Monday, March 19, 2012

ਬਲੀਦਾਨ ਦੇ ਬਾਅਦ

ਉਪ ਸੰਘਾਰ :

ਬਲੀਦਾਨ ਦੇ ਬਾਅਦ


ਸਾਨੂੰ ਇਕ ਸਾਂਸਕਰੀਤਕ ਸੈਨਾ ਵੀ ਬਣਾਉਣੀ ਚਾਹੀਦੀ ਹੈ ਜਿਹੜੀ ਸਾਡੀਆਂ ਆਪਣੀਆਂ ਕਤਾਰਾਂ ਨੂੰ ਸਿੱਧੀਆਂ ਰੱਖਣ ਤੇ ਦੁਸ਼ਮਣ ਨੂੰ ਭਾਂਜ ਦੇਣ ਲਈ ਅਤੀ ਜ਼ਰੂਰੀ ਹੈ।


ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸਮਾਰਕ ਬਣਾਉਣ ਲਈ ਇਕ ਸਰਬ-ਭਾਰਤੀ ਸਮਾਰਕ ਸੰਮਤੀ ਬਣਾਈ ਗਈ। ਡਾ. ਸਤਪਾਲ, ਬਾਬਾ ਨਿਹਾਲ ਸਿੰਘ, ਲਾਲਾ ਪਿੰਡੀ ਦਾਸ ਮਹਿਤਾ, ਆਨੰਦ ਕਿਸ਼ੋਰ, ਮੌਲਵੀ ਅੱਬਦੁਲ ਗਨੀ, ਡਾ. ਮੁਹੰਮਦ ਆਲਮ, ਧਰਮਵੀਰ ਤੇ ਸਰਦੂਲ ਸਿੰਘ ਕਵੀਸ਼ਰ ਇਸਦੇ ਮੁੱਖ ਮੈਂਬਰ ਸਨ। ਸੰਮਤੀ ਨੇ ਗਾਂਧੀ ਨੂੰ ਪੱਤਰ ਲਿਖਿਆ ਕਿ ਸ਼ਹੀਦਾਂ ਦਾ ਸਮਾਰਕ ਬਣਾਉਣ ਵਿਚ ਉਹ ਵੀ ਆਪਣਾ ਸਹਿਯੋਗ ਦੇਣ। ਗਾਂਧੀ ਨੇ ਸੰਮਤੀ ਦੇ ਮਹਾ ਸਕੱਤਰ ਨੂੰ ਉਤਰ ਵਿਚ ਜਿਹੜਾ ਪੱਤਰ ਲਿਖਿਆ, ਉਹ ਹੇਠਾਂ ਦਿੱਤਾ ਜਾ ਰਿਹਾ ਹੈ...:
       20 ਜੂਨ 1931
“ਪ੍ਰਿਯ ਮਿੱਤਰ,
ਮੈਨੂੰ ਤੁਹਾਡਾ ਇਸ ਮਹੀਨੇ ਦੀ 13 ਤਾਰੀਖ਼ ਦਾ ਪੱਤਰ ਮਿਲਿਆ। ਮੈਂ ਤੁਹਾਡੇ ਤਰਕ ਨਾਲ ਬਿਲਕੁਲ ਸਹਿਮਤ ਨਹੀਂ। ਕਿਸੇ ਦੇ ਸਨਮਾਣ ਵਿਚ ਸਮਾਰਕ ਬਣਾਉਣ ਦਾ ਅਰਥ ਇਹ ਹੁੰਦਾ ਹੈ ਕਿ ਸਮਾਰਕ ਬਣਾਉਣ ਵਾਲੇ ਉਹਨਾਂ ਦੇ ਕਾਰਜ ਨੂੰ ਅਗਾਂਹ ਵਧਾਉਣਗੇ, ਜਿਹਨਾਂ ਦੀ ਯਾਦ ਵਿਚ ਸਮਾਰਕ ਬਣਾਇਆ ਜਾ ਰਿਹਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ, ਉਹੀ ਕਾਰਜ ਕਰਨ ਲਈ, ਮਾਰਗ ਦਰਸ਼ਨ ਕਰਦਾ ਹੈ। ਇਸ ਲਈ ਮੈਂ ਇਸ ਸਮਾਰਕ ਨਾਲ ਆਪਣੇ ਆਪ ਨੂੰ ਕਿਸੇ ਵੀ ਰੂਪ ਵਿਚ ਜੋੜਨ ਤੋਂ ਅਸਮਰਥ ਹਾਂ।”
ਗਾਂਧੀ ਇਕ ਸੋਚੀ ਸਮਝੀ ਕਰਾਂਤੀ-ਵਿਰੋਧੀ ਭੂਮਿਕਾ ਨਿਭਾ ਰਿਹਾ ਸੀ। ਤੇ ਇਸ ਲਈ ਉਸਨੇ ਇਕ ਬਹੁ-ਮੁਖੀ ਸ਼ਕਤੀਸ਼ਾਲੀ ਗਿਰੋਹ ਤਿਆਰ ਕੀਤਾ ਹੋਇਆ ਸੀ। ਸਮਾਰਕ ਸੰਮਤੀ ਦੇ ਮੈਂਬਰਾਂ ਦਾ ਗਾਂਧੀ ਤੋਂ ਸਹਿਯੋਗ ਦੀ ਮੰਗ ਕਰਨ ਦਾ ਅਰਥ ਇਹ ਸੀ ਕਿ ਉਹਨਾਂ ਨੂੰ ਗਾਂਧੀ ਦੀ ਕਰਾਂਤੀ-ਵਿਰੋਧੀ ਤੇ ਰਾਸ਼ਟਰ-ਵਿਰੋਧੀ ਭੂਮਿਕਾ ਦੀ ਸੋਝੀ ਨਹੀਂ ਸੀ। ਗਾਂਧੀ ਨੇ 1909 ਵਿਚ 'ਹਿੰਦ ਸਵਰਾਜ' ਨਾਂ ਦੀ ਇਕ ਪੁਸਤਕ ਲਿਖੀ, ਉਸ ਵਿਚ ਮਦਨ ਲਾਲ ਢੀਂਗਰਾ ਨੂੰ ਗੁਮਰਾਹ ਦੇਸ਼ ਭਗਤ ਦੱਸਿਆ।
ਉਸਦੀ ਨਜ਼ਰ ਵਿਚ ਤਾਂ ਆਪਣੇ ਚਾਰੇ ਪੁੱਤਰਾਂ, ਮਿੱਤਰਾਂ ਤੇ ਸਰਬੰਸ ਨੂੰ ਦੇਸ਼ ਲਈ ਕੁਰਬਾਨ ਕਰ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਵੀ ਗੁਮਰਾਹ ਦੇਸ਼ ਭਗਤ ਸਨ। ਗਾਂਧੀ ਸਾਹਿਤ ਵਿਚ ਸਾਡੀ ਆਜ਼ਾਦੀ ਦੀ ਲੜਾਈ ਧਰਮ ਦੇ ਰੱਸਤੇ ਲੜਨ ਵਾਲੇ ਵਿਵੇਕਾਨੰਦ ਦਾ ਤੇ ਅਨੁਸ਼ੀਲਨ ਸੰਮਤੀ ਦੀ ਨੀਂਹ ਰੱਖਣ ਵਾਲੀ ਉਹਨਾਂ ਦੀ ਚੇਲੀ ਭੈਣ ਨਿਵੇਦਿਤਾ ਤਕ ਦਾ ਉਲੇਖ ਨਹੀਂ ਮਿਲਦਾ। ਗਾਂਧੀ ਦਾ ਰਾਜਨੀਤਕ ਗੁਰੂ ਬਾਲ ਗੰਗਾਧਰ ਤਿਲਕ ਨਹੀਂ, ਗੋਪਾਲ ਕ੍ਰਿਸ਼ਨ ਗੋਖਲੇ ਹੈ। ਗੋਖਲੇ ਵਾਂਗ ਹੀ ਗਾਂਧੀ ਨੇ ਵੀ ਆਤਮ-ਸਮਰਪਣ ਦਾ ਰੱਸਤਾ ਅਪਣਾਇਆ ਤੇ ਸਾਡੀ ਕਰਾਂਤੀਕਾਰੀ ਪਰੰਪਰਾ ਨੂੰ ਮਿਟਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ।
ਅਸਲ ਗੱਲ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਸਮਾਰਕ ਬਣਾਉਣਾ ਨਹੀਂ, ਬਲਕਿ ਉਹਨਾਂ ਨੇ ਜਿਸ ਵਿਚਾਰਧਾਰਾ ਦੇ ਪਰਚਾਰ-ਪਰਸਾਰ ਲਈ ਅਸੈਂਬਲੀ ਵਿਚ ਬੰਬ ਸੁੱਟਿਆ, ਅਦਾਲਤ ਨੂੰ ਮੰਚ ਬਣਾਇਆ ਤੇ ਭੁੱਖ-ਹੜਤਾਲ ਕਰਕੇ ਜਾਨ ਦੀ ਬਾਜੀ ਲਾਈ, ਉਸਨੂੰ ਅਪਣਾਉਣਾ ਤੇ ਵਿਕਸਤ ਕਰਨਾ ਸੀ। ਫੇਰ ਇਤਿਹਾਸ ਦੇ ਇਕ ਮਹੱਤਵਪੂਰਨ ਮੋੜ ਉੱਪਰ ਜਿਹਨਾਂ ਲੋਕਾਂ ਨੇ ਜੜ੍ਹਤਾ ਤੇ ਅੜਿੱਕਿਆਂ ਨੂੰ ਸਾਫ ਕਰਕੇ ਕਰਾਂਤੀ ਦੀਆਂ ਸ਼ਕਤੀਆਂ ਨੂੰ ਗਤੀਮਾਨ ਕਰਨਾ ਸੀ, ਉਹਨਾਂ ਨੂੰ ਸੰਗਠਿਤ ਕਰਨਾ ਤੇ ਰਾਹੇ ਪਾਉਣਾ ਸੀ।
ਇਸ ਗੱਲ ਦੀ ਇਤਿਹਾਸਕ ਜ਼ਿੰਮੇਵਾਰੀ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਦੇ ਉਹਨਾਂ ਸਾਥੀਆਂ ਉੱਪਰ ਆਉਂਦੀ ਸੀ, ਜਿਹੜੇ ਉਹਨਾਂ ਨਾਲ ਜੇਲ੍ਹ ਵਿਚ ਸਨ ਤੇ ਪਿੱਛੋਂ ਛੁੱਟ ਕੇ ਜਿਊਂਦੇ ਰਹੇ ਸਨ। ਪਰ ਭਗਵਤੀ ਚਰਣ ਵੋਹਰਾ, ਜਿਹੜੇ ਭਗਤ ਸਿੰਘ ਤੇ ਸੁਖਦੇਵ ਵਾਂਗ ਹੀ ਦਲ ਦੇ ਦਿਮਾਗ਼ ਸਨ। ਰਾਵੀ ਦੇ ਕਿਨਾਰੇ ਬੰਬ ਦਾ ਪਰੀਖਣ ਕਰਦੇ ਹੋਏ ਅਚਾਨਕ ਹੋਏ ਧਮਾਕੇ ਵਿਚ ਸ਼ਹੀਦ ਹੋ ਗਏ। ਤੇ ਚੰਦਰ ਸ਼ੇਖਰ ਆਜ਼ਾਦ, ਜਿਹੜੇ ਦਲ ਦੇ ਅਚੂਕ ਨਿਸ਼ਾਨੇਬਾਜ ਸੈਨਾਪਤੀ ਹੋਣ ਦੇ ਇਲਾਵਾ ਲੋਕਪ੍ਰਿਯ ਸੰਗਠਨ-ਕਰਤਾ ਵੀ ਸਨ, ਇਲਾਹਾਬਾਦ ਦੇ ਅਲਫ੍ਰੇਡ ਪਾਰਕ ਵਿਚ ਪੁਲਸ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਹਨਾਂ ਤੋਂ ਬਾਅਦ ਦਲ ਨੂੰ ਚਲਾਉਣ ਦੀ ਜ਼ਿੰਮੇਵਾਰੀ ਕਮਜ਼ੋਰ ਮੋਢਿਆਂ ਤੇ ਦੂਹਰੇ ਚਰਿੱਤਰ ਦੇ ਲੋਕਾਂ ਉੱਪਰ ਆ ਪਈ। ਸਿੱਟਾ ਇਹ ਹੋਇਆ ਕਿ ਸੈਨਾਪਤੀ ਦਾ ਪਦ ਯਸ਼ ਪਾਲ ਨੇ ਹਥਿਆ ਲਿਆ ਤੇ ਫੇਰ ਨਾਟਕੀ ਢੰਗ ਨਾਲ ਗਿਰਫਤਾਰ ਹੋ ਕੇ ਜੇਲ੍ਹ ਚਲਾ ਗਿਆ। ਸੋ ਨੇਤਰੀਤਵ ਦੀ ਕਮੀ ਕਰਕੇ ਦਲ ਖਿੱਲਰ-ਪੁਲਰ ਗਿਆ।
ਦੇਸ਼ ਦੀ ਬਦਕਿਸਮਤੀ ਇਹ ਕਿ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਖਿੱਲਰ ਜਾਣ ਨਾਲ ਜਿਹੜਾ ਪਾੜ ਬਣਿਆ ਉਹ ਅੱਜ ਤਕ ਭਰਿਆ ਨਹੀਂ ਜਾ ਸਕਿਆ।
ਦਲ ਦੇ ਜਿਹੜੇ ਮੈਂਬਰ ਜੇਲ੍ਹਾਂ ਵਿਚ ਸਨ, ਉਹ ਲੰਮੀ ਕੈਦ ਕੱਟ ਕੇ ਰਿਹਾਅ ਹੋਏ ਤੇ ਲਗਭਗ ਸਾਰੇ ਹੀ ਕਮਿਊਨਿਸਟ ਪਾਰਟੀ ਵਿਚ ਚਲੇ ਗਏ। ਕਮਿਊਨਿਸਟ ਨੇਤਾਵਾਂ ਨੇ ਭਗਤ ਸਿੰਘ ਨੂੰ ਹਮੇਸ਼ਾ ਆਤੰਕਵਾਦੀ ਕਿਹਾ ਤੇ ਇਹ ਮਿਥ ਧਾਰਨਾ ਫ਼ੈਲਾਈ ਕਿ ਉਹਨਾਂ ਦੇ ਸਾਥੀ ਜੇਲ੍ਹ ਵਿਚ ਮਾਰਕਸਵਾਦ ਪੜ੍ਹ ਕੇ ਕਰਾਂਤੀਕਾਰੀ ਬਣੇ ਨੇ ਤੇ ਕਮਿਊਨਿਸਟ ਪਾਰਟੀ ਵਿਚ ਆ ਗਏ ਨੇ। ਇਸ ਨਾਲ ਭਗਤ ਸਿੰਘ ਹੁਰਾਂ ਬਾਰੇ ਇਹ ਭਰਮ ਵੀ ਪੈਦਾ ਹੋਇਆ ਕਿ ਉਹਨਾਂ ਨੇ ਵੀ ਮਾਰਕਸਵਾਦ ਦਾ ਅਧਿਅਨ ਜੇਲ੍ਹ ਵਿਚ ਹੀ ਕੀਤਾ ਯਾਨੀ ਉਹ ਜੇਲ੍ਹ ਜਾਣ ਤੋਂ ਪਹਿਲਾਂ ਮਾਰਕਸਵਾਦੀ ਨਹੀਂ ਸਨ। ਪਰ ਇਤਿਹਾਸਕ ਤੱਥ ਇਹ ਹੈ ਕਿ ਕਾਨ੍ਹਪੁਰ ਜਾਣ ਪਿੱਛੋਂ ਉਹਨਾਂ ਦਾ ਕਰਾਂਤੀਕਾਰੀ ਰੂਪਾਂਤਰਣ ਹੋਇਆ। ਨਾ ਸਿਰਫ ਇਹ ਕਿ ਉਹ ਰਾਸ਼ਟਰਵਾਦੀ ਤੋਂ ਮਾਰਕਸਵਾਦੀ ਬਣੇ ਬਲਕਿ ਸਾਡੇ ਦੇਸ਼ ਵਿਚ ਮਾਰਕਸਵਾਦ ਦੇ ਸਹੀ ਪ੍ਰਵਕਤਾ ਉਹੀ ਸਨ। ਉਹਨਾਂ ਮਾਰਕਸਵਾਦ-ਲੇਨਿਨਵਾਦ ਦਾ ਨਾ ਸਿਰਫ ਅਧਿਅਨ ਕੀਤਾ, ਸਗੋਂ ਉਸਨੂੰ ਜਨਤਾ ਦੇ ਕਰਾਂਤੀਕਾਰੀ ਵਿਹਾਰ ਨਾਲ ਜੋੜ ਕੇ ਰਾਸ਼ਟਰੀ ਰੂਪ ਵੀ ਦਿੱਤਾ। ਜਿਵੇਂ ਚੀਨ ਦੇ ਸੰਦਰਭ ਵਿਚ ਮਾਓ ਤਸੇ ਤੁੜ ਵਿਚਾਰਧਾਰਾ, ਮਾਰਕਸਵਾਦ-ਲੇਨਿਨਵਾਦ ਦਾ ਰਾਸ਼ਟਰੀ ਰੂਪ ਹੈ—ਉਸੇ ਤਰ੍ਹਾਂ ਭਾਰਤ ਦੇ ਸੰਦਰਭ ਵਿਚ ਭਗਤ ਸਿੰਘ ਵਿਚਾਰਧਾਰਾ, ਮਾਰਕਸਵਾਦ-ਲੇਨਿਨਵਾਦ ਦਾ ਭਾਰਤੀ ਰੂਪ ਹੈ। ਵਿਵੇਕਾਨੰਦ ਉੱਨੀਵੀਂ ਸਦੀ ਦੇ ਅੰਤ ਵਿਚ ਸਾਡੇ ਵਿਚਾਰ ਨੂੰ ਵਿਕਸਤ ਕਰਕੇ ਜਿੱਥੋਂ ਤਕ ਪਹੁੰਚਾ ਗਏ ਸਨ, ਭਗਤ ਸਿੰਘ ਨੇ ਉਸਨੂੰ ਉੱਥੋਂ ਅੱਗੇ ਤੋਰਿਆ, ਵਿਕਸਤ ਕੀਤਾ। ਭਗਤ ਸਿੰਘ ਉਹ ਪਹਿਲੇ ਕਰਾਂਤੀਕਾਰੀ ਹਨ, ਜਿਹਨਾਂ ਨੇ ਆਪਣੇ ਨਾਸਤਕ ਬਣਨ ਦੀ ਪ੍ਰਕਿਰਿਆ ਨੂੰ ਤਰਕਸੰਗਤ ਤੇ ਵਿਗਿਆਨਕ ਢੰਗ ਨਾਲ ਪੇਸ਼ ਕੀਤਾ। ਨਾਸਤਕ ਉਹ ਜੇਲ੍ਹ ਜਾਣ ਤੋਂ ਪਹਿਲਾਂ ਹੀ ਬਣ ਚੁੱਕੇ ਸਨ ਤੇ ਜੇਲ੍ਹ ਜਾਣ ਤੋਂ ਪਹਿਲਾਂ ਹੀ 'ਹਿੰਦੁਸਤਾਨ ਪਰਜਾਤੰਤਰ ਸੰਘ' ਦੇ ਨਾਲ 'ਸਮਾਜਵਾਦੀ' ਸ਼ਬਦ ਜੋੜ ਕੇ ਮਾਰਕਸਵਾਦ ਦੇ ਸਿਧਾਤਾਂ ਅਨੁਸਾਰ ਨਵੇਂ ਸਮਾਜ ਦੇ ਨਿਰਮਾਣ ਵੱਲ ਸਰਵਹਾਰਾ ਦੇ ਅਧੀਨਾਇਕਤਵ ਵਾਲੀ ਗੱਲ ਉਹਨਾਂ ਕਹਿ ਦਿੱਤੀ ਸੀ। ਸੰਪਰਦਾਇਕ ਸਮੱਸਿਆ, ਅਛੂਤ ਸਮੱਸਿਆ, ਭਾਸ਼ਾ ਸਮੱਸਿਆ ਆਦੀ ਉੱਪਰ ਉਹਨਾਂ ਜਿਹੜੇ ਲੇਖ ਲਿਖੇ ਹਨ ਤੇ ਸਾਡੀ ਆਜ਼ਾਦੀ ਦੀ ਲੜਾਈ ਦੇ ਵੱਖ-ਵੱਖ ਅੰਦੋਲਨਾਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਹੈ, ਉਹ ਉਹਨਾਂ ਦੇ ਮਾਰਕਸਵਾਦੀ ਹੋਣ ਦੇ ਅਕੱਟ ਪ੍ਰਮਾਣ ਹਨ। ਸੱਚਾਈ ਇਹ ਹੈ ਕਿ ਔਖੇ ਸੰਘਰਸ਼ ਦੇ ਨਾਲ ਉਹਨਾਂ ਜੇਲ੍ਹ ਵਿਚ ਵੀ ਅਧਿਅਨ ਤੇ ਮਨਨ ਦਾ ਸਿਲਸਿਲਾ ਜਾਰੀ ਰੱਖਿਆ ਤੇ ਇਸ ਅਧਿਅਨ ਦੇ ਸਿੱਟੇ ਵਜੋਂ 'ਡਰੀਮ ਲੈਂਡ' ਦੀ ਭੂਮਿਕਾ ਤੇ 'ਕੌਮ ਦੇ ਨਾਂ ਸੰਦੇਸ਼' ਵਰਗੇ ਮਹੱਤਵਪੂਰਨ ਦਸਤਾਵੇਜ਼ ਅਮਾਣਤ ਦੇ ਤੌਰ ਉੱਤੇ ਪਿੱਛੇ ਛੱਡ ਗਏ।
ਕਮਿਊਨਿਸਟ ਨੇਤਾਵਾਂ ਨੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਆਤੰਕਵਾਦੀ ਤੇ ਖ਼ੁਦ ਨੂੰ ਮਾਰਕਸਵਾਦੀ ਦੱਸ ਕੇ ਕਰਾਂਤੀਕਾਰੀ ਹੋਣ ਦਾ ਜਿਹੜਾ ਤੰਬੂ ਤਾਣਿਆ ਤੇ 'ਹਿੰਦੁਸਤਾਨ ਪਰਜਾਤੰਤਰ ਸੰਘ' ਦੇ ਖਿੱਲਰ ਜਾਣ ਕਰਕੇ ਜਿਹੜਾ ਪਾੜ ਬਣਿਆ, ਉਹ ਇਸੇ ਕਾਰਨੇ ਅੱਜ ਤਕ ਨਹੀਂ ਭਰ ਸਕਿਆ। ਭਗਤ ਸਿੰਘ ਤੇ ਉਹਨਾਂ ਦੇ ਸਾਥੀ ਕਰਨੀਂ ਪੱਖੋਂ ਮਾਰਕਸਵਾਦੀ ਸਨ ਤੇ ਕਰਨੀਂ ਕਰਕੇ ਹੀ ਕਰਾਂਤੀਕਾਰੀ ਹਨ। ਇਸ ਦੇ ਉਲਟ ਕਮਿਊਨਿਸਟ ਨੇਤਾ ਸਿਰਫ ਕੱਥਨੀਂ ਦੇ ਮਾਰਕਸਵਾਦੀ ਤੇ ਕੱਥਨੀਂ ਦੇ ਹੀ ਕਰਾਂਤੀਕਾਰੀ ਸਨ ਤੇ ਹਨ। ਕਮਿਊਨਿਸਟ ਨੇਤਾਵਾਂ ਨੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਲਈ ਕਾਹਲੇ ਤੇ ਆਤੰਕਵਾਦੀ ਦੱਸਿਆ ਕਿ ਉਹਨਾਂ ਲੋਕਾਂ ਨੇ ਕਰਾਂਤੀ ਦੀਆਂ ਸਥਿਤੀਆਂ ਬਣਨ ਤੋਂ ਪਹਿਲਾਂ ਹੀ ਪਸਤੌਲ ਤੇ ਬੰਬ ਦਾ ਰਾਹ ਅਪਣਾਅ ਲਿਆ ਜਦਕਿ ਇਹ ਲੋਕ, ਸਥਿਤੀ ਬਣਨ ਦੀ ਉਡੀਕ ਕਰਦੇ ਕਰਦੇ ਬੁੱਢੇ ਹੁੰਦੇ ਤੇ ਮਰਦੇ ਰਹੇ...ਤੇ ਮਰ ਰਹੇ ਹਨ, ਪਰ ਸਥਿਤੀ ਅਜੇ ਤਕ ਨਹੀਂ ਬਣੀ ਤੇ ਨਾ ਹੀ ਸ਼ਾਇਦ ਕਦੀ ਬਣੇਗੀ ਹੀ— ਵੈਸੇ ਸੰਸਦ ਦਾ ਰਾਹ ਅਪਣਾਅ ਲੈਣ ਪਿੱਛੋਂ ਉਸਦੀ ਲੋੜ ਵੀ ਕਿੱਥੇ ਤੇ ਕਿਸਨੂੰ ਰਹਿ ਗਈ ਹੈ?
ਕਮਿਊਨਿਸਟ ਨੇਤਾਵਾਂ ਦੀ ਕਰਨੀਂ ਤੇ ਕੱਥਨੀਂ ਵਿਚ ਜਿਹੜਾ ਅੰਤਰ ਸੀ, ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਉਹ ਚੰਗੀ ਤਰ੍ਹਾਂ ਸਮਝ ਲਿਆ ਸੀ, ਇਸੇ ਲਈ ਉਹ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਨਹੀਂ ਹੋਏ ਤੇ ਇਸੇ ਲਈ 'ਨੌਜਵਾਨ ਭਾਰਤ ਸਭਾ' ਵਿਚ ਉਹਨਾਂ ਨਾਲ ਜਿਹੜਾ ਸਾਂਝਾ ਮੋਰਚਾ ਬਣਿਆ ਸੀ, ਉਹ ਵਧੇਰੇ ਦਿਨ ਤਕ ਨਹੀਂ ਸੀ ਚੱਲ ਸਕਿਆ। ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਾਂਗਰਸ ਵਾਂਗ ਕਮਿਊਨਿਸਟ ਪਾਰਟੀ ਦੀ ਭਾਵੇਂ ਕਦੀ ਆਲੋਚਨਾ ਨਹੀਂ ਕੀਤੀ, ਪਰ ਉਸਨੂੰ ਕਰਾਂਤੀਕਾਰੀ ਪਾਰਟੀ ਵੀ ਸਵੀਕਾਰ ਨਹੀਂ ਕੀਤਾ। ਕੀਤਾ ਹੁੰਦਾ ਤਾਂ ਉਹਨਾਂ ਜੇਲ੍ਹ ਵਿਚ ਕਾਂਗਰਸ ਨਾਲੋਂ ਵੱਖ ਆਪਣੀ ਇਕ ਸੁਤੰਤਰ ਹੋਂਦ ਰੱਖਣ ਵਾਲੀ ਕਰਾਂਤੀਕਾਰੀ ਪਾਰਟੀ ਤੇ ਕਰਾਂਤੀਕਾਰੀ ਕਾਰਜ-ਕਰਮ ਦਾ ਜਿਹੜਾ ਮੁੱਢਲਾ ਰੂਪ ਤਿਆਰ ਕੀਤਾ ਸੀ, ਉਸਨੂੰ ਤਿਆਰ ਕਰਨ ਦੀ ਲੋੜ ਨਾ ਪੈਂਦੀ।
ਕਮਿਊਨਿਸਟ ਨੇਤਾਵਾਂ ਨੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਪ੍ਰਸਿੱਧੀ ਦਾ ਲਾਭ ਤਾਂ ਲਿਆ, ਪਰ ਆਪਣੀ ਜਵਾਨੀ ਬਲੀ-ਵੇਦੀ ਉੱਪਰ ਧੂਫ-ਬੱਤੀ ਵਾਂਗ ਬਾਲ ਕੇ ਉਹਨਾਂ ਨੇ ਕਰਾਂਤੀ ਦਾ ਜਿਹੜਾ ਰਾਹ ਵਿਖਾਇਆ ਸੀ, ਇਹਨਾਂ ਨੇਤਾਵਾਂ ਵਿਚ ਉਸ ਉੱਤੇ ਚੱਲਣ ਦਾ ਨਾ ਹੌਸਲਾ ਸੀ ਤੇ ਨਾ ਹੀ ਅਕਲ ਸੀ। ਹੋਇਆ ਇਹ ਕਿ ਭਗਤ ਸਿੰਘ ਦੇ ਜਿਹੜੇ ਸਾਥੀ ਜੇਲ੍ਹਾਂ ਵਿਚੋਂ ਰਿਹਾਅ ਹੋ ਕੇ ਕਮਿਊਨਿਸਟ ਪਾਰਟੀ ਵਿਚ ਆਏ, ਉਹਨਾਂ ਨੇ ਵੀ ਕਰਾਂਤੀਕਾਰੀ ਭੂਮਿਕਾ ਨਹੀਂ ਨਿਭਾਈ ਸਗੋਂ ਲੂਣ ਦੀ ਖਾਣ ਵਿਚ ਆ ਕੇ ਲੂਣ ਬਣ ਗਏ।
ਕਰਾਂਤੀ ਇਕ ਸੰਪੂਰਨ ਪ੍ਰਕਿਰਿਆ ਹੈ। ਕਰਾਂਤੀਕਾਰੀ ਪਾਰਟੀ ਨੇ ਨਾ ਸਿਰਫ ਰਾਜਨੀਤੀ ਵਿਚ ਬਲਕਿ ਜੀਵਨ ਦੇ ਹਰ ਖੇਤਰ ਵਿਚ ਕਰਾਂਤੀਕਾਰੀ ਭੂਮਿਕਾ ਨਿਭਾਉਣੀ ਹੁੰਦੀ ਹੈ। ਤੇ ਭੂਮਿਕਾ ਨਿਭਾਉਣ ਲਈ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਪੈਂਦਾ ਹੈ। ਸਮਾਜ ਤੇ ਉਸਦੀ ਵਿਕਾਸ ਪ੍ਰਕਿਰਿਆ ਨੂੰ ਜਦੋਂ ਤਕ ਸਮਝ ਨਾ ਲਿਆ ਜਾਏ, ਸਮੱਸਿਆਵਾਂ ਦਾ ਹੱਲ ਕੱਢਣਾ ਸੌਖਾ ਨਹੀਂ। ਭਗਤ ਸਿੰਘ ਨੇ ਲਿਖਿਆ ਹੈ...:
“ਕਿਸੇ ਦੇਸ਼ ਜਾਂ ਸਮਾਜ ਦੀ ਪਛਾਣ ਕਰਨ ਲਈ ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਦੀ ਜਾਣਕਾਰੀ ਸਭ ਤੋਂ ਵੱਧ ਜ਼ਰੂਰੀ ਹੈ ਕਿਉਂ ਸਮਾਜ ਦੇ ਪ੍ਰਾਣਾ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿਚੋਂ ਹੀ ਝਲਕਦੀ ਹੈ।”
ਇਤਿਹਾਸ ਉਪਰੋਕਤ ਕਥਨ ਦਾ ਗਵਾਹ ਹੈ। ਕਿਸੇ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਹੁੰਦਾ ਹੈ, ਠੀਕ ਉਸੇ ਪਾਸੇ ਦੇਸ਼ ਵੀ ਵਧ ਰਿਹਾ ਹੁੰਦਾ ਹੈ। ਕਿਸੇ ਵੀ ਕੌਮ ਦੀ ਤਰੱਕੀ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ, ਜਿਵੇਂ ਜਿਵੇਂ ਦੇਸ਼ ਦਾ ਸਾਹਿਤ ਵਿਕਾਸ ਕਰਦਾ ਹੈ, ਤਿਵੇਂ ਤਿਵੇਂ ਦੇਸ਼ ਵਿਚ ਦੇਸ਼-ਭਗਤਾਂ ਦੀ ਤਾਦਾਦ ਵਧਦੀ ਹੈ...ਭਾਵੇਂ ਉਹ ਨਿਰੇ ਸੁਧਾਰਕ ਹੋਣ ਜਾਂ ਰਾਜਨੀਤਕ ਨੇਤਾ, ਸਭ ਤੋਂ ਵੱਧ ਧਿਆਨ ਦੇਸ਼ ਦੇ ਸਾਹਿਤ ਉੱਪਰ ਹੀ ਦੇਂਦੇ ਨੇ। ਜੇ ਉਹ ਸਮਾਜਕ ਮੁੱਦਿਆਂ ਉੱਪਰ ਪ੍ਰਸਥਿਤੀਆਂ ਅਨੁਸਾਰ ਨਵੇਂ ਸਾਹਿਤ ਦੀ ਰਚਨਾ ਨਹੀਂ ਕਰਦੇ ਤਾਂ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਿਸਫਲ ਰਹਿ ਜਾਂਦੀਆਂ ਹਨ ਤੇ ਉਹਨਾਂ ਦੇ ਕੰਮ ਸਥਾਈ ਰੂਪ ਨਹੀਂ ਲੈ ਸਕਦੇ।” (ਪੰਜਾਬ ਦੀ ਭਾਸ਼ਾ ਤੇ ਲਿੱਪੀ ਦੇ ਵਿਕਾਸ ਵਿਚੋਂ)।
ਤੇ ਮਾਓ ਤਸੇ ਤੁੜ ਨੇ ਲਿਖਿਆ ਹੈ...:
“ਚੀਨੀ ਜਨਤਾ ਦੀ ਮੁਕਤੀ ਲਈ ਕੀਤੇ ਜਾਣ ਵਾਲੇ ਸਾਡੇ ਸੰਘਰਸ਼ ਵਿਚ ਵੱਖੋ-ਵੱਖਰੀ ਤਰ੍ਹਾਂ ਦੇ ਮੋਰਚੇ ਮੌਜ਼ੂਦ ਹਨ, ਇਹਨਾਂ ਵਿਚ ਕਲਮ ਦਾ ਮੋਰਚਾ ਹੈ ਤੇ ਬੰਦੂਕ ਦਾ ਮੋਰਚਾ ਵੀ ਹੈ—ਯਾਨੀ ਸਾਂਸਕਰੀਤਕ ਮੋਰਚਾ ਤੇ ਫ਼ੌਜੀ ਮੋਰਚਾ ਵੀ। ਦੁਸ਼ਮਣ ਨੂੰ ਲਿਤਾੜਨ ਲਈ ਸਾਨੂੰ ਮੁੱਖ ਰੂਪ ਵਿਚ ਬੰਦੂਕਧਾਰੀ ਸੈਨਾ 'ਤੇ ਨਿਰਭਰ ਰਹਿਣਾ ਚਾਹੀਦਾ ਹੈ। ਪਰ ਸਿਰਫ ਇਹੋ ਸੈਨਾ ਕਾਫੀ ਨਹੀਂ, ਸਾਡੇ ਕੋਲ ਇਕ ਸਾਂਸਕਰੀਤਕ ਸੈਨਾ ਵੀ ਹੋਣੀ ਚਾਹੀਦੀ ਹੈ, ਜਿਹੜੀ ਸਾਡੀਆਂ ਆਪਣੀਆਂ ਕਤਾਰਾਂ ਨੂੰ ਸਿੱਧਾ ਰੱਖਣ ਤੇ ਦੁਸ਼ਮਣ ਨੂੰ ਭਾਂਜ ਦੇਣ ਲਈ ਅਤੀ ਜ਼ਰੂਰੀ ਹੈ। 4 ਮਈ ਦੇ ਅੰਦੋਲਨ ਵਿਚ ਇਹ ਦੋਹੇਂ ਸੈਨਾਵਾਂ ਹੋਂਦ ਵਿਚ ਆਈਆਂ ਤੇ ਇਹਨਾਂ ਚੀਨੀ ਕਰਾਂਤੀ ਦੀ ਸਹਾਇਤਾ ਕੀਤੀ ਹੈ। ਚੀਨ ਦੀ ਸਾਮੰਤੀ ਸੰਸਕਰੀਤੀ ਤੇ ਸਾਮਰਾਜਵਾਦੀ ਹਮਲਾਵਰਾਂ ਦੀ ਸੇਵਾ ਕਰਨ ਵਾਲੀ ਦਲਾਲ ਸੰਸਕਰੀਤੀ ਦੇ ਪ੍ਰਭਾਵ ਖੇਤਰ ਨੂੰ ਪੈਰ-ਪੈਰ ਉੱਪਰ ਭਾਂਜ ਦਿੱਤੀ ਤੇ ਉਹਨਾਂ ਦੀ ਸ਼ਕਤੀ ਨੂੰ ਪੈਰ-ਪੈਰ ਉੱਤੇ ਘਟਾਇਆ ਹੈ।” (ਯੇਨਾਨ ਦੀ ਕਲਾ ਸਾਹਿਤ ਗੋਸ਼ਠੀ ਵਿਚ ਭਾਸ਼ਣ)।
ਪਰ ਸਾਡੀ ਕਮਿਊਨਿਸਟ ਪਾਰਟੀ ਨੇ ਨਾ ਬੰਦੂਕਧਾਰੀ ਸੈਨਾ ਤਿਆਰ ਕੀਤੀ ਤੇ ਨਾ ਸਾਂਸਕਰੀਤਕ ਸੈਨਾ ਤਿਆਰ ਕੀਤੀ। ਸ਼ਾਇਦ ਉਹ ਜਨਕਰਾਂਤੀ ਦੇ ਪੱਕੇ ਪੈਰੀਂ ਹੋ ਜਾਣ 'ਤੇ ਆਪਣੇ ਆਪ ਤਿਆਰ ਹੋ ਜਾਂਦੀ। ਸੰਸਕਰੀਤੀ ਤੇ ਸਾਹਿਤ ਬਾਰੇ ਸਾਡੇ ਕਮਿਊਨਿਸਟ ਨੇਤਾਵਾਂ ਦਾ ਜਿਹੜਾ ਵਤੀਰਾ ਸੀ, ਉਸਨੂੰ ਸਮਝਣ ਲਈ ਇਹ ਉਦਾਹਰਨ ਦੇਖੋ...:
1956 ਵਿਚ ਜਦੋਂ ਪਾਰਟੀ ਇਕ ਸੀ ਤੇ ਸਾਹਿਤ ਦੇ ਪ੍ਰਗਤੀਸ਼ੀਲ ਅੰਦੋਲਨ ਨੇ ਆਪਣੇ ਅੰਤਰ-ਵਿਰੋਧਾਂ ਕਾਰਨ ਇਕ ਬੰਦ ਗਲੀ ਵਿਚ ਜਾ ਕੇ ਦਮ ਤੋੜ ਦਿੱਤਾ ਸੀ ਤਾਂ ਮੈਂ ਪਾਰਟੀ ਦੇ ਮੁੱਖ ਸਕੱਤਰ ਅਜੇ ਘੋਸ਼ ਤੋਂ ਪੁੱਛਿਆ ਸੀ...“ਕਾਮਰੇਡ! ਤੁਸੀਂ ਲੋਕ ਸਾਂਸਕਰੀਤਕ ਮੋਰਚੇ ਵੱਲ ਧਿਆਨ ਕਿਉਂ ਨਹੀਂ ਦੇ ਰਹੇ?” ਅਜੇ ਘੋਸ਼ ਦਾ, ਜਿਹੜੇ ਲਾਹੌਰ ਪੜਯੰਤਰ ਕੇਸ ਵਿਚ ਭਗਤ ਸਿੰਘ ਦੇ ਸਾਥੀ ਸਨ, ਉਤਰ ਸੀ...“ਸਾਨੂੰ ਟਰੇਡ ਯੂਨੀਅਨ ਤੋਂ ਹੀ ਫ਼ੁਰਸਤ ਨਹੀਂ।” ਤੁਹਾਨੂੰ ਹੈਰਾਨੀ ਹੋਏਗੀ ਕਿ ਦਸ ਸਾਲ ਬਾਅਦ ਯਾਨੀ 1966 ਵਿਚ ਜਦੋਂ ਪਾਰਟੀ ਦੀ ਵੰਡ ਹੋ ਚੁੱਕੀ ਸੀ, ਮੈਂ ਇਹੀ ਸਵਾਲ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਪੀ. ਸੁੰਦਰੈਯਾ ਤੋਂ ਪੁੱਛਿਆ ਤਾਂ ਉਹਨਾਂ ਵੀ ਐਨ ਉਹੀ ਉਤਰ ਦਿੱਤਾ...“ਸਾਨੂੰ ਟਰੇਡ ਯੂਨੀਅਨ ਤੋਂ ਹੀ ਫ਼ੁਰਸਤ ਨਹੀਂ।”
ਦੇਸ਼ ਵਿਚ ਟਰੇਡ ਯੂਨੀਅਨ ਦੀ ਜੋ ਹਾਲਤ ਹੈ, ਉਹ ਵੀ ਕਿਸੇ ਤੋਂ ਲੁਕੀ ਨਹੀਂ ਹੋਈ। ਇਕ-ਇਕ ਕਾਰਖ਼ਾਨੇ ਵਿਚ ਪੰਜ-ਪੰਜ ਯੂਨੀਅਨਾਂ ਹਨ ਤੇ ਮਜ਼ਦੂਰ ਪੰਜਾਂ ਨੂੰ ਚੰਦਾ ਦੇ ਦੇਂਦੇ ਹਨ। ਵੱਖ-ਵੱਖ ਪਾਰਟੀਆਂ ਤੇ ਮੌਕਾ-ਪ੍ਰਸਤਾਂ ਨੇ ਟਰੇਡ ਯੂਨੀਅਨ ਨੂੰ ਧੰਦਾ ਬਣਾਇਆ ਹੋਇਆ ਹੈ। ਕਮਿਊਨਿਸਟਾਂ ਦੀਆਂ ਯੂਨੀਅਨਾਂ ਵੀ ਹੋਰਨਾਂ ਯੂਨੀਅਨਾਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ। ਇੰਜ ਵੀ ਹੋਇਆ ਹੈ ਕਿ ਜਿਹੜੀਆਂ ਮਜ਼ਦੂਰ ਯੂਨੀਅਨਾਂ ਕਮਿਊਨਿਸਟਾਂ ਨੇ ਬਣਾਈਆਂ, ਉਹ, ਉਹਨਾਂ ਦੇ ਹੱਥੋਂ ਨਿਕਲ ਕੇ ਮੌਕਾ-ਪ੍ਰਸਤਾਂ ਦੇ ਹੱਥੇ ਚੜ੍ਹ ਗਈਆਂ। ਕਾਰਨ ਇਹ ਕਿ ਮਜ਼ਦੂਰਾਂ ਨੂੰ ਰਾਜਨੀਤੀ ਤੇ ਵਰਗ-ਸੰਘਰਸ਼ ਤੋਂ ਪਰ੍ਹੇ ਲੈ ਜਾ ਕੇ ਅਰਥਵਾਦ ਦੇ ਚੱਕਰ ਵਿਚ ਪਾ ਦਿੱਤਾ ਗਿਆ। ਸਿੱਟਾ ਇਹ ਕਿ ਵਰਗ-ਚੇਤਨਾਂ ਵਿਕਸਤ ਹੋਣ ਦੀ ਬਜਾਏ ਠੁੱਸ ਹੋ ਗਈ। ਭਗਤ ਸਿੰਘ ਦਾ ਇਕ ਲੇਖ ਹੈ...'ਸੰਪਰਦਾਇਕ ਦੰਗੇ ਔਰ ਉਨਕਾ ਇਲਾਜ' ਜਿਸ ਵਿਚ ਉਹ ਲਿਖਦੇ ਹਨ...:
“ਇਹਨਾਂ ਦੰਗਿਆਂ ਵਿਚ ਵੈਸੇ ਤਾਂ ਬੜੇ ਨਿਰਾਸ਼ਾਮਈ ਸਮਾਚਾਰ ਸੁਣਨ ਵਿਚ ਆਉਂਦੇ ਹਨ, ਪਰ ਕਲਕੱਤੇ ਦੇ ਦੰਗਿਆਂ ਵਿਚ ਬੜੀ ਖੁਸ਼ੀ ਦੀ ਇਕ ਗੱਲ ਸੁਣਨ ਵਿਚ ਆਈ, ਉਹ ਇਹ ਕਿ ਉੱਥੇ ਦੰਗਿਆਂ ਵਿਚ ਟਰੇਡ ਯੂਨੀਅਨ ਦੇ ਮਜ਼ਦੂਰਾਂ ਨੇ ਹਿੱਸਾ ਨਹੀਂ ਲਿਆ ਤੇ ਨਾ ਉਹ ਆਪੋ ਵਿਚ ਗੁੱਥਮ-ਗੁੱਥਾ ਹੀ ਹੋਏ, ਬਲਕਿ ਸਾਰੇ ਹਿੰਦੂ-ਮੁਸਲਮਾਨ ਬੜੇ ਪਰੇਮ ਨਾਲ ਕਾਰਖ਼ਾਨਿਆਂ ਆਦੀ ਵਿਚ ਉਠਦੇ-ਬੈਠਦੇ ਤੇ ਦੰਗੇ ਰੋਕਣ ਲਈ ਯਤਨ ਵੀ ਕਰਦੇ ਰਹੇ। ਉਹ ਇਸ ਲਈ ਕਿ ਉਹਨਾਂ ਵਿਚ ਵਰਗ-ਚੇਤਨਾ ਸੀ ਤੇ ਉਹ ਆਪਣੇ ਵਰਗ-ਹਿਤ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ। ਵਰਗ-ਚੇਤਨਾ ਇਕ ਅਜਿਹਾ ਸੁੰਦਰ ਰਸਤਾ ਹੈ, ਜਿਹੜਾ ਸੰਪਰਦਾਇਕ ਦੰਗੇ ਰੋਕ ਸਕਦਾ ਹੈ।”
ਪਰ ਅੱਜ ਸਥਿਤੀ ਇਹ ਹੈ ਕਿ ਅਹਿਮਦਾਬਾਦ ਤੇ ਇੰਦੌਰ ਵਰਗੇ ਉਦਯੋਗਿਕ ਨਗਰਾਂ ਵਿਚ ਦੰਗੇ ਹੁੰਦੇ ਹਨ ਤਾਂ ਉਹਨਾਂ ਵਿਚ ਮਜ਼ਦੂਰ ਵੀ ਹਿੱਸਾ ਲੈਂਦੇ ਹਨ ਤੇ ਆਪੋ ਵਿਚ ਗੁੱਥਮ-ਗੁੱਥਾ ਹੁੰਦੇ ਹਨ—ਲੁੱਟ-ਮਾਰ ਸਾੜ-ਫੂਕ ਤੇ ਭੰਨ-ਤੋੜ ਕਰਦੇ ਹਨ। ਕਮਿਊਨਿਸਟ ਨੇਤਾ ਇਹ ਕਹਿ ਕੇ ਪਿੰਡ ਛੁਡਾਅ ਲੈਂਦੇ ਹਨ ਕਿ ਦੰਗੇ ਜਨਸੰਘ ਜਾਂ ਰਾਸ਼ਟਰੀ ਸਵੈਸੇਵਕ ਸੰਘ ਨੇ ਕਰਵਾਏ ਹਨ। ਸਵਾਲ ਇਹ ਹੈ ਕਿ ਜਨਸੰਘ ਜਾਂ ਰਾਸ਼ਟਰੀ ਸਵੈਸੇਵਕ ਸੰਘ ਏਨਾਂ ਸ਼ਕਤੀਸ਼ਾਲੀ ਕਿੰਜ ਹੋ ਗਿਆ ਕਿ ਉਹ ਉਦਯੋਗਿਕ ਨਗਰਾਂ ਵਿਚ ਸੰਪਰਾਇਕ ਦੰਗਾ ਭੜਕਾਅ ਸਕਦਾ ਹੈ। ਤੁਸਾਂ ਲੋਕਾਂ ਮਜ਼ਦੂਰਾਂ ਵਿਚ ਤੇ ਆਮ ਜਨਤਾ ਵਿਚ ਵਰਗ-ਚੇਤਨਾ ਕਿਉਂ ਨਹੀਂ ਵਿਕਸਤ ਕੀਤੀ?
ਅਸਲੀਅਤ ਇਹ ਹੈ ਕਿ ਕਮਿਊਨਿਸਟ ਨੇਤਾਵਾਂ ਨੇ ਸੰਪਰਦਾਇਕਤਾ ਨੂੰ ਘਟਾਉਣ ਦੀ ਬਜਾਏ ਸ਼ਹਿ ਦਿੱਤੀ। ਉਹ, ਜਦੋਂ ਦੀ ਪਾਰਟੀ ਬਣੀ ਹੈ ਉਦੋਂ ਦੇ, ਇਹ ਘਿਸਿਆ-ਪਿਟਿਆ ਵਾਕ ਦੁਹਰਾ ਰਹੇ ਹਨ ਕਿ ਬਹੁ-ਸੰਖਿਅਕਾਂ ਦੀ ਸੰਪਰਦਾਇਕਤਾ ਅਲਪ-ਸੰਖਿਅਕਾਂ ਨਾਲੋਂ ਵਧ ਖਤਰਨਾਕ ਹੈ। ਸੰਪਰਦਾਇਕਤਾ ਬਹੁ-ਸੰਖਿਅਕਾਂ ਦੀ ਹੋਵੇ ਭਾਵੇਂ ਅਲਪ-ਸੰਖਿਅਕਾਂ ਦੀ, ਕਰਾਂਤੀ-ਵਿਰੋਧੀ ਹੁੰਦੀ ਹੈ ਤੇ ਵਰਗ-ਚੇਤਨਾ ਨੂੰ ਠੁੱਸ ਕਰ ਦੇਂਦੀ ਹੈ, ਇਸ ਲਈ ਹਰ ਦੇਸ਼ ਦੇ ਸੋਸ਼ਕ-ਹੁਕਮਰਾਨ ਕਿਸੇ ਨਾ ਕਿਸੇ ਰੂਪ ਵਿਚ ਦੰਗੇ ਭੜਕਾਉਂਦੇ ਰਹਿੰਦੇ ਹਨ। ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਸਾਡੇ ਦੇਸ਼ ਦੀ ਜਨਤਾ ਨੂੰ ਧਰਮ ਦੇ ਆਧਾਰ ਉੱਪਰ ਹਿੰਦੂ ਬਹੁ-ਸੰਖਿਅਕ, ਮੁਸਲਮਾਨ ਅਲਪ-ਸੰਖਿਅਕ; ਸਿੱਖ ਅਲਪ-ਸੰਖਿਅਕ ਤੇ ਈਸਾਈ ਅਲਪ-ਸੰਖਿਅਕ ਵਿਚ ਵੰਡਿਆ ਤੇ ਇਸੇ ਆਧਾਰ ਉੱਤੇ ਉਹਨਾਂ ਦੀ ਭਾਸ਼ਾ ਤੇ ਸੰਸਕਰੀਤੀ ਨੂੰ ਵੱਖ-ਵੱਖ ਦੱਸ ਕੇ ਸੌੜੀ ਸੰਸਕਰੀਤੀ (ਕੰਪੋਜਿਟ ਕਲਚਰ) ਦਾ ਸਿਧਾਂਤ ਚਲਾਇਆ, ਇਹੀ ਸੰਪਰਦਾਇਕਤਾ ਦੀ ਅਸਲ ਬੁਨਿਆਦ ਹੈ। ਇਸ ਧਾਰਮਕ-ਵੰਡ ਨੂੰ ਖਤਮ ਕਰਨਾ ਹੀ ਸੰਪਰਦਾਇਕਤਾ ਦਾ ਇਕੋ ਇਕ ਇਲਾਜ਼ ਹੈ ਤੇ ਇਸਨੂੰ ਵਰਗ ਤੇ ਜਾਤੀ (ਉਪਰਾਸ਼ਟਰੀਤਾ) ਦਾ ਆਧਾਰ ਬਣਾ ਕੇ ਹੀ ਖਤਮ ਕੀਤਾ ਜਾ ਸਕਦਾ ਹੈ। ਪਰ ਕਮਿਊਨਿਸਟ ਨੇਤਾਵਾਂ ਨੇ ਸੰਪਰਦਾਇਕਤਾ ਲਈ ਬਹੁ-ਸੰਖਿਅਕਾਂ ਨੂੰ ਦੋਸ਼ੀ ਦੱਸ ਕੇ ਤੇ ਅਲਪ-ਸੰਖਿਅਕਾਂ ਦੀ ਸੰਪਰਦਾਇਕਤਾ ਨੂੰ ਅੱਖੋਂ ਪਰੋਖੇ ਕਰਕੇ ਇਸਨੂੰ ਖਤਮ ਕਰਨ ਦੀ ਬਜਾਏ ਸ਼ਹਿ ਦਿੱਤੀ। ਭਾਸ਼ਾ ਤੇ ਸੰਸਕਰੀਤੀ ਦਾ ਧਰਮ ਨਾਲ ਕੋਈ ਸੰਬੰਧ ਨਹੀ, ਪਰ ਕਮਿਊਨਿਸਮਟ ਨੇਤਾਵਾਂ ਨੇ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਮੰਨ ਕੇ ਫਾਰਸੀ ਲਿੱਪੀ ਵਿਚ ਉਸਦੀ ਰੱਖਿਆ ਦੀ ਗੱਲ ਕੀਤੀ ਤੇ ਕਰਦੇ ਆ ਰਹੇ ਹਨ। ਉਹਨਾਂ ਨੇ ਮੁਸਲਮਾਨਾਂ ਨੂੰ ਧਰਮ ਦੇ ਆਧਾਰ ਉੱਤੇ ਇਕ ਜਾਤੀ ਮੰਨ ਕੇ ਤੇ ਉਹਨਾਂ ਦੀ ਵੱਖਰੀ ਸੰਸਕਰੀਤੀ ਮੰਨ ਕੇ ਪਾਕਿਸਤਾਨ ਦੇ ਵੱਖ ਹੋਣ ਦੀ ਮੰਗ ਦਾ ਸਿਰਫ ਸਮਰਥਨ ਹੀ ਨਹੀਂ ਕੀਤਾ ਬਲਕਿ ਮੁਸਲਿਮ ਲੀਗ ਨੂੰ ਸੰਗਠਿਤ ਕਰਨ ਤੇ ਮਜ਼ਬੂਤ ਬਣਾਉਣ ਲਈ ਆਪਣੇ ਮੁਸਲਮਾਨ ਕੇਡਰ ਨੂੰ ਉਸ ਵਿਚ ਭੇਜਿਆ। 1946 ਵਿਚ ਜਦੋਂ ਦੇਸ਼ ਵਿਚ ਕਰਾਂਤੀਕਾਰੀ ਉਫ਼ਾਨ ਸੀ, ਮਜ਼ਦੂਰਾਂ, ਕਿਸਾਨਾਂ ਤੇ ਆਮ ਜਨਤਾ ਦੇ ਕਰਾਂਤੀਕਾਰੀ ਸੰਘਰਸ਼ਾਂ ਦਾ ਨੇਤਰੀਤਵ ਕਰਨ ਦੀ ਬਜਾਏ ਪਾਰਟੀ ਨੇ 'ਗਾਂਧੀ ਜਿੱਨਾਹ ਫਿਰ ਮਿਲੇ' ਦਾ ਨਾਅਰਾ ਲਾਇਆ। ਤੇ ਫੇਰ 'ਗਾਂਧੀ' ਨੂੰ 'ਰਾਸ਼ਟਰ-ਪਿਤਾ' ਦੀ ਉਪਾਧੀ ਪਾਰਟੀ ਦੇ ਮਹਾ ਸਕੱਤਰ ਪੂਰਨ ਚੰਦ ਜੋਸ਼ ਨੇ ਦਿੱਤੀ।
ਬਹੁਤ ਸਾਰੀਆਂ ਗੱਲਾਂ ਹਨ, ਵਿਸਥਾਰ ਵਿਚ ਜਾਣ ਦੀ ਗੁੰਜਾਇਸ਼ ਨਹੀਂ। ਸਾਡੇ ਆਜ਼ਾਦੀ ਦੇ ਅੰਦੋਲਨ ਵਿਚ ਕਾਂਗਰਸ ਦੀ ਜਿਹੜੀ ਭੂਮਿਕਾ ਰਹੀ, ਰਾਜ-ਭਗਤ ਮਾਡਰੇਟਾਂ ਤੇ ਦੇਸ਼-ਭਗਤ ਰਾਸ਼ਟਰਵਾਦੀਆਂ ਵਿਚ ਜਿਹੜਾ ਅੰਤਰ ਸੀ, ਕਮਿਊਨਿਸਟ ਨੇਤਾਵਾਂ ਨੇ ਉਸਨੂੰ ਅੱਜ ਤਕ ਨਹੀਂ ਸਮਝਿਆ। ਤੇ ਸਮਝਣ ਦਾ ਯਤਨ ਵੀ ਨਹੀਂ ਕੀਤਾ ਕਿਉਂਕਿ ਸਮਝ ਲੈਣ ਵਿਚ ਬੜਾ ਖਤਰਾ ਹੈ, ਡਾਢਾ ਜੋਖ਼ਮ ਹੈ, ਜਿਸਨੂੰ ਉਹ ਝੱਲਣ ਲਈ ਤਿਆਰ ਨਹੀਂ। ਸਮਝਿਆ ਸੀ ਤਾਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ, ਰਾਸ਼ਟਰਵਾਦੀ ਨੇਤਾਵਾਂ ਨੇ ਆਜ਼ਾਦੀ ਦਾ ਜਿਹੜਾ ਝੰਡਾ ਸੁੱਟ ਦਿੱਤਾ ਸੀ—ਉਹਨਾਂ, ਉਸਨੂੰ ਚੁੱਕ ਕੇ ਅੰਦਰਲੇ ਦੁਸ਼ਮਣਾ ਤੇ ਬਾਹਰੀ ਦੁਸ਼ਮਣਾ ਨਾਲ ਦੋ ਤਰਫ਼ਾ ਜੰਗ ਦਾ ਐਲਾਨ ਕੀਤਾ ਸੀ। ਇਸ ਦੇ ਵਿਪਰੀਤ ਕਮਿਊਨਿਸਟ ਨੇਤਾਵਾਂ ਨੇ ਪਾਰਟੀ ਨੂੰ ਕਾਂਗਰਸ ਦੇ ਆਤਮ-ਸਮਰਪਣਵਾਦੀ ਨੇਤਰੀਤਵ ਦੀ ਪੂਛ ਬਣਾ ਕੇ ਮਾਰਕਸਵਾਦ ਨੂੰ ਨਹਿਰੂਵਾਦ ਵਿਚ ਬਦਲ ਦਿੱਤਾ। ਸਿੱਟਾ ਇਹ ਹੈ ਕਿ ਮਿਹਨਤਕਸ਼ ਜਨਤਾ ਨੂੰ ਸੰਘਰਸ਼ ਵਿਚ ਉਤਾਰਨ ਦੀ ਬਜਾਏ ਕਾਂਗਰਸ ਦੇ ਅੰਦਰੂਨੀ ਪ੍ਰਗਤੀਸ਼ੀਲ ਤੱਤਾਂ ਦੀ ਖੋਜ ਕਰਦੇ ਰਹੇ ਤੇ ਕਰ ਰਹੇ ਹਨ।
ਭਗਤ ਸਿੰਘ ਦਾ ਨਜ਼ਰੀਆ ਸਪਸ਼ਟ ਸੀ। ਕਾਂਗਰਸ ਨੇਤਰੀਤਵ ਵਾਂਗ ਕਮਿਊਨਿਸਟ ਨੇਤਰੀਤਵ ਤੋਂ ਵੀ ਸੰਘਰਸ਼ ਜਾਰੀ ਰੱਖਣ ਤੇ ਕੋਈ ਅਸਰਦਾਰ ਭੂਮਿਕਾ ਅਦਾਅ ਕਰਨ ਦੀ ਉਮੀਦ ਉਹਨਾਂ ਨੂੰ ਨਹੀਂ ਸੀ। ਇਸ ਲਈ ਫਾਂਸੀ ਤੋਂ ਪਹਿਲਾਂ ਆਪਣੀ ਅੰਤਮ ਮੁਲਾਕਾਤ ਵਿਚ ਉਹਨਾਂ ਨੇ ਕਿਹਾ...:
“ਅੰਗਰੇਜ਼ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਨੇ, ਉਹ ਪੰਦਰਾਂ ਸਾਲਾਂ ਵਿਚ ਚਲੇ ਜਾਣਗੇ, ਸਮਝੌਤਾ ਹੋ ਜਾਏਗਾ। ਪਰ ਉਸ ਨਾਲ ਜਨਤਾ ਨੂੰ ਕੋਈ ਲਾਭ ਨਹੀਂ ਹੋਏਗਾ। ਕਾਫੀ ਸਾਲ ਅਫਰਾ-ਤਫਰੀ ਵਿਚ ਬੀਤਣਗੇ। ਉਸ ਪਿੱਛੋਂ ਲੋਕਾਂ ਨੂੰ ਮੇਰੀ ਯਾਦ ਆਏਗੀ।”
ਇਹ ਭਵਿੱਖ ਬਾਣੀ ਸਾਡੀਆਂ ਅੱਖਾਂ ਸਾਹਵੇਂ ਸਹੀ ਸਿੱਧ ਹੋ ਰਹੀ ਹੈ। ਦੇਸ਼ ਵਿਚ ਭਿਅੰਕਰ ਅਫਰਾ-ਤਫਰੀ ਹੈ, ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਦਸਤਾਵੇਜ ਪ੍ਰਕਾਸ਼ਤ ਹੋ ਚੁੱਕੇ ਹਨ। ਦੇਸ਼ ਵਾਸੀ ਉਹਨਾਂ ਨੂੰ ਲਗਨ ਤੇ ਤਤਪਰਤਾ ਨਾਲ ਪੜ੍ਹ ਰਹੇ ਹਨ ਤੇ ਹੌਲੀ-ਹੌਲੀ ਇਕ ਨਵੀਂ ਚੇਤਨਾ ਵਿਕਸਤ ਹੋ ਰਹੀ ਹੈ। ਗਾਂਧੀ, ਨਹਿਰੂ ਨੇ ਜਿਹੜੀ ਕਰਾਂਤੀ-ਵਿਰੋਧੀ, ਰਾਸ਼ਟਰ-ਵਿਰੋਧੀ ਭੂਮਿਕਾ ਨਿਭਾਈ, ਵਰਤਮਾਨ ਸਥਿਤੀ ਉਸ ਤੋਂ ਉਤਪੰਨ ਹੋਈ ਹੈ। ਪਰ ਉਹਨਾਂ ਦੀ ਇਹ ਭੂਮਿਕਾ ਸੋਚੀ ਸਮਝੀ ਸੀ, ਇਸ ਲਈ ਵਰਤਮਾਨ ਸਥਿਤੀ ਲਈ ਜ਼ਿੰਮੇਵਾਰ ਉਹ ਨਹੀਂ, ਕਮਿਊਨਿਸਟ ਨੇਤਾ ਹਨ, ਜਿਹਨਾਂ ਨੇ ਗਾਂਧੀ-ਨਹਿਰੂ ਦੀ ਦੇਸ਼-ਧਰੋਹੀ ਭੂਮਿਕਾ ਨੂੰ ਸਮਝਣ-ਸਮਝਾਉਣ ਦਾ ਯਤਨ ਹੀ ਨਹੀਂ ਕੀਤਾ, ਜਿਹਨਾਂ ਆਪਣੇ ਆਪ ਨੂੰ ਮਾਰਕਸਵਾਦੀ ਤੇ ਕਰਾਂਤੀਕਾਰੀ ਕਹਿ ਕੇ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਦੇ ਖਿਲਾਰ ਤੋਂ ਪੈਦਾ ਹੋਏ ਪਾੜੇ ਨੂੰ ਭਰ ਦੇਣ ਦਾ ਭਰਮ ਪੈਦਾ ਕੀਤਾ, ਜਿਹਨਾਂ ਨੇ ਦਵੰਦਾਤਕ ਭੌਤਿਕਵਾਦੀ ਪੈਮਾਨੇ ਨਾਲ ਵਸਤੂ ਸਥਿਤੀ ਦਾ ਵਿਸ਼ਲੇਸ਼ਣ ਕਰਨ ਦੀ ਬਜਾਏ ਮਾਰਕਸ, ਏਂਜਲਸ, ਲੇਨਿਨ ਤੇ ਸਤਾਲਿਨ ਨੂੰ ਸਿਰਫ ਓਟਾ ਬਣਾਇਆ ਤੇ ਮੰਤਰ ਜਪਣ ਵਾਂਗ ਮਾਰਕਸਵਾਦ ਨੂੰ ਕਠਮੁੱਲਾਵਾਦ ਬਣਾ ਦਿੱਤਾ। ਸਿੱਟਾ ਇਹ ਕਿ ਸੱਠ-ਪੈਂਠ ਸਾਲ ਦੇ ਲੰਮੇ ਅੰਦੋਲਨ ਵਿਚ ਕਿਸੇ ਕਮਿਊਨਿਸਟ ਨੇਤਾ ਦੀ ਕੋਈ ਕਿਤਾਬ ਤਾਂ ਕੀ, ਇਕ ਪੈਂਫਲੇਟ, ਇਕ ਸਤਰ, ਇਕ ਸ਼ਬਦ ਅਜਿਹਾ ਨਹੀਂ ਜਿਹੜਾ ਪਾਠਕ ਦੇ ਮਨ ਨੂੰ ਟੁੰਭੇ ਤੇ ਵਾਹ-ਵਾਹ ਕਰਨ ਨੂੰ ਜੀਅ ਕਰੇ।
ਕਮਿਊਨਿਸਟ ਨੇਤਾ ਅੰਦੋਲਨ ਦੇ ਸ਼ੁਰੂ ਤੋਂ ਹੀ ਰਾਸ਼ਟਰੀਤਾ ਨੂੰ ਨਕਾਰ ਕੇ ਅੰਤਰ-ਰਾਸ਼ਟਰੀ ਬਣ ਗਏ ਤੇ ਆਪਣੇ ਇਤਿਹਾਸ ਤੇ ਪਰੰਪਰਾ ਨੂੰ ਚੁੱਕ ਕੇ ਛਿੱਕੇ ਟੰਗ ਦਿੱਤਾ। ਅੰਦੋਲਨ ਨੂੰ ਕਠਮੁੱਲਾਵਾਦ ਦਾ ਰੋਗ ਇਸੇ ਕਾਰਨ ਲੱਗਿਆ। ਇਹ ਕਠਮੁੱਲਾਵਾਦ ਭਾਕਪਾ ਤੋਂ ਮਾਕਪਾ ਨੂੰ ਤੇ ਮਾਕਪਾ ਤੋਂ ਨਕਸਲਵਾਦੀ ਅੰਦੋਲਨ ਨੂੰ ਵਿਰਾਸਤ ਵਿਚ ਮਿਲਿਆ। ਸਿੱਟਾ ਇਹ ਕਿ ਅੰਦੋਲਨ ਖੇਰੂ-ਖੇਰੂ ਹੁੰਦਾ ਗਿਆ। ਕਰਾਂਤੀ ਦੀ ਭਾਵਨਾ ਨਾਲ ਭਰੇ ਬਹੁਤ ਸਾਰੇ ਈਮਾਨਦਾਰ ਨੌਜਵਾਨ ਮੁਟਿਆਰਾਂ ਤੇ ਗੱਭਰੂ ਅੰਦੋਲਨ ਵਿਚ ਆਏ ਤੇ ਉਹਨਾਂ ਨੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵਾਂਗ ਆਪਣੀ ਜਵਾਨੀ ਕਰਾਂਤੀ ਦੀ ਬਲੀ-ਵੇਦੀ ਉੱਤੇ ਧੂਫ-ਬੱਤੀ ਵਾਂਗ ਸ਼ਰੇਆਮ ਸੁਲਗਾ ਦਿੱਤੀ, ਪਰ ਇਸ ਕਠਮੁੱਲਾਵਾਦ ਤੇ ਗ਼ਲਤ ਨੇਤਰੀਤਵ ਸਦਕਾ ਸਭ ਵਿਅਰਥ ਰਿਹਾ।
ਸਹੀ ਕਰਾਂਤੀਕਾਰੀ ਪਾਰਟੀ ਉਹ ਹੋਏਗੀ ਜਿਹੜੀ ਮਾਰਕਸਵਾਦ-ਲੇਨਿਨਵਾਦ ਦੇ ਰਾਸ਼ਟਰੀ ਰੂਪ ਭਗਤ ਸਿੰਘ ਵਿਚਾਰਧਾਰਾ ਨੂੰ ਅਪਣਾਅ ਕੇ ਉਸਨੂੰ ਵਿਕਸਿਤ ਕਰੇਗੀ। ਤਦੇ ਉਹ ਕਠਮੁੱਲਾਵਾਦ ਤੋਂ ਮੁਕਤੀ ਪਾ ਸਕੇਗੀ ਤੇ ਤਦੇ ਦੇਸ਼ ਨੂੰ ਸੰਕਟ ਦੀ ਵਰਤਮਾਨ ਸਥਿਤੀ ਵਿਚੋਂ ਉਭਾਰਿਆ ਜਾ ਸਕੇਗਾ।
ਭਗਤ ਸਿੰਘ ਨੂੰ ਮੁੜ-ਮੁੜ ਯਾਦ ਕਰਨ ਦਾ ਮਤਲਬ ਵੀ ਇਹੀ ਹੈ।
  –––   –––   –––   ––– 

No comments:

Post a Comment