀਤਾ, ਪਰ ਅੱਜ ਵੀ ਮੈਂ ਇਹਨਾਂ ਸਿਧਾਂਤਾਂ ਨੂੰ ਗ੍ਰਹਿਣ ਨਹੀਂ ਕਰ ਸਕਿਆ। ਫੇਰ ਵੀ ਮੈਂ ਇਹ ਗੱਲ ਸਵੀਕਾਰ ਕਰ ਲਈ ਸੀ ਕਿ ਆਜ਼ਾਦ ਭਾਰਤ ਦੇ ਪਰਜਾਤੰਤਰ ਰਾਜ ਵਿਚ ਮਜ਼ਦੂਰ ਤੇ ਕਿਸਾਨ ਵਰਗ ਦੀ ਯੋਗ ਤਰੀਕਿਆਂ ਨਾਲ ਰੱਖਿਆ ਹੋਣੀ ਚਾਹੀਦੀ ਹੈ। ਇਤਿਹਾਸ ਵਿਚ ਵਾਰ-ਵਾਰ ਇਹ ਦੇਖਿਆ ਗਿਆ ਹੈ ਕਿ ਮਜ਼ਦੂਰ ਤੇ ਕਿਸਾਨ ਦੀ ਸਹਾਇਤਾ ਨਾਲ ਰਾਜ-ਕਰਾਂਤੀ ਹੋਈ ਪਰ ਕਰਾਂਤੀ ਪਿੱਛੋਂ ਉਹਨਾਂ ਨੂੰ ਵਿਸਾਰ ਦਿੱਤਾ ਗਿਆ। ਗੱਲ ਇਹ ਹੈ ਕਿ ਕਰਾਂਤੀ ਪਿੱਛੋਂ ਰਾਸ਼ਟਰ ਦੇ ਮੁੜ ਨਿਰਮਾਣ ਸਮੇਂ ਹਰ ਪੱਖੋਂ ਉਹਨਾਂ ਦੇ ਹਿੱਤਾਂ ਦੀ ਰੱਖਿਆ ਪੂਰਨ ਤੌਰ 'ਤੇ ਕਰਨੀ ਪਏਗੀ। ਪਰ ਇਸ ਲਈ ਇਹ ਜ਼ਰੂਰੀ ਨਹੀਂ ਕਿ ਸ਼੍ਰੇਣੀ ਸੰਘਰਸ਼ ਦੇ ਮਾਰਗ ਤੋਂ ਹੀ ਸਾਨੂੰ ਅੱਗੇ ਵਧਣਾ ਪਏ ਜਾਂ ਇਤਿਹਾਸ ਦੀ ਆਰਥਕ ਵਿਆਖਿਆ ਨੂੰ ਸਾਨੂੰ ਸਵੀਕਾਰ ਕਰਨਾ ਪਏ।
“ਇੱਥੇ ਇਹ ਹਦਾਇਤ ਸਾਫ਼ ਤੌਰ 'ਤੇ ਕਰਨੀ ਬਣਦੀ ਹੈ ਕਿ ਸਾਡੀ ਸੰਸਥਾ ਦੇ ਕਾਰਜ-ਕੰਮਾਂ ਵਿਚ ਕਮਿਊਨਿਜ਼ਮ ਦੇ ਬਹੁਤ ਸਾਰੇ ਸਿਧਾਂਤ ਗ੍ਰਹਿਣ ਕਰ ਲਏ ਗਏ ਸਨ ਤੇ ਜਿਹਨਾਂ ਸਿਧਾਂਤਾਂ ਨੂੰ ਗ੍ਰਹਿਣ ਨਹੀਂ ਕੀਤਾ ਗਿਆ ਸੀ, ਉਹ ਇਸ ਲਈ ਨਹੀਂ ਕਿ ਉਹ ਸਾਡੀ ਸਮਝ ਵਿਚ ਨਹੀਂ ਸੀ ਆਏ ਬਲਕਿ ਇਸ ਲਈ ਕਿ ਉਹਨਾਂ ਨੂੰ ਅਸੀਂ ਜਾਣ-ਬੁਝ ਕੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਕੇ ਗ੍ਰਹਿਣ ਨਹੀਂ ਸੀ ਕੀਤਾ। ਇਕ ਵਿਸ਼ੇਸ਼ ਗੱਲ ਇਸ ਕਾਰਜ-ਕਰਮ ਵਿਚ ਇਹ ਦੇਖੀ ਗਈ ਕਿ ਇਸ ਕਾਰਜ-ਕਰਮ ਨੂੰ ਕਮਿਊਨਿਸਟ ਦ੍ਰਿਸ਼ਟੀਕੋਣ ਨਾਲ ਬਣਾਏ ਜਾਣ ਦੇ ਬਾਵਜੂਦ ਵੀ ਸਾਡੀ ਸੰਸਥਾ ਦੇ ਨਾਂ ਨਾਲ ਕਮਿਊਨਿਜ਼ਮ ਜਾਂ ਸੋਸ਼ਲਿਜ਼ਮ ਦਾ ਨਾਂ ਨਹੀਂ ਜੋੜਿਆ ਗਿਆ ਸੀ। ਇਸ ਗੱਲ ਤੋਂ ਜੇ ਕੋਈ ਇਹ ਸਮਝੇ ਕਿ ਅਸੀਂ ਲੋਕ ਸੋਸ਼ਲਿਜ਼ਮ ਬਾਰੇ ਕੁਝ ਜਾਣੇ ਨਹੀਂ ਸਾਂ ਜਾਂ ਉਸ ਦੇ ਸਿਧਾਂਤ ਨੂੰ ਸਮਝ ਨਹੀਂ ਸੀ ਸਕੇ ਤਾਂ ਉਹ ਵੀ ਉਸਦੀ ਭੁੱਲ ਹੋਏਗੀ। ਅਸੀਂ ਇਹ ਸੋਚਿਆ ਸੀ ਕਿ ਸੋਸ਼ਲਿਜ਼ਮ ਦੇ ਨਾਂ ਕਾਰਨ ਸੰਭਵ ਹੈ ਬਹੁਤ ਸਾਰੇ ਧਨੱਡ ਵਿਅਕਤੀ, ਜਿਹੜੇ ਉਸ ਸਮੇਂ ਸਾਡੀ ਸਹਾਇਤਾ ਕਰ ਰਹੇ ਸਨ, ਸਾਥੋਂ ਮੂੰਹ ਨਾ ਮੋੜ ਬਹਿਣ। ਸਿਰਫ ਇਸ ਵਿਚਾਰ ਨਾਲ ਅਸੀਂ ਆਪਣੀ ਸੰਸਥਾ ਦੇ ਨਾਂ ਨਾਲ ਸੋਸ਼ਲਿਜ਼ਮ ਨਾਂ ਨਹੀਂ ਸੀ ਲਾਇਆ। ਪੰਜਾਬ ਦੇ ਸਰਦਾਰ ਗੁਰਮੁਖ ਸਿੰਘ ਦੇ ਦਲ ਨੂੰ ਦੇਖ ਕੇ ਮੈਂ ਵੀ ਇਹ ਚਾਹਿਆ ਸੀ ਕਿ ਆਪਣੀ ਸੰਸਥਾ ਦਾ ਨਾਂ ਸੋਸ਼ਲਿਜ਼ਮ ਨਾਲ ਜੋੜ ਦਿਆਂ। ਪਰ ਮੇਰੇ ਪਰਮ ਮਿੱਤਰ ਅਧਿਆਪਕ ਜੈ ਚੰਦਰ ਜੀ ਦੀ ਸਲਾਹ ਨਾਲ ਇੰਜ ਨਹੀਂ ਸੀ ਕੀਤਾ ਗਿਆ। ਸਾਡੀ ਲੋਕਾਂ ਦੀ ਗਿਰਫਤਾਰੀ ਪਿੱਛੋਂ ਸਰਦਾਰ ਭਗਤ ਸਿੰਘ ਨੇ ਇਸ ਸੰਸਥਾ ਦੇ ਨਾਂ ਨਾਲ 'ਸੋਸ਼ਲਿਜ਼ਮ' ਸ਼ਬਦ ਵੀ ਲਾ ਦਿੱਤਾ ਸੀ। ਪਰ ਫੇਰ ਵੀ ਦੱਸਣ ਵਾਲੀ ਗੱਲ ਇਹ ਹੈ ਕਿ ਇਸ ਨਾਂ ਦੇ ਇਲਾਵਾ ਇਸ ਦੀ ਕਾਰਜ-ਵਿਧੀ ਵਿਚ ਕੋਈ ਹੋਰ ਪਰੀਵਰਤਨ ਨਹੀਂ ਸੀ ਕੀਤਾ ਗਿਆ।”
ਸਤਿਕਾਰਤ ਸ਼ਚੀਂਦਰ ਨਾਥ ਸਾਨਿਆਲ ਦੀਆਂ ਦੋਹਾਂ ਗੱਲ ਉੱਤੇ ਵਿਚਾਰ ਕੀਤਾ ਜਾਏ ਤਾਂ ਉਹਨਾਂ ਦੇ ਚਿੰਤਨ ਦਾ ਅੰਤਰ-ਵਿਰੋਧ ਸਪਸ਼ਟ ਹੋ ਜਾਂਦਾ ਹੈ। ਪਹਿਲੇ ਪੈਰੇ ਵਿਚ ਉਹਨਾਂ ਦਾ ਕਮਿਊਨਿਜ਼ਮ ਨਾਲ ਸਿਧਾਂਤਕ ਮੱਤਭੇਦ ਹੈ। ਉਹ ਸ਼੍ਰੇਣੀ ਸੰਘਰਸ਼ ਦੇ ਮਾਰਗ ਉੱਤੇ ਅੱਗੇ ਵਧਣਾ ਜ਼ਰੂਰੀ ਨਹੀਂ ਸਮਝਦੇ ਤੇ ਉਹਨਾਂ ਨੂੰ ਇਤਿਹਾਸ ਦੀ ਆਰਥਕ ਵਿਆਖਿਆ ਸਵੀਕਾਰ ਨਹੀਂ। ਦੂਜੇ ਪੈਰੇ ਵਿਚ ਉਹ ਕਹਿੰਦੇ ਹਨ ਕਿ ਉਹ ਆਪਣੇ ਕਾਰਜ-ਕਰਮ ਵਿਚ ਸੋਸ਼ਲਿਜ਼ਮ ਸ਼ਬਦ ਜੋੜਨਾ ਚਾਹੁੰਦੇ ਸਨ ਪਰ ਇਸ ਵਿਚਾਰ ਨਾਲ ਨਹੀਂ ਜੋੜਿਆ ਕਿ ਕਿਤੇ ਧਨੱਡ ਲੋਕਾਂ ਤੋਂ ਜਿਹੜੀ ਸਹਾਇਤਾ ਮਿਲ ਰਹੀ ਹੈ, ਉਹ ਬੰਦ ਨਾ ਹੋ ਜਾਏ। ਦੂਜਾ ਜੈ ਚੰਦਰ ਜੀ ਨੇ ਇੰਜ ਕਰਨ ਦੀ ਸਲਾਹ ਨਹੀਂ ਦਿੱਤੀ।
ਅਧਿਆਪਕ ਜੈ ਚੰਦਰ ਦੀ ਆਲੋਚਨਾ ਵਿਅਰਥ ਹੋਏਗੀ। ਏਨਾ ਕਹਿ ਦੇਣਾ ਕਾਫੀ ਹੋਏਗਾ ਕਿ ਉਹਨਾਂ ਦਾ ਬਾਅਦ ਦਾ ਆਚਰਣ ਬੜਾ ਹੀ ਕਾਇਰਤਾ ਭਰਿਆ ਸੀ ਤੇ ਉਹ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਵਧਣ ਤੋਂ ਰੋਕਦੇ ਸਨ। ਸੰਸਥਾ ਉੱਤੇ ਆਪਣੀ ਦਾਦਗਿਰੀ ਬਣਾਈ ਰੱਖਣ ਲਈ ਉਹਨਾਂ ਦਲ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਭਗਵਤੀ ਚਰਣ ਵੋਹਰਾ ਬਾਰੇ ਇਹ ਗੱਲ ਫ਼ੈਲਾਈ ਕਿ ਉਹ ਸਰਕਾਰ ਦੇ ਖ਼ੁਫ਼ੀਆ ਵਿਭਾਗ ਦਾ ਆਦਮੀ ਹੈ, ਜਿਹੜੀ ਜਾਂਚ ਕਰਨ 'ਤੇ ਝੂਠੀ ਸਿੱਧ ਹੋਈ। ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵਿਚ ਜੈ ਚੰਦਰ ਆਪਣਾ ਵਿਸ਼ਵਾਸ ਗੰਵਾਅ ਬੈਠੇ ਸਨ।
ਜਦੋਂ ਤਕ ਕਮਿਊਨਿਜ਼ਮ ਦੇ ਸਿਧਾਂਤ ਨੂੰ ਸਵੀਕਾਰ ਨਾ ਕੀਤਾ ਜਾਏ, ਸੰਘ ਦੇ ਨਾਂ ਨਾਲ ਗੁਰਮੁਖ ਸਿੰਘ ਦੀ ਦੇਖਾ-ਦੇਖੀ ਕਮਿਊਨਿਜ਼ਮ ਜਾਂ ਸੋਸ਼ਲਿਜ਼ਮ ਸ਼ਬਦ ਜੋੜ ਦੇਣ ਦਾ ਕੋਈ ਅਰਥ ਨਹੀਂ ਸੀ। ਸ਼ਚੀਂਦਰ ਨਾਥ ਨੂੰ ਇਹ ਸਿਹਰਾ ਜ਼ਰੂਰ ਜਾਂਦਾ ਹੈ ਕਿ ਉਹਨਾਂ ਨੇ ਗਾਂਧੀ ਦੇ ਅਹਿੰਸਾਵਾਦ ਦੇ ਵਿਰੁੱਧ ਸੰਘਰਸ਼ ਕੀਤਾ। ਆਤੰਕਵਾਦ ਨੂੰ ਕਰਾਂਤੀਕਾਰੀ ਰੂਪ ਦਿੱਤਾ ਤੇ ਦਲ ਦੇ ਸੰਵਿਧਾਨ ਵਿਚ ਮਨੁੱਖ ਦੁਆਰਾ ਮਨੁੱਖ ਦੇ ਸੋਸ਼ਣ ਦੀ ਹਰ ਵਿਵਸਥਾ ਨੂੰ ਸਮਾਪਤ ਕਰਨ ਵਾਲੀ ਮਦ ਰੱਖੀ। ਪਰ ਕਰਾਂਤੀ ਪਿੱਛੋਂ ਸਰਕਾਰ ਕਿਸ ਦੀ ਹੋਏਗੀ, ਉਹਨਾਂ ਦੇ ਸੰਵਿਧਾਨ ਵਿਚ ਇਹ ਗੱਲ ਸਪਸ਼ਟ ਨਹੀਂ ਸੀ। ਉਹ ਕਿਸਾਨਾਂ ਤੇ ਮਜ਼ਦੂਰਾਂ ਨਾਲ ਉਹਨਾਂ ਦੇ ਹਿਤਾਂ ਦੀ ਰਾਖੀ ਕਰਨ ਦਾ ਵਾਅਦਾ ਤਾਂ ਕਰਦੇ ਹਨ, ਪਰ ਉਸ ਵਾਅਦੇ ਨੂੰ ਪੂਰਾ ਕੌਣ ਕਰੇਗਾ—ਇਸ ਦੀ ਕੋਈ ਗਰੰਟੀ ਨਹੀਂ ਦੇਂਦੇ! ਭਗਤ ਸਿੰਘ ਤੇ ਉਹਨਾਂ ਦੇ ਸਾਥੀ ਇਸ ਬਾਰੇ ਸਪਸ਼ਟ ਸਨ। 1929 ਦੀ ਲਾਹੌਰ ਕਾਂਗਰਸ ਵਿਚ ਦੁਰਗਾ ਭਾਬੀ ਤੇ ਦੂਜੇ ਕਰਾਂਤੀਕਾਰੀ ਸਾਥੀਆਂ ਨੇ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਦੇ ਐਲਾਨ ਨਾਮੇ ਦਾ ਜਿਹੜਾ ਪਰਚਾ ਵੰਡਿਆ, ਉਸਦੇ ਇਹ ਸ਼ਬਦ ਮੁਲਾਹਜਾ ਹੋਣ...:
“ਭਾਰਤੀ ਪਰਜਾਤੰਤਰ ਦੇ ਨੌਜਵਾਨੋ, ਨਹੀਂ ਸਿਪਾਹੀਓ, ਲਾਮਬੰਦ ਹੋ ਜਾਓ। ਆਰਾਮ ਨਾਲ ਖੜ੍ਹੇ ਨਾ ਰਹੋ। ਆਪਣੀਆਂ ਲੱਤਾਂ ਨਾ ਘੁੱਟੋ। ਵਿਚਾਰ ਦਲਿੱਦਰਤਾ ਨੂੰ, ਜੀਹਨੇ ਤੁਹਾਨੂੰ ਠੁੱਸ ਕੀਤਾ ਹੋਇਆ ਹੈ ਆਪਣੇ ਨਾਲੋਂ ਵੱਖ ਕਰੋ। ਤੁਹਾਡਾ ਮਿਸ਼ਨ ਬੜਾ ਹੀ ਨੇਕ ਹੈ। ਦੇਸ਼ ਦੇ ਹਰ ਕੋਨੇ ਤੇ ਹਰ ਦਿਸ਼ਾ ਵਿਚ ਖਿੱਲਰ ਜਾਓ ਤੇ ਭਵਿੱਖ ਦੀ ਕਰਾਂਤੀ ਲਈ, ਜਿਸਦਾ ਆਉਣਾ ਲਾਜ਼ਮੀ ਹੈ, ਲੋਕਾਂ ਨੂੰ ਤਿਆਰ ਕਰੋ। ਫਰਜ਼ ਦੇ ਬਿਗਲ ਦੀ ਆਵਾਜ਼ ਸੁਣੋ। ਐਵੇਂ ਜੀਵਨ ਵਿਅਰਥ ਨਾ ਗੁਆਓ। ਵਧੋ, ਤੁਹਾਡੀ ਜ਼ਿੰਦਗੀ ਦਾ ਹਰ ਛਿਣ ਇਸ ਕਿਸਮ ਦੀਆਂ ਯੋਜਨਾਵਾਂ ਤੇ ਉਪਾਅ ਲੱਭਣ ਵਿਚ ਲੱਗਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਆਪਣੀ ਇਸ ਪੁਰਾਤਨ ਧਰਤੀ ਦੀਆਂ ਸਫਾਂ ਵਿਚ ਜਵਾਲਾ ਭੜਕੇ ਤੇ ਇਹ ਇਕ ਵੱਡੀ ਅੰਗੜਾਈ ਲੈ ਕੇ ਜਾਗ ਪਏ। ਅੰਗਰੇਜ਼ ਸਾਮਰਾਜ ਦੇ ਵਿਰੁੱਧ ਨੌਜਵਾਨਾਂ ਦੇ ਉਪਜਾਊ ਮਨਾਂ ਵਿਚ ਉਕਤਾਹਟ ਤੇ ਨਫ਼ਰਤ ਭਰ ਦਿਓ। ਅਜਿਹੇ ਬੀਜ ਬੀਜੋ, ਜਿਹੜੇ ਉੱਗਣ ਤੇ ਛਤਨਾਰ ਦੇ ਰੁੱਖ ਬਣ ਜਾਣ ਕਿਉਂਕਿ ਇਹਨਾਂ ਬੀਜਾਂ ਨੂੰ ਅਸੀਂ ਆਪਣੇ ਗਰਮ ਖ਼ੂਨ ਨਾਲ ਸਿੰਜਾਂਗੇ। ਤਦ ਇਕ ਭੁਚਾਲ ਆਏਗਾ, ਜਿਹੜਾ ਇਕ ਜਬਰਦਸਤ ਧਮਾਕੇ ਨਾਲ ਗਲਤ ਪਿਰਤਾਂ ਦਾ ਵਿਨਾਸ਼ ਕਰੇਗਾ ਤੇ ਸਾਮਰਾਜਵਾਦ ਦੇ ਮਹਿਲ ਨੂੰ ਢਾਅ ਕੇ ਢੇਰੀ ਕਰ ਦਏਗਾ। ਇਹ ਇਕ ਮਹਾਪਰਲੋ ਹੋਏਗੀ।
“ਫੇਰ ਸਿਰਫ ਇਕ ਨਵਾਂ ਭਾਰਤੀ ਰਾਸ਼ਟਰ ਹੋਂਦ ਵਿਚ ਆਏਗਾ, ਜਿਹੜਾ ਸਮੁੱਚੀ ਮਨੁੱਖ ਜਾਤੀ ਨੂੰ ਹੈਰਾਨ ਕਰ ਦਏਗਾ, ਆਪਣੇ ਗੁਣਾ ਤੇ ਆਨ, ਬਾਨ ਨਾਲ। ਪ੍ਰਬੁੱਧ ਤੇ ਸ਼ਕਤੀਸ਼ਾਲੀ ਲੋਕ, ਸਾਦੇ ਤੇ ਕਮਜ਼ੋਰ ਲੋਕਾਂ ਦਾ ਇਹ ਕੌਤਕ ਦੇਖ ਕੇ ਹੈਰਾਨ ਰਹਿ ਜਾਣਗੇ।
“ਨਿੱਜੀ ਸੁਤੰਤਰਤਾ ਵੀ ਤਦੇ ਸੁਰੱਖਿਅਤਾ ਹੋਏਗੀ ਜਦ ਸਰਵਹਾਰਾ ਦੇ ਅਧਿਨਾਇਕਤਵ ਤੇ ਪ੍ਰਭੁਸੱਤਾ ਨੂੰ ਸਤਿਕਾਰਿਆ ਜਾਏਗਾ। ਅਸੀਂ ਅਜਿਹੀ ਕਰਾਂਤੀ ਦੇ ਆਉਣ ਦਾ ਹੀ ਸੁਨੇਹਾ ਦੇ ਰਹੇ ਹਾਂ। ਇਨਕਲਾਬ ਜ਼ਿੰਦਾਬਾਦ!”
ਸੰਵਿਧਾਨ ਵਿਚ ਪਰੀਵਰਤਨ ਤਾਂ ਔਪਚਾਰਿਕਤਾ ਵੀ ਹੋ ਸਕਦੀ ਹੈ। ਇਸ ਚਿੰਤਨ ਵਿਚ ਗੁਣਣਾਤਮਕ ਪਰੀਵਰਤਨ ਸੀ, ਜਿਸ ਨਾਲ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਰੂਪਾਂਤਰਣ ਹੋਇਆ। ਇਸ ਪਰੀਵਰਤਨ ਤੇ ਰੂਪਾਂਤਰਣ ਨੂੰ ਅੱਜ ਤਕ ਸਮਝਿਆ ਨਹੀਂ ਗਿਆ। ਇਹੀ ਦੇਸ਼ ਦੀ ਵੱਡੀ ਤਰਾਸਦੀ ਹੈ। ਇਸ ਨੂੰ ਸਮਝਣ ਦੀ ਲੋੜ ਹੈ।


ਫਿਰੋਜਸ਼ਾਹ ਕੋਟਲਾ ਦੀ ਬੈਠਕ ਵਿਚ ਦਲ ਦੀ ਇਕ ਕੇਂਦਰੀ ਸੰਮਤੀ ਬਣਾਈ ਗਈ। ਇਸ ਸੰਮਤੀ ਦੇ ਸੱਤ ਮੈਂਬਰ ਸਨ...(1) ਭਗਤ ਸਿੰਘ, (2) ਚੰਦਰ ਸ਼ੇਖਰ ਆਜ਼ਾਦ, (3) ਸੁਖਦੇਵ, (4) ਸ਼ਿਵ ਵਰਮਾ, (5) ਵਿਜੇ ਕੁਮਾਰ, (6) ਫਣੀਂਦਰ ਨਾਥ ਘੋਸ਼ ਤੇ (7) ਕੁੰਦਨ ਲਾਲ।
ਇਹਨਾਂ ਮੈਂਬਰਾਂ ਨੂੰ ਵੱਖ-ਵੱਖ ਸੂਬਿਆਂ ਦਾ ਇਨਚਾਰਜ ਬਣਾਇਆ ਗਿਆ ਸੀ ਤੇ ਸੂਬਿਆਂ ਵਿਚਕਾਰ ਤਾਲਮੇਲ ਰੱਖਣ ਦਾ ਕਾਰਜ-ਭਾਰ ਭਗਤ ਸਿੰਘ ਤੇ ਵਿਜੇ ਕੁਮਾਰ ਸਿਨਹਾ ਨੂੰ ਸੌਂਪਿਆ ਗਿਆ ਸੀ। ਇਸ ਬੈਠਕ ਵਿਚ ਸੈਨਾਪਤੀ ਚੁਣਨ ਦੀ ਪਿਰਤ ਪਾਈ ਗਈ ਤੇ ਇਸ ਪਦ ਲਈ ਚੰਦਰ ਸ਼ੇਖਰ ਆਜ਼ਾਦ ਨੂੰ ਚੁਣਿਆ ਗਿਆ। ਆਜ਼ਾਦ ਬੈਠਕ ਵਿਚ ਸ਼ਾਮਲ ਨਹੀਂ ਹੋ ਸਕੇ ਸਨ—ਪਰ ਭਗਤ ਸਿੰਘ ਤੇ ਵਿਜੇ ਕੁਮਾਰ ਸਿਨਹਾ ਨੇ ਉਹਨਾਂ ਨਾਲ ਪਹਿਲਾਂ ਹੀ ਗੱਲਬਾਤ ਕਰ ਲਈ ਸੀ ਤੇ ਉਹਨਾਂ ਨੇ ਸਾਰੇ ਮਤਿਆਂ ਉੱਪਰ ਆਪਣੀ ਸਹਿਮਤੀ ਦੇ ਦਿੱਤੀ ਸੀ। ਜਦ ਤਕ ਕਾਕੋਰੀ ਡਕੈਤੀ ਮੁਕੱਦਮਾ ਚੱਲ ਰਿਹਾ ਸੀ, ਇਹ ਫ਼ੈਸਲਾ ਕੀਤਾ ਗਿਆ ਕਿ ਸ਼ਾਂਤ ਮਈ ਢੰਗ ਨਾਲ ਸੰਗਠਨ ਦਾ ਕੰਮ ਕਾਜ ਜਾਰੀ ਰੱਖਿਆ ਜਾਏ। ਕੋਈ ਅਜਿਹਾ ਕੰਮ ਨਾ ਕੀਤਾ ਜਾਏ, ਜਿਸ ਨਾਲ ਸਰਕਾਰ ਚਿੜ ਜਾਏ ਤੇ ਬਦਲੇ ਦੀ ਭਾਵਨਾ ਵੱਸ ਫੜ੍ਹਿਆਂ ਹੋਇਆਂ ਨੂੰ ਸਖ਼ਤ ਸਜ਼ਾਵਾਂ ਦਏ। ਹੁਣ ਸਰਕਾਰ ਨੇ ਉਂਜ ਹੀ ਬਦਲਾ ਲਊ ਸਜ਼ਾਵਾਂ ਦੇ ਦਿੱਤੀਆਂ ਤਾਂ ਇਹ ਫ਼ੈਸਲਾ ਕੀਤਾ ਗਿਆ ਕਿ ਕੰਮ ਜੋਰ-ਸ਼ੋਰ ਨਾਲ ਹੋਣਾ ਚਾਹੀਦਾ ਹੈ ਤੇ ਸਰਕਾਰੀ ਆਤੰਕ ਦਾ ਜਵਾਬ ਕਰਾਂਤੀਕਾਰੀ ਆਤੰਕ ਨਾਲ ਦੇਣਾ ਚਾਹੀਦਾ ਹੈ।
ਸਰਕਾਰੀ ਆਤੰਕ ਦਾ ਮੁਕਾਬਲਾ ਕਰਨ ਲਈ ਬੰਬ ਸਭ ਤੋਂ ਵੱਧ ਕਾਰਗਰ ਹਥਿਆਰ ਸੀ। ਇਸ ਲਈ ਇਹ ਫ਼ੈਸਲਾ ਲਿਆ ਗਿਆ ਕਿ ਲਾਹੌਰ, ਆਗਰਾ, ਸਹਾਰਨਪੁਰ ਤੇ ਕਲਕੱਤੇ ਵਿਚ ਬੰਬ ਬਣਾਉਣ ਦੇ ਠਿਕਾਣੇ ਬਣਾਏ ਜਾਣ। ਬੰਗਾਲ ਦੇ ਕਰਾਂਤੀਕਾਰੀ ਬੰਬ ਬਣਾਉਣ ਦੀ ਕਲਾ ਦੇ ਮਾਹਰ ਸਨ ਤੇ ਬੰਬ ਬਣਾਉਣ ਲਈ ਜ਼ਰੂਰੀ ਕੈਮੀਕਲ ਵੀ ਉੱਥੋਂ ਹੀ ਮਿਲ ਸਕਦਾ ਸੀ। ਭਗਤ ਸਿੰਘ ਕਲਕੱਤੇ ਗਏ ਤੇ ਉੱਥੋਂ ਕੈਮੀਕਲ ਦੇ ਨਾਲ ਹੀ ਜਤੇਂਦਰ ਨਾਥ ਦਾਸ ਨੂੰ ਵੀ ਆਪਣੇ ਨਾਲ ਆਗਰੇ ਲੈ ਆਏ ਤਾਂਕਿ ਉਹ ਉਤਰ ਭਾਰਤ ਦੇ ਸਾਥੀਆਂ ਨੂੰ ਬੰਬ ਬਣਾਉਣੇ ਸਿਖਾਉਣ। ਜਤੇਂਦਰ ਨਾਥ ਦਾਸ ਤੇ ਭਗਤ ਸਿੰਘ ਦੀ ਇਹ ਪਹਿਲੀ ਮੁਲਾਕਾਤ ਸੀ।
ਜਦੋਂ ਰਾਜਨੀਤੀ ਦਾ ਰੂਪਾਂਤਰਣ ਹੁੰਦਾ ਹੈ ਤਾਂ ਸੰਸਥਾ, ਉਸਦੀਆਂ ਕਾਰਵਾਈਆਂ ਤੇ ਮੈਂਬਰਾਂ ਦਾ ਵੀ ਰੂਪਾਂਤਰਣ ਹੁੰਦਾ ਹੈ। ਇਹ ਇਕ ਸੁਭਾਵਿਕ ਪ੍ਰਕਿਰਿਆ ਹੈ, ਇਕ ਦਵੰਦਾਤਮਕ ਸੱਚ ਹੈ...ਇਸੇ ਨਾਲ ਯੁੱਗ ਬਦਲਦਾ ਹੈ; ਇਤਿਹਾਸ ਬਦਲਦਾ ਹੈ।
ਆਪਣੇ ਇਤਿਹਾਸ ਦੇ ਇਸ ਨਵੇਂ ਯੁੱਗ ਨੂੰ ਤੇ ਉਸ ਵਿਚ ਆਰੰਭ ਹੋਏ ਕਰਾਂਤੀਕਾਰੀ ਕਾਰਜ ਨੂੰ ਪੂਰੀ ਤਰ੍ਹਾਂ ਸਮਝਣ ਲਈ ਅਸੀਂ ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਦੇ ਉਦਾਹਰਨ ਦੇਣ ਤੋਂ ਪਹਿਲਾਂ ਇਸ ਪ੍ਰਕਿਰਿਆ ਨੂੰ ਸਮਝਣ ਦਾ ਯਤਨ ਕਰਾਂਗੇ ਤੇ ਇਸ ਪਿੱਛੋਂ ਅੱਗੇ ਵਧਾਂਗੇ।
ਭਗਤ ਸਿੰਘ ਨੇ ਹੁਣ ਕੇਸ ਕਟਵਾ ਦਿੱਤੇ ਸਨ। ਫਿਰੋਜਸ਼ਾਹ ਕੋਟਲੇ ਦੀ ਬੈਠਕ ਪਿੱਛੋਂ ਜਦੋਂ ਉਹ ਫਿਰੋਜਪੁਰ ਪਹੁੰਚੇ ਤਾਂ ਭਗਤ ਸਿੰਘ ਦੇ ਵਾਲਾਂ ਵਿਚ ਪਹਿਲਾਂ ਉਹਨਾਂ ਦੇ ਸਾਥੀਆਂ ਨੇ ਕੈਂਚੀ ਚਲਾਈ ਤੇ ਫੇਰ ਨਾਈ ਬੁਲਾਇਆ ਗਿਆ। ਇਹ ਗੱਲ ਭਗਤ ਸਿੰਘ ਦੇ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਸੀ ਤੇ ਅੱਜ ਤਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਹਾ ਇਹ ਜਾਂਦਾ ਹੈ ਕਿ ਇਸ ਨਾਲ ਭਗਤ ਸਿੰਘ ਨੂੰ ਦਲ ਦੇ ਗੁਪਤ ਕੰਮਾਂ ਲਈ ਇਧਰ ਉਧਰ ਘੁੰਮਣ ਵਿਚ ਆਸਾਨੀ ਹੋ ਗਈ। ਜੇ ਸਿਰਫ ਇਹੀ ਗੱਲ ਹੁੰਦੀ ਤਾਂ ਇਹ ਘਟਨਾ ਇੰਜ ਚਰਚਾ ਦਾ ਵਿਸ਼ਾ ਨਾ ਬਣਦੀ। ਦਰਅਸਲ ਇਹ ਗੱਲ ਭਗਤ ਸਿੰਘ ਦੇ ਰੂਪਾਂਤਰਣ ਦਾ ਪ੍ਰਤੀਕ ਸੀ। ਇਸ ਲਈ ਚਰਚਾ ਦਾ ਵਿਸ਼ਾ ਬਣੀ।
4 ਅਕਤੂਬਰ 1930 ਦੀ ਗੱਲ ਹੈ। ਗਦਰ ਪਾਰਟੀ ਦੇ ਭਾਈ ਰਣਧੀਰ ਸਿੰਘ ਉਮਰ ਕੈਦ ਦੀ ਸਜ਼ਾ ਕੱਟ ਕੇ ਰਿਹਾਅ ਹੋ ਰਹੇ ਸਨ। ਗਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਧੀਆ ਤੇ ਬਾਬਾ ਤੇਜਾ ਸਿੰਘ ਚੂੜ੍ਹਕਾਸ਼ਾ ਦੇ ਸੁਝਾਅ ਉੱਤੇ ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਨਾਲ ਮੁਲਾਕਾਤ ਕਰਨਾ ਮੰਨ ਲਿਆ। ਪਰ ਭਾਈ ਰਣਧੀਰ ਸਿੰਘ ਨੇ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਭਗਤ ਸਿੰਘ ਨੇ ਕੇਸ ਕਤਲ ਕਰਵਾ ਦਿੱਤੇ ਹਨ। ਇਸ ਦੇ ਉਤਰ ਵਿਚ ਭਗਤ ਸਿੰਘ ਨੇ ਲਿਖਿਆ...“ਮੈਂ ਸਿੱਖੀ ਦੀ ਬੰਦ-ਬੰਦ ਕਟਵਾ ਦੇਣ ਵਾਲੀ ਪਰੰਪਰਾ ਦਾ ਕਾਇਲ ਹਾਂ। ਅਜੇ ਤਾਂ ਮੈਂ ਇਕ ਭਾਗ ਹੀ ਕਟਵਾਇਆ ਹੈ, ਉਹ ਵੀ ਪੇਟ ਦੀ ਖਾਤਰ ਨਹੀਂ, ਦੇਸ਼ ਦੀ ਖਾਤਰ, ਜਲਦੀ ਹੀ ਗਰਦਨ ਵੀ ਕਟਵਾਵਾਂਗਾ। ਇਕ ਸਿੱਖ ਦੀ ਤੰਗ-ਨਜ਼ਰੀ ਤੇ ਤੰਗ-ਦਿਲੀ ਦਾ ਗਿਲਾਅ ਜ਼ਰੂਰ ਰਹੇਗਾ।” ਉਸ ਪਿੱਛੋਂ ਭਾਈ ਰਣਧੀਰ ਸਿੰਘ ਆਪ ਮਿਲਣ ਆਏ। ਇਕ ਵਾਰੀ ਬਾਬਾ ਸੋਹਨ ਸਿੰਘ ਭਕਤਾ ਨੇ ਵੀ ਇਸ ਗੱਲ ਨੂੰ ਚੁੱਕਿਆ ਤਾਂ ਭਗਤ ਸਿੰਘ ਦਾ ਉਤਰ ਸੀ...“ਸਾਡੀ ਵਿਰਾਸਤ ਦੇ ਦੋ ਪੱਖ ਹਨ : ਇਕ ਸਾਂਸਕਰੀਤਕ ਤੇ ਦੂਜਾ ਮਿਥਿਹਾਸ। ਮੈਂ ਸਾਂਸਕਰੀਤਕ ਗੁਣਾ ਜਿਵੇਂ ਨਿਸ਼ਕਾਮ ਦੇਸ਼ ਸੇਵਾ, ਬਲੀਦਾਨ ਦੇ ਵਿਸ਼ਵਾਸ ਉੱਪਰ ਅਟੱਲ ਰਹਿ ਕੇ ਆਪਣਾ ਕਾਰਜ ਅੱਗੇ ਵਧਾਉਣ ਦੀ ਕੋਸ਼ਿਸ਼ ਵਿਚ ਹਾਂ। ਪਰ ਮਿਥਿਹਾਸਕ ਵਿਚਾਰਾਂ ਨੂੰ, ਜਿਹੜੇ ਪੁਰਾਣੇ ਸਮਾਜ ਦੀ ਸਮਝ ਅਨੁਸਾਰ ਹਨ, ਬਿਲਕੁਲ ਮੰਨਣ ਲਈ ਤਿਆਰ ਨਹੀਂ ਕਿਉਂਕਿ ਵਿਗਿਆਨ ਦੇ ਗਿਆਨ ਨੇ ਬੜੀ ਤਰੱਕੀ ਕੀਤੀ ਹੈ ਤੇ ਵਿਗਿਆਨ ਨੂੰ ਅਪਣਾਅ ਕੇ ਹੀ ਭਾਵੀ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ।”
ਭਾਈ ਰਣਧੀਰ ਸਿੰਘ ਨੇ ਭਗਤ ਸਿੰਘ ਨਾਲ ਆਪਣੀ ਮੁਲਾਕਾਤ ਦੌਰਾਨ ਜਿਹੜੇ ਸਵਾਲ ਉਠਾਏ, 'ਮੈਂ ਨਾਸਤਕ ਕਿਓਂ ਹਾਂ' ਨਿਬੰਧ ਉਹਨਾਂ ਦੇ ਉਤਰ ਵਜੋਂ ਲਿਖਿਆ ਗਿਆ। ਇਸ ਨਿਬੰਧ ਤੋਂ ਭਗਤ ਸਿੰਘ ਦੇ ਵਿਚਾਰਾਂ ਦੀ ਵਿਕਾਸ ਪ੍ਰਕਿਰਿਆ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ। ਮੁੱਕਦੀ ਗੱਲ ਇਹ ਕਿ ਇਸ ਵਿਕਾਸ ਪ੍ਰਕਿਰਿਆ ਨਾਲ ਉਹਨਾਂ ਦਾ ਰੋਮਾਂਟਿਕ ਕਰਾਂਤੀਕਾਰੀ ਤੋਂ ਵਿਗਿਆਨਕ ਕਰਾਂਤੀਕਾਰੀ ਵਿਚ ਰੂਪਾਂਤਰਣ ਹੋਇਆ।
ਜੇ ਅਸੀਂ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਅਤੀਤ ਵਿਚ ਵੀ ਇੰਜ ਹੁੰਦਾ ਆਇਆ ਹੈ।
ਗੁਰੂ ਨਾਨਕ ਨੇ ਲੰਗਰ, ਪੰਗਤ, ਸੰਗਤ ਤੇ ਗੁਰ-ਗੱਦੀ, ਇਹ ਚਾਰ ਸੰਸਥਾਵਾਂ ਕਾਇਮ ਕੀਤੀਆਂ ਸਨ, ਜਿਹੜੀਆਂ ਨੌ ਗੁਰੂਆਂ ਤਕ ਇੰਜ ਹੀ ਚੱਲਦੀਆਂ ਰਹੀਆਂ। ਪਰ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਜਦੋਂ 1699 ਵਿਚ ਖਾਲਸੇ ਦੀ ਸਥਾਪਨਾ ਕੀਤੀ ਤਾਂ ਗੁਰ-ਗੱਦੀ ਸਮਾਪਤ ਕਰ ਦਿੱਤੀ। ਕਾਰਨ ਇਹ ਸੀ ਕਿ ਗੁਰ-ਗੱਦੀ ਆਪਣੀ ਇਤਿਹਾਸਕ ਭੂਮਿਕਾ ਨਿਭਾ ਚੁੱਕੀ ਸੀ। ਉਹ ਦਾ ਸਥਾਨ ਹੁਣ ਪੰਜ ਪਿਆਰਿਆਂ ਨੂੰ ਦਿੱਤਾ ਗਿਆ, ਜਿਹਨਾਂ ਨੇ ਨਿਸ਼ਕਾਮ ਭਾਵ ਨਾਲ ਆਪਣੇ ਸ਼ੀਸ਼ ਦੇਸ਼-ਸੇਵਾ ਲਈ ਅਰਪਿੱਤ ਕਰ ਦਿੱਤੇ ਸਨ।
ਗੁਰੂ ਨਾਨਕ ਨੇ ਸਰਬ-ਸ਼ਕਤੀਮਾਨ, ਸਰਬ-ਵਿਆਪਕ, ਅਜਰ, ਅਮਰ ਈਸ਼ਵਰ ਦੀ ਪਹਿਲਾਂ ਤੋਂ ਤੁਰੀ ਆ ਰਹੀ ਅਵਧਾਰਨਾ ਵਿਚ 'ਨਿਰਭੈ' ਤੇ 'ਨਿਰਵੈਰ' ਵਿਸ਼ੇਸ਼ਣ ਆਪਣੇ ਵੱਲੋਂ ਜੋੜੇ। ਮੰਤਕ ਇਹ ਸੀ ਤੁਹਾਡੀ ਆਤਮਾ ਨਿਰਭੈ ਪ੍ਰਮਾਤਮਾ ਦਾ ਇਕ ਅੰਸ਼ ਹੈ, ਤੁਰਕਾਂ ਮੁਗਲਾਂ ਤੋਂ ਡਰਨਾ ਛੱਡੋ। ਤੇ ਜਾਤ-ਪਾਤ ਦੇ ਝੇੜੇ-ਟੰਟੇ ਛੱਡ ਕੇ ਨਿਰਵੈਰ ਬਣੋ। ਇਕ ਹੋ ਜਾਓ।
ਇੰਜ ਗੁਰੂ ਨਾਨਕ ਨੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਤੇ ਪੁਰਾਣੇ ਧਰਮ ਦਾ ਰੁਪਾਂਤਰਣ ਨਵੇ ਸਿੱਖ-ਧਰਮ ਦੇ ਰੂਪ ਵਿਚ ਹੋਇਆ।
ਪਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਥਾਪਨਾ ਕੀਤੀ, ਓਦੋਂ ਵਿਦੇਸ਼ੀ ਸੱਤਾ ਨਾਲ ਸੰਘਰਸ਼ ਦੀ ਸਥਿਤੀ ਪੈਦਾ ਹੋ ਚੁੱਕੀ ਸੀ। ਇਸ ਲਈ ਉਹਨਾਂ ਨੇ ਈਸ਼ਵਰ ਦੀ ਅਵਧਾਰਨਾ ਵਿਚ 'ਸਰਬ-ਲੋਹ' ਵਿਸ਼ੇਸ਼ਣ ਜੋੜਿਆ, ਯਾਨੀ ਈਸ਼ਵਰ ਫੌਲਾਦ ਹੈ। ਫੌਲਾਦ ਦੀ ਪੂਜਾ ਕਰੋ, ਹਥਿਆ ਚੁੱਕੋ ਕਿਉਂਕਿ...:

 ਕਾਹੀ ਕਿਸੀ ਕਾ ਰਾਜ ਨ ਦੇਹੀ
 ਜੋ ਲੇ ਹੀ ਨਿਜ ਬਲ ਸੇ ਲੋਹੀ

ਇੰਜ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਤੇ ਸਿੱਖ-ਧਰਮ ਦਾ ਖਾਲਸਾ ਵਿਚ ਰੂਪਾਂਤਰਣ ਹੋਇਆ।
ਕੱਛਾ, ਕੜਾ, ਕਿਰਪਾਨ, ਕੰਘਾ ਤੇ ਕੇਸ਼ ਇਸ ਰੂਪਾਂਤਰਣ ਦੇ ਬਾਹਰੀ ਪ੍ਰਤੀਕ ਸਨ।
ਈਸ਼ਵਰ ਦੀ ਅਵਧਾਰਨਾ ਵਿਚ ਗੁਰੂ ਨਾਨਕ ਨੇ 'ਨਿਰਭੈ' ਤੇ 'ਨਿਰਵੈਰ' ਵਿਸ਼ੇਸ਼ਣ ਜੋੜੇ ਤੇ ਗੁਰੂ ਗੋਬਿੰਦ ਸਿੰਘ ਨੇ 'ਸਰਬ-ਲੋਹ' ਵਿਸ਼ੇਸ਼ਣ ਜੋੜ ਕੇ ਇਸ ਅਵਧਾਰਨਾ ਨੂੰ ਹੋਰ ਵਿਕਸਤ ਕੀਤਾ। ਪਰ ਜਦੋਂ ਵਿਗਿਆਨ ਨੇ ਗਿਆਨ ਨੂੰ ਹੋਰ ਵਿਕਸਤ ਕਰ ਦਿੱਤਾ ਤਾਂ ਭਗਤ ਸਿੰਘ ਨੇ ਇਸ ਧਾਰਨਾ ਨੂੰ ਹੀ ਮਿਥਿਆ ਮੰਨਿਆਂ ਤੇ ਆਪਣੇ ਅੰਦਰੋਂ ਕੱਢ ਦਿੱਤਾ। ਉਹਨਾਂ ਐਲਾਨ ਕੀਤਾ...:
“ਸਮਾਜ ਨੇ ਜਿਸ ਤਰ੍ਹਾਂ ਮੂਰਤੀ ਪੂਜਾ ਤੇ ਧਰਮ ਦੇ ਸੌੜੇ ਸੰਕਲਪ ਦੇ ਖ਼ਿਲਾਫ਼ ਸੰਘਰਸ਼ ਕੀਤਾ ਸੀ, ਉਸੇ ਤਰ੍ਹਾਂ ਉਸਨੂੰ ਈਸ਼ਵਰ ਵਿਚ ਵਿਸ਼ਵਾਸ ਦੇ ਖ਼ਿਲਾਫ਼ ਵੀ ਸੰਘਰਸ਼ ਕਰਨਾ ਪਏਗਾ। ਇੰਜ ਜਦੋਂ ਆਦਮੀ ਆਤਮ-ਨਿਰਭਰ ਬਣਨ ਦੀ ਕੋਸ਼ਿਸ਼ ਕਰਨ ਤੇ ਯਥਾਰਥਵਾਦੀ ਬਣਨ ਲੱਗੇਗਾ ਤਾਂ ਉਸਨੂੰ ਈਸ਼ਵਰ ਵਿਚ ਵਿਸ਼ਵਾਸ ਨੂੰ ਲਾਂਭੇ ਕਰਨਾ ਪਏਗਾ ਤੇ ਹਰ ਮੁਸ਼ਕਿਲ, ਹਰ ਆਫ਼ਤ ਤੇ ਹਰ ਤਰ੍ਹਾਂ ਦੇ ਹਾਲਾਤ ਦਾ ਡਟ ਕੇ ਮਕਾਬਲਾ ਕਰਨਾ ਪਏਗਾ। ਇਸ ਸਮੇਂ ਮੇਰੀ ਹਾਲਤ ਇਨਬਿਨ ਉਹੀ ਹੈ। ਦੋਸਤੋ, ਇਹ ਮੇਰੀ ਹਿਊਮੈਂ ਨਹੀ—ਮੈਂ ਆਪਣੇ ਸੋਚਣ ਦੀ ਪ੍ਰਕਿਰਿਆ ਸਦਕਾ ਹੀ ਨਾਸਤਕ ਬਣਿਆ ਹਾਂ।”
ਇੱਥੇ ਸਮਾਜ ਦੇ ਜਿਸ ਸੰਘਰਸ਼ ਦੀ ਗੱਲ ਆਖੀ ਗਈ ਹੈ, ਉਹ ਭਗਤ ਸਿੰਘ ਦੇ ਆਪਣੇ ਪਰਿਵਾਰ ਦੇ ਸੰਘਰਸ਼ ਦੀ ਕਹਾਣੀ ਵੀ ਹੈ। ਦਾਦੇ ਅਰਜੁਨ ਸਿੰਘ ਦਾ ਸਵਾਮੀ ਦਯਾਨੰਦ ਹੱਥੋਂ ਜਨੇਊ ਧਾਰਨ ਕਰਕੇ ਆਰੀਆ-ਸਮਾਜੀ ਬਣਨਾ, ਦਾਦੇ ਅਰਜੁਨ ਸਿੰਘ ਦਾ ਰੂਪਾਂਤਰਣ ਸੀ। ਉਹਨਾਂ ਦੇ ਤਿੰਨੇ ਪੁੱਤਰ...ਕਿਸ਼ਨ ਸਿੰਘ, ਅਜੀਤ ਸਿੰਘ ਤੇ ਸਵਰਨ ਸਿੰਘ ਦਾ ਵਿਚਾਰ ਨੂੰ ਹੋਰ ਵਿਕਸਤ ਕਰਕੇ ਰਾਸ਼ਟਰੀ-ਕਰਾਂਤੀਕਾਰੀ ਬਣਨਾ, ਉਹਨਾਂ ਤਿੰਨਾਂ ਦਾ ਰੂਪਾਂਤਰਣ ਸੀ ਤੇ ਫੇਰ ਭਗਤ ਸਿੰਘ ਦਾ ਵਿਚਾਰ ਨੂੰ ਹੋਰ ਵਿਕਸਤ ਕਰਕੇ ਰਾਸ਼ਟਰੀ-ਕਰਾਂਤੀਕਾਰੀ ਤੋਂ ਵਿਗਿਆਨਕ-ਕਰਾਂਤੀਕਾਰੀ ਬਣਨਾ, ਭਗਤ ਸਿੰਘ ਦਾ ਰੂਪਾਂਤਰਣ ਸੀ।
ਇਹ ਇਕ ਪਰਿਵਾਰ ਦੇ ਪੀੜ੍ਹੀ-ਦਰ-ਪੀੜ੍ਹੀ ਲਗਾਤਾਰ ਵਿਕਾਸ ਦੀ ਕਹਾਣੀ ਤੇ ਸਾਡੀ ਰਾਸ਼ਟਰੀ ਪਰੰਪਰਾ ਦੇ ਲਗਾਤਾਰ ਵਿਕਾਸ ਦੀ ਕਹਾਣੀ ਹੈ।
ਜਿਹੜੇ ਲੋਕ ਇਹ ਭਰਮ ਫੈਲਾਉਂਦੇ ਹਨ ਕਿ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਸਿੱਖ ਧਰਮ ਵਿਚ ਵਿਸ਼ਵਾਸ ਕਰਨ ਲੱਗ ਪਏ ਸਨ, ਉਹ ਭਗਤ ਸਿੰਘ ਨੂੰ ਵੱਡਾ ਨਹੀਂ ਆਪਣੇ ਵਾਂਗਰ ਛੋਟਾ ਤੇ ਹੀਣਾ ਬਣਾਉਂਦੇ ਹਨ। ਉਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਨਹੀਂ, ਸਗੋਂ ਧਰਮ ਦੇ ਸਾਰ ਨੂੰ ਭੁੱਲ ਕੇ ਉਸਦੇ ਬਾਹਰੀ ਪ੍ਰਤੀਕਾਂ ਦੀ ਪੂਜਾ ਕਰਨ ਵਾਲੇ ਕੱਟੜਪੰਥੀ ਹਨ ਤੇ ਧਰਮ ਦੇ ਨਾਂ ਉੱਪਰ ਆਪਣੇ ਸਵਾਰਥ-ਸਾਧ ਰਹੇ ਹਨ।
ਜਿਹਨਾਂ ਇਸ ਵਿਗਿਆਨਕ ਕਰਾਂਤੀਕਾਰੀ ਦੇ ਨਵੇਂ ਯੁੱਗ ਦਾ ਪ੍ਰਤੀਕ ਬਣਨਾ ਸੀ, ਉਹ ਅਤੀਤ ਦਾ ਬੋਝ ਕਿਉਂ ਢੋਂਦੇ ਫਿਰਦੇ?
ਹੁਣ ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰੀਏ। ਆਜ਼ਾਦ ਨੂੰ ਫਿਰੋਜਸ਼ਾਹ ਕੋਟਲੇ ਦੀ ਬੈਠਕ ਵਿਚ ਦਲ ਦਾ ਸੈਨਾਪਤੀ ਸਿਰਫ ਇਸ ਲਈ ਨਹੀਂ ਬਣਾਇਆ ਗਿਆ ਸੀ ਕਿ ਉਸਦਾ ਨਿਸ਼ਾਨਾਂ ਬੜਾ ਪੱਕਾ ਸੀ। ਉਹ ਸੈਨਾਪਤੀ ਇਸ ਲਈ ਬਣਾਏ ਗਏ ਸਨ ਕਿ ਦਲ ਦੇ ਨਾਂ ਦੇ ਨਾਲ 'ਸਮਾਜਵਾਦੀ' ਸ਼ਬਦ ਜੋੜਨ ਦੇ ਸੁਝਾਅ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਸਨ ਤੇ ਉਹਨਾਂ ਇਸ ਸ਼ਬਦ ਦੇ ਸਾਰ-ਤੱਤ ਨੂੰ ਆਪਣੀ ਆਤਮਾ ਵਿਚ ਵਸਾਅ ਲਿਆ ਸੀ। ਭਾਵ ਇਹ ਕਿ ਭਗਤ ਸਿੰਘ ਵਾਂਗ ਹੀ ਉਹਨਾਂ ਦਾ ਵੀ ਰੂਪਾਂਤਰਣ ਹੋ ਚੁੱਕਿਆ ਸੀ। ਝਾਂਸੀ ਦੇ ਭਗਤਵਾਨ ਦਾਸ ਮਾਹੋਰ ਨੇ ਆਪਣੀ ਪੁਸਤਕ 'ਯਸ਼ ਕੀ ਧ੍ਰੋਹਰ' ਵਿਚ ਇਸ ਰੂਪਾਂਤਰਣ ਦਾ ਇੰਜ ਵਰਨਣ ਕੀਤਾ ਹੈ...:
“ਆਜ਼ਾਦ ਦੀ ਪ੍ਰਗਤੀਸ਼ੀਲਤਾ ਨੂੰ ਸਮਝਣ ਲਈ ਸਾਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਮਧ ਭਾਰਤ ਦੀ ਇਕ ਨਿੱਕੀ ਜਿਹੀ ਰਿਆਸਤ ਅਲੀ ਰਾਜਪੁਰ ਦੇ ਇਕ ਪਿੰਡ ਵਿਚ, ਇਕ ਕੱਟੜ ਬ੍ਰਾਹਮਣ ਦੇ ਘਰ, ਆਜ਼ਾਦ ਦਾ ਜਨਮ ਹੋਇਆ। ਜਿਹਨਾਂ ਨੂੰ ਜੇ ਜਾਤ-ਪਾਤ, ਛੁਆ-ਛੂਤ ਤੇ ਔਰਤ ਦੇ ਪ੍ਰਤੀ ਤੇਰਵੀਂ ਸਦੀ ਦੀ ਮਨੋਬਿਰਤੀ ਵਾਲਾ ਕਿਹਾ ਜਾਏ ਤਾਂ ਬਹੁਤਾ ਗ਼ਲਤ ਨਹੀਂ ਹੋਏਗਾ। ਤੇ ਫੇਰ, ਇਸ ਵਾਤਾਵਰਣ ਵਿਚੋਂ ਪ੍ਰਗਤੀ ਕਰਦੇ-ਕਰਦੇ ਉਹ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਭਾਰਤੀ ਕਰਾਂਤੀਕਾਰੀਆਂ ਦੀ ਖਾੜਕੂ ਪੰਗਤ ਦੇ ਨੇਤਾ ਬਣੇ। ਦਸ ਬਾਰਾਂ ਸਾਲ ਦੀ ਉਮਰ ਵਿਚ ਇਕ ਕੱਟੜ ਬ੍ਰਾਹਮਣ-ਬੱਚੇ ਦੇ ਰੂਪ ਵਿਚ ਉਹ ਘਰੋਂ ਭੱਜ ਕੇ ਸੰਸਕ੍ਰਿਤ ਪੜ੍ਹ ਲਈ ਕਾਂਸ਼ੀ ਜਾ ਪਹੁੰਚੇ। ਉੱਥੇ ਰਾਸ਼ਟਰੀ ਲਹਿਰ ਵਿਚ ਰੰਗੇ ਗਏ, ਸਤਿਆਗ੍ਰਹਿ ਕੀਤਾ। ਬੈਂਤਾਂ ਦੀ ਸਜ਼ਾ ਹੋਈ, ਫੇਰ ਕਰਾਂਤੀਕਾਰੀਆਂ ਵਿਚ ਸ਼ਾਮਲ ਹੋਏ। ਅਮਰ ਸ਼ਹੀਦ ਰਾਮ ਪਰਸਾਦ ਬਿਸਮਿਲ ਦੇ ਨੇਤਰੀਤਵ ਵਿਚ ਉਹਨਾਂ ਦੇ ਧਾਰਮਕ ਵਿਚਾਰਾਂ ਵਿਚ ਆਰੀਆ-ਸਮਾਜੀਪਨ ਆਇਆ ਤੇ ਛੁਆ-ਛੂਤ, ਮੂਰਤੀ-ਪੂਜਾ ਆਦੀ ਨੂੰ ਉਹ ਸਾਰਹੀਣ ਸਮਝਣ ਲੱਗ ਪਏ। ਪਿੱਛੋਂ ਭਗਤ ਸਿੰਘ ਆਦੀ ਦੀ ਸੰਗਤ ਵਿਚ ਹੌਲੀ-ਹੌਲੀ ਉਹਨਾਂ ਨੇ ਸਮਾਜਵਾਦ ਪੱਖੀ ਧਰਮ ਨਿਰਪੱਖ ਦ੍ਰਿਸ਼ਟੀਕੋਣ ਅਪਣਾਇਆ ਤੇ ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ ਦੇ ਪ੍ਰਧਾਨ ਸੈਨਾਪਤੀ ਬਣੇ। ਸੱਚਮੁੱਚ ਹੀ ਇਕ ਕੱਟੜ ਬ੍ਰਾਹਮਣਵਾਦੀ ਬੱਚੇ ਤੋਂ ਪਹਿਲੀ ਪੰਗਤ ਦੇ ਕਰਾਂਤੀਕਾਰੀ ਪ੍ਰਗਤੀਸ਼ੀਲ ਨੌਜਵਾਨ ਨੇਤਾ ਬਣਨ ਦੀ ਵਿਕਾਸ ਪ੍ਰਗਤੀ ਦੇ ਅਨੇਕਾਂ ਪੜਾਵਾਂ ਨੂੰ ਆਜ਼ਾਦ ਨੇ ਬੜੇ ਥੋੜ੍ਹੇ ਸਮੇਂ ਵਿਚ ਪਾਰ ਕਰ ਲਿਆ ਸੀ।
“ਔਰਤ ਦੇ ਮਾਮਲੇ ਵਿਚ ਆਜ਼ਾਦ ਆਪਣੇ ਨਿੱਜੀ ਜੀਵਨ ਵਿਚ ਸਦਾ ਨਿਹਚਾਵਾਨ ਬ੍ਰਹਮਚਾਰੀ ਹੀ ਰਹੇ। ਪਹਿਲਾਂ ਪਹਿਲਾਂ ਉਹ ਦਲ ਵਿਚ ਔਰਤ ਦੇ ਪ੍ਰਵੇਸ਼ ਦੇ ਵੀ ਵਿਰੁੱਧ ਸਨ ਤੇ ਇਸ ਕਰਕੇ ਸਨ ਕਿ ਉਹਨਾਂ ਦੇ ਨੇਤਰੀਤਵ ਤੋਂ ਪਹਿਲਾਂ ਇਹੋ ਪਰੰਪਰਾ ਹੁੰਦੀ ਸੀ।...ਪਰ ਪਿੱਛੋਂ ਉਹਨਾਂ ਦੇ ਨੇਤਰੀਤਵ ਵਿਚ ਔਰਤਾਂ ਨੇ ਵੀ ਦਲ ਵਿਚ ਕੰਮ ਕੀਤਾ ਤੇ ਖ਼ੂਬ ਡਟ ਕੇ ਕੀਤਾ। 'ਨਾਰੀ ਨਰਕ ਦੀ ਖਾਨ' ਵਾਲੀ ਮਨੋਬਿਰਤੀ ਤੋਂ ਨਾਰੀ ਨੂੰ ਇਕ ਗਤੀਸ਼ੀਲ ਕਰਾਂਤੀਕਾਰੀ, ਬਰਾਬਰ ਦੀ ਸਹਿਯੋਗੀ ਮੰਨਣ ਦੇ ਵਿਚਕਾਰਲੀਆਂ ਸਾਰੀਆਂ ਮਨੋਦਿਸ਼ਾਵਾਂ ਆਜ਼ਾਦ ਵਿਚ ਸਮੇਂ-ਸਮੇਂ ਰਹੀਆਂ ਹੋਣਗੀਆਂ, ਇਹ ਸਪਸ਼ਟ ਹੈ। ਅੰਤਮ ਦਿਨਾਂ ਵਿਚ ਆਜ਼ਾਦ ਬੜੇ ਉਤਸਾਹ ਨਾਲ ਦਲ ਦੀਆਂ ਸਾਰੀਆਂ ਮੈਂਬਰ ਔਰਤਾਂ ਨੂੰ ਗੋਲੀ ਚਲਾਉਣਾ, ਨਿਸ਼ਾਨਾਂ ਵਗ਼ੈਰਾ ਲਾਉਣਾ ਸਿਖਾਉਂਦੇ ਹੁੰਦੇ ਸਨ। ਦਲ ਨਾਲ ਹਮਦਰਦੀ ਰੱਖਣ ਵਾਲੇ ਵਿਅਕਤੀਆਂ ਦੇ ਘਰਾਂ ਦੀਆਂ ਔਰਤਾਂ ਨੂੰ ਵੀ ਉਹ ਇਸ ਗੱਲ ਲਈ ਪਰੇਰਦੇ ਸਨ ਕਿ ਕਰਾਂਤੀਕਾਰੀ ਕਾਰਜਾਂ ਵਿਚ ਆਪਣੇ ਪਤੀ ਤੇ ਭਰਾਵਾਂ ਦਾ ਸਹਿਯੋਗ ਦੇਣ। ਔਰਤਾਂ ਨਾਲ ਉਹਨਾਂ ਦਾ ਵਿਹਾਰ ਬੜਾ ਸਰਲ ਸੀ ਤੇ ਅਪਣੱਤ ਭਰਿਆ ਵੀ। ਇਹ ਸਭ ਹੁੰਦੇ ਹੋਏ ਵੀ ਉਹ ਇਸ ਗੱਲ ਦੇ ਘੋਰ ਦੁਸ਼ਮਣ ਸਨ ਕਿ ਦਲ ਦਾ ਕੋਈ ਮੈਂਬਰ, ਔਰਤਾਂ ਵੱਲ ਗਲਤ ਰੂਪ ਨਾਲ ਅਟ੍ਰੈਕਟਿਵ ਹੋਏ। ਕਿਸੇ ਕਿਸਮ ਦੀ ਯੋਨ ਕਮਜ਼ੋਰੀ ਤਾਂ ਉਹਨਾਂ ਲਈ ਬਰਦਾਸ਼ਤੋਂ ਬਾਹਰ ਦੀ ਗੱਲ ਸੀ। ਪਰ ਪਤੀ-ਪਤਨੀ ਦੋਹੇਂ ਕਰਾਂਤੀਕਾਰੀ ਕਾਰਜ ਵਿਚ ਲੱਗਣ, ਇਸ ਨਾਲੋਂ ਵੱਧ ਖੁਸ਼ੀ ਵਾਲੀ ਗੱਲ ਉਹਨਾਂ ਲਈ ਹੋਰ ਕੋਈ ਨਹੀਂ ਸੀ ਹੁੰਦੀ। ਉਹ ਦਲ ਨੂੰ ਇਕ ਆਨੰਦ ਮਠ ਬਣਾ ਕੇ ਵੀ ਨਹੀਂ ਸੀ ਰੱਖਣਾ ਚਾਹੁੰਦੇ—ਹਾਲਾਂਕਿ ਕਰਾਂਤੀਕਾਰੀ ਜੀਵਨ ਦੇ ਆਰੰਭ ਵਿਚ ਉਹਨਾਂ ਨੂੰ ਤੇ ਉਹਨਾਂ ਵਰਗੇ ਹੋਰਨਾਂ ਕਰਾਂਤੀਕਾਰੀਆਂ ਨੂੰ ਆਨੰਦ ਮਠ ਦੀ ਭਾਵਨਾ ਨਾਲ ਹੀ ਪ੍ਰਭਾਵਿਤ ਕੀਤਾ ਜਾਂਦਾ ਸੀ।”
ਵਿਚਾਰ ਪਰੀਵਰਤਨ ਦਾ ਪ੍ਰਭਾਵ ਕਿੰਨਾਂ ਡੂੰਘਾ ਹੁੰਦਾ ਹੈ ਤੇ ਉਸ ਨਾਲ ਜਿਸ ਨਵੀਂ ਮਾਨਸਿਕਤਾ ਦਾ ਨਿਰਮਾਣ ਹੁੰਦਾ ਹੈ, ਆਓ ਦੇਖਦੇ ਹਾਂ...:
“ਖਾਣ-ਪੀਣ ਦੇ ਮਾਮਲੇ ਵਿਚ ਆਜ਼ਾਦ ਆਪਣੇ ਨਿੱਜੀ ਸੰਸਕਾਰਾਂ ਸਦਕਾ ਇਕ ਸ਼ਾਕਾਹਾਰੀ ਬ੍ਰਾਹਮਣ ਹੀ ਸਨ। ਉਹਨਾਂ ਦਾ ਛੁਆ-ਛੂਤ ਦਾ ਭੂਤ ਤਾਂ ਪੰ. ਰਾਮ ਪਰਸਾਦ ਦੇ ਨੇਤਰੀਤਵ ਵਿਚ ਕੰਮ ਕਰਦਿਆਂ ਹੋਇਆਂ ਹੀ ਲੱਥ ਗਿਆ ਸੀ। ਐਚ.ਐਸ.ਆਰ.ਏ. ਦੇ ਨੇਤਾ ਦੇ ਰੂਪ ਵਿਚ ਉਹ ਮਾਸ ਆਦੀ ਖਾਣ ਦੇ ਵਿਰੁੱਧ ਕੋਈ ਵਿਸ਼ੇਸ਼ ਤਰਕ ਨਹੀਂ ਸਨ ਕਰਦੇ ਹੁੰਦੇ, ਪਰ ਉਹ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਸ਼ਿਕਾਰ ਉਹ ਖ਼ੂਬ ਖੇਡਦੇ ਸਨ; ਪਰ ਖ਼ੁਦ ਮਾਸ ਨਹੀਂ ਸੀ ਖਾਂਦੇ। ਰਾਜਾ ਸਾਹਬ ਖਾਨਿਯਾਧਾਨਾ ਕੋਲ ਮੈਂ ਸ਼ਿਕਾਰ ਵੀ ਕਰਦਾ ਸਾਂ ਤੇ ਖੁੱਲ੍ਹਮ-ਖੁੱਲ੍ਹਾ ਮਾਸ ਵੀ ਖਾਂਦਾ ਸਾਂ, ਇਸ ਉੱਤੇ ਉਹ ਮੇਰੇ ਨਾਲ ਕੁਝ ਨਾਰਾਜ਼ ਵੀ ਰਹਿੰਦੇ ਸਨ। ਭਗਤ ਸਿੰਘ ਉਹਨਾਂ ਨੂੰ ਖੱਤਰੀਆਂ ਤੇ ਖੱਤਰੀਆਂ ਵਰਗੇ ਕੰਮ ਕਰਨ ਵਾਲਿਆਂ ਲਈ ਮਾਸ ਖਾਣ ਦੀ ਲੋੜ, ਮਹੱਤਤਾ ਤੇ ਨੀਤੀਮਤਾ ਉੱਤੇ ਲੈਕਚਰ ਝਾੜ ਕੇ ਅਕਸਰ ਚਿੜਾਉਂਦੇ ਹੁੰਦੇ ਸਨ। ਸਾਂਡਰਸ-ਬੱਧ ਸਮੇਂ ਜਦੋਂ ਆਜ਼ਾਦ ਨੇ ਮੈਨੂੰ ਲਾਹੌਰ ਬੁਲਾਇਆ ਤਾਂ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਪੰਡਤ ਜੀ ਕੱਚਾ ਆਂਡਾ ਮੂੰਹ ਲਾ ਕੇ ਗਟਕ ਰਹੇ ਨੇ। ਮੈਂ ਹੈਰਾਨੀ ਨਾਲ ਪੁੱਛਿਆ, 'ਪੰਡਤਜੀ ਇਹ ਕੀ?' ਆਜ਼ਾਦ ਬੋਲੇ, 'ਆਂਡੇ ਵਿਚ ਕੋਈ ਹਰਜ਼ ਨਹੀਂ, ਵਿਗਿਆਨਕਾਂ ਨੇ ਇਸਨੂੰ ਫਲ ਵਰਗਾ ਦੱਸਿਆ ਏ।' ਇਹ ਤਰਕ ਭਗਤ ਸਿੰਘ ਦਾ ਹੀ ਸੀ, ਜਿਸਨੂੰ ਆਜ਼ਾਦ ਦੁਹਰਾ ਰਹੇ ਸਨ। ਮੈਂ ਝੱਟ ਕਿਹਾ, 'ਬਿਲਕੁਲ ਠੀਕ ਪੰਡਤਜੀ! ਆਂਡਾ ਫਲ ਹੈ ਤਾਂ ਮੁਰਗੀ ਰੁੱਖ ਦੇ ਸਿਵਾਏ ਕੁਛ ਹੋਰ ਨਹੀਂ ਹੋ ਸਕਦੀ—ਹੁਣ ਮੈਂ ਭਲਾ ਉਸਨੂੰ ਛੱਡ ਦਿਆਂਗਾ?' ਭਗਤ ਸਿੰਘ ਖਿੜ-ਖਿੜ ਕਰਕੇ ਹੱਸ ਪਏ ਤੇ ਕਿਹਾ, 'ਸੱਚੀਂ ਕੈਲਾਸ਼ (ਭਗਤਵਾਨ ਦਾਸ ਦਾ ਦਲ ਦਾ ਨਾਂ) ਤੂੰ ਚੰਗਾ-ਖਾਸਾ ਤਰਕ-ਸ਼ਾਸਤਰੀ ਬਣ ਗਿਐਂ। ਭਲਾ ਪੰਡਤਜੀ ਦੇਖਿਆ...' ਆਜ਼ਾਦ ਵਿਚਕਾਰ ਹੀ ਬੋਲ ਪਏ, 'ਜਾਹ ਓਇ, ਇਕ ਤਾਂ ਸਾਨੂੰ ਆਂਡੇ ਖੁਆ ਰਿਹੈਂ, ਉਪਰੋਂ ਗੱਲਾਂ ਵੀ ਬਣਾਨ ਡਿਹੈਂ...।'”
ਭਗਤ ਸਿੰਘ ਤੇ ਚੰਦਰ ਸ਼ੇਖਰ ਤੋਂ ਪਹਿਲਾਂ ਸ਼ਚੀਂਦਰ ਨਾਥ ਸਾਨਿਆਲ ਦਲ ਦੇ ਮੁੱਖ ਤੇ ਪ੍ਰਸਿੱਧ ਨੇਤਾ ਸਨ। ਉਹਨਾਂ ਦੀ ਕਰਾਂਤੀਕਾਰੀ ਸਾਧਨਾ ਬੜੀ ਲੰਮੀ, ਬੜੀ ਅਦਭੁਤ ਹੈ। 1915 ਦੀ ਕਰਾਂਤੀ ਵਿਚ ਮੁੱਖ ਭੂਮਿਕਾ ਅਦਾਅ ਕੀਤੀ, ਅੰਡਮਾਨ ਗਏ, ਅੰਡਮਾਨ ਤੋਂ ਵਾਪਸ ਪਰਤਦੇ ਹੀ ਮੁੜ ਸਰਗਰਮ ਹੋ ਗਏ। ਫੇਰ ਅੰਡਮਾਨ ਗਏ, ਪਤਾ ਨਹੀਂ ਕਿਹੜੇ ਕਿਹੜੇ ਤਹੀਸੇ ਝੱਲੇ, ਕਿਹੜੀਆਂ ਕਿਹੜੀਆਂ ਤਕਲੀਫ਼ਾਂ ਭੋਗੀਆਂ। ਹੌਸਲਾ ਨਹੀਂ ਹਾਰਿਆ। ਪਰ ਇਸ ਦੇ ਬਾਵਜੂਦ ਉਹਨਾਂ ਦਾ ਚਿੰਤਨ ਪੂੰਜੀਵਾਦੀ ਚਿੰਤਨ ਦੀਆਂ ਸੀਮਾਵਾਂ ਨਹੀਂ ਉਲੰਘ ਸਕਿਆ, ਇਸ ਲਈ ਉਹਨਾਂ ਦੀ ਮਾਨਸਿਕਤਾ ਉੱਤੇ ਧਰਮ ਦੀ ਡੂੰਘੀ ਛਾਪ ਬਣੀ ਰਹੀ। ਤੇ ਇਸੇ ਲਈ ਉਹ ਵਰਗ ਸੰਘਰਸ਼ ਤੇ ਇਤਿਹਾਸ ਦੀ ਆਰਥਕ ਵਿਆਖਿਆ ਨੂੰ ਸਵੀਕਾਰ ਨਹੀਂ ਕਰ ਸਕੇ। ਕਾਕੋਰੀ ਮੁਕੱਦਮੇ ਦੇ ਦੋਸ਼ੀ ਮੰਮਥ ਨਾਥ ਗੁਪਤ ਲਿਖਦੇ ਹਨ...:
“ਜਿਸ ਤਰ੍ਹਾਂ ਦੇਸ਼ ਦੇ ਬਾਹਰਲੇ ਕਰਾਂਤੀਕਾਰੀਆਂ ਵਿਚੋਂ ਕੁਝ ਲੋਕਾਂ ਨੇ ਸਮਾਜਵਾਦੀ ਵਿਚਾਰਧਾਰਾ ਨੂੰ ਗ੍ਰਹਿਣ ਕੀਤਾ ਸੀ ਤੇ ਕੁਛ ਲੋਕਾਂ ਨੇ ਨਹੀਂ, ਇਸੇ ਤਰ੍ਹਾਂ ਦੇਸ਼ ਵਿਚ ਵੀ ਕਰਾਂਤੀਕਾਰੀਆਂ ਦੇ ਦੋ ਹਿੱਸੇ ਹੋ ਗਏ ਸਨ।...ਸਮਾਜਵਾਦੀ ਵਿਚਾਰਧਾਰਾ ਦਾ ਪਰਚਾਰ ਕਾਕੋਰੀ ਪੜਯੰਤਰ ਦੇ ਨੌਜਵਾਨਾਂ ਵਿਚ ਕਾਫੀ ਹੱਦ ਤਕ ਹੋ ਚੁੱਕਿਆ ਸੀ। ਲਖ਼ਨਊ ਜੇਲ੍ਹ ਦੀ ਹਵਾਲਾਤ ਵਿਚ ਲਗਾਤਾਰ ਇਸ ਵਿਸ਼ੇ ਉੱਪਰ ਬਹਿਸ ਤੇ ਝਗੜੇ ਹੁੰਦੇ ਹੁੰਦੇ ਸਨ।...ਮੇਰੇ ਲਿਖੇ ਸੰਗ੍ਰਹਿ ਵਿਚ ਤੇ ਦੂਜੇ ਲੋਕਾਂ ਦੇ ਫੁਟਕਲ ਲੇਖਾਂ ਵਿਚ ਇਸ ਸੰਬੰਧ ਵਿਚ ਕੁਝ ਜਾਣਕਰੀ ਹੈ। ਰਾਜੇਂਦਰ ਲਾਹਿੜੀ ਜੇਲ੍ਹ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਨਾਸਤਕ ਨਹੀਂ ਤਾਂ ਅਗਾਂਹਵਧੂ ਕਹਿੰਦੇ ਹੁੰਦੇ ਸਨ। ਇਹ ਦੂਜੀ ਗੱਲ ਹੈ ਕਿ ਜੇਲ੍ਹ ਅੰਦਰ ਉਹ ਸ਼ਚੀਂਦਰ ਨਾਥ ਸਾਨਿਆਲ ਦੇ ਪ੍ਰਭਾਵ ਵਿਚ ਆ ਕੇ ਮੁੜ ਅਧਿਆਤਮਵਾਦ ਵੱਲ ਝੁਕ ਗਏ ਸਨ।
“ਧਰਮ ਦੇ ਵਿਸ਼ੇ ਉੱਪਰ ਅਕਸਰ ਹਵਾਲਾਤਾਂ ਵਿਚ ਬਹੁਤ ਸਾਰੇ ਝਗੜੇ ਹੁੰਦੇ ਸਨ। ਧਰਮ ਦਾ ਪੱਖ ਸ਼ਚੀਂਦਰ ਨਾਥ ਸਾਨਿਆਲ ਤੇ ਰਾਮ ਪਰਸਾਦ ਬਿਸਮਿਲ ਲੈਂਦੇ ਸਨ। ਕੁਝ ਨੌਜਵਾਨ ਇਸ ਦਾ ਵਿਰੋਧ ਕਰਦੇ ਸਨ। ਪਰ ਪੂਰਾ ਵਿਰੋਧ ਨਹੀਂ ਸੀ ਕਰ ਸਕਦੇ, ਕਿਉਂਕਿ ਇਕ ਤਾਂ ਵੱਡੇ ਬਜ਼ੁਰਗਾਂ ਨਾਲ ਪਾਲਾ ਸੀ, ਦੂਜਾ ਅਜੇ ਉਹ ਵੀ ਪੂਰੀ ਤਰ੍ਹਾਂ ਨਾਸਤਕ ਤੇ ਸਮਾਜਵਾਦੀ ਦਰਸ਼ਨ ਨੂੰ ਅਪਣਾਅ ਨਹੀਂ ਸੀ ਸਕੇ।”
ਸ਼ਚੀਂਦਰ ਨਾਥ ਸਾਨਿਆਲ ਨੂੰ ਕਾਕੋਰੀ ਕੇਸ ਵਿਚ ਉਮਰ ਕੈਦ ਦੀ ਸਜ਼ਾ ਦੇ ਕੇ ਅੰਡਮਾਨ ਭੇਜ ਦਿੱਤਾ ਗਿਆ ਸੀ। ਉੱਥੋਂ ਵਾਪਸ ਆ ਕੇ ਉਹਨਾਂ ਸਮਾਜਵਾਦੀ ਦਰਸ਼ਨ ਨੂੰ ਸਮਝਣ ਦਾ ਯਤਨ ਕੀਤਾ, ਪਰ ਉਹ ਆਪਣੇ ਸੰਸਕਾਰਾਂ-ਵੱਸ ਅਧਿਆਤਮਵਾਦ ਦੀ ਪਟੜੀ, ਉਸ ਨਾਲ ਨਹੀਂ ਸੀ ਬਦਲ ਸਕੇ। ਸੋ ਪ੍ਰਗਤੀ ਉੱਪਰ ਵਿਸ਼ਰਾਮ-ਚਿੰਨ੍ਹ ਲੱਗ ਗਿਆ। ਸਿੱਟਾ ਇਹ ਨਿਕਲਿਆ ਕਿ ਉਹ ਰੂੜੀ ਤੇ ਠੁੱਸ ਹੁੰਦੇ ਗਏ।
ਸਿੱਖ ਧਰਮ ਦਾ ਉਦੇਸ਼ ਰੂੜੀਆਂ ਤੇ ਅੰਧਵਿਸ਼ਵਾਸਾਂ ਤੋਂ ਮੁਕਤ ਨਵੇਂ ਮਨੁੱਖ ਦਾ ਨਿਰਮਾਣ ਕਰਨਾ ਤੇ ਮਨਮੁਖ (ਆਤਮ-ਸੇਵੀ) ਨੂੰ ਗੁਰਮੁਖ (ਜਨ-ਸੇਵੀ ਤੇ ਰਾਸ਼ਟਰ-ਸੇਵੀ) ਬਣਾਉਣਾ ਸੀ। ਗੁਰੂ ਗੋਬਿੰਦ ਸਿੰਘ ਨੇ ਚੇਤਾਵਨੀ ਦਿੱਤੀ ਕਿ 'ਜਿਹੜਾ ਮੈਨੂੰ ਅਵਤਾਰ ਮੰਨੂੰ, ਉਹ ਨਰਕਾਂ ਵਿਚ ਜਾਊ।' ਪਰ ਪਿੱਛੋਂ ਇਸ ਚੇਤਾਵਨੀ ਨੂੰ ਭੁਲਾਅ ਦਿੱਤਾ ਗਿਆ। ਤੇ ਨਾ ਸਿਰਫ ਗੁਰੂਆਂ ਦੀ ਬਲਕਿ ਗ੍ਰੰਥ ਸਾਹਬ ਦੀ ਪੂਜਾ ਹੋਣ ਲੱਗ ਪਈ। ਸਿੱਟਾ ਇਹ ਕਿ ਸਿੱਖ ਧਰਮ ਦੀ ਪ੍ਰਗਤੀ ਅੱਗੇ ਵਿਸ਼ਰਾਮ ਚਿੰਨ੍ਹ ਲੱਗ ਗਿਆ ਤੇ ਕੱਟੜਤਾ ਵੱਧਦੀ ਗਈ।
ਆਰੀਆ ਸਮਾਜ ਨੇ ਵੀ ਸਿੱਖ ਧਰਮ ਵਾਂਗ ਹੀ ਪ੍ਰਗਤੀਸ਼ੀਲ ਭੂਮਿਕਾ ਨਿਭਾਈ ਸੀ। ਪਰ ਇਹ ਧਰਮ ਮੁੱਢ ਤੋਂ ਹੀ ਪੁਨਰਉੱਥਾਨਵਾਦੀ ਸੀ। ਵੇਦਾਂ ਨੂੰ ਸਾਰੀਆਂ ਵਿਦਿਆਵਾਂ ਦਾ ਭੰਡਾਰ, ਰੱਬੀ ਗਿਆਨ ਮੰਨਦਾ ਸੀ...ਭਾਵ ਇਹ ਕਿ ਵਿਚਾਰ ਦੀ ਵਿਕਾਸ ਪ੍ਰਕਿਰਿਆ ਉੱਤੇ ਵਿਸ਼ਰਾਮ-ਚਿੰਨ੍ਹ ਲੱਗਿਆ ਹੋਇਆ ਸੀ। ਸਿੱਟੇ ਵਜੋਂ ਆਰੀਆ ਸਮਾਜ ਜਲਦੀ ਹੀ ਕੱਟੜਤਾ ਵਿਚ ਬਦਲ ਗਿਆ ਤੇ ਮੂਰਤੀ ਪੂਜਾ ਦਾ ਵਿਰੋਧ ਕਰਨ ਵਾਲੇ ਆਰੀਆ ਸਮਾਜੀ, ਸਵਾਮੀ ਦਯਾਨੰਦ ਦੀ, 'ਵੇਦ ਤੇ ਸਤਿਆਰਥ ਪ੍ਰਕਾਸ਼' ਦੀ ਪੂਜਾ ਕਰਨ ਲੱਗ ਪਏ।
ਧਰਮ ਪ੍ਰਤੀ ਕੱਟੜਤਾ ਸੰਪਰਦਾਇਕਤਾ ਦੀ ਜੜ ਹੁੰਦੀ ਹੈ। ਗਾਂਧੀ ਨੇ ਖਿਲਾਫ਼ਤ ਨਾਲ ਸਿਧਾਂਤਹੀਣ ਤੇ ਅਵਸਰਵਾਦੀ ਸਮਝੌਤਾ ਕਰਕੇ ਧਾਰਮਕ ਕੱਟੜਤਾ ਨੂੰ ਸ਼ਹਿ ਦਿੱਤੀ। ਜਦੋਂ ਇਹ ਸਮਝੌਤਾ ਟੁੱਟਿਆ ਦੇਸ਼ ਵਿਚ ਸੰਪਰਦਾਇਕ ਦੰਗੇ ਹੋਏ ਤੇ ਫ਼ੈਲਦੇ ਹੀ ਗਏ। ਮਾਹੌਲ ਖਰਾਬ ਹੋ ਗਿਆ। ਖਰਾਬ ਮਾਹੌਲ ਵਿਚ 'ਹਿੰਦੂ, ਮੁਸਲਮਾਨ, ਸਿੱਖ, ਈਸਾਈ; ਸਾਰੇ ਆਪਸ ਵਿਚ ਭਾਈ-ਭਾਈ' ਦਾ ਨਾਅਰਾ ਕੰਨਾਂ ਨੂੰ ਭਾਵੇਂ ਚੰਗਾ ਲੱਗਦਾ ਹੋਏ, ਪਰ ਇਹ ਨਾਅਰਾ ਏਕਤਾ ਦਾ ਨਹੀਂ ਫੁੱਟ ਦਾ ਹੁੰਦਾ ਹੈ, ਕਿਉਂਕਿ ਇਹ ਦੇਸ਼ ਦੀ ਜਨਤਾ ਨੂੰ ਧਰਮ ਦੇ ਆਧਾਰ 'ਤੇ ਵੰਡਦਾ ਹੈ। ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਮੁੱਢ ਤੋਂ ਹੀ ਸਾਮਾਜਕ ਸੰਸਕਰੀਤੀ (ਕੰਪੋਜਿਟ ਕਲਚਰ) ਦੇ ਸਿਧਾਂਤ ਰਾਹੀਂ ਦੇਸ਼ ਦੀ ਜਨਤਾ ਨੂੰ ਧਰਮ ਦੇ ਆਧਾਰ ਉੱਤੇ ਵੰਡਿਆ ਹੋਇਆ ਸੀ। ਸੰਪਰਦਾਇਕਤਾ ਨੂੰ ਖਤਮ ਕਰਨ ਲਈ ਇਸਦੀ ਬੁਨਿਆਦ ਨੂੰ ਉਖਾੜਨਾ ਜ਼ਰੂਰੀ ਸੀ ਤੇ ਹੈ।
ਇਹ ਵੰਡ, ਵਰਗ ਸੰਘਰਸ਼ ਦੁਆਰਾ ਹੀ ਖਤਮ ਹੋ ਸਕਦੀ ਹੈ, ਦੂਜਾ ਹੋਰ ਕੋਈ ਉਪਾਅ ਨਹੀਂ।
ਹਿੰਦੂ, ਮੁਸਲਮ, ਸਿੱਖ, ਈਸਾਈ ਨਾ ਕਦੀ ਭਾਈ-ਭਾਈ ਸਨ ਤੇ ਨਾ ਹੀ ਕਦੀ ਭਾਈ-ਭਾਈ ਬਣ ਸਕਦੇ ਹਨ। ਉਹਨਾਂ ਦੇ ਭਾਈ-ਭਾਈ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਿੰਦੂ ਹੀ ਭਾਈ-ਭਾਈ ਨਹੀਂ। ਹਿੰਦੂਆਂ ਵਿਚ 10 ਪ੍ਰਤੀਸ਼ਤ ਲੋਟੂ ਤੇ 90 ਪ੍ਰਤੀਸ਼ਤ ਲੁੱਟੇ ਜਾਣ ਵਾਲੇ ਹਨ। ਇਸੇ ਤਰ੍ਹਾਂ ਮੁਸਲਮਾਨਾਂ, ਸਿੱਖਾਂ ਤੇ ਈਸਾਈਆਂ ਵਿਚ ਵੀ 10 ਪ੍ਰਤੀਸ਼ਤ ਲੋਟੂ ਤੇ 90 ਪ੍ਰਤੀਸ਼ਤ ਲੁੱਟੇ ਜਾ ਰਹੇ ਲੋਕ ਹਨ। ਉਸ ਸਮੇਂ ਦੇ ਪਲੀਤ ਵਾਤਾਵਰਣ ਵਿਚੋਂ ਰਾਸ਼ਟਰ ਨੂੰ ਕੱਢਣ ਦਾ ਇਕੋ ਇਕ ਉਪਾਅ ਇਹ ਸੀ ਕਿ ਬਿਨਾਂ ਲਿਹਾਜ਼ ਧਰਮ ਤੇ ਜਾਤੀ ਦੇ 90 ਪ੍ਰਤੀਸ਼ਤ ਲੁੱਟੇ ਜਾਣ ਵਾਲੇ ਲੋਕਾਂ ਨੂੰ ਹਲੂਣਿਆ ਜਾਏ ਤੇ ਉਹਨਾਂ ਵਿਚ ਵਰਗ-ਚੇਤਨਾ ਵਿਕਸਤ ਕੀਤੀ ਜਾਏ।
ਭਗਤ ਸਿੰਘ ਤੇ ਉਹਨਾਂ ਦੇ ਸਾਥੀ ਇਸੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਮੈਦਾਨ ਵਿਚ ਨਿਤਰੇ ਸਨ—ਤੇ ਨਿਤਰੇ ਵੀ ਸਿਰਾਂ 'ਤੇ ਕੱਫਨ ਬੰਨ੍ਹ ਕੇ ਸਨ।
ਪੂੰਜੀਵਾਦੀਆਂ ਦੇ ਪ੍ਰਤੀਨਿਧ ਨੇਤਾਵਾਂ ਨੇ ਆਜ਼ਾਦੀ ਦਾ ਝੰਡਾ ਸੁੱਟ ਦਿੱਤਾ ਸੀ ਤੇ ਅੰਗਰੇਜ਼ ਸਰਕਾਰ ਨਾਲ ਸੌਦੇ ਬਾਜ਼ੀ ਕਰਕੇ ਕੁਝ ਅਧਿਕਾਰ ਹਾਸਲ ਕਰ ਲੈਣ ਦੀ ਰਾਹ ਅਪਣਾਅ ਲਈ ਸੀ। 'ਨੌਜਵਾਨ ਭਾਰਤ ਸਭਾ' ਦੇ ਐਲਾਨ-ਨਾਮੇ ਵਿਚ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਹੋਇਆਂ ਲਿਖਿਆ ਹੈ...:
“ਇਹ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਆਜ਼ਾਦੀ ਦੀ ਲੜਾਈ ਲੜਨ ਵਾਲੇ ਇਹ ਅੰਦਾਜ਼ੇ ਲਾਉਂਦੇ ਰਹਿੰਦੇ ਨੇ ਕਿ ਕਿੰਨੀਆਂ ਕੁ ਕੁਰਬਾਨੀਆਂ ਪਿੱਛੋਂ ਕਿੰਨੀ ਕਾਮਯਾਬੀ ਹਾਸਲ ਹੋਏਗੀ ਤੇ ਇਸ ਵਿਚੋਂ ਸਾਡੇ ਹਿੱਸੇ ਕੀ ਆਏਗਾ। ਅਜਿਹੇ ਲੋਕ ਕਦੀ ਕੁਰਬਾਨੀ ਨਹੀਂ ਦੇ ਸਕਦੇ। ਸਾਨੂੰ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਹਰ ਕਿਸਮ ਦੀ ਆਸ-ਨਿਰਾਸ਼ਾ, ਡਰ ਤੇ ਦੁਚਿੱਤੀ ਨੂੰ ਤਿਆਗ ਕੇ ਸੰਘਰਸ਼ ਲਈ ਅੱਗੇ ਆਉਣ ਤੇ ਬਿਨਾਂ ਪ੍ਰਸਿੱਧੀ ਦੀ ਪ੍ਰਵਾਹ ਕੀਤਿਆਂ, ਗੁਮਨਾਮ ਸ਼ਹਾਦਤ ਪਾ ਸਕਣ। ਇਸ ਨਿਸ਼ਕਾਮ ਭਾਵਨਾ ਦੇ ਬਿਨਾਂ ਅਸੀਂ ਉਹ ਦੋ ਪੱਖੀ ਲੜਾਈ ਨਹੀਂ ਲੜ ਸਕਦੇ ਜਿਹੜੀ ਸਾਨੂੰ ਵੰਗਾਰ ਰਹੀ ਹੈ। ਦੋ ਪੱਖੀ ਇਸ ਲਈ ਕਿ ਇਕ ਆਪਣੇ ਅੰਦਰਦੇ ਦੁਸ਼ਮਣਾ ਨਾਲ ਤੇ ਦੂਜਾ, ਵਿਦੇਸ਼ੀ ਦੁਸ਼ਮਣਾ ਵਿਰੁੱਧ। ਸਾਡਾ ਅਸਲੀ ਸੰਘਰਸ਼ ਸਾਡੀਆਂ ਆਪਣੀਆਂ ਕਮਜ਼ੋਰੀਆਂ ਦੇ ਖ਼ਿਲਾਫ਼ ਹੈ। ਜਿਹਨਾਂ ਦਾ ਲਾਭ ਸਾਡਾ ਦੁਸ਼ਮਣ ਵੀ ਲੈ ਰਿਹਾ ਹੈ ਤੇ ਸਾਡੇ ਵਿਚਕਾਰਲੇ ਸਵਾਰਥੀ ਲੋਕ ਵੀ।”...


ਕਰਾਂਤੀਕਾਰੀ ਨੌਜਵਾਨ ਸਿਰਾਂ ਉੱਤੇ ਕੱਫਨ ਬੰਨ੍ਹ ਕੇ ਜਿਸ ਦੋ ਪੱਖੀ ਸੰਘਰਸ਼ ਵਿਚ ਨਿੱਤਰੇ ਸਨ, ਉਸਨੂੰ ਸਮਝਣ ਲਈ, ਕਾਂਗਰਸ ਨੇ ਮੁਕੰਮਲ-ਆਜ਼ਾਦੀ ਦੇ ਬਜਾਏ ਸੌਦੇਬਾਜ਼ੀ ਰਾਹੀਂ ਕੁਝ ਸੁਧਾਰ ਹਾਸਲ ਕਰ ਲੈਣ ਦੀ ਜਿਹੜੀ ਨੀਤੀ ਅਪਣਾਈ ਹੋਈ ਸੀ, ਉਸਨੂੰ ਸਮਝ ਲੈਣਾ ਵੀ ਜ਼ਰੂਰੀ ਹੈ। ਇਹ ਨੀਤੀ ਕਿੰਜ ਬਣੀ ਤੇ 1928 ਦੇ ਅੰਤ ਤਕ ਇਸਨੇ ਕੀ ਰੂਪ ਧਾਰ ਲਿਆ ਇਹ ਜਾਣਨ ਲਈ ਸਾਨੂੰ ਕਾਂਗਰਸ ਦੇ ਪਿਛਲੇ ਪੰਜ ਵਰ੍ਹਿਆਂ ਦੇ ਇਤਿਹਾਸ ਦਾ ਜਾਇਜ਼ਾ ਲੈਣ ਪਏਗਾ...:
1923 ਦੇ ਕਾਕਨਾੜਾ ਸੰਮੇਲਨ ਵਿਚ ਕਾਂਗਰਸ ਸਪਸ਼ਟ ਰੂਪ ਵਿਚ ਪਰੀਵਰਤਨ ਸ਼ੀਲਾਂ ਤੇ ਅਪਰੀਵਰਤਨ ਸ਼ੀਲਾਂ ਵਿਚ ਵੰਡੀ ਗਈ ਸੀ। ਪਰੀਵਰਤਨ ਸ਼ੀਲ ਉਹ ਸਨ, ਜਿਹੜੇ ਬਾਈਕਾਟ ਦੀ ਨੀਤੀ ਨੂੰ ਤਿਆਗ ਕੇ ਮੁੜ ਕੌਂਸਿਲਾਂ ਤੇ ਲੈਜ਼ੀਸਲੇਟਿਵ ਅਸੈਂਬਲੀ ਵਿਚ ਬੈਠ ਕੇ ਲੜਨਗੇ। ਜਾਂ ਬ੍ਰਿਟਿਸ਼ ਸਰਕਾਰ ਦੇ ਉਸ ਪਾਖੰਡ ਨੂੰ ਉਘਾੜਨਗੇ ਜਾਂ ਫੇਰ ਉਸਨੂੰ ਹਮੇਸ਼ਾ ਲਈ ਖ਼ਤਮ ਕਰ ਦੇਣਗੇ। ਅੰਗਰੇਜ਼ੀ ਵਿਚ ਕਿਹਾ ਜਾਂਦਾ ਹੈ...'ਟੂ ਮੈਂਡ ਔਰ ਐਂਡ'। ਇਹਨਾਂ ਦੇ ਨੇਤਾ ਸਨ ਦੇਸ਼ਬੰਧੂ ਚਿਰੰਜਨ ਦਾਸ ਤੇ ਪੰਡਤ ਮੋਤੀ ਲਾਲ ਨਹਿਰੂ। ਇਹਨਾਂ ਦੁਆਰਾ ਬਣਾਈ ਗਈ ਪਾਰਟੀ ਦਾ ਨਾਂ ਸੀ 'ਸਵਰਾਜ ਪਾਰਟੀ'।
ਅਪਰੀਵਤਨ ਸ਼ੀਲ ਉਹ ਸਨ ਜਿਹੜੇ ਕਹਿੰਦੇ ਸਨ ਕਿ ਅਸੀਂ 1921 ਦੇ ਬਾਈਕਾਟ ਦੇ ਚਾਰ ਸੂਤਰੀ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਇਸ ਲਈ ਕੌਂਸਿਲਾਂ ਵਿਚ ਨਹੀਂ ਜਾਵਾਂਗੇ ਤੇ ਰਚਨਾਤਮਕ ਕਾਰਜ ਰਾਹੀਂ ਜਨਤਾ ਨੂੰ ਸਤਿਆਗ੍ਰਹਿ ਲਈ ਤਿਆਰ ਕਰਾਂਗੇ। ਇਹਨਾਂ ਦੇ ਨੇਤਾ ਜੇਲ੍ਹ ਵਿਚ ਗਾਂਧੀ ਤੇ ਬਾਹਰ ਰਾਜ ਗੋਪਾਲਾਚਾਯ ਸਨ।
ਨਵੰਬਰ 1923 ਵਿਚ ਕੌਂਸਿਲਾਂ ਤੇ ਲੈਜੀਸਲੇਟਿਵ ਦੀਆਂ ਚੋਣਾ ਹੋਈਆਂ। ਉਹਨਾਂ ਵਿਚ ਸਵਰਾਜ ਪਾਰਟੀ ਨੂੰ ਭਾਰੀ ਸਫਲਤਾ ਮਿਲੀ।
ਅਸੈਂਬਲੀ ਵਿਚ ਸਵਰਾਜ ਪਾਰਟੀ ਦੇ ਨੇਤਾ ਮੋਤੀ ਲਾਲ ਨਹਿਰੂ ਸਨ। ਉਹਨਾਂ ਅਸੈਂਬਲੀ ਵਿਚ ਇਹ ਮਤਾ ਪੇਸ਼ ਕੀਤਾ...“ਇਕ ਗੋਲ ਮੇਜ਼ ਕਾਨਫਰੰਸ ਬੁਲਾਈ ਜਾਏ, ਜਿਹੜੀ ਹਿੰਦੁਸਤਾਨ ਵਿਚ ਜ਼ਿੰਮੇਵਾਰ ਸਰਕਾਰ ਬਣਾਉਣ ਦੇ ਸਵਾਲ ਉੱਤੇ ਵਿਚਾਰ ਕਰੇ।” ਸਾਰੇ ਚੁਣੇ ਹੋਏ ਮੈਂਬਰਾਂ ਨੇ ਇਸ ਮਤੇ ਦਾ ਸਮਰਥਣ ਕੀਤਾ। ਸਰਕਾਰ ਨੇ ਦਮਨ ਤੇ ਅਤਿਆਚਾਰ ਦੀ ਜਿਹੜੀ ਨੀਤੀ ਅਪਣਾਈ ਹੋਈ ਸੀ, ਕੁਝ ਨਰਮ-ਦਲੀਏ ਮੈਂਬਰਾਂ ਨੇ ਵੀ ਉਸਦੀ ਆਲੋਚਨਾ ਕੀਤੀ।
ਮਤਾ ਪਾਸ ਹੋਇਆ। ਪੱਖ ਵਿਚ 76 ਵੋਟ ਪਏ ਤੇ ਵਿਰੋਧ ਵਿਚ 42 । ਸਰਕਾਰ ਨੂੰ ਇਹ ਪਹਿਲੀ ਕਰਾਰੀ ਹਾਰ ਸੀ। ਅਖ਼ਬਾਰਾਂ ਵਿਚ ਖ਼ੂਬ ਚਰਚੇ ਹੋਏ।
ਮਾਰਚ ਵਿਚ ਬਜਟ ਪੇਸ਼ ਹੋਇਆ ਤਾਂ ਅਸੈਂਬਲੀ ਨੇ ਉਸਨੂੰ ਬਹੁਮਤ ਨਾਲ ਰੱਦ ਕਰ ਦਿੱਤਾ। ਸਰਕਾਰ ਨੇ ਕੁਝ ਸੁਧਾਰ ਕਰਕੇ ਬਜਟ ਦੁਬਾਰਾ ਪੇਸ਼ ਕੀਤਾ ਤਾਂ ਉਹ ਦੁਬਾਰਾ ਰੱਦ ਹੋ ਗਿਆ।
ਫੇਰ ਬੰਗਾਲ ਆਰਡੀਨੈਂਸ ਦਾ ਸਵਾਲ ਆਇਆ, ਜਿਹੜਾ ਵਾਇਸਰਾਏ ਲਾਰਡ ਰੀਡਿੰਗ ਨੇ ਕਰਾਂਤੀਕਾਰੀਆਂ ਨੂੰ ਕੁਚਲਨ ਲਈ ਲਾਗੂ ਕੀਤਾ ਸੀ। ਸਰਕਾਰ ਉਸਦੀ ਮਿਆਦ ਛੇ ਸਾਲ ਵਧਾਉਣੀ ਚਾਹੁੰਦੀ ਸੀ, ਪਰ ਅਸੈਂਬਲੀ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ।
ਇਹਨਾਂ ਸਫਲਤਾਵਾਂ ਨੇ ਸਵਰਾਜੀਆਂ ਦਾ ਪ੍ਰਭਾਵ ਵਧਾਇਆ। ਹੁਣ ਬਾਈਕਾਟ ਦੇ ਚਾਰ ਸੂਤਰੀ ਕਾਰਜ-ਕਰਮ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਸੀ।
ਜੇਲ੍ਹ ਵਿਚੋਂ ਰਿਹਾ ਹੋਣ ਪਿੱਛੋਂ ਗਾਂਧੀ ਨੂੰ ਇਸ ਨਵੀਂ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸਦੀ ਸਰਵੇ-ਸਰਵਾ ਬਣੇ ਰਹਿਣ ਦੀ ਮੰਸ਼ਾ ਦਾ ਜ਼ਖ਼ਮੀ ਹੋਣਾ ਲਾਜ਼ਮੀ ਸੀ। ਇਸ ਮੰਸ਼ਾ ਦੀਆਂ ਜੜਾਂ ਕਿਉਂਕਿ ਪਿਤਾ ਦੀ ਸਾਮੰਤੀ ਗੱਦੀ ਵਿਚ ਸਨ ਇਸ ਲਈ ਉਸਨੇ ਬਡਰੂਪ ਹੁੰਦੇ-ਹੁੰਦੇ 'ਮਹਾਤਮਾਈ' ਦਾ ਧਾਰਮਕ ਰੂਪ ਧਾਰਨ ਕਰ ਲਿਆ ਸੀ। ਸਵਰਾਜੀਆਂ ਦਾ ਵਧਿਆ ਹੋਇਆ ਪ੍ਰਭਾਵ ਉਸਨੇ ਕਿੰਜ ਸਹਿਣ ਕੀਤਾ ਹੋਏਗਾ? ਉਹ ਉਹਨਾਂ ਨੂੰ ਪਛਾੜਨ ਦੇ ਤਰੀਕੇ ਸੋਚਣ ਲੱਗ ਪਿਆ।
ਗਾਂਧੀ ਧੁਨ ਦਾ ਪੱਕਾ ਤਾਂ ਸੀ ਹੀ। ਦੋ ਸਾਲ ਤੋਂ ਹਰ ਰੋਜ਼ ਚਾਰ ਘੰਟੇ ਚਰਖਾ ਕੱਤਦਿਆਂ ਕੱਤਦਿਆਂ ਚਰਖਾ ਉਸਦਾ ਈਮਾਨ ਬਣ ਗਿਆ ਸੀ। ਸੋ ਸਵਰਾਜੀਆਂ ਦੇ ਖ਼ਿਲਾਫ਼ ਆਪਣੇ ਇਸ ਧਰਮ ਯੁੱਧ ਵਿਚ ਉਸਨੇ ਚਰਖੇ ਤੋਂ ਸੁਦਰਸ਼ਨ-ਚੱਕਰ ਦਾ ਕੰਮ ਲੈਣ ਦੀ ਸੋਚੀ।
ਜੂਨ 1924 ਵਿਚ ਕਾਂਗਰਸ ਮਹਾਸੰਮਤੀ ਦਾ ਜਿਹੜਾ ਸੰਮੇਲਨ ਅਹਿਮਦਾਬਾਦ ਵਿਚ ਹੋਇਆ, ਉਸ ਵਿਚ ਆਪਸੀ ਮੱਤਭੇਦ ਉਭਰ ਕੇ ਸਾਹਮਣੇ ਆਏ। ਗਾਂਧੀ ਨੇ ਇਸ ਵਿਚ ਇਹ ਮਤਾ ਰੱਖਿਆ ਕਿ ਸਿਰਫ ਉਹੀ ਵਿਅਕਤੀ ਕਾਂਗਰਸ ਦਾ ਮੈਂਬਰ ਬਣ ਸਕਦਾ ਹੈ, ਜਿਹੜਾ ਮਹੀਨੇ ਵਿਚ ਘੱਟ ਤੋਂ ਘੱਟ ਦੋ ਹਜ਼ਾਰ ਗਜ ਸੂਤ ਲਾਜ਼ਮੀਂ ਆਪਣੇ ਹੱਥੀਂ ਕੱਤ ਕੇ ਕਾਂਗਰਸ ਕਮੇਟੀ ਨੂੰ ਦਏਗਾ।
ਗਾਂਧੀ ਨੇ ਆਪਣੇ ਸੁਝਾਅ ਦੇ ਪੱਖ ਵਿਚ ਆਪਣਾ ਭਾਸ਼ਣ ਸਮਾਪਤ ਕੀਤਾ ਹੀ ਸੀ ਕਿ ਮੋਤੀ ਲਾਲ ਨਹਿਰੂ ਉਤਰ ਦੇਣ ਲਈ ਉਠ ਖੜ੍ਹੇ ਹੋਏ। ਉਹਨਾਂ ਪਹਿਲੀ ਗੱਲ ਇਹ ਕਹੀ ਕਿ 'ਗਾਂਧੀ ਦਾ ਸੁਝਾਅ ਕਾਂਗਰਸ ਵਿਧਾਨ ਦੇ ਖ਼ਿਲਾਫ਼ ਹੈ। ਇਸ ਨਾਲ ਮੈਂਬਰ ਬਣਨ ਦਾ ਅਧਿਕਾਰ ਸੀਮਿਤ ਹੁੰਦਾ ਹੈ ਤੇ ਮਹਾਸੰਮਤੀ ਅਧਿਕਾਰ ਸੀਮਿਤ ਕਰਨ ਦਾ ਮਤਾ ਪਾਸ ਨਹੀਂ ਕਰ ਸਕਦੀ।'
ਫੇਰ ਉਹਨਾਂ ਸੂਤ ਵਾਲੀ ਸ਼ਰਤ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ...“ਮੈਂ ਇਹ ਨਹੀਂ ਮੰਨਦਾ ਕਿ ਚਰਖਾ ਕੱਤਣ ਨਾਲ ਸਵਰਾਜ ਆਏਗਾ। ਗਾਂਧੀਜੀ ਦਾ ਸੁਝਾਅ ਅਹਿੰਸਾ ਨਹੀਂ, ਭਰਿਆ ਹੋਇਆ ਪਸਤੌਲ ਹੈ। ਜੇ ਕੱਤਣ ਲਈ ਇੰਜ ਮਜ਼ਬੂਰ ਕੀਤਾ ਗਿਆ ਤਾਂ ਮੈਂ ਇਕ ਇੰਚ ਵੀ ਨਹੀਂ ਕੱਤਾਂਗਾ। ਸਵਾਲ ਇਹ ਨਹੀਂ ਕਿ ਗਾਂਧੀਜੀ ਦੀ ਆਤਮਾ ਕੀ ਕਹਿੰਦੀ ਹੈ। ਵੋਟ ਪਾਉਣ ਤੋਂ ਪਹਿਲਾਂ ਇਹ ਨਾ ਭੁੱਲਣਾ ਕਿ ਸਾਡੀ ਆਤਮਾ ਕੀ ਕਹਿੰਦੀ ਹੈ।”
ਦੇਸ਼ਬੰਧੁ ਚਿਤਰੰਜਨ ਦਾਸ ਨੇ ਵੀ ਸੁਝਾਅ ਦਾ ਵਿਰੋਧ ਕੀਤਾ ਤੇ ਵੋਟਿੰਗ ਤੋਂ ਪਹਿਲਾਂ ਸਾਰੇ ਸਵਰਾਜੀ ਵਾਕ ਆਊਟ ਕਰ ਗਏ।
ਵੋਟਾਂ ਵਿਚ ਚਰਖੇ ਦਾ ਸੁਝਾਅ 67 ਤੇ 37 ਵੋਟਾਂ ਦੇ ਅੰਤਰ ਨਾਲ ਪਾਸ ਹੋਇਆ। ਪਰ ਸਵਰਾਜੀਆਂ ਦੀ ਗ਼ੈਰ-ਮੌਜ਼ੂਦਗੀ ਵਿਚ 37 ਵੋਟ ਵਿਰੋਧ ਵਿਚ ਪੈਣੇ ਬੜੀ ਵੱਡੀ ਗੱਲ ਸੀ। ਗਾਂਧੀ ਨੇ ਸੁਝਾਅ ਵਾਪਸ ਲੈ ਲਿਆ ਤੇ ਸੰਮੇਲਨ ਦੀ ਕਾਰਵਾਈ ਅੱਗੇ ਪਾ ਦਿੱਤੀ ਗਈ।
ਗਾਂਧੀ ਵਿਚ ਦਾਸ ਤੇ ਨਹਿਰੂ ਨੂੰ ਕਾਂਗਰਸ ਵਿਚੋਂ ਕੱਢ ਦੇਣ ਦੀ ਹਿੰਮਤ ਨਹੀਂ ਸੀ ਤੇ ਦੂਜੇ ਪਾਸੇ ਦਾਸ ਤੇ ਨਹਿਰੂ ਨੂੰ ਵੀ ਆਪਣੇ ਸੰਸਦੀ ਕਾਰਜਾਂ ਲਈ ਗਾਂਧੀ ਦਾ ਆਸ਼ੀਰਵਾਦ ਚਾਹੀਦਾ ਸੀ। ਸਾਰੇ ਦਿਨ ਦੀ ਗੱਲਬਾਤ ਪਿੱਛੋਂ ਲੈਣ-ਦੇਣ ਦੇ ਆਧਾਰ ਉੱਤੇ ਸਮਝੌਤਾ ਹੋ ਗਿਆ। ਸਵਰਾਜੀਆਂ ਨੇ ਚਰਖੇ ਦੀ ਸ਼ਰਤ ਨੂੰ ਇਸ ਸੋਧ ਨਾਲ ਮੰਨ ਲਿਆ ਉਸ ਵਿਚੋਂ 'ਲਾਜ਼ਮੀਂ' ਦੀ ਸ਼ਰਤ ਕੱਢ ਕੇ ਸਵੈ ਇੱਛਾ ਤੇ ਤਿਆਗ ਭਾਵਨਾ ਨਾਲ ਕੱਤਣ ਦੇ ਸ਼ਬਦ ਪਾ ਦਿੱਤੇ ਗਏ। ਇਸ ਦੇ ਬਦਲੇ ਗਾਂਧੀ ਨੇ ਕੌਂਸਿਲ ਵਿਚ ਪ੍ਰਵੇਸ਼ ਦੇ ਦਿੱਲੀ ਤੇ ਕਾਕਨਾੜਾ ਦੇ ਸਾਰੇ ਸੁਝਾਅ ਜਿਉਂ ਦੀ ਤਿਉਂ ਮੰਨ ਲਏ। ਇਸ ਸਮਝੌਤੇ ਪਿੱਛੋਂ ਦੋਹੇਂ ਸੁਝਾਅ ਸੰਮੇਲਨ ਵਿਚ ਪੇਸ਼ ਹੋਏ ਤੇ ਸਹਿਜੇ ਹੀ ਪਾਸ ਹੋ ਗਏ। ਪਰ ਗਾਂਧੀ ਨੂੰ ਇਹ ਸਿਧਾਂਤਹੀਣ ਸਮਝੌਤਾ ਬੁਰੀ ਤਰ੍ਹਾਂ ਰੜਕਿਆ ਤੇ ਉਸਨੇ 3 ਜੁਲਾਈ 1924 ਦੇ 'ਯੰਗ ਇੰਡੀਆ' ਵਿਚ ਲਿਖਿਆ...“ਪਹਿਲਾ ਸੁਝਾਅ ਜਿਹੜਾ ਚਰਖੇ ਬਾਰੇ ਹੈ, ਉਸ ਵਿਚ 'ਲਾਜ਼ਮੀਂ' ਸ਼ਬਦ ਨਹੀਂ ਰਿਹਾ। ਇਸ ਸਿਲਸਿਲੇ ਦੀਆਂ ਹਾਰਾਂ ਵਿਚ ਇਹ ਮੇਰੀ ਪਹਿਲੀ ਹਾਰ ਹੈ। ਦੂਜਾ ਸੁਝਾਅ ਜਿਹੜਾ ਬਾਈਕਾਟ ਸੰਬੰਧੀ ਹੈ, ਉਸ ਵਿਚ ਮੇਰੀ ਅਸਲ ਹਾਰ ਹੋਈ ਹੈ।”
ਤੀਜਾ ਸੁਝਾਅ ਕਰਾਂਤੀਕਾਰੀ ਗੋਪੀ ਨਾਥ ਸਾਹਾ ਬਾਰੇ ਸੀ। ਉਸ ਵਿਚ ਵੀ ਮੈਂ ਪਹਿਲਾਂ ਲਿਖ ਚੁੱਕਿਆ ਹਾਂ...ਗਾਂਧੀ ਦੀ ਹਾਰ ਹੋਈ ਤੇ ਉਹ ਮੰਚ ਉੱਤੇ ਰੋ ਪਿਆ ਸੀ।
ਪਰ ਹਾਰ ਨੂੰ ਜਿੱਤ ਵਿਚ ਬਦਲਨ ਦਾ ਮੌਕਾ ਛੇਤੀ ਹੀ ਹੱਥ ਲੱਗ ਗਿਆ।
ਸਵਰਾਜੀਆਂ ਨੇ ਬੰਗਾਲ ਆਰਡੀਨੈਂਸ ਨੂੰ ਛੇ ਸਾਲ ਲਈ ਲਾਗੂ ਰੱਖਣ ਵਾਲਾ ਸੁਝਾਅ ਰੱਦ ਕਰ ਦਿੱਤਾ ਸੀ। ਪਰ ਵਾਇਸਰਾਏ ਲਾਰਡ ਰੀਡਿੰਗ ਨੇ 25 ਨਵੰਬਰ 1924 ਨੂੰ ਇਕ ਨਵਾਂ ਆਰਡੀਨੈਂਸ ਜਾਰੀ ਕਰ ਦਿੱਤਾ। ਜਿਸ ਨਾਲ ਰੋਲਟ ਐਕਟ ਦੀ ਯਾਦ ਤਾਜ਼ਾ ਹੋ ਗਈ। ਇਸ ਦੇ ਅਧੀਨ ਕਿਸੇ ਵੀ ਆਦਮੀ ਨੂੰ ਸ਼ੱਕ ਦੇ ਆਧਾਰ 'ਤੇ ਗਿਰਫਤਾਰ ਕੀਤਾ ਜਾ ਸਕਦਾ ਸੀ। ਇਸ ਉੱਤੇ ਤੁਰੰਤ ਅਮਲ ਵੀ ਸ਼ੁਰੂ ਹੋ ਗਿਆ। ਕਲਕੱਤੇ ਵਿਚ ਸੁਭਾਸ਼ ਚੰਦਰ ਬੋਸ ਤੇ ਕੁਝ ਹੋਰ ਨੌਜਵਾਨਾਂ ਨੂੰ ਫੜ੍ਹ ਕੇ ਜੇਲ੍ਹੀਂ ਡੱਕ ਦਿੱਤਾ ਗਿਆ। ਬੰਗਾਲ ਵਿਚ ਸਵਰਾਜ-ਪਾਰਟੀ ਦਾ ਬੜਾ ਜ਼ੋਰ ਸੀ ਤੇ ਨੌਜਵਾਨ ਵੀ ਸਵਰਾਜ-ਪਾਰਟੀ ਦੇ ਮੰਚ 'ਤੇ ਕੰਮ ਕਰਦੇ ਸਨ। ਇਸਨੂੰ ਸਵਰਾਜ-ਪਾਰਟੀ ਉੱਤੇ ਹਮਾਲਾ ਕਿਹਾ ਗਿਆ, ਜਦਕਿ ਹਮਲਾ ਦਰਅਸਲ ਕਰਾਂਤੀਕਾਰੀਆਂ ਉੱਤੇ ਸੀ। ਅਖ਼ੀਰ ਗਾਂਧੀ ਕਲਕੱਤੇ ਪਹੁੰਚਿਆ ਤੇ ਕਿਹਾ ਕਿ ਪਰੀਵਰਤਨ-ਸ਼ੀਲਾਂ ਤੇ ਅਪਰੀਵਰਤਨ-ਸ਼ੀਲਾਂ ਨੂੰ ਇਸ ਸਰਕਾਰੀ ਦਮਨ ਦੇ ਵਿਰੁੱਧ ਸਾਂਝਾ ਮੋਰਚਾ ਬਣਾਉਣਾ ਚਾਹੀਦਾ ਹੈ। ਉੱਥੇ ਉਸਨੇ ਅਪਰੀਵਰਤਨ-ਸ਼ੀਲਾਂ ਦੇ ਪ੍ਰਤੀਨਿਧ ਦੀ ਹੈਸੀਅਤ ਨਾਲ ਸਵਰਾਜ-ਪਾਰਟੀ ਦੇ ਨੇਤਾਵਾਂ, ਦਾਸ ਤੇ ਮੋਤੀ ਲਾਲ ਨਹਿਰੂ ਦੇ ਨਾਲ 16 ਨਵੰਬਰ 1924 ਨੂੰ ਨਵਾਂ ਰਾਜਨੀਤਕ ਸਮਝੌਤਾ ਕੀਤਾ।
ਇਸ ਸਮਝੌਤੇ ਅਨੁਸਾਰ ਖੱਦਰ ਪਾਉਣ ਤੇ ਚਰਖਾ ਕੱਤਣ ਨੂੰ ਕਾਂਗਰਸ ਦੀ ਮੈਂਬਰੀ ਲਈ ਜ਼ਰੂਰੀ ਸ਼ਰਤ ਮੰਨ ਲਿਆ ਗਿਆ ਤੇ ਬਦਲੇ ਵਿਚ ਗਾਂਧੀ ਨੇ ਬਾਈਕਾਟ ਸੰਬੰਧੀ ਕੰਮ-ਕਾਜ ਛੱਡ ਕੇ ਨਵੇਂ ਰਚਨਾਤਮਕ ਕਾਰਜ ਦੀ ਸਿਫ਼ਾਰਿਸ਼ ਕਰਦੇ ਹੋਏ 23 ਨਵੰਬਰ ਦੇ 'ਯੰਗ ਇੰਡੀਆ' ਵਿਚ ਲਿਖਿਆ...“ਸੂਬਾਈ ਕੌਂਸਿਲਾਂ ਤੇ ਲੈਜੀਸਲੇਟਿਵ ਅਸੈਂਬਲੀ ਵਿਚ ਸਵਾਰਾਜ ਪਾਰਟੀ ਕਾਂਗਰਸ ਵੱਲੋਂ ਤੇ ਕਾਂਗਰਸ ਸੰਸਥਾ ਦੇ ਅੰਗ ਦੇ ਰੂਪ ਵਿਚ ਆਪਣਾ ਕੰਮ ਜਾਰੀ ਰੱਖੇਗੀ ਤੇ ਇਸ ਕੰਮ ਲਈ ਆਪਣੇ ਨਿਯਮ ਆਪ ਬਣਾਏਗੀ ਤੇ ਫੰਡ ਇਕੱਠਾ ਕਰਨ ਤੇ ਖਰਚ ਕਰਨ ਦੀ ਵਿਵਸਥਾ ਵੀ ਆਪੁ ਹੀ ਕਰੇਗੀ।” ਇਹ ਵੀ ਲਿਖਿਆ, “ਇਸ ਸਮਝੌਤੇ ਨਾਲ ਸਵਰਾਜੀਆਂ ਤੇ ਅਪਰੀਵਰਤਨ-ਸ਼ੀਲਾਂ ਦੀ ਹੈਸੀਅਤ ਬਰਾਬਰ ਦੀ ਹੋ ਜਾਂਦੀ ਹੈ। ਤੇ ਸਰਕਾਰ ਦੇ ਦਮਨ ਦਾ ਮੁਕਾਬਲਾ ਕਰਨ ਲਈ ਦੋਹਾਂ ਨੂੰ ਇਕ ਦੂਜੇ ਦੀ ਮਦਦ ਦੀ ਲੋੜ ਹੈ।”
ਦਰਅਸਲ ਇਹ ਸਰਕਾਰੀ ਦਮਨ ਦਾ ਮੁਕਾਬਲਾ ਨਹੀਂ ਬਲਕਿ ਉਭਰਦੀਆਂ ਹੋਈਆਂ ਕਰਾਂਤੀਕਾਰੀ ਸ਼ਕਤੀਆਂ ਵਿਰੁੱਧ ਸਾਰੇ ਪ੍ਰਤੀਕਿਰਿਆ-ਵਾਦੀਆਂ ਤੇ ਗੁੱਝੇ-ਸਵਾਰਥਾਂ ਵਾਲਿਆਂ ਦਾ ਸਾਂਝਾ ਮੋਰਚਾ ਬਣਾਉਣ ਦੀ ਦਿਸ਼ਾ ਵਿਚ ਗਾਂਧੀ ਦਾ ਜਬਰਦਸਤ ਕਦਮ ਸੀ। ਮਹਾ ਗੁਜਰਾਤ ਦੇ ਪ੍ਰਸਿੱਧ ਨੇਤਾ ਇੰਦੂ ਲਾਲ ਯਾਗਿਅਕ ਨੇ ਇਸ ਨੂੰ ਲੈਣ-ਦੇਣ ਦਾ ਜਲੀਲ ਸਮਝੌਤਾ ਦੱਸਦਿਆਂ ਹੋਇਆਂ ਲਿਖਿਆ ਹੈ...“ਦੋਹੇਂ ਪਾਰਟੀਆਂ ਆਪਣੀ ਲੋਕ-ਸੇਵਾ ਤੇ ਵਿਧਾਨਿਕ ਵਿਰੋਧ ਨੂੰ ਬ੍ਰਿਟਿਸ਼ ਸਾਮਰਾਜ ਦੀਆਂ ਸੀਮਾਵਾਂ ਵਿਚ ਰਹਿ ਕੇ ਹੀ ਜਾਰੀ ਰੱਖਣਾ ਚਾਹੁੰਦੀਆਂ ਸਨ ਤੇ ਉਹਨਾਂ ਵਿਚੋਂ ਕੋਈ ਵੀ ਜ਼ਿਮੀਂਦਾਰਾਂ, ਕਾਰਖ਼ਾਨੇਦਾਰਾਂ ਤੇ ਸਰਮਾਏਦਾਰਾਂ ਦੀ ਆਰਥਕ ਤੇ ਰਾਜਨੀਤਕ ਸਹਾਇਤਾ ਬਿਨਾਂ ਕਿਸੇ ਵੀ ਸਫਲਤਾ ਦੀ ਕਲਪਨਾ ਨਹੀਂ ਸੀ ਕਰ ਸਕਦੀ, ਸੋ ਦੋਹਾਂ ਨੂੰ ਇਸ ਦੀ ਲੋੜ ਮਹਿਸੂਸ ਹੋਈ ਕਿ ਆਪਣੇ ਕੰਮਾਂ ਦੀਆਂ ਪ੍ਰਤੀਕਿਰਿਆ-ਵਾਦੀ ਪ੍ਰਵਿਰਤੀ ਨੂੰ ਸਫੇਦ ਖੱਦਰ ਦੇ ਲਿਬਾਦੇ ਵਿਚ ਲੁਕਾਅ ਕੇ ਰੱਖੀਏ ਤਾਂਕਿ ਉਹਨਾਂ ਦੇ ਅਣਗਿਣਤ ਸ਼ਰਧਾਲੂ ਦੇਸ਼ ਭਗਤ ਵਿਦਿਆਰਥੀਆਂ, ਨੌਜਵਾਨਾਂ, ਕਿਸਾਨਾਂ ਤੇ ਗਰੀਬ ਜਨਤਾ ਦੀ ਨਜ਼ਰ ਇਹਨਾਂ ਪ੍ਰਵਿਰਤੀਆਂ ਦੇ ਅਸਲੀ ਰੂਪ ਉੱਪਰ ਨਾ ਪੈ ਸਕੇ।”
ਦਸੰਬਰ 1924 ਵਿਚ ਕਾਂਗਰਸ ਦਾ ਬੇਲਗਾਂਵ ਸੰਮੇਲਨ ਹੋਣਾ ਸੀ। ਪ੍ਰਧਾਨਗੀ ਲਈ ਗਾਂਧੀ ਦਾ ਨਾਂ ਪੇਸ਼ ਹੋ ਚੁੱਕਿਆ ਸੀ। ਪਰ ਦੇਸ਼ ਵਿਚ ਆਪਣੀ ਵਿਗੜੀ ਪੜਤ ਨੂੰ ਦੇਖ ਕੇ ਗਾਂਧੀ ਦੁਚਿੱਤੀ ਵਿਚ ਸੀ ਕਿ ਇਸਨੂੰ ਸਵੀਕਾਰ ਕਰੇ ਜਾਂ ਨਾ ਕਰੇ, ਪਰ ਸਵਰਾਜੀਆਂ ਨਾਲ ਹੋਏ ਇਸ ਸਮਝੌਤੇ ਪਿੱਛੋਂ ਉਸਦੀ ਦੁਚਿੱਤੀ ਮੁੱਕ ਗਈ ਤੇ ਉਸਨੇ ਪ੍ਰਧਾਨ ਬਣਨਾ ਸਵੀਕਾਰ ਕਰ ਲਿਆ।
ਇਸ ਸੰਮੇਲਨ ਵਿਚ ਇਕ ਮਤੇ ਰਾਹੀਂ ਕਲਕੱਤਾ ਸਮਝੌਤੇ ਦਾ ਸਮਰਥਨ ਤੇ ਬਾਈਕਾਟ ਸੰਬੰਧੀ ਕਾਰਜ-ਕਰਮ ਅੱਗੇ ਪਾ ਦਿੱਤਾ ਗਿਆ। ਸਵਰਾਜ-ਪਾਰਟੀ ਨੂੰ ਕੌਂਸਿਲ ਪ੍ਰੋਗ਼ਰਾਮ ਦੇ ਇਲਾਵਾ ਕਾਂਗਰਸ ਪਾਰਟੀ ਹੀ ਮੰਨ ਲਿਆ ਗਿਆ ਤੇ ਗਾਂਧੀ ਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਕਿ ਉਹ ਅਖਿਲ ਭਾਰਤੀ ਚਰਖਾ ਸੰਘ ਦਾ ਉਦਘਾਟਨ ਕਰਕੇ ਦੇਸ਼ ਦੇ ਘਰੇਲੂ ਉਦਯੋਗਾਂ ਨੂੰ ਸੰਗਠਿਤ ਕਰੇ।
ਮਤਲਬ ਇਹ ਕਿ ਕਾਂਗਰਸ ਨੂੰ ਚਲਾਉਣ ਦੀ ਜ਼ਿੰਮੇਵਾਰੀ ਕਾਂਗਰਸੀਆਂ ਨੂੰ ਸੌਂਪ ਕੇ ਗਾਂਧੀ ਨੇ ਆਪਣੇ ਰਚਨਾਤਮਕ ਕਾਰਜ ਲਈ ਰਾਜਨੀਤੀ ਤੋਂ ਸਨਿਆਸ ਲੈ ਲਿਆ। ਜਿਸ ਤਰ੍ਹਾਂ 21 ਦਿਨਾਂ ਦੀ ਭੁੱਖ ਹੜਤਾਲ ਵਾਪਸ ਰਾਜਨੀਤੀ ਵਿਚ ਆਉਣ ਦਾ ਸਿਰਫ ਪੜਯੰਤਰ ਸੀ, ਉਸੇ ਤਰ੍ਹਾਂ ਹੀ ਇਹ ਸਨਿਆਸ ਵੀ ਸੋਸ਼ਣ-ਪੀੜੀ ਜਨਤਾ ਦੇ ਗੁੱਸੇ, ਰੋਸੇ ਤੇ ਰਾਜਨੀਤਕ ਚੇਤਨਾ ਨੂੰ ਚਰਖਾ ਕੱਤਣ ਤੇ ਸੂਤ ਦਾ ਉਤਪਾਦਨ ਵਧਾਉਣ ਦੀ ਦਿਸ਼ਾ ਵਿਚ ਮੋੜ ਕੇ ਪ੍ਰਤੀਕਰਾਂਤੀ ਦੀ ਸੇਵਾ ਦਾ ਸੋਚਿਆ-ਸਮਝਿਆ ਪੜਯੰਤਰ ਹੀ ਸੀ। ਇਹ ਵੀ ਇਕ ਰਾਜਨੀਤਕ ਚਾਲ ਸੀ ਤੇ ਗਾਂਧੀ ਆਪਣੀ ਭੂਮਿਕਾ ਚਤੁਰਾਈ ਨਾਲ ਨਿਭਾਅ ਰਿਹਾ ਸੀ।
ਜਿਹੜੇ ਲੋਕ ਇਹ ਮੰਗ ਕਰ ਰਹੇ ਸਨ ਕਿ ਕਾਂਗਰਸ ਮੁਕੰਮਲ-ਆਜ਼ਾਦੀ ਨੂੰ ਆਪਣਾ ਟੀਚਾ ਬਣਾਏ, ਉਹਨਾਂ ਲਈ ਗਾਂਧੀ ਦਾ ਉਤਰ ਸੀ...“ਜੇ ਬ੍ਰਿਟਿਸ਼ ਸਰਕਾਰ ਦਾ ਉਹੀ ਮੰਸ਼ਾ ਹੈ, ਜਿਹੜਾ ਕੁਝ ਉਹ ਸਾਡੇ ਲਈ ਕਰ ਰਹੀ ਹੈ ਤੇ ਜੇ ਉਹ ਸੱਚਮੁੱਚ ਈਮਾਨਦਾਰੀ ਨਾਲ ਸਾਨੂੰ ਸਮਾਨਤਾ ਦਾ ਦਰਜਾ ਦੇਣਾ ਚਾਹੁੰਦੀ ਹੈ ਤਾਂ ਉਸ ਨਾਲ ਸੰਬੰਧ ਤੋੜਨ ਦੇ ਬਜਾਏ ਇਹ ਬੜੀ ਵੱਡੀ ਸਫਲਤਾ ਹੈ।” 1921 ਵਿਚ ਜਿਸ ਬ੍ਰਿਟਿਸ਼ ਸਰਕਾਰ ਨੂੰ ਸ਼ੈਤਾਨੀ ਸਰਕਾਰ ਦੱਸਿਆ ਗਿਆ ਸੀ, ਹੁਣ ਉਹ ਈਮਾਨਦਾਰ ਦਿਖਾਈ ਦੇਣ ਲੱਗ ਪਈ ਸੀ ਤੇ ਗਾਂਧੀ ਨੂੰ ਉਸਦੇ ਝੂਠੇ ਵਾਅਦਿਆਂ ਉੱਤੇ ਵਿਸ਼ਵਾਸ ਹੋਣ ਲੱਗ ਪਿਆ ਸੀ। ਸਾਮਰਾਜਵਾਦੀ ਇੰਗਲੈਂਡ ਨਾਲ ਗ਼ੁਲਾਮ ਹਿੰਦੁਸਤਾਨ ਦੀ ਜੇ ਕੋਈ ਸਮਾਨਤਾ ਹੋ ਸਕਦੀ ਸੀ ਤਾਂ ਉਹ ਸ਼ੇਰ ਤੇ ਬੱਕਰੀ ਵਾਲੀ ਸਮਾਨਤਾ ਹੀ ਸੀ—ਯਾਨੀ ਬੱਕਰੀ ਸ਼ੇਰ ਦੇ ਪੇਟ ਵਿਚ ਰਹੇਗੀ, ਬਾਹਰ ਨਹੀਂ।
ਹੁਣ ਜਦੋਂ ਸਵਰਾਜ-ਪਾਰਟੀ ਨੂੰ ਕਾਂਗਰਸ-ਪਾਰਟੀ ਦਾ ਦਰਜਾ ਦੇ ਦਿੱਤਾ ਗਿਆ ਸੀ ਤੇ ਸਵਰਾਜੀਆਂ ਨੇ ਗਾਂਧੀ ਦਾ ਨੇਤਰੀਤਵ ਸਵੀਕਾਰ ਕਰ ਲਿਆ ਸੀ ਤਾਂ ਉਹਨਾਂ ਗਾਂਧੀ ਦੀਆਂ ਪੈੜਾਂ ਉੱਤੇ ਹੀ ਤੁਰਨਾ ਸੀ। ਨਤੀਜਾ ਇਹ ਹੋਇਆ ਕਿ ਉਹਨਾਂ ਦਾ ਪੈਰ-ਪੈਰ ਉੱਤੇ ਪਤਨ ਹੋਇਆ।
ਗਾਂਧੀ ਨਾਲ ਸਮਝੌਤਾ ਕਰਨ ਪਿੱਛੋਂ ਸਵਰਾਜੀਆਂ ਨੇ ਅਸੈਂਬਲੀ ਵਿਚ ਇੰਡੀਪੈਂਡੇਂਟ ਪਾਰਟੀ ਦੇ ਮੈਂਬਰਾਂ ਨੂੰ ਇਹ ਸਮਝੌਤਾ ਕਰਕੇ ਨਾਲ ਰਲਾਅ ਲਿਆ ਕਿ ਜਦੋਂ ਤਕ ਦੋਹਾਂ ਪਾਰਟੀਆਂ ਦੇ ਤਿੰਨ ਚੌਥਾਈ ਮੈਂਬਰ ਵਿਰੋਧ ਦੀ ਕਿਸੇ ਵੀ ਨੀਤੀ ਉੱਤੇ ਸਹਿਮਤ ਨਹੀਂ ਹੋਣਗੇ, ਕੋਈ ਅਜਿਹੀ ਨੀਤੀ ਸ਼ੁਰੂ ਨਹੀਂ ਕੀਤੀ ਜਾਏਗੀ। ਇਹ ਇੰਡੀਪੈਂਡੇਂਟ ਪਾਰਟੀ ਪੂੰਜੀਪਤੀਆਂ ਤੇ ਜ਼ਿਮੀਂਦਾਰਾਂ ਦੀ ਪ੍ਰਤੀਨਿੱਧ ਸੀ। ਸਵਰਾਜੀਆਂ ਦੇ ਨੇਤਾ ਮੋਤੀ ਲਾਲ ਨਹਿਰੂ ਨੇ ਰਾਸ਼ਟਰੀ ਮੰਗ ਉੱਤੇ ਸੰਸ਼ੋਧਨ ਪੇਸ਼ ਕਰਦਿਆਂ ਹੋਇਆਂ ਕਿਹਾ...“ਮੈਂ ਇਹ ਨਹੀਂ ਕਹਿੰਦਾ ਕਿ ਜ਼ਿੰਮੇਵਾਰ ਹਕੂਮਤ ਦੀ ਪੋਟਲੀ ਬੰਨ੍ਹ ਕੇ ਸਾਨੂੰ ਫੜਾ ਦਿੱਤੀ ਜਾਏ, ਅਸੀਂ ਇੱਥੇ ਸਹਿਯੋਗ ਦੀ ਇੱਛਾ ਨਾਲ ਆਏ ਹਾਂ। ਜੇ ਸਰਕਾਰ ਨੇ ਇਸ ਸਹਿਯੋਗ ਨੂੰ ਸਵੀਕਾਰ ਕਰ ਲਿਆ ਤਾਂ ਉਸਨੂੰ ਪਤਾ ਲੱਗੇਗਾ ਕਿ ਅਸੀਂ ਅਸਲ ਵਿਚ ਉਸਦੇ ਹੀ ਆਦਮੀ ਹਾਂ।”
ਜਿਸ ਪਾਰਟੀ ਨੇ ਆਪਣੇ ਅਜੰਡੇ ਵਿਚ ਦੁਸ਼ਮਣ ਦੇ ਕੈਂਪ ਵਿਚ ਪਹੁੰਚ ਕੇ ਉਸ ਨਾਲ ਲੜਾਈ ਲੜਨ ਦੀ ਗੱਲ ਆਖੀ ਸੀ, ਉਹ ਵਿਧਾਨਕ ਵਿਰੋਧ ਤੋਂ ਤਿਲ੍ਹਕ ਕੇ ਕਿਰਿਆਤਮਕ ਸਹਿਯੋਗ ਉੱਤੇ ਉਤਰ ਆਈ ਸੀ। ਮਈ ਦੇ ਮਹੀਨੇ ਵਿਚ ਸਟੀਲ ਇੰਡਸਟਰੀ ਬਿੱਲ ਉੱਤੇ ਵਿਚਾਰ ਕਰਨ ਲਈ ਅਸੈਂਬਲੀ ਦਾ ਵਿਸ਼ੇਸ਼ ਸੰਮੇਲਨ ਹੋਇਆ। ਮਤਲਬ ਇਹ ਸੀ ਕਿ ਟਾਟਾ ਸਟੀਲ ਕੰਪਨੀ ਦੀ ਸੁਰੱਖਿਆ ਕੀਤੀ ਜਾਏ। ਸਵਰਾਜੀਆਂ ਨੇ, ਜਿਹੜੇ ਸਰਕਾਰ ਦੀ ਹਰ ਕਾਰਵਾਈ ਵਿਚ ਰੁਕਾਵਟ ਪਾਉਣ ਦਾ ਵਾਅਦਾ ਕਰਕੇ ਆਏ ਸਨ, ਇਸ ਬਿੱਲ ਦੇ ਪੱਖ ਵਿਚ ਵੋਟ ਦਿੱਤਾ ਤੇ ਇਸ ਬਿੱਲ ਉੱਤੇ ਵਿਚਾਰ ਕਰਨ ਲਈ ਜਿਹੜੀ ਸੰਮਤੀ ਨਿਯੁਕਤ ਕੀਤੀ ਗਈ, ਮੋਤੀ ਲਾਲ ਨਹਿਰੂ ਸਮੇਤ ਪੰਜ ਸਵਰਾਜੀਆਂ ਨੇ ਉਸਦੀ ਮੈਂਬਰੀ ਵੀ ਸਵੀਕਰ ਕਰ ਲਈ। ਵਿੱਠਲਭਾਈ ਪਟੇਲ ਨੇ ਸੰਸ਼ੋਧਨ ਪੇਸ਼ ਕੀਤਾ ਕਿ ਸੁਰੱਖਿਆ ਦੇ ਇਸ ਨਿਯਮ ਨੂੰ ਉਹਨਾਂ ਉਦਯੋਗਾਂ ਤਕ ਸੀਮਿਤ ਕਰ ਦਿੱਤਾ ਜਾਏ, ਜਿਹਨਾਂ ਵਿਚ ਘੱਟੋਘੱਟ ਦੋ ਤਿਹਾਈ ਪੂੰਜੀ ਹਿੰਦੁਸਤਾਨ ਦੀ ਹੋਏ। ਪਰ ਜਦੋਂ ਮਜ਼ਦੂਰ ਨੇਤਾ ਐਮ.ਐਨ. ਜੋਸ਼ੀ ਨੇ ਇਹ ਸੰਸ਼ੋਧਨ ਪੇਸ਼ ਕੀਤਾ ਕਿ ਇਸ ਸੰਰਕਸ਼ਣ ਨਾਲ ਟਾਟਾ ਕੰਪਨੀ ਨੂੰ ਜਿਹੜਾ ਲਾਭ ਹੋਏਗਾ, ਉਸ ਵਿਚ ਮਜ਼ਦੂਰਾਂ ਦੀ ਘੱਟ ਤੋਂ ਘੱਟ ਉਜਰਤ ਨਿਸ਼ਚਿਤ ਕਰ ਦਿੱਤੀ ਜਾਏ ਤਾਂ ਇਸਨੂੰ ਰੱਦ ਕਰਨ ਵਿਚ ਸਵਰਾਜੀਆਂ ਨੂੰ ਜ਼ਰਾ ਵੀ ਸੰਕੋਚ ਨਹੀਂ ਸੀ ਹੋਇਆ।
ਐਲਾਨ-ਨਾਮੇ ਵਿਚ 98 ਪ੍ਰਤੀਸ਼ਤ ਸੋਸ਼ਿਤ-ਪੀੜੀ ਹੋਈ ਜਨਤਾ ਦੇ ਹਿਤਾਂ ਦੀ ਰਾਖੀ ਕਰਨ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ, ਉਹ 2 ਪ੍ਰਤੀਸ਼ਤ ਪੂੰਜੀਪਤੀਆਂ ਦੇ ਹਿਤ ਦੀ ਰਾਖੀ ਨਾਲ ਸਮਾਪਤ ਹੋ ਗਿਆ।
ਐਲਾਨ-ਨਾਮੇ ਵਿਚ ਜ਼ਿਮੀਂਦਾਰਾਂ ਦਾ ਵੀ ਜ਼ਿਕਰ ਸੀ ਤੇ ਉਸੇ ਸੰਬੰਧੀ ਮਦ ਵਿਚ ਕਿਹਾ ਗਿਆ ਸੀ...“ਇਹ ਪਾਰਟੀ ਜ਼ਿਮੀਂਦਾਰਾਂ ਨੂੰ ਸਿਰਫ ਇਹ ਅਪੀਲ ਕਰ ਸਕਦੀ ਹੈ ਕਿ ਉਹ ਆਪਣੇ ਅਣਪੜ੍ਹ ਭਰਾਵਾਂ ਦੇ ਸ਼ੱਕ-ਸ਼ੰਕਿਆਂ ਨੂੰ ਦੂਰ ਕਰਨ ਤੇ ਉਹਨਾਂ ਨੂੰ ਸਮਝਾ ਦੇਣ ਕਿ ਜਿਹੜੇ ਲੋਕ ਸਵਰਾਜ ਲਈ ਪ੍ਰਯਤਨਸ਼ੀਲ ਹਨ, ਉਹ ਅਜਿਹੇ ਪਾਗਲਪਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਸਮਾਜ ਦੇ ਇਕ ਮਹੱਤਵਪੂਰਨ ਵਰਗ ਨੂੰ ਮੁੱਢੋਂ ਸਮਾਪਤ ਕਰਕੇ ਸੈਂਕੜੇ ਵਰ੍ਹੇ ਪੁਰਾਣੀ ਵਿਵਸਥਾ ਦੀਆਂ ਬੁਨਿਆਦਾਂ ਢਾਅ ਦੇਣਗੇ। ਇਹ ਸੱਚ ਹੈ ਕਿ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਨਿਆਂ ਵਾਲੀ ਬਰਾਬਰੀ ਦੇ ਪੱਖ ਵਿਚ ਹੈ। ਪਰ ਉਹ ਨਿਆਂ ਵੀ ਕੀ ਨਿਆਂ ਹੋਏਗਾ, ਜਿਸ ਵਿਚ ਜ਼ਿਮੀਂਦਾਰਾਂ ਨਾਲ ਅਨਿਆਂ ਕਰਨਾ ਪਏ।”
ਇੰਜ ਗਾਂਧੀ ਦੇ ਟ੍ਰਸਟੀਸ਼ਿਪ ਸਿਧਾਂਤ ਅਨੁਸਾਰ ਕਿਸਾਨਾਂ ਦੇ ਹੱਥ-ਪੈਰ ਬੰਨ੍ਹ ਕੇ ਉਹਨਾਂ ਨੂੰ, ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਦੇ ਹਵਾਲੇ ਕਰ ਦਿੱਤਾ ਗਿਆ।
ਦੇਸ਼ਬੰਧੁ ਚਿਤਰੰਜਨ ਦਾਸ ਨੇ ਅਗਸਤ ਵਿਚ ਪ੍ਰੈੱਸ ਨੂੰ ਇਕ ਬਿਆਨ ਦਿੱਤਾ, ਜਿਸ ਵਿਚ ਸੂਬਿਆਂ ਵਿਚ ਜ਼ਿਮੀਂਦਾਰ ਸਰਕਾਰ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ, “ਪਰ ਲੈਜੀਸਿਲੇਟਿਵ ਅਸੈਂਬਲੀ ਵਿਚ ਵੀ ਕੁਛ ਨਾ ਕੁਛ ਅਧਿਕਾਰ ਜ਼ਰੂਰ ਹੋਣਾ ਚਾਹੀਦਾ ਹੈ। ਇਹ ਸਵਾਲ ਕਿ ਅਧਿਕਾਰ ਕਿੰਨਾ ਹੋਏ ਗੋਲਮੇਜ ਸੰਮੇਲਨ ਵਿਚ ਬਹਿਸ ਪਿੱਛੋਂ ਤੈਅ ਹੋ ਸਕਦਾ ਹੈ।” ਭਾਵ ਇਹ ਕਿ ਪੂਰੇ ਅਧਿਕਾਰ 'ਕੁਛ ਨਾ ਕੁਛ' ਉੱਤੇ ਉਤਰ ਆਏ ਤੇ ਫੇਰ ਇਹ ਵੀ ਕਿਹਾ...“ਮੈਂ ਵਿਧਾਨਕ ਉੱਨਤੀ ਦਾ ਇਸ ਤੋਂ ਕਿਤੇ ਵੱਧ ਹਿਮਾਇਤੀ ਹਾਂ ਤੇ ਸਰਕਾਰ ਦਾ ਨਾਸ਼ ਕਰ ਦੇਣ ਦੀਆਂ ਵਧਦੀਆਂ ਹੋਈਆਂ ਪ੍ਰਵਿਰਤੀਆਂ ਦਾ ਉਸ ਤੋਂ ਕਿਤੇ ਵੱਡਾ ਦੁਸ਼ਮਣ ਹਾਂ—ਜਿੰਨਾ ਸਰਕਾਰ ਮੈਨੂੰ ਸਮਝ ਸਕਦੀ ਹੈ।...ਇਸ ਸਮੇਂ ਸਰਕਾਰ ਨੂੰ ਨਸ਼ਟ ਕਰਨ ਦਾ ਅੰਦੋਲਨ, ਸਰਕਾਰ ਦੇ ਅੰਦਾਜ਼ੇ ਨਾਲੋਂ ਕਿਤੇ ਵੱਧ ਤੀਬਰਤਾ ਨਾਲ ਫ਼ੈਲ ਰਿਹਾ ਹੈ।...ਮੈਂ ਉਮੀਦ ਕਰਦਾ ਹਾਂ ਕਿ ਜਲਦ ਤੋਂ ਜਲਦ ਬ੍ਰਿਟੇਨ ਤੇ ਹਿੰਦੁਸਤਾਨੀ ਮੇਰੇ ਦੱਸੇ ਮਾਰਗ ਉੱਤੇ ਇਕ ਦੂਜੇ ਦੇ ਨੇੜੇ ਆ ਜਾਣਗੇ ਤੇ ਆਪਸ ਵਿਚ ਏਕਤਾ ਕਰ ਲੈਣਗੇ।”
ਸੀ.ਆਰ. ਦਾਸ ਨੇ ਦੇਸ਼ ਵਿਚ ਵੱਧ ਰਹੇ ਕਰਾਂਤੀਕਾਰੀ ਅੰਦੋਲਨ ਨੂੰ 'ਸਰਕਾਰ ਨੂੰ ਨਸ਼ਟ ਕਰਨ ਦਾ ਅੰਦੋਲਨ' ਦਾ ਗਲਤ ਨਾਂ ਦੇ ਕੇ ਇਕ ਪਾਸੇ 'ਕੁਛ ਨਾ ਕੁਛ' ਸੁਧਾਰ ਪ੍ਰਾਪਤ ਕਰ ਲੈਣ ਲਈ ਬ੍ਰਿਟਿਸ਼ ਸਾਮਰਾਜਵਾਦੀਆਂ ਨੂੰ ਇਸ ਦਾ ਡਰਵਾ ਦਿਖਾਇਆ ਤੇ ਦੂਜੇ ਪਾਸੇ ਇਹ ਵੀ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਤੇ ਹਿੰਦੁਸਤਾਨੀ ਪੂੰਜੀਪਤੀ ਇਸ ਨੂੰ ਰੋਕਣ ਲਈ ਇਕ ਹੋ ਜਾਣ।
ਬ੍ਰਿਟਿਸ਼ ਸਰਕਾਰ ਕਰਾਂਤੀਕਾਰੀਆਂ ਨੂੰ ਕੁਚਲਨ ਲਈ ਜਿਹੜੇ ਕਾਨੂੰਨ ਬਣਾ ਰਹੀ ਸੀ, ਦਾਸ ਦੇ ਬਿਆਨ ਨਾਲ ਉਹਨਾਂ ਦਾ ਆਪਣੇ ਆਪ ਸਮਰਥਣ ਹੋ ਜਾਂਦਾ ਹੈ।
ਮੋਤੀ ਲਾਲ ਨਹਿਰੂ ਤਾਂ ਸ਼ੁਰੂ ਤੋਂ ਹੀ ਗਾਂਧੀ ਵਾਂਗ ਰਾਜ-ਨਿਸ਼ਠਾ ਵਿਚ ਪਲੇ ਮਾਡਰੇਟ ਤੇ ਰਾਜ-ਭਗਤ ਸਨ, ਪਰ ਚਿਤਰੰਜਨ ਦਾਸ ਤੇ ਲਾਜਪਤ ਰਾਏ ਰਾਸ਼ਟਰੀ ਪੂੰਜੀਪਤੀ ਵਰਗ ਦੇ ਪ੍ਰਤੀਨਿਧੀ ਰਾਸ਼ਟਰਵਾਦੀ ਨੇਤਾ ਸਨ। ਚੌਰੀਚੌਰਾ ਦੇ ਆਤਮ-ਸਮਰਪਣ ਤਕ ਉਹਨਾਂ ਨੇ ਸਾਡੇ ਰਾਸ਼ਟਰੀ ਅੰਦੋਲਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਪਰ ਹੁਣ ਜਦੋਂ ਮਜ਼ਦੂਰ-ਕਿਸਾਨ ਕਰਾਂਤੀਕਾਰੀ ਸ਼ਕਤੀ ਬਣ ਗਏ ਸਨ ਤੇ ਸਰਵਹਾਰਾ ਦੇ ਕਰਾਂਤੀਕਾਰੀ ਸਿਧਾਂਤ ਦਾ ਪ੍ਰਭਾਵ ਦਿਨੋਂ-ਦਿਨ ਵਧ ਰਿਹਾ ਸੀ, ਉਹ ਵੀ ਗਾਂਧੀ ਦੇ ਕਰਾਂਤੀ ਵਿਰੋਧੀ ਮੋਰਚੇ ਨਾਲ ਜਾ ਮਿਲੇ ਤੇ ਉਹਨਾਂ ਵੀ ਸੰਘਰਸ਼ ਦੀ ਰਾਹ ਛੱਡ ਕੇ ਬ੍ਰਿਟਿਸ਼ ਸਾਮਰਾਜਵਾਦ ਨਾਲ ਸਮਝੌਤੇ ਦੀ ਰਾਹ ਫੜ੍ਹ ਲਈ।
ਨਵੰਬਰ 1927 ਤੇ ਅਗਸਤ 1928 ਵਿਚ 'ਲਾਲਾ ਲਾਜਪਤ ਰਾਏ ਕੇ ਨਾਮ ਖੁੱਲੀ ਚਿੱਠੀ' ਤੇ 'ਲਾਲਾ ਲਾਜਪਤ ਰਾਏ ਔਰ ਨੋਜਵਾਨੋਂ ਕੇ ਆਂਦੋਲਨ', 'ਕਿਰਤੀ' ਵਿਚ ਦੋ ਲੇਖ ਛਪੇ। ਖੁੱਲੀ ਚਿੱਠੀ ਉੱਤੇ ਭਿੰਨ-ਭਿੰਨ ਸੰਸਥਾਵਾਂ ਦੇ 22 ਪ੍ਰਤੀਨਿਧੀਆਂ ਦੇ ਨਾਂ ਸਨ ਜਿਹਨਾਂ ਵਿਚ ਕੇਦਾਰ ਨਾਥ ਸਹਿਗਲ, ਸੋਢੀ ਪਿੰਡੀ ਦਾਸ, ਅਬੱਦੁਲ ਮਜੀਦ ਤੇ ਬਾਬੂ ਸਿੰਘ ਬੀ.ਏ. ਨੈਸ਼ਨਲ ਆਦੀ ਸ਼ਾਮਲ ਸਨ। ਦੂਜਾ ਲੇਖ 'ਕਿਰਤੀ' ਦੀ ਸੰਪਾਦਕੀ ਸੀ। ਲਾਲਾ ਲਾਜਪਤ ਰਾਏ ਨੇ ਆਪਣੇ ਲੰਡਾਮੰਡੀ ਦੇ ਚੋਣ ਭਾਸ਼ਣ ਵਿਚ ਇਹ ਗੱਲ ਆਖੀ ਸੀ ਕਿ 'ਕਰਾਂਤੀਕਾਰੀ ਨੌਜਵਾਨ ਬੋਲਸ਼ੇਵਿਕ ਹਨ ਤੇ ਲੇਨਿਨ ਨੂੰ ਆਪਣਾ ਨੇਤਾ ਮੰਨਦੇ ਹਨ।' ਖੁੱਲੀ ਚਿੱਠੀ ਵਿਚ ਇਸ ਦਾ ਉਤਰ ਇਹ ਦਿੱਤਾ ਗਿਆ ਕਿ 'ਬੋਲਸ਼ੇਵਿਕ ਹੋਣਾ ਕੋਈ ਗੁਨਾਹ ਨਹੀਂ ਤੇ ਅੱਜ ਹਿੰਦੁਸਤਾਨ ਨੂੰ ਲੇਨਿਨ ਦੀ ਸਭ ਤੋਂ ਵੱਧ ਲੋੜ ਹੈ। ਕੀ ਤੁਸੀਂ ਇਹ ਗੱਲ ਕਹਿ ਕੇ ਨੌਜਵਾਨਾਂ ਨੂੰ ਸੀ.ਆਈ.ਡੀ. ਦੀ ਕ੍ਰਿਪਾ-ਦ੍ਰਿਸ਼ਟੀ ਵਿਚ ਲਿਆਉਣ ਦੀ ਕਮੀਨੀ ਹਰਕਤ ਨਹੀਂ ਕੀਤੀ?' ਪਰ ਲਾਲਾ ਜੀ ਨੇ ਆਪਣਾ ਵਿਰੋਧ ਜਾਰੀ ਰੱਖਿਆ ਤੇ ਇਕ ਹੋਰ ਭਾਸ਼ਣ ਵਿਚ ਉਹਨਾਂ ਨੂੰ ਲੇਨਿਨ ਦੇ ਅਨੁਯਾਈ, ਖਤਰਨਾਕ ਕਰਾਂਤੀਕਾਰੀ ਕਹਿਣ ਦੇ ਨਾਲ-ਨਾਲ ਇਹ ਵੀ ਕਹਿ ਦਿੱਤਾ ਕਿ 'ਜੇ ਇਹਨਾਂ ਨੂੰ ਪੰਜਾਹ ਰੁਪਏ ਦੀ ਨੌਕਰੀ ਮਿਲ ਜਾਏ ਤਾਂ ਝੱਗ ਵਾਂਗ ਬੈਠ ਜਾਣਗੇ।' ਸੰਪਾਦਕੀ ਵਿਚ ਇਸ ਦਾ ਉਤਰ ਇਹ ਦਿੱਤਾ ਗਿਆ ਸੀ...“ਇਸ ਦਾ ਕੀ ਮਤਲਬ ਹੈ? ਕੀ 50 ਰੁਪਏ ਦੀ ਖਾਤਰ ਆਪਣਾ ਆਦਰਸ਼ ਵੇਚ ਦੇਣ ਵਾਲੇ ਹੀ ਲੇਨਿਨ ਦੇ ਅਨੁਯਾਈ ਸਨ! ਕੀ ਲੇਨਿਨ ਦਾ ਏਨਾ ਹੀ ਦਰਜਾ ਸੀ! ਫੇਰ ਅਜਿਹੀ ਗੱਲ ਆਖੀ ਕਿਉਂ ਗਈ? ਸਿਰਫ ਇਸ ਲਈ ਕਿ ਲਾਲਾ ਜੀ ਜਿੱਥੇ ਇਕ ਪਾਸੇ ਸਰਕਾਰ ਨੂੰ ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸ਼ਹਿ ਦੇ ਰਹੇ ਨੇ, ਉੱਥੇ ਦੂਜੇ ਪਾਸੇ ਉਹਨਾਂ ਨੂੰ ਜਨਤਾ ਦੀ ਨਜ਼ਰ ਵਿਚ ਡੇਗਣ ਦੀ ਕੋਸ਼ਿਸ਼ ਵੀ ਕਰ ਰਹੇ ਨੇ?”
ਲਾਲਾ ਜੀ ਨੇ ਆਪਣੇ ਇਕ ਲੇਖ ਵਿਚ ਇਹ ਵੀ ਲਿਖਿਆ ਸੀ...“ਅੱਜਕੱਲ੍ਹ ਦੇ ਗਰਮ ਵਿਚਾਰਾਂ ਵਾਲੇ ਨੌਜਵਾਨਾਂ ਦੇ ਅੰਦੋਲਨਾਂ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ। ਇਹ ਨੌਜਵਾਨ ਇਨਕਲਾਬ ਪਸੰਦ ਹਨ। ਇਹਨਾਂ ਦਾ ਪਰਚਾਰ, ਸੰਪਤੀ ਦੇ ਲਈ ਖਤਰਨਾਕ ਹੈ ਕਿਉਂਕਿ ਇਸ ਨਾਲ ਵਰਗ ਸੰਘਰਸ਼ ਛਿੜ ਜਾਣ ਦਾ ਡਰ ਹੈ।”
ਸਪਸ਼ਟ ਹੈ ਕਿ ਪੂੰਜੀਪਤੀ ਵਰਗ ਦੇ ਪ੍ਰਤੀਨਿਧੀ ਰਾਸ਼ਟਰਵਾਦੀ ਨੇਤਾਵਾਂ ਨੇ ਵਰਗ ਸੰਘਰਸ਼ ਦੇ ਡਰ ਨਾਲ ਆਜ਼ਾਦੀ ਦਾ ਝੰਡਾ ਸੁੱਟ ਦਿੱਤਾ ਸੀ ਤੇ ਉਸਨੂੰ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਦੇ ਕਰਾਂਤੀਕਾਰੀ ਨੌਜਵਾਨਾਂ ਨੇ ਚੁੱਕ ਲਿਆ ਸੀ।
ਸਾਡੇ ਦੇਸ਼ ਦਾ ਵਾਮਪੰਥੀ ਅੰਦੋਲਨ ਸ਼ੁਰੂ ਤੋਂ ਇਕ ਭਿਆਨਕ ਭਰਮ ਦਾ ਸ਼ਿਕਾਰ ਰਿਹਾ ਹੈ, ਜਿਸ ਕਰਕੇ ਉਹ ਜਨਤਾ ਵਿਚ ਆਪਣੀਆਂ ਜੜਾਂ ਨਹੀਂ ਜਮਾਅ ਸਕਿਆ ਤੇ ਅਖ਼ੀਰ ਖਿੱਲਰ-ਪੁੱਲਰ ਗਿਆ। ਅੱਜ ਖਿੱਲਾਰ ਦੀ ਜਿਹੜੀ ਸਥਿਤੀ ਹੈ, ਉਹ ਸਾਡੇ ਸਾਹਮਣੇ ਹੈ। ਵਰਤਮਾਣ ਸਥਿਤੀ 'ਚੋਂ ਉਭਰਨ ਲਈ ਇਸ ਭਰਮ ਨੂੰ ਸਮਝ ਲੈਣਾ ਚਾਹੀਦਾ ਹੈ ਤੇ ਬਾ-ਜ਼ਰੂਰ ਦੂਰ ਕਰਨਾ ਚਾਹੀਦਾ ਹੈ।
ਮੰਮਥ ਨਾਥ ਗੁਪਤ ਨੇ ਲਿਖਿਆ ਹੈ...“ਤਿਲਕ, ਅਰਵਿੰਦ, ਸਾਵਰਕਰ, ਸਾਨਿਆਲ ਵਰਗੇ ਆਪਣੇ ਮਹਾਨ ਨੇਤਾਵਾਂ ਦੁਆਰਾ ਪਰਚਾਰੀ ਰਾਸ਼ਟਰੀਤਾ ਨੂੰ ਕਰਾਂਤੀਕਾਰੀਆਂ ਨੇ ਭਗਤ ਸਿੰਘ ਤੇ ਆਜ਼ਾਦ ਦੇ ਨੇਤਰੀਤਵ ਵਿਚ ਛੱਡ ਦਿੱਤਾ ਤੇ ਉਹ ਸਮਾਜਵਾਦ ਵੱਲ ਝੁਕ ਗਏ।” ਫੇਰ ਇਹ ਵੀ ਲਿਖਿਆ ਹੈ...“ਹੁਣ ਅਸੀਂ ਅਜਿਹੇ ਯੁੱਗ ਵਿਚ ਪਹੁੰਚ ਗਏ ਹਾਂ ਕਿ ਰਾਸ਼ਟਰਵਾਦ ਜਾਂ ਤਾਂ ਫਾਸਿਸਟਵਾਦ ਨੂੰ ਅਪਣਾਅ ਲਏਗਾ ਜਾਂ ਸਮਾਜਵਾਦ ਨੂੰ।” ਇਹ ਦੋਹੇਂ ਧਾਰਨਾਵਾਂ ਗਲਤ ਹਨ ਤੇ ਭਰਮ ਪੈਦਾ ਕਰਨ ਵਾਲੀਆਂ ਵੀ। ਜਦੋਂ ਆਜ਼ਾਦੀ ਸੰਗਰਾਮ ਦਾ ਨੇਤਰੀਤਵ ਬੁਰਜੁਆ ਵਰਗ ਦੇ ਬਜਾਏ ਸਰਵਹਾਰਾ ਵਰਗ ਭਾਵ ਉਸਦਾ ਕਰਾਂਤੀਕਾਰੀ ਸੰਗਠਨ ਕਰਦਾ ਹੈ ਤਾਂ ਰਾਸ਼ਟਰੀਤਾ ਨੂੰ ਛੱਡ ਨਹੀਂ ਦਿੱਤਾ ਜਾਂਦਾ ਸਗੋਂ ਰਾਸ਼ਟਰਵਾਦ ਦਾ ਸਮਾਜਵਾਦ ਵਿਚ ਰੂਪਾਂਤਰਣ ਹੋ ਜਾਂਦਾ ਹੈ। ਫਾਸਿਸਟਵਾਦ ਵਿਚ ਰੂਪਾਂਤਰਣ ਰਾਸ਼ਟਰਵਾਦ ਦਾ ਨਹੀਂ ਬਲਕਿ ਸਰਵਹਾਰਾ ਕਰਾਂਤੀ ਤੋਂ ਭੈਭੀਤ ਪੂੰਜੀਵਾਦ ਦਾ ਹੁੰਦਾ ਹੈ। ਮਾਓ ਤਸੇ ਤੁੜ ਨੇ ਲਿਖਿਆ ਹੈ ਕਿ 'ਜਿਹੜਾ ਦੇਸ਼ ਭਗਤ ਤੇ ਰਾਸ਼ਟਰਵਾਦੀ ਨਹੀਂ ਉਹ ਕਮਿਊਨਿਸਟ ਵੀ ਨਹੀਂ।' ਲੇਟਿਨ ਅਮਰੀਕਨ ਕਮਿਊਨਿਸਟ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਗੱਲ ਕਰਦਿਆਂ ਹੋਇਆਂ ਉਹਨਾਂ ਕਿਹਾ ਸੀ...:
“ਇਹਨਾਂ ਦੇਸ਼ਾਂ ਵਿਚ, ਜਿਹੜੇ ਸਾਮਰਾਜਵਾਦ ਤੇ ਸਾਮੰਤਵਾਦ ਤੋਂ ਪੀੜਤ ਹਨ, ਸਰਵਹਾਰਾ ਦੀ ਰਾਜਨੀਤਕ ਪਾਰਟੀ ਦਾ ਝੰਡਾ ਲਹਿਰਾਉਣਾ ਚਾਹੀਦਾ ਹੈ ਤੇ ਰਾਸ਼ਟਰੀ ਏਕਤਾ ਦਾ ਕਾਰਜ-ਕਰਮ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਸਾਮਰਾਜਵਾਦ ਦੇ ਪਾਲਤੂ ਕੁੱਤਿਆਂ ਦੇ ਇਲਾਵਾ ਸਾਰੇ ਤੱਤਾਂ ਨੂੰ ਇਕ ਜੁੱਟ ਕੀਤਾ ਜਾ ਸਕੇ। ਤੁਸੀਂ ਸਾਰੇ ਰਾਸ਼ਟਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਕਮਿਊਨਿਸਟ ਪਾਰਟੀ ਕਿੰਨੀ ਦੇਸ਼-ਭਗਤ ਹੈ, ਕਿੰਨੀ ਸ਼ਾਂਤੀ-ਪਸੰਦ ਹੈ ਤੇ ਰਾਸ਼ਟਰੀ-ਏਕਤਾ ਦੀ ਕਿੰਨੀ ਇਛੁੱਕ ਹੈ। ਇਸ ਨਾਲ ਸਾਮਰਾਜਵਾਦੀਆਂ ਤੇ ਉਹਨਾਂ ਦੇ ਪਾਲਤੂ ਕੁੱਤਿਆਂ ਤੇ ਵੱਡੇ ਸਾਮੰਤੀ ਵਰਗ ਨੂੰ ਤੇ ਹੋਰ ਵੱਡੇ ਪੂੰਜੀਪਤੀਆਂ ਨੂੰ ਨਿਖੇੜਨ ਵਿਚ ਵੀ ਮਦਦ ਮਿਲੇਗੀ।”
ਭਗਤ ਸਿੰਘ ਤੇ ਉਹਨਾਂ ਦੇ ਕਰਾਂਤੀਕਾਰੀ ਸਾਥੀ ਤਿਲਕ, ਅਰਵਿੰਦ ਤੇ ਸਾਨਿਆਲ ਦੀ ਸੰਘਰਸ਼ਮਈ ਪਰੰਪਰਾ ਨੂੰ ਅੱਗੇ ਵਧਾਉਣ ਵਾਲੇ ਸੱਚੇ ਰਾਸ਼ਟਰਵਾਦੀ ਸਨ—ਤੇ ਸਰਵਹਾਰਾ ਦੇ ਪ੍ਰਤੀਨਿਧੀ ਤੇ ਖਰੇ ਕਮਿਊਨਿਸਟ ਵੀ ਸਨ।...ਤੇ ਭਗਤ ਸਿੰਘ ਦਾ ਪਿਆਰਾ ਗੀਤ ਸੀ...:

 ਦਿਲ ਸੇ ਜਾਏਗੀ ਨ ਮਰ ਕਰ ਭੀ ਵਤਨ ਕੀ ਉਲਫ਼ਤ
 ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ।

ਆਪਣੇ ਆਪ ਨੂੰ ਕਮਿਊਨਿਸਟ ਕਹਿਣ ਵਾਲੇ, ਸਿਰਫ ਨਾਂ ਦੇ ਹੀ ਕਮਿਊਨਿਸਟ ਸਨ। ਉਹਨਾਂ ਨੇ ਆਪਣੀਆਂ ਅੱਖਾਂ ਉੱਤੇ ਸਿਧਾਂਤ ਦੀ ਪੱਟੀ ਬੰਨ੍ਹੀ ਹੋਈ ਸੀ। ਇਸ ਲਈ ਦੇਸ਼ ਦੀ ਵਸਤੂ-ਸਥਿਤੀ ਨੂੰ ਦੇਖਣ-ਸਮਝਣ ਤੋਂ ਅਸਮਰਥ ਸਨ ਤੇ ਅੱਜ ਤਕ ਅਸਮਰਥ ਹੀ ਹਨ। ਉਹਨਾਂ ਵਿਚ, ਬੁਰਜੁਆ ਨੇਤਾਵਾਂ ਦਾ ਸੁੱਟਿਆ ਹੋਇਆ ਝੰਡਾ ਚੁੱਕਣ ਦੀ ਹਿੰਮਤ ਨਹੀਂ ਸੀ। ਉਸਨੂੰ ਭਗਤ ਸਿੰਘ, ਆਜ਼ਾਦ ਤੇ ਉਹਨਾਂ ਦੀ ਪਾਰਟੀ ਨੇ ਚੁੱਕਿਆ ਤੇ ਆਹੂਤੀ-ਪਥ ਉੱਤੇ ਅੱਗੇ ਵਧੇ।
  –––   –––   –––   ––– 

No comments:

Post a Comment