Monday, March 19, 2012

ਆਹੂਤੀ

ਕਰਮ ਖੇਤਰ ਵਿਚ :

ਆਹੂਤੀ


ਕਰਾਂਤੀ ਬੰਬ ਤੇ ਪਸਤੌਲ ਦੀ ਸੰਸਕਰੀਤੀ ਨਹੀਂ ਹੈ। ਕਰਾਂਤੀ ਤੋਂ ਸਾਡਾ ਮੰਸ਼ਾ ਇਹ ਹੈ ਕਿ ਅਨਿਆਂ ਉੱਤੇ ਟਿਕੀ ਵਰਤਮਾਨ ਵਿਵਸਥਾ ਵਿਚ ਪਰੀਵਰਤਨ ਹੋਣਾ ਚਾਹੀਦਾ ਹੈ।


ਪ੍ਰਸਥਿਤੀਆਂ ਉੱਤੇ ਸਰਕਾਰ ਦੀ ਕਰੜੀ ਨਜ਼ਰ ਸੀ। ਉਹ ਦੇਖ ਰਹੀ ਸੀ ਕਿ ਦੇਸ਼ ਵਿਚ ਅਸ਼ਾਂਤੀ ਤੇ ਰੋਸ ਫ਼ੈਲ ਚੁੱਕਿਆ ਹੈ, ਕਰਾਂਤੀਕਾਰੀਆਂ ਦਾ ਪ੍ਰਭਾਵ ਦਿਨੋਂ-ਦਿਨ ਵਧ ਰਿਹਾ ਹੈ ਤੇ ਕਾਂਗਰਸ ਨੇ 'ਕੁਛ ਨਾ ਕੁਛ' ਲੈ ਲੈਣ ਲਈ ਝੋਲੀ ਅੱਡੀ ਹੋਈ ਹੈ। ਇਹਨਾਂ ਝੋਲੀ ਵਾਲਿਆਂ ਨੂੰ ਆਪਣੇ ਨਾਲ ਰਲਾਉਣਾ ਉਸਨੂੰ ਜ਼ਰੂਰੀ ਲੱਗ ਰਿਹਾ ਸੀ। 18 ਨਵੰਬਰ 1928 ਨੂੰ ਸਰਕਾਰ ਵੱਲੋਂ ਇਕ ਐਲਾਨ ਹੋਇਆ ਕਿ ਸਰ ਜਾਨ ਸਾਈਮਨ ਦੀ ਪ੍ਰਧਾਨਗੀ ਹੇਠ ਇਕ ਕਮਿਸ਼ਨ ਭਾਰਤ ਆ ਰਿਹਾ ਹੈ, ਜਿਹੜਾ ਵਿਧਾਨਕ ਸੁਧਰਾਂ ਦੀ ਅਗਲੀ ਕਿਸ਼ਤ ਲਈ ਸ਼ਿਫ਼ਾਰਿਸ਼ ਕਰੇਗਾ।
ਇਸ ਐਲਾਨ ਨਾਲ ਭਾਰਤ ਦੇ ਰਾਜਨੀਤਕ ਖੇਤਰਾਂ ਵਿਚ ਖਲਬਲੀ ਮੱਚ ਗਈ। ਕਮਿਸ਼ਨ ਦੇ ਸਰ ਜਾਨ ਸਾਈਮਨ ਸਮੇਤ ਸੱਤ ਮੈਂਬਰ ਸਨ ਤੇ ਉਹ ਸੱਤੇ ਅੰਗਰੇਜ਼ ਸਨ। ਅੰਗਰੇਜ਼ ਇਸ ਗੱਲ ਦੀ ਜਾਂਚ ਕਰਨਗੇ ਕਿ ਸਾਡੇ ਵਿਚ ਸੁਧਾਰ ਪ੍ਰਾਪਤ ਕਰਨ ਦੀ ਕਿੰਨੀ ਕੁ ਯੋਗਤਾ ਹੈ, ਇਹ ਸਾਡਾ ਰਾਸ਼ਟਰੀ ਅਪਮਾਨ ਸੀ। ਕਾਂਗਰਸ ਹੀ ਨਹੀਂ, ਲਿਬਰਲ ਤੇ ਨੈਸ਼ਨਲਿਸਟ ਪਾਰਟੀ ਨੇ ਵੀ ਜਿਸ ਵਿਚ ਸਰ ਤੇਜ਼ ਬਹਾਦੁਰ ਸਪਰੂ ਤੇ ਮੁਹੰਮਦ ਅਲੀ ਜਿੱਨਾਹ ਸ਼ਾਮਲ ਸਨ, ਇਸ ਆਧਾਰ ਉੱਤੇ ਕਮਿਸ਼ਨ ਦਾ ਬਾਈਕਾਟ ਕੀਤਾ ਕਿ ਉਹਨਾਂ ਵਿਚ ਘੱਟੋਘੱਟ ਅੱਧੇ ਮੈਂਬਰ ਭਾਰਤੀ ਹੋਣੇ ਚਾਹੀਦੇ ਹਨ। ਬਸ, ਹੁਣ ਕੀ ਸੀ! ਜਲਸਿਆਂ-ਜਲੂਸਾਂ ਤੇ ਵਿਖਾਵਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੂਰਾ ਦੇਸ਼ ਹਰਕਤ ਵਿਚ ਆ ਗਿਆ। ਜਨਤਾ ਦੇ ਮਨ ਵਿਚ ਸਾਮਰਾਜ ਵਿਰੋਧੀ ਜਿਹੜੀ ਨਫ਼ਤਰ ਭਰੀ ਹੋਈ ਸੀ, ਉਹ ਭੜਕ ਉਠੀ। ਉਤੇਜਨਾ ਭਰੇ ਇਸ ਵਾਤਾਵਰਣ ਵਿਚ ਕਾਂਗਰਸ ਦਾ ਬਿਆਲੀਵਾਂ ਸਾਲਾਨਾ ਸੰਮੇਲਨ ਦਸੰਬਰ ਦੇ ਅੰਤਮ ਹਫ਼ਤੇ ਮਦਰਾਸ ਵਿਚ ਹੋਇਆ। ਡਾ. ਮੁਖਤਾਰ ਅਹਿਮਦ ਅੰਸਾਰੀ ਇਸ ਦੇ ਪ੍ਰਧਾਨ ਸਨ।
ਜਵਾਹਰ ਲਾਲ ਨਹਿਰੂ ਕਾਫੀ ਸਮਾਂ ਯੂਰਪ ਵਿਚ ਬਿਤਾਅ ਕੇ ਸਵਦੇਸ਼ ਪਰਤਿਆ ਸੀ ਤੇ ਰੂਸ ਦੀ ਯਾਤਰਾ ਕਰਕੇ 'ਸਮਾਜਵਾਦੀ' ਬਣ ਗਿਆ ਸੀ। ਉਸਨੇ ਮਦਰਾਸ ਦੇ ਇਸ ਸੰਮੇਲਨ ਵਿਚ ਮੁਕੰਮਲ-ਆਜ਼ਾਦੀ ਬਾਰੇ, ਹਿੰਦੁਸਤਾਨ ਪਰਜਾਤੰਤਰ ਸੰਘ ਬਾਰੇ, ਸਾਮਰਾਜ ਵਿਰੋਧੀ ਲੀਗ ਬਾਰੇ ਤੇ ਯੁੱਧ ਬਾਰੇ...ਧੜਾਧੜ ਚਾਰ ਮਤੇ ਰੱਖ ਦਿੱਤੇ ਤੇ ਇਹ ਚਾਰੇ ਮਤੇ ਬਿਨਾਂ ਕਿਸੇ ਬਹਿਸ ਜਾਂ ਵਿਰੋਧ ਦੇ ਪਾਸ ਵੀ ਹੋ ਗਏ। ਇੱਥੋਂ ਤਕ ਕਿ ਸ਼੍ਰੀਮਤੀ ਐਨੀ ਬੇਸੈਂਟ ਨੇ ਵੀ ਮੁਕੰਮਲ-ਆਜ਼ਾਦੀ ਦੇ ਹੱਕ ਵਿਚ ਵੋਟ ਪਾਈ। ਜਵਾਹਰ ਲਾਲ ਨੂੰ ਇਸ ਨਾਲ ਕੋਈ ਖੁਸ਼ੀ ਨਹੀਂ ਹੋਈ, ਬਲਕਿ ਲੱਗਿਆ ਕਿ ਜਿਸ ਤਰ੍ਹਾਂ ਬੱਚੇ ਨੂੰ ਖਿਡੌਣੇ ਦੇ ਕੇ ਵਰਾਅ ਦਿੱਤਾ ਜਾਂਦਾ ਹੈ, ਉਸਨੂੰ ਵੀ ਇਹਨਾਂ ਮਤਿਆਂ ਨੂੰ ਪਾਸ ਕਰਕੇ ਵਰਾਅ ਲਿਆ ਗਿਆ ਸੀ, ਵਰਨਾ ਇਹਨਾਂ ਵਿਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਸੀ। ਜਿਸ ਮਤੇ ਵਿਚ ਦਿਲਚਸਪੀ ਸੀ, ਉਹ ਇਹ ਸੀ ਕਿ ਇਕ ਸਰਬ-ਦਲੀ ਸੰਮੇਲਨ ਬੁਲਾਇਆ ਜਾਏ ਜਿਹੜਾ ਹਿੰਦੁਸਤਾਨ ਦੇ ਲਈ ਪ੍ਰਬੰਧਕੀ ਵਿਧਾਨ ਤਿਆਰ ਕਰੇ।
ਪ੍ਰਤੱਖ ਸੀ ਕਿ ਜਿਹੜਾ ਪ੍ਰਬੰਧਕੀ ਵਿਧਾਨ ਮਾਡਰੇਟਾਂ ਸਮੇਤ ਸਾਰੇ ਦਲਾਂ ਰਾਹੀਂ ਤਿਆਰ ਕੀਤਾ ਜਾਣਾ ਸੀ, ਉਹ ਓਪਨਿਵੇਸ਼ਕ ਸਵੈਪ੍ਰਬੰਧਕੀ ਨਾਲੋਂ ਵੱਧ ਹੋਰ ਕੀ ਹੋ ਸਕਦਾ ਸੀ। ਸਰਬ-ਦਲੀ ਸੰਮੇਲਨ ਬੁਲਾਉਣ ਦੇ ਮਤੇ ਪਿੱਛੋਂ ਮੁਕੰਮਲ-ਆਜ਼ਾਦੀ ਵਾਲੇ ਮਤੇ ਦਾ ਕੋਈ ਅਰਥ ਨਹੀਂ ਸੀ ਰਹਿ ਜਾਂਦਾ। ਪਰ ਗੱਲ ਏਨੀ ਸਿੱਧੀ ਨਹੀਂ ਸੀ। ਜਿਹੜੇ ਲੋਕ ਉੱਥੇ ਇਕੱਤਰ ਹੋਏ ਸਨ, ਉਹ ਰਾਜਨੀਤੀ ਦੇ ਕੜ੍ਹੇ ਹੋਏ ਖਿਡਾਰੀ ਸਨ। ਨੌਜਵਾਨ ਇਹ ਮੰਗ ਕਰ ਰਹੇ ਸਨ ਕਿ ਕਾਂਗਰਸ ਮੁਕੰਮਲ-ਆਜ਼ਾਦੀ ਦੇ ਨਿਸ਼ਾਨੇ ਨੂੰ ਅਪਣਾਏ—ਤੇ ਜਿੱਥੇ ਉਪਰੋਕਤ ਮਤੇ ਪਾਸ ਕਰਕੇ ਉਹਨਾਂ ਨੇ ਇਕ ਪਾਸੇ  ਨੌਜਵਾਨਾਂ ਨੂੰ ਸੰਤੁਸ਼ਟ ਕੀਤਾ, ਦੂਜੇ ਪਾਸੇ ਸਰਕਾਰ ਨੂੰ ਇਹ ਦੱਸਿਆ ਕਿ ਜੇ ਸਾਡੀ ਝੋਲੀ ਵਿਚ 'ਕੁਛ-ਨਾ-ਕੁਛ' ਨਾ ਪਾਇਆ ਗਿਆ ਤਾਂ ਸਰਕਾਰ ਨੂੰ ਉਖਾੜ ਸੁੱਟਣ ਵਾਲੇ ਕਰਾਂਤੀਕਾਰੀਆਂ ਦਾ ਸਾਥ ਦੇਣ ਦੇ ਸਿਵਾਏ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਰਹਿਣਾ।
ਇਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਇਸ ਨੀਤੀ ਪਿੱਛੇ ਇਕ ਹੋਰ ਨੀਤੀ ਵੀ ਕੰਮ ਕਰ ਰਹੀ ਸੀ। ਕਰਾਂਤੀਕਾਰੀਆਂ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖ ਕੇ ਇਹ ਚਾਲ ਚੱਲੀ ਗਈ ਸੀ ਕਿ ਜਵਾਹਰ ਲਾਲ ਨਹਿਰੂ ਨੂੰ ਗਾਂਧੀ ਦੇ ਪੂਰਕ ਦੇ ਤੌਰ 'ਤੇ ਨੌਜਵਾਨਾਂ ਦਾ ਨੇਤਾ ਬਣਾਇਆ ਜਾਏ। ਇਸੇ ਉਦੇਸ਼ ਨਾਲ ਜਵਾਹਰ ਲਾਲ ਨਹਿਰੂ ਨੂੰ ਮਦਰਾਸ ਦੇ ਇਸ ਸੰਮੇਲਨ ਵਿਚ ਮਹਾਮੰਤਰੀ ਚੁਣਿਆ ਗਿਆ। ਸਰਬ-ਦਲ ਸੰਮੇਲਨ ਦਿੱਲੀ ਵਿਚ ਬੁਲਾਇਆ ਗਿਆ। ਵਿਧਾਨ ਬਣਾਉਣ ਦਾ ਕੰਮ ਇਕ ਕਮੇਟੀ ਨੂੰ ਸੌਂਪਿਆ ਗਿਆ, ਜਿਸਦੇ ਪ੍ਰਧਾਨ ਪੰਡਤ ਮੋਤੀ ਲਾਲ ਨਹਿਰੂ ਸਨ। ਇਸ ਲਈ ਕਮੇਟੀ ਨੇ ਜੋ ਰਿਪੋਰਟ ਤਿਆਰ ਕੀਤੀ ਉਸਦਾ ਨਾਂ ਨਹਿਰੂ ਰਿਪੋਰਟ ਪਿਆ। ਨੌਜਵਾਨ, ਕਾਂਗਰਸੀ ਨੇਤਾਵਾਂ ਦੀ ਨੀਅਤ ਤੇ ਨੀਅਤੀ ਨੂੰ ਖ਼ੂਬ ਸਮਝਦੇ ਸਨ। 'ਕਿਰਤੀ' ਵਿਚ 'ਨਹਿਰੂ ਕਮੇਟੀ ਦੀ ਰਿਪੋਰਟ' ਸਿਰਲੇਖ ਹੇਠ ਇਕ ਟਿੱਪਣੀ ਪ੍ਰਕਾਸ਼ਤ ਹੋਈ, ਜਿਸ ਵਿਚ ਇਸ ਰਿਪੋਰਟ ਦਾ ਇੰਜ ਮਖ਼ੌਲ ਉਡਾਇਆ ਗਿਆ...:
“ਹਿੰਦੁਸਤਾਨ ਵੀ ਅਜੀਬ ਮੁਲਕ ਹੈ। ਇੱਥੋਂ ਦੇ ਨੇਤਾ ਵੀ ਅਜੀਬ ਹਨ। ਬੈਠੇ-ਬੈਠਿਆਂ ਨੂੰ ਖ਼ਿਆਲ ਆਇਆ, ਚਲੋ ਇਕ ਵਿਧਾਨ ਹੀ ਤਿਆਰ ਕਰ ਲਿਆ ਜਾਏ ਕਿ ਹਿੰਦੁਸਤਾਨ ਵਿਚ ਅਸੀਂ ਕੈਸਾ ਰਾਜ ਚਾਹੁੰਦੇ ਹਾਂ। ਝੱਟ ਸਰਬ-ਦਲ ਸੰਮੇਲਨ ਬੁਲਾਇਆ ਗਿਆ ਤੇ ਉਹਨਾਂ ਨੇ ਨਹਿਰੂ ਕਮੇਟੀ ਵੀ ਬਣਾ ਦਿੱਤੀ ਕਿ ਉਹ ਇਕ ਰਿਪੋਰਟ ਤਿਆਰ ਕਰੇ। ਰਿਪੋਰਟ ਤਿਆਰ ਹੋ ਗਈ ਤੇ ਉਹ ਛਪ ਵੀ ਗਈ। ਬੜੀ ਪ੍ਰਸ਼ੰਸਾ ਹੋ ਰਹੀ ਹੈ। ਤਾਰੀਫ਼ਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ। ਰਿਪੋਰਟ ਦਾ ਮਤਲਬ ਹੈ ਕਿ ਸਰਕਾਰ ਸਾਨੂੰ ਵੀ ਕੈਨੇਡਾ, ਆਸਟ੍ਰੇਲੀਆ ਤੇ ਆਇਰਲੈਂਡ ਵਰਗਾ ਰਾਜ ਦੇ ਦਏ। ਬਈ ਵਾਹ! ਵਾਇਸਰਾਏ ਅੰਗਰੇਜ਼ ਹੋਇਆ ਕਰੇਗਾ, ਜਿਸ ਕੋਲ ਬਹੁਤ ਸਾਰੀ ਤਾਕਤ ਹੋਏਗੀ। ਪਰ ਕੌਂਸਿਲ ਤੇ ਅਸੈਂਬਲੀ ਵਿਚ ਮੈਂਬਰ ਚੁਣ ਕੇ ਭੇਜੇ ਜਾਇਆ ਕਰਨਗੇ ਤੇ ਚੋਣ ਵਿਚ ਹਰ ਬਾਲਗ਼ ਨੂੰ ਵੋਟ ਪਾਉਣ ਦਾ ਅਧਿਕਾਰ ਹੋਏਗਾ। ਸਦਨ ਵਿਚ ਉਹ ਖ਼ੂਦ ਕੁਝ ਨਹੀਂ ਕਰ ਸਕਣਗੇ, ਸਿਰਫ ਵਾਇਸਰਾਏ ਦੀਆਂ ਉਂਗਲਾਂ ਉੱਤੇ ਨੱਚਿਆ ਕਰਨਗੇ।
“ਜਾਪਦਾ ਇਹ ਹੈ ਕਿ ਉਹ ਕੈਨੇਡਾ ਤੇ ਆਸਟ੍ਰੇਲੀਆ ਆਦੀ ਦੇ ਵਿਧਾਨਾਂ ਨੂੰ ਸਾਹਮਣੇ ਖੋਲ੍ਹ ਕੇ ਬੈਠ ਗਏ ਤੇ ਇਹ ਰਿਪੋਰਟ ਲਿਖ ਮਾਰੀ। ਪਰ ਦੇਖਣਾ ਤਾਂ ਇਹ ਹੈ ਕਿ ਇਹ ਰਿਪੋਰਟ ਲਿਖੀ ਕਿਉਂ ਗਈ। ਜਦੋਂ ਅਸਹਿਯੋਗ ਅੰਦੋਲਨ ਜ਼ੋਰਾਂ ਉੱਤੇ ਸੀ, ਓਦੋਂ ਬਾਬੂ ਭਗਵਾਨ ਦਾਸ ਨੇ ਬੜਾ ਜ਼ੋਰ ਲਾਇਆ, ਪਰ ਕਿਸੇ ਨੇ ਸਵਰਾਜ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਸਮਝੀ। ਅੱਜ ਜਦੋਂ ਕੋਈ ਅੰਦੋਲਨ ਵੀ ਨਹੀਂ—ਵਿਧਾਨ ਵੀ ਤਿਆਰ ਕਰਕੇ ਰੱਖ ਦਿੱਤਾ ਗਿਆ ਹੈ। ਕਾਰਨ ਕੀ ਹੈ? ਅਸਲ ਗੱਲ ਇਹ ਹੈ ਕਿ ਇਹਨਾਂ ਲੋਕਾਂ ਸੋਚਿਆ ਹੋਏਗਾ ਕਿ ਇਹ ਜਿਹੜਾ ਸਾਈਮਨ ਕਮਿਸ਼ਨ ਬਣਿਆ ਹੈ, ਜ਼ਰੂਰ ਕੁਝ ਨਾ ਕੁਝ ਦੇਣ ਲਈ ਬਣਿਆ ਹੈ ਤੇ ਹੁਣ ਸਰਕਾਰ ਹੋਣ ਵਾਲੇ ਯੁੱਧ ਤੇ ਹੋਰ ਅੰਤਰ-ਰਾਸ਼ਟਰੀ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਹਿੰਦੁਸਤਾਨ ਨੂੰ ਕੁਝ ਦੇਣ ਲਈ ਤਿਆਰ ਹੈ। ਕਮਿਸ਼ਨ ਦਾ ਬਾਈਕਾਟ ਤਾਂ ਇਸ ਲਈ ਕੀਤਾ ਜਾ ਰਿਹਾ ਹੈ ਕਿ ਕਮਿਸ਼ਨ ਵਿਚ ਕੋਈ ਹਿੰਦੁਸਤਾਨੀ ਮੈਂਬਰ ਨਹੀਂ। ਮਤਲਬ ਇਹ ਕਿ ਸਿੱਧੇ ਤੌਰ 'ਤੇ ਨਹੀਂ, ਘੁਮਾਅ-ਫਿਰਾਅ ਕੇ ਕਮਿਸ਼ਨ ਨੂੰ ਦੱਸਣਾ ਚਾਹੁੰਦੇ ਹਨ ਕਿ ਅਸੀਂ ਇਹ ਕੁਝ ਲੈਣਾ ਚਾਹੁੰਦੇ ਹਾਂ। ਇਕ ਸੱਜਣ ਨੇ ਖ਼ੂਬ ਮਿਸਾਲ ਦਿੱਤੀ ਕਿ ਇਕ ਮੰਗਤੇ ਨੇ ਆਪਣੀ ਗੜਵੀ, ਸੋਟੀ ਉੱਤੇ ਟੰਗ ਲਈ ਤੇ ਹੇਕ ਲਾਈ...“ਮੈਂ ਭੀਖ ਨਹੀਂ ਲੈਂਦਾ। ਮੇਰੀ ਗੜਵੀ ਵਿਚ ਪਾ ਦਿਓ।” ਸਾਡੇ ਗਰਮ ਲੀਡਰਾਂ ਦਾ ਇਹੋ ਹਾਲ ਹੈ।...ਅਕਲ ਦੇ ਅੰਨ੍ਹੇ ਲੀਡਰ ਆਇਰਲੈਂਡ ਵਰਗੇ ਅਧਿਕਾਰ ਤਾਂ ਜ਼ਰੂਰ ਮੰਗ ਰਹੇ ਹਨ, ਪਰ ਇਹ ਨਹੀਂ ਦੇਖਦੇ ਪਏ ਕਿ ਉਹਨਾਂ ਨੇ ਉਹ ਅਧਿਕਾਰ ਕਿੰਜ ਲਏ ਸੀ। 1916 ਤੋਂ ਲੈ ਕੇ 1923 ਤਕ ਸਿਰ ਧੜ ਦੀ ਲਾ ਕੇ ਇਹਨਾਂ ਵਿਰੁੱਧ ਲੜਾਈ ਕਰਦੇ ਰਹੇ—ਇਹਨਾਂ ਦੇ ਨੱਕ ਵਿਚ ਦਮ ਕਰ ਦਿੱਤਾ। ਤੰਗ ਆ ਕੇ, ਮਜ਼ਬੂਰ ਹੋ ਕੇ, ਜਦੋਂ ਇਹਨਾਂ ਦੀਆਂ ਜੜਾਂ ਬਿਲਕੁਲ ਹੀ ਨੰਗੀਆਂ ਹੋਣ ਲੱਗੀਆਂ, ਤਾਂ ਕਿਤੇ ਜਾ ਕੇ ਉਹਨਾਂ ਨੂੰ ਇਹ ਥੋੜ੍ਹੇ ਜਿਹੇ ਅਧਿਕਾਰ ਦਿੱਤੇ ਗਏ ਸੀ।...ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਿਰਫ ਗੱਲਾਂਬਾਤਾਂ ਨਾਲ ਉਹਨਾਂ ਵਰਗੇ ਅਧਿਕਾਰ ਮਿਲ ਜਾਣ...”
ਖ਼ੈਰ, ਜਨਤਾ ਤਿਆਰ ਸੀ। ਬਾਈਕਾਟ ਅੰਦੋਲਨ ਬੜੇ ਜੋਰਾਂ ਨਾਲ ਚੱਲ ਰਿਹਾ ਸੀ। ਨੌਜਵਾਨਾਂ ਨੇ ਵੀ ਇਸ ਅੰਦੋਲਨ ਵਿਚ ਆਪਣੀ ਪੂਰੀ ਸ਼ਕਤੀ ਲਾਈ ਹੋਈ ਸੀ। ਇਹ ਕਮਿਸ਼ਨ 3 ਫਰਬਰੀ 1928 ਨੂੰ ਬੰਬਈ ਪਹੁੰਚਿਆ ਤਾਂ ਪੂਰੇ ਦੇਸ਼ ਵਿਚ ਹੜਤਾਲ ਰਹੀ ਤੇ ਬੰਬਈ ਵਿਚ 'ਸਾਈਮਨ ਗੋ ਬੈਕ' (ਸਾਈਮਨ ਵਾਪਸ ਜਾਓ) ਦੇ ਨਾਅਰਿਆਂ ਨਾਲ ਅਜਿਹਾ ਜ਼ੋਰਦਾਰ ਪ੍ਰਦਰਸ਼ਨ ਹੋਇਆ ਕਿ ਅੰਗਰੇਜ਼ ਸਰਕਾਰ ਹੈਰਾਨ-ਪ੍ਰੇਸ਼ਾਨ ਰਹਿ ਗਈ। ਕਮਿਸ਼ਨ ਦਿੱਲੀ ਆਇਆ ਤਾਂ ਉੱਥੇ ਵੀ ਕਾਲੇ ਝੰਡੇ ਦਿਖਾਏ ਗਏ। ਮਦਰਾਸ ਵਿਚ ਪੁਲਸ ਨੇ ਗੋਲੀ ਚਲਾਈ, ਜਿਸ ਨਾਲ ਤਿੰਨ ਪ੍ਰਦਰਸ਼ਨਕਾਰੀ ਮਾਰੇ ਗਏ।
ਉਤਰ ਭਾਰਤ ਵਿਚ ਕਰਾਂਤੀਕਾਰੀ ਦਲ ਪੂਰੀ ਤਰ੍ਹਾਂ ਸੰਗਠਿਤ ਸੀ। ਕਿਹਾ ਜਾਂਦਾ ਹੈ ਕਿ ਭਗਤ ਸਿੰਘ ਨੇ ਕਮਿਸ਼ਨ ਨੂੰ ਬੰਬ ਨਾਲ ਉਡਾਅ ਦੇਣ ਦੀ ਯੋਜਨਾ ਬਣਾਈ ਸੀ। ਕੇਂਦਰੀ ਕਮੇਟੀ ਨੇ ਉਸਦਾ ਇਹ ਸੁਝਾਅ ਸਵੀਕਾਰ ਵੀ ਕਰ ਲਿਆ ਸੀ। ਪਰ ਇਸ ਨੂੰ ਸਿਰੇ ਚੜ੍ਹਾਉਣ ਲਈ ਜਿਹੜੇ ਸਾਧਨ ਲੋੜੀਦੇ ਸਨ, ਉਹ ਇਕੱਠੇ ਨਹੀਂ ਹੋ ਸਕੇ। ਦਲ ਆਰਥਕ ਸੰਕਟ ਵਿਚੋਂ ਲੰਘ ਰਿਹਾ ਸੀ।
ਇਹਨਾਂ ਪ੍ਰਸਥਿਤੀਆਂ ਵਿਚ 30 ਅਕਤੂਬਰ 1928 ਨੂੰ ਕਮਿਸ਼ਨ ਲਾਹੌਰ ਪਹੁੰਚਿਆ। 'ਨੌਜਵਾਨ ਭਾਰਤ ਸਭਾ' ਨੇ ਪਹਿਲਾਂ ਹੀ ਇਕ ਵਿਸ਼ਾਲ ਪ੍ਰਦਰਸ਼ਨ ਦੀ ਤਿਆਰੀ ਕੀਤੀ ਹੋਈ ਸੀ। ਉਸ ਦਿਨ ਸ਼ਹਿਰ ਵਿਚ ਮੁਕੰਮਲ ਹੜਤਾਲ ਰਹੀ। ਚਾਰੇ ਪਾਸੇ ਕਾਲੇ ਝੰਡੇ ਲਹਿਰਾ ਰਹੇ ਸਨ, ਆਮ ਤੌਰ 'ਤੇ ਟੋਪੀ ਲੈਣ ਦਾ ਰਿਵਾਜ਼ ਸੀ, ਪਰ ਪ੍ਰਦਰਸ਼ਨ ਵਿਚ ਲੋਕ ਨੰਗੇ ਸਿਰ ਆਏ। 'ਨੌਜਵਾਨ ਭਾਰਤ ਸਭਾ' ਮੋਹਰੀ ਸੀ ਪਰ ਸਾਰੇ ਦਲਾਂ ਦਾ ਸਹਿਯੋਗ ਲਿਆ ਗਿਆ ਸੀ। ਭੀੜ ਏਨੀ ਵੱਧ ਸੀ ਕਿ ਲੱਗਦਾ ਸੀ ਸਾਰਾ ਸ਼ਹਿਰ ਆਣ ਪਹੁੰਚਿਆ ਹੈ। ਰਾਸ਼ਟਰੀ ਭਾਵਨਾ ਨਾਲ ਨੱਕੋਨੱਕ ਭਰੇ ਪ੍ਰਦਰਸ਼ਨ ਕਰਤਾ, ਪੂਰੇ ਉਤਸਾਹ ਨਾਲ ਗਾ ਰਹੇ ਸਨ...:

 “ਹਿੰਦੂ ਹੈਂ ਹਮ ਵਤਨ ਹੈ ਹਿੰਦੋਸਤਾਂ ਹਮਾਰਾ
 ਮੁੜ ਜਾਓ ਸਾਈਮਨ ਕਿ ਬਾਕੀ ਜਹਾਂ ਤੁਮਹਾਰਾ।”

ਗੱਡੀ ਆਉਣ ਤੋਂ ਪਹਿਲਾਂ ਹੀ ਪ੍ਰਦਰਸ਼ਨ ਕਰਤਾ ਸਟੇਸ਼ਨ ਉੱਤੇ ਪਹੁੰਚ ਚੁੱਕੇ ਸਨ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਉਹਨਾਂ ਦਾ ਨੇਤਰੀਤਵ ਕਰ ਰਹੇ ਸਨ। 'ਨੌਜਵਾਨ ਭਾਰਤ ਸਭਾ' ਦੇ ਕਾਰਜ-ਕਰਤਾਵਾਂ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਸੀ ਤਾਂਕਿ ਪੁਲਸ ਦੇ ਵਾਰ ਤੋਂ ਉਹਨਾਂ ਦੀ ਰੱਖਿਆ ਕੀਤੀ ਜਾ ਸਕੇ। ਜਿਉਂ ਹੀ ਕਮਿਸ਼ਨ ਦੇ ਮੈਂਬਰ ਸਟੇਸ਼ਨ 'ਚੋ ਬਾਹਰ ਆਏ 'ਸਾਈਮਨ ਗੋ ਬੈਕ' ਦੇ ਆਸਮਾਨ ਗੁੰਜਾਊ ਨਾਅਰੇ ਲੱਗਣ ਲੱਗ ਪਏ। ਨੌਜਵਾਨ ਕੰਧ ਵਾਂਗ ਡਟੇ ਹੋਏ ਸਨ, ਜਿਵੇਂ ਉਹਨਾਂ ਫ਼ੈਸਲਾ ਕਰ ਲਿਆ ਸੀ ਕਿ ਕਮਿਸ਼ਨ ਨੂੰ ਸ਼ਹਿਰ ਵਿਚ ਨਹੀਂ ਵੜਨ ਦੇਣਗੇ। ਅੱਗੇ ਭੀੜ, ਪਿੱਛੇ ਭੀੜ, ਵਿਚਕਾਰ ਲਾਲਾ ਲਾਜਪਤ ਰਾਏ, ਪਿੱਛੇ ਹਟਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਜਿੱਥੋਂ ਕਮਿਸ਼ਨ ਦੇ ਮੈਂਬਰਾਂ ਨੇ ਲੰਘਣਾ ਸੀ, ਉੱਥੇ ਭੀੜ ਹੋਰ ਵੀ ਵੱਧ ਸੀ ਤੇ ਨਾਅਰੇ ਖ਼ੂਬ ਜ਼ੋਰਾਂ ਨਾਲ ਲੱਗ ਰਹੇ ਸਨ।
ਪੁਲਸ ਨੇ ਹਲਕਾ ਜਿਹਾ ਲਠੀ ਚਾਰਜ ਕੀਤਾ। ਇਸਦਾ ਕੁਝ ਵੀ ਅਸਰ ਨਾ ਹੋਇਆ। ਨੌਜਵਾਨ ਚੱਟਾਨ ਵਾਂਗ ਡਟੇ ਰਹੇ। ਰਸਤਾ ਮਿਲਦਾ ਨਾ ਦੇਖ ਕੇ ਪੁਲਸ ਮੁਖੀ ਜੇ.ਏ. ਸਕਾਟ ਬੌਂਦਲ ਗਿਆ ਤੇ ਉਸਨੇ ਹਿਰਖ ਵੱਸ ਪੁਲਸ ਨੂੰ ਚਾਰੇ ਪਾਸਿਓਂ ਹਮਲਾ ਕਰਨ ਦਾ ਹੁਕਮ ਦਿੱਤਾ। ਪੁਲਸ ਵਾਲੇ ਭੁੱਖੇ ਬਘਿਆੜਾਂ ਵਾਂਗ ਪ੍ਰਦਰਸ਼ਨ-ਕਰਤਾਵਾਂ ਉੱਤੇ ਟੁੱਟ ਪਏ। ਉਪ ਮੁੱਖ ਅਧਿਕਾਰੀ ਸਾਂਡਰਸ ਨੇ ਸਿੱਧਾ ਲਾਲਾ ਜੀ ਉੱਤੇ ਹਮਲਾ ਕੀਤਾ। ਉਸਦੀ ਪਹਿਲੀ ਸੋਟੀ ਲਾਲਾ ਜੀ ਦੀ ਛਾਤੀ 'ਤੇ ਵੱਜੀ, ਦੂਜੀ ਮੋਢੇ ਉੱਤੇ, ਫੇਰ ਸਿਰ ਉੱਤੇ ਤੇ ਫੇਰ ਉਹ ਅੰਨ੍ਹੇ ਵਾਹ ਮਾਰਦਾ ਹੀ ਰਿਹਾ। ਭਗਤ ਸਿੰਘ ਤੇ 'ਨੌਜਵਾਨ ਭਾਰਤ ਸਭਾ' ਦੇ ਹੋਰ ਮੈਂਬਰਾਂ ਨੇ ਪ੍ਰਤੀਕਰਮ ਕਰਨਾ ਚਾਹਿਆ ਤਾਂ ਲਾਲਾ ਜੀ ਨੇ ਉਹਨਾਂ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਤੇ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ। ਸ਼ਾਮ ਨੂੰ ਜਦੋਂ ਸਭਾ ਹੋਈ, ਲਾਲਾ ਜੀ ਹਿਰਖੇ ਹੋਏ ਸਨ। ਉਹਨਾਂ ਤੋਂ ਆਪਣਾ ਇਹ ਅਪਮਾਨ ਸਹਿ ਨਹੀਂ ਸੀ ਹੋ ਰਿਹਾ। ਉਹਨਾਂ ਐਲਾਨ ਕੀਤਾ...“ਮੇਰੇ ਇਹ ਜਿਹੜੀਆਂ ਸੋਟੀਆਂ ਵੱਜੀਆਂ ਨੇ, ਉਹ ਭਾਰਤ ਵਿਚ ਬ੍ਰਿਟਿਸ਼ ਹਕੂਮਤ ਦੇ ਤਾਬੂਤ ਦੀ ਆਖ਼ਰੀ ਮੇਖ ਸਿੱਧ ਹੋਗਣੀਆਂ।”
ਲਾਲਾ ਜੀ ਨੂੰ ਉਸੇ ਦਿਨ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਤੇ 18 ਦਿਨਾਂ ਬਾਅਦ ਯਾਨੀ 17 ਨਵੰਬਰ ਨੂੰ ਹਸਪਤਾਲ ਵਿਚ ਹੀ ਉਹਨਾਂ ਦੀ ਮੌਤ ਹੋ ਗਈ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫ਼ੈਲ ਗਈ। ਇਕ ਵਾਰੀ ਫੇਰ ਪੂਰਾ ਸ਼ਹਿਰ ਆਣ ਜੁੜਿਆ। ਲਾਲਾ ਜੀ ਦੀ ਰਹਾਇਸ਼ ਤੋਂ ਰਾਵੀ ਦਾ ਤਟ, ਜਿੱਥੇ ਦਾਹ ਸੰਸਕਾਰ ਹੋਣਾ ਸੀ, ਚਾਰ ਮੀਲ ਦੇ ਫ਼ਾਸਲੇ ਉੱਤੇ ਸੀ। ਅਰਥੀ ਨਾਲ ਜਲੂਸ ਸਵੇਰੇ ਦਸ ਵਜੇ ਸ਼ੁਰੂ ਹੋਇਆ ਤੇ ਸ਼ਾਮ ਨੂੰ ਉੱਥੇ ਪਹੁੰਚਿਆ। ਇਹ ਜਲੂਸ ਲਾਲਾ ਜੀ ਦੇ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਤੀਕ ਸੀ।
ਨੌਜਵਾਨਾਂ ਦੇ ਲਾਲਾ ਜੀ ਨਾਲ ਮੱਤਭੇਦ ਸਨ ਤੇ ਉਹ ਉਹਨਾਂ ਨੂੰ 'ਮਰਿਆ ਹੋਇਆ ਲੀਡਰ' ਵੀ ਕਹਿ ਚੁੱਕੇ ਸਨ। ਪਰ ਉਹ ਅੰਤਰ-ਰਾਸ਼ਟਰੀ ਨਾਮਨੇ ਵਾਲੇ ਨੇਤਾ ਸਨ। ਉਹਨਾਂ ਦਾ ਇਹ ਅਪਮਾਨ, ਪੂਰੇ ਦੇਸ਼ ਦਾ ਅਪਮਾਨ ਸੀ। ਨੌਜਵਾਨਾਂ ਨੇ ਸਕਾਟ ਦੀ ਹੱਤਿਆ ਕਰਕੇ ਇਸ ਅਪਮਾਨ ਦਾ ਬਦਲਾ ਲੈਣ ਦੀ ਯੋਜਨਾ ਬਣਾਈ।
ਯੋਜਨਾ ਨੂੰ ਸਫਲ ਬਣਾਉਣ ਲਈ ਪੈਸੇ ਦੀ ਲੋੜ ਸੀ ਤੇ ਦਲ ਕੋਲ ਪੈਸੇ ਦੀ ਤੋਟ ਸੀ। ਇਸ ਲਈ ਲਾਹੌਰ ਦੇ ਮਜੰਗ ਹਾਊਸ ਵਿਚ ਦਲ ਦੀ ਇਕ ਮੀਟਿੰਗ ਹੋਈ, ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਦਾ ਫ਼ੈਸਲਾ ਕੀਤਾ ਗਿਆ। ਇਹ ਮੀਟਿੰਗ ਦਸੰਬਰ ਦੇ ਸ਼ੁਰੂ ਵਿਚ ਹੋਈ। ਇਸ ਵਿਚ ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਪ੍ਰਤਾਪ ਸਿੰਘ, ਕਾਲੀ ਚਰਣ, ਹੰਸ ਰਾਜ ਵੋਹਰਾ, ਰਾਮ ਚੰਦਰ ਤੇ ਜੈ ਗੋਪਾਲ ਮੌਜੂਦ ਸਨ। ਆਜ਼ਾਦ ਨੇ ਬੈਂਕ ਡਕੈਤੀ ਦੀ ਯੋਜਨਾ ਬਣਾਈ ਤੇ ਕੰਮ ਵੰਡ ਦਿੱਤੇ। ਭਗਤ ਸਿੰਘ ਤੇ ਪ੍ਰਤਾਪ ਸਿੰਘ ਨੂੰ ਕਿਹਾ ਗਿਆ ਕਿ ਉਹ ਅਗਲੇ ਦਿਨ ਤਿੰਨ ਵਜੇ ਇਕ ਟੈਕਸੀ ਕਿਰਾਏ 'ਤੇ ਲੈ ਕੇ ਬੈਂਕ ਪਹੁੰਚ ਜਾਣ। ਕਾਲੀ ਚਰਣ ਨੂੰ ਟੈਲੀਫ਼ੋਨ ਦੇ ਤਾਰ ਕੱਟਣ ਦਾ ਕੰਮ ਸੌਂਪਿਆ ਗਿਆ। ਸੁਖਦੇਵ ਨੇ ਪਸਤੌਲ ਦਿਖਾਅ ਕੇ ਪਹਿਰੇਦਾਰ ਦੀ ਬੰਦੂਕ ਖੋਹਣੀ ਸੀ ਤੇ ਆਨਾਕਾਨੀ ਕਰਨ 'ਤੇ ਗੋਲੀ ਚਲਾਉਣ ਦਾ ਹੁਕਮ ਵੀ ਸੀ। ਜੈ ਗੋਪਾਲ ਤੇ ਹੋਰਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਕੋਲ ਉਹ ਥੈਲੇ ਰੱਖਣ, ਜਿਹਨਾਂ ਵਿਚ ਕਰੰਸੀ ਨੋਟ ਭਰੇ ਜਾ ਸਕਣ।
ਅਗਲੇ ਦਿਨ ਸਾਰੇ ਆਪੋ ਆਪਣੀ ਡਿਊਟੀ ਉੱਤੇ ਪਹੁੰਚ ਗਏ ਤੇ ਟੈਕਸੀ ਦੇ ਆਉਣ ਦੀ ਉਡੀਕ ਕਰਨ ਲੱਗੇ। ਪਰ ਉਸ ਸਮੇਂ ਪ੍ਰਤਾਪ ਸਿੰਘ ਤਾਂਗੇ ਵਿਚ ਆਇਆ ਤੇ ਉਸਨੇ ਆਜ਼ਾਦ ਨੂੰ ਦੱਸਿਆ ਕਿ ਕਿਰਾਏ ਦੀ ਜਿਸ ਟੈਕਸੀ ਨੂੰ ਉਸਨੇ ਖ਼ੁਦ ਚਲਾ ਕੇ ਲਿਆਉਣਾ ਸੀ, ਉਹ ਸਟਾਰਟ ਹੀ ਨਹੀਂ ਹੋਈ। ਇਸ ਕਰਕੇ ਡਕੈਤੀ ਦੀ ਯੋਜਨਾ ਅਸਫਲ ਰਹੀ ਤੇ ਸਾਰੇ ਜਣੇ ਮਜੰਗ ਹਾਊਸ ਪਹੁੰਚ ਗਏ।
10 ਦਸੰਬਰ ਨੂੰ ਮਜੰਗ ਹਾਊਸ ਵਿਚ ਦਲ ਦੀ ਇਕ ਬੈਠਕ ਫੇਰ ਹੋਈ। ਇਸ ਬੈਠਕ ਵਿਚ ਸਕਾਟ ਦੀ ਹੱਤਿਆ ਲਈ 17 ਦਸੰਬਰ ਦਾ ਦਿਨ ਨਿਸ਼ਚਿਤ ਕੀਤਾ ਗਿਆ ਤੇ ਤੈਅ ਹੋਇਆ ਕਿ ਹਫ਼ਤਾ ਭਰ ਸਿਵਲ ਸਕੱਤਰੇਤ ਵਿਚ ਪੁਲਸ ਦਫ਼ਤਰ ਦੀਆਂ, ਉਸਦੇ ਆਸਪਾਸ ਦੀਆਂ ਤੇ ਸਕਾਟ ਦੀਆਂ ਗਤੀ-ਵਿਧੀਆਂ ਉੱਤੇ ਨਜ਼ਰ ਰੱਖੀ ਜਾਏ। ਇਹ ਕੰਮ ਪੂਰਾ ਹੋਇਆ ਤੇ ਉਹ ਲੋਕ 7 ਦਸੰਬਰ ਨੂੰ ਉੱਥੇ ਪਹੁੰਚ ਗਏ। ਗੋਲੀ ਭਗਤ ਸਿੰਘ ਨੇ ਚਲਾਉਣੀ ਸੀ ਤੇ ਰਾਜਗੁਰੂ ਉਹਨਾਂ ਦਾ ਸਹਾਇਕ ਸੀ। ਜੈ ਗੋਪਾਲ ਸਕਾਟ ਨੂੰ ਪਛਾਣਦਾ ਸੀ। ਇਸ ਲਈ ਉਸਨੂੰ ਇਹ ਕੰਮ ਸੌਂਪਿਆ ਗਿਆ ਸੀ ਕਿ ਜਿਉਂ ਹੀ ਸਕਾਟ ਦਫ਼ਤਰ ਵਿਚੋਂ ਨਿਕਲੇ, ਉਹ ਭਗਤ ਸਿੰਘ ਨੂੰ ਇਸ਼ਾਰਾ ਕਰ ਦਏ। ਚਾਰ ਵੱਜ ਕੇ ਵੀਹ ਮਿੰਟ ਉੱਤੇ ਸਾਂਡਰਸ ਦਫ਼ਤਰ ਵਿਚੋਂ ਬਾਹਰ ਨਿਕਲਿਆ ਤੇ ਆਪਣੀ ਮੋਟਰ ਸਾਈਕਲ ਉੱਤੇ ਸਵਾਰ ਹੋਣ ਲੱਗਾ। ਜੈ ਗੋਪਾਲ ਨੇ ਉਸੇ ਨੂੰ ਸਕਾਟ ਸਮਝ ਕੇ ਭਗਤ ਸਿੰਘ ਨੂੰ ਇਸ਼ਾਰਾ ਕਰ ਦਿੱਤਾ। ਪਹਿਲੀ ਗੋਲੀ ਰਾਜਗੁਰੂ ਨੇ ਚਲਾਈ, ਜਿਹੜੀ ਸਾਂਡਰਸ ਦੇ ਸਿਰ ਵਿਚ ਵੱਜੀ ਤੇ ਉਹ ਮੋਟਰ ਸਾਈਕਲ ਸਮੇਤ ਧਰਤੀ 'ਤੇ ਲੁਟਕ ਗਿਆ। ਭਗਤ ਸਿੰਘ ਨੇ ਤਿੰਨ ਚਾਰ ਗੋਲੀਆਂ ਹੋਰ ਚਲਾ ਦਿੱਤੀਆਂ ਤਾਂਕਿ ਉਹ ਉੱਥੇ ਹੀ ਖ਼ਤਮ ਹੋ ਜਾਏ। ਇਸ ਪਿੱਛੋਂ ਉਹ ਦੋਹੇਂ ਭੱਜ ਕੇ ਡੀ.ਏ.ਵੀ. ਕਾਲਜ ਦੇ ਅਹਾਤੇ ਵਿਚ ਚਲੇ ਗਏ, ਜਿਹੜਾ ਪੁਲਸ ਦਫ਼ਤਰ ਦੇ ਬਿਲਕੁਲ ਸਾਹਮਣੇ ਸੀ। ਚਾਨਣ ਸਿੰਘ ਨਾਂ ਦੇ ਇਕ ਹੈਡ ਕਾਂਸਟੇਬਲ ਨੇ ਉਹਨਾਂ ਦਾ ਪਿੱਛਾ ਕੀਤਾ। ਆਜ਼ਾਦ ਨੇ ਉਹਨਾਂ ਦੋਹਾਂ ਦੀ ਰੱਖਿਆ ਦਾ ਕੰਮ ਆਪਣੇ ਜ਼ਿੰਮੇ ਲਿਆ ਹੋਇਆ ਸੀ। ਪਹਿਲਾਂ ਤਾਂ ਆਜ਼ਾਦ ਨੇ ਚਾਨਣ ਸਿੰਘ ਨੂੰ ਪਿੱਛਾ ਕਰਨ ਤੋਂ ਮਨ੍ਹਾਂਹ ਕੀਤਾ। ਜਦੋਂ ਉਹ ਨਹੀਂ ਮੰਨਿਆਂ ਤਾਂ ਆਜ਼ਾਦ ਨੇ ਉਸਨੂੰ ਗੋਲੀ ਮਾਰ ਦਿੱਤੀ ਤੇ ਉਹ ਥਾਵੇਂ ਠੰਡਾ ਹੋ ਗਿਆ। ਉਹ ਤਿੰਨੇ ਭੱਜ ਕੇ ਡੀ.ਏ.ਵੀ. ਕਾਲਜ ਹੋਸਟਲ ਵਿਚ ਚਲੇ ਗਏ।
ਅਗਲੀ ਸਵੇਰ ਲਾਹੌਰ ਦੀਆਂ ਕੰਧਾਂ ਉੱਤੇ ਗੁਲਾਬੀ ਰੰਗ ਦਾ ਇਕ ਪੋਸਟਰ ਚਿਪਕਿਆ ਹੋਇਆ ਸੀ, ਜਿਸਦੀ ਇਬਾਰਤ ਇੰਜ ਸੀ...:

 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੈਨਾ।
   ਨੋਟਸ
 ਨੌਕਰਸ਼ਾਹੀ ਸਵਾਧਾਨ
ਜੇ.ਪੀ. ਸਾਂਡਰਸ ਦੀ ਮੌਤ ਨਾਲ ਲਾਲਾ ਲਾਜਪਤ ਰਾਏ ਦੀ ਹੱਤਿਆ ਦਾ ਬਦਲਾ ਲੈ ਲਿਆ ਗਿਆ ਹੈ।
ਇਹ ਸੋਚ ਕੇ ਕਿੰਨਾਂ ਦੁੱਖ ਹੁੰਦਾ ਹੈ ਕਿ ਜੇ.ਪੀ. ਸਾਂਡਰਸ ਵਰਗੇ ਇਕ ਮਾਮੂਲੀ ਪੁਲਸ ਅਫ਼ਸਰ ਦੇ ਕਮੀਨੇ ਹੱਥੀਂ ਦੇਸ਼ ਦੀ ਤੀਹ ਕਰੋੜ ਜਨਤਾ ਦੇ ਸਤਿਕਾਰਤ ਨੇਤਾ ਉੱਤੇ ਹਮਲਾ ਕਰਕੇ ਉਹਨਾਂ ਦੇ ਪ੍ਰਾਣ ਲਏ ਗਏ। ਰਾਸ਼ਟਰ ਦਾ ਇਹ ਅਪਮਾਨ ਹਿੰਦੁਸਤਾਨ ਦੇ ਨੌਜਵਾਨਾਂ ਲਈ ਚੈਲੇਂਜ ਸੀ।
ਅੱਜ ਸੰਸਾਰ ਨੇ ਦੇਖ ਲਿਆ ਕਿ ਹਿੰਦੁਸਤਾਨ ਦੀ ਜਨਤਾ ਮੁਰਦਾਰ ਨਹੀਂ। ਉਸਦਾ ਖ਼ੂਨ ਜੰਮਿਆਂ ਨਹੀਂ। ਉਹ ਆਪਣੇ ਰਾਸ਼ਟਰ ਦੇ ਸਨਮਾਣ ਲਈ ਪ੍ਰਾਣਾ ਦੀ ਬਾਜ਼ੀ ਲਾ ਸਕਦੀ ਹੈ ਤੇ ਇਹ ਸਬੂਤ ਦੇਸ਼ ਦੇ ਉਹਨਾਂ ਨੌਜਵਾਨਾਂ ਨੇ ਦਿੱਤਾ ਹੈ, ਜਿਹਨਾਂ ਦੀ ਖ਼ੁਦ ਇਸ ਦੇਸ਼ ਦੇ ਨੇਤਾ ਨਿੰਦਿਆ ਕਰਦੇ ਹਨ।
  ਅਤਿਆਚਾਰੀ ਸਰਕਾਰ ਸਾਵਧਾਨ
ਇਸ ਦੇਸ਼ ਦੀ ਦਲਿਤ ਤੇ ਪੀੜੀ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਨਾ ਲਾਓ। ਆਪਣੀਆਂ ਸ਼ੈਤਾਨੀ ਹਰਕਤਾਂ ਬੰਦ ਕਰੋ। ਹਥਿਆਰ ਨਾ ਰੱਖਣ ਲਈ ਬਣਾਏ ਗਏ ਤੁਹਾਡੇ ਸਾਰੇ ਕਾਨੂੰਨਾਂ ਤੇ ਚੌਕਸੀ ਤੇ ਬਾਵਜੂਦ ਪਸਤੌਲ ਤੇ ਰਿਵਾਲਵਰ ਇਸ ਦੇਸ਼ ਦੀ ਜਨਤਾ ਦੇ ਹੱਥ ਆਉਂਦੇ ਹੀ ਰਹਿਣਗੇ। ਜੇ ਇਹ ਹਥਿਆਰ, ਹਥਿਆਰਬੰਦ ਕਰਾਂਤੀ ਲਈ ਕਾਫੀ ਨਾ ਹੋਏ ਤਾਂ ਵੀ ਰਾਸ਼ਟਰੀ ਅਪਮਾਨ ਦਾ ਬਦਲਾ ਲੈਂਦੇ ਰਹਿਣ ਲਈ ਤਾਂ ਕਾਫੀ ਹੋਣਗੇ। ਸਾਡੇ ਆਪਣੇ ਲੋਕ ਸਾਡੀ ਨਿੰਦਿਆ ਤੇ ਅਪਮਾਨ ਕਰਨ, ਵਿਦੇਸ਼ੀ ਸਰਕਾਰ ਚਾਹੇ ਸਾਡਾ ਕਿੰਨਾਂ ਵੀ ਦਮਨ ਕਿਉਂ ਨਾ ਕਰ ਲਏ, ਪਰ ਅਸੀਂ ਰਾਸ਼ਟਰੀ ਅਪਮਾਨ ਦਾ ਮੂੰਹ ਤੋੜ ਜਵਾਬ ਦੇਣ ਤੇ ਵਿਦੇਸ਼ੀ ਅਤਿਆਚਾਰੀਆਂ ਨੂੰ ਸਬਕ ਸਿਖਾਉਣ ਲਈ ਸਦਾ ਤਤਪਰ ਰਹਾਂਗੇ। ਅਸੀਂ ਸਾਰੇ ਵਿਰੋਧ ਤੇ ਦਮਨ ਦੇ ਬਾਵਜੂਦ ਕਰਾਂਤੀ ਦੀ ਆਵਾਜ਼ ਬੁਲੰਦ ਕਰਾਂਗੇ ਤੇ ਫਾਂਸੀ ਦੇ ਤਖ਼ਤੇ ਤੋਂ ਵੀ ਬੋਲਦੇ ਰਹਾਂਗੇ...:
   ਇਨਕਲਾਬ ਜ਼ਿੰਦਾਬਾਦ !
ਸਾਨੂੰ ਇਕ ਆਦਮੀ ਦੀ ਹੱਤਿਆ ਕਰਨ ਦਾ ਦੁੱਖ ਹੈ। ਪਰ ਇਹ ਆਦਮੀ ਨਿਰਦਈ, ਨੀਚ ਤੇ ਅਨਿਆਂਭਰੀ ਵਿਵਸਥਾ ਦਾ ਅੰਗ ਸੀ, ਜਿਸਨੂੰ ਸਮਾਪਤ ਕਰ ਦੇਣਾ ਜ਼ਰੂਰੀ ਸੀ। ਉਸ ਆਦਮੀ ਦਾ ਬੱਧ ਹਿੰਦੁਸਤਾਨ ਦੀ ਬ੍ਰਿਟਿਸ਼ ਹਕੂਮਤ ਦੇ ਕਾਰਿੰਦੇ ਦੇ ਰੂਪ ਵਿਚ ਕੀਤਾ ਗਿਆ ਹੈ। ਇਹ ਸਰਕਾਰ ਸੰਸਾਰ ਦੀ ਸਭ ਤੋਂ ਅਤਿਆਚਾਰੀ ਸਰਕਾਰ ਹੈ।
ਮਨੁੱਖੀ ਲਹੂ ਵਹਾਉਣ ਲਈ ਸਾਨੂੰ ਅਫ਼ਸੋਸ ਹੈ, ਪਰ ਕਰਾਂਤੀ ਦੀ ਬਲੀ-ਵੇਦੀ ਉੱਤੇ ਲਹੂ ਚੜ੍ਹਾਉਣਾ ਜ਼ਰੂਰੀ ਹੋ ਜਾਂਦਾ ਹੈ। ਸਾਡਾ ਉਦੇਸ਼ ਅਜਿਹੀ ਕਰਾਂਤੀ ਹੈ, ਜਿਹੜੀ ਮਨੁੱਖ ਦੁਆਰਾ ਮਨੁੱਖ ਦੇ ਸੋਸ਼ਣ ਦਾ ਅੰਤ ਕਰ ਦਏਗੀ।

ਇਨਕਲਾਬ ਜ਼ਿੰਦਾਬਾਦ !    ਹ.ਬਲਰਾਜ
18 ਦਸੰਬਰ 1928   ਸੈਨਾਪਤੀ ਪੰਜਾਬ ਹਿਸਪ੍ਰੈੱਸ'

ਇਹ ਪੋਸਟਰ ਰਾਤੋ-ਰਾਤ ਛਪਿਆ ਤੇ ਨੌਜਵਾਨਾਂ ਨੇ ਆਪਣੇ ਹੱਥੀ ਕੰਧਾਂ ਉੱਤੇ ਚਿਪਕਾਅ ਦਿੱਤਾ। ਜਿਹੜਾ ਵੀ ਪੜ੍ਹਦਾ ਸੀ ਉਸਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਸੀ ਤੇ ਮਨ ਵਿਚ ਇਹੋ ਭਾਵ ਪੈਦਾ ਹੁੰਦਾ ਸੀ ਕਿ ਰਾਸ਼ਟਰੀ ਅਪਮਾਨ ਦਾ ਬਦਲਾ ਲੈ ਲਿਆ ਗਿਆ ਹੈ।
ਪੁਲਸ ਹੱਥ ਮਲਦੀ ਰਹਿ ਗਈ। ਉਸਦੀ ਛਾਤੀ 'ਤੇ ਸੱਪ ਲਿਟਣ ਲੱਗੇ। ਉਹ ਬੜੀ ਪ੍ਰੇਸ਼ਾਨ ਸੀ। 'ਨੌਜਵਾਨ ਭਾਰਤ ਸਭਾ' ਤੇ 'ਸਟੂਡੈਂਟ ਯੂਨੀਅਨ' ਦੇ ਮੈਂਬਰਾਂ ਦੀ ਫੜਾ-ਫੜਾਈ ਸ਼ੁਰੂ ਹੋ ਗਈ। ਘਰਾਂ ਦੀਆਂ ਤਲਾਸ਼ੀਆਂ ਹੋਈਆਂ। ਪੁੱਛ-ਪੜਤਾਲ ਹੋਈ ਤੇ ਭਾਂਤ-ਭਾਂਤ ਦੇ ਤਸੀਹੇ ਦਿੱਤੇ ਗਏ; ਪਰ ਪੁਲਸ ਦੇ ਹੱਥ ਕੁਝ ਨਾ ਆਇਆ। ਕਿਸੇ ਨੂੰ ਕੁਝ ਪਤਾ ਹੁੰਦਾ ਤਾਂ ਦੱਸਦਾ। ਇਸ ਐਕਸ਼ਨ ਵਿਚ ਸੁਖਦੇਵ ਦੀ ਜੋ ਭੂਮਿਕਾ ਸੀ, ਉਹ ਪਰਦੇ ਦੇ ਪਿੱਛੇ ਰਹੀ। ਪੈਸੇ ਦਾ ਬੰਦੋਬਸਤ ਸੁਖਦੇਵ ਨੇ ਕੀਤਾ ਸੀ, ਠਿਕਾਣਿਆ ਤੋਂ ਹਥਿਆਰ ਹਟਾਉਣ ਦਾ ਕੰਮ ਉਸਦੇ ਜ਼ਿੰਮੇ ਹੀ ਸੀ। ਪੋਸਟਰ ਛਪਵਾਉਣ-ਲਗਵਾਉਣ ਦਾ ਕੰਮ ਵੀ ਉਹਨਾਂ ਹੀ ਨੇਫਰੇ ਚਾੜ੍ਹਿਆ ਸੀ।
ਯਸ਼ ਪਾਲ ਨੇ 'ਸਿੰਹਾਵਲੋਕਨ' ਵਿਚ ਇਸ ਕਾਂਢ ਦਾ ਜਿਹੜਾ ਵੇਰਵਾ ਪੇਸ਼ ਕੀਤਾ ਹੈ, ਉਹ ਸਾਰਾ ਮਨਘੜੰਤ ਤੇ ਝੂਠਾ ਹੈ। ਉਹ ਨਾ ਯੋਜਨਾ ਬਣਾਉਣ ਸਮੇਂ ਮੌਜੂਦ ਸੀ ਤੇ ਨਾ ਪ੍ਰਤੱਖ-ਦਰਸ਼ੀ ਹੀ ਸੀ। ਉਹ ਦਲ ਦੀ ਨਜ਼ਰ ਵਿਚ ਵਿਸ਼ਵਾਸ ਯੋਗ ਆਦਮੀ ਹੀ ਨਹੀਂ ਸੀ।
ਪੁਲਸ ਚੌਕੰਨੀਂ ਹੋ ਚੁੱਕੀ ਸੀ ਤੇ ਸ਼ਹਿਰ ਦੇ ਸਾਰੇ ਰਸਤਿਆਂ ਦੀ ਨਾਕਾਬੰਦੀ ਕਰ ਦਿੱਤੀ ਗਈ ਸੀ। ਭਗਤ ਸਿੰਘ ਤੇ ਉਹਨਾਂ ਦੇ ਸਾਥੀ ਲਾਹੌਰ ਵਿਚੋਂ ਕਿੰਜ ਬਾਹਰ ਨਿਕਲੇ, ਇਸ ਬਾਰੇ ਲੇਖਕਾਂ ਨੇ ਵੱਖ-ਵੱਖ ਤੇ ਦਿਲਚਸਪ ਗੱਲਾਂ ਲਿਖੀਆਂ ਹਨ...:
ਸੋਹਨ ਸਿੰਘ ਜੋਸ਼ ਦਾ ਕਹਿਣਾ ਹੈ...“ਉਸੇ ਰਾਤ (17 ਦਸੰਬਰ ਨੂੰ, ਕੋਈ 11 ਵਜੇ ਤੋਂ ਪਿੱਛੋਂ ਇਸਲਾਮਾਬਾਦ, ਅੰਮ੍ਰਿਤਸਰ) ਉਹਨਾਂ ਦਾ ਦਰਵਾਜ਼ਾ ਖੜਕਾਇਆ ਗਿਆ। ਉਹ ਘਰੇ ਇਕੱਲੇ ਸਨ। ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿੰਡ ਚੇਤਨਪੁਰਾ ਗਿਆ ਹੋਇਆ ਸੀ।
“ਮੈਂ ਦਰਵਾਜ਼ਾ ਖੋਲ੍ਹਿਆ ਤੇ ਦੇਖ ਕੇ ਹੈਰਾਨ ਰਹਿ ਗਿਆ ਕਿ ਭਗਤ ਸਿੰਘ ਤੇ ਸੁਖਦੇਵ ਬਾਹਰ ਖੜ੍ਹੇ ਹਨ। ਮੈਂ ਉਹਨਾਂ ਨੂੰ ਜੀ ਆਇਆਂ ਕਿਹਾ ਪਰ ਨਾਲ ਹੀ ਕਿਹਾ ਕਿ ਮੇਰੇ ਘਰ ਆਉਣਾ ਖ਼ਤਰੇ ਤੋਂ ਖਾਲੀ ਨਹੀਂ ਕਿਉਂਕਿ ਪੁਲਸ ਇਸ ਘਰ ਉੱਤੇ ਕਦੋਂ ਵੀ ਛਾਪਾ ਮਾਰ ਸਕਦੀ ਹੈ। ਪਰ ਭਗਤ ਸਿੰਘ ਨੇ ਉਤਰ ਦਿੱਤਾ...“ਫ਼ਿਕਰ ਨਾ ਕਰੋ, ਅਸੀਂ ਸਾਰਾ ਪ੍ਰਬੰਧ ਕਰ ਆਏ ਆਂ।” ਉਹ ਅੰਦਰ ਆ ਗਏ ਤੇ ਉਹਨਾਂ ਕਿਹਾ, “ਸਾਨੂੰ ਭੁੱਖ ਲੱਗੀ ਏ।” ਉਸ ਵੇਲੇ ਮੇਰੇ ਕੋਲ ਦੋ ਰੋਟੀਆਂ ਪਈਆਂ ਸਨ ਤੇ ਇਕ ਦੁੱਧ ਦਾ ਗ਼ਿਲਾਸ ਸੀ। ਮੈਂ ਇਹ ਵੀ ਕਿਹਾ ਕਿ ਤਾਜ਼ੀ ਰੋਟੀ ਪਕਾਈ ਜਾ ਸਕਦੀ ਹੈ। ਪਰ ਉਹਨਾਂ ਨੇ ਕਿਹਾ, “ਕੋਈ ਲੋੜ ਨਹੀਂ। ਅਸੀਂ ਗੱਲਾਂ ਕਰਾਂਗੇ ਤੇ ਫੇਰ ਸੌਂ ਜਾਵਾਂਗੇ।”
“ਭਗਤ ਸਿੰਘ ਨੇ ਫ਼ਲੈਟ ਹੈਟ ਤੇ ਵਿਦੇਸ਼ੀ ਫ਼ੈਸ਼ਨ ਦਾ ਸੂਟ ਪਾਇਆ ਹੋਇਆ ਸੀ। ਇਸ ਪੁਸ਼ਾਕ ਵਿਚ ਪਛਾਣਿਆ ਨਹੀਂ ਸੀ ਜਾ ਸਕਦਾ। ਸੁਖਦੇਵ ਦੇ ਵੀ ਅੰਗਰੇਜ਼ੀ ਹੈਟ ਤੇ ਸੂਟ ਪਾਇਆ ਹੋਇਆ ਸੀ। ਭਗਤ ਸਿੰਘ ਨੇ ਹੈਟ ਲਾਹ ਕੇ ਮੇਜ਼ ਉੱਤੇ ਰੱਖ ਦਿੱਤਾ ਤੇ ਪਸਤੌਲ ਕਿੱਲੀ ਉੱਤੇ ਟੰਗ ਦਿੱਤਾ। ਫੇਰ ਉਹ ਥੋੜ੍ਹੀ ਜਿਹੀ ਰੋਟੀ ਖ਼ਤਮ ਕਰਨ ਪਿੱਛੋਂ ਉਸਨੇ ਮੈਨੂੰ ਪੁੱਛਿਆ, “ਸਾਂਡਰਸ ਦੀ ਹੱਤਿਆ ਦੀ ਤੁਹਾਡੇ ਲੋਕਾਂ ਵਿਚ ਕੀ ਪ੍ਰਤੀਕਿਰਿਆ ਹੈ।” ਮੈਨੂੰ ਓਦੋਂ ਪਤਾ ਲੱਗਿਆ ਕਿ ਮਾਰਿਆ ਸਾਂਡਰਸ ਗਿਆ ਹੈ।
“ਮੈਂ ਉਤਰ ਦਿੱਤਾ, “ਨੌਜਵਾਨ ਖੁਸ਼ ਨੇ, ਪਰ ਉਹ ਹੋਰ ਵੀ ਖੁਸ਼ ਹੁੰਦੇ ਜੇ ਸਕਾਟ ਮਾਰਿਆ ਜਾਂਦਾ।”
“ਉਹ ਬੋਲਿਆ, “ਅਸੀਂ ਉੱਥੇ ਗਏ ਤਾਂ ਉਸੇ (ਸਕਾਟ) ਖਾਤਰ ਹੀ ਸੀ, ਪਰ ਉਹ ਦੂਜਾ ਸ਼ੈਤਾਨ ਬਾਹਰ ਨਿਕਲ ਆਇਆ ਤੇ ਅਸੀਂ ਖਾਲੀ ਹੱਥ ਮੁੜਨਾਂ ਨਹੀਂ ਸੀ ਚਾਹੁੰਦੇ ਕਿਉਂਕਿ ਬੜੀ ਮੁਸ਼ਕਿਲ ਨਾਲ ਤਿਆਰੀ ਕੀਤੀ ਸੀ ਅਸੀਂ।” ਤੇ ਫੇਰ ਅੱਗੇ ਕਿਹਾ, “ਖ਼ੈਰ, ਸ਼ੁਰੂਆਤ ਤਾਂ ਹੋਈ।”
“ਮੈਂ ਕਿਹਾ, “ਇਸ ਹੱਤਿਆ ਬਾਰੇ ਇਕ ਹੋਰ ਵੀ ਰਾਏ ਹੈ, ਗਾਂਧੀ ਦੇ ਅਨੁਯਾਈਆਂ ਦੀ ਰਾਏ।”
“ਉਸਨੇ ਕਿਹਾ, “ਅਸੀਂ ਇਹ ਪਹਿਲੋਂ ਈ ਜਾਣਦੇ ਸੀ। ਇਸ ਐਕਸ਼ਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਇਸ ਉੱਤੇ ਵਿਚਾਰ ਕੀਤਾ ਸੀ।” ਫੇਰ ਉਸਨੇ ਲਾਪ੍ਰਵਾਹੀ ਜਿਹੀ ਨਾਲ ਕਿਹਾ, “ਗਾਂਧੀ ਨੇ (1921-22 ਵਿਚ) ਚੌਰੀਚੌਰਾ ਦੀ ਘਟਨਾ ਪਿੱਛੋਂ ਅਸਹਿਯੋਗ ਅੰਦੋਲਨ ਵਾਪਸ ਲੈ ਕੇ ਰਾਸ਼ਟਰ ਦੀ ਪਿੱਠ ਵਿਚ ਛੁਰਾ ਮਾਰਿਆ ਸੀ। ਲੋਕ ਹੁਣ ਵੀ ਉਸੇ ਨਿਰਾਸ਼ਾ ਤੇ ਪ੍ਰਸਤ-ਹੌਸਲੇ ਦੀ ਸਥਿਤੀ ਵਿਚ ਨੇ, ਜਿਸ ਵਿਚ ਗਾਂਧੀ ਨੇ ਉਹਨਾਂ ਨੂੰ ਧਰੀਕ ਦਿੱਤਾ ਸੀ।”
“ਭਗਤ ਸਿੰਘ ਤੇ ਸੁਖਦੇਵ ਨੇ ਰਾਤ ਉੱਥੇ ਕੱਟੀ ਤੇ ਸਵੇਰੇ ਉਠ ਕੇ ਚਲੇ ਗਏ।”
ਭਗਵਤੀ ਚਰਣ ਵੋਹਰਾ ਉਹਨੀਂ ਦਿਨੀ ਫੜਾ-ਫੜਾਈ ਕਰਕੇ ਫਰਾਰ ਸਨ। ਪਰ ਉਹਨਾਂ ਦੀ ਦੂਰ-ਅੰਦੇਸ਼ੀ ਦੇਖੋ ਕਿ ਉਹ ਅਛੋਪਲੇ ਹੀ ਘਰ ਆ ਕੇ ਦੁਰਗਾ ਭਾਬੀ ਨੂੰ ਇਕ ਹਜ਼ਾਰ ਰੁਪਈਆ ਦੇ ਗਏ। ਫਸਟ ਕਲਾਸ ਦਾ ਇਕ ਛੋਟਾ ਡੱਬਾ (ਕੂਪਾ) ਇਕ ਨਕਲੀ ਨਾਂ ਨਾਲ ਕਲਕੱਤੇ ਲਈ ਰਿਜ਼ਰਵ ਸੀ। ਅਗਲੇ ਦਿਨ ਸਵੇਰੇ ਪੰਜ ਵਜੇ ਤਾਰਿਆਂ ਦੀ ਛਾਂ ਵਿਚ ਭਗਤ ਸਿੰਘ ਸਿਰ ਉੱਤੇ ਫ਼ਲੈਟ ਹੈਟ ਲਈ, ਉੱਚੇ ਚੁੱਕੇ ਕਾਲਰਾਂ ਵਾਲਾ ਓਵਰ ਕੋਟ ਪਾਈ, ਖੱਬੇ ਪਾਸੇ ਆਪਣੇ ਬੇਟੇ (ਭਗਵਤੀ ਚਰਣ ਦੇ ਬੇਟੇ ਸ਼ਚੀਂਦਰ) ਨੂੰ ਗੋਦੀ ਚੁੱਕੀ ਤਾਂਕਿ ਚਿਹਰਾ ਛਿਪ ਸਕੇ, ਸੱਜਾ ਹੱਥ ਓਵਰ ਕੋਟ ਦੀ ਜੇਬ ਵਿਚ ਪਾਈ, ਉਂਗਲੀ ਪਸਤੌਲ ਦੇ ਘੋੜੇ 'ਤੇ ਟਿਕਾਈ ਤੇ ਖੱਬੇ ਪਾਸੇ ਆਪਣੀ ਸੁੰਦਰ ਪਤਨੀ (ਦੁਰਗਾ ਭਾਬੀ) ਨਾਲ ਬੜੇ ਸਹਿਜ ਕਦਮਾਂ ਨਾਲ ਪਲੇਟਫਾਰਮ ਪਾਰ ਕਰਕੇ ਆਪਣੇ ਰਿਜ਼ਰਵ ਡੱਬੇ ਵਿਚ ਆ ਬੈਠੇ। ਨਾਲ ਇਕ ਸ਼ਾਨਦਾਰ ਬਿਸਤਰਾ ਤੇ ਅਟੈਚੀ ਸੀ ਤੇ ਪਿੱਛੇ-ਪਿੱਛੇ ਨੌਕਰ ਦੇ ਭੇਸ ਵਿਚ ਰਾਜਗੁਰੂ ਪੁਰਾਣੀ ਦਰੀ ਵਿਚ ਲਪੇਟਿਆ ਆਪਣਾ ਬਿਸਤਰਾ ਚੁੱਕੀ ਆ ਰਿਹਾ ਸੀ।
ਭਗਤ ਸਿੰਘ ਕੁਆਰੇ ਸਨ ਬੇਟੇ ਤੇ ਪਤਨੀ ਨਾਲ ਸਟੇਸ਼ਨ 'ਤੇ ਆਉਣ ਦੀ ਗੱਲ ਪੁਲਸ ਸੋਚ ਵੀ ਨਹੀਂ ਸੀ ਸਕਦੀ।
ਆਜ਼ਾਦ ਬਾਰੇ ਕਿਹਾ ਜਾਂਦਾ ਹੈ ਕਿ ਮਥਰਾ ਦੇ ਪੰਡੇ ਦੇ ਭੇਸ ਵਿਚ ਉਹ ਵੀ ਇਸੇ ਗੱਡੀ ਵਿਚ ਸਵਾਰ ਹੋਏ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਤੀਰਥ ਯਾਤਰੀਆਂ ਦੀ ਇਕ ਮੰਡਲੀ ਬਣਾ ਕੇ ਝਾਂਜ-ਖੜਤਾਲ ਵਜਾਉਂਦੇ ਤੇ ਭਜਨ ਗਾਉਂਦੇ ਹੋਏ ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਸ਼ਹਿਰ ਵਿਚੋਂ ਬਾਹਰ ਨਿਕਲ ਗਏ।


ਸੁਸ਼ੀਲਾ ਦੀਦੀ ਇਹਨੀਂ ਦਿਨੀ ਕਲਕੱਤੇ ਵਿਚ ਸੀ। ਉਹ ਸਰ ਸੇਠ ਛੱਜੂ ਰਾਮ ਦੀ ਬੱਚੀ ਦੀ ਨਿਗਰਾਣ ਅਧਿਆਪਕਾ ਸੀ ਤੇ ਉਹਨਾਂ ਦੀ ਤਿਮੰਜਲੀ ਕੋਠੀ ਵਿਚ ਹੀ ਰਹਿੰਦੀ ਸੀ। ਦੁਰਗਾ ਭਾਬੀ ਨੇ ਉਸਨੂੰ ਤਾਰ ਦੇ ਦਿੱਤਾ ਸੀ ਕਿ ਭਾਈ ਸਾਹਬ ਨਾਲ ਆ ਰਹੀ ਹਾਂ। ਸੁਸ਼ੀਲਾ ਦੀਦੀ ਨੇ ਸੇਠ ਛੱਜੂ ਰਾਮ ਦੀ ਕੋਠੀ ਵਿਚ ਹੀ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ। ਪਿੱਛੋਂ ਭਗਤ ਸਿੰਘ ਦੂਜੀ ਜਗ੍ਹਾ ਹੋਰ ਕਰਾਂਤੀਕਾਰੀਆਂ ਕੋਲ ਚਲੇ ਗਏ। ਕਲਕੱਤੇ ਵਿਚ ਉਹਨਾਂ ਦਾ ਨਾਂ ਹਰੀ ਸੀ। ਉਹ ਬੰਗਾਲੀਆਂ ਵਾਂਗ ਧੋਤੀ ਕੁਰਤਾ ਪਾ ਕੇ ਉੱਪਰ ਸ਼ਾਲ ਲਈ ਰੱਖਦੇ ਸਨ।
ਦਸੰਬਰ ਦੇ ਅਖ਼ੀਰਲੇ ਹਫ਼ਤੇ ਕਲਕੱਤੇ ਵਿਚ ਕਾਂਗਰਸ ਦਾ ਸਾਲਾਨਾ ਸੰਮੇਲਨ ਹੋਇਆ। ਇਸ ਸੰਮੇਲਨ ਦਾ ਬੜਾ ਮਹੱਤਵ ਸੀ। 1928 ਦੇ ਪੂਰੇ ਵਰ੍ਹੇ ਮਜ਼ਦੂਰਾਂ ਤੇ ਕਿਸਾਨਾਂ ਨੇ ਜਬਰਦਸਤ ਸੰਘਰਸ਼ ਕੀਤਾ ਸੀ ਤੇ ਸਰਕਾਰ ਨੇ ਉਹਨਾਂ ਨੂੰ ਕੁਚਲਨ ਲਈ ਦਮਨ ਚੱਕਰ ਚਲਾਇਆ ਹੋਇਆ ਸੀ। ਹਥਿਆਰ-ਬੰਦ ਵਰਗ-ਸੰਘਰਸ਼ ਦੀ ਸਥਿਤੀ ਪੈਦਾ ਹੋ ਗਈ ਸੀ ਤੇ ਦੇਸ਼ ਇਕ ਵਾਰ ਫੇਰ ਕਰਾਂਤੀ ਦੇ ਮੁਹਾਨੇ ਉੱਤੇ ਖੜ੍ਹਾ ਸੀ। ਸਾਰੀ ਦੁਨੀਆਂ ਦੀਆਂ ਅੱਖਾਂ ਕਾਂਗਰਸ ਦੇ ਇਸ ਸੰਮੇਲਨ ਉੱਤੇ ਲੱਗੀਆਂ ਹੋਈਆਂ ਸਨ। ਡਾ. ਪੱਟਾਭਿ ਸੀਤਾਰਾਮੈਯਾ ਲਿਖਦੇ ਹਨ...:
“ਕਲਕੱਤਾ ਕਾਂਗਰਸ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਵਿਦੇਸ਼ਾਂ ਤੋਂ ਵਿਅਕਤੀਆਂ ਤੇ ਸੰਸਥਾਵਾਂ ਦੀ ਹਮਦਰਦੀ ਦੇ ਸੈਂਕੜੇ ਸੁਨੇਹੇ ਆਏ, ਜਿਹਨਾਂ ਵਿਚ ਨਿਊਯਾਰਕ ਤੋਂ ਸਰੋਜਨੀ ਨਾਇਡੂ, ਸ਼੍ਰੀਮਤੀ ਸਾਨਿਆਲ ਸੇਨ, ਮੋਸ਼ਯੋ ਰੋਮਾਂ ਰੋਲਾਂ ਦੇ ਤੇ ਫ਼ਾਰਸ ਦੇ ਸਾਮਾਜਵਾਦੀ ਦਲ ਤੇ ਨਿਊਜ਼ੀਲੈਂਡ ਦੇ ਕਮਿਊਨਿਸਟ ਦਲ ਦੇ ਸੁਨੇਹੇ ਵਿਸ਼ੇਸ਼ ਤੌਰ 'ਤੇ ਦੱਸਣੇ ਬਣਦੇ ਹਨ। ਭਾਰਤ ਦੇ ਭਵਿੱਖ ਬਾਰੇ ਸਰਕਾਰ ਨੂੰ ਅੰਤਮ ਚਿਤਾਵਨੀ ਦੇਣ ਦੇ ਇਲਾਵਾ ਮਤਿਆਂ ਦੇ ਵਿਸ਼ੇ ਪਿਛਲੇ ਸਾਲ ਵਰਗੇ ਹੀ ਰਹੇ। ਵਿਦੇਸ਼ਾਂ ਤੋਂ ਆਏ ਸੁਨੇਹਿਆਂ ਤੇ ਵਧਾਈਆਂ ਦੇ ਉਤਰ ਵਿਚ ਵਿਦੇਸ਼ੀ ਮਿੱਤਰਾਂ ਨੂੰ ਉਸੇ ਕਿਸਮ ਦੇ ਸੁਨੇਹੇ ਤੇ ਵਧਾਈਆਂ ਘੱਲੀਆਂ ਗਈਆਂ ਤੇ ਮਹਾਸੰਮਤੀ ਨੂੰ ਆਦੇਸ਼ ਕੀਤਾ ਗਿਆ ਕਿ ਉਹ ਇਕ ਵਿਦੇਸ਼ੀ ਵਿਭਾਗ ਖੋਲ੍ਹ ਕੇ ਵਿਦੇਸ਼ੀ ਮਿੱਤਰਾਂ ਨਾਲ ਸੰਪਰਕ ਕਰੇ। ਅਖਿਲ ਏਸ਼ੀਆ ਸੰਮੇਲਨ ਦਾ ਪ੍ਰਬੰਧ ਭਾਰਤ ਵਿਚ ਕਰਨ ਲਈ ਵੀ ਇਕ ਮਤਾ ਪਾਸ ਕੀਤਾ ਗਿਆ। ਚੀਨ ਦੇ ਪੂਰੀ ਸੁਤੰਤਰਤਾ ਪ੍ਰਾਪਤ ਕਰ ਲੈਣ ਉੱਤੇ ਉਸਨੂੰ ਵਧਾਈ ਦਿੱਤੀ ਗਈ ਤੇ ਮਿਸਰ, ਸੀਰੀਆ, ਫਿਲਿਸਤੀਨ ਤੇ ਇਰਾਕ ਸਵਤੰਤਰੀ ਯੁੱਧ ਪ੍ਰਤੀ ਹਮਦਰਦੀ ਦਿਖਾਈ ਗਈ। ਸਾਮਰਾਜ ਵਿਰੋਧੀ ਸੰਘ ਦੇ ਦੂਜੇ ਵਿਸ਼ਵ ਸੰਮੇਲਨ ਦੀ ਤਿਆਰੀ ਦਾ ਸਵਾਗਤ ਕੀਤਾ ਗਿਆ ਤੇ ਮਦਰਾਸ ਕਾਂਗਰਸ ਦੇ ਯੁੱਧ ਦੇ ਖਤਰੇ ਵਾਲੇ ਸੁਝਾਅ ਨੂੰ ਦੁਹਰਾਇਆ ਗਿਆ। ਬ੍ਰਿਟਿਸ਼ ਮਾਲ ਦੇ ਬਾਈਕਾਟ ਦੇ ਅੰਦੋਲਨ ਉੱਤੇ ਵੀ ਜ਼ੋਰ ਦਿੱਤਾ ਗਿਆ। ਬਾਰਦੋਲੀ ਦੀ ਸ਼ਾਨਦਾਰ ਜਿੱਤ ਉੱਤੇ ਸਰਦਾਰ ਬੱਲਭ ਭਾਈ ਪਟੇਲ ਨੂੰ ਵਧਾਈ ਦਿੱਤੀ ਗਈ। ਸਰਕਾਰੀ ਉਤਸਵਾਂ, ਦਰਬਾਰਾਂ ਤੇ ਸਰਕਾਰੀ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਜਾਂ ਉਹਨਾਂ ਦੇ ਸਨਮਾਣ ਵਿਚ ਕੀਤੇ ਜਾਣ ਵਾਲੇ ਹੋਰ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਉਤਸਵਾਂ ਵਿਚ ਹਿੱਸਾ ਲੈਣ ਦੀ ਕਾਂਗਰਸਵਾਦੀਆਂ ਲਈ ਮਨਾਹੀ ਕਰ ਦਿੱਤੀ ਗਈ। ਦੇਸ਼ੀ ਰਾਜਾਂ ਵਿਚ ਜ਼ਿੰਮੇਵਾਰ ਹਕੂਮਤ ਸਥਾਪਤ ਕਰ ਦੀ ਮੰਗ ਵੀ ਇਕ ਮਤੇ ਰਾਹੀਂ ਕੀਤੀ ਗਈ। ”
ਇਹ ਦਿਖਾਉਣ ਵਾਲੇ ਦੰਦ ਸਨ। ਖਾਣ ਵਾਲੇ ਦੰਦ ਯਾਨੀ ਅਸਲ ਗੱਲ ਇਸ ਸੰਮੇਲਨ ਵਿਚ ਨਹਿਰੂ ਰਿਪੋਰਟ ਨੂੰ ਪਾਸ ਕਰਵਾਉਣਾ ਸੀ। ਇਸ ਲਈ ਪੰਡਤ ਮੋਤੀ ਲਾਲ ਨਹਿਰੂ ਨੂੰ ਇਸ ਸੰਮੇਲਨ ਦਾ ਸਭਾਪਤੀ ਬਣਾਇਆ ਗਿਆ ਸੀ, ਪਰ ਦੇਸ਼ ਦਾ ਜੋ ਮਾਹੌਲ ਸੀ, ਉਸ ਵਿਚ ਨਹਿਰੂ ਰਿਪੋਰਟ ਨੂੰ, ਯਾਨੀ ਔਪਨਿਵੇਸ਼ਕ ਸਵੈਸ਼ਾਸਨ ਦੀ ਮੰਗ ਨੂੰ, ਪਾਸ ਕਰਾ ਲੈਣਾ ਆਸਾਨ ਨਹੀਂ ਸੀ। ਇਸ ਵਿਚ ਗਾਂਧੀ ਦੀ ਮਹਾਤਮਾਈ ਹੀ ਸਫਲ ਹੋ ਸਕਦੀ ਸੀ। ਸੋ ਪੱਟਾਭਿ ਸੀਤਾਰਾਮੈਯਾ ਲਿਖਦੇ ਹਨ ਕਿ ਹੁਣ ਅਸੀਂ ਪਾਠਕਾਂ ਨੂੰ ਇਹ ਦੱਸਣਾ ਹੈ ਕਿ ਗਾਂਧੀਜੀ ਆਪਣੇ ਇਕਾਂਤ ਜੀਵਨ 'ਚੋਂ ਕਲਕੱਤੇ ਕਿੰਜ ਆ ਫਸੇ। ਲਿਖਿਆ ਹੈ...:
“ਪੰਡਤ ਮੋਤੀ ਲਾਲ ਨਹਿਰੂ, ਜਿਹਨਾਂ ਦਾ ਆਦਰ-ਸਨਮਾਣ 36 ਘੋੜਿਆਂ ਵਾਲੇ ਰਥ ਵਿਚ ਬਿਠਾਅ ਕੇ, ਸਾਰੇ ਸ਼ਹਿਰ ਵਿਚ ਜਲੂਸ ਘੁਮਾਅ ਕੇ ਕੀਤਾ ਗਿਆ ਸੀ, ਆਪਣੇ ਆਪ ਨੂੰ ਵੱਡੀ ਸੰਕਟ ਘੜੀ ਵਿਚ ਫਸਿਆ ਮਹਿਸੂਸ ਕਰ ਰਹੇ ਸਨ। ਲਖ਼ਨਊ ਦੇ ਸਰਬ-ਦਲ ਸੰਮੇਲਨ ਵਿਚ ਜਿਹਨਾਂ ਵਿਰੋਧੀਆਂ ਨੇ ਸਭਾਪਤੀ ਦੇ ਨਾਂ ਇਕ ਪੱਤਰ ਉੱਤੇ ਦਸਤਖ਼ਤ ਕਰਕੇ ਔਪਨਿਵੇਸ਼ਕ ਹਕੂਮਤ ਦੇ ਵਿਰੋਧ ਵਿਚ ਤੇ ਸੁਤੰਤਰਤਾ ਦੇ ਪੱਖ ਵਿਚ ਐਲਾਨ ਕੀਤਾ ਸੀ, ਉਹ ਵੀ ਉੱਥੇ ਮੌਜ਼ੂਦ ਸਨ ਤੇ ਉਹਨਾਂ ਆਪਣਾ ਸਵਾਧੀਨਤਾ ਸੰਘ ਵੱਖਰਾ ਬਣਾ ਲਿਆ ਸੀ। ਇਸ ਵਿਚ ਜਵਾਹਰ ਲਾਲ ਨਹਿਰੂ ਵੀ ਸ਼ਾਮਲ ਸਨ। ਬੰਗਾਲ ਨੇ ਪਹਿਲਾਂ ਹੀ ਆਪਣਾ ਸੰਘ ਵੱਖਰਾ ਬਣਾਇਆ ਹੋਇਆ ਸੀ ਤੇ ਸ਼੍ਰੀ ਸੁਭਾਸ਼ ਚੰਦਰ ਬੋਸ ਉਸਦੇ ਮੁਖੀ ਸਨ।
“ਸਰਬ-ਦਲ ਸੰਮੇਲਨ ਬਾਰੇ ਵੀ ਕੁਝ ਸ਼ਬਦ ਇਸ ਸਮੇਂ ਕਹਿਣੇ ਬਾਕੀ ਨੇ। ਸੰਮੇਲਨ ਬੁਰੀ ਤਰ੍ਹਾਂ ਫੇਲ੍ਹ ਹੋਇਆ, ਮੁਲਮਾਨਾਂ ਦੇ ਸਿਵਾਏ ਹੋਰ ਅਲਪ-ਸੰਖਿਅਕ ਜਾਤੀਆਂ ਨੇ ਇਕ ਇਕ ਕਰਕੇ ਸੰਪਰਦਾਇਕ ਪ੍ਰਤੀਨਿਧੀਆਂ ਨੂੰ ਫਿਟਕਾਰ ਦਿੱਤਾ। ਉਧਰ ਸ਼੍ਰੀ ਜਿੱਨਾਹ ਵੀ, ਜਿਹੜੇ ਹੁਣੇ ਜਿਹੇ ਇੰਗਲੈਂਡ ਤੋਂ ਵਾਪਸ ਆਏ ਸਨ ਤੇ ਜਿਹਨਾਂ ਨੇ ਆਉਂਦਿਆਂ ਹੀ ਨਹਿਰੂ ਰਿਪੋਰਟ ਦੀ ਆਲੋਚਨਾ ਸ਼ੁਰੂ ਕਰ ਦਿੱਤਾ ਸੀ, ਉਸਨੂੰ ਭੰਡਣ ਲੱਗ ਪਏ। ਕੁਝ ਮੁਸਲਮਾਨ ਪਹਿਲਾਂ ਹੀ ਉਸ ਉੱਤੇ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਸਨ। ਕੋਰਮ ਪੂਰਾ ਨਾ ਹੋਣ ਕਰਕੇ ਸ਼੍ਰੀ ਜਿੱਨਾਹ ਨੇ ਲੀਗ ਦੀ ਬੈਠਕ ਅੱਗੇ ਪਾ ਦਿੱਤੀ। ਕਲਕੱਤੇ ਵਿਚ ਸਰਬ-ਦਲ ਸੰਮੇਲਨ ਬਿਮਾਰਾਂ ਵਾਲੇ ਬਿਸਤਰੇ 'ਤੇ ਪਿਆ ਸੀ, ਜਾਂ ਕਹਿ ਲਓ ਮਰਨ ਕਿਨਾਰੇ ਪਿਆ ਸੀ, ਜਿੰਨਾ ਵੱਧ ਚਿਰ ਉਹ ਜਿਊਂਦਾ ਰਿਹਾ, ਓਨਾ ਚਿਰ ਹੀ ਉਸਦੇ ਸੰਬੰਧੀਆਂ ਦੀਆਂ, ਜਿਹੜੇ ਉੱਥੇ ਇਕੱਤਰ ਹੋਏ ਹੋਏ ਸਨ, ਮੰਗਾਂ ਵਧਦੀਆਂ ਗਈਆਂ। ਉਸਦੀ ਹਾਲਤ ਸਾਬਰਮਤੀ ਦੇ ਵੱਛੇ ਵਰਗੀ ਸੀ—ਨਾ ਤਾਂ ਉਹ ਜਿਊਂਦਾ ਰਹਿ ਸਕਦਾ ਸੀ, ਨਾ ਮਰ ਹੀ ਸਕਦਾ ਸੀ। ਉਸਨੂੰ ਸਵਰਗ ਪਹੁੰਚਾਉਣ ਦੀ ਲੋੜ ਸੀ। ਗਾਂਧੀ ਜੀ ਦੇ ਇਲਾਵਾ ਉਸਨੂੰ ਸਵਰਗ ਦੇ ਦੁਆਰ ਤਕ ਹੋਰ ਕੌਣ ਪਹੁੰਚਾ ਸਕਦਾ ਸੀ? ਗਾਂਧੀ ਜੀ ਦੇ ਇਲਾਵਾ ਇਸ ਮਰ ਰਹੇ ਜੀਵ ਦੀ ਆਖ਼ਰੀ ਸੇਵਾ ਕਰਨ ਦੀ ਹਿੰਮਤ ਹੋਰ ਕਿਸ ਵਿਚ ਸੀ? ਅਖ਼ੀਰ ਉਹਨਾਂ ਸੁਝਾਅ ਦਿੱਤਾ ਕਿ ਸੰਮੇਲਨ ਦੀ ਕਾਰਵਾਈ ਅਣਮਿਥੇ ਸਮੇਂ ਲਈ ਅੱਗੇ ਪਾ ਦਿੱਤੀ ਜਾਏ। ਸੁਝਾਅ ਪਾਸ ਹੋ ਗਿਆ। ਹੁਣ ਕਾਂਗਰਸ ਪੱਕੇ ਤੌਰ 'ਤੇ ਗਾਂਧੀ ਜੀ ਵੱਲ ਝੁਕ ਗਈ ਸੀ, ਪਰ ਉਹ ਖ਼ੁਦ ਆਪਣੇ ਕਈ ਬੋਝਾਂ ਹੇਠ ਦਬੇ ਹੋਏ ਸਨ।”
ਕਾਂਗਰਸ ਦੇ ਆਪਣੇ ਬੋਝ ਕਿਹੜੇ-ਕਿਹੜੇ ਸਨ, ਹੁਣ ਜ਼ਰਾ ਉਹਨਾਂ ਵੱਲ ਆਈਏ।
ਕਲਕੱਤੇ ਦੇ ਇਸ ਸੰਮੇਲਨ ਵਿਚ 50,000 ਤੋਂ ਵੱਧ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ, ਉਹ ਜਲੂਸ ਬਣਾ ਕੇ ਕਾਂਗਰਸ ਨਗਰ ਵਿਚ ਘੁਸ ਆਏ। ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਪੰਡਾਲ ਉੱਤੇ ਕਬਜਾ ਕਰ ਲਿਆ ਤੇ ਦੋ ਘੰਟੇ ਤਕ ਆਪਣੀ ਸਭਾ ਕਰਦੇ ਰਹੇ। ਭਾਰਤ ਦੇ ਲਈ ਮੁਕੰਮਲ-ਆਜ਼ਾਦੀ ਦਾ ਮਤਾ ਪਾਸ ਕੀਤਾ ਗਿਆ ਤੇ ਫੇਰ ਪੰਡਾਲ ਛੱਡ ਕੇ ਚਲੇ ਗਏ।
ਜਦੋਂ ਕਾਂਗਰਸ ਦਾ ਸੰਮੇਲਨ ਸ਼ੁਰੂ ਹੋਇਆ, ਸਵਾਧੀਨਤਾ (ਆਪਣੀ ਆਜ਼ਾਦੀ) ਸੰਘ ਦੇ ਨੌਜਵਾਨ ਉੱਥੇ ਮੌਜ਼ੂਦ ਸਨ, ਗਾਂਧੀ ਨੂੰ ਹੁਣ ਉਹਨਾਂ ਨਾਲ ਨਿੱਬੜਨਾ ਪੈਣਾ ਸੀ। ਡਾ. ਪੱਟਾਭਿ ਨੇ ਲਖ਼ਨਊ ਦੇ ਜਿਸ ਸਰਬ-ਦਲ ਸੰਮੇਲਨ ਦਾ ਜ਼ਿਕਰ ਕੀਤਾ ਹੈ, ਉਹ 28 ਅਗਸਤ 1928 ਨੂੰ ਕੇਸਰ ਬਾਗ਼ ਬਾਰਾਦਰੀ ਵਿਚ ਹੋਇਆ ਸੀ। ਰਾਜਾ ਸਾਹਬ ਮਹਿਮੂਦਾਬਾਦ ਨੇ, ਜਿਹੜੇ ਸੂਬੇ ਦੇ ਸਭ ਤੋਂ ਵੱਡੇ ਧਨੱਡ ਜ਼ਿਮੀਂਦਾਰ ਸਨ, ਇਸ ਦਾ ਸਵਾਗਤ ਕੀਤਾ ਸੀ ਤੇ ਡਾ. ਅੰਸਾਰੀ ਪ੍ਰਧਾਨ ਸਨ। ਇਸ ਸੰਮੇਲਨ ਵਿਚ ਨਹਿਰੂ ਰਿਪੋਰਟ ਪੇਸ਼ ਕੀਤੀ ਗਈ ਸੀ। ਜਿਹਨਾਂ ਨੌਜਵਾਨਾਂ ਨੇ ਉਸਦੇ ਵਿਰੋਧ ਵਿਚ ਤੇ ਆਜ਼ਾਦੀ ਦੇ ਪੱਖ ਵਿਚ ਐਲਾਨ ਕੀਤਾ ਸੀ, ਉਹਨਾਂ ਦੇ ਨੇਤਾ ਜਵਾਹਰ ਲਾਲ ਨਹਿਰੂ ਸਨ ਤੇ ਉਹਨਾਂ ਨੇ ਲਖ਼ਨਊ ਵਿਚ ਹੀ ਸਵਾਧੀਨਤਾ ਸੰਘ ਦੀ ਸਥਾਪਨਾ ਕੀਤੀ ਸੀ।
3 ਨਵੰਬਰ 1928 ਨੂੰ ਕਾਂਗਰਸ ਮਹਾਸੰਮਤੀ ਦੀ ਬੈਠਕ ਸਰਬ-ਦਲ ਸੰਮੇਲਨ ਲਖ਼ਨਊ ਦੇ ਫ਼ੈਸਲਿਆਂ ਉੱਤੇ ਵਿਚਾਰ ਕਰਨ ਲਈ ਦਿੱਲੀ ਵਿਚ ਹੋਈ। ਇਸ ਬੈਠਕ ਵਿਚ ਨੌਜਵਾਨਾਂ ਵੱਲੋਂ ਇਹ ਮਤਾ ਰੱਖਿਆ ਗਿਆ ਕਿ ਨਹਿਰੂ ਰਿਪੋਰਟ ਦੀਆਂ ਸਿਫ਼ਾਰਿਸ਼ਾਂ ਤਰੱਕੀ ਦੇ ਰਾਹ ਵੱਲ ਇਕ ਕਦਮ ਹਨ, ਪਰ ਮਦਰਾਸ ਕਾਂਗਰਸ ਦੇ ਫ਼ੈਸਲੇ ਅਨੁਸਾਰ ਭਾਰਤ ਵਾਸੀਆਂ ਦਾ ਨਿਸ਼ਾਨਾਂ ਮੁਕੰਮਲ-ਆਜ਼ਾਦੀ ਹੈ ਤੇ ਮੁਕੰਮਲ ਆਜ਼ਾਦੀ ਦਾ ਅਰਥ ਬ੍ਰਿਟੇਨ ਨਾਲ ਸਾਰੇ ਸੰਬੰਧ ਤੋੜਨਾ ਹੈ।
ਇੰਦੁ ਲਾਲ ਯਾਗਿਅਕ ਨੇ 'ਗਾਂਧੀਜੀ ਸਰਕਾਰ ਕੀ ਸਹਾਯਤਾ ਕੇ ਲਿਏ ਏਕਾਂਤਵਾਸ ਸੇ ਬਾਹਰ ਨਿਕਲਤੇ ਹੈਂ' ਸਿਰਲੇਖ ਹੇਠ ਲਿਖਿਆ ਹੈ...:
“ਪੰਡਤ ਮੋਤੀ ਲਾਲ ਨਹਿਰੂ 1928 ਦੇ ਦਸੰਬਰ ਵਿਚ ਹੋਣ ਵਾਲੇ ਸੰਮੇਲਨ ਦੇ ਪ੍ਰਧਾਨ ਚੁਣੇ ਗਏ ਸਨ। ਉਹਨਾਂ ਨੇ ਦਿੱਲੀ ਵਿਚ ਇਕ ਕਮੇਟੀ ਵਿਚ ਕਿਹਾ ਸੀ...'ਮੈਂ ਕੁਝ ਹਫ਼ਤਿਆਂ ਵਿਚ ਦੋ ਘੋੜਿਆਂ ਉੱਪਰ ਇਕੋ ਸਮੇਂ ਸਵਾਰੀ ਕਰਨੀ ਹੈ ਤੇ ਜਦੋਂ ਤਕ ਮੈਂ ਇਹ ਨਾ ਸਮਝ ਲਵਾਂ ਕਿ ਮੈਂ ਦੋਹਾਂ ਨੂੰ ਆਪਣੇ ਕਾਬੂ ਵਿਚ ਰੱਖ ਸਕਾਂਗਾ, ਓਦੋਂ ਤਕ ਇੰਜ ਨਹੀਂ ਕਰਾਂਗਾ।' ਇਸ ਦਾ ਮਤਲਬ ਬਿਲਕੁਲ ਸਾਫ ਸੀ। ਉਹ ਇਸ ਗੱਲ ਦਾ ਫ਼ੈਸਲਾ ਕਰ ਚੁੱਕੇ ਸਨ ਕਿ ਦਿੱਲੀ ਵਿਚ ਜੋ ਕੁਝ ਹੋਇਆ, ਸੋ ਹੋਇਆ, ਪਰ ਕਲਕੱਤਾ ਕਾਂਗਰਸ ਦੀ ਵਿਸ਼ੇਸ਼ ਸੰਮਤੀ ਤੇ ਖ਼ੁਦ ਕਾਂਗਰਸ ਤੋਂ ਆਪਣੇ ਅਮੁੱਲ ਦਸਤਾਵੇਜ਼ ਨੂੰ ਪਾਸ ਕਰਾਉਣਾ ਹੈ। ਪਰ ਮੁਸ਼ਕਿਲ ਇਹ ਸੀ ਕਿ ਦਿੱਲੀ ਕਮੇਟੀ ਹੀ ਕਲਕੱਤੇ ਦੀ ਵਿਸ਼ੇਸ਼ ਸੰਮਤੀ ਬਣਨ ਵਾਲੀ ਸੀ। ਇਹ ਕਿੰਜ ਹੋ ਸਕਦਾ ਸੀ ਕਿ ਉਹ ਕਮੇਟੀ, ਜਿਸਨੇ ਉਹਨਾਂ ਦੀ ਰਿਪੋਰਟ ਦੀ ਪ੍ਰਸ਼ੰਸ਼ਾ ਵਿਚ ਏਨੀ ਕੰਜੂਸੀ ਵਰਤੀ ਸੀ, ਹੁਣ ਉਹਨਾਂ ਦੇ ਕਾਬੂ ਵਿਚ ਆ ਜਾਏ। ਹੁਸ਼ਿਆਰ ਪੰਡਤ ਨੇ ਚਾਰੇ ਪਾਸੇ ਨਿਗਾਹ ਮਾਰੀ ਕਿ ਕਲਕੱਤੇ ਵਿਚ ਇਸ ਅਪਮਾਨ ਤੋਂ ਕਿੰਜ ਬਚਿਆ ਜਾਏ। ਛੇਤੀ ਹੀ ਉਸਦੇ ਦਿਮਾਗ਼ ਵਿਚ ਗੱਲ ਆ ਗਈ ਕਿ ਪੂਰੇ ਦੇਸ਼ ਵਿਚ ਇਕੋ ਹੀ ਆਦਮੀ ਹੈ, ਜਿਹੜਾ ਵਿਸ਼ੇਸ਼ ਸੰਮਤੀ ਵਿਚ ਵੀ ਤੇ ਕਾਂਗਰਸ ਦੇ ਖੁੱਲ੍ਹੇ ਸੰਮੇਲਨ ਵਿਚ ਵੀ ਉਹਨਾਂ ਨਾਲ ਜੁੜੇ ਅਲਪ ਮਤ ਨੂੰ, ਨਰੋਏ ਬਹੁਮਤ ਵਿਚ ਬਦਲ ਸਕਦਾ ਹੈ...ਉਹ ਗਾਂਧੀਜੀ ਸਨ।” ਸੋ “ਕਾਂਗਰਸ ਦੇ ਹੋਣ ਵਾਲੇ ਪ੍ਰਧਾਨ ਨੇ ਗਾਂਧੀਜੀ ਨੂੰ ਅਪੀਲ ਕੀਤੀ ਕਿ ਇਸ ਮੌਕੇ ਉੱਤੇ ਉਹ ਆਪਣੇ ਇਕਾਂਤਵਾਸ 'ਚੋਂ ਬਾਹਰ ਆਉਣ ਤੇ ਇਸ ਔਖੀ ਘੜੀ, ਉਹਨਾਂ ਦੀ ਮਦਦ ਕਰਨ। ਗਾਂਧੀਜੀ ਨੇਮ ਅਨੁਸਾਰ ਆਪਣੇ ਰਾਜਨੀਤਕ ਅਨੁਯਾਈਆਂ ਤੇ ਨਿੱਜੀ ਮਿੱਤਰਾਂ ਨਾਲ 26 ਦਸੰਬਰ ਦੀ ਵਿਸ਼ਾ ਸੰਮਤੀ ਵਿਚ ਹਿੱਸਾ ਲੈਣ ਲਈ ਕਲਕੱਤੇ ਰਵਾਨਾ ਹੋ ਗਏ।”
ਗਾਂਧੀ ਨਾ ਸਿਰਫ ਕਲਕੱਤੇ ਆਇਆ, ਬਲਕਿ ਆਉਣ ਦਾ ਕਾਰਨ ਵੀ ਵਿਸ਼ਾ ਸੰਮਤੀ ਨੂੰ ਇਹਨਾਂ ਸ਼ਬਦਾਂ ਵਿਚ ਦੱਸਿਆ...:
“ਡਾ. ਪੱਟਾਭਿ ਨੇ ਮੈਨੂੰ ਪੁੱਛਿਆ ਹੈ ਕਿ ਮੈਨੂੰ ਸਵਰਾਜ ਪਾਰਟੀ ਤੇ ਮੋਤੀ ਲਾਲ ਨਹਿਰੂ ਨਾਲ ਏਨੀ ਮੁਹੱਬਤ ਕਿਉਂ ਹੋ ਗਈ ਹੈ? ਮੈਂ ਕਹਿੰਦਾ ਹਾਂ ਕਿ ਮੁਹੱਬਤ ਨਹੀਂ, ਬਲਕਿ ਮੈਨੂੰ ਇਸ ਪ੍ਰਿਯ ਮਿੱਤਰ ਨਾਲ ਇਸ਼ਕ ਹੈ। ਪੰਡਤ ਮੋਤੀ ਲਾਲ ਨਹਿਰੂ ਨੇ ਮੈਨੂੰ ਲਿਖਿਆ ਸੀ ਕਿ ਤੁਸਾਂ ਮੇਰੇ ਸਿਰ ਉੱਤੇ ਕੰਡਿਆਂ ਦਾ ਤਾਜ਼ ਰੱਖਵਾ ਦਿੱਤਾ ਹੈ। ਹੁਣ ਆ ਕੇ ਦੇਖੋ ਕਿ ਉਸਨੇ ਮੇਰੇ ਸਿਰ ਉੱਤੇ ਕਿੰਨੇ ਜ਼ਖ਼ਮ ਕਰ ਦਿੱਤੇ ਨੇ ਤੇ ਇਹਨਾਂ ਜ਼ਖ਼ਮਾਂ ਵਿਚੋਂ ਤੁਸੀਂ ਵੀ ਕੁਛ ਹਿੱਸਾ ਵੰਡਾ ਲਓ। ਇਸ ਮੌਕੇ, ਜਦਕਿ, ਰਾਸ਼ਟਰ ਇਕ ਸੰਕਟ ਦੀ ਸਥਿਤੀ ਵਿਚੋਂ ਲੰਘ ਰਿਹਾ ਹੈ, ਉਹਨਾਂ ਨੂੰ ਪ੍ਰਧਾਨਗੀ ਲਈ ਮਜ਼ਬੂਰ ਕਰਨ ਪਿੱਛੋਂ ਜੇ ਮੈਂ ਇਹ ਨਾ ਕਹਿੰਦਾ ਕਿ 'ਹਾਂ ਜਿਸ ਤਾਰੀਖ਼ ਨੂੰ ਕਹੋਗੇ, ਆਵਾਂਗਾ ਤੇ ਜਦੋਂ ਤਕ ਇਜਾਜ਼ਤ ਨਹੀਂ ਦੇਓਗੇ, ਵਾਪਸ ਨਹੀਂ ਜਾਵਾਂਗਾ' ਤਾਂ ਆਪਣੇ ਧੁਰ ਅੰਦਰ ਕਿਤੇ ਰਾਸ਼ਟਰ ਪ੍ਰਤੀ ਅਣਗਹਿਲੀ ਦਾ ਅਪਰਾਧ ਮਹਿਸੂਸ ਕਰਦਾ।”
ਸੱਚੀ ਗੱਲ ਇਹ ਹੈ ਕਿ ਇਹ ਅਣਗਹਿਲੀ ਰਾਸ਼ਟਰ ਦੇ ਪ੍ਰਤੀ ਨਹੀਂ, ਬ੍ਰਿਟਿਸ਼ ਸਾਮਰਾਜ ਦੇ ਪ੍ਰਤੀ ਹੁੰਦੀ। ਗਾਂਧੀ ਦੋਗਲੀ ਭਾਸ਼ਾ ਇਸਤੇਮਾਲ ਕਰਨ ਦਾ ਉਸਤਾਦ ਸੀ ਤੇ ਇਸ ਭਾਸ਼ਾ ਦਾ ਸਮਰਥਣ ਕਰਨ ਵਾਲਾ ਉਸਦਾ ਆਪਣਾ ਗਿਰੋਹ ਸੀ। ਇਸ ਭਾਸ਼ਾ ਤੇ ਇਸ ਗਿਰੋਹ ਦੀ ਮਦਦ ਦੇ ਨਾਲ ਉਹ ਆਪਣਾ ਮਤਲਬ ਕੱਢਣ ਵਿਚ ਸਫਲ ਹੋਇਆ। ਉਸਨੇ ਜਿਹੜਾ ਸੁਝਾਅ ਰੱਖਿਆ, ਉਸ ਵਿਚ ਕਿਹਾ ਗਿਆ ਸੀ ਕਿ ਜੇ ਸਰਕਾਰ ਨੇ ਇਕ ਸਾਲ ਦੇ ਅੰਦਰ ਯਾਨੀਕਿ 31 ਦਸੰਬਰ 1929 ਤਕ (ਗਾਂਧੀ ਨੇ ਆਪਣੇ ਮੂਲ ਮਤੇ ਵਿਚ 1930 ਤਕ ਦੋ ਸਾਲ ਦਾ ਸਮਾਂ ਰੱਖਿਆ ਸੀ, ਜਿਹੜਾ ਸੋਧ ਕੇ ਇਕ ਸਾਲ ਕਰ ਦਿੱਤਾ ਗਿਆ ਸੀ।) ਨਹਿਰੂ ਰਿਪੋਰਟ ਨੂੰ ਮੰਜ਼ੂਰ ਨਾ ਕੀਤਾ ਤਾਂ ਕਾਂਗਰਸ ਫੇਰ ਅਸਹਿਯੋਗ ਅੰਦੋਲਨ ਸ਼ੁਰੂ ਕਰ ਦਏਗੀ ਤੇ ਇਸ ਵਾਰੀ ਅੰਦੋਲਨ ਟੈਕਸ ਬੰਦੀ ਨਾਲ ਸ਼ੁਰੂ ਹੋਏਗਾ।
ਇਸ ਮਤੇ ਦਾ ਸਿੱਧਾ ਸਾਦਾ ਮਤਲਬ, ਇਕ ਤਾਂ ਆਪਣੇ ਆਜ਼ਾਦੀ ਦੇ ਮੰਸ਼ੇ ਤੋਂ ਪਿੱਛੇ ਹਟਣਾ ਤੇ ਦੂਜਾ ਸੰਘਰਸ਼ ਨੂੰ ਇਕ ਸਾਲ ਲਈ ਟਲਣਾ ਤੇ ਸਰਕਾਰ ਨੂੰ ਉਸਦੇ ਮੁਕਾਬਲੇ ਲਈ ਤਿਆਰੀ ਕਰਨ ਦਾ ਸਮਾਂ ਦੇਣਾ ਸੀ। ਸੋ ਸਵਾਧੀਨਤਾ ਸੰਘ ਵਾਲਿਆਂ ਨੇ ਇਸਦਾ ਵਿਰੋਧ ਕੀਤਾ ਤੇ ਕਾਂਗਰਸ ਵਿਚ ਉਹਨਾਂ ਦਾ ਪ੍ਰਭਾਵ ਏਨਾ ਵਧ ਗਿਆ ਕਿ ਗਾਂਧੀ ਦੇ ਨੇਤਾ ਬਣ ਕੇ ਸਾਹਮਣੇ ਆਉਣ ਦੇ ਬਾਵਜੂਦ ਮਤਾ ਥੋੜ੍ਹੀਆਂ ਕੁ ਵੋਟਾਂ ਨਾਲ ਪਛੜ ਗਿਆ। ਪਰ ਜਵਾਹਰ ਲਾਲ ਨਹਿਰੂ ਨੇ ਜਿਹੜੇ ਖ਼ੁਦ ਮਤੇ ਦੇ ਵਿਰੋਧ ਵਿਚ ਸਨ, ਵੋਟਿੰਗ ਵਿਚ ਇਕ ਤਕਨੀਕੀ ਖ਼ਾਮੀ ਵੱਲ ਧਿਆਨ ਦਿਵਾਇਆ, ਇਸ ਦੇ ਸਿੱਟੇ ਵਜੋਂ ਹੋਈ ਦੁਬਾਰਾ ਵੋਟਿੰਗ ਵਿਚ ਮਤਾ 973 ਦੇ ਮੁਕਾਬਲੇ 1450 ਵੋਟਾਂ ਨਾਲ ਪਾਸ ਹੋ ਗਿਆ।
ਗੱਲ ਇਹ ਸੀ ਕਿ ਸਵਾਧੀਨਤਾ ਵਾਲਿਆਂ ਦਾ ਨੇਤਰੀਤਵ ਜਵਾਹਰ ਲਾਲ ਨਹਿਰੂ ਤੇ ਸੁਭਾਸ਼ ਚੰਦਰ ਬੋਸ ਕਰ ਰਹੇ ਸਨ। ਜਦੋਂ ਦੁਬਾਰਾ ਵੋਟਿੰਗ ਸ਼ੁਰੂ ਹੋਈ ਤਾਂ ਨਹਿਰੂ ਸੰਮੇਲਨ ਵਿਚ ਹਾਜ਼ਰ ਨਹੀਂ ਸੀ ਤੇ ਗਾਂਧੀ ਨੇ ਖ਼ਾਹਮ-ਖ਼ਾਹ ਉਸਦੀ ਤਾਰੀਫ਼ ਦੇ ਪੁਲ ਬੰਨ੍ਹੇ ਤਾਂਕਿ ਜਵਾਹਰ ਲਾਲ ਦੇ ਪ੍ਰਭਾਵ ਵਾਲੇ ਨੌਜਵਾਨ ਅਡੋਲ ਰਹਿਣ...:
“ਮੈਂ ਸੋਚਦਾ ਹਾਂ ਕਿ ਤੁਹਾਨੂੰ ਇਸ ਰਹੱਸ ਤੋਂ ਜਾਣੂ ਕਰਵਾ ਦਿਆਂ। ਉਹ (ਜਵਾਹਰ ਲਾਲ) ਇਸ ਜੂੜ ਨੂੰ ਲਾਹ ਸੁੱਟਣ ਲਈ ਬੜਾ ਬੇਚੈਨ ਹੈ। ਚੌਵੀ ਘੰਟੇ ਆਪਣੇ ਦੇਸ਼ ਵਾਸੀਆਂ ਦੇ ਕਸ਼ਟਾਂ ਤੇ ਕਠਨਾਈਆਂ ਸਦਕਾ ਦੁਖੀ ਰਹਿੰਦਾ ਹੈ। ਜਨਤਾ ਦੀ ਘੋਰ ਦਲਿੱਦਰਤਾ ਨੂੰ ਦੂਰ ਕਰਨ ਦੇ ਲਈ ਹਰ ਘੜੀ ਬੇਚੈਨ ਰਹਿੰਦਾ ਹੈ। ਪੂੰਜੀ-ਪਤੀਆਂ ਤੋਂ, ਜਿਹੜੇ ਜਨਤਾ ਦਾ ਖ਼ੂਨ ਚੁਸਦੇ ਨੇ, ਦੇਸ਼ ਉੱਤੇ ਰਾਜ ਕਰਦੇ ਨੇ ਤੇ ਉਸ ਵਿਚ ਲੁੱਟ-ਖਸੁੱਟ ਤੇ ਸੋਸ਼ਣ ਦਾ ਬਾਜ਼ਾਰ ਗਰਮ ਕਰਦੇ ਨੇ, ਉਹ ਬੜਾ ਦੁਖੀ ਹੈ।...ਮੈਂ ਤੁਹਾਨੂੰ ਲੋਕਾਂ ਨੂੰ ਸਾਫ਼ ਸਾਫ਼ ਦੱਸ ਦਿਆਂ ਕਿ ਉਹ ਇਸ ਮਤੇ ਤੋਂ ਵੀ, ਜਿਹੜਾ ਮੈਂ ਪਹਿਲੇ ਮਤੇ ਦੀ ਜਗ੍ਹਾ ਰੱਖ ਰਿਹਾ ਹਾਂ, ਸੰਤੁਸ਼ਟ ਨਹੀਂ। ਉਸਦੇ ਖ਼ਿਆਲ ਵਿਚ ਇਹ ਮਤਾ ਉਸ ਨਾਲੋਂ ਬੜਾ ਪਛੜਿਆ ਹੋਇਆ ਹੈ ਜਿਹੜਾ ਉਹ ਆਪ ਰੱਖਣਾ ਚਾਹੁੰਦਾ ਸੀ। ਪਰ ਉਹ ਬੜਾ ਹੀ ਉਦਾਰ ਤੇ ਦਿਆਲੂ ਵਿਅਕਤੀ ਹੈ ਤੇ ਇਹ ਨਹੀਂ ਚਾਹੁੰਦਾ ਕਿ ਬਿਨਾਂ ਗੱਲੋਂ ਤਲੱਖੀ ਨਾ ਪੈਦਾ ਹੋਏ। ਇਸ ਤੋਂ ਬਚਣ ਲਈ ਆਪੁ ਚੁੱਪੀ ਸਾਧ ਗਿਆ ਹੈ।”
ਪਰ ਸੁਭਾਸ਼ ਚੰਦਰ ਬੋਸ ਦੀ ਪ੍ਰਸ਼ੰਸਾ ਵਿਚ ਉਸਨੇ ਇਕ ਸ਼ਬਦ ਵੀ ਨਹੀ ਸੀ ਆਖਿਆ। ਉਹ ਇਕੱਲੇ ਹੀ ਵਿਰੋਧ ਵਿਚ ਡਟੇ ਰਹੇ।
ਦਿੱਲੀ ਤੇ ਲਖ਼ਨਊ ਦੀਆਂ ਘਟਨਾਵਾਂ ਤੋਂ ਲੱਗਦਾ ਸੀ ਕਿ ਪਿਓ-ਪੁੱਤਰ ਵਿਚ ਠਣ ਗਈ ਹੈ, ਪਰ ਉਹ ਦੋਹੇਂ ਹੀ ਗਾਂਧੀ ਦੇ ਗਿਰੋਹ ਦੇ ਆਦਮੀ ਸਨ। ਗਾਂਧੀ ਦੀ ਮਹਾਤਮਾਈ ਤੇ ਨਹਿਰੂ ਦਾ ਸਮਾਜਵਾਦ ਇਕੋ ਸਿੱਕੇ ਦੇ ਦੋ ਪਾਸੇ ਸਨ।
ਗਾਂਧੀ ਨੇ ਮੌਲਿਕ ਮਤੇ ਵਿਚ ਇਹ ਗੱਲ ਵੀ ਆਖੀ ਸੀ ਕਿ 'ਨਹਿਰੂ ਰਿਪੋਰਟ ਨੂੰ ਵਿਚਾਰ ਤੇ ਯੋਗ ਕਾਰਵਾਈ ਲਈ ਵਾਇਸਰਾਏ ਕੋਲ ਭੇਜਿਆ ਜਾਏ।' ਸੋਧ ਦੌਰਾਨ ਇਹ ਗੱਲ ਕੱਟ ਦਿੱਤੀ ਗਈ ਸੀ। ਇਸ ਦੇ ਬਾਵਜੂਦ ਗਾਂਧੀ ਨੇ ਆਪਣੇ ਭਾਸ਼ਣ ਵਿਚ ਕਿਹਾ...:
“ਜੇ ਤੁਸੀਂ ਵਾਕਈ ਕੁਛ ਕਰਨਾ ਚਾਹੁੰਦੇ ਹੋ ਤੇ ਇਹ ਚਾਹੁੰਦੇ ਹੋ ਕਿ ਇਹ ਫਲ-ਦਾਇਕ ਸਿੱਧ ਹੋਏ ਤਾਂ ਮੈਂ ਤੁਹਾਨੂੰ ਫੇਰ ਕਹਾਂਗਾ ਕਿ ਨਹਿਰੂ ਰਿਪੋਰਟ ਨੂੰ ਬ੍ਰਿਟਿਸ਼ ਪਾਰਲੀਮੈਂਟ ਤੇ ਵਾਇਸਰਾਏ ਦੇ ਸਾਹਮਣੇ ਵਿਚਾਰ ਲਈ ਪੇਸ਼ ਕਰਨਾ ਚਾਹੀਦਾ ਹੈ। ਇਸਨੂੰ ਤਿਆਰ ਕਰਨ ਵਾਲੇ ਜਾਣਦੇ ਹਨ ਕਿ ਇਹੀ ਹੋਣਾ ਚਾਹੀਦਾ ਹੈ। ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਹਾਂ, ਜੇ ਅਸੀਂ ਇਹ ਸਵੀਕਾਰ ਨਾ ਕਰੀਏ ਤਾਂ ਇਹ ਸਾਡੀ ਕਮਜ਼ੋਰੀ ਹੈ। ਜੇ ਵਾਇਸਰਾਏ ਆਪਣੇ ਸਮਰਾਟ ਤੇ ਆਪਣੇ ਰਾਸ਼ਟਰ ਦੀ ਸ਼ਾਨ ਦਾ ਪ੍ਰਤੀਨਿਧਤਵ ਕਰਦੇ ਹਨ ਤਾਂ ਉਹ ਇਸ ਮਤੇ ਵੱਲ ਜ਼ਰੂਰ ਧਿਆਨ ਦੇਣਗੇ।”
ਇਹਨਾਂ ਸ਼ਬਦਾਂ ਤੋਂ ਸਪਸ਼ਟ ਸਮਝਿਆ ਜਾ ਸਕਦਾ ਹੈ ਕਿ ਗਾਂਧੀ ਦੀ ਨਿਹਚਾ ਆਪਣੇ ਰਾਸ਼ਟਰ ਵਿਚ ਸੀ ਜਾਂ ਬ੍ਰਿਟਿਸ਼ ਸਮਰਾਟ ਵਿਚ।
ਗਾਂਧੀ ਦੀ ਭੂਮਿਕਾ ਨੂੰ ਹੋਰ ਵਧੇਰੇ ਸਮਝਣ ਲਈ ਉਸ ਸਮੇਂ ਦੇਸ਼ ਵਿਚ ਜੋ ਪ੍ਰਸਥਿਤੀਆਂ ਸਨ, ਉਹਨਾਂ ਉੱਪਰ ਇਕ ਨਜ਼ਰ ਮਾਰ ਲੈਣਾ ਵੀ ਜ਼ਰੂਰੀ ਹੈ...
ਜਦੋਂ ਕਾਂਗਰਸ ਦੇ ਬੁਰਜੁਆ ਵਕੀਲ ਵਿਧਾਨ ਬਣਾਉਣ ਵਿਚ ਵਿਅਸਤ ਸਨ, ਸੋਸ਼ਿਤ-ਪੀੜੀ ਮਜ਼ਦੂਰ ਜਨਤਾ ਆਪਣੇ ਦੋਖੀਆਂ ਤੇ ਸਰਕਾਰ ਵਿਰੁੱਧ ਕਈ ਜਗ੍ਹਾ ਜ਼ਿੰਦਗੀ ਤੇ ਮੌਤ ਦੇ ਸੰਘਰਸ਼ ਵਿਚ ਉਤਰ ਆਈ ਸੀ। ਇਸ ਸਾਲ ਬਹੁਤ ਸਾਰੀਆਂ ਹੜਤਾਲਾਂ ਹੋਈਆਂ, ਜਿਹਨਾਂ ਵਿਚ ਟਾਟਾ ਅਇਰਨ ਐਂਡ ਸਟੀਲ ਮਿੱਲਸ ਜਮਸ਼ੇਦ ਪੁਰ, ਈਸਟ ਇੰਡੀਆ ਰੇਲਵੇ ਤੇ ਬੰਗਾਲ ਦੀ ਫੋਰਟ ਗਲੋਸਟਰ ਜੂਟ ਮਿੱਲ ਦੀਆਂ ਹੜਤਾਲਾਂ ਵਰਨਣ ਯੋਗ ਹਨ। ਲਗਭਗ 33 ਪ੍ਰਤੀਸ਼ਤ ਹੜਤਾਲਾਂ ਵਿਚ ਮਜ਼ਦੂਰ ਸਫਲ ਹੋਏ ਤੇ ਆਪਣੀਆਂ ਮੰਗਾਂ ਮਨਵਾਈਆਂ। ਇਹਨਾਂ ਸਭਨਾਂ ਵਿਚ ਜਬਰਦਸਤ ਹੜਤਾਲ ਉਹ ਸੀ, ਜਿਹੜੀ ਬੰਬਈ ਦੀਆਂ ਸੂਤੀ ਮਿੱਲਾਂ ਵਿਚ ਹੋਈ ਸੀ। ਇਹ ਹੜਤਾਲ ਕਾਂਗਰਸ ਦੀ ਨਿਰਦਈ ਲਾਪ੍ਰਵਾਹੀ ਤੇ ਸਰਕਾਰ ਦੀ ਬਰਬਰਤਾ ਤੇ ਦਮਨ ਦੇ ਬਾਵਜੂਦ ਕਈ ਮਹੀਨੇ ਤਕ ਜਾਰੀ ਰਹੀ, ਜਿਸ ਵਿਚ ਮਜ਼ਦੂਰਾਂ ਨੇ ਅਦੁੱਤੀ ਹੌਸਲੇ ਦਾ ਸਬੂਤ ਦਿੱਤਾ। ਮਿੱਲ ਮਾਲਕਾਂ ਤੇ ਸਰਕਾਰ ਦੇ ਸਾਂਝੇ ਹਮਲਿਆਂ ਨੇ ਉਹਨਾਂ ਨੂੰ ਮਜ਼ਬੂਰ ਕਰ ਦਿੱਤਾ ਕਿ ਆਪਣੀ ਰੱਖਿਆ ਲਈ ਉਹ ਵੀ ਸੈਨਾ ਬਣਾਉਣ। ਆਖ਼ਰ ਮਿੱਲ ਮਾਲਕ ਤੇ ਸਰਕਾਰ, ਉਹਨਾਂ ਦੀਆਂ ਜਾਇਜ਼ ਸ਼ਿਕਾਇਤਾਂ ਦੀ ਜਾਂਚ ਕਰਨ ਲਈ, ਕਮੇਟੀ ਨਿਯੁਕਤ ਕਰਨ ਲਈ ਮਜ਼ਬੂਰ ਹੋਏ। ਇਹ ਹੜਤਾਲ ਇਸ ਗੱਲ ਦਾ ਜਬਰਦਸਤ ਉਦਾਹਰਨ ਬਣ ਗਈ ਕਿ ਦੇਸ਼ ਦੇ ਅਗਲੇਰੇ ਆਜ਼ਾਦੀ ਦੇ ਘੋਲ ਵਿਚ ਮਜ਼ਦੂਰ ਵਰਗ ਇਕ ਕਰਾਂਤੀਕਾਰੀ ਸ਼ਕਤੀ ਹੋਏਗਾ।
ਬਰਮਾ ਦੇ (ਜਿਹੜਾ ਭਾਰਤ ਦਾ ਹੀ ਇਕ ਸੂਬਾ ਸੀ) ਕਿਸਾਨ ਵਧੇ ਹੋਏ ਲਗਾਨ ਦੇ ਵਿਰੁੱਧ ਸੰਘਰਸ਼ ਕਰ ਰਹੇ ਸਨ। ਸਰਕਾਰੀ ਦਮਨ ਤੋਂ ਅੱਕ ਕੇ ਕਿਸਾਨਾਂ ਨੇ ਲੜਨ ਦੀ ਧਾਰ ਲਈ ਸੀ। ਸੁਦੂਰ ਪੂਰਬ ਦੇ ਕਈ ਸੂਬਿਆਂ ਵਿਚ ਇਹ ਲੜਾਈ ਬੜੀ ਤੇਜ਼ੀ ਨਾਲ ਫ਼ੈਲ ਰਹੀ ਸੀ ਤੇ ਚੌਲਾਂ ਵਾਲੇ ਖਿੱਤੇ ਦੇ ਜੰਗਲਾਂ ਵਿਚ ਗੁਰੀਲਾ ਢੰਗ ਨਾਲ ਲੜੀ ਜਾ ਰਹੀ ਸੀ।
ਗੁੱਸੇ ਤੇ ਉਤੇਜਨਾਂ ਨੇ ਸਾਰੇ ਦੇਸ਼ ਨੂੰ ਬਾਰੂਦ ਦਾ ਢੇਰ ਬਣਾ ਦਿੱਤਾ ਸੀ। ਡਰ ਸੀ ਕਿ ਬਰਮਾ ਦੀ ਚੰਗਿਆੜੀ, ਇਸ ਬਾਰੂਦ ਨੂੰ ਅੱਗ ਨਾ ਲਾ ਦਵੇ। ਥੋੜ੍ਹੇ ਥੋੜ੍ਹੇ ਸਮੇਂ ਪਿੱਛੋਂ ਸਰਕਾਰ ਦੁਆਰਾ ਮਾਲਗੁਜਾਰੀ ਦਾ ਬਦਲਦਾ ਹੋਇਆ ਬੰਦੋਬਸਤ ਕਿਸਾਨਾਂ ਨੂੰ ਸੰਘਰਸ਼ ਲਈ ਉਕਸਾਅ ਰਿਹਾ ਸੀ। ਗੁਜਰਾਤ ਵਿਚ ਬਾਰਦੋਲੀ ਦੇ ਜੁਝਾਰੂ ਕਿਸਾਨ ਇਸੇ ਕਿਸਮ ਦਾ ਸੰਘਰਸ਼ ਕਰ ਚੁੱਕੇ ਸਨ ਤੇ ਉਸ ਸਾਹਵੇਂ ਸਰਕਾਰ ਨੂੰ ਗੋਡੇ ਟੇਕਣੇ ਪਏ ਸਨ। ਇਸ ਵਾਰੀ ਵੀ ਬੰਦੋਬਸਤ ਹੋਇਆ ਤੇ ਜਿਨਸਾਂ ਦੇ ਭਾਅ ਡਿੱਗ ਜਾਣ ਦੇ ਬਾਵਜੂਦ ਸਰਕਾਰ ਨੇ ਲਗਾਨ 25 ਪ੍ਰਤੀਸ਼ਤ ਵਧਾ ਦਿੱਤਾ। ਕਿਸਨਾਂ ਨੇ ਲਗਾਨ ਨਾ ਦੇਣ ਦੀ ਮੁਹਿੰਮ ਚਲਾਈ। ਗਾਂਧੀ ਦੇ ਆਸ਼ੀਰਵਾਦ ਨਾਲ ਸਰਦਾਰ ਪਟੇਲ ਬਾਰਦੋਲੀ ਪਹੁੰਚੇ ਤੇ ਸੰਘਰਸ਼ ਨੂੰ ਥੋੜ੍ਹੇ ਜਿਹੇ ਖੇਤਰ ਵਿਚ ਸੀਮਤ ਕਰਕੇ ਸਮਝੌਤਾ ਕਰਵਾ ਆਏ। ਸੰਭਾਵਨਾ ਇਹ ਸੀ ਕਿ ਇਹ ਕਿਸਾਨ ਵਿਦਰੋਹ ਰਾਸ਼ਟਰ-ਵਿਆਪੀ ਰੂਪ ਧਾਰ ਲਏਗਾ। ਇਸ ਲਈ ਸੁਆਮੀ ਕੁਮਾਰਾਨੰਦ ਨੇ ਕਲਕੱਤਾ ਕਾਂਗਰਸ ਦੀ ਇਸ ਵਿਸ਼ੇਸ਼ ਸੰਮਤੀ ਵਿਚ ਬਾਰਦੋਲੀ ਦੀ ਮੁਹਿੰਮ ਨੂੰ ਨਿਰਾਸ਼ਾਮਈ ਅਸਫਲਤਾ ਦੱਸਿਆ, ਜਿਸਨੂੰ ਸਫਲਤਾ ਮੰਨ ਕੇ ਸਰਦਾਰ ਪਟੇਲ ਨੂੰ ਵਧਾਈ ਦਿੱਤੀ ਗਈ ਸੀ।
ਕਲਕੱਤਾ ਕਾਂਗਰਸ ਸੰਮੇਲਨ ਵਿਚ ਮਜ਼ਦੂਰ ਕਿਸਾਨਾਂ ਦੇ ਸੰਘਰਸ਼ਾਂ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ ਗਿਆ ਤੇ ਨਾ ਹੀ ਪ੍ਰਸਥਿਤੀਆਂ ਦਾ ਜਾਇਜ਼ਾ ਲਿਆ ਗਿਆ, ਸਗੋਂ ਉਹਨਾਂ ਨੂੰ ਜਾਣ ਬੁਝ ਕੇ ਅੱਖੋਂ ਪਰੋਖੇ ਕੀਤਾ ਗਿਆ। ਜਿਸ ਤਰ੍ਹਾਂ 1919 ਵਿਚ ਦੇਸ਼ ਕਰਾਂਤੀ ਦੇ ਮੁਹਾਨੇ ਉੱਤੇ ਆਣ ਖੜ੍ਹਾ ਹੋਇਆ ਸੀ, ਗਾਂਧੀ ਇਕ ਸਾਲ ਵਿਚ ਸਵਰਾਜ ਦੁਆਉਣ ਦਾ ਵਾਅਦਾ ਕਰਕੇ ਨੇਤਾ ਬਣ ਗਿਆ ਸੀ, ਇਸੇ ਤਰ੍ਹਾਂ ਹੁਣ ਇਕ ਸਾਲ ਵਿਚ ਨਹਿਰੂ ਰਿਪੋਰਟ ਸਵੀਕਾਰ ਕਰਾਉਣ ਦਾ ਅਲਟੀਮੇਟਮ ਦੇ ਕੇ ਨੇਤਾ ਬਣ ਗਿਆ। ਕੁਝ ਲੋਕ ਇਹੀ ਸੋਚ ਕੇ ਖੁਸ਼ ਸਨ ਕਿ ਸਰਕਾਰ ਨੂੰ ਪਹਿਲੀ ਵਾਰ ਅਲਟੀਮੇਟਮ ਦਿੱਤਾ ਗਿਆ ਹੈ।
ਭਗਤ ਸਿੰਘ ਨੇ ਇਹ ਸਾਰਾ ਤਮਾਸ਼ਾ ਦੇਖਿਆ। ਗਾਂਧੀ ਦੇ ਆਤਮ-ਸਮਰਪਣਵਾਦੀ ਚਰਿੱਤਰ ਨੂੰ ਗਹਿਰਾਈ ਵਿਚ ਜਾ ਕੇ ਸਮਝਿਆ ਤੇ ਆਪਣੇ ਕਰਾਂਤੀਕਾਰੀ ਮਿੱਤਰਾਂ ਨਾਲ ਸਲਾਹ-ਮਸ਼ਵਰਾ ਕੀਤਾ। ਉਹਨਾਂ ਨੇ ਤਾਂ ਮਜ਼ਦੂਰਾਂ-ਕਿਸਾਨਾਂ ਦੀ ਵਧਦੀ ਹੋਈ ਸ਼ਕਤੀ ਦਾ ਨੇਤਰੀਤਵ ਕਰਨਾ ਸੀ ਤੇ ਦੇਸ਼ ਦੇ ਗਰਮ ਮਾਹੌਲ ਨੂੰ ਹੋਰ ਗਰਮਾਉਣਾ ਸੀ। ਕਹਿੰਦੇ ਹਨ, ਭਗਤ ਸਿੰਘ ਨੇ ਅਸੈਂਬਲੀ ਵਿਚ ਬੰਬ ਸੁੱਟਣ ਦੀ ਯੋਜਨਾ ਕਲਕੱਤੇ ਵਿਚ ਹੀ ਬਣਾ ਲਈ ਸੀ। ਯੋਗੇਸ਼ ਚਟਰਜੀ ਨੇ ਲਿਖਿਆ ਹੈ ਕਿ 'ਉਹਨਾਂ ਦੀ ਇਸ ਸੰਬੰਧ ਵਿਚ ਅਨੁਸ਼ੀਲਨ ਸੰਮਤੀ ਦੇ ਨੇਤਾ ਪ੍ਰਤੁਲ ਚੰਦਰ ਗਾਂਗੋਲੀ ਨਾਲ ਗੱਲਬਾਤ ਹੋਈ ਤੇ ਅਸੈਂਬਲੀ ਭਵਨ ਵਿਚ ਬੰਬ ਸੁੱਟਣ ਪਿੱਛੋਂ ਜਿਹੜਾ ਰਿਵਾਲਵਰ ਭਗਤ ਸਿੰਘ ਕੋਲੋਂ ਮਿਲਿਆ ਸੀ, ਉਹ ਗਾਂਗੋਲੀ ਨੇ ਹੀ ਉਹਨਾਂ ਨੂੰ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਦੀ ਹੈਟ ਵਾਲੀ ਤਸਵੀਰ ਜਿਹੜੀ ਦੁਨੀਆਂ ਭਰ ਵਿਚ ਪ੍ਰਸਿੱਧ ਹੈ, ਕਲਕੱਤੇ ਵਿਚ ਹੀ ਖਿੱਚੀ ਗਈ ਸੀ। 













ਚਲੋ ਖ਼ੈਰ, ਭਗਤ ਸਿੰਘ ਜਦੋਂ ਕਲਕੱਤੇ ਤੋਂ ਆਗਰੇ ਆਏ ਤਾਂ ਉਹਨਾਂ ਦੇ ਦਿਮਾਗ਼ ਵਿਚ ਫਰਾਂਸੀਸੀ ਕਰਾਂਤੀਕਾਰੀ ਵੇਲਾਂ ਦੇ ਇਹ ਸ਼ਬਦ, ਜਿਹੜੇ ਉਹਨਾਂ ਲਾਹੌਰ ਨੈਸ਼ਨਲ ਕਾਲਜ ਦੇ ਵਿਦਿਆਰਥੀ ਜੀਵਨ ਵਿਚ ਪੜ੍ਹੇ ਸਨ, ਗੂੰਜ ਰਹੇ ਸਨ...“ਬੋਲ਼ਿਆਂ ਨੂੰ ਸੁਣਾਉਣ ਖਾਤਰ ਧਮਾਕੇ ਦੀ ਲੋੜ ਹੁੰਦੀ ਹੈ।”


ਭਗਤ ਸਿੰਘ ਕਲਕੱਤੇ ਤੋਂ ਆਗਰਾ ਪਹੁੰਚੇ। ਦੂਜੇ ਕਰਾਂਤੀਕਾਰੀ ਸਾਥੀ ਉੱਥੇ ਪਹਿਲਾਂ ਹੀ ਮੌਜ਼ੂਦ ਸਨ। ਹੀਂਗ-ਮੰਡੀ ਤੇ ਨਮਕ-ਮੰਡੀ ਵਿਚ ਦੋ ਮਕਾਨ ਲੈ ਲਏ ਗਏ ਸਨ। ਬੰਬ ਬਣਾਉਣ ਤੇ ਬਣਾਉਣੇ ਸਿੱਖਣ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ। ਲਾਹੌਰ ਤੇ ਸਹਾਰਨਪੁਰ ਵਿਚ ਵੀ ਬੰਬ ਫੈਕਟਰੀਆਂ ਬਣਾਈਆਂ ਗਈਆਂ ਸਨ। ਸਾਂਡਰਸ-ਬੱਧ ਪਿੱਛੋਂ ਕਰਾਂਤੀਕਾਰੀਆਂ ਦਾ ਸਨਮਾਣ ਵਧ ਗਿਆ ਸੀ ਤੇ ਪੈਸਾ ਆਸਾਨੀ ਨਾਲ ਮਿਲ ਰਿਹਾ ਸੀ। ਸੰਗਠਨ ਦੀ ਕੇਂਦਰੀ ਸੰਮਤੀ ਨੇ ਅਸੈਂਬਲੀ ਵਿਚ ਬੰਬ ਸੁੱਟਣ ਦੀ ਭਗਤ ਸਿੰਘ ਦੀ ਰਾਏ ਸਵੀਕਾਰ ਕਰ ਲਈ ਸੀ ਤੇ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਮੰਤਕ ਲਈ ਦਿੱਲੀ ਦੇ ਸ਼ੀਤਾ ਰਾਮ ਬਾਜ਼ਾਰ ਵਿਚ ਇਕ ਮਕਾਨ ਕਿਰਾਏ ਉੱਪਰ ਲੈ ਲਿਆ ਗਿਆ ਸੀ। ਜੈ ਦੇਵ ਕਪੂਰ ਨੂੰ ਇਹ ਕੰਮ ਸੌਂਪਿਆ ਗਿਆ ਕਿ ਉਹ ਦਿੱਲੀ ਵਿਚ ਰਹਿ ਕੇ ਸਥਿਤੀ ਦਾ ਅਧਿਅਨ ਕਰੇ ਤੇ ਅਜਿਹੇ ਸੰਬੰਧ ਬਣਾਵੇ, ਜਿਹਨਾਂ ਨਾਲ ਅਸੈਂਬਲੀ ਭਵਨ ਵਿਚ ਜਾਣ ਦੇ ਪਾਸ ਆਸਾਨੀ ਨਾਲ ਮਿਲ ਸਕਣ। ਉਸਨੇ ਅਸੈਂਬਲੀ ਭਵਨ ਦੇ ਕੁਝ ਕਾਂਗਰਸੀ ਨੇਤਾਵਾਂ ਨਾਲ ਸੰਪਰਕ ਵਧਾਏ ਤੇ ਉਹਨਾਂ ਨੂੰ ਆਪਣੀ ਇਹ ਪਛਾਣ ਦੱਸੀ ਕਿ ਉਹ ਹਿੰਦੂ ਕਾਲਜ ਵਿਚ ਅਰਥ-ਸ਼ਾਸ਼ਤਰ ਦਾ ਵਿਦਿਆਰਥੀ ਹੈ।
ਹੁਣ ਪਾਸ ਮਿਲਣ ਵਿਚ ਕੋਈ ਔਕੜ ਨਹੀਂ ਸੀ। ਪਹਿਲਾਂ ਜੈ ਦੇਵ ਸਥਿਤੀ ਦਾ ਅਧਿਅਨ ਕਰਦਾ ਰਿਹਾ, ਫੇਰ ਦੂਜੇ ਸਾਥੀਆਂ ਨੇ ਵੀ ਸਥਾਨ ਤੇ ਸਥਿਤੀ ਦੀ ਜਾਂਚ-ਪਰਖ ਕੀਤੀ। ਇਸੇ ਉਦੇਸ਼ ਨਾਲ ਇਕ ਦਿਨ ਭਗਤ ਸਿੰਘ ਵੀ ਅਸੈਂਬਲੀ ਵਿਚ ਗਏ। ਕੇਸ ਦਾੜ੍ਹੀ ਭਾਵੇਂ ਕਟਵਾ ਦਿੱਤੇ ਗਏ ਸਨ, ਫੇਰ ਵੀ ਡਾ. ਸੈਫ਼ੂਦੀਨ ਕਿਚਲੂ ਨੇ ਉਹਨਾਂ ਨੂੰ ਪਛਾਣ ਲਿਆ। ਕਿਚਲੂ ਜਲਿਆਂ ਵਾਲੇ ਬਾਗ਼ ਦੇ ਹੀਰੋ ਸਨ ਤੇ ਕਰਾਂਤੀਕਾਰੀਆਂ ਨਾਲ ਉਹਨਾਂ ਨੂੰ ਪੂਰੀ ਹਮਦਰਦੀ ਸੀ। ਜਦੋਂ ਪਛਾਣੇ ਹੀ ਗਏ ਸਨ ਤਾਂ ਭਗਤ ਸਿੰਘ ਖ਼ੁਦ ਜਾ ਕੇ ਉਹਨਾਂ ਨੂੰ ਮਿਲੇ। ਡਾ. ਕਿਚਲੂ ਨੇ ਭਗਤ ਸਿੰਘ ਨੂੰ ਹਰ ਕਿਸਮ ਦੀ ਸਹਾਇਤਾ ਦੇਣ ਦਾ ਵਚਨ ਦਿੱਤਾ ਤੇ ਉਹਨਾਂ ਵਾਕੱਈ ਪੂਰੀ ਮਦਦ ਕੀਤੀ।
ਮਾਰਚ ਦੇ ਮਹੀਨੇ ਵਿਚ ਸਰਕਾਰ ਨੇ ਇਸੇ ਸਿਲਸਿਲੇ ਦਾ ਇਕ ਦਮਨਕਾਰੀ ਕਦਮ ਹੋਰ ਚੁੱਕਿਆ, ਜਿਸਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ। ਹਿੰਦੁਸਤਾਨ ਭਰ ਵਿਚ ਜਿੰਨੇ ਪ੍ਰਸਿੱਧ ਮਜ਼ਦੂਰ ਨੇਤਾ ਸਨ, ਸਰਕਾਰ ਨੇ ਉਹਨਾਂ ਸਾਰਿਆਂ ਨੂੰ ਗਿਰਫਤਾਰ ਕਰ ਲਿਆ ਤੇ ਉਦਯੋਗਿਕ ਕੇਂਦਰਾਂ ਤੋਂ ਦੂਰ ਮੇਰਠ ਵਿਚ ਉਹਨਾਂ ਉੱਤੇ ਮੁਕੱਦਮਾ ਚਲਾਇਆ। ਮਜ਼ਦੂਰ ਇਤਿਹਾਸ ਵਿਚ ਇਹ ਸਭ ਤੋਂ ਲੰਮਾ ਤੇ ਸਭ ਤੋਂ ਵੱਡਾ ਮੁਕੱਦਮਾ ਸੀ। ਸਰਕਾਰ ਸਾਮਵਾਦੀ ਵਿਚਾਰਾਂ ਦੇ ਪਰਚਾਰ-ਪਰਸਾਰ ਨੂੰ ਰੋਕਣਾ ਚਾਹੁੰਦੀ ਸੀ, ਪਰ ਉਹ ਪਰਚਾਰ-ਪਰਸਾਰ ਇਸ ਮੁਕੱਦਮੇ ਕਰਕੇ ਖ਼ੂਬ ਹੋਇਆ।
ਸਰਕਾਰ ਨੇ ਜਿਹਨਾਂ 32 ਵਿਅਕਾਤੀਆਂ ਨੂੰ ਸਾਮਵਾਦੀ ਨੇਤਾ ਕਹਿ ਕੇ ਗਿਰਫਤਾਰ ਕੀਤਾ ਸੀ, ਉਹਨਾਂ ਵਿਚ ਅੱਠ ਕਾਂਗਰਸ ਮਹਾਸੰਮਤੀ ਦੇ ਮੈਂਬਰ ਸਨ। ਇਸ ਤੋਂ ਜ਼ਾਹਰ ਸੀ ਕਿ ਕਾਂਗਰਸ ਵਿਚ ਵੀ, ਜਿਸ ਉੱਤੇ ਮਾਡਰੇਟ ਨੇਤਰੀਤਵ ਦਾ ਕਬਜਾ ਸੀ, ਕਰਾਂਤੀਕਾਰੀ ਵਿਚਾਰਾਂ ਦਾ ਪ੍ਰਭਾਵ ਵਧ ਰਿਹਾ ਸੀ। ਦੋਸ਼ੀਆਂ ਵਿਚ ਫਿਲਿਪ ਸਪ੍ਰੇਟ, ਬੀ.ਐਫ. ਬਰੇਡਲੇ ਤੇ ਪੱਤਰਕਾਰ ਲੇਸਟਰ ਹੁਚਿਨਸਨ ਵੀ ਸ਼ਾਮਲ ਸਨ। ਇਹ ਮੁਕੱਦਮਾ ਅੰਤਰ-ਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਗਿਆ। ਦੋਸ਼ੀਆਂ ਦਾ ਆਚਰਨ ਮਜ਼ਦੂਰ ਵਰਗ ਦੀ ਕਰਾਂਤੀਕਾਰੀ ਛਾਪ ਦੇ ਅਨੁਰੂਪ ਸੀ। ਬਚਾਅ ਪੱਖ ਵਲੋਂ ਜਿਹੜਾ ਭਾਸ਼ਣ ਹੋਇਆ, ਉਹ ਭਾਰਤੀ ਮਜ਼ਦੂਰ ਅੰਦੋਲਨ ਦੇ ਮਹੱਤਵਪੂਰਨ ਦਸਤਾਵੇਜ਼ ਬਣ ਗਿਆ। ਉਹਨਾਂ ਦੁਆਰਾ ਨਵੇਂ ਭਾਰਤ ਦੀ ਨਵੀਂ ਚੇਤਨਾ ਰੂਪਮਾਨ ਹੋਈ।
ਅਸੈਂਬਲੀ ਵਿਚ ਬੰਬ ਸੁੱਟਣ ਦੀ ਯੋਜਨਾ ਵੀ ਇਸ ਨਵੀਂ ਚੇਤਨਾ ਨੂੰ ਦੇਸ਼ ਦੇ ਕੋਨੇ ਕੋਨੇ ਵਿਚ, ਹਰੇਕ ਬਸ਼ਿੰਦੇ ਤਕ, ਪਹੁੰਚਾਉਣ ਲਈ ਬਣਾਈ ਗਈ ਸੀ। ਮੇਰਠ ਸਾਜਿਸ਼ ਕੇਸ ਨੇ ਇਸ ਲਈ ਅਨੁਕੂਲ ਮਾਹੌਲ ਪੈਦਾ ਕਰ ਦਿੱਤਾ।
ਬੰਬ ਸੁੱਟਣ ਦਾ ਫ਼ੈਸਲਾ ਕੀਤਾ ਜਾ ਚੁੱਕਿਆ ਸੀ ਤੇ ਇਸ ਲਈ ਦੋ ਮੈਂਬਰਾਂ ਨੂੰ ਭੇਜਣਾ ਸੀ। ਹੁਣ ਫ਼ੈਸਲਾ ਇਹ ਕਰਨਾ ਸੀ ਕਿ ਕੀਹਨਾਂ ਨੂੰ ਭੇਜਿਆ ਜਾਏ। ਸੁਖਦੇਵ ਚਾਹੁੰਦੇ ਸਨ ਕਿ ਭਗਤ ਸਿੰਘ ਜ਼ਰੂਰ ਜਾਣ ਕਿਉਂਕਿ ਦਲ ਦੇ ਉਦੇਸ਼ਾਂ ਦੀ ਵਿਆਖਿਆ, ਕੋਈ ਹੋਰ ਨਹੀਂ ਸੀ ਕਰ ਸਕਦਾ। ਭਗਤ ਸਿੰਘ ਨਾਲ ਸੁਖਦੇਵ ਦੀ ਗੱਲ ਹੋ ਚੁੱਕੀ ਸੀ ਤੇ ਭਗਤ ਸਿੰਘ ਸੁਖਦੇਵ ਨਾਲ ਸਹਿਮਤ ਸਨ। ਪਰ ਕੇਂਦਰੀ ਕਮੇਟੀ ਦੀ ਬੈਠਕ ਵਿਚ ਫ਼ੈਸਲਾ ਇਹ ਹੋਇਆ ਕਿ ਬੰਬ ਸੁੱਟਣ ਸ਼ਿਵ ਵਰਮਾ ਤੇ ਬਟੁਕੇਸ਼ਵਰ ਦੱਤ ਜਾਣ—ਭਗਤ ਸਿੰਘ ਦੇ ਨਾਂ ਨੂੰ ਇਸ ਲਈ ਟਾਲ ਦਿੱਤਾ ਗਿਆ ਸੀ ਕਿ ਸਾਂਡਰਸ-ਬੱਧ ਦੇ ਸਿਲਸਿਲੇ ਵਿਚ ਪੁਲਸ ਉਹਨਾਂ ਨੂੰ ਲੱਭ ਰਹੀ ਸੀ ਤੇ ਗਿਰਫਤਾਰ ਹੋਣ ਪਿੱਛੋਂ ਲਾਜ਼ਮੀ ਸੀ—ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਸੀ। ਬੰਬ ਸੁੱਟਣ ਪਿੱਛੋਂ ਗਿਰਫਤਾਰ ਹੋਣਾ ਹੀ ਸੀ ਕਿਉਂਕਿ ਅਦਾਲਤ ਦੇ ਮੰਚ ਉੱਤੇ ਵੇਲਾਂ ਵਾਂਗ ਦਲ ਦੇ ਉਦੇਸ਼ ਦਾ ਪਰਚਾਰ ਕਰਨਾ ਸੀ।
ਕੇਂਦਰੀ ਕਮੇਟੀ ਦੀ ਉਸ ਬੈਠਕ ਵਿਚ ਸੁਖਦੇਵ ਮੌਜ਼ੂਦ ਨਹੀਂ ਸਨ। ਉਹ ਲਾਹੌਰ ਗਏ ਹੋਏ ਸਨ, ਦੋ ਤਿੰਨ ਦਿਨ ਬਾਅਦ ਵਾਪਸ ਆਏ। ਜਦੋਂ ਇਹ ਪਤਾ ਲੱਗਿਆ ਕਿ ਬੰਬ ਸੁੱਟਣ ਦਾ ਕੰਮ ਭਗਤ ਸਿੰਘ ਦੇ ਬਜਾਏ ਦੂਜੇ ਦੋ ਮੈਂਬਰਾਂ ਨੂੰ ਦੇ ਦਿੱਤਾ ਗਿਆ ਹੈ ਤਾਂ ਉਹ ਖਿਝ-ਕਰਿਝ ਗਏ। ਉਹਨਾਂ ਇਸ ਫ਼ੈਸਲੇ ਦਾ ਡਟ ਕੇ ਵਿਰੋਧ ਕੀਤਾ। ਉਹ ਕੇਂਦਰੀ ਕਮੇਟੀ ਦੇ ਹਰੇਕ ਮੈਂਬਰ ਨੂੰ ਮਿਲੇ ਤੇ ਆਪਣੀ ਗੱਲ ਮਨਾਉਣ ਦਾ ਯਤਨ ਕੀਤਾ। ਪਰ ਮੈਂਬਰ ਨਹੀਂ ਮੰਨੇ। ਫੇਰ ਸੁਖਦੇਵ ਨੇ ਭਗਤ ਸਿੰਘ ਨੂੰ ਅੱਡ ਲੈ ਜਾ ਕੇ ਗੱਲ ਕੀਤੀ। ਉਹਨਾਂ ਦਾ ਵਤੀਰਾ ਖਾਸਾ ਕਠੋਰ ਸੀ। ਗੱਲਾਂ-ਗੱਲਾਂ ਵਿਚ ਉਹਨਾਂ ਨੇ ਭਗਤ ਸਿੰਘ ਨੂੰ ਇੱਥੋਂ ਤਕ ਕਹਿ ਦਿੱਤਾ...“ਤੇਰੇ 'ਚ ਹੰਕਾਰ ਆ ਗਿਐ, ਤੂੰ ਸਮਝਣ ਲੱਗ ਪਿਐਂ ਕਿ ਤੇਰੇ ਸਿਰ 'ਤੇ ਈ ਪਾਰਟੀ ਦਾ ਸਾਰਾ ਦਾਰੋਮਦਾ ਏ, ਤੂੰ ਮੌਤ ਤੋਂ ਡਰਨ ਲੱਗ ਪਿਐਂ, ਕਾਇਰ ਐਂ...।” ਸੁਖਦੇਵ ਦਾ ਤਰਕ ਇਹ ਸੀ ਕਿ 'ਜਦੋਂ ਤੂੰ ਜਾਣਦਾ ਏਂ ਕਿ ਤੇਰੇ ਸਿਵਾਏ ਦੂਜਾ ਕੋਈ ਦਲ ਦੇ ਉਦੇਸ਼ ਨੂੰ ਚੰਗੀ ਤਰ੍ਹਾਂ ਨਹੀਂ ਸਮਝਾਅ ਸਕਦਾ, ਫੇਰ ਤੂੰ ਕੇਂਦਰੀ ਕਮੇਟੀ ਨੂੰ ਇਹ ਫ਼ੈਸਲਾ ਕਿਉਂ ਕਰਨ ਦਿੱਤਾ ਕਿ ਤੇਰੇ ਬਜਾਏ ਕੋਈ ਦੂਜਾ ਬੰਬ ਸੁੱਟਣ ਜਾਏ।'
ਸੁਖਦੇਵ ਦੇ ਭਰਾ ਪਰਮਾਨੰਦ ਬਾਰੇ ਲਾਹੌਰ ਹਾਈ ਕੋਰਟ ਦੇ ਜੱਜ ਨੇ ਇਹ ਸ਼ਬਦ ਵਰਤੇ ਸਨ ਕਿ 'ਪਾਰਟੀ ਦਾ ਦਿਮਾਗ਼ ਤੇ ਚਾਲਕ ਹੁੰਦਾ ਹੋਇਆ ਵੀ ਨਿੱਜੀ ਤੌਰ 'ਤੇ ਇਹ ਵਿਅਕਤੀ ਕਾਇਰ ਹੈ ਤੇ ਸੰਕਟ ਵਾਲੇ ਕੰਮਾਂ ਵਿਚ ਦੂਜਿਆਂ ਨੂੰ ਅੱਗੇ ਕਰਕੇ ਆਪਣੀ ਜਾਨ ਬਚਾ ਰਿਹਾ ਹੈ।' “ਤੇਰੇ ਬਾਰੇ ਵੀ ਇਕ ਦਿਨ ਅਜਿਹਾ ਹੀ ਫ਼ੈਸਲਾ ਲਿਖ ਦਿੱਤਾ ਜਾਏਗਾ।” ਸੁਖਦੇਵ ਨੇ ਭਗਤ ਸਿੰਘ ਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਕਿਹਾ।
ਸੁਖਦੇਵ ਦਲ ਦੀ ਪੰਜਾਬ ਸ਼ਾਖਾ ਦੇ ਇੰਚਾਰਜ ਤੇ ਭਗਤ ਸਿੰਘ ਦੇ ਗੂੜ੍ਹੇ ਮਿੱਤਰ ਸਨ। ਉਹਨਾਂ ਦੇ ਮੂੰਹੋਂ 'ਤੂੰ ਕਾਇਰ ਐਂ' ਦਾ ਉਲਾਂਭਾ ਕਿੰਜ ਸਹਿ ਹੁੰਦਾ। ਭਗਤ ਸਿੰਘ ਦੇ ਜ਼ੋਰ ਪਾਉਣ 'ਤੇ ਕੇਂਦਰੀ ਕਮੇਟੀ ਦੀ ਬੈਠਕ ਫੇਰ ਬੁਲਾਈ ਗਈ। ਉਸ ਵਿਚ ਸੁਖਦੇਵ ਚੁੱਪ ਬੈਠੇ ਰਹੇ। ਇਕ ਸ਼ਬਦ ਵੀ ਨਹੀਂ ਬੋਲੇ। ਭਗਤ ਸਿੰਘ ਨੇ ਜ਼ਿੱਦ ਫੜ ਲਈ ਤੇ ਉਹ ਇਸ ਜ਼ਿੱਦ ਸਾਹਵੇਂ ਕੋਈ ਵੀ ਤਰਕ ਸੁਣਨ ਲਈ ਤਿਆਰ ਨਹੀਂ ਸਨ। ਆਖ਼ਰ ਇਹ ਫ਼ੈਸਲਾ ਹੋਇਆ ਕਿ ਬੰਬ ਸੁੱਟਣ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਜਾਣਗੇ।
ਸੁਖਦੇਵ ਨੇ ਆਪਣੇ ਪਿਆਰੇ ਸਾਥੀ ਤੇ ਪ੍ਰਮੁੱਖ ਨੇਤਾ ਨੂੰ ਫਾਂਸੀ ਦੇ ਤਖ਼ਤੇ ਵੱਲ ਭੇਜ ਤਾਂ ਦਿੱਤਾ, ਪਰ ਉਹ ਇਸ ਨਾਲ ਧੁਰ ਅੰਦਰ ਤਕ ਹਿੱਲ ਗਏ। ਸਵੇਰੇ ਦੇਖਿਆ ਗਿਆ ਕਿ ਉਹਨਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਜ਼ਾਹਰ ਸੀ ਕਿ ਉਹ ਰਾਤੀਂ ਇਕਾਂਤ ਵਿਚ ਖ਼ੂਬ ਰੋਏ ਸਨ। ਪਰ ਕੀ ਕੀਤਾ ਜਾ ਸਕਦਾ ਸੀ, ਦਲ ਦਾ ਆਦਰਸ਼ ਉਹਨਾਂ ਨੂੰ ਸਭ ਤੋਂ ਪਿਆਰੇ ਮਿੱਤਰ ਤੋਂ ਵੀ ਵੱਧ ਪਿਆਰਾ ਸੀ।
ਟਰੇਡ ਡਿਸਪਿਊਟ ਬਿਲ' ਤੇ 'ਪਬਲਿਕ ਸੇਫਟੀ ਬਿਲ' ਨੂੰ ਅਸੈਂਬਲੀ ਬਹੁਮਤ ਨਾਲ ਰੱਦ ਕਰ ਚੁੱਕੀ ਸੀ। 9 ਅਪ੍ਰੈਲ ਨੂੰ ਉੱਥੇ ਇਕ ਐਲਾਨ ਕੀਤਾ ਜਾਣਾ ਸੀ ਕਿ ਵਾਇਸਰਾਏ ਨੇ ਆਪਣੇ ਵਿਸ਼ੇਸ਼ ਅਧਿਕਾਰ ਨਾਲ ਉਹਨਾਂ ਨੂੰ ਪਾਸ ਕਰ ਦਿੱਤਾ ਹੈ। ਜਿਵੇਂ ਹੀ ਜਾਰਜ ਸ਼ੁਸਟਰ ਇਹ ਐਲਾਨ ਕਰਨ ਲਈ ਆਪਣੀ ਜਗ੍ਹਾ ਤੋਂ ਉਠਿਆ, ਪਹਿਲਾ ਬੰਬ ਭਗਤ ਸਿੰਘ ਨੇ ਤੇ ਦੂਜਾ ਬਟੁਕੇਸ਼ਵਰ ਦੱਤ ਨੇ, ਪਹਿਲਾਂ ਤੋਂ ਚੁਣੀ ਹੋਈ ਖਾਲੀ ਥਾਵੇਂ, ਸੁੱਟ ਦਿੱਤਾ। ਧਮਾਕੇ ਹੋਏ ਤੇ ਸਦਨ ਨੀਲੇ ਧੂੰਏਂ ਨਾਲ ਭਰ ਗਿਆ। ਸਰ ਜਾਰਜ ਸ਼ੁਸਟਰ ਡਰਦਾ ਮਾਰਾ ਆਪਣੇ ਡੈਕਸ ਹੇਠ ਲੁਕ ਗਿਆ। ਸਰ ਜਾਨ ਸਾਈਮਨ ਵੀ ਸਦਨ ਵਿਚ ਮੌਜ਼ੂਦ ਸੀ, ਉਹ ਵੀ ਪੂਛ ਗਿੱਟਿਆਂ 'ਚ ਲੈ ਕੇ ਭੱਜ ਤੁਰਿਆ। ਦੇਖਦੇ-ਦੇਖਦੇ ਹੀ ਸਦਨ ਖਾਲੀ ਹੋ ਗਿਆ। ਸਿਰਫ ਮੋਤੀ ਲਾਲ ਨਹਿਰੂ, ਮੁਹੰਮਦ ਅਲੀ ਜਿੱਨਾਹ ਤੇ ਮਦਨਮੋਹਨ ਮਾਲਵੀਆ ਹੀ ਆਪਣੀਆਂ ਬੈਂਚਾਂ ਉੱਤੇ ਬੈਠੇ ਦਿਖਾਈ ਦਿੱਤੇ।
ਬੰਬ ਧਮਾਕੇ ਪਿੱਛੋਂ ਵੀ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਆਪਣੀ ਜਗ੍ਹਾ ਸ਼ਾਂਤ-ਸਥਿਰ ਖੜ੍ਹੇ ਭਗਦੜ ਮੱਚੀ ਦੇਖਦੇ ਰਹੇ। ਦੋਹਾਂ ਨੇ 'ਇਨਕਲਾਬ ਜ਼ਿੰਦਾਬਾਦ' ਤੇ 'ਸਾਮਰਾਜਵਾਦ ਮੁਰਦਾਬਾਦ' ਦੇ ਨਾਅਰੇ ਲਾਉਂਦਿਆਂ ਹੋਇਆਂ ਲਾਲ ਰੰਗ ਦੇ ਪਰਚੇ ਸੁੱਟੇ, ਜਿਹਨਾਂ ਦੀਆਂ ਸ਼ੁਰੂਆਤੀ ਸਤਰਾਂ ਇੰਜ ਸਨ...:
“ਬੋਲ਼ਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਪ੍ਰਸਿੱਧ ਫਰਾਂਸੀਸੀ ਅਰਾਜਕਤਾਵਾਦੀ ਸ਼ਹੀਦ ਵੇਲਾਂ ਦੇ ਇਹ ਅਮਰ ਸ਼ਬਦ, ਸਾਡੇ ਕੰਮ ਦੇ ਜਾਇਜ਼ ਹੋਣ ਦੇ ਸਾਕਸ਼ੀ ਹਨ।”
ਸਦਨ ਵਿਚ ਸਾਰਜੈਂਟ ਟੇਰੀ ਤੇ ਇੰਸਪੈਕਟਰ ਜਾਨਸਨ ਸਨ। ਦੋਹੇਂ ਘਬਰਾਏ ਹੋਏ ਸਨ। ਆਪਣੀ ਜਗ੍ਹਾ ਸ਼ਾਂਤ ਖੜ੍ਹੇ ਭਗਤ ਸਿੰਘ ਤੇ ਦੱਤ ਦੇ ਨੇੜੇ ਜਾਣ ਦਾ ਹੌਸਲਾ ਉਹਨਾਂ ਵਿਚ ਨਹੀਂ ਸੀ। ਭਗਤ ਸਿੰਘ ਦੇ ਹੱਥ ਵਿਚ ਭਰੀ ਹੋਈ ਪਸਤੌਲ ਸੀ, ਜਿਸਨੂੰ ਉਹ ਉਂਗਲਾਂ ਨਾਲ ਘੁਮਾਅ-ਘੁਮਾਅ ਖੇਡ ਰਹੇ ਸਨ। ਪਹਿਲਾਂ ਸਾਰਜੈਂਟ ਟੇਰੀ ਹੀ ਡਰਦਾ-ਡਰਦਾ ਅੱਗੇ ਵਧਿਆ ਤੇ ਫੇਰ ਇੰਸਪੈਂਕਟਰ ਜਾਨਸਨ। ਜਦੋਂ ਭਗਤ ਸਿੰਘ ਨੇ ਆਪਣੀ ਪਸਤੌਲ ਡੈਕਸ ਉੱਤੇ ਰੱਖ ਦਿੱਤੀ, ਅੰਗਰੇਜ਼ ਪੁਲਸ ਅਫ਼ਸਰਾਂ ਦੀ ਜਾਨ ਵਿਚ ਜਾਨ ਆਈ ਤੇ ਗਿਰਫਤਾਰੀ ਸੰਭਵ ਹੋ ਸਕੀ। ਦੋਹਾਂ ਨੇ ਇਕ ਵਾਰੀ ਫੇਰ ਕਰਾਂਤੀਕਾਰੀ ਨਾਅਰੇ ਲਾਏ। ਦੋਹਾਂ ਦੇ ਚਿਹਰਿਆਂ ਉੱਤੇ ਦ੍ਰਿੜ੍ਹ ਵਿਸ਼ਵਾਸ ਦਾ ਨੂਰ ਤੇ ਬੁੱਲ੍ਹਾਂ ਉੱਤੇ ਫਤਹਿ-ਭਿੱਜੀ ਮੁਸਕਾਨ ਸੀ।
ਬੰਬ ਸੁੱਟਣ ਵੇਲੇ ਇਹ ਧਿਆਨ ਰੱਖਿਆ ਗਿਆ ਸੀ ਕਿ ਉਸ ਨਾਲ ਨਾ ਕੋਈ ਮੌਤ ਹੋਏ ਤੇ ਨਾ ਹੀ ਕੋਈ ਜ਼ਖ਼ਮੀ ਹੋਏ। ਜਿਹੜੇ ਪਰਚੇ ਸਦਨ ਵਿਚ ਸੁੱਟੇ ਗਏ ਸਨ ਉਹਨਾਂ ਦਾ ਅੰਤਮ ਪੈਰਾ ਇੰਜ ਹੈ...:
“ਅਸੀਂ ਮਨੁੱਖ ਦੇ ਜੀਵਨ ਨੂੰ ਪਵਿੱਤਰ ਸਮਝਦੇ ਹਾਂ। ਅਸੀਂ ਅਜਿਹੇ ਉੱਜਲ ਭਵਿੱਖ ਵਿਚ ਵਿਸ਼ਵਾਸ ਰੱਖਦੇ ਹਾਂ, ਜਿਸ ਵਿਚ ਹਰੇਕ ਵਿਅਕਤੀ ਨੂੰ ਪੂਰੀ ਸ਼ਾਂਤੀ ਤੇ ਆਜ਼ਾਦੀ ਨਸੀਬ ਹੋਏ। ਅਸੀਂ ਮਨੁੱਖੀ ਲਹੂ ਵਹਾਉਣ ਪਿੱਛੇ ਆਪਣੀ ਮਜ਼ਬੂਰੀ ਲਈ ਦੁਖੀ ਹਾਂ ਪਰ ਕਰਾਂਤੀ ਰਾਹੀਂ ਸਾਰਿਆਂ ਨੂੰ ਬਰਾਬਰ ਦੀ ਆਜ਼ਾਦੀ ਦੇਣ ਤੇ ਮਨੁੱਖ ਦੁਆਰਾ ਮਨੁੱਖ ਦੇ ਸੋਸ਼ਣ ਨੂੰ ਸਮਾਪਤ ਕਰ ਦੇਣ ਲਈ ਕਰਾਂਤੀ ਸਮੇਂ ਕੁਛ ਨਾ ਕੁਛ ਲਹੂ ਵਹਾਉਣਾ ਲਾਜ਼ਮੀ ਹੋ ਜਾਂਦਾ ਹੈ।
ਇਨਕਲਾਬ ਜਿੰਦਾਬਾਦ !”


ਸੁਖਦੇਵ ਨੇ ਆਪਣੇ ਕਰਾਂਤੀਕਾਰੀ ਸਾਥੀਆਂ ਨੂੰ 'ਬਰਾਦਰਸ' ਲਿਖ ਕੇ ਸ਼ੁਰੂ ਕਰਦਿਆਂ ਹੋਇਆਂ ਬੋਸਟਲ ਜੇਲ੍ਹ ਲਾਹੌਰ ਵਿਚੋਂ ਇਕ ਖ਼ਤ ਲਿਖਿਆ ਸੀ, ਜਿਹੜਾ 1930 ਨੂੰ ਫਾਂਸੀ ਦੀ ਸਜ਼ਾ ਮਿਲਣ ਪਿੱਛੋਂ ਉਹਨਾਂ ਦੀ ਤਲਾਸ਼ੀ ਵਿਚੋਂ ਨਿਕਲਿਆ ਸੀ, ਇਸ ਵਿਚ ਉਹ ਲਿਖਦੇ ਹਨ...:
“ਅਸੀਂ ਲੋਕ ਸਿਰਫ ਦੋ ਐਕਸ਼ਨ ਕਰ ਸਕੇ, ਇਕ ਸਾਂਡਰਸ-ਬੱਧ ਤੇ ਦੂਜਾ ਅਸੈਂਬਲੀ ਵਿਚ ਬੰਬ ਧਮਾਕਾ। ਇਸ ਦੇ ਇਲਾਵਾ ਅਸੀਂ ਦੋ-ਤਿੰਨ ਹੋਰ ਐਕਸ਼ਨ ਕਰਨ ਦਾ ਯਤਨ ਕੀਤਾ—ਭਾਵੇਂ ਉਹਨਾਂ ਵਿਚ ਸਾਨੂੰ ਸਫਲਤਾ ਨਹੀਂ ਮਿਲੀ। ਇਹਨਾਂ ਬਾਰੇ ਮੈਂ ਏਨਾ ਕਹਿ ਸਕਦਾ ਹਾਂ ਕਿ ਸਾਡੇ ਐਕਸ਼ਨ ਤਿੰਨ ਕਿਸਮ ਦੇ ਸਨ : 1. ਪਰਚਾਰ, 2. ਧਨ, 3 ਨੀਅਤੀ। ਇਹਨਾਂ ਤਿੰਨਾਂ ਵਿਚੋਂ ਸਾਡਾ ਮੁੱਖ ਧਿਆਨ ਪਰਚਾਰ ਦੇ ਐਕਸ਼ਨਾਂ ਵੱਲ ਸੀ, ਬਾਕੀ ਦੇ ਦੋ ਗੌਣ ਕਹੇ ਜਾ ਸਕਦੇ ਹਨ। ਇਸ ਤੋਂ ਮੇਰੀ ਮੁਰਾਦ ਉਹਨਾਂ ਦੇ ਮਹੱਤਵ ਨੂੰ ਘੱਟ ਕਰਨ ਦੀ ਨਹੀਂ। ਫੇਰ ਵੀ ਸਾਡੇ ਦਲ ਦਾ ਮੁੱਖ ਟੀਚਾ ਪਰਚਾਰ ਐਕਸ਼ਨ ਕਰਨ ਦਾ ਹੀ ਸੀ, ਬਾਕੀ ਦੋਹੇਂ ਕਿਸਮ ਦੇ ਐਕਸ਼ਨ ਸਾਡਾ ਉਦੇਸ਼ ਨਹੀਂ ਸਨ—ਹਾਂ, ਉਦੇਸ਼ ਦੀ ਪੂਰਤੀ ਲਈ ਲਾਜ਼ਮੀ ਸਨ।
“ਪਿਛਲੇ ਦੋਹਾਂ ਐਕਸ਼ਨਾਂ ਨੂੰ ਛੱਡ ਕੇ ਮੈਂ ਇੱਥੇ ਪਰਚਾਰ ਐਕਸ਼ਨ ਦੀ ਗੱਲ ਕਰਨੀ ਚਾਹੁੰਦਾ ਹਾਂ। ਇਕੱਲੇ 'ਪਰਚਾਰ' ਸ਼ਬਦ ਨਾਲ ਸ਼ਾਇਦ ਇਹਨਾਂ ਐਕਸ਼ਨਾਂ ਨੂੰ ਠੀਕ-ਠੀਕ ਨਹੀਂ ਸਮਝਿਆ ਜਾ ਸਕਦਾ। ਸਾਡੇ ਲਈ ਇਹ ਐਕਸ਼ਨ ਸਾਡੀ ਜਨਤਾ ਦੀ ਇੱਛਾ ਦੇ ਮੁਤਾਬਿਕ ਹੁੰਦੇ ਸਨ। ਉਦਾਹਰਨ ਲਈ ਸਾਂਡਰਸ਼-ਬੱਧ ਹੀ ਲਈਏ : ਲਾਲਾ ਜੀ ਦੇ ਸੋਟੀਆਂ ਪੈਣ ਸਮੇਂ ਅਸੀਂ ਦੇਖਿਆ ਕਿ ਦੇਸ਼ ਵਿਚ ਬੜੀ ਬੇਚੈਨੀ ਹੈ। ਇਸ ਉੱਤੇ ਸਰਕਾਰ ਦੇ ਰਵੱਈਏ ਨੇ ਮੱਚਦੀ ਉੱਤੇ ਤੇਲ ਦਾ ਕੰਮ ਕੀਤਾ, ਲੋਕ ਖਾਸੇ ਨਾਰਾਜ਼ ਹੋ ਗਏ। ਜਨਤਾ ਦਾ ਧਿਆਨ ਕਰਾਂਤੀਕਾਰੀਆਂ ਵੱਲ ਖਿੱਚਣ ਲਈ ਇਹ ਬੜਾ ਚੰਗਾ ਮੌਕਾ ਸੀ। ਪਰ ਅਸੀਂ ਸੋਚਿਆ ਕਿ ਇਕ ਆਦਮੀ ਪਸਤੌਲ ਲੈ ਕੇ ਜਾਏ ਤੇ ਸਕਾਟ ਨੂੰ ਮਾਰ ਕੇ ਆਪਣੇ ਆਪ ਨੂੰ ਪੇਸ਼ ਕਰ ਦਏ। ਫੇਰ ਬਿਆਨ ਰਾਹੀਂ ਇਹ ਕਹਿ ਦਏ ਕਿ ਰਾਸ਼ਟਰੀ ਅਪਮਾਨ ਦਾ ਬਦਲਾ, ਜਦੋਂ ਤਕ ਕਰਾਂਤੀਕਾਰੀ ਜਿਊਂਦੇ ਹਨ, ਇਸੇ ਤਰ੍ਹਾਂ ਲਿਆ ਜਾਏਗਾ। ਪਰ ਆਸੇ ਪਾਸੇ ਮਾਨਵ ਸ਼ਕਤੀ ਘੱਟ ਹੋਣ ਕਰਕੇ ਤਿੰਨ ਆਦਮੀਆਂ ਨੂੰ ਐਕਸ਼ਨ ਲਈ ਭੇਜਣਾ ਵਧੇਰੇ ਠੀਕ ਸਮਝਿਆ ਗਿਆ, ਇਸ ਵਿਚ ਵੀ ਬਚ ਕੇ ਨਿਕਲ ਜਾਣ ਦੀ ਉਮੀਦ ਵਾਲਾ ਵਿਚਾਰ ਮੁੱਖ ਨਹੀਂ ਸੀ। ਇਸਦੀ ਤਾਂ ਆਸ ਵੀ ਨਹੀਂ ਸੀ। ਸਾਡਾ ਵਿਚਾਰ ਇਹ ਸੀ ਕਿ ਜੇ ਹੱਤਿਆ ਪਿੱਛੋਂ ਪੁਲਸ ਸਾਡਾ ਪਿੱਛਾ ਕਰੇ ਤਾਂ ਖ਼ੂਬ ਮੁਕਾਬਲਾ ਕੀਤਾ ਜਾਏ, ਜਿਹੜਾ ਇਸ ਮੁਕਾਬਲੇ ਵਿਚ ਬਚ ਜਾਏ ਤੇ ਫੜਿਆ ਜਾਏ ਉਹ ਬਿਆਨ ਦੇ ਦਏ। ਇਸੇ ਵਿਚਾਰ ਨਾਲ ਭੱਜ ਕੇ ਡੀ.ਏ.ਵੀ. ਕਾਲਜ-ਬੋਰਡਿੰਗ ਦੀ ਛੱਤ ਉੱਤੇ ਚੜ੍ਹ ਗਏ ਸੀ।”
ਫੇਰ ਨੀਅਤੀ ਦੀ ਵਿਆਖਿਆ ਕੀਤੀ ਹੈ...:
“ਸਾਡਾ ਵਿਚਾਰ ਇਹ ਸੀ ਸਾਡੇ ਐਕਸ਼ਨ ਜਨਤਾ ਦੀਆਂ ਭਾਵਨਾਵਾਂ ਅਨੁਸਾਰ ਤੇ ਸਰਕਾਰੀ ਦਮਨ ਦੇ ਉਤਰ ਵਜੋਂ ਹੋਣੇ ਚਾਹੀਦੇ ਹਨ ਤਾਂਕਿ ਅਸੀਂ ਲੋਕ ਜਨਤਾ ਨੂੰ ਨਾਲ ਲੈ ਸਕੀਏ ਤੇ ਜਨਤਾ ਸਾਡੇ ਪ੍ਰਤੀ ਹਮਦਰਦੀ ਤੇ ਸਾਡੀ ਸਹਾਇਤਾ ਲਈ ਤਿਆਰ ਹੋ ਜਾਏ। ਇਸ ਦੇ ਨਾਲ ਨਾਲ ਸਾਡਾ ਇਹ ਵਿਚਾਰ ਸੀ ਕਿ ਕਰਾਂਤੀਕਾਰੀ ਵਿਚਾਰਾਂ ਤੇ ਦਾਅ-ਪੇਚਾਂ ਨੂੰ ਜਨਤਾ ਵਿਚ ਪਰਚਾਰਿਆ ਜਾਏ ਤੇ ਇਹ ਉਸੇ ਦੇ ਮੂੰਹੋਂ ਵੱਧ ਚੰਗਾ ਲੱਗਦਾ ਹੈ ਜਿਹੜਾ ਉਹਨਾਂ ਲਈ ਫਾਂਸੀ ਦੇ ਤਖ਼ਤੇ ਤੇ ਖੜ੍ਹਾ ਹੋਏ। ਤੀਜਾ ਉਦੇਸ਼ ਇਹ ਸੀ ਕਿ ਸਰਕਾਰ ਨਾਲ ਸਿੱਧੀ ਟੱਕਰ ਲੈਣ ਨਾਲ ਸਾਡਾ ਸੰਗਠਨ ਇਕ ਨਿਸ਼ਚਿਤ ਕਰਜ-ਕਰਮ ਆਪਣੇ ਲਈ ਬਣਾ ਸਕੇਗਾ।”


ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਅਸੈਂਬਲੀ 'ਚ ਗਿਰਫਤਾਰ ਹੋਏ ਤੇ ਉਹਨਾਂ ਵਾਕੱਈ ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪਰਚਾਰ ਲਈ ਮੰਚ ਬਣਾਇਆ। ਉਹਨਾਂ ਸੇਸ਼ਨ ਜੱਜ ਦੀ ਅਦਾਲਤ ਵਿਚ 'ਅਸੀਂ ਬੰਬ ਕਿਉਂ ਸੁੱਟੇ' ਬਿਆਨ ਵਿਚ ਕਿਹਾ...:
“ਸਾਡੇ ਵਿਰੁੱਧ ਗੰਭੀਰ ਅਪਰਾਧਾਂ ਦੇ ਦੋਸ਼ ਲਾਏ ਗਏ ਹਨ, ਅਸੀਂ ਇਸ ਸਮੇਂ ਆਪਣੇ ਰਵੱਈਏ ਦਾ ਸਪਸ਼ਟੀਕਰਨ ਦੇਣਾ ਚਾਹੁੰਦੇ ਹਾਂ।
ਇਸ ਸੰਬੰਧ ਵਿਚ ਹੇਠ ਲਿਖੇ ਸਵਾਲ ਉਠਦੇ ਹਨ।
1. ਕੀ ਸਦਨ ਵਿਚ ਬੰਬ ਸੁੱਟੇ ਗਏ ਸਨ, ਜੇ ਇੰਜ ਹੋਇਆ ਤਾਂ ਇਸਦਾ ਕੀ ਕਾਰਨ ਸੀ?
2. ਹੇਠਲੀ ਅਦਾਲਤ ਨੇ ਜਿਹੜੇ ਦੋਸ਼ ਲਾਏ ਹਨ, ਉਹ ਸਹੀ ਹਨ ਜਾਂ ਨਹੀਂ?
ਇਹਨਾਂ ਸਵਾਲਾਂ ਦੇ ਪਹਿਲੇ ਅੱਧ ਲਈ ਸਾਡਾ ਉਤਰ ਹਾਂ ਵਿਚ ਹੈ, ਪਰ ਗਵਾਹਾਂ ਨੇ ਘਟਨਾ ਦੇ ਝੂਠੇ ਵੇਰਵੇ ਪੇਸ਼ ਕੀਤੇ ਹਨ। ਅਸੀਂ ਬੰਬ ਸੁੱਟਣ ਦੀ ਜ਼ਿੰਮੇਵਾਰੀ ਲੈਂਦੇ ਹਾਂ ਪਰ ਅਸੀਂ ਇਹ ਬਿਆਨ ਕਰਦੇ ਹਾਂ ਕਿ ਸਾਰਜੈਂਟ ਟੇਰੀ ਦਾ ਇਹ ਕਹਿਣਾ, ਜਾਣ ਬੁਝ ਕੇ ਬੋਲਿਆ ਹੋਇਆ ਝੂਠ ਹੈ ਕਿ ਉਹਨਾਂ ਨੇ ਸਾਡੇ ਹੱਥਾਂ 'ਚੋਂ ਪਸਤੌਲ ਖੋਹੇ ਸਨ। ਅਸਲ ਵਿਚ ਜਿਸ ਸਮੇਂ ਅਸੀਂ ਖ਼ੁਦ ਨੂੰ ਪੇਸ਼ ਕੀਤਾ, ਉਸ ਸਮੇਂ ਸਾਡੇ ਦੋਹਾਂ ਵਿਚੋਂ ਕਿਸੇ ਦੇ ਹੱਥ ਵਿਚ ਪਸਤੌਲ ਨਹੀਂ ਸੀ। ਜਿਹਨਾਂ ਗਵਾਹਾਂ ਨੇ ਇਹ ਕਿਹਾ ਕਿ ਉਹਨਾਂ ਸਾਨੂੰ ਬੰਬ ਸੁੱਟਦਿਆਂ ਹੋਇਆਂ ਦੇਖਿਆ ਹੈ, ਉਹਨਾਂ ਨੂੰ ਵੀ ਬੇਸਿਰ-ਪੈਰਾ ਝੂਠ ਬੋਲਨ ਲੱਗਿਆਂ ਕੋਈ ਝਿਜਕ ਮਹਿਸੂਸ ਨਹੀਂ ਹੋਈ। ਸਾਨੂੰ ਆਸ ਹੈ ਕਿ ਜਿਹਨਾਂ ਲੋਕਾਂ ਦਾ ਉਦੇਸ਼ ਨਿਆਂ ਦੀ ਸ਼ੁੱਧਤਾ ਤੇ ਨਿਰਪੱਖਤਾ ਦੀ ਰੱਖਿਆ ਕਰਨਾ ਹੈ, ਉਹ ਇਹਨਾਂ ਤੱਥਾਂ ਤੋਂ ਖ਼ੁਦ ਸਿੱਟੇ ਕੱਢਣਗੇ। ਨਾਲ ਹੀ ਅਸੀਂ ਸਵੀਕਾਰ ਕਰਦੇ ਹਾਂ ਕਿ ਅਜੇ ਤਕ ਸਰਕਾਰੀ ਪੱਖ ਨੇ ਸੱਚਾਈ ਦੀ ਰੱਖਿਆ ਕੀਤੀ ਹੈ ਤੇ ਨਿਆਂ ਭਰਿਆ ਰਵੱਈਆ ਅਪਣਾਇਆ ਹੈ।
ਪਹਿਲੇ ਸਵਾਲ ਦੇ ਦੂਜੇ ਅੱਧੇ ਹਿੱਸੇ ਦਾ ਉਤਰ ਵਿਸਥਾਰ ਨਾਲ ਦੇਣਾ ਪਏਗਾ, ਜਿਸ ਨਾਲ ਅਸੀਂ ਉਸ ਮਕਸਦ ਤੇ ਹਾਲਾਤ ਨੂੰ ਪੂਰੇ, ਖੁੱਲ੍ਹੇ ਰੂਪ ਵਿਚ ਸਪਸ਼ਟ ਕਰ ਸਕੀਏ, ਜਿਸਦੇ ਸਿੱਟੇ ਵਜੋਂ ਇਹ ਘਟਨਾ ਹੋਈ ਹੈ, ਜਿਸਨੇ ਹੁਣ ਇਤਿਹਾਸਕ ਰੂਪ ਲੈ ਲਿਆ ਹੈ। ਜੇਲ੍ਹ ਵਿਚ ਸਾਡੇ ਨਾਲ ਜਿਹਨਾਂ ਪੁਲਸ ਅਧੀਕਾਰੀਆਂ ਨੇ ਮੁਲਾਕਾਤ ਕੀਤੀ, ਉਹਨਾਂ ਵਿਚੋਂ ਕੁਝ ਨੇ ਜਦੋਂ ਸਾਨੂੰ ਇਹ ਦੱਸਿਆ ਕਿ ਵਿਚਾਰ ਅਧੀਨ ਘਟਨਾ ਪਿੱਛੋਂ ਦੋਹਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਹੋਇਆਂ ਲਾਰਡ ਇਰਵਿਨ ਨੇ ਇਹ ਕਿਹਾ ਹੈ ਕਿ ਅਸੀਂ ਲੋਕਾਂ ਨੇ ਬੰਬ ਸੁੱਟ ਕੇ ਕਿਸੇ ਵਿਅਕਤੀ ਉੱਤੇ ਨਹੀਂ ਸਗੋਂ ਇਕ ਸੰਵਿਧਾਨ ਉੱਤੇ ਹਮਾਲਾ ਕੀਤਾ ਹੈ, ਉਦੋਂ ਸਾਨੂੰ ਤੁਰੰਤ ਇਹ ਅਹਿਸਾਸ ਹੋਇਆ ਕਿ ਉਸ ਘਟਨਾ ਦੇ ਅਸਲ ਮੰਤਕ ਦਾ ਸਹੀ ਮੁੱਲਾਂਕਣ ਕੀਤਾ ਗਿਆ ਹੈ।
ਮਨੁੱਖਤਾ ਪ੍ਰਤੀ ਸਾਡਾ ਪਰੇਮ ਕਿਸੇ ਨਾਲੋਂ ਵੀ ਘੱਟ ਨਹੀਂ। ਸੋ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਤੀ ਕਿਸੇ ਕਿਸਮ ਦਾ ਵੈਰ ਰੱਖਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸਦੇ ਵਿਪਰੀਤ ਮਨੁੱਖੀ ਜੀਵਨ ਸਾਡੀ ਨਜ਼ਰ ਵਿਚ ਏਨਾ ਵੱਧ ਪਵਿੱਤਰ ਹੈ ਕਿ ਉਸ ਪਵਿੱਤਰਤਾ ਦਾ ਵਰਨਣ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ। ਅਖੌਤੀ ਸਮਾਜਵਾਦੀ ਦੀਵਾਨ ਚਮਨ ਲਾਲ ਨੇ ਸਾਨੂੰ ਕਾਇਰ ਹਮਲਾਵਰ ਤੇ ਦੇਸ਼ ਲਈ ਕਲੰਕ ਕਿਹਾ ਹੈ, ਇਹ ਸੱਚ ਨਹੀਂ। ਨਾਲ ਹੀ ਲਾਹੌਰ ਦੇ ਅਖ਼ਬਾਰ 'ਟ੍ਰਿਬਿਊਨ' ਤੇ ਕੁਝ ਹੋਰ ਲੋਕਾਂ ਦੀ ਇਹ ਧਾਰਨਾ ਵੀ ਝੂਠੀ ਹੈ ਕਿ ਅਸੀਂ ਸਿਰ ਫਿਰੇ ਖਰੂਦੀ ਨੌਜਵਾਨ ਹਾਂ।
ਸਾਡਾ ਨਿਮਰਤਾ ਸਹਿਤ ਇਹ ਦਾਅਵਾ ਹੈ ਕਿ ਅਸੀਂ ਇਤਿਹਾਸ, ਆਪਣੇ ਦੇਸ਼ ਦੀਆਂ ਪ੍ਰਸਿਥਤੀਆਂ ਤੇ ਮਨੁੱਖੀ ਇੱਛਾਵਾਂ ਦਾ ਗੰਭੀਰਤਾ ਨਾਲ ਅਧਿਅਨ ਕੀਤਾ ਹੈ ਤੇ ਅਸੀਂ ਪਾਖੰਡ ਨੂੰ ਘਿਰਣਾ ਕਰਦੇ ਹਾਂ।
ਸਾਡਾ ਮੰਸ਼ਾ ਉਸ ਸੰਸਥਾ ਦੇ ਵਿਰੁੱਧ ਵਿਹਾਰਕ ਵਿਰੋਧ ਦਰਸਾਉਣਾ ਸੀ, ਜਿਸਨੇ ਆਪਣੇ ਆਰੰਭ ਤੋਂ ਸਿਰਫ ਨਾਲਾਇਕੀ ਦਾ ਹੀ ਨਹੀਂ, ਵਰਣ-ਹਾਨੀ ਪਹੁੰਚਾਉਣ ਵਾਲੀ ਦੂਰਗਾਮੀ ਸ਼ਕਤੀ ਦਾ ਵੀ ਨੰਗਾ ਪ੍ਰਦਰਸ਼ਨ ਕੀਤਾ ਹੈ। ਅਸੀਂ ਜਿੰਨਾ ਵਧ ਚਿੰਤਨ ਕੀਤਾ ਓਨਾਂ ਵਧੇਰੇ ਇਸ ਸਿੱਟੇ ਦੇ ਨੇੜੇ ਪਹੁੰਚੇ ਹਾਂ ਕਿ ਇਸ ਸੰਸਥਾ ਦੀ ਹੋਂਦ ਦਾ ਮਕਸਦ ਸਿਰਫ ਸੰਸਾਰ ਸਾਹਮਣੇ ਸਾਡੇ ਭਾਰਤ ਦੀ ਦੀਨਤਾ ਤੇ ਅਧੀਨਤਾ ਦਾ ਪ੍ਰਦਰਸ਼ਨ ਕਰਨਾ ਹੈ, ਤੇ ਇਹ ਅਣਉਤਰਦਾਈ ਤੇ ਸਵੈਇੱਛਾਧਾਰੀ ਹਕੂਕਤ ਦੀ ਦਮਨਕਾਰੀ ਸੱਤਾ ਦਾ ਅੰਗ ਬਣ ਗਈ ਹੈ।
ਜਨਤਾ ਦੇ ਪ੍ਰਤੀਨਿਧੀਆਂ ਦੀ ਰਾਸ਼ਟਰੀ ਮੰਗ ਨੂੰ ਵਾਰ-ਵਾਰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ ਹੈ, ਸੰਸਦ ਦੇ ਪਾਸ ਕੀਤੇ ਹੋਏ ਪਵਿੱਤਰ ਮਤਿਆਂ ਨੂੰ ਅਖੌਤੀ ਭਾਰਤੀ ਸੰਸਦ ਦੇ ਫਰਸ਼ ਉੱਤੇ ਬੇਰਹਿਮੀ ਨਾਲ ਕੁਚਲਿਆ ਜਾਂਦਾ ਹੈ। ਦਮਨਕਾਰੀ ਸਵੈਇੱਛਾਚਾਰੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਮਤਿਆਂ ਦਾ ਸਭ ਨੇ ਨਿੰਦਿਆ ਭਰਪੂਰ ਵਿਰੋਧ ਕੀਤਾ ਤੇ ਚੁਣੇ ਹੋਏ ਪ੍ਰਤੀਨਿਧੀਆਂ ਨੇ ਜਿਹਨਾਂ ਸਰਕਾਰੀ ਕਾਨੂੰਨਾਂ ਤੇ ਮਤਿਆਂ ਨੂੰ ਅਸਵੀਕਾਰ ਕਰ ਦਿੱਤਾ, ਉਹਨਾਂ ਨੂੰ ਵੀ ਸਰਕਾਰ ਦੁਆਰਾ ਮਨਮਾਨੀ ਧੌਂਸ ਨਾਲ ਪਾਸ ਕੀਤਾ ਜਾ ਰਿਹਾ ਹੈ। ਸੰਖੇਪ ਵਿਚ ਈਮਾਨਦਾਰੀ ਨਾਲ ਸਾਰੇ ਯਤਨ ਕਰਨ ਪਿੱਛੋਂ ਵੀ ਸਾਡੀ ਸਮਝ ਵਿਚ ਨਹੀਂ ਆ ਸਕਿਆ ਕਿ ਅਜਿਹੀ ਸੰਸਥਾ ਦੀ ਹੋਂਦ ਨੂੰ ਕਿਸ ਤਰ੍ਹਾਂ ਨਿਆਂ-ਸੰਗਤ ਮੰਨਿਆਂ ਜਾ ਸਕਦਾ ਹੈ, ਜਿਸਦੀ ਸ਼ਾਨ-ਸ਼ੌਕਤ ਬਣਾਈ ਰੱਖਣ ਲਈ ਭਾਰਤ ਦੇ ਕਰੋੜਾਂ ਲੋਕਾਂ ਦੇ ਗਾੜ੍ਹੇ ਪਸੀਨੇ ਦੀ ਕਮਾਈ ਖਰਚ ਕੀਤੀ ਜਾਂਦੀ ਹੈ ਤੇ ਇਸ ਪਿੱਛੋਂ ਵੀ ਜਿਹੜੀ ਸਾਰਹੀਣ ਅਦਾਕਾਰੀ ਤੇ ਸ਼ੈਤਾਨੀ ਭਰਿਆ ਪੜਯੰਤਰ ਬਣ ਕੇ ਰਹਿ ਗਈ ਹੈ।”
ਦੇਸ਼ ਦੀ ਅਸਹਿ ਗੁਲਾਮੀ ਨੂੰ ਚੁੱਪਚਾਪ ਸਹਿ ਲੈਣ ਵਾਲੇ ਨੇਤਾਵਾਂ ਦੀ ਮਨੋਬਿਰਤੀ ਦਾ ਉਲੇਖ ਇੰਜ ਕੀਤਾ ਹੈ...:
“ਦੂਜੇ ਲੋਕ ਵੀ ਸਾਡੇ ਵਾਂਗ ਹੀ ਸੋਚ ਰਹੇ ਹਨ ਤੇ ਭਾਰਤੀ ਜਾਤੀ ਉੱਪਰੋਂ ਇਕ ਸ਼ਾਂਤ ਸਮੁੰਦਰ ਦਿਖਾਈ ਦੇ ਰਹੀ ਹੈ ਫੇਰ ਵੀ ਅੰਦਰੇ ਅੰਦਰ ਇਕ ਭਿਆਨਕ ਤੂਫ਼ਾਨ ਉੱਫ਼ਨ ਰਿਹਾ ਹੈ। ਅਸੀਂ ਉਹਨਾਂ ਲੋਕਾਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਹੈ, ਜਿਹੜੇ ਸਾਹਮਣੇ ਆਉਣ ਵਾਲੀਆਂ ਗੰਭੀਰ ਪ੍ਰਸਥਿਤੀਆਂ ਦੀ ਚਿੰਤਾ ਕੀਤੇ ਬਿਨਾਂ ਅੰਨ੍ਹੇਵਾਹ ਦੌੜੇ ਜਾ ਰਹੇ ਹਨ। ਅਸੀਂ ਇਸ ਕਲਪਿੱਤ ਅਹਿੰਸਾ ਦੀ ਸਮਾਪਤੀ ਦਾ ਐਲਾਨ ਕੀਤਾ ਹੈ, ਜਿਸਦੀ ਸਾਰਹੀਣਤਾ ਬਾਰੇ ਨਵੀਂ ਪੀੜ੍ਹੀ ਦੇ ਮਨ ਵਿਚ ਕਿਸੇ ਕਿਸਮ ਦਾ ਸ਼ੰਕਾ ਨਹੀਂ ਰਿਹਾ। ਅਸੀਂ ਈਮਾਨਦਾਰੀ ਨਾਲ, ਸਦਭਾਵਾਨਾ ਤੇ ਮਨੁੱਖਤਾ ਪ੍ਰਤੀ ਆਪਣੇ ਪਰੇਮ ਸਦਕਾ ਉਹਨਾਂ ਭਿਆਨਕ ਖਤਰਿਆਂ ਦੇ ਵਿਰੁੱਧ ਚੇਤਾਵਨੀ ਦੇਣ ਲਈ ਇਹ ਮਾਰਗ ਚੁਣਿਆ ਹੈ, ਜਿਹਨਾਂ ਦਾ ਅਗਾਊ ਅਹਿਸਾਸ ਸਾਨੂੰ ਵੀ ਦੇਸ਼ ਦੇ ਕਰੋੜਾਂ ਲੋਕਾਂ ਵਾਂਗ ਸਪਸ਼ਟ ਰੂਪ ਵਿਚ ਹੋ ਚੁੱਕਿਆ ਹੈ।
“ਅਸੀਂ ਪਿੱਛੇ ਪੈਰੇ ਵਿਚ 'ਕਲਪਿੱਤ ਅਹਿੰਸਾ' ਸ਼ਬਦ ਦਾ ਪ੍ਰਯੋਗ ਕੀਤਾ ਹੈ। ਅਸੀਂ ਇਸਦੀ ਵਿਆਖਿਆ ਕਰਨਾ ਚਾਹੁੰਦੇ ਹਾਂ। ਸਾਡੀ ਨਜ਼ਰ ਵਿਚ ਬਲ-ਪ੍ਰਯੋਗ ਉਸ ਸਮੇਂ ਅਨਿਆਂਸੰਗਤ ਹੁੰਦਾ ਹੈ, ਜਦੋਂ ਉਹ ਧਾੜਵੀਆਂ ਵਾਂਗ ਕੀਤਾ ਜਾਏ ਤੇ ਇਹ ਸਾਡੀ ਨਜ਼ਰ ਵਿਚ ਹਿੰਸਾ ਹੈ। ਪਰ ਜਦੋਂ ਸ਼ਕਤੀ ਦਾ ਪ੍ਰਯੋਗ ਕਿਸੇ ਸਮਾਜ ਪੱਖੀ ਉਦੇਸ਼ ਦੀ ਪੂਰਤੀ ਲਈ ਕੀਤਾ ਜਾਏ ਤਾਂ ਉਹ ਨੈਤਿਕ ਦ੍ਰਿਸ਼ਟੀ ਨਾਲ ਨਿਆਂਸੰਗਤ ਹੁੰਦਾ ਹੈ। ਬਲ-ਪ੍ਰਯੋਗ ਦਾ ਮੁੱਢੋਂ ਬਾਈਕਾਟ ਕੋਰਾ ਭਰਮ ਹੈ। ਇਸ ਦੇਸ਼ ਵਿਚ ਇਕ ਨਵਾਂ ਅੰਦੋਲਨ ਉਠ ਖੜ੍ਹਾ ਹੋਇਆ ਹੈ, ਜਿਸਦੀ ਅਗਾਊ ਸੂਚਨਾ ਅਸੀਂ ਦੇ ਚੁੱਕੇ ਹਾਂ। ਇਹ ਅੰਦੋਲਨ ਗੁਰੂ ਗੋਬਿੰਦ ਸਿੰਘ ਤੇ ਸ਼ਿਵਾਜੀ, ਕਮਾਲ ਪਾਸ਼ਾ ਤੇ ਰਜਾ ਖ਼ਾਂ, ਵਾਸ਼ਿੰਗਟਨ ਤੇ ਗੈਰੀ ਬਾਲਡੀ ਤੇ ਲਾਫਾਯਤੇ ਤੇ ਲੇਨਿਨ ਦੇ ਕਾਰਜ ਤੋਂ ਪਰੇਰਨਾਂ ਗ੍ਰਹਿਣ ਕਰਦਾ ਹੈ।
“ਸਾਨੂੰ ਇੰਜ ਲੱਗਿਆ ਕਿ ਵਿਦੇਸ਼ੀ ਸਰਕਾਰ ਤੇ ਭਾਰਤ ਦੇ ਜਾਣੇ-ਮਾਣੇ ਨੇਤਾਵਾਂ ਨੇ ਇਸ ਅੰਦੋਲਨ ਵਲੋਂ ਅੱਖਾਂ ਮੀਚੀਆਂ ਹੋਈਆਂ ਹਨ ਤੇ ਉਹਨਾਂ ਦੇ ਕੰਨਾਂ ਤਕ ਇਸਦੀ ਆਵਾਜ਼ ਨਹੀਂ ਪਹੁੰਚ ਰਹੀ, ਸੋ ਸਾਨੂੰ ਮਹਿਸੂਸ ਹੋਇਆ ਕਿ ਸਾਡਾ ਕਰਤੱਵ ਬਣਦਾ ਹੈ ਕਿ ਅਸੀਂ ਅਜਿਹੇ ਸਥਾਨ ਉੱਤੇ ਚੇਤਾਵਨੀ ਦੇਈਏ, ਜਿੱਥੇ ਸਾਡੀ ਆਵਾਜ਼ ਅਣ ਸੁਣੀ ਨਾ ਰਹਿ ਜਾਏ।”
ਇਸ ਪਿੱਛੋ ਇਸ ਵਰ੍ਹੇ ਬੰਬ ਧਮਾਕਿਆਂ ਦੀਆਂ ਇਕ ਪਿੱਛੋਂ ਇਕ ਕਈ ਘਟਨਾਵਾਂ ਹੋਈਆਂ ਜਿਹਨਾਂ ਵਿਚ ਵਾਇਸਰਾਏ ਦੀ ਸਪੈਸ਼ਲ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ ਵੀ ਹੈ। ਸੁਖਦੇਵ ਨੇ ਆਪਣੇ ਉਪਰੋਕਤ ਖ਼ਤ ਵਿਚ ਇਹਨਾਂ ਬਾਰੇ ਵੀ ਇਹ ਰਾਏ ਜ਼ਾਹਰ ਕੀਤੀ ਹੈ...:
“ਹੁਣ ਮੈਂ ਉਹਨਾਂ ਐਕਸ਼ਨਾਂ ਬਾਰੇ ਕੁਝ ਕਹਿਣਾ ਚਾਹਾਂਗਾ, ਜਿਹੜੇ ਸਾਡੇ ਪਿੱਛੋਂ ਹੋਏ। ਵਾਇਸਰਾਏ ਦੀ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ ਦੇ ਇਲਾਵਾ ਬੰਬਾਂ ਰਹੀਂ ਕਈ ਐਕਸ਼ਨ ਹੋਏ। ਇਹਨਾਂ ਵਿਚ ਇਕ ਵਿਸ਼ੇਸ਼ ਸਮਾਨਤਾ ਇਹ ਹੈ ਕਿ ਬੰਬ ਰਸਤੇ ਵਿਚ ਰੱਖ ਦਿੱਤੇ ਗਏ—ਇਹ ਐਕਸ਼ਨ ਪੰਜਾਬ ਦੇ ਚਾਰ ਪੰਜ ਸ਼ਹਿਰਾਂ ਵਿਚ ਇਕੋ ਸਮੇਂ ਹੋਇਆ। ਮੇਰੀ ਸਮਝ ਵਿਚ ਨਹੀਂ ਆਉਂਦਾ ਕਿ ਇਹ ਐਕਸ਼ਨ ਕਿਸ ਵਿਚਾਰ ਨਾਲ ਕੀਤੇ ਗਏ! ਜਿੱਥੋਂ ਤਕ ਮੈਂ ਮਹਿਸੂਸ ਕਰਦਾ ਹਾਂ, ਜਨਤਾ ਵਿਚ ਅਜਿਹੇ ਐਕਸ਼ਨਾਂ ਨਾਲ ਕੋਈ ਜਾਗ੍ਰਤੀ ਨਹੀਂ ਆਉਂਦੀ—ਹਾਂ, ਲੋਕ ਭੈਭੀਤ ਜ਼ਰੂਰ ਹੋ ਜਾਂਦੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਹਨਾਂ ਐਕਸ਼ਨਾਂ ਨੇ ਕਿਸ ਉਦੇਸ਼ ਦੀ ਪੂਰਤੀ ਕੀਤੀ ਹੈ? ਇਸ ਸੰਬੰਧ ਵਿਚ ਚਟਗਾਂਵ ਵਾਲੇ ਐਕਸ਼ਨਾਂ ਦੀ ਇੱਥੇ ਪ੍ਰਸ਼ੰਸਾ ਨਹੀ ਕਰਨੀ ਬਣਦੀ।”
ਲਾਹੌਰ ਦੇ ਦਸ਼ਹਿਰਾ ਬੰਬ ਕਾਂਢ ਵਾਂਗ ਹੀ ਸਰਕਾਰੀ ਖੁਫ਼ੀਆ ਵਿਭਾਗ ਇਸ ਤਰ੍ਹਾਂ ਦੇ ਕਾਂਢ ਕਰਵਾ ਰਿਹਾ ਸੀ। ਇਸ ਨਾਲ ਉਸਨੂੰ ਦੋ ਫਾਇਦੇ ਸਨ, ਪਹਿਲਾ ਇਹ ਕਿ ਜਨਤਾ ਵਿਚ ਕਰਾਂਤੀਕਾਰੀਆਂ ਦੇ ਪ੍ਰਤੀ ਨਫ਼ਰਤ ਫ਼ੈਲਦੀ ਸੀ ਤੇ ਦੂਜਾ ਇਹ ਕਿ ਪੁਲਸ ਇਸ ਆਧਾਰ ਉੱਤੇ ਸ਼ੱਕੀ ਕਰਾਂਤੀਕਾਰੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਫ਼ਸਾਅ ਸਕਦੀ ਸੀ। ਵਾਇਸਰਾਏ ਦੀ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ 23 ਦਸੰਬਰ 1924 ਨੂੰ ਹੋਈ ਸੀ। ਲਾਹੌਰ ਕਾਂਗਰਸ ਵਿਚ ਬੰਗਾਲ ਦੇ ਕਾਂਗਰਸੀ ਨੇਤਾ ਸੇਨ ਗੁਪਤ ਨੇ ਇਸ ਪਿੱਛੇ ਖੁਫ਼ੀਆ ਵਿਭਾਗ ਦਾ ਹੱਥ ਦੱਸਿਆ ਸੀ। ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਇਹ ਗੱਲ ਸਹੀ ਸੀ ਕਿਉਂਕਿ ਦਲ ਦੀ ਇਜਾਜ਼ਤ ਦੇ ਬਗ਼ੈਰ ਇਸ ਘਟਨਾ ਦਾ ਸੂਤਰਧਾਰ ਯਸ਼ ਪਾਲ ਸੀ। ਇਸ ਘਟਨਾ ਨੂੰ ਆਧਾਰ ਬਣਾ ਕੇ ਗਾਂਧੀ ਨੇ ਕਰਾਂਤੀਕਾਰੀਆਂ ਦੀ ਨਿੰਦਿਆ ਕਰਦੇ ਹੋਏ, ਬਚ ਜਾਣ ਲਈ ਵਾਇਸਰਾਏ ਨੂੰ ਵਧਾਈ ਭੇਜਣ ਦਾ ਮਤਾ ਰੱਖਿਆ ਤੇ ਆਪਣੇ ਸਪਤਾਹਿਕ ਪਰਚੇ 'ਯੰਗ ਇੰਡੀਆ' ਵਿਚ 'ਕਲਟ ਆਫ ਦੀ ਬੰਬ' (ਬੰਬ ਸੰਸਕਰੀਤੀ) ਲੇਖ ਵੀ ਲਿਖਿਆ। ਕਰਾਂਤੀਕਾਰੀਆਂ ਨੇ ਉਸਦਾ ਉਤਰ 'ਬੰਬ ਦਾ ਦਰਸ਼ਨ' ਪਰਚੇ ਰਹੀਂ ਦਿੱਤਾ। ਇਹ ਇਕ ਬੜਾ ਮਹੱਤਵਪੂਰਨ ਦਸਤਾਵੇਜ ਹੈ, ਜਿਹੜਾ 26 ਜਨਵਰੀ 1930 ਨੂੰ ਗੁਪਤ ਰੂਪ ਵਿਚ ਸਾਰੇ ਦੇਸ਼ ਵਿਚ ਵੰਡਿਆ ਗਿਆ ਸੀ। ਲਿਖਿਆ ਸੀ...:
“ਇਸ ਦੌਰਾਨ ਕਾਂਗਰਸ ਕੀ ਕਰਦੀ ਰਹੀ ਸੀ, ਉਸਨੇ ਆਪਣਾ ਨਿਸ਼ਾਨਾਂ ਸਵਰਾਜ ਤੋਂ ਬਦਲ ਕੇ ਪੂਰਨ ਸੁਤੰਤਰਤਾ ਐਲਾਨ ਦਿੱਤਾ। ਇਸ ਐਲਾਨ ਤੋਂ ਕੋਈ ਵਿਅਕਤੀ ਇਹੀ ਸਿੱਟਾ ਕੱਢੇਗਾ ਕਿ ਕਾਂਗਰਸ ਨੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਯੁੱਧ ਦਾ ਐਲਾਨ ਨਾ ਕਰਦਿਆਂ ਹੋਇਆਂ, ਕਰਾਂਤੀਕਾਰੀਆਂ ਦੇ ਵਿਰੁੱਧ ਹੀ ਐਲਾਨੇ-ਜੰਗ ਕਰ ਦਿੱਤਾ ਹੈ। ਇੰਜ ਇਹ ਮਤਾ ਉਸਦਾ ਪਹਿਲਾ ਵਾਰ ਸੀ ਜਿਸ ਵਿਚ 23 ਦਸੰਬਰ 1929 ਨੂੰ ਵਾਇਸਰਾਏ ਦੀ ਸਪੈਸ਼ਲ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ ਦੀ ਨਿੰਦਿਆ ਕੀਤੀ ਗਈ। ਇਸ ਮਤੇ ਦਾ ਮਸਵਿਦਾ ਗਾਂਧੀ ਜੀ ਨੇ ਤਿਆਰ ਕੀਤਾ ਸੀ ਤੇ ਉਸਨੂੰ ਪਾਸ ਕਰਵਾਉਣ ਲਈ ਗਾਂਧੀ ਜੀ ਨੇ ਆਪਣੀ ਟਿੱਲ ਲਾ ਦਿੱਤੀ ਸੀ। ਸਿੱਟਾ ਇਹ ਹੋਇਆ ਕਿ 1913 ਦੀ ਮੈਂਬਰ ਗਿਣਤੀ ਵਿਚ, ਉਹ ਸਿਰਫ 31 ਵੋਟਾਂ ਨਾਲ ਪਾਸ ਹੋ ਸਕਿਆ...
“ਇਸ ਦੁਖਦਾਈ ਮਤੇ ਦੇ ਵਿਸ਼ੇ ਵਿਚ ਇਕ ਗੱਲ ਬੜੇ ਮਾਰ੍ਹਕੇ ਦੀ ਹੈ, ਜਿਸਨੂੰ ਅਸੀਂ ਅਣਡਿੱਠ ਨਹੀਂ ਕਰ ਸਕਦੇ। ਉਹ ਇਹ ਕਿ ਇਹ ਸਭ ਜਾਣਦੇ ਹਨ ਕਿ ਕਾਂਗਰਸ ਅਹਿੰਸਾ ਦੇ ਸਿਧਾਂਤ ਨੂੰ ਮੰਨਦੀ ਹੈ ਤੇ ਪਿਛਲੇ ਦਸ ਸਾਲ ਤੋਂ ਉਹ ਇਸ ਦੇ ਹੱਕ ਵਿਚ ਪਰਚਾਰ ਕਰਦੀ ਰਹੀ ਹੈ। ਏਨਾ ਸਭ ਹੋਣ 'ਤੇ ਵੀ ਮਤੇ ਦੇ ਸਮਰਥਨ ਭਾਸ਼ਨਾਂ ਵਿਚ ਗਾਲ੍ਹਾਂ ਦੀ ਹੋਂਦ ਨਜ਼ਰ ਆਈ। ਉਹਨਾਂ ਨੇ ਕਰਾਂਤੀਕਾਰੀਆਂ ਨੂੰ ਬੁਜ਼ਦਿਲ ਕਿਹਾ ਤੇ ਉਹਨਾਂ ਦੇ ਕਾਰਜ ਨੂੰ ਘਿਰਣਿਤ। ਉਹਨਾਂ ਵਿਚੋਂ ਇਕ ਬੁਲਾਰੇ ਨੇ ਧਮਕੀ ਦੇਂਦਿਆਂ ਹੋਇਆਂ ਇੱਥੋਂ ਤਕ ਕਹਿ ਦਿੱਤਾ ਕਿ ਜੇ ਉਹ (ਮੈਂਬਰ) ਗਾਂਧੀ ਜੀ ਦਾ ਨੇਤਰੀਤਵ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਹ ਮਤਾ ਸਰਬ-ਸੰਮਤੀ ਨਾਲ ਪਾਸ ਕਰ ਦੇਣਾ ਚਾਹੀਦਾ ਹੈ। ਏਨਾ ਸਭ ਕੀਤਾ ਜਾਣ ਦੇ ਬਾਵਜੂਦ ਇਹ ਮਤਾ ਬਹੁਤ ਥੋੜ੍ਹੀਆਂ ਵੋਟਾਂ ਨਾਲ ਪਾਸ ਹੋ ਸਕਿਆ। ਇਸ ਤੋਂ ਇਹ ਗੱਲ ਬਿਨਾਂ ਸ਼ੰਕਾ ਸਿੱਧ ਹੋ ਜਾਂਦੀ ਹੈ ਕਿ ਦੇਸ਼ ਦੀ ਜਨਤਾ ਚੋਖੀ ਗਿਣਤੀ ਵਿਚ ਕਰਾਂਤੀਕਾਰੀਆਂ ਦਾ ਸਮਰਥਨ ਕਰ ਰਹੀ ਹੈ। ਇਸ ਤਰ੍ਹਾਂ ਇਸ ਲਈ ਗਾਂਧੀ ਜੀ ਸਾਡੀ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਇਸ ਸਵਾਲ ਉੱਤੇ ਵਿਵਾਦ ਖੜ੍ਹਾ ਕੀਤਾ ਤੇ ਇੰਜ ਸੰਸਾਰ ਨੂੰ ਦਿਖਾਅ ਦਿੱਤਾ ਕਿ ਕਾਂਗਰਸ, ਜਿਹੜੀ ਅਹਿੰਸਾ ਦਾ ਗੜ੍ਹ ਮੰਨੀ ਜਾਂਦੀ ਹੈ, ਪੂਰੀ ਤਰ੍ਹਾਂ ਨਹੀਂ ਤਾਂ ਇਕ ਹੱਦ ਤਕ, ਕਾਂਗਰਸ ਨਾਲੋਂ ਵਧ ਕਰਾਂਤੀਕਾਰੀਆਂ ਨਾਲ ਹੈ।”
ਫੇਰ ਆਤੰਕਵਾਦ ਤੇ ਕਰਾਂਤੀ ਦੇ ਪ੍ਰਸਪਰ ਸੰਬੰਧ ਨੂੰ ਇੰਜ ਸਪਸ਼ਟ ਕੀਤਾ ਹੈ...:
“ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਸ ਮਾਨਸਿਕ ਗ਼ੁਲਾਮੀ ਤੇ ਜਿਹੜੇ ਧਾਰਮਕ ਰੂੜੀਵਾਦੀ ਬੰਧਨਾਂ ਨੇ ਜਕੜਿਆ ਹੋਇਆ ਹੈ ਤੇ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਨੌਜਵਾਨ ਸਮਾਜ ਵਿਚ ਜਿਹੜੀ ਬੇਚੈਨੀ ਹੈ—ਉਸੇ ਵਿਚ, ਕਰਾਂਤੀਕਾਰੀ ਪ੍ਰਗਤੀਸ਼ੀਲਤਾ ਦੀਆਂ ਕਰੂੰਭਲਾਂ ਫੁੱਟ ਰਹੀਆਂ ਹਨ। ਜਿਵੇਂ-ਜਿਵੇਂ ਕਿਸੇ ਨੌਜਵਾਨ ਨੂੰ ਮਨੋਵਿਗਿਆਨ ਦੀ ਸੋਝੀ ਹੁੰਦੀ ਜਾਏਗੀ, ਤਿਵੇਂ ਤਿਵੇਂ ਰਾਸ਼ਟਰ ਦੀ ਗ਼ੁਲਾਮੀ ਦਾ ਚਿੱਤਰ ਉਸ ਸਾਹਵੇਂ ਸਪਸ਼ਟ ਹੁੰਦਾ ਜਾਏਗਾ ਤੇ ਉਸਦੀ ਦੇਸ਼ ਨੂੰ ਸੁਤੰਤਰ ਕਰਵਾਉਣ ਦੀ ਇੱਛਾ ਪ੍ਰਬਲ ਹੁੰਦੀ ਜਾਏਗੀ।...ਤੇ ਉਸਦਾ ਇਹ ਸਿਲਸਿਲ ਉਦੋਂ ਤਕ ਚਲਦਾ ਰਹੇਗਾ, ਜਦੋਂ ਤਕ ਨੌਜਵਾਨ ਅਨਿਆਂ, ਕਰੋਧ ਤੇ ਦੁੱਖ ਨਾਲ ਨੋਕ-ਨੱਕ ਭਰ ਕੇ ਅਨਿਆਂ ਕਰਨ ਵਾਲਿਆਂ ਦੀ ਹੱਤਿਆ ਕਰਨੀ ਆਰੰਭ ਨਹੀਂ ਕਰ ਦੇਂਦਾ। ਇੰਜ ਦੇਸ਼ ਵਿਚ ਆਤੰਕਵਾਦ ਦਾ ਜਨਮ ਹੁੰਦਾ ਹੈ। ਆਤੰਕਵਾਦ ਸੰਪੂਰਨ-ਕਰਾਂਤੀ ਨਹੀਂ ਤੇ ਕਰਾਂਤੀ ਵੀ ਆਤੰਕਵਾਦ ਦੇ ਬਿਨਾਂ ਪੂਰਨ ਨਹੀਂ। ਇਹ ਤਾਂ ਕਰਾਂਤੀ ਦਾ ਇਕ ਜ਼ਰੂਰੀ ਤੇ ਅਤਿ ਜ਼ਰੂਰੀ ਅੰਗ ਹੈ। ਇਸ ਸਿਧਾਂਤ ਦਾ ਸੱਚ ਇਤਿਹਾਸ ਦੀ ਕਿਸੇ ਵੀ ਕਰਾਂਤੀ ਦਾ ਵਿਸ਼ਲੇਸ਼ਣ ਕਰਕੇ ਪਰਖਿਆ ਜਾ ਸਕਦਾ ਹੈ। ਕਰਾਂਤੀਕਾਰੀ ਆਤੰਕਵਾਦ ਨਾਲ ਲੋਟੂਆਂ ਦੇ ਮਨ ਵਿਚ ਭੈ ਪੈਦਾ ਕਰਕੇ, ਨੱਪੀ-ਪੀੜੀ ਜਨਤਾ ਵਿਚ ਬਦਲੇ ਦੀ ਭਾਵਨਾ ਜਗਾ ਕੇ, ਉਹਨਾਂ ਵਿਚ ਆਤਮ-ਵਿਸ਼ਵਾਸ ਪੈਦਾ ਕੀਤਾ ਜਾਂਦਾ ਹੈ। ਇਸ ਨਾਲ ਦੁਨੀਆਂ ਸਾਹਮਣੇ ਕਰਾਂਤੀ ਦੇ ਉਦੇਸ਼ ਦਾ ਅਸਲ ਰੂਪ ਸਪਸ਼ਟ ਹੋ ਜਾਂਦਾ ਹੈ, ਕਿਉਂਕਿ ਇਹ ਕਿਸੇ ਰਾਸ਼ਟਰ ਦੀ ਪ੍ਰਬਲ ਇੱਛਾ ਦਾ ਵਿਸ਼ਵਾਸ ਦਿਵਾਉਣ ਵਾਲੇ ਪ੍ਰਮਾਣ ਹਨ। ਜਿਵੇਂ ਦੂਜੇ ਦੇਸ਼ਾਂ ਵਿਚ ਹੁੰਦਾ ਆਇਆ ਹੈ ਓਵੇਂ ਹੀ ਭਾਰਤ ਵਿਚ ਵੀ ਆਤੰਕਵਾਦ ਕਰਾਂਤੀਕਾਰੀ ਰੂਪ ਧਾਰਨ ਕਰ ਲਏਗਾ ਤੇ ਅੰਤ ਵਿਚ ਕਰਾਂਤੀ ਨਾਲ ਹੀ ਦੇਸ਼ ਵਿਚ ਸਾਮਾਜਕ, ਰਾਜਨੀਤਕ ਤੇ ਆਰਥਕ ਸੁਤੰਤਰਤਾ ਬਹਾਲ ਹੋਏਗੀ।”
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਆਤੰਕਵਾਦ ਨੂੰ ਕਰਾਂਤੀ ਵਿਚ ਬਦਲ ਦਿੱਤਾ ਸੀ। ਉਹਨਾਂ ਨੇ ਜਿਹੜੇ ਐਕਸ਼ਨ ਕੀਤੇ ਉਹਨਾਂ ਦੇ ਉਦੇਸ਼ ਜਨਤਾ ਦੇ ਚੇਤਨਾ ਦੇ ਸਤਰ ਨੂੰ ਉੱਚਾ ਚੁੱਕਣਾ ਤੇ ਕਰਾਂਤੀ ਲਈ ਤਿਆਰ ਕਰਨਾ ਸੀ।
ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੂੰ 8 ਅਪ੍ਰੈਲ ਤੋਂ 22 ਅਪ੍ਰੈਲ ਤਕ ਪੁਲਸ ਹਿਰਾਸਤ ਵਿਚ ਰੱਖਿਆ ਗਿਆ। ਉੱਥੇ ਉਹਨਾਂ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਸੀਂ ਜੋ ਕੁਝ ਕਹਿਣਾ ਹੈ, ਅਦਾਲਤ ਵਿਚ ਕਹਾਂਗੇ। ਪੁਲਸ ਨੇ ਉਹਨਾਂ ਨੂੰ ਦਿੱਲੀ ਜੇਲ੍ਹ ਭੇਜ ਦਿੱਤਾ। ਉੱਥੋਂ ਭਗਤ ਸਿੰਘ ਨੇ ਆਪਣੇ ਪਿਤਾ ਦੇ ਨਾਂ ਇਕ ਚਿੱਠੀ ਲਿਖੀ...:

       ਦਿੱਲੀ ਜੇਲ੍ਹ
26-4-1929
ਪੂਜਯ ਪਿਤਾਜੀ,
ਬੰਦੇਮਾਤਰਮ।
ਅਰਜ ਹੈ ਕਿ ਸਾਨੂੰ 22 ਅਪ੍ਰੈਲ ਨੂੰ ਪੁਲਸ ਹਵਾਲਾਤ ਵਿਚੋਂ ਦਿੱਲੀ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਇਸ ਵਕਤ ਦਿੱਲੀ ਜੇਲ੍ਹ ਵਿਚ ਹਾਂ। ਮੁਕੱਦਮਾ 7 ਮਈ ਨੂੰ ਜੇਲ੍ਹ ਵਿਚ ਹੀ ਸ਼ੁਰੂ ਹੋਏਗਾ। ਸ਼ਾਇਦ ਇਕ ਮਹੀਨੇ ਵਿਚ ਸਾਰਾ ਡਰਾਮਾ ਖਤਮ ਹੋ ਜਾਏਗਾ। ਜ਼ਿਆਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ। ਮੈਨੂੰ ਪਤਾ ਲੱਗਿਆ ਹੈ ਕਿ ਤੁਸੀਂ ਇੱਥੇ ਤਸ਼ਰੀਫ਼ ਲਿਆਏ ਸੀ। ਕਿਸੇ ਵਕੀਲ ਨਾਲ ਵੀ ਗੱਲਬਾਤ ਕੀਤੀ ਸੀ ਤੇ ਮੈਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ। ਪਰ ਓਦੋਂ ਸਭ ਇੰਤਜ਼ਾਮ ਨਹੀਂ ਹੋ ਸਕਿਆ। ਕੱਪੜੇ ਪਰਸੋਂ ਮਿਲੇ, ਮੁਲਾਕਾਤ ਜਿਸ ਦਿਨ ਤੁਸੀਂ ਤਾਸ਼ਰੀਫ਼ ਲਿਆਓਂ, ਹੋ ਜਾਏਗੀ। ਵਕੀਲ ਵਗ਼ੈਰਾ ਦੀ ਕੋਈ ਖਾਸ ਜ਼ਰੂਰਤ ਨਹੀਂ ਹੈ। ਦੋ ਤਿੰਨ ਮਾਮਲਿਆਂ 'ਤੇ ਥੋੜ੍ਹਾ ਮਸ਼ਵਰਾ ਲੈਣਾ ਚਾਹੁੰਦਾ ਹਾਂ, ਪਰ ਉਹ ਖਾਸ ਅਹਿਮੀਅਤ ਨਹੀਂ ਰੱਖਦੇ। ਤੁਸੀਂ ਖਾਹਮ-ਖਾਹ ਜ਼ਿਆਦਾ ਤਕਲੀਫ਼ ਨਾ ਕਰਨਾ। ਜੇ ਤੁਸੀਂ ਮਿਲਣ ਆਓ ਤਾਂ ਇਕੱਲੇ ਹੀ ਆਉਣਾ ਵਾਲਦਾ ਸਾਹਿਬਾ (ਮਾਤਾ ਜੀ) ਨੂੰ ਨਾਲ ਨਾ ਲਿਆਉਣਾ। ਖਾਹਮ-ਖਾਹ ਰੋਂਦੇ ਰਹਿਣਗੇ ਤੇ ਮੈਨੂੰ ਵੀ ਤਕਲੀਫ਼ ਜ਼ਰੂਰ ਹੋਏਗੀ। ਘਰ ਦੇ ਸਭ ਹਾਲਾਤ ਤੁਹਾਡੇ ਮਿਲਣ 'ਤੇ ਹੀ ਪਤਾ ਲੱਗ ਸਕਣਗੇ।
ਹਾਂ, ਜੇ ਹੋ ਸਕੇ ਤਾਂ ਤਿਲਕ ਦੀ ਲਿਖੀ 'ਗੀਤਾ ਰਹੱਸ', ਨੇਪੋਲੀਅਨ ਦੀ 'ਮੋਟੀ ਸਵਾਨੇਹ ਉਮਰੀ' (ਜੀਵਨ ਚਰਿੱਤਰ) ਜਿਹੜੀ ਤੁਹਾਨੂੰ ਮੇਰੀਆਂ ਕਿਤਾਬਾਂ ਵਿਚ ਮਿਲ ਜਾਏਗੀ ਤੇ ਅੰਗਰੇਜ਼ੀ ਦੇ ਕੁਝ ਆਲਾ (ਵਧੀਆ) ਨਾਵਲ ਲੈਂਦੇ ਆਉਣਾ। ਦੁਆਰਕਾ ਦਾਸ ਲਾਇਬਰੇਰੀ ਵਾਲਿਆਂ ਤੋਂ ਸ਼ਾਇਦ ਕੁਝ ਨਾਵਲ ਮਿਲ ਸਕਣ। ਖ਼ੈਰ, ਦੇਖ ਲੈਣਾ। ਤੁਸੀਂ ਕਿਸੇ ਕਿਸਮ ਦੀ ਫਿਕਰ ਨਾ ਕਰਨਾ, ਮੈਨੂੰ ਤੁਹਾਡਾ ਪਤਾ, ਪਤਾ ਨਹੀਂ...ਇਸ ਲਈ ਇਸ ਪਤੇ (ਕਾਂਗਰਸ ਦਫ਼ਤਰ) ਉੱਤੇ ਲਿਖ ਰਿਹਾ ਹਾਂ।
             ਤੁਹਡਾ ਵਫ਼ਾਦਾਰ
     ਭਗਤ ਸਿੰਘ”

3 ਮਈ ਨੂੰ ਕਿਸ਼ਨ ਸਿੰਘ ਦਿੱਲੀ ਜੇਲ੍ਹ ਵਿਚ ਭਗਤ ਸਿੰਘ ਨੂੰ ਮਿਲੇ। ਬੈਰਿਸਟਰ ਆਸਿਫ ਅਲੀ ਵੀ ਉਹਨਾਂ ਦੇ ਨਾਲ ਸਨ। ਕਿਸ਼ਨ ਸਿੰਘ ਚਾਹੁੰਦੇ ਸਨ ਕਿ ਮੁਕੱਦਮਾ ਪੂਰੀ ਤਾਕਤ ਨਾਲ ਲੜਿਆ ਜਾਏ, ਪਰ ਭਗਤ ਸਿੰਘ ਬਚਾਅ ਦੇ ਨਜ਼ਰੀਏ ਨਾਲ ਮੁਕੱਦਮਾ ਲੜਨ ਦੇ ਖ਼ਿਲਾਫ਼ ਸਨ। ਉਹਨਾਂ ਲਈ ਇਹ ਸਿਧਾਂਤਾਂ ਦੇ ਪਰਚਾਰ ਦਾ ਮੋਰਚਾ ਸੀ। ਆਸਿਫ ਅਲੀ ਨਾਲ ਕੁਝ ਨੁਕਤਿਆਂ ਉੱਤੇ ਗੱਲ ਕੀਤੀ ਤੇ ਅਦਾਲਤ ਵਿਚ ਰੱਖਣ ਲਈ ਆਪਣਾ ਬਿਆਨ ਲਿਖਣ ਲੱਗੇ।
7 ਮਈ ਨੂੰ ਜੇਲ੍ਹ ਅੰਦਰ ਅੰਗਰੇਜ਼ ਮਜਿਸਟਰੇਟ ਪੁਲ ਦੀ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋਇਆ। ਚੁਣੇ ਹੋਏ ਪ੍ਰਤੀਨਿਧੀਆਂ, ਦੋਸ਼ੀਆਂ ਦੇ ਸੰਬੰਧੀਆਂ ਤੇ ਵਕੀਲਾਂ ਦੇ ਇਲਾਵਾ ਕਿਸੇ ਨੂੰ ਵੀ ਅਦਾਲਤ ਵਿਚ ਆਉਣ ਨਹੀਂ ਦਿੱਤਾ ਗਿਆ। ਸਰਕਾਰ ਨੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਪਰ ਭਗਤ ਸਿੰਘ ਨੇ ਕਿਹਾ, 'ਅਸੀਂ ਆਪਣਾ ਬਿਆਨ ਸੇਸ਼ਨ ਜੱਜ ਦੀ ਅਦਾਲਤ ਵਿਚ ਹੀ ਦਿਆਂਗੇ।' ਇਸ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ 3 ਦੇ ਤਹਿਤ ਮੁਕੱਦਮਾ ਸੇਸ਼ਨ ਜੱਜ ਮਿਲਟਨ ਦੀ ਅਦਾਲਤ ਵਿਚ ਭੇਜ ਦਿੱਤਾ ਗਿਆ। ਦਿੱਲੀ ਜੇਲ੍ਹ ਵਿਚ 4 ਜੂਨ ਨੂੰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ। ਸਰਕਾਰੀ ਗਵਾਹਾਂ ਦੇ ਬਿਆਨ ਪਿੱਛੋਂ ਭਗਤ ਸਿੰਘ ਨੇ ਆਪਣੇ ਤੇ ਬਟੁਕੇਸ਼ਵਰ ਦੱਤ ਵੱਲੋਂ ਜਿਹੜਾ ਇਤਿਹਾਸਕ ਬਿਆਨ ਦਿੱਤਾ ਉਸਦਾ ਕੁਝ ਅੰਸ਼ ਅਸੀਂ ਪਿਛਲੇ ਕਾਂਢ ਵਿਚ ਦੇ ਦਿੱਤਾ ਹੈ। ਉਸ ਵਿਚ ਬੰਬ ਸੁੱਟਣ ਦੇ ਮੰਤਕ ਦੀ ਵਿਆਖਿਆ ਕੀਤੀ ਗਈ ਸੀ। ਇੱਥੇ ਅਸੀਂ ਉਹ ਹਿੱਸਾ ਉਜਾਗਰ ਕਰ ਰਹੇ ਹਾਂ, ਜਿਸ ਵਿਚ ਕਰਾਂਤੀ ਦੀ ਵਿਆਖਿਆ ਕੀਤੀ ਗਈ ਹੈ...:
“ਹੇਠਲੀ ਅਦਾਲਤ ਵਿਚ ਸਾਥੋਂ ਪੁੱਛਿਆ ਗਿਆ ਸੀ ਕਿ ਇਨਕਲਾਬ ਤੋਂ ਸਾਡਾ ਕੀ ਭਾਵ ਹੈ। ਇਸ ਸਵਾਲ ਦੇ ਜਵਾਬ ਵਿਚ ਮੈਂ ਕਹਾਂਗਾ ਕਿ ਕਰਾਂਤੀ ਲਈ ਰੱਤ-ਰੰਗੀ ਲੜਾਈ ਜ਼ਰੂਰੀ ਨਹੀਂ, ਉਸ ਵਿਚ ਵਿਅਕਤੀਗਤ ਰੂਪ ਵਿਚ ਪ੍ਰਤੀਸ਼ੋਧ ਦੀ ਗੁੰਜਾਇਸ਼ ਵਧੇਰੇ ਹੁੰਦੀ ਹੈ। ਕਰਾਂਤੀ ਬੰਬ ਤੇ ਪਸਤੌਲ ਦੀ ਸੰਸਕਰੀਤੀ ਵੀ ਨਹੀਂ। ਕਰਾਂਤੀ ਤੋਂ ਸਾਡਾ ਮੰਸ਼ਾ ਇਹ ਹੈ ਕਿ ਅਨਿਆਂ ਉੱਪਰ ਟਿਕੀ ਵਰਤਮਾਨ ਵਿਵਸਥਾ ਵਿਚ ਪਰੀਵਰਤਨ ਹੋਣਾ ਚਾਹੀਦਾ ਹੈ, ਉਤਪਾਦਕ ਯਾਨੀਕਿ ਮਜ਼ਦੂਰ, ਸਮਾਜ ਦਾ ਅੰਗ ਹਨ, ਪਰ ਸੋਸ਼ਕ ਉਹਨਾਂ ਨੂੰ ਕਿਰਤ ਦੇ ਫਲ ਤੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਕਰ ਦਿੰਦਾ ਹੈ। ਦੂਜੇ ਪਾਸੇ ਸਭ ਲਈ ਅੰਨ ਉਗਾਉਣ ਵਾਲਾ ਕਿਸਾਨ ਆਪਣੇ ਪਰਿਵਾਰ ਸਮੇਤ ਭੁੱਖਾ ਮਰਦਾ ਹੈ। ਬੁਨਕਰ ਤਨ ਤਕ ਨਹੀਂ ਢਕ ਸਕਦਾ। ਰਾਜ, ਲੋਹਾਰ ਤੇ ਤਰਖ਼ਾਨ ਜਿਹੜੇ ਸ਼ਾਨਦਾਰ ਭਵਨਾਂ ਦਾ ਨਿਰਮਾਣ ਕਰਦੇ ਹਨ, ਗੰਦੀਆਂ ਝੌਂਪੜੀਆਂ ਵਿਚ ਰਹਿੰਦੇ ਹਨ ਤੇ ਉੱਥੇ ਹੀ ਦਮ ਤੋੜ ਦੇਂਦੇ ਹਨ। ਦੂਜੇ ਪਾਸੇ ਸਮਾਜ ਦਾ ਖ਼ੂਨ ਚੂਸਣ ਵਾਲੇ ਪੂੰਜੀਪਤੀ ਕਰੋੜਾਂ ਰੁਪਈਏ ਆਪਣੀ ਸਨਕ ਪੂਰੀ ਕਰਨ ਲਈ ਰੋੜ੍ਹ ਦੇਂਦੇ ਹਨ। ਇਸ ਭਿਅੰਕਰ ਨਾ-ਬਰਾਬਰੀ ਤੇ ਜਬਰਦਸਤੀ ਠੋਸੇ ਗਏ ਭੇਦ-ਭਾਵ ਦਾ ਸਿੱਟਾ ਅਫਰਾ-ਤਫਰੀ ਹੋਏਗਾ, ਇਹ ਸਥਿਤੀ ਬਹੁਤੇ ਦਿਨ ਤਕ ਟਿਕੀ ਨਹੀਂ ਰਹਿ ਸਕਦੀ। ਇਹ ਸਪਸ਼ਟ ਹੈ ਕਿ ਮੌਜ਼ੂਦਾ ਸਮਾਜ ਵਿਵਸਥਾ, ਜਿਹੜੀ ਦੂਜਿਆਂ ਦੀ ਮਜ਼ਬੂਰੀ 'ਤੇ ਰੰਗਰਲੀਆਂ ਮਨਾਅ ਰਹੀ ਹੈ, ਇਕ ਜਵਾਲਾਮੁਖੀ ਦੇ ਮੁਹਾਨੇ ਉੱਤੇ ਬੈਠੀ ਹੋਈ ਹੈ।
“ਸਭਿਅਤਾ ਦੇ ਇਸ ਤੰਤਰ ਨੂੰ ਜੇ ਸਮਾਂ ਰਹਿੰਦਿਆਂ ਸੰਭਾਲਿਆ ਨਾ ਗਿਆ ਤਾਂ ਇਹ ਢੈ-ਢੇਰੀ ਹੋ ਜਾਏਗਾ। ਇਸ ਲਈ ਮੂਲੋਂ-ਮੁੱਢੋਂ ਪਰੀਵਰਤਨ ਦੀ ਲੋੜ ਹੈ ਤੇ ਜਿਹੜੇ ਲੋਕ ਇਸ ਲੋੜ ਨੂੰ ਮਹਿਸੂਸ ਕਰਦੇ ਹਨ, ਉਹਨਾਂ ਦਾ ਫਰਜ਼ ਹੈ ਕਿ ਉਹ ਇਸ ਸਮਾਜ ਦਾ ਸਮਾਜਵਾਦੀ ਆਧਾਰ ਉੱਤੇ ਪੁਨਰ-ਗਠਨ ਕਰਨ—ਤੇ ਜਦੋਂ ਤਕ ਇਹ ਨਹੀਂ ਹੋਏਗਾ ਤੇ ਇਕ ਮਨੁੱਖ ਦਾ ਦੂਜੇ ਮਨੁੱਖ ਦੁਆਰਾ ਤੇ ਇਕ ਰਾਸ਼ਟਰ ਦੁਆਰਾ ਦੂਜੇ ਰਾਸ਼ਟਰ ਦਾ ਸੋਸ਼ਣ ਹੁੰਦਾ ਰਹੇਗਾ, ਓਦੋਂ ਤਕ ਉਸ ਵਿਚ ਉਤਪੰਨ ਹੋਣ ਵਾਲੇ ਕਸ਼ਟਾਂ ਤੇ ਅਪਮਾਨ ਤੋਂ ਮਨੁੱਖ ਜਾਤੀ ਨੂੰ ਨਹੀਂ ਬਚਾਇਆ ਜਾ ਸਕਦਾ। ਉਦੋਂ ਤਕ ਯੁੱਧ ਦਾ ਅੰਤ ਕਰਨ ਤੇ ਸੰਸਾਰ ਵਿਚ ਸ਼ਾਂਤੀ ਕਾਇਮ ਕਰਨ ਦੀਆਂ ਸਾਰੀਆਂ ਗੱਲਾਂ ਪਾਖੰਡ ਦੇ ਸਿਵਾਏ ਕੁਝ ਨਹੀਂ ਹਨ। ਕਰਾਂਤੀ ਤੋਂ ਸਾਡਾ ਮੰਸ਼ਾ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਹੈ, ਜਿਸਨੂੰ ਇੰਜ ਢੈ-ਢੇਰੀ ਹੋ ਜਾਣ ਦਾ ਖਤਰਾ ਨਾ ਹੋਏ ਤੇ ਜਿਸ ਵਿਚ ਸਰਵਹਾਰਾ ਦੇ ਪ੍ਰਭੁਤਵ ਨੂੰ ਮਾਨਤਾ ਦਿੱਤੀ ਜਾਏ। ਤਾਂਹੀ ਇਕ ਵਿਸ਼ਵ ਸੰਘ ਰਾਹੀਂ ਮਨੁੱਖਜਾਤੀ ਨੂੰ ਪੂੰਜੀਵਾਦ ਦੇ ਬੰਧਨਾਂ ਤੇ ਸਾਮਰਜਾਵਾਦੀ ਯੁੱਧ ਦੇ ਵਿਨਾਸ਼ ਤੋਂ ਬਚਾਇਆ ਜਾ ਸਕੇਗਾ।
“ਸਾਡਾ ਆਦਰਸ਼ ਇਹੋ ਹੈ, ਤੇ ਇਹਨਾਂ ਵਿਚਾਰਾਂ ਤੋਂ ਪਰੇਰਤ ਹੋ ਕੇ ਅਸੀਂ ਇਕ ਸਾਂਝੀ ਤੇ ਜ਼ੋਰਦਾਰ ਚੇਤਾਵਨੀ ਦਿੱਤੀ ਹੈ। ਜੇ ਸਾਡੀ ਇਸ ਚੇਤਾਵਨੀ ਨੂੰ ਵੀ ਅਣਗੌਲਿਆ ਕੀਤਾ ਜਾਂਦਾ ਹੈ ਤੇ ਵਰਤਮਾਨ ਵਿਵਸਥਾ ਨਵੀਆਂ ਉਦੈ ਹੋ ਰਹੀਆਂ ਸ਼ਕਤੀਆਂ ਦੇ ਰਸਤੇ ਵਿਚ ਅੜਿੱਕੇ ਲਾਉਂਦੀ ਹੈ ਤਾਂ ਇਸ ਦਾ ਅੰਜ਼ਾਮ ਇਕ ਭਿਅੰਕਰ ਸੰਗਰਾਮ ਹੋਏਗਾ, ਜਿਹੜਾ ਸਾਰੀਆਂ ਰੁਕਾਵਟਾਂ ਨੂੰ ਉਖਾੜ ਸੁੱਟੇਗਾ ਤੇ ਸਰਵਹਾਰਾ ਦੇ ਪ੍ਰਭੁਤਵ ਦੀ ਸਥਾਪਨਾਂ ਕਰੇਗਾ ਤੇ ਕਰਾਂਤੀ ਦੇ ਉਦੇਸ਼ ਦੀ ਪੂਰਤੀ ਦਾ ਸਫਰ ਪੂਰਾ ਹੋਏਗਾ। ਕਰਾਂਤੀ ਮਨੁੱਖ ਜਾਤੀ ਦਾ ਜਨਮ ਸਿੱਧ ਅਧਿਕਾਰ ਹੈ। ਮਨੁੱਖ ਤੋਂ ਆਜ਼ਾਦੀ ਦਾ ਅਧਿਕਾਰ ਖੋਹਿਆ ਨਹੀਂ ਜਾ ਸਕਦਾ। ਮਜ਼ਦੂਰ ਹੀ ਸਮਾਜ ਦਾ ਸੱਚਾ ਨਿਰਮਾਤਾ ਹੈ। ਲੋਕ ਸੱਤਾ ਕਾਇਮ ਕਰਨਾ ਮਜ਼ਦੂਰ ਦੀ ਮੰਜ਼ਿਲ ਹੈ। ਅਸੀਂ ਇਹਨਾਂ ਆਦਰਸ਼ਾਂ ਤੇ ਇਹਨਾਂ ਵਿਚਾਰਾਂ ਲਈ ਦਿੱਤੀ ਜਾਣ ਵਾਲੀ ਹਰ ਸਜ਼ਾ ਦਾ ਮੁਸਕੁਰਾਉਂਦੇ ਹੋਏ ਸਵਾਗਤ ਕਰਾਂਗੇ; ਅਸੀਂ ਕਰਾਂਤੀ ਦੀ ਵੇਦੀ ਉੱਤੇ ਆਪਣਾ ਜੀਵਨ ਧੂਫ-ਬੱਤੀ ਵਾਂਗ ਬਾਲਣ ਲਈ ਪ੍ਰਤੀਬੱਧ ਹਾਂ। ਇਸ ਮਹਾਨ ਉਦੇਸ਼ ਦੇ ਲਈ ਕੋਈ ਵੀ ਬਲੀਦਾਨ ਵੱਡਾ ਨਹੀਂ ਮੰਨਿਆਂ ਜਾ ਸਕਦਾ। ਅਸੀਂ ਕਰਾਂਤੀ ਦੀ ਚੜ੍ਹਤ ਦੀ ਸਹਿਜ ਨਾਲ ਉਡੀਕ ਕਰਾਂਗੇ। ਇਨਕਲਾਬ ਜ਼ਿੰਦਾਬਾਦ!”
ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੇ ਇਸ ਬਿਆਨ ਨੇ ਤਹਿਲਕਾ ਮਚਾ ਦਿੱਤਾ। ਦਲ ਨੇ ਅਦਾਲਤ ਨੂੰ ਮੰਚ ਬਣਾਉਣ ਦੇ ਜਿਸ ਉਦੇਸ਼ ਨਾਲ ਬੰਬ ਸੁੱਟੇ ਸਨ, ਉਹ ਉਦੇਸ਼ ਪੂਰਾ ਹੋਇਆ। ਭਾਰਤੀ ਜਨਤਾ ਤੇ ਅਖ਼ਬਾਰਾਂ ਨੇ ਇਸ ਮੁਕੱਦਮੇ ਨੂੰ ਜੋ ਮਹੱਤਵ ਦਿੱਤਾ, ਉਸ ਨਾਲ ਇਹ ਮੁਕੱਦਮਾ ਇਤਿਹਾਸਕ ਬਣ ਗਿਆ। ਬਿਆਨ ਦੇ ਨਾਲ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀਆਂ ਤਸਵੀਰਾਂ ਵੀ ਛਪੀਆਂ। ਉਹਨਾਂ ਦੇ ਚਿਹਰੇ ਉੱਤੇ ਜਿਹੜੀ ਨਿਡਰਤਾ ਤੇ ਦਲੇਰੀ ਦੀ ਰੌਅ ਸੀ ਉਹ ਇਸ ਬਿਆਨ ਦੇ ਸ਼ਬਦਾਂ ਵਿਚ ਝਲਕਦੀ ਸੀ। ਉਹ ਬਿਆਨ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦਾ ਬਿਆਨ ਨਹੀਂ ਸੀ। ਸੰਸਾਰ ਭਰ ਦੇ ਮਿਹਨਤਕਸ਼ ਲੋਕਾਂ ਦੀ, ਆਪਣੇ ਸੋਸ਼ਕਾਂ ਤੇ ਲੋਟੂਆਂ ਨੂੰ ਚੇਤਾਵਨੀ ਸੀ। ਇਸ ਸਮਾਜਵਾਦੀ ਕਰਾਂਤੀ ਦਾ ਪ੍ਰਭਾਵ ਸਾਡੀ ਰਾਜਨੀਤੀ, ਸਾਡੇ ਵਿਚਾਰਾਂ ਤੇ ਸਾਡੇ ਸਾਹਿਤ ਉੱਤੇ 1917 ਤੋਂ ਹੀ ਪੈਣਾ ਸ਼ੁਰੂ ਹੋ ਗਿਆ ਸੀ। ਹਥਿਆਰ-ਬੰਦ ਕਰਾਂਤੀਕਾਰੀ ਅੰਦੋਲਨ ਦੇ ਇਤਿਹਾਸ ਵਿਚ ਇਸ ਪ੍ਰਭਾਵ ਨੂੰ ਸ਼ਚੀਂਦਰ ਨਾਥ ਸਾਨਿਆਲ ਨੇ 'ਹਿੰਦੁਸਤਾਨ ਪਰਜਾਤੰਤਰ ਸੰਘ' ਦੇ ਸੰਵਿਧਾਨ ਵਿਚ ਇੰਜ ਬਿਆਨ ਕੀਤਾ ਹੈ...“ਸਭਨਾਂ ਦੇ ਵੋਟ ਪਾਉਣ ਦੇ ਅਧਿਕਾਰ ਦੀ ਨੀਂਹ ਉੱਤੇ ਇਸ ਪਰਜਾਤੰਤਰ ਦਾ ਗਠਨ ਹੋਏਗਾ ਤੇ ਉਸ ਵਿਚ ਉਹਨਾਂ ਸਾਰੀਆਂ ਵਿਵਸਥਾਵਾਂ ਦਾ ਅੰਤ ਕਰ ਦਿੱਤਾ ਜਾਏਗਾ, ਜਿਹੜੀਆਂ ਇਕ ਮਨੁੱਖ ਦੁਆਰਾ ਹੋਰਨਾਂ ਮਨੁੱਖਾਂ ਦੀ ਲੁੱਟ ਦੇ ਮੌਕੇ ਦੇਂਦੀਆਂ ਹਨ।” ਪਿੱਛੋਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਦਲ ਦੇ ਨਾਂ ਨਾਲ 'ਸਮਾਜਵਾਦੀ' ਸ਼ਬਦ ਜੋੜ ਕੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਸੋਸ਼ਣ ਰਹਿਤ ਨਵੇਂ ਸਮਾਜ ਦਾ ਨਿਰਮਾਣ ਮਾਰਕਸਵਾਦ ਦੇ ਸਿਧਾਂਤਾਂ ਦੇ ਆਧਾਰ ਉੱਤੇ ਤੇ ਸਰਵਹਾਰਾ ਦੇ ਮੋਹਰੀ ਹੋਣ ਉੱਤੇ ਹੀ ਸੰਭਵ ਹੋ ਸਕੇਗਾ। ਇਹ ਸਭ ਲਿਖਣ ਲਈ ਤਾਂ ਲਿਖ ਦਿੱਤਾ ਗਿਆ—ਸਿਰਫ ਲਿਖ ਦੇਣ ਨਾਲ ਤਾਂ ਗੱਲ ਨਹੀਂ ਸੀ ਬਣਨੀ। ਕਾਗਜ਼ ਉੱਤੇ ਲਿਖੇ ਸ਼ਬਦਾਂ ਨੂੰ ਸੰਜੀਵ ਕਰਨਾ, ਉਹਨਾਂ ਵਿਚ ਜਨ-ਮਾਨਸ ਅੰਦਰ ਉੱਤਰ ਜਾਣ ਦਾ ਬਲ ਭਰਨਾਂ ਜ਼ਰੂਰੀ ਸੀ। ਗੱਲ ਕੌਣ ਕਹਿ ਰਿਹਾ ਹੈ ਤੇ ਕਿਸ ਪ੍ਰਸਥਿਤ ਵਿਚ ਕਹਿ ਰਿਹਾ ਹੈ, ਇਸਦਾ ਵੀ ਇਕ ਮਹੱਤਵ ਹੁੰਦਾ ਹੈ। ਗੀਤਾਕਾਰ ਨੇ ਆਤਮਾ ਅਮਰ ਹੈ ਦੇ ਸਿਧਾਂਤ ਦੀ ਵਿਆਖਿਆ ਕ੍ਰਿਸ਼ਨ ਤੋਂ ਉਦੋਂ ਕਰਵਾਈ, ਜਦੋਂ ਪਾਂਡਵ-ਕੌਰਵ ਸੈਨਾਵਾਂ ਆਹਮੋਂ-ਸਾਹਮਣੇ ਖੜ੍ਹੀਆਂ ਸਨ, ਮੌਤ ਸਿਰਾਂ ਉੱਤੇ ਮੰਡਲਾ ਰਹੀ ਸੀ ਤੇ ਅਰਜੁਨ ਆਪਣੇ ਸੰਸਕਾਰਾਂ ਕਾਰਕੇ ਅਸਮੰਜਸ ਵਿਚ ਫਸ ਗਿਆ ਸੀ, ਇਕ ਅਦਭੁਤ ਨਾਟਕੀ ਸਥਿਤੀ ਸੀ। ਅਸੈਂਬਲੀ ਬੰਬ ਕਾਂਢ ਨੇ ਵੀ ਅਜਿਹੀ ਹੀ ਨਾਟਕੀ ਸਥਿਤੀ ਪੈਦਾ ਕਰ ਦਿੱਤੀ ਤੇ ਭਗਤ ਸਿੰਘ ਨੇ ਠੋਕ ਕੇ ਕਿਹਾ ਕਿ 'ਕਰਾਂਤੀ ਤੋਂ ਸਾਡਾ ਮੰਸ਼ਾ ਅਜਿਹੇ ਸਮਾਜ ਦਾ ਨਿਰਮਾਣ ਹੈ, ਜਿਸਨੂੰ ਇੰਜ ਢੈ-ਢੇਰੀ (ਚਕਨਾਚੂਰ) ਹੋਣ ਦਾ ਖਤਰਾ ਨਾ ਹੋਏ ਤੇ ਜਿਸ ਵਿਚ ਸਰਵਹਾਰਾ ਦੇ ਪ੍ਰਭੂਤਵ ਨੂੰ ਮਾਨਤਾ ਦਿੱਤੀ ਜਾਏ। ਤਦੇ ਇਕ ਵਿਸ਼ਵ ਸੰਘ ਦੁਆਰਾ ਮਨੁੱਖ ਜਾਤੀ ਨੂੰ ਪੂੰਜੀਵਾਦ ਦੇ ਬੰਧਨਾਂ ਤੇ ਸਾਮਰਾਜਵਾਦੀ ਯੁੱਧਾਂ ਦੇ ਵਿਨਾਸ਼ ਤੋਂ ਬਚਾਇਆ ਜਾ ਸਕੇਗਾ।' ਦੋਹਾਂ ਬਹਾਦਰ ਵੀਰਾਂ ਨੇ ਆਪਣੀ ਜਾਨ ਹਥੇਲੀ ਉੱਤੇ ਰੱਖੀ ਹੋਈ ਸੀ ਤੇ ਉਹਨਾਂ ਦੇ ਇਹ ਸ਼ਬਦ ਕਿ 'ਕਰਾਂਤੀ ਦੀ ਇਸ ਵੇਦੀ ਉੱਤੇ ਅਸੀਂ ਆਪਣੀ ਜਵਾਨੀ ਧੂਫ-ਬੱਤੀ ਵਾਂਗ ਬਾਲਣ ਲਈ ਪ੍ਰਤੀਬੱਧ ਹਾਂ, ਉਹਨਾਂ ਦੇ ਇਸ ਸੰਕਲਪ ਦਾ ਨਤੀਜਾ ਸੀ ਕਿ ਇਹ ਆਵਾਜ਼, ਆਵਾਜ਼ ਦੀ ਗੂੰਜ ਬਣ ਕੇ ਚਾਰਾਂ ਦਿਸ਼ਾਵਾਂ ਵਿਚ ਫ਼ੈਲ ਗਈ, ਵਾਤਾਵਰਣ ਦਾ ਅਭਿੰਨ ਅੰਗ ਬਣ ਗਈ, ਅੱਜ ਵੀ ਸੁਣਾਈ ਦੇ ਰਹੀ ਹੈ...:

 'ਹਵਾ ਮੇਂ ਰਹੇਂਗੀ ਮੇਰੇ ਖ਼ਿਆਲ ਕੀ ਬਿਜਲੀਆਂ।'

10 ਜੂਨ ਨੂੰ ਮੁਕੱਦਮੇ ਦੀ ਸੁਣਵਾਈ ਸਮਾਪਤ ਹੋਈ ਤੇ 12 ਜੂਨ ਨੂੰ ਸੇਸ਼ਨ ਜੱਜ ਨੇ ਦੋਸ਼ੀਆਂ ਨੂੰ ਉਮਰ-ਕੈਦ ਦੀ ਸਜ਼ਾ ਸੁਣਾ ਦਿੱਤੀ, ਇਸ ਪਿੱਛੋਂ ਭਗਤ ਸਿੰਘ ਨੂੰ ਮੀਆਂ ਵਾਲੀ ਜੇਲ੍ਹ ਵਿਚ ਤੇ ਬਟੁਕੇਸ਼ਵਰ ਦੱਤ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ ਗਿਆ।
ਮੁਕੱਦਮੇ ਵਿਚ ਬਚਾਅ ਦਾ ਯਤਨ ਬਿਲਕੁਲ ਨਹੀਂ ਸੀ ਕੀਤਾ ਗਿਆ। ਫੇਰ ਵੀ ਸੇਸ਼ਨ ਜੱਜ ਦੇ ਫ਼ੈਸਲੇ ਦੀ ਅਪੀਲ ਲਾਹੌਰ ਹਾਈ ਕੋਰਟ ਵਿਚ ਕਰ ਦਿੱਤੀ ਗਈ। ਇਹ ਸਭ ਯੋਜਨਾ-ਬੱਧ ਢੰਗ ਨਾਲ ਕੀਤਾ ਗਿਆ। ਅਪੀਲ ਦਾ ਉਦੇਸ਼ ਸੀ—ਸੇਸ਼ਨ ਜੱਜ ਦੀ ਅਦਾਲਤ ਵਾਂਗਰ ਹੀ ਹਾਈ ਕੋਰਟ ਨੂੰ ਮੰਚ ਬਣਾਉਣਾ ਤੇ ਦਲ ਦੇ ਕਰਾਂਤੀਕਾਰੀ ਵਿਚਾਰਾਂ ਦਾ ਪਰਚਾਰ ਕਰਨਾ। ਜਸਟਿਸ ਫੋਰਡ ਤੇ ਜਸਟਿਸ ਐਡੀਸਨ ਦੇ ਸਾਹਮਣੇ ਅਪੀਲ ਪੇਸ਼ ਹੋਈ। ਦੋਹਾਂ ਮੁਲਜ਼ਿਮਾਂ ਦੇ ਚਿਹਰੇ ਉੱਤੇ ਜਵਾਨੀ ਨੂੰ ਧੂਫ-ਬੱਤੀ ਵਾਂਗ ਆਜ਼ਾਦੀ ਦੀ ਵੇਦੀ ਉੱਤੇ ਬਾਲ ਦੇਣ ਦਾ ਦ੍ਰਿੜ੍ਹ ਸੰਕਲਪ ਸੀ ਤੇ ਬੁੱਲ੍ਹਾਂ ਉੱਤੇ ਮੁਸਕਾਨ ਸੀ। ਬਹਿਸ, ਸਵਾਲ-ਜਵਾਬ ਤੇ ਵਤੀਰੇ ਵਿਚ ਅਦਭੁੱਤ ਗਰਮੀ ਤੇ ਸੰਜੀਦਗੀ ਸੀ। ਦਿੱਲੀ ਦੀ ਅਦਾਲਤ ਵਿਚ ਉਹਨਾਂ ਨੇ ਆਪਣੇ ਉਦੇਸ਼ ਨੂੰ ਕਾਰਜ ਨਾਲੋਂ ਵੱਧ ਮਹੱਤਵ ਦਿੱਤਾ ਸੀ ਪਰ ਸੇਸ਼ਨ ਜੱਜ ਨੇ ਉਦੇਸ਼ ਨੂੰ ਮਹੱਤਵ ਨਾ ਦੇ ਕੇ ਕਾਰਜ ਨੂੰ ਹੀ ਮਹੱਤਵ ਦਿੱਤਾ। ਇਸਦਾ ਸਪਸ਼ਟੀਕਰਣ ਕਰਦਿਆਂ ਹੋਇਆਂ ਹੁਣ ਭਗਤ ਸਿੰਘ ਨੇ ਦੂਜਾ ਬਿਆਨ ਦਿੱਤਾ, ਜਿਸਦੇ ਕੁਝ ਅੰਸ਼ ਇੰਜ ਹਨ...:
“ਅਸੀਂ ਨਾ ਵਕੀਲ ਹਾਂ, ਨਾ ਅੰਗਰੇਜ਼ੀ ਭਾਸ਼ਾ ਦੇ ਮਾਹਰ ਤੇ ਨਾ ਹੀ ਸਾਡੇ ਕੋਲ ਡਿਗਰੀਆਂ ਹਨ, ਇਸ ਲਈ ਸਾਥੋਂ ਸ਼ਾਨਦਾਰ ਭਾਸ਼ਣ ਦੀ ਆਸ ਨਾ ਕੀਤੀ ਜਾਏ। ਸਾਡੀ ਪ੍ਰਾਰਥਨਾ ਹੈ ਕਿ ਸਾਡੀਆਂ ਭਾਸ਼ਾ ਸੰਬੰਧੀ ਤਿਰੁਟੀਆਂ ਉੱਤੇ ਧਿਆਨ ਨਾ ਦੇ ਕੇ ਉਸਦੇ ਅਸਲ ਕਾਰਜ ਨੂੰ ਸਮਝਣ ਦਾ ਯਤਨ ਕੀਤਾ ਜਾਏ। ਦੂਜੀਆਂ ਸਾਰੀਆਂ ਗੱਲਾਂ ਆਪਣੇ ਵਕੀਲਾਂ 'ਤੇ ਛੱਡ ਕੇ ਮੈਂ ਇਕ ਮੁੱਦੇ ਉੱਤੇ ਆਪਣੇ ਵਿਚਾਰ ਪਰਗਟ ਕਰਾਂਗਾ। ਇਸ ਮੁਕੱਦਮੇ ਵਿਚ ਇਹ ਮੁੱਦਾ ਬੜਾ ਮਹੱਤਵਪੂਰਨ ਹੈ। ਮੁੱਦਾ ਇਹ ਹੈ ਕਿ ਸਾਡੀ ਨੀਅਤ ਕੀ ਸੀ ਤੇ ਅਸੀਂ ਕਿਸ ਹੱਦ ਤਕ ਅਪਰਾਧੀ ਹਾਂ?
“ਇਹ ਬੜਾ ਪੇਚੀਦਾ ਮਾਮਲਾ ਹੈ। ਇਸ ਲਈ ਕੋਈ ਵੀ ਵਿਅਕਤੀ ਵਿਚਾਰਾਂ ਦੇ ਵਿਕਾਸ ਦੀ ਉਹ ਉਚਾਈ ਪੇਸ਼ ਨਹੀਂ ਕਰ ਸਕਦਾ, ਜਿਸਦੇ ਪ੍ਰਭਾਵ ਸਦਕਾ ਅਸੀਂ ਇਕ ਖਾਸ ਢੰਗ ਨਾਲ ਸੋਚਣ ਤੇ ਵਿਹਾਰ ਕਰਨ ਲੱਗੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਸਨੂੰ ਧਿਆਨ ਵਿਚ ਰੱਖਦੇ ਹੋਏ ਹੀ ਸਾਡੀ ਨੀਅਤ ਤੇ ਅਪਰਾਧ ਦਾ ਅੰਦਾਜ਼ਾ ਲਾਇਆ ਜਾਏ। ਪ੍ਰਸਿੱਧ ਕਾਨੂੰਨ ਵਿਸ਼ਾਰਦ ਸੰਮੇਲਨ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਉਸਦੇ ਅਪਰਾਧੀ ਆਚਰਨ ਲਈ ਸਜ਼ਾ ਨਹੀਂ ਮਿਲਣੀ ਚਾਹੀਦੀ, ਜਦ ਤਕ ਉਸਦਾ ਉਦੇਸ਼ ਕਾਨੂੰਨ ਵਿਰੋਧੀ ਸਿੱਧ ਨਾ ਹੋ ਜਾਵੇ।
“ਸੇਸ਼ਨ ਜੱਜ ਦੀ ਅਦਾਲਤ ਵਿਚ ਅਸੀਂ ਜਿਹੜਾ ਲਿਖਤੀ ਬਿਆਨ ਦਿੱਤਾ ਸੀ, ਉਹ ਸਾਡੇ ਉਦੇਸ਼ ਦੀ ਵਿਆਖਿਆ ਕਰਦਾ ਹੈ ਤੇ ਇਸ ਰੂਪ ਵਿਚ ਸਾਡੀ ਨੀਅਤ ਦੀ ਵਿਆਖਿਆ ਵੀ ਕਰਦਾ ਹੈ। ਪਰ ਸੇਸ਼ਨ ਜੱਜ ਹੁਰਾਂ ਨੇ ਕਲਮ ਦੇ ਇਕੋ ਠੁੰਗੇ ਨਾਲ ਇਹ ਕਹਿ ਕੇ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਕਰ ਦਿੱਤੀਆਂ ਕਿ 'ਆਮ ਤੌਰ 'ਤੇ ਅਪਰਾਧ ਨੂੰ ਵਿਹਾਰ ਵਿਚ ਲਿਆਉਣ ਵਾਲੀ ਗੱਲ ਕਾਨੂੰਨ ਦੇ ਅਮਲ ਨੂੰ ਪ੍ਰਭਾਵਿਤ ਨਹੀਂ ਕਰਦੀ ਤੇ ਇਸ ਦੇਸ਼ ਵਿਚ ਕਾਨੂੰਨੀ ਵਿਆਖਿਆਵਾਂ ਵਿਚ ਉਦੇਸ਼ ਤੇ ਨੀਅਤੀ ਦੀ ਚਰਚਾ ਕਦੇ ਕਦਾਰ ਹੀ ਹੁੰਦੀ ਹੈ।'
“ਮਾਈ ਲਾਰਡ, ਇਹਨਾਂ ਪ੍ਰਸਥਿਤੀਆਂ ਵਿਚ ਸੁਯੋਗ ਜੱਜ ਨੂੰ ਚਾਹੀਦਾ ਸੀ ਕਿ ਅਪਰਾਧ ਦਾ ਅੰਦਾਜ਼ਾ ਜਾਂ ਤਾਂ ਸਿੱਟੇ ਤੋਂ ਲਾਉਂਦੇ ਜਾਂ ਫੇਰ ਸਾਡੇ ਬਿਆਨ ਦੀ ਮਦਦ ਨਾਲ ਮਨੋਵਿਗਿਆਨਕ ਪੱਖ ਦਾ ਫ਼ੈਸਲਾ ਕਰਦੇ, ਪਰ ਉਹਨਾਂ ਇਹਨਾਂ ਦੋਹਾਂ ਵਿਚੋਂ ਇਕ ਵੀ ਕੰਮ ਨਹੀਂ ਕੀਤਾ ਗਿਆ।”
ਬਿਆਨ ਮਹੱਤਵਪੂਰਨ ਹੈ ਪਰ ਜਿਵੇਂ ਦਾ ਤਿਵੇਂ ਉਜਾਗਰ ਕਰਨ ਦੀ ਗੁੰਜਾਇਸ਼ ਨਹੀਂ, ਭਗਤ ਸਿੰਘ ਨੇ ਆਪਣੇ ਉਦੇਸ਼ ਦੀ ਵਿਆਖਿਆ ਕਰਦਿਆਂ ਹੋਇਆਂ ਕਿਹਾ ਕਿ ਅਸੈਂਬਲੀ ਵਿਚ ਸੁੱਟੇ ਗਏ ਬੰਬਾਂ ਨਾਲ ਕਿਸੇ ਵੀ ਵਿਅਕਤੀ ਨੂੰ ਸਰੀਰਕ ਹਾਨੀ ਨਹੀਂ ਹੋਈ। ਅਸੀਂ ਬੰਬਾਂ ਦੀ ਸ਼ਕਤੀ ਬਾਰੇ ਜਾਣਦੇ ਸੀ ਤੇ ਉਹਨਾਂ ਨਾਲ ਕੋਈ ਵੀ ਨੁਕਸਾਨ ਕੀਤਾ ਜਾ ਸਕਦਾ ਸੀ; ਪਰ ਅਸੀਂ ਬੰਬ ਜਾਣ-ਬੁੱਝ ਕੇ ਖਾਲੀ ਜਗ੍ਹਾ ਸੁੱਟੇ ਸਨ ਕਿਉਂਕਿ ਸਾਡਾ ਉਦੇਸ਼ ਕਿਸੇ ਦੀ ਹੱਤਿਆ ਕਰਨਾ ਜਾਂ ਨੁਕਸਾਨ ਪਹੁੰਚਾਣਾ ਨਹੀਂ, ਸਿਰਫ ਚਿਤਾਵਨੀ ਦੇਣਾ ਸੀ। ਚਿਤਾਵਨੀ ਦੇਣ ਦਾ ਕਾਰਨ ਇਹ ਦੱਸਿਆ...:
“ਸਾਡੇ ਬਿਆਨ ਨੂੰ ਪੂਰਾ ਪੜ੍ਹ ਕੇ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸਾਡੀ ਨਜ਼ਰ ਵਿਚ ਸਾਡਾ ਦੇਸ਼ ਇਕ ਨਜ਼ੁਕ ਪ੍ਰਸਥਿਤੀ ਵਿਚੋਂ ਲੰਘ ਰਿਹਾ ਹੈ। ਇਸ ਹਾਲਤ ਵਿਚ ਕਾਫੀ ਉੱਚੀ ਆਵਾਜ਼ ਵਿਚ ਚਿਤਾਵਨੀ ਦੇਣ ਦੀ ਲੋੜ ਸੀ ਤੇ ਅਸੀਂ ਆਪਣੇ ਵਿਚਾਰ ਅਨੁਸਾਰ ਚਿਤਾਵਨੀ ਦਿੱਤੀ ਹੈ। ਹੋ ਸਕਦਾ ਹੈ ਅਸੀਂ ਗ਼ਲਤੀ ਉੱਪਰ ਹੋਈਏ। ਸਾਡਾ ਸੋਚਣ ਦਾ ਢੰਗ ਜੱਜ ਹੁਰਾਂ ਦੇ ਸੋਚਣ ਦੇ ਢੰਗ ਨਾਲੋਂ ਵੱਖਰਾ ਹੋ ਸਕਦਾ ਹੈ। ਪਰ ਇਸਦਾ ਇਹ ਮਤਲਬ ਨਹੀਂ ਕਿ ਸਾਨੂੰ ਆਪਣੇ ਵਿਚਾਰ ਪਰਗਟ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਏ ਤੇ ਸਾਡੇ ਨਾਲ ਗਲਤ ਗੱਲਾਂ ਜੋੜ ਦਿੱਤੀਆਂ ਜਾਣ।
“'ਇਨਕਲਾਬ ਜ਼ਿੰਦਾਬਾਦ' ਤੇ 'ਸਾਮਰਾਜਵਾਦ ਮੁਰਦਾਬਾਦ' ਦੀ ਜਿਹੜੀ ਵਿਆਖਿਆ ਅਸੀਂ ਆਪਣੇ ਬਿਆਨ ਵਿਚ ਕੀਤੀ ਸੀ, ਉਸਨੂੰ ਉਡਾਅ ਦਿੱਤਾ ਗਿਆ ਹੈ, ਹਾਲਾਂਕਿ ਇਹ ਸਾਡੇ ਉਦੇਸ਼ ਦਾ ਵਿਸ਼ੇਸ਼ ਭਾਗ ਹੈ, ਇਨਕਾਲਬ ਜ਼ਿੰਦਾਬਾਦ ਤੋਂ ਸਾਡਾ ਇਹ ਉਦੇਸ਼ ਨਹੀਂ ਸੀ, ਜਿਹੜਾ ਆਮ ਤੌਰ 'ਤੇ ਗ਼ਲਤ ਅਰਥ ਵਿਚ ਸਮਝਿਆ ਜਾਂਦਾ ਹੈ, ਪਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ ਸਗੋਂ ਇਨਕਲਾਬ ਦੀ ਤਲਵਾਰ, ਵਿਚਾਰਾਂ ਦੀ ਸਾਨ ਉੱਪਰ ਤਿੱਖੀ ਹੁੰਦੀ ਹੈ ਤੇ ਇਹੀ ਗੱਲ ਸੀ, ਜਿਹੜੀ ਅਸੀਂ ਦੱਸਣੀ ਚਾਹੁੰਦੇ ਸੀ। ਸਾਡੇ ਇਨਕਲਾਬ ਦਾ ਅਰਥ ਪੂੰਜੀਵਾਦ ਤੇ ਪੂੰਜੀਵਾਦੀ ਮੁੱਦਿਆਂ ਦੀਆਂ ਮੁਸੀਬਤਾਂ ਦਾ ਅੰਤ ਕਰਨਾ ਹੈ। ਮੁੱਖ ਉਦੇਸ਼ ਤੇ ਉਸਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਮਝੇ ਬਿਨਾਂ ਕਿਸੇ ਦੇ ਸੰਬੰਧ ਵਿਚ ਫ਼ੈਸਲਾ ਦੇਣਾ ਠੀਕ ਨਹੀਂ। ਗ਼ਲਤ ਗੱਲਾਂ ਸਾਡੇ ਨਾਲ ਜੋੜਨਾ ਸਰਾਸਰ ਅਨਿਆਂ ਹੈ।”
ਸੱਤਾ ਦੇ ਨਸ਼ੇ ਵਿਚ ਅੰਨ੍ਹੇ ਹੋਏ ਨਿਆਂਕਾਰੀਆਂ ਨੇ ਭਗਤ ਸਿੰਘ ਦੀ ਗੱਲ ਸੁਣੀ-ਅਣਸੁਣੀ ਕਰਕੇ 13 ਜਨਵਰੀ 1930 ਨੂੰ ਫ਼ੈਸਲਾ ਸੁਣਾਇਆ ਤੇ ਹੇਠਲੀ ਕੋਰਟ ਦੇ ਫ਼ੈਸਲੇ ਨੂੰ ਬਹਾਲ ਰੱਖਦਿਆਂ ਹੋਇਆਂ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ।


ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਜਦੋਂ ਦਿੱਲੀ ਦੀ ਜੇਲ੍ਹ (ਹਵਾਲਾਤ) ਵਿਚ ਸਨ ਤਾਂ ਉਹਨਾਂ ਨੂੰ ਅੰਗਰੇਜ਼ ਅਪਰਾਧੀਆਂ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ, ਪਰ ਮੁਕੱਦਮੇ ਦਾ ਫ਼ੈਸਲਾ ਹੋ ਜਾਣ ਪਿੱਛੋਂ ਉਹ ਸਹੂਲਤਾਂ ਸਮਾਪਤ ਕਰ ਦਿੱਤੀਆਂ ਗਈਆਂ। ਦਿੱਲੀ ਤੋਂ ਉਹਨਾਂ ਦੋਹਾਂ ਨੂੰ ਇਕੋ ਟਰੇਨ ਦੇ ਵੱਖ-ਵੱਖ ਡੱਬਿਆਂ ਵਿਚ ਲਿਆਂਦਾ ਗਿਆ। ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਵਿਚ ਤੇ ਬਟੁਕੇਸ਼ਵਰ ਦੱਤ ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਰੱਖਣਾ ਸੀ। ਅੰਗਰੇਜ਼ ਪੁਲਸ ਸਾਰਜੈਂਟ, ਜਿਹੜਾ ਉਹਨਾਂ ਨੂੰ ਲੈ ਜਾ ਰਿਹਾ ਸੀ, ਉਹ ਉਹਨਾਂ ਉੱਤੇ ਬੜਾ ਖੁਸ਼ ਸੀ। ਲਾਹੌਰ ਪਹੁੰਚਣ ਤੋਂ ਕੁਝ ਸਟੇਸ਼ਨ ਪਹਿਲਾਂ ਹੀ ਉਹ ਭਗਤ ਸਿੰਘ ਨੂੰ ਬਟੁਕੇਸ਼ਵਰ ਦੱਤ ਵਾਲੇ ਡੱਬੇ ਵਿਚ ਲੈ ਆਇਆ। ਉਹ ਦੋਹੇਂ ਮਿਲੇ ਤੇ ਇਹ ਫ਼ੈਸਲਾ ਹੋਇਆ ਕਿ ਉਹਨਾਂ ਨੇ ਜੇਲ੍ਹ ਪਹੁੰਚਦਿਆਂ ਹੀ ਭੁੱਖ-ਹੜਤਾਲ ਸ਼ੁਰੂ ਕਰ ਦੇਣੀ ਹੈ। ਇੰਜ ਭੁੱਖ-ਹੜਤਾਲ 14 ਜਨਵਰੀ 1929 ਨੂੰ ਸ਼ੁਰੂ ਹੋਈ ਤੇ ਅਕਤੂਬਰ 1929 ਦੇ ਪਹਿਲੇ ਹਫ਼ਤੇ ਤਕ ਚੱਲੀ।
ਉਦੋਂ ਤਕ ਭਾਰਤੀ ਰਾਜ ਕੈਦੀਆਂ ਨਾਲ ਅਮਾਨਵੀ ਵਿਹਾਰ ਹੁੰਦਾ ਸੀ। ਅੰਗਰੇਜ਼ ਅਪਰਾਧੀਆਂ ਤੇ ਕੁਝ ਕਾਂਗਰਸੀ ਨੇਤਾਵਾਂ ਨੂੰ ਛੱਡ ਕੇ ਬਾਕੀ ਸਾਰੇ ਰਾਜ ਕੈਦੀਆਂ ਨੂੰ ਸਾਧਾਰਨ ਕੈਦੀਆਂ ਵਾਂਗ ਰੱਖਿਆ ਜਾਂਦਾ ਸੀ। ਉਹਨਾਂ ਦੇ ਖਾਣ-ਪੀਣ, ਨਹਾਉਣ-ਧੋਣ ਤੇ ਪੜ੍ਹਨ ਲਿਖਣ ਵਾਲੀ ਗੱਲ ਤਾਂ ਦੂਰ ਰਹੀ, ਉਹਨਾਂ ਤੋਂ ਸਖ਼ਤ ਮੁੱਸ਼ਕਤ ਕਰਵਾਈ ਜਾਂਦੀ ਸੀ ਤੇ ਜੇਲ੍ਹ ਅਧਿਕਾਰੀਆਂ ਦਾ ਸਲੂਕ ਵਿਤਕਰੇ ਭਰਿਆ ਤੇ ਅਪਮਾਨ-ਜਨਕ ਹੁੰਦਾ ਸੀ। ਇਸ ਕਰਕੇ ਕਰਾਂਤੀਕਾਰੀ ਦੁਖੀ ਰਹਿੰਦੇ ਸਨ। ਕਾਕੋਰੀ ਕਾਂਢ ਦੇ ਕੈਦੀਆਂ ਨੇ ਵੀ ਭੁੱਖ-ਹੜਤਾਲ ਕੀਤੀ ਸੀ ਤੇ ਉਹਨਾਂ ਨੂੰ ਵੀ ਹਵਾਲਾਤ ਵਿਚ, ਸਵਾਸਥ ਦੇ ਆਧਾਰ ਉੱਤੇ, ਗੋਰੇ ਅਪਰਾਧੀਆਂ ਵਰਗੀਆਂ ਸਹੂਲਤਾਂ ਮਿਲ ਗਈਆਂ ਸਨ। ਪਰ ਸਜ਼ਾ ਹੋ ਜਾਣ ਪਿੱਛੋਂ ਜਦੋਂ ਉਹਨਾਂ ਨੂੰ ਅਲਗ-ਅਲਗ ਜੇਲ੍ਹਾਂ ਵਿਚ ਭੇਜਿਆ ਗਿਆ ਤਾਂ ਉਹ ਸਹੂਲਤਾਂ ਖੋਹ ਲਈਆਂ ਗਈਆਂ। ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਤਾਂ ਜਾਨ ਹਥੇਲੀ ਉੱਤੇ ਰੱਖ ਕੇ ਸੰਘਰਸ਼ ਵਿਚ ਉਤਰੇ ਸਨ, ਉਹ ਹੇਠਲੇ ਸਤਰ ਦੇ ਘਿਣੌਨੇ ਤੇ ਅਪਮਾਨ-ਜਨਕ ਵਿਹਾਰ ਨੂੰ ਕਿੰਜ ਸਹਿਣ ਕਰ ਲੈਂਦੇ। ਉਹਨਾਂ ਸਰਕਾਰੀ ਤੰਤਰ ਨੂੰ ਚਣੌਤੀ ਦਿੱਤੀ ਤੇ ਵੱਖ-ਵੱਖ ਜੇਲ੍ਹਾਂ ਵਿਚ ਰਹਿੰਦੇ ਹੋਏ ਵੀ, ਜੋ ਨਿਸ਼ਚਾ ਕਰ ਲਿਆ ਸੀ ਉੱਤੇ ਅੜਿੰਗ ਰਹੇ।
ਵੀਰੇਂਦਰ ਸੰਧੂ ਨੇ ਲਿਖਿਆ ਹੈ ਕਿ 4 ਸਤੰਬਰ ਨੂੰ (ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ) ਜਦੋਂ ਸ਼੍ਰੀ ਬਟੁਕੇਸ਼ਵਰ ਦੱਤ ਪਹਿਲੀ ਵਾਰੀ ਸਾਡੇ ਘਰ ਆਏ ਤਾਂ ਮੈਂ ਉਹਨਾਂ ਨੂੰ ਪੁੱਛਿਆ...“ਅਲਗ-ਅਲਗ ਜੇਲ੍ਹਾਂ ਵਿਚ ਰਹਿੰਦਿਆਂ ਹੋਇਆਂ ਵੀ ਤੁਹਾਡੇ ਮਨ ਵਿਚ ਇਹ ਸ਼ੰਕਾ ਨਹੀਂ ਆਈ ਕਿ ਸ਼ਾਇਦ ਤੁਹਾਡੇ ਸਾਥੀ ਨੇ ਭੁੱਖ-ਹੜਤਾਲ ਛੱਡ ਦਿੱਤੀ ਹੋਏਗੀ ਜਾਂ ਜੇਲ੍ਹ ਵਿਚ ਪਹੁੰਚ ਕੇ ਸ਼ੁਰੂ ਹੀ ਨਾ ਕੀਤੀ ਹੋਏ?” ਉਹਨਾਂ ਦਾ ਉਤਰ ਸੀ...“ਸਾਨੂੰ ਇਕ ਦੂਜੇ ਉੱਪਰ ਅਟੁੱਟ ਵਿਸ਼ਵਾਸ ਸੀ, ਅਵਿਸ਼ਵਾਸ ਦੀ ਭਾਵਨਾ ਕਦੀ ਮਨ ਵਿਚ ਆਈ ਹੀ ਨਹੀਂ। ਜਦੋ ਮੇਰੇ ਸਾਹਮਣੇ ਭੋਜਣ ਰੱਖਿਆ ਜਾਂਦਾ ਤਾਂ ਮੈਨੂੰ ਖ਼ਿਆਲ ਆਉਂਦਾ ਕਿ ਭਗਤ ਸਿੰਘ ਭੁੱਖਾ ਹੈ ਤੇ ਮੈਂ ਭੋਜਨ ਵੱਲ ਅੱਖ ਚੁੱਕ ਕੇ ਵੀ ਨਹੀਂ ਸੀ ਦੇਖਦਾ। ਬਸ ਇਹੋ ਹਾਲ ਉਹਨਾਂ ਦਾ ਵੀ ਸੀ।”
ਭੁੱਖ ਹੜਤਾਲ ਦੇ ਇਕ ਮਹੀਨੇ ਬਾਅਦ ਭਗਤ ਸਿੰਘ ਨੇ ਭਾਰਤ ਸਰਕਾਰ ਦੇ ਹੋਮ-ਮੈਂਬਰ ਨੂੰ ਇਕ ਪੱਤਰ ਲਿਖਿਆ ਉਸ ਵਿਚ ਹੇਠ ਲਿਖੀਆਂ ਗੱਲਾਂ ਸਨ...:
'1. ਰਾਜਨੀਤਕ ਕੈਦੀ ਹੋਣ ਦੇ ਨਾਤੇ ਸਾਨੂੰ ਚੰਗਾ ਖਾਣਾ ਦੇਣਾ ਚਾਹੀਦਾ ਹੈ; ਇਸ ਲਈ ਸਾਡੇ ਭੋਜਨ ਦਾ ਸਤਰ ਯੂਰੋਪੀਅਨ ਕੈਦੀਆਂ ਵਰਗਾ ਹੋਣਾ ਚਾਹੀਦਾ ਹੈ। ਅਸੀਂ ਉਸ ਕਿਸਮ ਦੀ ਖੁਰਾਕ ਦੀ ਮੰਗ ਨਹੀਂ ਕਰ ਰਹੇ, ਬਲਕਿ ਖੁਰਾਕ ਦਾ ਸਤਰ ਓਹੋ ਜਿਹਾ ਹੋਣਾ ਚਾਹੀਦਾ ਹੈ।
2. ਸਾਨੂੰ ਮੁੱਸ਼ਕਤ ਦੇ ਨਾਂ ਉੱਤੇ ਜੇਲ੍ਹਾਂ ਵਿਚ ਸਨਮਾਣਹੀਣ ਕੰਮ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ। 
3. ਬਿਨਾਂ ਕਿਸੇ ਰੋਕ-ਟੋਕ ਦੇ ਪਹਿਲਾਂ ਸਵੀਕਾਰੀਆਂ ਪੁਸਤਕਾਂ ਤੇ ਲਿਖਣ ਦਾ ਸਾਮਾਨ ਮਿਲਣ ਦੀ ਸਹੂਲਤ ਹੋਣੀ ਚਾਹੀਦੀ ਹੈ।
4. ਘੱਟੋਘੱਟ ਇਕ ਰੋਜ਼ਾਨਾ ਅਖ਼ਬਾਰ ਹਰੇਕ ਰਾਜਨੀਤਕ ਕੈਦੀ ਨੂੰ ਮਿਲਣਾ ਚਾਹੀਦਾ ਹੈ।
5. ਹਰੇਕ ਜੇਲ੍ਹ ਵਿਚ ਰਾਜਨੀਤਕ ਕੈਦੀਆਂ ਦਾ ਇਕ ਵਿਸ਼ੇਸ਼ ਵਾਰਡ ਹੋਣਾ ਚਾਹੀਦਾ ਹੈ, ਜਿਸ ਵਿਚ ਉਹਨਾਂ ਦੀਆਂ ਸਾਰੀਆਂ ਸਹੂਲਤਾਂ ਦੀ ਪੂਰਤੀ ਦਾ ਪ੍ਰਬੰਧ ਹੋਣਾ ਚਾਹੀਦੀ ਹੈ, ਜਿਹੜੀਆਂ ਯੂਰਪੀਨਾਂ ਲਈ ਹੁੰਦੀਆਂ ਹਨ। ਤੇ ਜੇਲ੍ਹ ਵਿਚ ਰਹਿਣ ਵਾਲੇ ਸਾਰੇ ਰਾਜਨੀਤਕ ਕੈਦੀ ਉਸ ਵਾਰਡ ਵਿਚ ਇਕੱਠੇ ਰਹਿਣੇ ਚਾਹੀਦੇ ਹਨ।
6. ਇਸ਼ਨਾਨ ਕਰਨ ਲਈ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
7. ਚੰਗੇ ਕੱਪੜੇ ਮਿਲਣੇ ਚਾਹੀਦੇ ਹਨ।
8. ਯੂ.ਪੀ. ਜੇਲ੍ਹ ਸੁਧਾਰ ਕਮੇਟੀ ਵਿਚ ਸ਼੍ਰੀ ਜਗਤ ਨਾਰਾਇਣ ਤੇ ਖਾਨ ਬਹਾਦੁਰ ਹਾਫਿਜ ਹਿਦਾਇਤ ਹੁਸੈਨ ਦੀ ਇਸ ਸਿਫਾਰਿਸ਼ ਨੂੰ ਕਿ ਰਾਜਨੀਤਕ ਕੈਦੀਆਂ ਨਾਲ ਚੰਗੀ ਕਲਾਸ ਦੇ ਕੈਦੀਆਂ ਵਾਲਾ ਵਿਹਾਰ ਹੋਣਾ ਚਾਹੀਦਾ ਹੈ, ਸਾਡੇ ਉੱਪਰ ਲਾਗੂ ਕੀਤਾ ਜਾਏ।'
ਇਹ ਭੁੱਖ-ਹੜਤਾਲ ਸਿਰਫ ਆਪਣੇ ਲਈ ਨਹੀਂ ਸਾਰੇ ਰਾਜਨੀਤਕ ਕੈਦੀਆਂ ਨਾਲ ਚੰਗੇ ਵਿਹਾਰ ਲਈ ਕੀਤੀ ਗਈ ਸੀ। ਇਸ ਭੁੱਖ-ਹੜਤਾਲ ਦਾ ਅਖ਼ਬਾਰਾਂ ਵਿਚ ਖ਼ੂਬ ਪਰਚਾਰ ਹੋਇਆ। 30 ਜੂਨ ਨੂੰ ਭਾਰਤੀ ਪੱਧਰ 'ਤੇ ਭਗਤ ਸਿੰਘ ਦਿਵਸ ਮਨਾਇਆ ਗਿਆ। ਜਲੂਸ ਨਿਕਲੇ, ਜਲਸੇ ਹੋਏ ਤੇ ਬਹੁਤ ਸਾਰੇ ਲੋਕਾਂ ਨੇ, ਵਿਸ਼ੇਸ਼ ਕਰਕੇ ਬੰਗਾਲ ਵਿਚ, ਉਸ ਦਿਨ ਉਹਨਾਂ ਦੀ ਹਮਦਰਦੀ ਵਿਚ ਵਰਤ ਰੱਖਿਆ, ਪਰ ਆਪਣੇ ਆਪ ਨੂੰ ਸਭਿਅਕ ਅਖਵਾਉਣ ਵਾਲੀ ਸਰਕਾਰ ਟਸ ਤੋਂ ਮਸ ਨਾ ਹੋਈ।
ਇਸ ਦੌਰਾਨ ਕਰਾਂਤੀਕਾਰੀ ਇਕ ਦੇ ਪਿੱਛੋਂ ਇਕ ਗਿਰਫਤਾਰ ਹੁੰਦੇ ਰਹੇ। ਲਾਹੌਰ ਵਿਚ ਸਾਂਡਰਸ ਹੱਤਿਆ ਕਾਂਢ ਦੇ ਸੰਬੰਧ ਵਿਚ ਸਾਜਿਸ਼ ਦਾ ਮੁਕੱਦਮਾ ਚਲਾਉਣ ਦਾ ਫ਼ੈਸਲਾ ਹੋ ਚੁੱਕਿਆ ਸੀ। ਭਗਤ ਸਿੰਘ ਮੁੱਖ ਦੋਸ਼ੀ ਸਨ। ਉਹਨਾਂ ਨੂੰ ਮੀਆਂਵਾਲੀ ਜੇਲ੍ਹ ਵਿਚੋਂ ਲਾਹੌਰ ਲਿਆਂਦਾ ਗਿਆ। 10 ਜੁਲਾਈ 1929 ਇਹ ਮੁਕੱਦਮਾ ਮਜਿਸਟਰੇਟ ਸ਼੍ਰੀ ਕ੍ਰਿਸ਼ਨ ਦੀ ਅਦਾਲਤ ਵਿਚ ਸ਼ੁਰੂ ਹੋਇਆ। ਭਗਤ ਸਿੰਘ ਬੜੇ ਕਮਜ਼ੋਰ ਹੋਏ ਹੋਏ ਸਨ। ਉਹਨਾਂ ਨੂੰ ਸਟਰੇਚਰ ਉੱਪਰ ਜੇਲ੍ਹ ਲਿਆਂਦਾ ਗਿਆ। ਬੋਸਰਟਲ ਜੇਲ੍ਹ ਦੇ ਕਰਾਂਤੀਕਾਰੀ ਸਾਥੀਆਂ ਨੇ ਵੀ ਭੁੱਖ-ਹੜਤਾਲ ਕਰ ਦੇਣ ਦਾ ਐਲਾਨ ਮਜਿਸਟਰੇਟ ਦੀ ਅਦਾਲਤ ਵਿਚ ਹੀ ਕਰ ਦਿੱਤਾ। ਯਤੀਂਦਰ ਨਾਥ ਦਾਸ ਬਹੁਤ ਸੋਚ-ਵਿਚਾਰ ਕੇ ਭੁੱਖ-ਹੜਤਾਲ ਵਿਚ ਚਾਰ ਦਿਨ ਬਾਅਦ ਸ਼ਾਮਲ ਹੋਏ। ਭਗਤ ਸਿੰਘ ਨੇ ਭੁੱਖ-ਹੜਤਾਲ ਨੂੰ ਸੰਘਰਸ਼ ਤੇ ਪਰਚਾਰ ਦਾ ਮਾਧਿਅਮ ਬਣਾਇਆ ਸੀ, ਪਰ ਯਤੀਂਦਰ ਨਾਥ ਦਾਸ ਨੇ ਪ੍ਰਾਣਾ ਦੀ ਬਾਜ਼ੀ ਲਾਉਣ ਦਾ ਫ਼ੈਸਲਾ ਕਰ ਲਿਆ...ਇਸ ਲਈ ਉਹਨਾਂ ਮਰਨ-ਵਰਤ ਸ਼ੁਰੂ ਕਰ ਦਿੱਤਾ।
ਸਰਕਾਰ ਨੇ ਭੁੱਖ-ਹੜਤਾਲ ਨੂੰ ਆਪਣੀ ਨੱਕ ਦਾ ਸਵਾਲ ਬਣਾ ਲਿਆ। ਮੰਗਾਂ ਸਵੀਕਾਰ ਕਰਨ ਦੀ ਬਜਾਏ ਕਰਾਂਤੀਕਾਰੀਆਂ ਨੂੰ ਉਹਨਾਂ ਦੇ ਨਿਹਚੇ ਤੋਂ ਡੇਗਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਏ। ਉਦਾਹਰਨ ਲਈ ਜਦੋਂ ਭੁੱਖ-ਹੜਤਾਲੀਆਂ ਨੂੰ ਆਪਣੀ ਕੋਠੜੀ ਵਿਚ ਬੰਦ ਕੀਤਾ ਜਾਂਦਾ ਸੀ ਤਾਂ ਉੱਥੇ ਮਨ ਲਲਚਾਉਣ ਵਾਲਾ ਭੋਜਨ ਤੇ ਫਲ ਆਦੀ ਰੱਖ ਦਿੱਤੇ ਜਾਂਦੇ ਸਨ। ਜੇਲ੍ਹ ਕਰਮਚਾਰੀ ਇਧਰ-ਉਧਰ ਟਲ ਜਾਂਦੇ ਸਨ ਤੇ ਕਿਸੇ ਸਾਧਾਰਨ ਕੈਦੀ ਨੂੰ ਉੱਥੇ ਬਿਠਾਅ ਦਿੱਤਾ ਜਾਂਦਾ ਸੀ। ਮੁੱਦਾ ਇਹ ਸੀ ਕਿ ਜੇ ਭੁੱਖ-ਹੜਤਾਲੀ ਇਹਨਾਂ ਚੀਜ਼ਾਂ ਨੂੰ ਖਾਣ ਤੇ ਆਪਣੇ ਨਿਹਚੇ ਤੋਂ ਡਿੱਗਣ ਤਾਂ ਇਸਨੂੰ ਕਰਾਂਤੀਕਾਰੀਆਂ ਦੀ ਕਮਜ਼ੋਰੀ ਦੱਸ ਕੇ ਉਹਨਾਂ ਦੇ ਵਿਰੁੱਧ ਪਰਚਾਰ ਕੀਤਾ ਜਾਏ। ਪਰ ਇਹਨਾਂ ਦ੍ਰਿੜ੍ਹ ਸੰਕਲਪੀ ਬਹਾਦੁਰਾਂ ਦੇ ਲਲਚਾਉਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਭੁੱਖ-ਹੜਤਾਲੀ ਜਾਂ ਤਾਂ ਇਹਨਾਂ ਚੀਜ਼ਾਂ ਨੂੰ ਚੁੱਕ ਕੇ ਤੁਰੰਤ ਬਾਹਰ ਸੁੱਟ ਦੇਂਦੇ ਸਨ ਜਾਂ ਫੇਰ ਜਿੱਥੇ ਉਹ ਰੱਖੀਆਂ ਜਾਂਦੀਆਂ ਸਨ, ਉੱਥੇ ਹੀ, ਓਵੇਂ ਦੀ ਜਿਵੇਂ, ਪਈਆਂ ਰਹਿੰਦੀਆਂ ਸਨ। ਉਹਨਾਂ ਨੂੰ ਲਲਚਾਉਣ ਜਾਂ ਡੋਲਾਉਣ ਦਾ ਇਹ ਉਪਾਅ ਅਸਫਲ ਰਿਹਾ।
ਭੁੱਖ-ਹੜਤਾੜ ਵਿਚ ਭੋਜਨ ਦਾ ਤਿਆਗ ਕੀਤਾ ਜਾਂਦਾ ਹੈ, ਪਰ ਪਾਣੀ ਪੀ ਲਿਆ ਜਾਂਦਾ ਹੈ ਤੇ ਪਾਣੀ ਪੀਣਾ ਜ਼ਰੂਰੀ ਵੀ ਹੈ। ਪਰ ਭੁੱਖ-ਹੜਤਾਲੀਆਂ ਦੀਆਂ ਕੋਠੜੀਆਂ ਵਿਚ ਜਿਹੜੇ ਮਟਕੇ ਰੱਖੇ ਜਾਂਦੇ ਸਨ, ਜੇਲ੍ਹ ਅਧਿਕਾਰੀ ਉਹਨਾਂ ਵਿਚ ਪਾਣੀ ਦੀ ਬਜਾਏ ਦੁੱਧ ਭਰਵਾ ਦੇਂਦੇ ਸਨ ਤਾਂਕਿ ਜਦੋਂ ਪਿਆਸ ਲੱਗੇ, ਉਹ ਇਸਨੂੰ ਪੀਣ ਲਈ ਮਜ਼ਬੂਰ ਹੋ ਜਾਣ। ਪਰ ਜੇਲ੍ਹ ਅਧਿਕਾਰੀਆਂ ਦੀ ਇਹ ਚਾਲ ਵੀ ਨਿਸਫਲ ਹੋਈ। ਭੁੱਖ-ਹੜਤਾਲੀ ਦੁੱਧ ਦੇ ਭਰੇ ਮਟਕੇ ਤੋੜ ਦੇਂਦੇ ਸਨ।
ਭਗਤ ਸਿੰਘ ਨੇ ਜਦੋਂ ਹੜਤਾਲ ਸ਼ੁਰੂ ਕੀਤੀ ਸੀ ਉਹਨਾਂ ਦਾ ਵਜਨ 133 ਪੌਂਡ ਸੀ, ਜਿਹੜਾ 30 ਜੁਲਾਈ ਤਕ 5 ਪੌਂਡ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਘਟਦਾ ਰਿਹਾ ਤੇ ਉਹ ਖਾਸੇ ਕਮਜ਼ੋਰ ਹੋ ਗਏ। ਸਿਰਫ ਉਹ ਹੀ ਨਹੀਂ ਸਾਰੇ ਭੁੱਖ-ਹੜਤਾਲੀ ਹੌਲੀ-ਹੌਲੀ ਮੌਤ ਵੱਲ ਵਧ ਰਹੇ ਸਨ। ਪਰ ਸਰਕਾਰ ਉਹਨਾਂ ਦੇ ਮਰਨ ਦਾ ਦੋਸ਼ ਆਪਣੇ ਜ਼ਿੰਮੇ ਨਹੀਂ ਸੀ ਲੈਣਾ ਚਾਹੁੰਦੀ, ਇਸ ਲਈ ਉਹਨਾਂ ਨੂੰ ਧੱਕੇ ਨਾਲ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਗਿਆ। ਪਰ ਧੱਕੇ ਨਾਲ ਇੰਜ ਦੁੱਧ ਤੇ ਦਵਾਈਆਂ ਦੇਣ ਸਮੇਂ ਕਰਮਚਾਰੀਆਂ ਦੇ ਨਾਸੀਂ ਧੁੰਆਂ ਆ ਜਾਂਦਾ ਸੀ—ਇਕ ਹੜਤਾਲੀ ਨਾਲ ਸਤ-ਅੱਠ ਤਕੜੇ ਬੰਦਿਆਂ ਨੂੰ ਜ਼ੋਰ-ਅਜ਼ਮਾਈ ਕਰਨੀ ਪੈਂਦੀ। ਇਕ ਸਿਰ ਫੜਦਾ, ਕੁਝ ਹੱਥ ਤੇ ਪੈਰ ਫੜਦੇ ਤੇ ਇਕ ਛਾਤੀ ਉੱਪਰ ਚੜ੍ਹ ਬੈਠਦਾ। ਰਬੜ ਦੀ ਨਾਲੀ, ਨੱਕ ਵਿਚ ਤੁੰਨ ਦਿੱਤੀ ਜਾਂਦੀ, ਪਰ ਇਸ ਤੋਂ ਪਹਿਲਾਂ ਕਾਫੀ ਦੇਰ ਤਕ ਜੂਝਣਾ ਪੈਂਦਾ। ਹੜਤਾਲੀ ਦੀ ਕੁਟਾਈ ਕਰਨੀ ਪੈਂਦੀ ਤੇ ਖ਼ੁਦ ਵੀ ਉਸਦੇ ਹੱਥੋਂ ਮਾਰ ਖਾਣੀ ਪੈਂਦੀ।
ਜਦੋਂ ਡਾਕਟਰ ਤੇ ਕਰਮਚਾਰੀ ਧੱਕੇ ਨਾਲ ਦੁੱਧ ਦੇ ਕੇ ਚਲੇ ਜਾਂਦੇ ਤਾਂ ਹੜਤਾਲੀ ਉਸਨੂੰ ਕਿਸੇ ਨਾ ਕਿਸੇ ਹੀਲੇ ਨਾਲ ਬਾਹਰ ਕੱਢਣ ਦਾ ਯਤਨ ਕਰਦਾ। ਸੁਖਦੇਵ ਨੇ ਹਲਕ ਵਿਚ ਉਂਗਲਾਂ ਪਾ ਕੇ ਦੋ ਤਿੰਨ ਵਾਰੀ ਕੈ ਕਰ ਦਿੱਤੀ, ਜਿਸ ਨਾਲ ਸਾਰਾ ਦੁੱਧ ਨਿਕਲ ਗਿਆ। ਪਰ ਇਸ ਪਿੱਛੋਂ ਇਹ ਉਪਾਅ ਵੀ ਕਾਰਗਾਰ ਨਹੀਂ ਹੋਇਆ ਤਦ ਉਹਨਾਂ ਨੇ ਇਕ ਮੱਖੀ ਨਿਗਲ ਲਈ ਤਾਂਕਿ ਉਲਟੀ ਆ ਜਾਏ ਤੇ ਦੁੱਧ ਬਾਹਰ ਨਿਕਲੇ। ਪਰ ਇਹ ਉਪਾਅ ਵੀ ਸਫਲ ਨਹੀਂ ਹੋਇਆ। ਕਿਸ਼ੋਰੀ ਲਾਲ ਨੇ ਗਰਮ ਪਾਣੀ ਪੀ ਕੇ ਸੰਘ ਸਾੜ ਲਿਆ ਤੇ ਲਾਲ ਮਿਰਚਾਂ ਖਾ ਲਈਆਂ। ਇਸ ਨਾਲ ਗਲ਼ਾ ਏਨਾ ਪੱਕ ਗਿਆ ਕਿ ਨਾਲੀ ਨੱਕ ਵਿਚ ਪਾਉਂਦਿਆਂ ਹੀ ਤੇਜ਼ ਖਾਂਸੀ ਛਿੜ ਪੈਂਦੀ—ਜੇ ਡਾਕਟਰ ਨਾਲੀ ਨੂੰ ਤੁਰੰਤ ਬਾਹਰ ਨਾ ਕੱਢਦਾ ਤਾਂ ਮੌਤ ਹੋ ਸਕਦੀ ਸੀ।
ਪੰਜਾਬ ਸਰਕਾਰ ਨੇ ਇਕ ਹੋਰ ਚਾਲ ਚੱਲੀ ਤੇ ਕਾਕੋਰੀ ਕਾਂਢ ਦੇ ਕੈਦੀਆਂ ਵਾਂਗ ਸਵਾਸਥ ਦੇ ਆਧਾਰ 'ਤੇ ਖੁਰਾਕ ਵਿਚ ਕੁਝ ਸੁਧਾਰ ਕਰ ਦਿੱਤਾ ਗਿਆ। ਪਰ ਭਗਤ ਸਿੰਘ ਨੇ ਇਸਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਦੀਆਂ ਮੰਗਾਂ ਦਾ ਸਵਾਸਥ ਨਾਲ ਕੋਈ ਸੰਬੰਧ ਨਹੀਂ ਸੀ। ਅਗਲੇ ਦਿਨ ਸਰਕਾਰ ਨੇ ਸੁਧਾਰਾਂ ਦਾ ਇਹ ਹੁਕਮ ਅਖ਼ਬਾਰਾਂ ਵਿਚ ਛਪਵਾਇਆ ਤਾਂ ਉਸ ਵਿਚੋਂ 'ਸਵਾਸਥ ਦੇ ਆਧਾਰ ਉੱਤੇ' ਸ਼ਬਦ ਹਟਾਅ ਦਿੱਤੇ ਗਏ ਸਨ। ਭਗਤ ਸਿੰਘ ਨੇ ਕਿਹਾ, “ਇਹ ਸੁਧਾਰ ਸਰਕਾਰੀ ਗਜਟ ਵਿਚ ਛਪਣ ਤੇ ਸਾਰੇ ਰਾਜਨੀਤਕ ਕੈਦੀਆਂ ਲਈ ਸਥਾਈ ਰੂਪ ਵਿਚ ਹੋਣ ਤਦ ਇਹਨਾਂ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ।”
ਧੱਕੇ ਨਾਲ ਦੁੱਧ ਪਿਆਉਣ ਦਾ ਇਹ ਸਿਲਸਿਲਾ ਜਾਰੀ ਰਿਹਾ, ਪਰ ਯਤੀਂਦਰ ਨਾਥ ਦਾਸ ਉੱਪਰ ਇਹ ਵਿਧੀ ਵੀ ਕੰਮ ਨਹੀਂ ਸੀ ਕਰ ਰਹੀ। ਉਹਨਾਂ ਦੀ ਨੱਕ ਏਨੀ ਛੋਟੀ ਸੀ ਕਿ ਉਸ ਵਿਚ ਨਾਲੀ ਨਹੀਂ ਪਾਈ ਜਾ ਸਕਦੀ ਸੀ। ਉਹ ਦਿਨੋਂ ਦਿਨ ਕਮਜ਼ੋਰ ਹੁੰਦੇ ਗਏ। 28 ਜੁਲਾਈ ਨੂੰ ਉਹਨਾਂ ਦੀ ਹਾਲਤ ਵਿਗੜ ਗਈ ਕਿ ਭਗਤ ਸਿੰਘ ਨੇ ਬੋਸਰਟਲ ਜੇਲ੍ਹ ਦੇ ਸਾਥੀਆਂ ਨੂੰ ਸੁਨੇਹਾ ਭੇਜਿਆ ਕਿ ਉਹ ਭੁੱਖ-ਹੜਤਾਲ ਛੱਡ ਦੇਣ—ਇਹ ਲੜਾਈ ਉਹ ਤੇ ਬਟੁਕੇਸ਼ਵਰ ਦੱਤ ਹੀ ਲੜਨਗੇ, ਪਰ ਜਾਨ 'ਤੇ ਖੇਡਣ ਵਾਲੇ ਅਜਿਹੀਆਂ ਗੱਲਾਂ ਕਦ ਸੁਣਦੇ ਨੇ। ਯਤੀਂਦਰ ਨਾਥ ਦਾਸ ਦੀ ਹਾਲਤ ਹੋਰ ਵਿਗੜੀ ਤਾਂ ਜੇਲ੍ਹ ਅਧਿਕਾਰੀਆਂ ਨੇ ਅਨੀਮਾ ਦੇਣ ਦਾ ਯਤਨ ਕੀਤਾ, ਪਰ ਉਹ, ਉਸ ਲਈ ਵੀ ਤਿਆਰ ਨਹੀਂ ਹੋਏ। ਫੇਰ ਗਵਰਨਰ ਤੋਂ ਮੰਜ਼ੂਰੀ ਲੈ ਕੇ ਉਹ ਭਗਤ ਸਿੰਘ ਨੂੰ ਸੈਂਟਰਲ ਜੇਲ੍ਹ ਤੋਂ ਬੋਸਰਟਲ ਜੇਲ੍ਹ ਲੈ ਆਏ। ਭਗਤ ਸਿੰਘ ਦੇ ਕਹਿਣ ਉੱਪਰ ਯਤੀਂਦਰ ਨਾਥ ਦਾਸ ਨੇ ਬਿਨਾਂ ਕੋਈ ਵਿਰੋਧ ਕੀਤਿਆਂ ਅਨੀਮਾ ਕਰਵਾ ਲਿਆ। ਬੋਸਰਟਲ ਦੇ ਡਿਪਟੀ ਖਾਨ ਸਾਹਬ ਖੈਰਦੀਨ ਨੇ ਹੈਰਾਨ ਹੋ ਕੇ ਕਿਹਾ, “ਤੁਸੀਂ ਭਗਤ ਸਿੰਘ ਦੀ ਗੱਲ ਬਿਨਾਂ ਜ਼ਿੱਦ ਮੰਨ ਲਈ!” ਯਤੀਂਦਰ ਨਾਥ ਦਾ ਉਤਰ ਸੀ, “ਖਾਨ ਸਾਹਬ, ਤੁਸੀਂ ਨਹੀਂ ਜਾਣੇ, ਭਗਤ ਸਿੰਘ ਇਕ ਯੋਧਾ ਪੁਰਖ ਨੇ। ਮੈਂ ਉਹਨਾਂ ਦੇ ਸ਼ਬਦਾਂ ਦਾ ਅਪਮਾਨ ਨਹੀਂ ਕਰ ਸਕਦਾ।”
ਇਸ ਲੰਮੀ ਤੇ ਹੌਸਲਾ ਭਰਪੂਰ ਭੁੱਖ-ਹੜਤਾਲ ਕਰਕੇ ਲਾਹੌਰ ਸਾਜਿਜ਼ ਕਾਂਢ ਵਿਸ਼ੇਸ਼ ਰੂਪ ਵਿਚ ਪ੍ਰਸਿੱਧ ਹੋਇਆ। ਇਸ ਵਰਤ ਦੀ ਹਮਦਰਦੀ ਵਜੋਂ ਦੇਸ਼ ਭਰ ਵਿਚ ਸੰਕੇਤਿਕ ਹੜਤਾਲਾਂ ਕੀਤੀਆਂ ਜਾ ਰਹੀਆਂ ਸਨ ਤੇ ਜਨਤਾ ਵਿਚ ਉਫਾਨ ਸੀ। 2 ਸਤੰਬਰ ਨੂੰ ਸਰਕਾਰ ਨੇ ਜੇਲ੍ਹ ਦੀਆਂ ਪ੍ਰਸਥਿਤੀਆਂ ਦੀ ਜਾਂਚ ਕਰਨ ਲਈ ਇਕ ਉਪ ਸੰਮਤੀ ਬਣਾਈ। ਯਤੀਂਦਰ ਦਾਸ ਦੀ ਹਾਲਤ ਏਨੀ ਗੰਭੀਰ ਹੋ ਗਈ ਸੀ ਕਿ ਲਹੂ ਗੇੜ, ਦਿਲ ਦੇ ਆਸਪਾਸ ਸਿਮਟ ਕੇ ਰਹਿ ਗਿਆ ਸੀ। ਇਸ ਸਮੇਂ ਮੁੱਖ ਗੱਲ ਉਹਨਾਂ ਨੂੰ ਬਚਾਉਣ ਦੀ ਸੀ। ਭਗਤ ਸਿੰਘ ਗੱਲਬਾਤ ਵਿਚ ਸ਼ਾਮਲ ਹੋਏ ਤੇ ਉਪ ਸੰਮਤੀ ਨੇ ਇਹ ਅਪੀਲ ਕੀਤੀ ਕਿ ਜੇ ਸਾਰੇ ਲੋਕ ਭੁੱਖ-ਹੜਤਾਲ ਛੱਡ ਦੇਣ ਤਾਂ ਯਤੀਂਦਰ ਦਾਸ ਨੂੰ ਰਿਹਾਅ ਕਰ ਦਿੱਤਾ ਜਾਏਗਾ। ਯਤੀਂਦਰ ਨਾਥ ਦਾਸ ਦੇ ਸਿਵਾਏ ਸਾਰਿਆਂ ਨੇ ਭੁੱਖ-ਹੜਤਾਲ ਛੱਡ ਦਿੱਤੀ, ਪਰ ਸਰਕਾਰ ਆਪਣੀ ਗੱਲ ਤੋਂ ਮੁੱਕਰ ਗਈ, ਇਸ ਲਈ ਦੋ ਦਿਨ ਬਾਅਦ ਹੜਤਾਲ ਫੇਰ ਸ਼ੁਰੂ ਹੋ ਗਈ।
ਯਕਦਮ ਗੋਲੀ ਖਾ ਕੇ ਮਰ ਜਾਣਾ ਜਾਂ ਫਾਂਸੀ ਦੇ ਰੱਸੇ ਨੂੰ ਚੁੰਮ ਲੈਣਾ ਆਸਾਨ ਹੈ, ਪਰ ਤਿਲ-ਤਿਲ ਕਰਕੇ ਮਰਨਾ ਬੜਾ ਔਖਾ...ਅਤੀ ਮੁਸ਼ਕਿਲ ਹੈ। ਖੁਰਾਕ ਦੀ ਕਮੀ ਕਾਰਨ ਯਤੀਨ ਦਾ ਇਕ ਇਕ ਅੰਗ ਨਕਾਰਾ ਹੁੰਦਾ ਜਾ ਰਿਹਾ ਸੀ। ਇਕ ਹੱਥ ਨੂੰ ਲਕਵਾ ਮਾਰ ਗਿਆ ਤੇ ਫੇਰ ਦੂਜਾ ਹੱਥ ਵੀ ਬੇਕਾਰ ਹੋ ਗਿਆ। ਪਹਿਲਾਂ ਇਕ ਲੱਤ ਬੇਕਾਰ ਹੋਈ, ਫੇਰ ਦੂਜੀ ਵੀ ਬੇਕਾਰ ਹੋ ਗਈ। ਆਖ਼ਰ ਅੱਖਾਂ ਦੀ ਜੋਤ ਵੀ ਜਾਂਦੀ ਰਹੀ।
ਜਦੋਂ ਗ੍ਰਹਿ-ਵਿਭਾਗ ਨੂੰ ਉਹਨਾਂ ਦੀ ਮੌਤ ਬਾਰੇ ਕੋਈ ਸ਼ੱਕ ਨਾ ਰਿਹਾ ਤਾਂ ਬੰਗਾਲ ਸਰਕਾਰ ਨੂੰ ਉਹਨਾਂ ਦੀ ਅੰਤੇਸ਼ਠੀ (ਆਖ਼ਰੀ ਕ੍ਰਿਆਕਰਮ) ਬਾਰੇ ਵਿਚਾਰ ਕਰਨ ਲਈ ਲਿਖਿਆ ਗਿਆ। ਬੰਗਾਲ ਸਰਕਾਰ ਇਸ ਪੱਖ ਵਿਚ ਨਹੀਂ ਸੀ ਕਿ ਉਹਨਾਂ ਦੀ ਲਾਸ਼ ਕਲਕੱਤੇ ਲਿਆਂਦੀ ਜਾਏ। ਉਹ ਇਹ ਵੀ ਨਹੀਂ ਸੀ ਚਾਹੁੰਦੀ ਕਿ ਲਾਸ਼ ਉਹਨਾਂ ਦੇ ਸੰਬੰਧੀਆਂ ਨੂੰ ਦੇ ਦਿੱਤੀ ਜਾਏ—ਬਲਕਿ ਉਹ ਚਾਹੁੰਦੀ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਲਾਹੌਰ ਵਿਚ ਹੀ ਕਰ ਦਿੱਤਾ ਜਾਏ। ਪਰ ਭਾਰਤ ਸਰਕਾਰ, ਬੰਗਾਲ ਸਰਕਾਰ ਦੇ ਇਸ ਮਤ ਨਾਲ ਸਹਿਮਤ ਨਹੀਂ ਹੋਈ ਤੇ ਉਸਨੇ ਲਾਸ਼ ਨੂੰ ਕਲਕੱਤੇ ਭੇਜਣ ਦਾ ਫ਼ੈਸਲਾ ਕਰ ਲਿਆ। ਰੇਲਵੇ ਵਿਭਾਗ ਤੋਂ ਇਸ ਦੇ ਲਈ ਇਕ ਡੱਬਾ ਰਿਜਰਵ ਕਰਵਾ ਲਿਆ ਗਿਆ। ਸੁਭਾਸ਼ ਚੰਦਰ ਬੋਸ ਨੇ ਇਸ ਕੰਮ ਲਈ 600 ਰੁਪਏ ਭੇਜੇ।
13 ਸਤੰਬਰ 1929 ਨੂੰ ਦੁਪਹਿਰ ਦੇ 1 ਵੱਜ ਕੇ 15 ਮਿੰਟ ਉੱਪਰ ਯਤੀਂਦਰ ਨਾਥ ਸ਼ਹੀਦ ਹੋਏ। ਈਸਟ ਇੰਡੀਆ ਰੇਲਵੇ ਦੇ ਵਿਸ਼ੇਸ਼ ਡੱਬੇ ਵਿਚ ਲਾਸ਼ ਨੂੰ ਕਲਕੱਤੇ ਲਿਜਾਇਆ ਗਿਆ। ਰਸਤੇ ਦੇ ਹਰ ਸਟੇਸ਼ਨ ਉੱਪਰ ਜਨਤਾ ਉਹਨਾਂ ਦੇ ਦਰਸ਼ਨਾਂ ਲਈ ਟੁੱਟ ਪਈ ਸੀ। ਲੱਖਾਂ ਲੋਕਾਂ ਨੇ ਉਹਨਾਂ ਨੂੰ ਅੱਥਰੂ-ਭਿੱਜੀ ਸ਼ਰਧਾਂਜਲੀ ਭੇਂਟ ਕੀਤੀ। ਜਦੋਂ ਲਾਸ਼ ਕਲਕੱਤੇ ਪਹੁੰਚੀ ਉੱਥੇ ਮਰਦਾਂ-ਔਰਤਾਂ ਦੀ ਅਥਾਹ ਭੀੜ ਸੀ, ਸਟੇਸ਼ਨ ਦੇ ਅੰਦਰ ਤੇ ਬਾਹਰ ਲੋਕ ਹੀ ਲੋਕ ਸਨ। ਅਰਥੀ ਨਾਲ ਛੇ ਲੱਖ ਵਿਅਕਤੀ ਸ਼ਮਸ਼ਾਨ ਘਾਟ ਤਕ ਗਏ।
ਮੈਕਸਵਨੀ ਵੀ ਜੇਲ੍ਹ ਵਿਚ 63 ਦਿਨ ਵਰਤ ਰੱਖ ਕੇ ਸ਼ਹੀਦ ਹੋਏ ਸਨ। ਉਹਨਾਂ ਦੀ ਪਰੇਰਕ ਵੀਰ-ਗਾਥਾ ਨਾਲ ਯਤੀਂਦਰ ਨਾਥ ਦਾਸ ਦੀ ਵੀਰ-ਗਾਥਾ ਵੀ ਜੁੜ ਗਈ, ਜਿਹੜੀ ਹਮੇਸ਼ਾ ਖ਼ੂਨ ਗਰਮਾਏਗੀ ਤੇ ਜਿਸ ਨਾਲ ਮਨੁੱਖਤਾ ਦਾ ਸਿਰ ਉੱਚਾ ਰਹੇਗਾ। ਪੰ. ਰਾਮ ਰੱਖਾ ਵੀ ਅੰਡੇਮਾਨ ਵਿਚ ਯੱਗੋਪਵੀਤ ਦੇ ਲਈ ਵਰਤ ਕਰਕੇ ਸ਼ਹੀਦ ਹੋਏ ਸਨ। ਉਦੇਸ਼ ਭਾਵੇਂ ਸੀਮਿਤ ਸੀ, ਪਰ ਬਲੀਦਾਨ ਤਾਂ ਬਲੀਦਾਨ ਹੀ ਹੁੰਦਾ ਹੈ, ਜਿਹੜਾ ਨਿਗੁਣੇ ਮਾਨਸ ਨੂੰ ਅਮਰ ਤੇ ਮਹਾਨ ਬਣਾ ਦਿੰਦਾ ਹੈ ਤੇ ਦ੍ਰਿੜ੍ਹ ਸੰਕਲਪ ਦੇ ਹੌਸਲੇ ਬੰਨ੍ਹਾਉਂਦਾ ਹੈ। ਯਤੀਨ ਨੇ ਬਲੀਦਾਨ ਦੀ ਇਸੇ ਪਰੰਪਰਾ ਨੂੰ ਅੱਗੇ ਵਧਾਇਆ, ਵਿਕਸਿਤ ਕੀਤਾ। ਉਹਨਾਂ ਦੇ ਸੰਕਲਪ ਵਿਚ ਨਵੀਂ ਚੇਤਨਾ ਸੀ। ਪੁਰਾਣੇ ਭਾਰਤ ਨੂੰ ਨਵਾਂ ਭਾਰਤ, ਆਜ਼ਾਦ ਤੇ ਸਮਰਿੱਧ ਬਣਾਉਣ ਦੀ ਪ੍ਰਬਲ ਇੱਛਾ ਸੀ।
ਯਤੀਨ ਦਾ ਜਨਮ 27 ਅਕਤੂਬਰ 1904 ਨੂੰ ਸ਼ਾਮ ਬਾਜ਼ਾਰ ਕਲਕੱਤੇ ਵਿਚ ਹੋਇਆ ਸੀ। ਪਿੰਜਰ ਵਰਗਾ ਸੁੱਕੜੂ ਜਿਹਾ ਸਰੀਰ, ਅੱਖਾਂ ਵਿਚ ਚਮਕ ਤੇ ਚਿਹਰੇ ਉੱਤੇ ਕੁੜੀਆਂ ਵਰਗੀ ਕੋਮਲਤਾ ਤੇ ਸ਼ਰਮੀਲਾਪਨ। ਮਾਂ ਬਚਪਨ ਵਿਚ ਹੀ ਮਰ ਗਈ ਸੀ...ਇਸ ਕਰਕੇ ਪਿਆਰ ਲਈ ਉਮਰ ਭਰ ਤਰਸਦੇ-ਤੜਫਦੇ ਰਹੇ। ਵਿਦਿਆ ਸਾਗਰ ਕਾਲਜ ਵਿਚ ਪੜ੍ਹਾਈ ਕੀਤੀ। 1925 ਵਿਚ ਪਹਿਲੀ ਵਾਰੀ ਗਿਰਫਤਾਰ ਹੋਏ, ਮੈਮਨ ਸਿੰਘ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਤੇ ਉੱਥੇ ਵੀ ਉਹਨਾਂ 20 ਦਿਨਾਂ ਦਾ ਵਰਤ ਰੱਖਿਆ। ਜੇਲ੍ਹ 'ਚੋਂ ਉਹ ਤਿੰਨ ਸਾਲ ਬਾਅਦ ਰਿਹਾਅ ਹੋਏ। ਦਸੰਬਰ 1928 ਦੇ ਕਾਂਗਰਸ ਸੰਮੇਲਨ ਵਿਚ ਉਹਨਾਂ ਨੇ ਸਵੈਸੇਵਕ ਦੇ ਰੂਪ ਵਿਚ ਕੰਮ ਕੀਤਾ ਤੇ ਉਹਨਾਂ ਨੂੰ ਮੇਜਰ ਦਾ ਅਹੁਦਾ ਮਿਲਿਆ।
ਲਾਹੌਰ ਸਾਜਿਸ਼ ਕਾਂਢ ਦੇ ਸੰਬੰਧ ਵਿਚ ਉਹਨਾਂ ਨੂੰ 14 ਜੂਨ 1929 ਨੂੰ ਦੁਬਾਰਾ ਕਲਕੱਤੇ ਵਿਚ ਗਿਰਫਤਾਰ ਕੀਤਾ ਗਿਆ। ਭਗਤ ਸਿੰਘ ਆਪਣੇ ਸਾਥੀਆਂ ਨੂੰ ਬੰਬ ਬਣਾਉਣੇ ਸਿਖਾਉਣ ਲਈ ਉਹਨਾਂ ਨੂੰ ਕਲਕੱਤੇ ਤੋਂ ਆਪਣੇ ਨਾਲ ਆਗਰੇ ਲੈ ਆਏ ਸਨ। ਉਹ ਬੋਲਦੇ ਘੱਟ ਪਰ ਦ੍ਰਿੜ੍ਹ ਨਿਹਚੇ ਤੇ ਲਕਸ਼ ਪ੍ਰਤੀ ਪੂਰੀ ਤਰ੍ਹਾਂ ਸਮਰਪਿੱਤ ਸਨ। ਭਗਤ ਸਿੰਘ ਉਹਨਾਂ ਤੋਂ ਪ੍ਰਭਾਵਿਤ ਸਨ ਤੇ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ। ਇਸ ਲਈ ਭਗਤ ਸਿੰਘ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਪਰ ਜਦੋਂ ਨਹੀਂ ਬਚ ਸਕੇ ਤਾਂ ਦੁੱਖ ਵੀ ਬੜਾ ਹੋਇਆ ਸੀ। ਕਹਿੰਦੇ ਹਨ ਕਿ ਭਗਤ ਸਿੰਘ ਨੇ ਯਤੀਨ ਦੀ ਯਾਦ ਵਿਚ ਇਕ ਕਵਿਤਾ ਲਿਖੀ ਸੀ, ਜਿਹੜੀ ਉਹ ਕੈਦੀ ਸਾਥੀਆਂ ਨੂੰ ਅਕਸਰ ਸੁਣਾਉਂਦੇ ਹੁੰਦੇ ਸਨ।
ਭੁੱਖ-ਹੜਤਾਲ ਹੁਣ ਵੀ ਜਾਰੀ ਸੀ। ਯਤੀਂਦਰ ਨਾਥ ਦਾਸ ਦੀ ਸ਼ਹਾਦਤ ਨਾਲ ਸਰਕਾਰ ਵੀ ਪ੍ਰੇਸ਼ਾਨ ਸੀ ਤੇ ਨੇਤਾ ਵੀ ਪ੍ਰੇਸ਼ਾਨ ਸਨ ਕਿਉਂਕਿ ਜਨਤਾ ਵਿਚ ਮੌਤ ਨਾਲ ਜੂਝ ਰਹੇ ਭੁੱਖ-ਹੜਤਾਲੀਆਂ ਦਾ ਤੇ ਉਹਨਾਂ ਦੇ ਕਰਾਂਤੀਕਾਰੀ ਚਰਿੱਤਰ ਦਾ ਪ੍ਰਭਾਵ ਦਿਨੋਂ-ਦਿਨ ਵਧ ਰਿਹਾ ਸੀ। ਜੇਲ੍ਹ ਵਿਚ ਜਿਹੜੀ ਵੀ ਘਟਨਾ ਵਾਪਰਦੀ, ਉਹ ਪਤਾ ਨਹੀਂ ਕਿੰਜ, ਰਾਈ-ਰਾਈ, ਬਾਹਰ ਪਹੁੰਚ ਜਾਂਦੀ ਸੀ। ਅਖ਼ਬਾਰ ਉਹਨਾਂ ਘਟਨਾਵਾਂ ਨੂੰ ਵੱਡੀਆਂ ਸੁਰਖੀਆਂ ਨਾਲ ਛਾਪਦੇ ਤੇ ਲੋਕ ਬੜੀ ਉਤਸੁਕਤਾ ਨਾਲ ਪੜ੍ਹਦੇ ਸਨ। ਭਗਤ ਸਿੰਘ ਨੇ ਇਕ ਬਿਨੈਪੱਤਰ ਸਰਕਾਰ ਨੂੰ ਭੇਜਣ ਲਈ ਜੇਲ੍ਹ ਸੁਪਰਡੈਂਟ ਮਿ. ਬ੍ਰਿੰਸ ਨੂੰ ਦਿੱਤਾ। ਬ੍ਰਿੰਸ ਨੇ ਕਿਹਾ, “ਇਸ ਦੀਆਂ ਕੁਝ ਸਤਰਾਂ ਇਤਰਾਜ਼ ਯੋਗ ਹਨ, ਤੁਸੀਂ ਇਹ ਕੱਢ ਦਿਓਂ ਤਾਂ ਮੈਂ ਇਸਨੂੰ ਉੱਪਰ ਭੇਜ ਦਿਆਂਗਾ।” ਭਗਤ ਸਿੰਘ ਇਕ ਸ਼ਬਦ ਵੀ ਕੱਟਣ ਲਈ ਤਿਆਰ ਨਹੀਂ ਸਨ। ਉਹਨਾਂ ਬੇਨਤੀ ਕੀਤੀ ਕਿ ਇਸ ਨੂੰ ਇਵੇਂ ਦੀ ਇਵੇਂ ਉੱਪਰ ਭੇਜ ਦਿੱਤਾ ਜਾਏ ਪਰ ਇਸ ਲਈ ਬ੍ਰਿੰਸ ਰਾਜੀ ਨਹੀਂ ਸੀ ਹੋਇਆ। ਦੂਜੇ ਦਿਨ ਸਵੇਰੇ ਜਦੋਂ ਦੈਨਿਕ ਟ੍ਰਿਬਿਊਨ ਆਇਆ, ਉਸ ਵਿਚ ਸਭ ਕੁਝ ਛਪ ਗਿਆ ਸੀ। ਜ਼ਾਹਰ ਸੀ ਜੇਲ੍ਹ ਕਰਮਚਾਰੀਆਂ ਦੀ ਹਮਦਰਦੀ ਭੁੱਖ-ਹੜਤਾਲੀਆਂ ਨਾਲ ਸੀ ਤੇ ਉਹਨਾਂ ਰਾਹੀਂ ਖਬਰਾਂ ਬਾਹਰ ਜਾਂਦੀਆਂ ਸਨ। ਤੰਤਰ ਵਿਚ ਛੇਕ ਹੋ ਚੁੱਕੇ ਸਨ। ਭੁੱਖ-ਹੜਤਾਲ ਹੋਰ ਲੰਮੀ ਖਿੱਚੀ ਜਾਣ ਨਾਲ ਇਸਦੇ ਟੁੱਟ ਜਾਣ ਦਾ ਖਤਰਾ ਸੀ।
ਇਸ ਸਥਿਤੀ ਵਿਚ ਜਾਂਚ ਉਪ ਸੰਮਤੀ ਨੇ ਆਪਣੀਆਂ ਸਿਫ਼ਾਰਿਸ਼ਾਂ ਸਰਕਾਰ ਕੋਲ ਭੇਜੀਆਂ। ਮੰਗਾਂ ਅਜੇ ਵੀ ਵਿਚਾਰ ਅਧੀਨ ਸਨ। ਪਰ ਉਹਨਾਂ ਨੂੰ ਰਾਜਨੀਤਕ ਕੈਦੀ ਮੰਨ ਲਿਆ ਗਿਆ ਤੇ ਲਿਖ-ਪੜ੍ਹਨ ਤੇ ਖਾਣੇ ਆਦੀ ਸੰਬੰਧੀ ਕਾਫੀ ਸਹੂਲਤਾਂ ਫੌਰੀ ਤੌਰ 'ਤੇ ਮਿਲ ਗਈਆਂ।
ਇਹ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਜਿੱਤ ਸੀ ਕਿਉਂਕਿ ਅਸਲ ਗੱਲ ਆਪਣੇ ਆਪ ਨੂੰ ਰਾਜਨੀਤਕ ਕੈਦੀ ਮੰਨਵਾਉਣਾ ਸੀ ਤੇ ਉਹ ਮੰਨ ਲਈ ਗਈ। ਇਕ ਸੌ ਚੌਦਾਂ ਦਿਨਾਂ ਪਿੱਛੋਂ 5 ਅਕਤੂਬਰ 1929 ਨੂੰ ਭੁੱਖ-ਹੜਤਾਲ ਸਮਾਪਤ ਹੋਈ।


ਭੁੱਖ-ਹੜਤਾਲ ਖਤਮ ਹੋਣ ਪਿੱਛੋਂ ਮੁਕੱਦਮੇ ਦੀ ਸੁਣਵਾਈ, ਜਿਹੜੀ ਅੱਗੇ ਪਾ ਦਿੱਤੀ ਗਈ ਸੀ, ਮੁੜ ਸ਼ੁਰੂ ਹੋਈ ਤੇ ਸੰਘਰਸ਼ ਦਾ ਦੂਜਾ ਮੋਰਚਾ ਖੁੱਲ੍ਹਿਆ।
ਲਾਹੌਰ ਸਾਜਿਸ਼ ਦਾ ਮੁਕੱਦਮਾ ਚਾਲੂ ਹੋਇਆ ਤਾਂ ਕਰਾਂਤੀਕਾਰੀ ਆਪਣੇ ਆਪ ਵਿਚ ਸਪਸ਼ਟ ਸਨ ਕਿ ਉਹਨਾਂ ਕੀ ਕਰਨਾ ਹੈ। ਭਗਤ ਸਿੰਘ ਨੇ ਤਿੰਨ ਮੈਂਬਰਾਂ ਦੀ ਇਕ ਕਮੇਟੀ ਬਣਾਈ, ਜਿਸ ਵਿਚ ਉਹ ਆਪ, ਸੁਖਦੇਵ ਤੇ ਵਿਜੇ ਕੁਮਾਰ ਸਿਨਹਾ ਸਨ। ਇਸ ਸੰਮਤੀ ਦਾ ਕੰਮ ਸੀ ਕਿ ਮੁਕੱਦਮੇ ਕਰਕੇ ਮਿਲੇ ਹੋਏ ਰੰਗਮੰਚ ਦਾ ਇਸ ਢੰਗ ਨਾਲ ਸਦ-ਉਪਯੋਗ ਕੀਤਾ ਜਾਏ ਕਿ ਵਿਚਾਰਾਂ ਦਾ ਵਧ ਤੋਂ ਵੱਧ ਪਰਚਾਰ ਹੋ ਸਕਦੇ। ਕਹਿਣ ਵਾਲੀ ਗੱਲ ਨਹੀਂ ਕਿ ਸਰਕਾਰ ਇਸ ਉਦੇਸ਼ ਨੂੰ ਪੂਰਾ ਨਹੀਂ ਸੀ ਹੋਣ ਦੇਣਾ ਚਾਹੁੰਦੀ। ਪਰ ਭਗਤ ਸਿੰਘ ਭਲਾ ਕਦੋਂ ਉੱਕਣ ਵਾਲੇ ਸਨ। ਉਹ ਜਬਰਦਸਤੀ ਅਦਾਲਤ ਵਿਚ ਆਪਣੇ ਬਿਆਨ ਦੇ ਹੀ ਦੇਂਦੇ ਸਨ।
ਸਰਕਾਰ ਚਾਹੁੰਦੀ ਸੀ ਕਿ ਅਦਾਲਤ ਵਿਚ ਦਰਸ਼ਕ ਨਾ ਆਉਣ ਤੇ ਅਖ਼ਬਾਰਾਂ ਦੇ ਪ੍ਰਤੀਨਿਧੀ ਵੀ ਘੱਟ ਤੋਂ ਘੱਟ ਆਉਣ। ਭਗਤ ਸਿੰਘ ਨੇ ਇਸਦਾ ਵਿਰੋਧ ਕੀਤਾ। ਜਦੋਂ ਅਦਾਲਤ ਸ਼ੁਰੂ ਹੁੰਦੀ ਸੀ ਤਾਂ 'ਇਨਕਲਾਬ ਜਿੰਦਾਬਾਦ','ਸਾਮਰਾਜਵਾਦ ਮੁਰਦਾਬਾਦ' ਤੇ 'ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਓ' ਦੇ ਨਾਅਰਿਆਂ ਪਿੱਛੋਂ ਰਾਸ਼ਟਰੀ ਗੀਤ ਗਾਇਆ ਜਾਂਦਾ ਸੀ। ਜੱਜ ਆਪਣੀ ਕੁਰਸੀ ਉੱਤੇ ਬੈਠਾ ਮੂੰਹਾਂ ਵੱਲ ਤੱਕਦਾ ਰਹਿੰਦਾ ਸੀ। ਅਖ਼ੀਰ ਉਹ ਚਿੜ ਗਿਆ ਤੇ ਹੁਕਮ ਦਿੱਤਾ ਕਿ ਵਿਚਾਰ ਅਧੀਨ ਕੈਦੀਆਂ ਨੂੰ ਹੱਥਕੜੀਆਂ ਲਾ ਦਿੱਤੀਆਂ ਜਾਣ। ਜਦੋਂ ਇਸ ਕਿਸਮ ਦਾ ਆਦੇਸ਼ ਦਿੱਤਾ ਗਿਆ ਤਾਂ ਇਕ ਮੁਖ਼ਬਿਰ ਗਵਾਹੀ ਦੇਣ ਲਈ ਅੱਗੇ ਆਇਆ ਤੇ ਬੇਸ਼ਰਮੀ ਨਾਲ ਕੋਈ ਵਿਅੰਗ ਕਸਿਆ। ਇਸ ਉੱਤੇ ਮੁਦਾਲਹ ਨੇ ਸ਼ਰਮ-ਸ਼ਰਮ ਦੇ ਨਾਅਰੇ ਲਾਏ। ਪਰ ਪਰੇਮ ਦੱਤ ਜਿਹੜਾ ਸਭ ਤੋਂ ਘੱਟ ਉਮਰ ਦਾ ਦੋਸ਼ੀ ਸੀ, ਆਪੇ ਤੋਂ ਬਾਹਰ ਹੋ ਗਿਆ ਤੇ ਉਸਨੇ ਚੱਪਲ ਲਾਹ ਕੇ ਮੁਖ਼ਬਿਰ ਦੇ ਮਾਰ ਦਿੱਤੀ। ਸਿੱਟਾ ਇਹ ਕਿ ਅਦਾਲਤ ਦੀ ਕਾਰਵਾਈ ਰੋਕ ਦਿੱਤੀ ਗਈ ਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਹੱਥਕੜੀਆਂ ਲਾ ਦਿੱਤੀਆਂ ਗਈਆਂ। ਹੁਕਮ ਦਿੱਤਾ ਗਿਆ ਕਿ ਹੁਣ ਅੱਗੋਂ ਤੋਂ ਦੋਸ਼ੀਆਂ ਨੂੰ ਹਰ ਵਾਰੀ ਹੱਥਕੜੀਆਂ ਲਾ ਕੇ ਪੇਸ਼ ਕੀਤਾ ਜਾਏ। ਭਗਤ ਸਿੰਘ ਨੇ ਫ਼ੈਸਲਾ ਕਰ ਲਿਆ ਕਿ ਜਾਂ ਤਾਂ ਅਦਾਲਤ ਵੱਲੋਂ ਇਹ ਹੁਕਮ ਰੱਦ ਕੀਤਾ ਜਾਏ ਜਾਂ ਫੇਰ ਅਸੀਂ ਅਦਾਲਤ ਵਿਚ ਨਹੀਂ ਆਵਾਂਗੇ।
ਉਸ ਦਿਨ ਤਾਂ ਉਹ ਅਦਾਲਤ ਵਿਚ ਆ ਹੀ ਚੁੱਕੇ ਸਨ, ਪਰ ਅਗਲੇ ਦਿਨ ਝਗੜਾ ਹੋ ਗਿਆ ਤੇ ਸਾਰੀ ਤਾਕਤ ਲਾ ਦੇਣ 'ਤੇ ਵੀ ਦੋਸ਼ੀਆਂ ਨੂੰ ਅਦਾਲਤ ਵਿਚ ਹਾਜ਼ਰ ਨਹੀਂ ਕੀਤਾ ਜਾ ਸਕਿਆ। ਸਿਰਫ ਪੰਜ ਕੈਦੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਦੇ ਫਾਟਕ ਤਕ ਲਿਆਂਦਾ ਜਾ ਸਕਿਆ। ਉਹ ਲਾਰੀ ਵਿਚ ਤਾਂ ਬੈਠ ਗਏ ਸਨ, ਪਰ ਉਹਨਾਂ ਨੂੰ ਉਤਾਰਨਾ ਸੰਭਵ ਨਹੀਂ ਸੀ ਹੋ ਸਕਿਆ। ਨਤੀਜਾ ਇਹ ਕਿ ਅਦਾਲਤ ਨੂੰ ਝੁਕਣਾ ਪਿਆ। ਤੈਅ ਹੋਇਆ ਕਿ ਦੋਸ਼ੀਆਂ ਨੂੰ ਹਥਕੜੀਆਂ ਵਿਚ ਅਦਾਲਤ ਤਕ ਲਿਆਂਦਾ ਜਾਏ ਤੇ ਅਦਾਲਤ ਚਾਲੂ ਹੋਣ ਤੋਂ ਪਹਿਲਾਂ ਹੱਥਕੜੀਆਂ ਖੋਲ੍ਹ ਦਿੱਤੀਆਂ ਜਾਣ। ਦੋਸ਼ੀਆਂ ਨੇ ਗੱਲ ਮੰਨ ਲਈ ਪਰ ਅਦਾਲਤ ਵੱਲੋਂ ਹੱਥਕੜੀਆਂ ਨਹੀਂ ਖੋਲ੍ਹੀਆਂ ਗਈਆਂ ਤੇ ਕਾਰਵਾਈ ਜਾਰੀ ਕਰ ਦਿੱਤੀ ਗਈ।
ਜਦੋਂ ਦੁਪਹਿਰ ਨੂੰ ਖਾਣੇ ਲਈ ਅਦਾਲਤ ਦੀ ਕਾਰਵਾਈ ਰੋਕੀ ਗਈ ਤਾਂ ਕੈਦੀਆਂ ਨੇ ਖਾਣਾ ਖਾਣ ਲਈ ਹੱਥਕੜੀਆਂ ਖੁੱਲ੍ਹਵਾ ਲਈਆਂ। ਜਦੋਂ ਖਾਣੇ ਦੀ ਛੁੱਟੀ ਦਾ ਸਮਾਂ ਸਮਾਪਤ ਹੋਇਆ ਤਾਂ ਪੁਲਸ ਵਾਲੇ ਉਹਨਾਂ ਨੂੰ ਫੇਰ ਹੱਥਕੜੀਆਂ ਲਾਉਣ ਲੱਗੇ; ਪਰ ਦੋਸ਼ੀਆਂ ਨੇ ਹੱਥ ਕੜੀਆਂ ਲੁਆਉਣ ਤੋਂ ਇਨਕਾਰ ਕਰ ਦਿੱਤਾ। ਪੁਲਸ ਤੇ ਕੈਦੀਆਂ ਵਿਚਕਾਰ ਹੱਥੋ-ਪਾਈ ਹੋ ਗਈ। ਸਰਕਾਰ ਦੀ ਨੀਤੀ ਹਮੇਸ਼ਾ ਹੀ ਇਹ ਰਹੀ ਸੀ ਕਿ ਕੰਮ ਇਸ ਤਰ੍ਹਾਂ ਕੀਤਾ ਜਾਏ ਕਿ ਸੰਪਰਦਾਇਕ ਵਿਤਕਰਾ ਵਧੇ, ਦੋਸ਼ੀਆਂ ਨੂੰ ਦਬਾਉਣ ਲਈ, ਇਸ ਮੌਕੇ ਪਾਠਨ ਸਿਪਾਹੀ ਬੁਲਾ ਲਏ ਗਏ।
ਉਹ ਵਿਸ਼ੇਸ਼ ਤੌਰ 'ਤੇ ਸਰਦਾਰ ਭਗਤ ਸਿੰਘ ਉੱਤੇ ਟੁੱਟ ਪਏ। ਕਿਹਾ ਜਾਂਦਾ ਹੈ ਕਿ ਅੱਠ ਪਠਾਨ ਉਹਨਾਂ ਉੱਤੇ ਟੁੱਟ ਪਏ ਤੇ ਸੋਟੀਆਂ ਬੂਟਾਂ ਨਾਲ ਉਹਨਾਂ ਨੂੰ ਮਾਰਨ ਲੱਗ ਪਏ। ਸਰਕਾਰ ਕਿੰਨੀ ਜ਼ਿਆਦਤੀ ਕਰ ਰਹੀ ਸੀ, ਇਹ ਇਸ ਤੋਂ ਜ਼ਾਹਰ ਹੈ ਕਿ ਇਹ ਸਭ ਕੁਝ ਸਾਰੇ ਦਰਸ਼ਕਾਂ ਦੇ ਸਾਹਮਣੇ ਹੋ ਰਿਹਾ ਸੀ। ਅਖ਼ਬਾਰ ਵਾਲੇ ਵੀ ਦੇਖ ਰਹੇ ਸਨ। ਕੁਝ ਔਰਤਾਂ ਵੀ ਦਰਸ਼ਕਾਂ ਵਿਚ ਸਨ। ਇਹ ਸਾਰੀ ਗ਼ੈਰ ਕਾਨੂੰਨੀ ਤੇ ਅਮਾਨਵੀ ਕਾਰਵਾਈ ਅਦਾਲਤ ਦੀ ਮੌਜ਼ੂਦਗੀ ਵਿਚ ਹੋ ਰਹੀ ਸੀ। ਕੁੱਟ-ਮਾਰ ਕਰਨ 'ਤੇ ਵੀ ਅਦਾਲਤ ਦੀ ਕਾਰਵਾਈ ਮੁੜ ਚਾਲੂ ਨਹੀਂ ਸੀ ਹੋ ਸਕੀ, ਇਸ ਪਿੱਛੋਂ ਜਦੋਂ ਅਦਾਲਤ ਉਠ ਗਈ, ਤਾਂ ਜੇਲ੍ਹ ਵਿਚ ਲਿਆ ਕੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫੇਰ ਕੁਟਾਪਾ ਚਾੜ੍ਹਿਆ ਗਿਆ। ਇਹ ਸਰਕਾਰੀ ਤਸ਼ਦੱਦ, ਕਈ ਘੰਟੇ ਚਲੂ ਰਿਹਾ ਕਿਉਂਕਿ ਹੁਣ ਪੁਲਸ ਨੂੰ ਦਰਸ਼ਕਾਂ ਤੇ ਪੱਤਰਕਾਰਾਂ ਦਾ ਵੀ ਅੜਿੱਕਾ ਨਹੀਂ ਸੀ ਰਿਹਾ। ਆਖ਼ਰ ਮਾਰਦੇ-ਮਾਰਦੇ ਪੁਲਸ ਤੇ ਜੇਲ੍ਹ ਵਾਲੇ ਥੱਕ ਗਏ। ਉਹਨਾਂ ਇਕ ਸਾਂਝੀ ਰਿਪੋਰਟ ਭੇਜੀ ਕਿ 'ਜੇ ਹੁਕਮ ਦਿੱਤਾ ਜਾਏ ਤਾਂ ਕੁੱਟ-ਕੁੱਟ ਕੇ ਇਹਨਾਂ ਦੋਸ਼ੀਆਂ ਨੂੰ ਜਾਨੋਂ ਤਾਂ ਮਾਰਿਆ ਜਾ ਸਕਦਾ ਹੈ, ਪਰ ਇਹ ਸੰਭਵ ਨਹੀਂ ਕਿ ਇਹਨਾਂ ਦੀ ਇੱਛਾ ਦੇ ਵਿਰੁੱਧ ਕੋਈ ਕੰਮ ਕਰਵਾਇਆ ਜਾ ਸਕਦਾ ਹੋਵੇ।' ਅਖ਼ਬਾਰਾਂ ਨੇ ਇਹ ਸਭ ਕੁਝ ਛਾਪਿਆ, ਰਾਸ਼ਟਰੀ ਪਰਚਿਆਂ ਨੇ ਸੁਰਖੀਆਂ ਲਾਈਆਂ, ਪਰ ਹੈਰਾਨੀ ਹੈ ਕਿ ਗਾਂਧੀ ਨੇ ਕਿਸੇ ਵੀ ਕਿਸਮ ਦਾ ਕੋਈ ਬਿਆਨ ਲਾਹੌਰ ਦੇ ਕੈਦੀਆਂ ਦੇ ਪੱਖ ਵਿਚ ਨਹੀਂ ਦਿੱਤਾ। ਇਹ ਇਕ ਤਰ੍ਹਾਂ ਨਾਲ ਚੰਗਾ ਹੀ ਹੋਇਆ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜਾਂ ਉਹਨਾਂ ਦੇ ਸਾਥੀਆਂ ਦੇ ਬਿਆਨ ਦੇਣ ਨਾਲ ਪੁਲਸ ਨੂੰ ਆਪਣੀ ਕਾਰਵਾਈ ਬੰਦ ਕਰਨੀ ਪੈਂਦੀ। ਕੁਝ ਵੀ ਹੋਏ ਜਦੋਂ ਪੁਲਸ ਤੇ ਜੇਲ੍ਹ ਵਾਲੇ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਗਏ ਤੇ ਉਹਨਾਂ ਇਸ ਸੰਬੰਧ ਵਿਚ ਰਿਪੋਰਟ ਦੇ ਦਿੱਤੀ ਤਾਂ ਅਦਾਲਤ ਨੂੰ ਆਪਣਾ ਪਿਛਲਾ ਹੁਕਮ ਰੱਦ ਕਰਨਾ ਪਿਆ। ਇੰਜ ਇਹ ਇਕ ਬੜੀ ਵੱਡੀ ਜਿੱਤ ਹੋਈ।
ਇੱਥੇ ਅਸੀਂ ਏਨਾ ਹੋਰ ਦੱਸ ਦੇਈਏ ਕਿ ਕੈਦੀ 'ਇਨਕਲਾਬ ਜ਼ਿੰਦਾਬਾਦ', 'ਸਾਮਰਾਜਵਾਦ ਮੁਰਦਾਬਾਦ', 'ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਓ' ਦੇ ਨਾਅਰੇ ਲਾਉਣ ਤੇ ਰਾਸ਼ਟਰੀ ਗੀਤ ਗਾਉਣ ਪਿੱਛੋਂ ਬਾਹਾਂ ਉਲਾਰ-ਉਲਾਰ, ਮੁੱਠੀਆਂ ਤਾਣ-ਤਾਣ ਤੇ ਝੂੰਮ-ਝੂੰਮ ਕੇ ਰਾਮ ਪਰਸਾਦ ਬਿਸਮਿਲ ਦੀ ਪ੍ਰਸਿੱਧ ਗ਼ਜ਼ਲ ਦੇ ਸ਼ੇਅਰ ਵੀ ਗਾਉਂਦੇ ਸਨ...:

 'ਸਰਫ਼ਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
 ਦੇਖਨਾ ਹੈ ਜ਼ੋਰ ਕਿਤਨਾ ਬਾਜ਼ੁ-ਏ-ਕਾਤਿਲ ਮੇਂ ਹੈ।
 ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾਂ
 ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ।
 ਐ ਸ਼ਹੀਦੇ-ਮੁਲਕੋ-ਮਿੱਲਤ, ਮੈਂ ਤੇਰੇ ਊਪਰ ਨਿਸਾਰ,
 ਅਬ ਤੇਰੀ ਹਿੰਮਤ ਕਾ ਚਰਚਾ ਗ਼ੈਰ ਕੀ ਮਹਫ਼ਿਲ ਮੇਂ ਹੈ।'

ਉਹ ਸਿਰਾਂ ਉੱਤੇ ਕੱਫ਼ਨ ਬੰਨ੍ਹ ਕੇ ਨਿਕਲੇ ਸਨ ਤੇ ਮੌਤ ਦਾ ਭੈ ਮਨਾਂ ਵਿਚੋਂ ਕੱਢ ਦਿੱਤਾ ਸੀ। ਉਹਨਾਂ ਦੇ ਮਨਾਂ ਵਿਚ ਸਰਫ਼ਿਰੋਸ਼ੀ (ਆਪਾ ਵਾਰਨ) ਦੀ ਜਿਹੜੀ ਸੱਧਰ ਸੀ, ਉਸਨੂੰ ਉਹਨਾਂ ਨੇ ਆਪਣੇ ਆਚਰਨ ਰਾਹੀਂ ਪੈਰ-ਪੈਰ 'ਤੇ ਸਾਬਤ ਕੀਤਾ ਸੀ। ਮਜ਼ਦੂਰ ਵਰਗ ਦੇ ਕਰਾਂਤੀਕਾਰੀ ਸਿਧਾਂਤ ਨੇ, ਜਿਸਦੇ ਉਹ ਪ੍ਰਤੀਨਿਧ ਸਨ, ਉਹਨਾਂ ਦੇ ਇਰਾਦਿਆਂ ਤੇ ਜਿਸਮ ਨੂੰ ਇਸਪਾਤ ਬਣਾ ਦਿੱਤਾ ਸੀ। ਅਤਿਆਚਾਰ ਸਾਹਵੇਂ ਝੁਕਣ ਜਾਂ ਡੋਲਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਇਤਿਹਾਸ ਦੇ ਵਿਦਿਆਰਥੀ ਸਨ, ਉਹਨਾਂ ਲਈ 'ਇਨਕਲਾਬ' ਸਿਰਫ ਇਕ ਸ਼ਬਦ ਨਹੀਂ ਸਗੋਂ ਇਕ ਇਤਿਹਾਸਕ ਪ੍ਰਕਿਰਿਆ ਸੀ—ਜੀਹਦੀ, ਆਦਮ-ਯੁੱਗ ਤੋਂ ਚੱਲੀ ਆ ਰਹੀ ਇਕ ਸੰਜੀਵ-ਜੁਝਾਰੂ ਪਰੰਪਰਾ ਸੀ। ਉਹ ਇਸ ਇਤਿਹਾਸਕ ਪ੍ਰਕਿਰਿਆ ਨੂੰ ਤੇਜ਼ ਕਰਨ ਤੇ ਉਸਦੀ ਜੁਝਾਰੂ ਪਰੰਪਰਾ ਵਿਚ ਮਨੁੱਖੀ ਹਿਰਦੇ ਦੇ ਨਵ-ਉਪਜੇ ਤੱਤ ਜੋੜ ਕੇ ਉਸਨੂੰ ਬਲਵਾਨ ਬਣਾਉਣ ਦਾ ਨਿਹਚਾ ਕਰ ਚੁੱਕੇ ਸਨ ਤੇ ਇਸ ਦੇਸ਼ ਦੇ ਨੌਜਵਾਨਾਂ ਦਾ ਧਿਆਨ ਖਿੱਚਣ ਵਾਲਾ ਕੋਈ ਵੀ ਮੌਕਾ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦੇ।
ਮਾਡਰਨ ਰਿਵਿਯੂ ਦੇ ਸੰਪਾਦਕ ਰਾਮਾ ਨੰਦ ਚਟੋਪਾਧਿਆਏ ਨੇ 'ਇਨਕਲਾਬ ਜ਼ਿੰਦਾਬਾਦ' ਦੇ ਸਿਰਲੇਖ ਹੇਠ ਇਕ ਟਿੱਪਣੀ ਲਿਖੀ, ਜਿਸ ਵਿਚ ਉਸਨੇ ਇਸ ਨਾਅਰੇ ਨੂੰ ਅਰਾਜਕਤਾ ਤੇ ਖ਼ੂਨ-ਖਰਾਬੇ ਦਾ ਪ੍ਰਤੀਕ ਤੇ ਵਿਅਰਥ ਦੱਸਿਆ। ਭਗਤ ਸਿੰਘ ਉਸਦੀ ਭਾਜੀ ਮੋੜਣੋਂ ਨਹੀਂ ਉੱਕੇ। ਆਪਣੀ ਚਿੱਠੀ ਵਿਚ ਸੰਪਾਦਕ ਪ੍ਰਤੀ...:“ਤੁਹਾਡੇ ਵਰਗੇ ਪ੍ਰਸਿੱਧ ਵਿਚਾਰਕ ਦੇ ਵਿਚਾਰਾਂ ਦਾ ਪ੍ਰਤੀਵਾਦ ਕਰਨਾ ਸਾਡੀ ਨਾਲਾਇਕੀ ਹੋਏਗੀ” ਇਹਨਾਂ ਸ਼ਬਦਾਂ ਨਾਲ ਸਤਿਕਾਰ ਜ਼ਾਹਰ ਕਰਦਿਆਂ ਹੋਇਆਂ ਲਿਖਿਆ...“ਪਰ ਇਸ ਦੇ ਬਾਵਜੂਦ ਅਸੀਂ ਆਪਣਾ ਫ਼ਰਜ਼ ਸਮਝਦੇ ਹਾਂ ਕਿ ਅਸੀਂ ਇਸਦੇ ਸੰਬੰਧ ਵਿਚ ਅਸਲੀਅਤ ਨੂੰ ਤੁਹਾਡੇ ਸਾਹਮਣੇ ਰੱਖੀਏ ਕਿ ਸਾਡੇ ਦਿਮਾਗ਼ ਵਿਚ ਇਸ ਨਾਅਰੇ ਦਾ ਕੀ ਅਰਥ ਹੈ। ਸਾਡਾ ਇਹ ਫ਼ਰਜ਼ ਇਸ ਲਈ ਵੀ ਬਣਦਾ ਹੈ ਕਿ ਭਾਰਤੀ ਇਤਿਹਾਸ ਦੇ ਵਰਤਮਾਨ ਮੋੜ ਉੱਤੇ ਅਸੀਂ ਇਸਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ।”
ਇਹ ਲਿਖਣ ਪਿੱਛੋਂ ਕਿ ਅਹਿੰਸਾ ਤੇ ਵਿਦਰੋਹ ਨੂੰ ਕਰਾਂਤੀ ਮੰਨ ਲੈਣਾ ਦਰੁਸਤ ਨਹੀਂ, ਭਗਤ ਸਿੰਘ ਨੇ ਪਹਿਲਾਂ 'ਜ਼ਿੰਦਾਬਾਦ' ਤੇ ਫੇਰ 'ਇਨਕਲਾਬ' ਸ਼ਬਦ ਦੀ ਤਰਕ-ਸੰਗਤ ਵਿਆਖਿਆ ਕੀਤੀ...:
“ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਤੁਸੀਂ ਇਸ ਨਾਅਰੇ ਦੇ ਪਿੱਛੇ ਕੰਮ ਕਰਨ ਵਾਲੇ ਵਿਚਾਰਾਂ ਨੂੰ ਇਸ ਨਾਲੋਂ ਵੱਖ ਨਹੀਂ ਕਰ ਸਕਦੇ। ਅਸੀਂ ਜਦੋਂ ਯਤੀਂਦਰ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਹਾਂ ਤਾਂ ਇਸ ਤੋਂ ਸਾਡਾ ਮੰਸ਼ਾ ਇਹ ਹੁੰਦਾ ਹੈ ਕਿ ਅਸੀਂ ਇਸ ਕਰਾਂਤੀਕਾਰੀ ਸ਼ਹੀਦ ਦੀ ਉਸ ਅਜਿੱਤ ਭਾਵਨਾ ਤੇ ਉਸ ਮਹਾਨ ਆਦਰਸ਼ ਨੂੰ ਸਦਾ-ਸਦਾ ਲਈ ਜਿਊਂਦਾ ਰੱਖੀਏ, ਜਿਸਨੇ ਇਸ ਮਹਾਨ ਬਲੀਦਾਨੀ ਨੂੰ ਉਸ ਆਦਰਸ਼ ਲਈ ਅਸੀਮ ਕਸ਼ਟ ਝੱਲਣ ਤੇ ਕੁਰਬਾਨੀ ਦੇਣ ਦੇ ਸਮਰਥ ਬਣਾਇਆ। ਇਹ ਨਾਅਰਾ ਲਾਉਣ ਸਮੇਂ ਸਾਡੀ ਇਹ ਤੀਬਰ ਇੱਛਾ ਹੁੰਦੀ ਹੈ ਕਿ ਅਸੀਂ ਵੀ ਆਪਣੇ ਆਦਰਸ਼ਾਂ ਲਈ ਇਸੇ ਹੌਸਲੇ ਤੇ ਇਸੇ ਭਾਵਨਾ ਨੂੰ ਜਿਊਂਦਾ ਰੱਖੀਏ। ਇਹ ਨਾਅਰਾ ਲਾ ਕੇ ਅਸੀਂ ਇਸ ਭਾਵਨਾ ਤੇ ਇਸ ਹੌਸਲੇ ਦੀ ਪ੍ਰਸ਼ੰਸਾ ਕਰਦੇ ਹਾਂ ਤੇ ਉਸਦੇ ਪ੍ਰਤੀ ਆਦਰ-ਸਨਮਾਣ ਵੀ।
“ ਹੁਣ ਇਸ ਨਾਅਰੇ ਦੇ 'ਇਨਕਲਾਬ' ਸ਼ਬਦ ਨੂੰ ਲਓ। ਇਸ ਸ਼ਬਦ ਦਾ ਇਕ ਸ਼ਾਬਦਿਕ ਅਰਥ ਵਿਦਰੋਹ ਹੈ, ਪਰ ਉਸਦੇ ਸਿਰਫ ਸ਼ਾਬਦਿਕ ਅਰਥ ਨੂੰ ਲੈਣਾ ਹੀ ਕਾਫੀ ਨਹੀਂ।” ਇਹ ਦੱਸਦਿਆਂ ਹੋਇਆਂ ਕਿ ਵਿਦਰੋਹ, ਕਰਾਂਤੀ ਨਹੀਂ, ਪਰ ਵਿਦਰੋਹ ਦਾ ਸਿੱਟਾ ਕਰਾਂਤੀ ਵਿਚ ਬਦਲ ਜਾਂਦਾ ਹੈ, ਅੱਗੇ ਲਿਖਿਆ ਹੈ, “ਸਾਡੀ ਸੋਚ ਅਨੁਸਾਰ ਪ੍ਰਗਤੀ ਲਈ ਤਬਦੀਲੀ ਦਾ ਨਾਂ ਕਰਾਂਤੀ ਹੈ। ਹੁੰਦਾ ਇਹ ਹੈ ਕਿ ਜ਼ਿੰਦਗੀ ਵਿਚਲੀਆਂ ਨਿੱਤ-ਨਿੱਤ ਦੀਆਂ ਰੁਕਾਵਟਾਂ ਆਦਮੀ ਨੂੰ ਆਪਣੇ ਸ਼ਿਕੰਜੇ ਵਿਚ ਕਸ ਲੈਂਦੀਆਂ ਹਨ ਤੇ ਉਹ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਹਿਚਕਿਚਾਉਣ ਲੱਗ ਪੈਂਦਾ ਹੈ। ਬਸ ਇਹਨਾਂ ਰੁਕਾਵਟਾਂ ਤੇ ਰੁਕਾਵਟਾਂ ਪੈਦਾ ਕਰਨ ਵਾਲੀਆਂ ਸਥਿਤੀਆਂ ਦੀ ਅਲਖ ਮੁਕਾਉਣ ਲਈ ਕਰਾਂਤੀ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ ਤਾਂ ਨਿਰਾਸ਼ਾ ਦਾ ਵਾਤਾਵਰਣ ਕਾਬਿਜ ਹੋ ਜਾਂਦਾ ਹੈ। ਤੇ ਜਨਤਾ ਨੂੰ ਗੁਮਰਾਹ ਕਰਨ ਵਾਲੀਆਂ ਪ੍ਰਤੀਗਾਮੀ ਸਥਿਤੀਆਂ ਉਸਨੂੰ ਗ਼ਲਤ ਰਾਹ 'ਤੇ ਲਾਉਣ ਵਿਚ ਸਫਲ ਹੋ ਜਾਂਦੀਆਂ ਹਨ। ਇਸ ਨਾਲ ਮਾਨਵੀ ਪ੍ਰਗਤੀ ਮੂਹਰੇ ਰੁਕਾਵਟਾਂ ਖੜ੍ਹੀਆਂ ਹੋ ਜਾਂਦੀਆਂ ਹਨ ਤੇ ਇਹ ਰੁਕ ਜਾਂਦੀ ਹੈ।
“ਇਸ ਸਥਿਤੀ ਨੂੰ ਬਦਲਣ ਲਈ ਜ਼ਰੂਰੀ ਹੈ ਕਿ ਕਰਾਂਤੀਕਾਰੀ ਭਾਵਨਾ ਨੂੰ ਜਗਾਇਆ ਜਾਵੇ ਤਾਂ ਕਿ ਮਨੁੱਖ ਜਾਤੀ ਦੀ ਆਤਮਾ ਵਿਚ ਹਰਕਤ ਪੈਦਾ ਹੋ ਜਾਏ ਤੇ ਪ੍ਰਤੀਗਾਮੀ ਸ਼ਕਤੀਆਂ, ਮਨੁੱਖ ਦੀ ਉੱਨਤੀ ਦੀ ਰਾਹ ਵਿਚ ਅੜਿੱਕੇ ਨਾ ਬਣ ਸਕਣ ਤੇ ਨਾ ਹੀ ਇਸ ਰਸਤੇ ਨੂੰ ਬੰਦ ਕਰਨ ਲਈ ਸੰਗਠਿਤ ਤੇ ਮਜ਼ਬੂਤ ਹੋ ਸਕਣ। ਮਾਨਵੀ ਉੱਨਤੀ ਦਾ ਇਹ ਇਕ ਜ਼ਰੂਰੀ ਸਿਧਾਂਤ ਹੈ ਕਿ ਪੁਰਾਣੀ ਚੀਜ਼ ਨਵੀਂ ਚੀਜ਼ ਲਈ ਜਗ੍ਹਾ ਖਾਲੀ ਕਰਦੀ ਹੈ।
“ਹੁਣ ਤੁਸੀਂ ਠੀਕ ਤਰ੍ਹਾਂ ਸਮਝ ਗਏ ਹੋਵੋਗੇ ਕਿ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਅਸੀਂ, ਜਿਸਦਾ ਤੁਸੀਂ ਮਜ਼ਾਕ ਉਡਾਇਆ ਹੈ, ਕਿਸ ਭਾਵਨਾ ਤੋਂ ਪਰੇਰਤ ਹੋ ਕੇ ਤੇ ਕਿਸ ਉਪਯੋਗ ਲਈ ਬੁਲੰਦ ਕਰ ਰਹੇ ਹਾਂ...।”
ਗਾਂਧੀ ਦੇ ਸੱਚ ਤੇ ਅਹਿੰਸਾ ਨੇ ਦੇਸ਼ ਵਿਚ ਰੋਕਾਂ-ਰੁਕਾਵਟਾ ਤੇ ਗਤੀ-ਹੀਣਤਾ ਦੀ ਜਿਹੜੀ ਸਥਿਤੀ ਪੈਦਾ ਕਰ ਦਿੱਤੀ ਸੀ, ਉਸਨੂੰ ਭੰਗ ਕਰਨਾ ਤੇ ਪੀੜੀ ਜਾ ਰਹੀ ਜਨਤਾ ਨੂੰ ਹਲੂਣਾ ਦੇਣਾ ਜ਼ਰੂਰੀ ਸੀ। ਅਸੈਂਬਲੀ ਵਿਚ ਬੰਬ ਇਸੇ ਉਦੇਸ਼ ਨਾਲ ਸੁੱਟਿਆ ਗਏ ਸਨ, ਭੁੱਖ-ਹੜਤਾਲ ਦਾ ਵੀ ਇਹੋ ਮੰਤਕ ਸੀ ਤੇ ਹੁਣ ਇਸੇ ਉਦੇਸ਼ ਨਾਲ ਅਦਾਲਤ ਨੂੰ ਮੰਚ ਬਣਾਇਆ ਗਿਆ ਸੀ।
ਮੁਕੱਦਮਾ ਜਿੰਨਾ ਲੰਮਾ ਹੋ ਰਿਹਾ ਸੀ, ਕਰਾਂਤੀ ਦੀ ਰਾਹ ਵਿਚ ਅੜਿੱਕਾ ਬਣੀਆ ਰੁਕਵਟਾਂ ਉੱਪਰ ਵਾਰ ਕਰਨ ਦੇ ਓਨੇ ਵੱਧ ਮੌਕੇ ਮਿਲ ਰਹੇ ਸਨ ਤੇ ਭਗਤ ਸਿੰਘ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਸੀ ਜਾਣ ਦਿੰਦੇ। ਭਗਤ ਸਿੰਘ ਤੇ ਉਹਨਾਂ ਦੇ ਸਾਥੀ ਮੁਕੱਦਮੇ ਦੇ ਅੰਜਾਮ ਨੂੰ ਸਮਝ ਚੁੱਕੇ ਸਨ ਤੇ ਉਸ ਵਿਚ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦੇ ਪ੍ਰਤੀ ਯਕਦਮ ਉਦਾਸੀਨ ਸਨ। ਉਹਨਾਂ ਨੇ ਤਾਂ ਆਪਣੇ ਵਿਚਾਰ ਲੋਕਾਂ ਤਕ ਪਹੁੰਚਾਉਣੇ ਸਨ ਤੇ ਉਹਨਾਂ ਨੂੰ ਆਪਣੀ ਇਤਿਹਾਸਕ ਜ਼ਿੰਮੇਵਾਰੀ ਲਈ ਤਿਆਰ ਕਰਨਾ ਸੀ। ਇਸ ਲਈ ਉਹਨਾਂ ਦੀ ਕੋਸ਼ਿਸ਼ ਸੀ ਕਿ ਮੁਕੱਦਮਾ ਹੌਲੀ-ਹੌਲੀ ਸਰਕਦਾ ਰਹੇ। ਪਰ ਸਰਕਾਰ ਦਾ ਹਿਤ ਅੜਚਣਾ, ਅੜਿੱਕੇ ਕਾਇਮ ਰੱਖਣਾ ਸੀ ਤੇ ਉਹ ਚਾਹੁੰਦੀ ਸੀ ਕਿ ਮੁਕੱਦਮਾ ਜਲਦੀ ਤੋਂ ਜਲਦੀ ਖਤਮ ਹੋ ਜਾਏ। ਇਸ ਲਈ ਉਸਨੇ ਪਹਿਲੀ ਮਈ 1930 ਨੂੰ ਇਕ ਖਾਸ ਆਰਡੀਨੈਂਸ ਜਰੀਏ ਇਕ ਖਾਸ ਟ੍ਰਿਬਿਊਨਲ ਬਣਾਇਆ ਤੇ ਕਿਹਾ ਕਿ 'ਮੁਕੱਦਮੇ ਦੀ ਕਾਰਵਾਈ ਜਾਰੀ ਰੱਖਣ ਲਈ ਦੋਸ਼ੀਆਂ ਦਾ ਅਦਾਲਤ ਵਿਚ ਹਾਜ਼ਰ ਹੋਣਾ ਜ਼ਰੂਰੀ ਨਹੀਂ, ਉਹਨਾਂ ਦੇ ਵਕੀਲਾਂ ਦਾ ਮੌਜ਼ੂਦ ਹੋਣਾ ਕਾਫੀ ਹੈ।' ਭਗਤ ਸਿੰਘ ਨੇ ਇਸ ਆਰਡੀਨੈਂਸ ਬਾਰੇ ਇਕ ਦਸਤਾਵੇਜ ਗਵਰਨਰ ਜਨਰਲ ਆਫ ਇੰਡੀਆ ਨੂੰ ਭੇਜਿਆ। ਲਿਖਿਆ ਸੀ...:
“ਸਾਡੇ ਮੁਕੱਦਮੇ ਨੂੰ ਜਲਦੀ ਨਿਪਟਾਉਣ ਲਈ ਜਾਰੀ ਕੀਤੇ ਗਏ ਆਰਡੀਨੈਂਸ ਦੀ ਪੂਰੀ ਨਕਲ ਸਾਨੂੰ ਸੁਣਾਈ ਜਾ ਚੁੱਕੀ ਹੈ, ਇਸ ਲਈ ਪੰਜਾਬ ਹਾਈ ਕੋਰਟ ਦੇ ਅਧਿਕਾਰ ਖੇਤਰ ਵਿਚ ਇਕ ਟ੍ਰਿਬਿਊਨਲ ਦੀ ਨਿਯੁਕਤੀ ਕੀਤੀ ਗਈ ਹੈ। ਜੇ ਇਸ ਮਾਮਲੇ ਵਿਚ ਅਪਣਾਏ ਗਏ ਰਵੱਈਏ ਦਾ ਜ਼ਿਕਰ ਨਾ ਕੀਤਾ ਗਿਆ ਹੁੰਦਾ ਤੇ ਉਸਦੀ ਜਵਾਬਦੇਹੀ ਸਾਡੇ ਸਿਰ ਨਾ ਥੋਪੀ ਗਈ ਹੁੰਦੀ ਤਾਂ ਸ਼ਾਇਦ ਅਸੀਂ ਆਪਣੀ ਜ਼ਬਾਨ ਬੰਦ ਰੱਖਦੇ। ਪਰ ਮੌਜ਼ੂਦਾ ਹਾਲਾਤ ਵਿਚ ਇਸ ਸੰਬੰਧ ਵਿਚ ਅਸੀਂ ਆਪਣਾ ਬਿਆਨ ਦੇਣਾ ਜ਼ਰੂਰੀ ਸਮਝਦੇ ਹਾਂ।
“ਅਸੀਂ ਸ਼ੁਰੂ ਤੋਂ ਹੀ ਜਾਣਦੇ ਹਾਂ ਕਿ ਸਰਕਾਰ ਜਾਣ-ਬੁੱਝ ਕੇ ਸਾਡੇ ਬਾਰੇ ਗ਼ਲਤ-ਫ਼ਹਿਮੀਆਂ ਪੈਦਾ ਕਰ ਰਹੀ ਹੈ। ਆਖ਼ਰਕਾਰ ਇਹ ਇਕ ਲੜਾਈ ਹੈ ਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਆਪਣੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਗ਼ਲਤ-ਫ਼ਹਿਮੀਆਂ ਦਾ ਜਾਲ ਬੁਣਨਾ ਸਰਕਾਰ ਦਾ ਪਹਿਲਾ ਹੱਥ-ਕੰਡਾ ਹੈ। ਇਸ ਨੀਚ ਹਰਕਤ ਨੂੰ ਰੋਕਣ ਲਈ ਸਾਡੇ ਕੋਲ ਕੋਈ ਉਪਾਅ ਨਹੀਂ। ਪਰ ਕੁਝ ਅਜਿਹੀਆਂ ਗੱਲਾਂ ਹਨ, ਜਿਹਨਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਅਸੀਂ ਕੁਝ ਕਹਿਣ ਲਈ ਮਜ਼ਬੂਰ ਹਾਂ।
“ਲਾਹੌਰ ਸਾਜਿਸ਼ ਬਾਰੇ ਜਾਰੀ ਕੀਤੇ ਗਏ ਆਰਡੀਨੈਂਸ ਵਿਚ ਤੁਸੀਂ ਸਾਡੀ ਭੁੱਖ-ਹੜਤਾਲ ਬਾਰੇ ਲਿਖਿਆ ਹੈ ਕਿ ਸਾਡੇ ਵਿਚੋਂ ਦੋ ਜਣਿਆਂ ਨੇ ਸਪੈਸ਼ਲ ਮਜਿਸਟਰੇਟ ਪੰਡਤ ਸ਼੍ਰੀ ਕ੍ਰਿਸ਼ਨ ਦੀ ਅਦਾਲਤ ਵਿਚ ਛਾਣ-ਬੀਨ ਆਰੰਭ ਕਰਨ ਲਈ ਕਈ ਹਫ਼ਤੇ ਪਹਿਲਾਂ ਭੁੱਖ-ਹੜਤਾਲ ਸ਼ੁਰੂ ਕੀਤੀ ਸੀ। ਮਾਮੂਲੀ ਸੂਝ-ਬੂਝ ਰੱਖਣ ਵਾਲਾ ਆਦਮੀ ਵੀ ਇਹ ਸਮਝ ਸਕਦਾ ਹੈ ਕਿ ਭੁੱਖ-ਹੜਤਾਲ ਦਾ ਇਸ ਮੁਕੱਦਮੇ ਨਾਲ ਕੋਈ ਵਾਸਤਾ ਨਹੀਂ। ਭੁੱਖ-ਹੜਤਾਲ ਸ਼ੁਰੂ ਕਰਨ ਦੇ ਕੁਝ ਖਾਸ ਕਾਰਨ ਸਨ। ਜਦੋਂ ਸਰਕਾਰ ਨੇ ਇਸ ਸਮੱਸਿਆ ਨੂੰ ਸੁਲਝਾਉਣ ਦੀ ਹਾਮੀ ਭਰੀ ਤੇ ਜੇਲ੍ਹ ਇੰਕੁਵਾਰੀ ਕਮੇਟੀ ਬਣਾਈ ਤਾਂ ਅਸੀਂ ਭੁੱਖ-ਹੜਤਾਲ ਖਤਮ ਕਰ ਦਿੱਤੀ। ਸਾਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇਹ ਸਮੱਸਿਆ ਨਵੰਬਰ ਤਕ ਸੁਲਝਾ ਦਿੱਤੀ ਜਾਏਗੀ। ਫੇਰ ਉਸ ਵਿਚ ਦਸੰਬਰ ਤਕ ਦੇਰੀ ਕੀਤੀ ਗਈ। ਜਨਵਰੀ ਦਾ ਮਹੀਨਾ ਵੀ ਬੀਤ ਗਿਆ, ਪਰ ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਮਿਲ ਰਿਹਾ ਕਿ ਸਰਕਾਰ ਇਸ ਬਾਰੇ ਵਾਕੱਈ ਕੁਝ ਕਰੇਗੀ ਜਾਂ ਨਹੀਂ। ਸਾਨੂੰ ਲੱਗਿਆ ਕਿ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ ਹੈ। ਇਹਨਾਂ ਹਾਲਤਾਂ ਵਿਚ ਅਸੀਂ ਪੂਰੇ ਇਕ ਹਫ਼ਤੇ ਦਾ ਨੋਟਸ ਦੇ ਕੇ 4 ਫਰਬਰੀ 1930 ਨੂੰ ਫੇਰ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਹੀ ਸਰਕਾਰ ਨੇ ਸਮੱਸਿਆ ਨੂੰ ਅੰਤਮ ਰੂਪ ਵਿਚ ਸ਼ਾਂਤ ਕਰਨ ਲਈ ਕੁਝ ਕਦਮ ਉਠਾਏ।
“ਇਸ ਬਾਰੇ ਫੇਰ ਸਰਕਾਰ ਵੱਲੋਂ ਇਕ ਬਿਆਨ ਅਖ਼ਬਾਰਾਂ ਵਿਚ ਜਾਰੀ ਕੀਤਾ ਗਿਆ ਤਾਂ ਅਸੀਂ ਫੇਰ ਭੁੱਖ-ਹੜਤਾਲ ਖਤਮ ਕਰ ਦਿੱਤੀ। ਇੱਥੋਂ ਤਕ ਕਿ ਅਸੀਂ ਇਸ ਗੱਲ ਦੀ ਉਡੀਕ ਵੀ ਨਹੀਂ ਕੀਤੀ ਕਿ ਸਰਕਾਰ ਆਪਣੇ ਆਖ਼ਰੀ ਫ਼ੈਸਲੇ ਲਾਗੂ ਵੀ ਕਰਦੀ ਹੈ ਜਾਂ ਨਹੀਂ। ਅਸੀਂ ਇਹ ਅੱਜ ਵੀ ਮਹਿਸੂਸ ਕੀਤਾ ਹੈ ਕਿ ਅੰਗਰੇਜ਼ ਸਰਕਾਰ ਸਾਧਾਰਨ ਮਾਮਲਿਆਂ ਵਿਚ ਵੀ ਛਲ-ਕਪਟ ਦਾ ਸਹਾਰਾ ਲੈਣੋਂ ਨਹੀਂ ਯਕਦੀ। ਜੋ ਵੀ ਹੋਏ, ਇਸ ਸਮੱਸਿਆ ਉੱਪਰ ਬਹਿਸ ਕਰਨ ਦਾ ਇਹ ਮੌਕਾ ਨਹੀਂ, ਪਰ ਅਸੀਂ ਇਹ ਜ਼ੋਰ ਦੇ ਕੇ ਕਹਿਣਾ ਚਾਹੁੰਦੇ ਹਾਂ ਕਿ ਭੁੱਖ-ਹੜਤਾਲ ਦਾ ਉਦੇਸ਼ ਮੁਕੱਦਮੇ ਦੇ ਖ਼ਿਲਾਫ਼ ਕੋਈ ਕਦਮ ਨਹੀਂ ਸੀ। ਅਜਿਹੇ ਮਾਮੂਲੀ ਕਾਰਨਾ ਲਈ ਅਸੀਂ ਏਨੇ ਅਤਿਆਚਾਰ ਸਹਿਣ ਨਹੀਂ ਸਨ ਕੀਤੇ। ਰਾਜਗੁਰੂ ਤੇ ਸੁਖਦੇਵ ਨੇ ਵੀ ਇਸ ਕਾਰਨੇ ਆਪਣੀ ਜਾਨ ਖਤਰੇ ਵਿਚ ਨਹੀਂ ਸੀ ਪਾਈ।”
ਭੁੱਖ-ਹੜਤਾਲ ਦੁਬਾਰਾ ਕਰਨੀ ਪਈ ਸੀ, ਤਦ ਸਰਕਾਰ ਨੇ ਏ, ਬੀ, ਤੇ ਸੀ ਕਲਾਸਾਂ ਬਣਾਈਆਂ ਸਨ। ਫੇਰ ਲਿਖਿਆ ਹੈ...“ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਆਰਡੀਨੈਂਸ ਸਾਡੀਆਂ ਭਾਵਨਾਵਾਂ ਨੂੰ ਨਹੀਂ ਕੁਚਲ ਸਕਦੇ। ਤੁਸੀਂ ਕੁਝ ਵਿਅਕਤੀਆਂ ਨੂੰ ਕੁਚਲ ਸਕਦੇ ਹੋ, ਪਰ ਯਾਦ ਰੱਖਣਾ, ਤੁਸੀਂ ਇਸ ਰਾਸ਼ਟਰ ਨੂੰ ਨਹੀਂ ਕੁਚਲ ਸਕਦੇ। ਜਿੱਥੋਂ ਤਕ ਇਸ ਆਰਡੀਨੈਂਸ ਦਾ ਸੰਬੰਧ ਹੈ, ਅਸੀਂ ਇਸਨੂੰ ਆਪਣੀ ਸ਼ਾਨਦਾਰ ਜਿੱਤ ਸਮਝਦੇ ਹਾਂ। ਅਸੀਂ ਤਾਂ ਸ਼ੁਰੂ ਤੋਂ ਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡਾ ਇਹ ਕਾਨੂੰਨ ਇਕ ਰੰਗੀਨ ਧੋਖਾ ਹੈ। ਇਹ ਨਿਆਂ ਨਹੀਂ ਹੋ ਸਕਦਾ। ਅਸੀਂ ਇਹ ਚਾਹੁੰਦੇ ਸੀ ਕਿ ਸਰਕਾਰ ਪਰਦੇ ਪਿੱਛੋਂ ਬਾਹਰ ਆਏ ਤੇ ਸਾਫ਼-ਸਾਫ਼ ਕਹੇ ਕਿ ਰਾਜਨੀਤਕ ਕੈਦੀਆਂ ਨੂੰ ਬਚਾਅ ਦਾ ਕੋਈ ਮੌਕਾ ਨਹੀਂ ਦਿੱਤਾ ਜਾ ਸਕਦਾ।”
ਜਿਹੜਾ ਸਪੈਸ਼ਨ ਟ੍ਰਿਬਿਊਨਲ ਬਣਾਇਆ ਗਿਆ, ਉਸਦੇ ਤਿੰਨ ਮੈਂਬਰਾਂ ਦੇ ਨਾਂ ਸਨ—ਜੱਜ ਜੇ.ਕੋਲਡ ਸਟ੍ਰੀਮ (ਪ੍ਰਧਾਨ), ਜੱਜ ਆਗਾ ਹੈਦਰ ਤੇ ਹਿਲਟਨ। 5 ਮਈ ਨੂੰ ਪੁੰਛ ਹਾਊਸ ਵਿਚ ਕਾਰਵਾਈ ਸ਼ੁਰੂ ਹੋਈ। ਦੋਸ਼ੀਆਂ ਨੇ ਅਦਾਲਤ ਵਿਚ ਆਉਂਦਿਆਂ ਹੀ 'ਇਨਕਲਾਬ ਜ਼ਿੰਦਾਬਾਦ', 'ਸਾਮਰਾਜਵਾਦ ਮੁਰਦਾਬਾਦ', 'ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਓ!' ਦੇ ਨਾਅਰੇ ਲਾਏ ਤੇ ਰਾਸ਼ਟਰੀ ਗੀਤ ਗਾਇਆ। ਭਗਤ ਸਿੰਘ ਨੇ ਨੁਕਤਾ ਉਠਾਇਆ ਕਿ ਸਾਨੂੰ ਪੰਦਰਾਂ ਦਿਨ ਦਾ ਸਮਾਂ ਦਿੱਤਾ ਜਾਏ ਤਾਂਕਿ ਟ੍ਰਿਬਿਊਨਲ ਦੇ ਗ਼ੈਰ-ਕਾਨੂੰਨੀ ਹੋਣ ਦੇ ਸੰਬੰਧ ਵਿਚ ਦਲੀਲਾਂ ਪੇਸ਼ ਕੀਤੀਆਂ ਜਾ ਸਕਣ। ਇਹ ਗੱਲ ਸਵੀਕਾਰ ਨਹੀਂ ਕੀਤੀ ਗਈ। ਮੁਕੱਦਮੇ ਦੀ ਸੂਚੀ ਵਿਚ 24 ਕੈਦੀਆਂ ਦੇ ਨਾਂ ਸਨ; ਪਰ ਮੁਕੱਦਮਾ 16 ਉੱਪਰ ਚੱਲਿਆ ਤੇ ਪਿੱਛੋਂ ਬੀ.ਕੇ. ਦੱਤ ਦੇ ਵਿਰੁੱਧ ਵੀ ਕੇਸ ਵਾਪਸ ਲੈ ਲਿਆ ਗਿਆ। ਜਿਹਨਾਂ ਉੱਤੇ ਮੁਕੱਦਮਾ ਚੱਲਿਆ ਉਹਨਾਂ ਦੇ ਨਾਂ ਸਨ¸ 1.ਸੁਖਦੇਵ, 2.ਭਗਤ ਸਿੰਘ, 3.ਕਿਸ਼ੋਰੀ ਲਾਲ, 4.ਦੇਸ਼ ਰਾਜ, 5.ਪਰੇਮ ਦੱਤ, 6.ਜੈ ਦੇਵ ਕਪੂਰ, 7.ਸ਼ਿਵ ਵਰਮਾ, 8.ਮਹਾਵੀਰ ਸਿੰਘ, 9.ਯਤੀਂਦਰ ਨਾਥ ਦਾਸ, 10.ਅਜੇ ਘੋਸ਼, 11.ਯਤੀਂਦਰ ਸਾਨਿਆਲ, 12.ਵਿਜੇ ਕੁਮਾਰ ਸਿਨਹਾ, 13.ਸ਼ਿਵ ਰਾਮ ਰਾਜਗੁਰੂ, 14.ਕੁੰਦਨ ਲਾਲ, 15.ਕਮਲ ਨਾਥ ਤਿਵਾੜੀ।
12 ਮਈ 1930 ਨੂੰ ਪ੍ਰਧਾਨ ਜੱਜ ਕੋਲਡ ਸਟ੍ਰੀਮ ਨੇ ਹੁਕਮ ਦਿੱਤਾ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਹੱਥਕੜੀਆਂ ਲਾ ਕੇ ਪੇਸ਼ ਕੀਤਾ ਜਾਏ। ਇਸ ਉੱਤੇ ਹੰਗਾਮਾ ਹੋ ਗਿਆ। ਕੋਲਡ ਸਟ੍ਰੀਮ ਨੇ ਭਾਰਤੀਆਂ ਨੂੰ ਗਾਲ੍ਹ ਕੱਢੀ ਤੇ ਭਗਤ ਸਿੰਘ ਨੂੰ ਬੈਂਤਾਂ ਨਾਲ ਕੁਟਵਾਇਆ।
ਅਦਾਲਤ ਵਿਚ ਸੰਵਾਦਦਾਤਾ ਤੇ ਦਰਸ਼ਕ ਵੀ ਮੌਜ਼ੂਦ ਸਨ। ਭਗਤ ਸਿੰਘ ਨੇ ਭਾਰਤੀਆਂ ਨੂੰ ਮੰਦਾ ਬੋਲਣ ਉੱਤੇ ਇਤਰਾਜ਼ ਕੀਤਾ ਤੇ ਕਿਹਾ, 'ਜੱਜ ਹੈਦਰ ਆਗਾ ਵੀ ਭਾਰਤੀ ਹਨ। ਅਜਿਹੀ ਮਾਨਸਿਕਤਾ ਵਾਲੇ ਜੱਜ ਤੋਂ ਨਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ।' ਜੱਜ ਆਗਾ ਹੈਦਰ ਨੇ ਉਸ ਦਿਨ ਦੀ ਕਾਰਵਾਈ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਦੀ ਦੁਨੀਆਂ ਭਰ ਵਿਚ ਚਰਚਾ ਹੋਈ। ਸਾਰੇ ਭਾਰਤ ਵਿਚ ਭਗਤ ਸਿੰਘ ਦਿਹਾੜਾ ਮਨਾਇਆ ਗਿਆ ਤੇ ਦੋਸ਼ੀਆਂ ਨੇ ਅਦਾਲਤ ਵਿਚ ਆਉਣਾ ਬੰਦ ਕਰ ਦਿੱਤਾ। ਸਿੱਟਾ ਇਹ ਕਿ ਕੋਲਡ ਸਟ੍ਰੀਮ ਨੂੰ ਲੰਮੀ ਛੁੱਟੀ ਲੈ ਕੇ ਜਾਣਾ ਪਿਆ ਤੇ 21 ਜੂਨ 1930 ਨੂੰ ਟ੍ਰਿਬਿਊਨਲ ਨਵੇਂ ਸਿਰੇ ਤੋਂ ਸੰਗਠਿਤ ਕੀਤਾ ਗਿਆ। ਹੁਣ ਜੱਜ ਜੇ.ਸੀ. ਹੈਮਿਲਟਨ ਨੂੰ ਚੇਅਰ-ਮੈਨ ਬਣਾਇਆ ਗਿਆ। ਨਵੇਂ ਜੱਜ ਜੇ.ਕੇ. ਟੇਪ ਤੇ ਅਬਦੁਲ ਕਾਦਰ ਨਿਯੁਕਤ ਹੋਏ।
ਭਗਤ ਸਿੰਘ ਤੇ ਬੀ.ਕੇ. ਦੱਤ ਨੇ ਇਸ ਨਵੇਂ ਟ੍ਰਿਬਿਊਨਲ ਬਾਰੇ ਇਕ ਚਿੱਠੀ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਿਖਿਆ...:
“...ਅਸੀਂ ਇਕ ਗੱਲ ਬੜੇ ਜ਼ੋਰ ਨਾਲ ਕਹਿਣਾ ਚਾਹੁੰਦੇ ਹਾਂ ਕਿ ਜੱਜ ਕੋਲਡ ਸਟ੍ਰੀਮ ਨਾਲ ਸਾਨੂੰ ਕੋਈ ਨਿੱਜੀ ਸ਼ਿਕਾਇਤ ਨਹੀਂ ਸੀ। ਸਾਡੇ ਇਤਰਾਜ਼ ਦਾ ਕਾਰਨ ਜੱਜ ਕੋਲਡ ਸਟ੍ਰੀਮ ਦੁਆਰਾ ਕੀਤਾ ਗਿਆ ਬਹੁ ਗਿਣਤੀ ਦਾ ਨਿਰਾਦਰ ਤੇ ਉਸ ਪਿੱਛੋਂ ਸਾਡੇ ਨਾਲ ਹੋਇਆ ਦੁਰ-ਵਿਹਾਰ ਸੀ। ਜੱਜ ਕੋਲਡ ਸਟ੍ਰੀਮ ਤੇ ਜੱਜ ਹੈਮਿਲਟਨ ਦਾ ਅਸੀਂ ਓਵੇਂ ਹੀ ਸਤਿਕਾਰ ਕਰਦੇ ਹਾਂ ਜਿਵੇਂ ਇਕ ਮਨੁੱਖ ਨੂੰ ਦੂਜੇ ਮਨੁੱਖ ਦਾ ਕਰਨਾ ਚਾਹੀਦਾ ਹੈ। ਸਾਡਾ ਵਿਰੋਧ ਉਸ ਖਾਸ ਹੁਕਮ ਦੇ ਖ਼ਿਲਾਫ਼ ਸੀ, ਜਿਹੜਾ ਟ੍ਰਿਬਿਊਨਲ ਵੱਲੋਂ ਦਿੱਤਾ ਗਿਆ ਸੀ। ਤੇ ਉਸਦੇ ਲਈ ਜ਼ਿੰਮੇਵਾਰ ਚੇਅਰ-ਮੈਨ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਸੀ। ਪ੍ਰਧਾਨ ਨੂੰ ਹਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੱਜ ਹੈਮਿਲਟਨ ਜਿਹੜੇ ਇਸ ਹੁਕਮ ਵਿਚ ਹਿੱਸੇਦਾਰ ਸਨ, ਹੁਣ ਜੱਜ ਕੋਲਡ ਸਟ੍ਰੀਮ ਦੀ ਜਗ੍ਹਾ, ਪ੍ਰਧਾਨਗੀ ਕਰ ਰਹੇ ਹਨ। ਅਸੀਂ ਸਿਰਫ ਏਨਾ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਡੇ ਜ਼ਖ਼ਮਾਂ ਉੱਤੇ ਲੂਣ ਛਿੜਕਣਾ ਹੈ।”
ਭਗਤ ਸਿੰਘ ਜਦੋਂ ਵੀ ਅਦਾਲਤ ਵਿਚ ਜਾਂਦੇ ਸਨ, ਹਰ ਵਾਰੀ-ਵਾਰੀ ਕੁਝ ਨਾ ਕੁਝ ਅਜਿਹਾ ਕਰਦੇ ਸਨ, ਜਿਸ ਨਾਲ ਕਰਾਂਤੀਕਾਰੀ ਦਲ ਦਾ ਪਰਚਾਰ ਹੋਏ ਤੇ ਨੌਜਵਾਨ ਇਹ ਸਮਝਣ ਕਿ ਕਰਾਂਤੀਕਾਰੀ ਕਿਹੜਾ ਉਦੇਸ਼ ਲੈ ਕੇ ਲੜ ਰਹੇ ਹਨ।
ਉਦਾਹਰਨ ਵਜੋਂ 24 ਜਨਵਰੀ 1930 ਨੂੰ ਲੇਨਿਨ ਦਿਵਸ ਦੇ ਮੌਕੇ, ਉਹ ਲੋਕ ਗਲ਼ੇ ਵਿਚ ਲਾਲ ਰੁਮਾਲ ਬੰਨ੍ਹ ਕੇ ਅਦਾਲਤ ਵਿਚ ਗਏ। ਮਜਿਸਟਰੇਟ ਦੇ ਆਉਣ ਉੱਤੇ ਉਹਨਾਂ ਨੇ ਸਮਾਜਵਾਦੀ ਇਨਕਲਾਬ ਜ਼ਿੰਦਾਬਾਦ, ਕਮਿਊਨਿਸਟ ਇੰਟਰ ਨੈਸ਼ਨਲ ਜ਼ਿੰਦਾਬਾਦ, ਪ੍ਰੋਲੋਤਾਰੀ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਾਏ। ਫੇਰ ਭਗਤ ਸਿੰਘ ਨੇ ਇਹ ਤਾਰ ਤੀਜੀ ਇੰਟਰਨੈਸ਼ਨਲ ਮਾਸਕੋ ਦੇ ਪ੍ਰਧਾਨ ਨੂੰ ਭੇਜਣ ਲਈ ਮਜਿਸਟਰੇਟ ਨੂੰ ਦਿੱਤਾ...:
“ਲੇਨਿਨ ਦਿਵਸ ਦੇ ਮੌਕੇ ਉੱਤੇ ਅਸੀਂ ਸੋਵੀਅਤ ਰੂਸ ਵਿਚ ਲੇਨਿਨ ਦੀ ਸਫਲਤਾ ਨੂੰ ਅੱਗੇ ਵਧਾਉਣ ਵਾਲੇ ਹੋ ਰਹੇ ਮਹਾਨ ਪ੍ਰਯੋਗ ਦੀ ਕਾਮਯਾਬੀ ਲਈ ਹਾਰਦਿਕ ਵਧਾਈ ਦੇਂਦੇ ਹਾਂ। ਅੰਤਰ-ਰਾਸ਼ਟਰੀ ਕਰਾਂਤੀਕਾਰੀ ਅੰਦੋਲਨ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਹਾਂ, ਮਜ਼ਦੂਰ ਰਾਜ ਦੀ ਜੈ ਹੋਵੇ, ਸਮਾਜਵਾਦ ਦੀ ਜੈ ਹੋਵੇ। ਸਾਮਰਾਜਵਾਦ ਮੁਰਦਾਬਾਦ।”
ਸ਼ਾਮ ਕ੍ਰਿਸ਼ਨ ਵਰਮਾ ਦੀ ਮੌਤ ਉੱਤੇ ਮਧ ਯੂਰਪ ਦੀ ਹਿੰਦੁਸਤਾਨੀ ਐਸੋਸਿਏਸ਼ਨ ਨੇ ਵਰਲਿਨ ਤੋਂ ਇਹ ਤਾਰ ਭੇਜਿਆ...:
“ਕ੍ਰਿਪਾ ਕਰਕੇ ਭਾਰਤ ਵਿਚ ਸਮਾਜਵਾਦੀ ਕਰਾਂਤੀਕਾਰੀ ਅੰਦੋਲਨ ਦੇ ਝੰਡਾ-ਬਰਦਾਰਾਂ ਵਿਚੋਂ ਇਕ ਕਾਮਰੇਡ ਕ੍ਰਿਸ਼ਨ ਵਰਮਾ ਦੀ ਅਫ਼ਸੋਸਨਾਕ ਮੌਤ ਉੱਪਰ ਸਾਡਾ ਦਿਲੀ ਅਫ਼ਸੋਸ ਆਪਣੇ ਹਲਕਿਆਂ ਵਿਚ ਪਹੁੰਚਾ ਦੇਣਾ।
“ਉਹਨਾਂ ਦਾ ਜੀਵਨ ਭਾਰਤੀ ਮੁਕਤੀ ਦੇ ਲੰਮੇ ਸੰਘਰਸ ਦੇ ਕਾਰਜ ਵਿਚ ਰਾਸ਼ਟਰੀ ਵਿਭੂਤੀ ਹੈ, ਜੋ ਆਜ਼ਾਦੀ ਦੀ ਲੜਾਈ ਵਿਚ ਕਾਰਜ ਕਰਤਾਵਾਂ ਨੂੰ ਹਮੇਸ਼ਾ ਪਰੇਰਦਾ ਰਹੇਗਾ।”
ਇਹ ਗੱਲ 8 ਅਪ੍ਰੈਲ 1930 ਨੂੰ ਟ੍ਰਿਬਿਊਨ ਵਿਚ ਪ੍ਰਕਾਸ਼ਤ ਹੋਈ। ਇਸੇ ਤਰ੍ਹਾਂ ਉਹ ਮਈ ਦਿਵਸ, ਕਰਤਾਰ ਸਿੰਘ ਸਰਾਭਾ ਦਿਵਸ ਤੇ ਕਾਕੋਰੀ ਦਿਵਸ ਵੀ ਮਨਾਉਂਦੇ ਸਨ। ਕਰਾਂਤੀਕਾਰੀਆਂ ਨੇ ਅਦਾਲਤ ਨੂੰ ਕਦੀ ਅਦਾਲਤ ਨਹੀਂ ਸਮਝਿਆ ਤੇ ਨਾ ਹੀ ਇਸ ਗੱਲ ਦੀ ਪ੍ਰਵਾਹ ਕੀਤੀ ਕਿ ਉਹ ਕੀ ਫ਼ੈਸਲਾ ਕਰੇਗੀ। ਭਗਤ ਸਿੰਘ ਨੇ ਤਾਂ ਇਹ ਸੋਚ ਹੀ ਲਿਆ ਸੀ ਤੇ ਸਾਰੇ ਲੋਕ ਵੀ ਜਾਣਦੇ ਸਨ ਕਿ ਇਸ ਮੁਕੱਦਮੇ ਵਿਚ ਜੇ ਕੁਝ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਈ, ਤਾਂ ਉਹਨਾਂ ਵਿਚ ਇਕ ਭਗਤ ਸਿੰਘ ਜ਼ਰੂਰ ਹੋਣਗੇ। ਸਰਦਾਰ ਕਿਸ਼ਨ ਸਿੰਘ ਆਜ਼ਾਦੀ ਦੇ ਸੰਗਰਾਮ ਦੇ ਰਾਹੀ ਸਨ। ਉਹਨਾਂ ਵੀ ਜੇਲ੍ਹਾਂ ਕੱਟੀਆਂ ਸਨ, ਭੁੱਖ-ਹੜਤਾਲਾਂ ਕੀਤੀਆਂ ਸਨ ਤੇ ਟਿਕਟਿਕੀ ਉੱਤੇ ਵੱਝ ਕੇ ਬੈਂਤਾਂ ਖਾਧੀਆਂ ਸਨ, ਪਰ ਪੁੱਤਰ ਦੀ ਮੌਤ ਦੇ ਖ਼ਿਆਲ ਨੇ ਉਹਨਾਂ ਨੂੰ ਹਿਲਾਅ ਕੇ ਰੱਖ ਦਿੱਤਾ। ਉਹਨਾਂ ਟ੍ਰਿਬਿਊਨਲ ਦੀ ਮਾਰਫ਼ਤ ਸਰਕਾਰ ਨੂੰ ਇਕ ਅਰਜ਼ੀ ਭੇਜੀ, ਜਿਸ ਵਿਚ ਲਿਖਿਆ ਸੀ ਕਿ ਸਾਂਡਰਸ ਹੱਤਿਆ ਵਾਲੇ ਦਿਨ ਭਗਤ ਸਿੰਘ ਲਾਹੌਰ ਵਿਚ ਨਹੀਂ ਸੀ। ਉਹ ਕਲਕੱਤੇ ਗਿਆ ਹੋਇਆ ਸੀ ਤੇ ਉੱਥੋਂ ਉਸਨੇ ਇਸੇ ਦਿਨ ਖੱਦਰ ਭੰਡਾਰ ਪਰੀਮਹਲ ਦੇ ਮੈਨੇਜ਼ਰ ਸ਼ਾਮ ਲਾਲ ਨੂੰ ਚਿੱਠੀ ਲਿਖੀ ਸੀ। ਚਿੱਠੀ ਉੱਤੇ ਡਾਕਖਾਨੇ ਦੀ ਮੋਹਰ ਸੀ। ਕਹਾਣੀ ਮਨ-ਘੜੰਤ ਤੇ ਝੂਠੀ ਸੀ। ਭਗਤ ਸਿੰਘ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਹ ਬੜੇ ਖਿਝ-ਕਰਿਝ ਗਏ। ਉਹਨਾਂ ਰੋਸ ਤੇ ਹਿਰਖ ਦੀ ਰੌਅ ਵੱਸ ਪਿਤਾ ਨੂੰ ਇਕ ਚਿੱਠੀ ਲਿਖੀ। ਉਹ ਚਾਹੁੰਦੇ ਸਨ ਕਿ ਜਿਹਨਾਂ ਅਖ਼ਬਾਰਾਂ ਵਿਚ ਪਿਤਾ ਦੀ ਅਰਜ਼ੀ ਵਾਲੀ ਖਬਰ ਛਪੀ ਹੈ, ਉਹਨਾਂ ਵਿਚ ਇਹਨਾਂ ਦੀ ਇਹ ਚਿੱਠੀ ਵੀ ਛਪੇ ਤਾਂ ਕਿ ਇਸ ਅਰਜ਼ੀ ਨਾਲ ਉਹਨਾਂ ਦੀ ਸਾਖ ਨੂੰ ਜਿਹੜਾ ਧੱਕਾ ਲੱਗਿਆ ਹੈ, ਉਸਦੀ ਪੂਰਤੀ ਹੋ ਸਕੇ। ਲਿਖਿਆ ਸੀ...:
“ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਤੁਸੀਂ ਸਪੈਸ਼ਲ ਟ੍ਰਿਬਿਊਨਲ ਵਿਚ ਮੇਰੀ ਸਫਾਈ ਵਿਚ ਦਰਖ਼ਾਸਤ ਪੇਸ਼ ਕੀਤੀ ਹੈ। ਇਹ ਖਬਰ ਏਨੀ ਦੁਖਦਾਈ ਹੈ ਕਿ ਮੈਂ ਇਸਨੂੰ ਚੁੱਪ ਰਹਿ ਕੇ ਬਰਦਾਸ਼ਤ ਨਹੀਂ ਕਰ ਸਕਦਾ। ਇਸ ਖਬਰ ਨੇ ਮੇਰੇ ਦਿਲ ਦੀ ਸ਼ਾਂਤੀ ਖਤਮ ਕਰ ਦਿੱਤੀ ਹੈ, ਮੈਂ ਸਮਝ ਨਹੀਂ ਸਕਦਾ ਕਿ ਮੌਜ਼ੂਦਾ ਹਾਲਾਤ ਵਿਚ ਤੇ ਇਸ ਮਰਹਲੇ ਉੱਪਰ ਤੁਸਾਂ ਕੀ ਸੋਚ ਕੇ ਅਰਜ਼ੀ ਦਿੱਤੀ ਹੈ।
“ਤੁਹਾਡਾ ਪੁੱਤਰ ਹੋਣ ਦੇ ਨਾਤੇ ਮੈਂ ਤੁਹਾਡੀਆਂ ਪਿਤਰੀ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦਾ ਹਾਂ। ਇਸ ਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਮੇਰੇ ਨਾਲ ਸਲਾਹ-ਮਸ਼ਵਰਾ ਕੀਤੇ ਬਗ਼ੈਰ ਤੁਹਾਨੂੰ ਅਜਿਹੀ ਅਰਜ਼ੀ ਦੇਣ ਦਾ ਕੋਈ ਅਧਿਕਾਰ ਨਹੀਂ ਸੀ। ਤੁਸੀਂ ਸਮਝਦੇ ਓ ਕਿ ਰਾਜਨੀਤਕ ਖੇਤਰ ਵਿਚ ਮੇਰੇ ਵਿਚਾਰ ਤੁਹਾਡੇ ਨਾਲੋਂ ਭਿੰਨ ਹਨ। ਮੈਂ ਤੁਹਾਡੀ ਸਹਿਮਤੀ ਜਾਂ ਅਸਹਿਮਤੀ ਵੱਲ ਧਿਆਨ ਨਾ ਦੇ ਕੇ ਹਮੇਸ਼ਾ ਸੁਤੰਤਰ ਰੂਪ ਵਿਚ ਕੰਮ ਕਰਦਾ ਹਾਂ।
“ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਗੱਲ ਯਾਦ ਹੋਏਗੀ ਕਿ ਤੁਸੀਂ ਸ਼ੁਰੂ ਤੋਂ ਹੀ ਮੈਨੂੰ ਇਸ ਗੱਲ ਲਈ ਕਾਇਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਓ ਕਿ ਮੈਂ ਮੁਕੱਦਮਾ ਗੰਭੀਰਤਾ ਨਾਲ ਲੜਾਂ ਤੇ ਆਪਣੀ ਸਫਾਈ ਪੇਸ਼ ਕਰਾਂ। ਪਰ ਤੁਹਾਨੂੰ ਇਹ ਵੀ ਪਤਾ ਹੈ ਕਿ ਮੈਂ ਇਸਦਾ ਹਮੇਸ਼ਾ ਵਿਰੋਧ ਕੀਤਾ ਹੈ। ਮੈਂ ਕਦੀ ਵੀ ਸਫਾਈ ਪੇਸ਼ ਕਰਨ ਦੀ ਇੱਛਾ ਪਰਗਟ ਨਹੀਂ ਕੀਤੀ ਤੇ ਨਾ ਹੀ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ।
“ਤੁਸੀਂ ਜਾਣਦੇ ਹੋ ਕਿ ਅਸੀਂ ਮੁਕੱਦਮੇ ਵਿਚ ਇਕ ਸਪਸ਼ਟ ਨੀਤੀ ਅਪਣਾਈ ਹੋਈ ਹੈ। ਮੇਰਾ ਹਰ ਕਦਮ ਇਸ ਨੀਤੀ, ਮੇਰੇ ਆਦਰਸ਼ਾਂ ਤੇ ਸਾਡੇ ਕਾਰਜ-ਕਰਮ ਅਨੁਸਾਰ ਹੋਣਾ ਚਾਹੀਦਾ ਹੈ। ਅੱਜ ਹਾਲਾਤ ਬਿਲਕੁਲ ਵੱਖਰੇ ਹਨ। ਜੇ ਹਾਲਾਤ ਇਹਨਾਂ ਬਿਨਾਂ ਕੁਝ ਹੋਰ ਹੁੰਦੇ ਤਾਂ ਵੀ ਮੈਂ ਆਖ਼ਰੀ ਆਦਮੀ ਹੁੰਦਾ ਜਿਹੜਾ ਸਫਾਈ ਪੇਸ਼ ਕਰਦਾ।”
ਖ਼ਤ ਲੰਮਾਂ ਹੈ। ਉਸਨੂੰ ਪੂਰਾ ਛਾਪਣ ਦੀ ਗੁੰਜਾਇਸ਼ ਨਹੀ, ਪਰ ਇਹ ਪੈਰਾ ਜਿਸ ਨੂੰ ਭਗਤ ਸਿੰਘ ਨੇ ਆਪਣੇ ਦਿਲ ਦੇ ਲਹੂ ਨਾਲ ਲਿਖਿਆ ਜਾਪਦਾ ਹੈ, ਵਿਸ਼ੇਸ਼ ਰੂਪ ਵਿਚ ਦੇਖਣਾ ਬਣਦਾ ਹੈ...:
“ਪਿਤਾ ਜੀ, ਮੈਂ ਬੜਾ ਦੁੱਖ ਮਹਿਸੂਸ ਕਰ ਰਿਹਾ ਹਾਂ। ਮੈਨੂੰ ਡਰ ਹੈ ਕਿ ਤੁਹਾਡੀ ਆਲੋਚਨਾ ਕਰਦਿਆਂ ਹੋਇਆਂ ਜਾਂ ਤੁਹਾਡੇ ਇਸ ਕਾਰਜ ਦੀ ਨਿੰਦਿਆਂ ਕਰਦਿਆਂ ਹੋਇਆਂ, ਮੈਂ ਕਿਤੇ ਸਭਿਅਤਾ ਦੀ ਸੀਮਾ ਨਾ ਲੰਘ ਜਾਵਾਂ ਤੇ ਮੇਰੇ ਸ਼ਬਦ ਕਿਤੇ ਵਧ ਕਠੋਰ ਨਾ ਹੋ ਜਾਣ। ਫੇਰ ਵੀ ਮੈਂ ਸਪਸ਼ਟ ਸ਼ਬਦਾਂ ਵਿਚ ਏਨੀ ਗੱਲ ਜ਼ਰੂਰ ਕਹਾਂਗਾ ਕਿ ਕੋਈ ਹੋਰ ਵਿਅਕਤੀ ਮੇਰੇ ਨਾਲ ਇੰਜ ਵਿਹਾਰ ਕਰਦਾ ਤਾਂ ਮੈਂ ਉਸਨੂੰ ਦੇਸ਼-ਧਰੋਹੀ ਨਾਲੋਂ ਘੱਟ ਨਾ ਸਮਝਦਾ, ਪਰ ਤੁਹਾਡੀ ਪ੍ਰਸਿਥਤੀ ਨੂੰ ਸਮਝਦਾ ਹੋਇਆ ਮੈਂ ਸਿਰਫ ਏਨਾ ਹੀ ਕਹਾਂਗਾ ਕਿ ਇਹ ਇਕ ਦੁਰਬਲਤਾ ਹੈ, ਹੇਠਲੇ ਸਤਰ ਦੀ ਦੁਰਬਲਤਾ।
“ਇਹ ਇਕ ਅਜਿਹਾ ਸਮਾਂ ਸੀ, ਜਿਸ ਵਿਚ ਸਾਡੇ ਮਨ ਦੀ ਪ੍ਰੀਖਿਆ ਹੋ ਰਹੀ ਸੀ ਤੇ ਮੈਂ ਇਹ ਕਹਾਂਗਾ ਕਿ ਤੁਸੀਂ ਉਸ ਪ੍ਰੀਖਿਆ ਵਿਚ ਅਸਫਲ ਰਹੇ ਓ। ਮੈਂ ਜਾਣਦਾ ਹਾਂ ਕਿ ਤੁਸੀਂ ਵੀ ਓਡੇ ਹੀ ਦੇਸ਼ ਭਗਤ ਓ ਜਿਹੜਾ ਕੋਈ ਵਿਅਕਤੀ ਹੋ ਸਕਦਾ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣਾ ਸਾਰਾ ਜੀਵਨ ਭਾਰਤ ਦੀ ਆਜ਼ਾਦੀ ਲਈ ਲਾ ਦਿੱਤਾ ਹੈ, ਪਰ ਇਸ ਮਹੱਤਵਪੂਰਨ ਮੋੜ ਉੱਤੇ ਤੁਸੀਂ ਇਹ ਦੁਰਬਲਤਾ ਕਿਉਂ ਦਿਖਾਈ, ਮੈਂ ਇਹ ਗੱਲ ਸਮਝ ਨਹੀਂ ਸਕਦਾ।”
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਸ ਹੌਸਲੇ, ਸੂਝ-ਬੂਝ ਤੇ ਦਲੇਰੀ ਦਾ ਸਬੂਤ ਦਿੱਤਾ, ਉਸਨੇ ਮਨੁੱਖੀ ਹਿਰਦੇ ਨੂੰ ਅੰਦਰ ਤਕ ਪ੍ਰਭਾਵਿਤ ਕੀਤਾ। ਇਸ ਮੁਕੱਦਮੇ ਦੀਆਂ ਖਬਰਾਂ ਵਿਦੇਸ਼ਾਂ ਤਕ ਪਹੁੰਚੀਆਂ। ਪੋਲੈਂਡ ਦੀ ਇਕ ਔਰਤ ਨੇ ਰੁਪਏ ਭੇਜੇ ਤੇ ਲਿਖਿਆ ਕਿ ਮੈਨੂੰ ਇਸ ਮੁਕੱਦਮੇ ਦੀ ਕਾਰਵਾਈ ਦੀ ਖਬਰ ਲਗਾਤਾਰ ਭੇਜੀ ਜਾਏ। ਜਾਪਾਨ, ਕਨਾਡਾ ਤੇ ਦੂਰ ਦੱਖਣੀ ਅਮਰੀਕਾ ਤੋਂ ਵੀ ਮੁਕੱਦਮੇ ਦੀ ਪੈਰਵੀ ਲਈ ਰੁਪਈਆ ਆਉਂਦਾ ਰਿਹਾ।
ਇਸ ਮੁਕੱਦਮੇ ਨੂੰ ਲੈ ਕੇ ਦੇਸ਼ ਵਿਚ ਜਿਹੜੇ ਅੰਦੋਲਨ ਚੱਲੇ, ਉਹਨਾਂ ਨੇ ਅਨੇਕਾਂ ਠੁੱਸ ਵਿਅਕਤੀਆਂ ਨੂੰ ਗਤੀਸ਼ੀਲ ਤੇ ਗ਼ੈਰ-ਸਿਆਸੀ ਲੋਕਾਂ ਨੂੰ ਸਿਆਸੀ ਬਣਾਇਆ। ਇਸ ਅੰਦੋਲਨ ਨੂੰ ਉਹਨਾਂ ਨੇਤਾਵਾਂ ਦਾ ਸਹਿਯੋਗ ਵੀ ਪ੍ਰਾਪਤ ਹੋਇਆ, ਜਿਹੜੇ ਵਿਚਾਰਕ ਦ੍ਰਿਸ਼ਟੀ ਨਾਲ ਕਰਾਂਤਕਾਰੀ ਨੌਜਵਾਨਾਂ ਨਾਲ ਸਹਿਮਤ ਨਹੀਂ ਸਨ। ਇਸ ਮੁਕੱਦਮੇ ਨਾਲ ਸਮਾਜਵਾਦ ਦਾ ਜਿੰਨਾ ਪਰਚਾਰ ਹੋਇਆ, ਓਨਾ ਕਿਸੇ ਹੋਰ ਢੰਗ ਨਾਲ ਸੰਭਵ ਨਹੀਂ ਸੀ। ਭਗਤ ਸਿੰਘ, ਬਟੁਕੇਸ਼ਵਰ ਦੱਤ ਤੇ ਜਿਤੇਂਦਰ ਨਾਥ ਦੇ ਜਿਹੜੇ ਕਲੰਡਰ ਛਪੇ, ਉਹ ਉਹਨਾਂ ਦੀ ਲੋਕਪ੍ਰਿਯਤਾ ਦਾ ਪ੍ਰਮਾਣ ਹਨ।


7 ਅਕਤੂਬਰ 1930 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾਇਆ ਗਿਆ। ਇਹ ਫ਼ੈਸਲਾ 281 ਸਫਿਆਂ ਉੱਤੇ ਫ਼ੈਲਿਆ ਹੋਇਆ ਸੀ। ਦੋਸ਼ੀਆਂ ਨੂੰ ਹੇਠ ਲਿਖਿਆਂ ਸਜਾਵਾਂ ਦਿੱਤੀਆਂ ਗਈਆਂ...:
ਫਾਂਸੀ : 1.ਭਗਤ ਸਿੰਘ, 2.ਸੁਖਦੇਵ, 3.ਰਾਜਗੁਰੂ।
ਆ-ਜਨਮ ਕਾਲਾ ਪਾਣੀ : 1.ਕਿਸ਼ੋਰੀ ਲਾਲ, 2.ਮਹਾਵੀਰ ਸਿੰਘ, (ਜਿਹੜਾ ਅੰਡੇਮਾਨ ਵਿਚ 9 ਦਿਨਾਂ ਦੀ ਭੁੱਖ-ਹੜਤਾਲ ਵਿਚ ਸ਼ਹੀਦ ਹੋਇਆ), 3.ਵਿਜੇ ਕੁਮਾਰ ਸਿਨਹਾ, 4.ਸ਼ਿਵ ਵਰਮਾ, 5.ਗਯਾ ਪਰਸਾਦ, 6.ਜੈ ਦੇਵ ਕਪੂਰ, 7.ਕਮਲ ਨਾਥ ਤਿਵਾੜੀ।
ਕੈਦ ਬਾ-ਮੁਸ਼ੱਕਤ : 1.ਕੁੰਦਨ ਲਾਲ 7 ਵਰ੍ਹੇ, 2.ਪਰੇਮ ਦੱਤ 5 ਵਰ੍ਹੇ।
ਅਜੇ ਘੋਸ਼, ਸੁਰੇਂਦਰ ਨਾਥ ਪਾਂਡੇ ਤੇ ਜਿਤੇਂਦਰ ਨਾਥ ਸਨਿਆਲ ਨੂੰ ਰਿਹਾਅ ਕਰ ਦਿੱਤਾ ਗਿਆ।
ਦੋਸ਼ੀਆਂ ਨੇ ਅਦਾਲਤ ਦਾ ਬਾਈਵਾਟ ਕੀਤਾ ਹੋਇਆ ਸੀ, ਇਸ ਲਈ ਫ਼ੈਸਲਾ ਸੈਂਟਰਲ ਜੇਲ੍ਹ ਲਾਹੌਰ ਵਿਚ ਸੁਣਾਇਆ ਗਿਆ। ਡਰ ਸੀ ਕਿ ਕਿਤੇ ਲੋਕ ਜੇਲ੍ਹ ਉੱਤੇ ਹੱਲਾ ਨਾ ਬੋਲ ਦੇਣ, ਇਸ ਲਈ ਜਬਰਦਸਤ ਪਹਿਰਾ ਸੀ। ਫ਼ੈਸਲਾ ਟ੍ਰਿਬਿਊਨਲ ਦੇ ਵਿਸ਼ੇਸ਼ ਦੂਤ...ਸਰਕਾਰੀ ਵਕੀਲ ਨੇ ਹਰੇਕ ਦੋਸ਼ੀ ਨੂੰ ਉਸਦੇ ਸੈਲ ਵਿਚ ਵੱਖ-ਵੱਖ ਸੁਣਾਇਆ। ਸਰਕਾਰੀ ਵਕੀਲ ਕੁਝ ਛਿਣ ਚੁੱਪ ਖੜ੍ਹਾ ਭਗਤ ਸਿੰਘ ਵੱਲ ਦੇਖਦਾ ਰਿਹਾ, ਫੇਰ ਬੋਲਿਆ...“ਸਰਦਾਰ ਭਗਤ ਸਿੰਘ, ਬੜੇ ਦੁੱਖ ਦੀ ਗੱਲ ਏ ਕਿ ਅਦਾਲਤ ਨੇ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਏ।” ਭਗਤ ਸਿੰਘ ਨੇ ਉਤਰ ਦਿੱਤਾ...“ਇਸ ਵਿਚ ਦੁਖੀ ਹੋਣ ਵਾਲੀ ਕੋਈ ਗੱਲ ਨਹੀਂ, ਮੈਨੂੰ ਇਹ ਖਬਰ ਪਹਿਲਾਂ ਈ ਪਤਾ ਸੀ।”
ਸਰਕਾਰੀ ਵਕੀਲ ਭਰੜਾਈ ਆਵਾਜ਼ ਵਿਚ ਬੋਲਿਆ...“ਭਗਤ ਸਿੰਘ ਤੁਸੀਂ ਬਹਾਦੁਰ ਓ। ਮੈਂ ਤੁਹਾਡੀ ਬਹਾਦੁਰੀ ਦੀ ਪ੍ਰਸ਼ੰਸਾ ਕਰਦਾ ਆਂ। ਪਰ ਇਸ ਭਰੀ ਜਵਾਨੀ ਵਿਚ ਫਾਂਸੀ ਲੱਗੇ, ਠੀਕ ਨਹੀਂ। ਤੁਸੀਂ ਕਿਸੇ ਦਿਨ ਦੇਸ਼ ਦੇ ਮਹਾਨ ਨੇਤਾ ਬਣਦੇ।”
ਭਗਤ ਸਿੰਘ ਨੇ ਫੇਰ ਉਤਰ ਦਿੱਤਾ...“ਇਹ ਤਾਂ ਹੋਰ ਵੀ ਚੰਗੀ ਗੱਲ ਏ ਕਿ ਇਸ ਉਮਰ ਵਿਚ ਫਾਂਸੀ ਲੱਗੇਗੀ। ਸਾਡੇ ਵੱਡੇ-ਵਡੇਰੇ ਕਬੀਰ ਦਾ ਇਹ ਪਦ ਦੁਹਰਾਉਂਦੇ ਹੁੰਦੇ ਸਨ...:

 ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ।
 ਮਰਨੇ ਤੇ ਹੀ ਪਾਈਏ, ਪੂਰਨ ਪਰਮਾਨੰਦ।।”

ਦੇਖਿਆ ਨਹੀਂ, ਪਰ ਲੱਗਦਾ ਹੈ ਭਗਤ ਸਿੰਘ ਦੀਆਂ ਵਾਛਾ ਖਿੜ ਗਈਆਂ ਸਨ ਤੇ ਇਕ ਸੁੰਦਰ ਮਿੱਠੀ ਮੁਸਕਾਨ ਚਿਹਰੇ ਉੱਤੇ ਫ਼ੈਲ ਗਈ ਸੀ।
ਇਸ ਤੋਂ ਦੋ ਦਿਨ ਪਹਿਲਾਂ ਯਾਨੀ 5 ਅਕਤੂਬਰ ਦੀ ਰਾਤ ਨੂੰ ਵਿਦਾਈ ਸਮਾਰੋਹ ਸੀ, ਜਿਸ ਵਿਚ ਲਾਹੌਰ ਜੇਲ੍ਹ ਦੇ ਸਾਰੇ ਕੈਦੀਆਂ ਨੇ ਇਕੱਠੇ ਭੋਜਨ ਕੀਤਾ। ਸਮਾਰੋਹ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਭੋਜ ਵਿਚ ਪਹਿਲੀ ਵਾਰੀ ਅਧਿਕਾਰੀ ਵੀ ਸ਼ਾਮਲ ਹੋਏ ਸਨ। ਜੇਲ੍ਹਰ, ਜੱਜ ਤੇ ਮਾਤਹਤ; ਕੈਦੀਆਂ ਤੇ ਅਧਿਕਾਰੀਆਂ ਦਾ ਅੰਤਰ ਮਿਟ ਗਿਆ ਸੀ। ਸਾਰੇ ਸਿਰਫ ਮਨੁੱਖ ਸਨ, ਸਾਰੇ ਭਾਰਤੀ ਸਨ ਤੇ ਸਾਰਿਆਂ ਦੇ ਦਿਲ ਦੇਸ਼ ਪਰੇਮ ਦੀ ਭਾਵਨਾ ਤੇ ਦੇਸ਼ ਪ੍ਰਤੀ ਮਾਣ ਨਾਲ ਭਰੇ ਛਲਕ ਰਹੇ ਸਨ। ਖੁਸ਼ੀ ਤੇ ਆਨੰਦ ਦਾ ਵਾਤਾਵਰਣ ਸੀ।
ਗਾਂਧੀ ਜਿਸਦੇ ਆਪਣੇ ਮਨ ਵਿਚ ਕਪਟ ਭਰਿਆ ਹੋਇਆ ਸੀ, ਕਿਸੇ ਦਾ ਹਿਰਦੇ ਪਰੀਵਤਰਨ ਦੀ ਕਰ ਸਕਦਾ ਸੀ? ਹਿਰਦੇ ਪਰੀਵਰਤਨ ਕੀਤੇ ਭਗਤ ਸਿੰਘ ਨੇ ਤੇ ਉਸਦੇ ਸਾਥੀਆਂ ਨੇ, ਜਿਹਨਾਂ ਦੇ ਮਹਾਨ ਤਿਆਗ ਤੇ ਬੁਲੰਦ ਹੌਸਲੇ ਨੇ ਪਤਾ ਨਹੀਂ ਕਿੰਨਿਆਂ ਨੂੰ ਦੇਸ਼ ਪਰੇਮ ਕਰਨਾ ਤੇ ਸਾਮਰਾਜਵਾਦ ਨਾਲ ਘਿਰਣਾ ਕਰਨੀ ਸਿਖਾਈ—ਜਿਹਨਾਂ ਨੇ ਤੁੱਛ ਨੂੰ ਉੱਚ, ਤੇ ਠੁੱਸ ਨੂੰ ਗਤੀਸ਼ੀਲ ਬਣਾਇਆ।
ਸਰਕਾਰ ਨੇ ਬੜੀ ਸਵਧਾਨੀ ਵਰਤੀ ਕਿ ਫ਼ੈਸਲੇ ਦੀ ਖਬਰ ਜਨਤਾ ਵਿਚ ਨਾ ਫ਼ੈਲੇ। ਪਰ ਇਹ ਕਿੰਜ ਸੰਭਵ ਸੀ? ਜਦੋਂ ਨਿੱਕੀ ਤੋਂ ਨਿੱਕੀ ਗੱਲ ਝੱਟ ਬਾਹਰ ਪਹੁੰਚ ਜਾਂਦੀ ਸੀ, ਇਹ ਏਡੀ ਵੱਡੀ ਖਬਰ, ਜਿਸਦੀ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਉਡੀਕ ਸੀ, ਕਿੰਜ ਛੁਪਦੀ! ਸਰਕਾਰ ਨੇ ਧਾਰਾ 144 ਲਾ ਦਿੱਤੀ ਸੀ ਤੇ ਪੁਲਸ ਪ੍ਰਬੰਧ ਕਰੜੇ ਕਰ ਦਿੱਤੇ ਸਨ। ਖਬਰ ਦੇ ਫ਼ੈਲਦਿਆਂ ਹੀ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ। ਅਖ਼ਬਾਰਾਂ ਦੇ ਵਿਸ਼ੇਸ਼ ਅੰਕ ਧੜਾ-ਧੜ ਛਪ ਗਏ। ਹੜਤਾਲਾਂ, ਜਲੂਸਾਂ, ਜਲਸਿਆਂ ਤੇ ਰੋਸ-ਵਿਖਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਿਰਫ ਲਾਹੌਰ ਦੀ ਗੱਲ ਹੀ ਨਹੀਂ, ਦੇਸ਼ ਦੇ ਸਾਰੇ ਨਗਰਾਂ ਤੇ ਕਸਬਿਆਂ ਵਿਚ ਫ਼ੈਸਲੇ ਦੇ ਵਿਰੁੱਧ ਤੂਫ਼ਾਨ ਜਿਹਾ ਉਠ ਖੜ੍ਹਾ ਹੋਇਆ। ਭਗਤ ਸਿੰਘ, ਸੁਖਦੇਵ, ਰਾਜਗੁਰੂ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਆਸਮਾਨ ਗੂੰਜ ਉਠਿਆ। ਲਾਠੀ, ਗੋਲੀ ਤੇ ਗਿਰਫਤਾਰੀ ਦੀ ਕਿਸੇ ਨੂੰ ਪ੍ਰਵਾਹ ਨਹੀਂ ਸੀ। ਲੋਕ-ਵਿਦਰੋਹ, ਸਰਕਾਰੀ-ਬਰਬਰਤਾ ਖ਼ਿਲਾਫ਼, ਉਠ ਖੜ੍ਹਾ ਹੋਇਆ ਸੀ ਤੇ ਸਜ਼ਾਵਾਂ ਰੱਦ ਕਰਨ ਦੀ ਮੰਗ ਦਿਨੋਂ-ਦਿਨ ਵਧ ਰਹੀ ਸੀ।
ਫ਼ੈਸਲਾ 8 ਅਕਤੂਬਰ 1930 ਨੂੰ ਸੁਣਾਇਆ ਗਿਆ ਤੇ ਫਾਂਸੀ 23 ਮਾਰਚ 1931 ਨੂੰ ਦਿੱਤੀ ਗਈ। ਇਸ ਦੌਰਾਨ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਮੌਤ ਦੇ ਚੁੰਗਲ ਵਿਚੋਂ ਮੁਕਤ ਕਰਵਾਉਣ ਦਾ ਸੰਘਰਸ਼ ਜਾਰੀ ਰਿਹਾ ਤੇ ਆਸ ਬਣੀ ਰਹੀ।
ਸਪੈਸ਼ਲ ਟ੍ਰਿਬਿਊਨਲ ਦੀ ਅਦਾਲਤ ਵਿਚ ਨਾ ਦੋਸ਼ੀ ਪੇਸ਼ ਹੋਏ ਸਨ ਤੇ ਨਾ ਉਹਨਾਂ ਦੇ ਵਕੀਲ ਤੇ ਨਾ ਗਵਾਹੀਆਂ ਉੱਤੇ ਕਿਸੇ ਕਿਸਮ ਦੀ ਜਿਰਹਾ ਕੀਤੀ ਗਈ ਸੀ। ਇਹ ਇਕ ਤਰਫਾ ਫ਼ੈਸਲਾ—ਨਿਆਂ ਨਹੀਂ, ਧਾਂਦਲੀ ਸੀ। ਬਚਾਅ ਕਮੇਟੀ ਇਸਦੇ ਵਿਰੁੱਧ ਪ੍ਰਿਵੀ ਕੌਂਸਿਲ ਵਿਚ ਅਪੀਲ ਦੀ ਤਿਆਰੀ ਕਰ ਰਹੀ ਸੀ। ਪ੍ਰਿਵੀ ਕੌਂਸਿਲ ਤੋਂ ਵੀ ਨਿਆਂ ਦੀ ਕੋਈ ਆਸ ਨਹੀਂ ਸੀ। ਏਨਾ ਲਾਭ ਜ਼ਰੂਰ ਸੀ ਕਿ ਸਭਿਅ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਨਿਆਂ ਦਾ ਜਿਹੜਾ ਢੌਂਗ ਰਚਿਆ ਹੋਇਆ ਸੀ, ਦੁਨੀਆਂ ਭਰ ਵਿਚ ਉਸਦੀ ਪੋਲ ਖੁੱਲ੍ਹੇਗੀ। ਭਗਤ ਸਿੰਘ ਵੀ ਇਹੀ ਸਮਝਦੇ ਸਨ। ਉਹਨਾਂ ਫਾਂਸੀ ਨਿਸ਼ਚਿਤ ਮੰਨ ਲਈ ਸੀ ਤੇ ਉਹਨਾਂ ਦੀ ਜਿਹੜੀ ਮਨੋਸਥਿਤੀ ਸੀ, ਉਹ ਉਹਨਾਂ ਦੀ ਇਕ ਚਿੱਠੀ ਵਿਚੋਂ ਸਪਸ਼ਟ ਹੁੰਦੀ ਹੈ। ਇਹ ਚਿੱਠੀ ਉਹਨਾਂ ਆਪਣੇ ਪਿਆਰੇ ਮਿੱਤਰ ਬਟੁਕੇਸ਼ਵਰ ਦੱਤ ਨੂੰ ਲਿਖੀ ਸੀ, ਜਿਹੜੇ ਮੁਲਤਾਨ ਜੇਲ੍ਹ ਵਿਚ ਅਸੈਂਬਲੀ ਬੰਬ ਕੇਸ ਦੀ ਸਜ਼ਾ ਕੱਟ ਰਹੇ ਸਨ। ਲਿਖਿਆ ਸੀ...:
“ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਫਾਂਸੀ ਦਾ ਹੁਕਮ ਹੋਇਆ ਹੈ। ਇਹਨਾਂ ਕੋਠੜੀਆਂ ਵਿਚ ਮੇਰੇ ਇਲਾਵਾ ਫਾਂਸੀ ਦੀ ਉਡੀਕ ਕਰਨ ਵਾਲੇ ਬਹੁਤ ਸਾਰੇ ਅਪਰਾਧੀ ਹਨ। ਉਹ ਲੋਕ ਇਹੋ ਪ੍ਰਾਰਥਨਾਵਾਂ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਫਾਂਸੀ ਤੋਂ ਬਚ ਜਾਣ, ਪਰ ਉਹਨਾਂ ਵਿਚਕਾਰ ਸ਼ਾਇਦ ਮੈਂ ਹੀ ਇਕ ਅਜਿਹਾ ਵਿਆਕਤੀ ਹਾਂ ਜਿਹੜਾ ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ, ਜਦੋਂ ਮੈਨੂੰ ਆਪਣੇ ਆਦਰਸ਼ ਲਈ ਫਾਂਸੀ ਦੇ ਰੱਸੇ ਨਾਲ ਝੂਟ ਜਾਣ ਦਾ ਸੁਭਾਗ ਪ੍ਰਾਪਤ ਹੋਏਗਾ। ਮੈਂ ਇਸ ਖੁਸ਼ੀ ਨਾਲ ਫਾਂਸੀ ਦੇ ਤਖ਼ਤੇ ਉੱਤੇ ਚੜ੍ਹ ਕੇ ਦੁਨੀਆਂ ਨੂੰ ਦਿਖਾਅ ਦਿਆਂਗਾ ਕਿ ਕਰਾਂਤੀਕਾਰੀ ਆਪਣੇ ਆਦਰਸ਼ਾਂ ਲਈ ਕਿੰਨੀ ਦਲੇਰੀ ਨਾਲ ਬਲੀਦਾਨ ਦੇ ਸਕਦੇ ਹਨ।
“ਮੈਨੂੰ ਫਾਂਸੀ ਦੀ ਸਜ਼ਾ ਮਿਲੀ ਹੈ ਤੇ ਤੈਨੂੰ ਉਮਰ ਕੈਦ ਦੀ। ਤੂੰ ਜਿਊਂਦਾ ਰਹੇਂਗਾ—ਤੂੰ ਜਿਊਂਦਾ ਰਹਿ ਕੇ ਦੁਨੀਆਂ ਨੂੰ ਇਹ ਦਿਖਾਉਣਾ ਹੈ ਕਿ ਕਰਾਂਤੀਕਾਰੀ ਆਪਣੇ ਆਦਰਸ਼ਾਂ ਲਈ ਸਿਰਫ ਮਰ ਹੀ ਨਹੀਂ ਸਕਦੇ ਬਲਕਿ ਜਿਊਂਦੇ ਰਹਿ ਕੇ ਹਰ ਮੁਸੀਬਤ ਝੱਲ ਸਕਦੇ ਨੇ। ਮੌਤ ਸੰਸਾਰੀ ਦੁੱਖਾਂ-ਤਕਲੀਫਾਂ ਤੋਂ ਛੁਟਕਾਰਾ ਪਾ ਲੈਣ ਦਾ ਸਾਧਨ ਨਹੀਂ ਬਣਨੀ ਚਾਹੀਦੀ ਬਲਕਿ ਜਿਹੜੇ ਸਾਥੀ ਸੰਯੋਗ ਨਾਲ ਫਾਂਸੀ ਦੇ ਫੰਦੇ ਤੋਂ ਬਚ ਗਏ ਨੇ, ਉਹਨਾਂ ਨੂੰ ਜਿਊਂਦੇ ਰਹਿ ਕੇ ਦੁਨੀਆਂ ਨੂੰ ਇਹ ਦਿਖਾਅ ਦੇਣਾ ਚਾਹੀਦਾ ਹੈ ਕਿ ਉਹ ਨਾ ਸਿਰਫ ਆਪਣੇ ਆਦਰਸ਼ਾਂ ਲਈ ਫਾਂਸੀ ਚੜ੍ਹ ਸਕਦੇ ਨੇ ਬਲਕਿ ਜੇਲ੍ਹਾਂ ਦੀਆਂ ਹਨੇਰੀਆਂ ਤੰਗ ਕੋਠੜੀਆਂ ਵਿਚ ਖੁਰ-ਖੁਰ ਕੇ ਘਟੀਆ ਤੋਂ ਘਟੀਆ ਅਤਿਆਚਾਰ ਵੀ ਸਹਿ ਸਕਦੇ ਨੇ।”
ਮੌਤ ਦੀ ਸਜ਼ਾ ਸੁਣਨ ਪਿੱਛੋਂ ਵੱਡਿਆਂ-ਵੱਡਿਆਂ ਦਾ ਪਿੱਤਾ ਪਾਣੀ ਹੋ ਜਾਂਦਾ ਹੈ। ਪੜ੍ਹਨਾ-ਲਿਖਣਾ ਤਾਂ ਕੀ, ਖਾਣਾ-ਪੀਣਾ ਤਕ ਛੁੱਟ ਜਾਂਦਾ ਹੈ। ਪਰ ਭਗਤ ਸਿੰਘ ਇਸ ਪਿੱਛੋਂ ਵੀ ਸ਼ਾਂਤ ਤੇ ਸਥਿਰ ਰਹੇ ਤੇ ਪੜ੍ਹਨ-ਲਿਖਣ ਦਾ ਕੰਮ ਪਹਿਲਾਂ ਵਾਂਗ ਹੀ ਜਾਰੀ ਰਿਹਾ। ਉਹਨਾਂ ਦਾ ਪੜ੍ਹਨਾ ਸੰਸਾਰੀ ਢੰਗ ਦਾ ਪੜ੍ਹਨਾ ਨਹੀਂ ਸੀ। ਉਹ ਇਕ ਮਨਨਸ਼ੀਲ ਵਿਅਕਤੀ ਦਾ ਅਧਿਅਨ ਸੀ। ਉਹ ਜਿਹੜੀ ਪੁਸਤਕ ਪੜ੍ਹਦੇ ਸਨ, ਉਸ ਵਿਚ ਜਿਹੜੀ ਚੰਗੀ ਤੇ ਜ਼ਰੂਰੀ ਗੱਲ ਹੁੰਦੀ ਸੀ, ਉਸਨੂੰ ਲਿਖ ਲੈਂਦੇ ਸਨ। ਇਸ ਅਧਿਅਨ ਦੀ ਦੇਣ 404 ਸਫਿਆਂ ਦੀ ਇਕ ਨੋਟ ਬੁੱਕ ਹੈ, ਜਿਸਦੇ ਪਹਿਲੇ ਸਫੇ ਉੱਤੇ ਲਿਖਿਆ ਹੋਇਆ ਇਹ ਸ਼ੇਅਰ ਉਹਨਾਂ ਦੀ ਮਨ-ਸਥਿਤੀ ਬਿਆਨ ਕਰਦਾ ਹੈ...:

 ਕੁਰਰਾ-ਏ-ਖਾਕ ਹੈ ਗਰਦਿਸ਼ ਮੇਂ ਤਪਸ਼ਸੇ ਮੇਰੀ,
 ਮੈਂ ਵਹ ਮਜਨੂੰ ਹੂੰ ਜੋ ਜਿੰਦਾਂ ਮੇਂ ਆਜ਼ਾਦ ਰਹਾ।
(ਇਹ ਧਰਤੀ ਮੇਰੀ ਅੰਦਰਲੀ ਗਰਮੀ ਸਦਕਾ ਘੁੰਮ ਰਹੀ ਹੈ, ਮੈਂ ਉਹ ਮਜਨੂੰ ਭਾਵ ਦੀਵਾਨਾ ਹਾਂ, ਜਿਹੜਾ ਜੇਲ੍ਹ ਵਿਚ ਵੀ ਆਜ਼ਾਦ ਹੈ।)

ਉਹਨਾਂ ਦਾ ਅਧਿਅਨ ਕਿੰਨਾ ਵਿਸਤਰਿਤ ਸੀ ਤੇ ਉਹ ਕਿਸ ਢੰਗ ਦੀਆਂ ਕਿਤਾਬਾਂ ਪੜ੍ਹਦੇ ਸਨ, ਇਸ ਦਾ ਜ਼ਿਕਰ ਹੋ ਚੁੱਕਿਆ ਹੈ। ਇਸ ਸਿਲਸਿਲੇ ਦੀ ਇਕ ਚਿੱਠੀ ਦੇਖੋ ਜਿਹੜੀ ਉਹਨਾਂ ਆਪਣੇ ਇਕ ਬਚਪਨ ਦੇ ਦੋਸਤ ਜੈ ਦੇਵ ਨੂੰ 30 ਜੁਲਾਈ 1930 ਨੂੰ ਲਿਖੀ ਸੀ...:
'ਮੇਰੇ ਪਿਆਰੇ ਜੈ ਦੇਵ।
ਕ੍ਰਿਪਾ ਕਰਕੇ ਕੁਲਬੀਰ ਦੇ ਹੱਥ ਛਨੀਵਾਰ ਨੂੰ ਹੇਠ ਲਿਖੀਆਂ ਕਿਤਾਬਾਂ ਦੁਰਗਾ ਦਾਸ ਲਾਇਬਰੇਰੀ ਵਿਚੋਂ ਮੇਰਾ ਨਾਂ ਲੈ ਕੇ ਭੇਜਣ ਦਾ ਕਸ਼ਟ ਕਰਨਾ...:
ਮੈਟੀਰੀਅਲਿਜ਼ਮ : ਕਾਰਲ ਲਿਵਕੇਂਟ
ਵਹਾਈ ਮੈਨ ਫਾਈਟ : ਬੀ. ਸਮੇਲ
ਸੋਵੀਅਤ ਏਟ ਵਰਕ
ਕੋਲੈਪਸ ਆਫ ਸੈਕੇਂਡ ਇੰਟਰਨੈਸ਼ਨਲ
ਲੈਫਟਵਿੰਗ ਕਮਿਊਨਿਜ਼ਮ
ਮਿਊਚਲ ਏਡ : ਪ੍ਰਿਸ ਕ੍ਰੋਪਾਟਕਿਨ
ਫੀਲਡਸ, ਫੈਕਟਰੀਸ ਐਂਡ ਵਰਕਸ਼ਾਪਸ
ਸਿਵਿਲ ਵਾਰ ਇਨ ਫਰਾਂਸ : ਮਾਰਕਸ
ਲੈਂਡ ਰੇਵੋਲਿਊਸ਼ਨ ਇਨ ਰਸ਼ੀਆ
ਸਪਾਰਡ : ਇਪਟਨ ਸਿੰਕਲੇਚਰ
ਕ੍ਰਿਪਾ ਕਰਕੇ ਜੇ ਹੋ ਸਕੇ ਤਾਂ ਮੈਨੂੰ ਇਕ ਹੋਰ ਪੁਸਤਕ ਵੀ ਭੇਜਣ ਦਾ ਪ੍ਰਬੰਧ ਕਰਨਾ, ਜਿਸਦਾ ਨਾਂ 'ਥਿਊਰੀ ਆਫ ਹਿਸਟੋਰੀਕਲ ਮੈਟੀਰੀਅਲਿਜ਼ਮ ਬੁਖਾਰਿਨ' ਹੈ।
(ਇਹ ਪੁਸਤਕ ਪਬਲਿਕ ਲਾਇਬਰੇਰੀ 'ਚੋਂ ਮਿਲ ਜਾਏਗੀ)।”
ਭਗਤ ਸਿੰਘ ਸਿਰਫ ਪੜ੍ਹਨ ਲਈ ਨਹੀਂ ਪੜ੍ਹਦੇ ਸਨ, ਉਹਨਾਂ ਦੇ ਪੜ੍ਹਨ ਦਾ ਜੋ ਮੰਸ਼ਾ ਸੀ, ਉਹ ਉਹਨਾਂ 'ਮੈਂ ਨਾਸਤਕ ਕਿਓਂ ਹਾਂ' ਲੇਖ ਵਿਚ ਇੰਜ ਸਪਸ਼ਟ ਕੀਤਾ ਹੈ...: “ਅਧਿਅਨ ਕਰੋ ਤਾਂਕਿ ਤੁਸੀਂ ਆਪਣੇ ਵਿਰੋਧੀਆਂ ਦੇ ਤਰਕਾਂ ਦਾ ਜੁਆਬ ਦੇਣ ਯੋਗ ਬਣ ਸਕੋ। ਆਪਣੇ ਸਿਧਾਂਤ ਦੇ ਪੱਖ ਵਿਚ ਆਪਣੇ ਆਪ ਨੂੰ ਤਰਕ ਨਾਲ ਲੈਸ ਕਰੋ।” ਫੇਰ ਅੱਗੇ ਲਿਖਿਆ ਹੈ :
“ਤੁਸੀਂ ਕਿਸੇ ਪਰਚੱਲਤ ਵਿਸ਼ਵਾਸ ਦਾ ਵਿਰੋਧ ਕਰੋ। ਤੁਸੀਂ ਕਿਸੇ ਅਜਿਹੇ ਮਹਾਨ ਵਿਅਕਤੀ ਦੀ, ਜਿਸਨੂੰ ਅਵਤਾਰ ਸਮਝਿਆ ਜਾਂਦਾ ਹੋਏ, ਆਲੋਚਨਾ ਕਰਕੇ ਦੇਖੋ...ਤੁਹਾਨੂੰ ਆਪਣੇ ਤਰਕ ਦਾ ਉੱਤਰ ਦੰਭੀ, ਅਹਿੰਕਾਰੀ ਕਹਿ ਕੇ ਦਿੱਤਾ ਜਾਏਗਾ। ਇਸਦਾ ਕਾਰਨ ਮਾਨਸਿਕ ਜੜ੍ਹਤਾ ਹੈ। ਤਰਕ ਤੇ ਸੁਤੰਤਰ ਵਿਚਾਰ ਕਰਾਂਤੀਕਾਰੀ ਦੇ ਦੋ ਮੁੱਖ ਗੁਣ ਹਨ। ਮਹਾਤਮਾ, ਜਿਹੜੇ ਮਹਾਨ ਹਨ, ਇਸ ਲਈ ਕੋਈ ਉਹਨਾਂ ਦੀ ਆਲੋਚਨਾ ਨਾ ਕਰੇ ਕਿਉਂਕਿ ਉਹ ਆਲੋਚਨਾ ਤੋਂ ਉੱਪਰ ਉਠ ਚੁੱਕੇ ਨੇ। ਇਸ ਲਈ ਉਹ ਰਾਜਨੀਤੀ, ਧਰਮ, ਅਰਥ-ਸ਼ਾਸਤਰ ਤੇ ਨੀਤੀ-ਸ਼ਾਸਤਰ ਦੇ ਬਾਰੇ ਜੋ ਕੁਝ ਵੀ ਕਹਿੰਦੇ ਹਨ, ਉਹ ਸਹੀ ਹੈ। ਤੁਸੀਂ ਮੰਨਦੇ ਹੋਵੋ ਜਾਂ ਨਾ ਮੰਨਦੇ ਹੋਵੋ, ਤੁਹਾਨੂੰ ਕਹਿਣਾ ਪਏਗਾ...ਹਾਂ, ਇਹ ਗੱਲ ਠੀਕ ਹੈ। ਅਜਿਹੀ ਮਾਨਸਿਕਤਾ ਸਿਰਫ ਸਾਨੂੰ ਪ੍ਰਗਤੀ ਤੋਂ ਲਾਂਭੇ ਹੀ ਨਹੀਂ ਲਿਜਾਂਦੀ ਸਗੋਂ ਇਹ ਤਾਂ ਸਪਸ਼ਟ ਤੌਰ 'ਤੇ ਪ੍ਰਗਤੀ ਵਿਰੋਧੀ ਹੈ।”
ਅਸੀਂ ਦੇਖ ਚੁੱਕੇ ਹਾਂ ਕਿ ਭਗਤ ਸਿੰਘ ਨੇ ਜੇਲ੍ਹ ਜਾਣ ਪਿੱਛੋਂ ਜਿੱਥੇ ਅੰਗਰੇਜ਼ ਸਰਕਾਰ ਦੇ ਅਨਿਆਂ, ਅਤਿਆਚਾਰ ਤੇ ਦਮਨ ਵਿਰੁੱਧ ਲਗਾਤਾਰ ਸੰਘਰਸ਼ ਕੀਤਾ, ਉੱਥੇ ਇਸ ਜੜ੍ਹਤਾ ਨੂੰ ਤੋੜਨ ਤੇ ਮਾਨਸਿਕਤਾ ਨੂੰ ਬਦਲਣ ਲਈ ਵੀ ਸੰਘਰਸ਼ ਜਾਰੀ ਰੱਖਿਆ।
15 ਜਨਵਰੀ 1931 ਨੂੰ ਉਹਨਾਂ 'ਡਰੀਮ ਲੈਂਡ' ਦੀ ਭੂਮਿਕਾ ਲਿਖੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਕਿੰਨੀ ਠੋਸ ਸੀ ਤੇ ਉਹਨਾਂ ਦਾ ਅਧਿਅਨ-ਢੰਗ ਕਿੰਨਾ ਤਰਕ-ਸੰਗਤ ਤੇ ਕਿੰਨਾ ਵਿਗਿਆਨਕ ਸੀ।
'ਡਰੀਮ ਲੈਂਡ' ਰਾਮ ਸਰਨ ਦਾਸ ਦੀ ਕਾਵਿ-ਕਿਰਤ ਸੀ। ਰਾਮ ਸਰਨ ਦਾਸ 1908 ਵਿਚ ਕਰਾਂਤੀਕਾਰੀ ਬਣੇ ਤੇ ਉਸ ਪਿੱਛੋਂ ਲਗਾਤਾਰ ਕਰਾਂਤੀਕਾਰੀ ਅੰਦੋਲਨ ਨਾਲ ਜੁੜੇ ਰਹੇ ਤੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ। 1915 ਵਿਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ, ਜਿਹੜੀ ਬਾਅਦ ਵਿਚ ਉਮਰ ਕੈਦ ਵਿਚ ਬਦਲ ਦਿੱਤੀ ਗਈ। ਇਹ ਕਵਿਤਾ ਉਹਨਾਂ ਦੱਖਣ ਦੀ ਕਿਸੇ ਜੇਲ੍ਹ ਵਿਚ ਉਸ ਸਮੇਂ ਲਿਖੀ, ਜਦੋਂ ਉਹਨਾਂ ਦੇ ਬਹੁਤ ਸਾਰੇ ਸਾਥੀ ਤਸੱਲੀ (ਅੰਡਰਟੇਕਿੰਗ) ਦੇ ਕੇ ਚਲੇ ਗਏ ਸਨ। ਉਸ ਪ੍ਰਸਥਿਤੀ ਵਿਚ ਕਵੀ ਨੇ ਹਿੰਮਤ ਨਹੀਂ ਹਾਰੀ, ਆਪਣੇ ਮਨ ਨੂੰ ਇਸ ਰਚਨਾ ਕਾਰਜ ਵਿਚ ਵਿਅਸਤ ਕਰ ਦਿੱਤਾ। ਪਰ ਕੈਦ ਦੀ ਇਸ ਲੰਮੀ ਮੁੱਦਤ ਵਿਚ ਰਾਮ ਸਰਨ ਦਾਸ ਦੇ ਵਿਚਾਰ ਉਹੀ ਰਹੇ, ਜਿਹੜੇ ਪੁਰਾਣੇ ਕਰਾਂਤੀਕਾਰੀਆਂ ਦੇ ਸਨ। ਜ਼ਾਹਰ ਹੈ ਕਿ ਇਹ ਵਿਚਾਰ ਇਸ ਰਚਨਾ ਦਾ ਆਧਾਰ ਹਨ। ਭਗਤ ਸਿੰਘ ਭੂਮਿਕਾ ਵਿਚ ਲਿਖਦੇ ਨੇ...:
“ਉਹ (ਕਵੀ) ਸ਼ੁਰੂ ਵਿਚ ਦਰਸ਼ਨ ਦੀ ਚਰਚਾ ਕਰਦਾ ਹੈ। ਇਹ ਦਰਸ਼ਨ ਬੰਗਾਲ ਤੇ ਪੰਜਾਬ ਦੇ ਸਾਰੇ ਕਰਾਂਤੀਕਾਰੀ ਅੰਦੋਲਨਾ ਦੀ ਰੀੜ੍ਹ ਹੈ। ਇਸ ਬਿੰਦੂ ਉੱਤੇ ਮੇਰਾ ਲੇਖਕ ਨਾਲ ਬਹੁਤ ਜ਼ਿਆਦਾ ਮਤਭੇਦ ਹੈ। ਉਸਦੀ ਬ੍ਰਾਹਮੰਡ ਦੀ ਵਿਆਖਿਆ ਹੇਤੁਵਾਦੀ ਤੇ ਅਧਿਭੌਤਿਕਵਾਦੀ ਹੈ ਜਦਕਿ ਮੈਂ ਇਕ ਭੌਤਿਕਵਾਦੀ ਹਾਂ ਤੇ ਇਸ ਵਸਤੂ (ਫੇਨਾਮਨ) ਦੀ ਮੇਰੀ ਵਿਆਖਿਆ, ਕਾਰਨ ਨਾਲ ਸੰਬੰਧਤ ਹੋਏਗੀ। ਫੇਰ ਵੀ ਇਹ ਦੇਸ਼-ਕਾਲ ਦੀ ਦ੍ਰਿਸ਼ਟੀ ਨਾਲ ਬੇਕਾਰ ਸ਼ੈ ਨਹੀਂ। ਜਿਹੜੇ ਆਮ ਵਿਚਾਰ ਸਾਡੇ ਦੇਸ਼ ਵਿਚ ਮੌਜ਼ੂਦ ਹਨ, ਉਹ ਲੇਖਕ ਦੁਆਰਾ ਪਰਗਟ ਕੀਤੇ ਗਏ ਵਿਚਾਰਾਂ ਨਾਲ ਵਧੇਰੇ ਮੇਲ ਖਾਂਦੇ ਹਨ। ਆਪਣੀ ਨਿਰਾਸ਼ਾਮਈ ਮਨੋਦਸ਼ਾ ਨਾਲ ਸੰਘਰਸ਼ ਕਰਨ ਵਾਸਤੇ  ਉਸਨੇ ਪ੍ਰਾਰਥਨਾ ਦਾ ਰਾਹ ਅਖ਼ਤਿਆਰ ਕੀਤਾ ਹੈ। ਇਹ ਇਸ ਗੱਲ ਤੋਂ ਸਪਸ਼ਟ ਹੈ ਕਿ ਪੁਸਤਕ ਦਾ ਆਰੰਭ ਈਸ਼ਵਰ, ਉਸਦੀ ਮਹਿਮਾ ਤੇ ਉਸਦੀ ਪ੍ਰੀਭਾਸ਼ਾ ਨੂੰ ਸਮਰਪਿੱਤ ਹੈ। ਈਸ਼ਵਰ ਵਿਚ ਵਿਸ਼ਵਾਸ ਰਹੱਸਵਾਦ ਦਾ ਸਿੱਟਾ ਹੈ, ਜਿਹੜਾ ਨਿਰਾਸ਼ਾ ਦਾ ਸੁਭਾਵਿਕ ਪ੍ਰਤੀਫਲ ਹੈ। ਇਹ ਵਿਸ਼ਵਾਸ 'ਇਕ ਮਾਇਆ, ਇਕ ਸੁਪਨਾ' ਜਾਂ ਕਲਪਨਾ ਹੈ...ਇਹ ਸਪਸ਼ਟ ਰਹੱਸਵਾਦ ਹੈ, ਜਿਸਨੂੰ ਸ਼ੰਕਰਾਚਾਰੀਆ ਨੇ ਵਿਕਸਿਤ ਕੀਤਾ ਤੇ ਪ੍ਰਾਚੀਨ ਕਾਲ ਦੇ ਹੋਰ ਹਿੰਦੂ ਸੰਤਾਂ ਨੇ ਜਨਮ ਦਿੱਤਾ ਤੇ ਵਿਕਸਿਤ ਕੀਤਾ। ਪਰ ਭੌਤਿਕਵਾਦੀ ਚਿੰਤਨ ਪਗਡੰਡੀ ਉੱਤੇ ਇਸ ਲਈ ਕੋਈ ਜਗ੍ਹਾ ਨਹੀਂ। ਫੇਰ ਵੀ ਲੇਖਕ ਦਾ ਇਹ ਰਹੱਸਵਾਦ ਕਿਸੇ ਵੀ ਤਰ੍ਹਾਂ ਹੇਯ ਜਾਂ ਨਿੰਦਨਯੋਗ ਨਹੀਂ। ਇਸਦਾ ਆਪਣਾ ਇਕ ਸੌਂਦਰਯ ਤੇ ਅਕਰਖਣ ਹੈ, ਜਿਹੜਾ ਉਸ ਦੇ ਹੌਸਲੇ ਨੂੰ ਵਧਾਉਂਦਾ ਹੈ। ਉਦਾਹਰਨ ਲਈ...:

 'ਨੀਵ ਕੇ ਪੱਥਰ ਬਨੋ, ਅਨਜਾਨੇ-ਅਗਿਆਤ,
 ਔਰ ਅਪਨੇ ਸੀਨੇ ਪਰ ਬਰਦਾਸ਼ਤ ਕਰੋ ਖੁਸ਼ੀ-ਖੁਸ਼ੀ
 ਵਿਸ਼ਾਲ ਭਾਰੀ-ਭਰਕਮ ਨਿਰਮਾਣ ਕਾ ਬੋਝ
 ਪਾ ਲੋ ਆਸ਼ਰਯ ਕਸ਼ਟ ਸਹਨੇ ਮੇਂ,
 ਮਤ ਕਰੋ ਈਰਸ਼ਾ ਸ਼ੀਰਸ਼ ਪਰ ਜੜੇ ਪੱਥਰ ਸੇ
 ਜਿਸ ਪਰ ਉਂਡੇਲੀ ਜਾਤੀ ਹੈ ਸਾਰੀ ਲੌਕਿਕ ਪ੍ਰਸ਼ੰਸਾ'

ਕਿਸੇ ਵੀ ਚੀਜ਼ ਨੂੰ ਪੂਰੀ ਤਰ੍ਹਾਂ ਨਕਾਰਨਾ ਜਾਂ ਪੂਰੀ ਤਰ੍ਹਾਂ ਸਵੀਕਾਰਨਾ ਆਕਾਰਵਾਦ ਹੈ। ਇਸਦੇ ਵਿਪਰੀਤ ਦੇਸ਼-ਕਾਲ ਦੇ ਸੰਦਰਭ ਵਿਚ ਵਿਗਿਆਨਕ ਵਿਸ਼ਲੇਸ਼ਣ ਕਰਨਾ ਦਵੰਦਾਤਮਕ ਭੌਤਿਕਵਾਦ ਹੈ। ਅੱਗੇ ਦੇਖੋ...:
“ਅੰਤ ਵਿਚ ਉਸਦੀ ਕਵਿਤਾ ਦਾ ਸਭ ਤੋਂ ਵੱਧ ਮਹੱਤਵਪੂਰਨ ਹਿੱਸਾ ਆਉਂਦਾ ਹੈ, ਜਿੱਥੇ ਉਸਨੇ ਉਸ ਭਾਵੀ ਸਮਾਜ ਬਾਰੇ ਲਿਖਿਆ ਹੈ, ਜਿਸਦੀ ਰਚਨਾ ਲਈ ਅਸੀਂ ਸਾਰੇ ਲੋਚ ਰਹੇ ਹਾਂ। ਪਰ ਮੈਂ ਸ਼ੁਰੂ ਵਿਚ ਹੀ ਇਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ...'ਡਰੀਮ ਲੈਂਡ' ਅਸਲ ਵਿਚ ਇਕ ਯੂਟੋਪੀਆ ਹੈ। ਲੇਖਕ ਨੇ ਇਸ ਗੱਲ ਨੂੰ ਸਿਰਲੇਖ ਵਿਚ ਖ਼ੁਦ ਸਵੀਕਾਰਿਆ ਹੈ। ਉਹ ਇਸ ਵਿਸ਼ੇ ਉੱਤੇ ਕੋਈ ਵਿਗਿਆਨਕ ਸ਼ੋਧ-ਨਿਬੰਧ ਲਿਖਣ ਦਾ ਦਾਅਵਾ ਨਹੀਂ ਕਰਦਾ। ਪਰ ਇਸ ਵਿਚ ਸ਼ੱਕ ਨਹੀਂ ਕਿ ਯੂਟੋਪੀਆ ਦੀ ਸਾਮਾਜਕ ਪ੍ਰਗਤੀ ਵਿਚ ਇਕ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸੇਂਟ ਸਾਈਮਨ, ਫੂਰਿਏ, ਰਾਬਰਟ ਓਵੇਨ ਤੇ ਉਹਨਾਂ ਦੇ ਸਿਧਾਂਤ ਨਾ ਹੁੰਦੇ ਤਾਂ ਵਿਗਿਆਨਕ ਮਾਰਕਸਵਾਦੀ ਸਮਾਜਵਾਦੀ ਸਿਧਾਂਤ ਵੀ ਨਹੀਂ ਸੀ ਹੋਣਾ। ਲਾਲਾ ਰਾਮ ਸਰਨ ਦਾਸ ਦੇ ਯੂਟੋਪੀਆ ਦਾ ਵੀ ਉਹੀ ਮਹੱਤਵ ਹੈ। ਜਦੋਂ ਸਾਡਾ ਕਾਰਜ ਆਪਣੇ ਦਰਸ਼ਨ ਨੂੰ ਵਿਊਂਤ-ਬੱਧ ਕਰਨ ਲੱਗੇਗਾ ਤੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਮਹੱਤਵ ਨੂੰ ਸਮਝੇਗਾ, ਉਸ ਸਮੇਂ ਉਸ ਲਈ ਇਹ ਪੁਸਤਕ ਬੜੀ ਉਪਯੋਗੀ ਸਿੱਧ ਹੋਏਗੀ।”
ਮਾਰਕਸਵਾਦੀ ਲਈ ਸਮਾਜ ਨੂੰ ਤੇ ਇਤਿਹਾਸ ਦੇ ਵਿਕਾਸ-ਕਰਮ ਨੂੰ ਸਮਝਣਾ ਬੜਾ ਜ਼ਰੂਰੀ ਹੈ। ਅਤੀਤ ਨੂੰ ਸਮਝ ਕੇ ਹੀ ਵਰਤਮਾਨ ਤੇ ਭਵਿੱਖ ਨੂੰ ਸਮਝਿਆ ਜਾ ਸਕਦਾ ਹੈ। ਦਸਤਾਵੇਜਾਂ ਤੋਂ ਪਤਾ ਲੱਗਦਾ ਹੈ ਕਿ ਭਗਤ ਸਿੰਘ ਨੇ ਚੋਖੇ ਅਧਿਅਨ ਨਾਲ ਸਮਾਜ ਤੇ ਇਤਿਹਾਸ ਦੇ ਵਿਕਾਸ-ਕਰਮ ਨੂੰ ਸਮਝਿਆ ਸੀ ਤੇ ਹੋਰ ਸਮਝਣ ਲਈ ਯਤਨ ਜਾਰੀ ਸਨ, ਪਰ ਸਮੇਂ ਨੇ ਉਹਨਾਂ ਨੂੰ ਇਸਦੀ ਮੋਹਲਤ ਨਹੀਂ ਦਿੱਤੀ। ਮੌਤ ਦੇ ਕਾਲੇ ਪ੍ਰਛਾਵੇਂ ਵਿਚ ਵੀ ਉਹਨਾਂ ਜੋ ਪੜ੍ਹਿਆ, ਜੋ ਕੁਝ ਲਿਖਿਆ, ਉਹਨਾਂ ਦੇ ਕਰਾਂਤੀਕਾਰੀ ਹੌਸਲੇ, ਅਥਾਹ ਮਨੋਬਲ ਤੇ ਜਿੰਨੇ ਦਿਨ ਜਿਊਣਾ ਆਨ, ਬਾਨ ਤੇ ਸ਼ਾਨ ਨਾਲ ਜਿਊਣਾ ਦੇ ਪਰਤੱਖ ਪ੍ਰਮਾਣ ਹਨ। 'ਮੈਂ ਨਾਸਤਕ ਕਿਓਂ ਹਾਂ', 'ਡਰੀਮ-ਲੈਂਡ' ਦੀ ਭੂਮਿਕਾ, 'ਕੌਮ ਦੇ ਨਾਂ ਸੰਦੇਸ਼', 'ਭਾਰਤੀ ਕਰਾਂਤੀ ਦਾ ਆਦਰਸ਼', 'ਕਰਾਂਤੀਕਾਰੀ ਪਾਰਟੀ ਤੇ ਕਰਾਂਤੀਕਾਰੀ ਕਾਰਜ-ਕਰਮ ਦਾ ਪ੍ਰਾਰੂਪ' ਇਹਨਾਂ ਦਿਨਾਂ ਦੀਆਂ ਰਚਨਾਵਾਂ ਹਨ। ਇਹਨਾਂ ਸਭਨਾਂ ਦੇ ਵਿਸ਼ਲੇਸ਼ਣ ਦੀ ਗੁੰਜਾਇਸ਼ ਨਹੀਂ। ਪਰ ਇਹ ਦੇਖਣ ਲਈ ਕਿ ਉਹਨਾਂ ਦੀ ਦ੍ਰਿਸ਼ਟੀ ਕਿੰਨੀ ਸਪਸ਼ਟ ਤੇ ਵਸਤੂ-ਸਥਿਤੀ ਦਾ ਵਿਸ਼ਲੇਸ਼ਣ ਕੇਡਾ ਸਾਮਯਕ ਸੀ ਤੇ ਕਿੰਨਾ ਸਹੀ ਸੀ, ਕਰਾਂਤੀਕਾਰੀ ਕਾਰਜ-ਕਰਮ ਦਾ ਪ੍ਰਾਰੂਪ, ਜਿਹੜਾ ਨੌਜਵਾਨਾਂ ਦੇ ਨਾਂ ਪੱਤਰ ਦੀ ਸ਼ੈਲੀ ਵਿਚ ਨਮਕ ਸਤਿਆਗ੍ਰਹਿ ਬਾਰੇ ਗਾਂਧੀ-ਇਰਵਿਨ ਸਮਝੌਤੇ ਤੋਂ ਪਹਿਲਾਂ 2 ਫਰਬਰੀ 1931 ਨੂੰ ਲਿਖਿਆ ਗਿਆ ਸੀ, ਇਕ ਉਦਾਹਰਨ ਵਜੋਂ ਪੇਸ਼ ਹੈ...:
“ਮੈਂ ਕਿਹਾ ਸੀ ਕਿ ਵਰਤਮਾਨ ਅੰਦੋਲਨ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰੀ ਤਰ੍ਹਾਂ ਅਸਫਲਤਾ ਨਾਲ ਖਤਮ ਹੋਏਗਾ।
“ਮੈਂ ਇਹ ਇਸ ਲਈ ਕਿਹਾ ਸੀ ਕਿ ਮੇਰੀ ਸਮਝ ਅਨੁਸਾਰ ਕਰਾਂਤੀਕਾਰੀ ਸ਼ਕਤੀਆਂ ਨੂੰ ਸੰਘਰਸ਼ ਵਿਚ ਉਤਾਰਿਆ ਹੀ ਨਹੀਂ ਸੀ ਗਿਆ। ਇਹ ਸੰਘਰਸ਼ ਮੱਧ-ਵਰਗੀ ਦੁਕਾਨਦਾਰਾਂ ਤੇ ਕੁਝ ਕੁ ਪੂੰਜੀਪਤੀਆਂ ਦੇ ਬਲਬੂਤੇ ਉੱਪਰ ਲੜਿਆ ਜਾ ਰਿਹਾ ਸੀ। ਇਹ ਦੋਹੇਂ ਵਰਗ ਵਿਸ਼ੇਸ਼ ਤੌਰ 'ਤੇ ਪੂੰਜੀਪਤੀ ਆਪਣੀ ਸੰਪਤੀ ਤੇ ਆਪਣੇ ਸਵੈਮਾਣ ਨੂੰ ਖਤਰੇ ਵਿਚ ਪਾਉਣ ਦਾ ਜੋਖ਼ਮ ਨਹੀਂ ਉਠਾਅ ਸਕਦੇ। ਸੱਚੀ ਕਰਾਂਤੀਕਾਰੀ ਸੈਨਾ ਤਾਂ ਪਿੰਡਾਂ ਤੇ ਫੈਕਟਰੀਆਂ ਵਿਚ ਹੈ...ਕਿਸਾਨ ਤੇ ਮਜ਼ਦੂਰ। ਸਾਡੇ ਬੁਰਜੁਆ ਨੇਤਾ ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਹੀਂ ਕਰਦੇ ਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਹੋਏ ਸ਼ੇਰ ਜੇ ਇਕ ਵਾਰੀ ਜਾਗ ਪਏ ਤਾਂ ਸਾਡੇ ਸਾਹਿਬਾਂ ਦੇ ਆਸ਼ੇ-ਮੰਸ਼ੇ ਪੂਰੇ ਹੋ ਜਾਣ ਪਿੱਛੋਂ ਵੀ ਰੁਕਣ ਵਾਲੇ ਨਹੀਂ। 1920 ਵਿਚ ਅਹਿਮਦਾਬਾਦ ਦੇ ਮਜ਼ਦੂਰਾਂ ਨਾਲ ਤਜ਼ੁਰਬੇ ਪਿੱਛੋਂ ਗਾਂਧੀ ਨੇ ਕਿਹਾ ਸੀ...“ਸਾਨੂੰ ਮਜ਼ਦੂਰਾਂ ਨਾਲ ਗੰਢ-ਸੰਢ ਨਹੀਂ ਕਰਨੀ ਚਾਹੀਦੀ। ਫੈਕਟਰੀ ਪ੍ਰੋਲੋਤਾਰੀ ਦਾ ਰਾਜਨੀਤਕ ਹਿਤ ਵਿਚ ਪ੍ਰਯੋਗ ਬੜਾ ਖ਼ਤਰਨਾਕ ਹੈ।” (ਦੀ ਟਾਈਮਸ, ਮਈ 1921) ਉਦੋਂ ਤੋਂ ਹੀ ਉਹਨਾਂ ਇਸ ਵਰਗ ਕੋਲ ਪਹੁੰਚਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹੀ ਹਾਲ ਕਿਸਾਨਾਂ ਦਾ ਹੈ। 1922 ਦਾ ਬਾਰਦੋਲੀ ਸਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦਾ ਹੈ ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ, ਜਦੋਂ ਉਹਨਾਂ ਨੇ ਕਿਸਾਨ ਵਰਗ ਦੇ ਉਸ ਵਿਦਰੋਹ ਨੂੰ ਦੇਖਿਆ, ਜਿਸਨੇ ਨਾ ਸਿਰਫ ਦਾਸਤਾ ਦੇ ਜੂੜ ਨੂੰ ਲਾਹ ਸੁੱਟਣਾ ਸੀ, ਬਲਕਿ ਜ਼ਿਮੀਂਦਾਰਾਂ ਦਾ ਜੂਲਾ ਵੀ ਲਾਹ ਸੁੱਟਣਾ ਸੀ।”
ਭਗਤ ਸਿੰਘ ਨੇ ਇਹ ਦੋ ਦਸਤਾਵੇਜ ਏਨੀ ਮਿਹਨਤ, ਏਨੇ ਯਤਨ ਨਾਲ ਇਸ ਲਈ ਲਿਖੇ ਸਨ ਕਿ ਸਾਡੇ ਬੁੱਧੀਜੀਵੀ ਤੇ ਸਾਡੇ ਨੌਜਵਾਨ ਵਸਤੂ-ਸਥਿਤੀ ਨੂੰ ਸਮਝਣ ਤੇ ਕਰਾਂਤੀ ਦਾ ਰਾਹ ਸਾਫ ਕਰਨ। ਉਹ ਰਹਿਣ ਨਾ ਰਹਿਣ ਇਹ ਦਸਤਾਵੇਜ ਤਾਂ ਰਹਿਣਗੇ ਹੀ। ਜਿਹੜੀ 404 ਸਫਿਆਂ ਦੀ ਨੋਟ ਬੁੱਕ ਤਿਆਰ ਕੀਤੀ ਸੀ, ਉਸਦਾ ਉਦੇਸ਼ ਵੀ ਨਿਸ਼ਚਿਤ ਰੂਪ ਵਿਚ ਇਹੋ ਸੀ ਕਿ ਦੂਜੇ ਲਾਭ ਉਠਾਉਣ।
ਪਰ 55 ਸਾਲ ਬੀਤ ਗਏ,(ਇਹ ਪੁਸਤਕ ਲਿਖੇ ਜਾਣ ਤਕ ਤੇ ਅੱਜ ਅਨੁਵਾਦ ਹੋਣ ਤਕ 84 ਸਾਲ ਹੋ ਚੁੱਕੇ ਹਨ-ਅਨੁ.) ਇਸਦਾ ਲਾਭ ਨਹੀਂ ਉਠਾਇਆ ਗਿਆ। ਭਗਤ ਸਿੰਘ ਦੇ ਦਿਖਾਏ ਗਏ ਮਾਰਗ ਨੂੰ ਭੁੱਲ ਕੇ ਅਸੀਂ ਸਤਿਆਗ੍ਰਹਿ ਦੇ ਭੁੱਲ-ਭੁਲਾਵਿਆਂ ਵਿਚ ਗਵਾਚ ਗਏ। ਅੱਜ ਦੇਸ਼ ਦੀ ਜੋ ਹਾਲਤ ਹੈ, ਉਹ ਇਸੇ ਦਾ ਨਤੀਜਾ ਹੈ।
10 ਫਰਬਰੀ 1931 ਨੂੰ ਪ੍ਰਿਵੀ ਕੌਂਸਿਲ ਨੇ ਅਪੀਲ ਰੱਦ ਕਰ ਦਿੱਤੀ। ਖਬਰ ਸੁਣਦਿਆਂ ਹੀ ਵਿਰੋਧ ਦਾ ਤੂਫ਼ਾਨ ਉਠ ਖੜ੍ਹਾ ਹੋਇਆ। ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤਕ ਤੇ ਬਰਮਾ ਤੋਂ ਬੰਬਈ ਤਕ ਦੇਸ਼ ਦਾ ਕੋਨਾ ਕੋਨਾ 'ਫਾਂਸੀ ਦੀ ਸਜ਼ਾ, ਰੱਦ ਕਰੋ-ਰੱਦ ਕਰੋ', 'ਭਗਤ ਸਿੰਘ, ਸੁਖਦੇਵ, ਰਾਜਗੁਰੂ, ਜ਼ਿੰਦਾਬਾਦ-ਜ਼ਿੰਦਾਬਾਦ', ਤੇ 'ਬ੍ਰਿਟਿਸ਼ ਸਾਮਰਾਜਵਾਦ, ਮੁਰਦਾਬਾਦ-ਮੁਰਦਾਬਾਦ' ਦੇ ਨਾਅਰਿਆਂ ਨਾਲ ਗੂੰਜ ਉਠਿਆ। ਟ੍ਰਿਬਿਊਨ (ਲਾਹੌਰ) ਦੇ ਅਨੁਸਾਰ ਅੰਦੋਲਨ ਬੜਾ ਜਬਰਦਸਤ ਸੀ। ਨਾ ਸਿਰਫ ਪੰਜਾਬ ਵਿਚ ਬਲਕਿ ਹੋਰ ਸੂਬਿਆਂ ਵਿਚ ਵੀ ਇਸ ਵਿਚ ਕਈ ਹਜ਼ਾਰ ਲੋਕਾਂ ਨੇ ਭਾਗ ਲਿਆ। ਵਾਇਸਰਾਏ ਤੇ ਬ੍ਰਿਟਿਸ਼ ਸਰਕਾਰ ਨੂੰ ਜਿਹੜਾ ਵਿਰੋਧ ਪੱਤਰ ਭੇਜਿਆ ਗਿਆ, ਉਸ ਉੱਤੇ ਲੱਖਾਂ ਆਦਮੀਆਂ ਦੇ ਦਸਤਖ਼ਤ ਸਨ। ਅਖ਼ਬਾਰਾਂ ਦੇ ਸਫੇ ਰਿਹਾਈ ਦੀ ਮੰਗ ਨਾਲ ਭਰੇ ਹੁੰਦੇ ਸਨ। ਭਾਰਤ ਮੰਤਰੀ ਤੇ ਵਾਇਸਰਾਏ ਨੂੰ ਲੱਖਾਂ ਤਾਰ ਭੇਜੇ ਗਏ। ਬ੍ਰਿਟਿਸ਼ ਪਾਰਲੀਮੈਂਟ ਦੇ ਕੁਝ ਮੈਂਬਰਾਂ ਨੇ ਵੀ ਰਿਹਾਈ ਦੀ ਮੰਗ ਕੀਤੀ। ਉਹਨਾਂ ਨੇ ਵਾਇਸਰਾਏ ਦੇ ਨਾਂ 6 ਮਾਰਚ 1931 ਨੂੰ ਹੇਠ ਲਿਖਿਆ ਤਾਰ ਭੇਜਿਆ...:
“ਹਾਊਸ ਆਫ ਕਾਂਮਨਸ ਦਾ ਇੰਡੀਪੈਂਡੇਂਟ ਲੇਬਰ ਗਰੁੱਪ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਲਾਹੌਰ ਪੜਯੰਤਰ ਦੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਏ।” ਇਸ ਉੱਪਰ ਮੈਕਸਟਨ, ਕਿਡਲੇ, ਬ੍ਰੋਕਵੇ, ਜੋਵੇਟ ਤੇ ਹੋਰ ਮੈਂਬਰਾਂ ਦੇ ਦਸਤਖ਼ਤ ਸਨ।
'ਨੌਜਵਾਨ ਭਾਰਤ ਸਭਾ' ਉੱਪਰ ਮਈ 1930 ਵਿਚ ਪਾਬੰਦੀ ਲਾ ਦਿੱਤੀ ਗਈ ਸੀ ਤੇ ਫਰਬਰੀ 1931 ਵਿਚ ਉਹ ਇਕ ਦੂਜੇ ਨਾਂ ਨਾਲ ਮੁੜ ਕਾਰਜਸ਼ੀਲ ਹੋਈ ਤੇ ਉਸਨੇ ਇਸ ਅੰਦੋਲਨ ਦਾ ਨੇਤਰੀਤਵ ਕੀਤਾ। ਸਰਕਾਰ ਦੀ ਹਫ਼ਤਾਵਾਰੀ ਰਿਪੋਰਟ ਵਿਚ ਲਿਖਿਆ ਹੈ...:
“ਪ੍ਰਿਵੀ ਕੌਂਸਿਲ ਵਿਚ ਲਾਹੌਰ ਪੜਯੰਤਰ ਕੇਸ ਦੇ ਕੈਦੀਆਂ ਦੀ ਅਪੀਲ ਰੱਦ ਹੋਣ ਦੀ ਖਬਰ ਸੁਣਦਿਆਂ ਹੀ ਉਹਨਾਂ ਦੀ ਰਿਹਾਈ ਲਈ ਬਿਨੈਪੱਤਰਾਂ, ਦਸਤਖ਼ਤਾਂ ਦਾ ਅੰਦੋਲਨ ਉਠ ਖੜਾ ਹੋਇਆ। ਜਿਸ ਸੰਮਤੀ ਨੇ ਇਹ ਅੰਦੋਲਨ ਚਲਾਇਆ, ਉਹ 'ਨੌਜਵਾਨ ਭਾਰਤ ਸਭਾ' ਹੈ। ਪ੍ਰਿਵੀ ਕੌਂਸਿਲ ਵਿਚ ਅਪੀਲ ਰੱਦ ਹੋਣ ਕਰਕੇ ਪੰਜਾਬ ਦੇ ਨੌਜਵਾਨ ਵਿਸ਼ੇਸ਼ ਰੂਪ ਵਿਚ ਉਤੇਜਤ ਹੋਏ। ਇਹਨਾਂ ਨੋਜਵਾਨਾਂ ਨੇ ਕਈ ਪੋਸਟਰ ਕੱਢੇ, ਜਿਹਨਾਂ ਵਿਚ ਲੋਕਾਂ ਨੂੰ ਇਸ ਰਾਸ਼ਟਰੀ  ਅਪਮਾਨ ਦਾ ਬਦਲਾ ਲੈਣ ਲਈ ਕਿਹਾ ਗਿਆ। ਭਾਰਤੀ ਨੌਜਵਾਨਾਂ ਦੇ ਕੀ ਤੇਵਰ ਸਨ ਤੇ ਉਹ ਕਿਸ ਢੰਗ ਨਾਲ ਅੰਦੋਲਨ ਚਲਾ ਰਹੇ ਸਨ, ਇਸਨੂੰ ਸਮਝਣ ਲਈ ਇਕ ਪਰਚੇ ਦੀ ਨਕਲ ਦਿੱਤੀ ਜਾ ਰਹੀ ਹੈ, ਜਿਹੜਾ ਉਰਦੂ ਵਿਚ ਸੀ ਤੇ ਜਿਸਦਾ ਸਿਰਲੇਖ ਸੀ 'ਪੰਜਾਬ ਕੀ ਇੰਤਕਾਮੀ ਪਾਰਟੀ ਬਦਲਾ ਲੇਗੀ'। ਇਹ ਪਰਚਾ ਲਾਹੌਰ ਵਿਚ ਛਪਿਆ ਸੀ ਤੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦੀ ਸ਼ਹਿਰਾਂ ਵਿਚ ਖ਼ੂਬ ਵੰਡਿਆ ਗਿਆ ਸੀ। ਪਰਚਾ ਇਸ ਤਰ੍ਹਾਂ ਸੀ...:
“ਭਾਰਤ ਦੇ ਨਿੱਡਰ ਨੌਜਵਾਨੋਂ, ਕੀ ਤੁਹਾਨੂੰ ਹਰ ਰੋਜ਼ ਢਾਏ ਜਾ ਰਹੇ ਜ਼ੁਲਮਾਂ ਨੂੰ ਵੇਖ ਕੇ ਸ਼ਰਮ ਨਹੀਂ ਆਉਂਦੀ? ਕੀ ਤੁਸੀਂ ਇਹ ਵੇਖ ਕੇ ਵੀ ਹਰਕਤ ਵਿਚ ਨਹੀਂ ਆਓਗੇ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਫਾਂਸੀ ਉੱਤੇ ਲਟਕਾਇਆ ਜਾ ਰਿਹਾ ਹੈ? ਕੀ ਤੁਹਾਡੇ ਅੰਦਰ ਦੇਸ਼-ਭਗਤੀ ਦੀ ਭਾਵਨਾ ਬਿਲਕੁਲ ਵੀ ਨਹੀਂ? ਕੀ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੇ ਤਖ਼ਤੇ ਉੱਪਰ ਚੜ੍ਹਦਿਆਂ ਵੇਖ ਕੇ ਤੁਹਾਡੀ ਗ਼ੈਰਤ ਜੋਸ਼ ਵਿਚ ਨਹੀਂ ਆਉਂਦੀ? ਜੇ ਤੁਹਾਡੇ ਵਿਚ ਗ਼ੈਰਤ ਦਾ ਜ਼ਰਾ ਵੀ ਮਾਦਾ ਹੈ ਤਾਂ ਤੁਹਾਡਾ ਇਹ ਫ਼ਰਜ਼ ਬਣਦਾ ਹੈ ਕਿ ਅੰਗਰੇਜ਼ ਸਰਕਾਰ ਨੂੰ ਉਸਦੀ ਧਾਂਦਲੀ ਦਾ ਮਜ਼ਾ ਚਖਾ ਦਿਓ। ਇਕ ਮਾਮੂਲੀ ਪੁਲਸ ਅਫ਼ਸਰ ਸਾਂਡਰਸ ਦੇ ਕਤਲ ਨਾਲ ਪੂਰੀ ਅੰਗਰੇਜ਼ ਕੌਮ ਇੰਜ ਮਹਿਸੂਸ ਕਰ ਰਹੀ ਹੈ ਜਿਵੇਂ ਉਸਦਾ ਵਜੂਦ ਹੀ ਖਤਰੇ ਵਿਚ ਪੈ ਗਿਆ ਹੋਵੇ। ਪਰ ਕੀ ਤੁਹਾਡੇ ਲਈ ਨੱਕ ਡੁਬੋ ਕੇ ਮਰ ਜਾਣ ਵਾਲੀ ਗੱਲ ਨਹੀਂ ਕਿ ਤੁਹਾਡੇ ਤਿੰਨ ਭਰਾਵਾਂ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਤੇ ਤੁਸੀਂ ਬਦਲਾ ਲੈਣ ਲਈ ਮੈਦਾਨ ਵਿਚ ਨਹੀਂ ਆ ਰਹੇ?
“ਤੁਹਾਡਾ ਫ਼ਰਜ਼ ਸੀ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੇ ਹੁਕਮ ਦੀ ਖਬਰ ਸੁਣ ਕੇ ਹੀ ਦੇਸ਼ ਦੇ ਕੋਨੇ-ਕੋਨੇ ਵਿਚ ਇਨਕਲਾਬ ਦੀ ਅੱਗ ਭੜਕਾਅ ਦੇਂਦੇ ਤੇ ਸਿਰਫ ਇਕ ਗਰਵਰਨਰ ਨਹੀਂ ਕਈ ਗਰਵਨਰਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਉਂਦੇ।”
ਹਰੀ ਕਿਸ਼ਨ, ਪੰਜਾਬ ਦੇ ਗਵਰਨਰ ਉੱਤੇ ਗੋਲੀ ਚਲਾ ਕੇ ਸ਼ਹੀਦ ਹੋਇਆ ਸੀ।
ਸਾਰਾ ਦੇਸ਼ ਗੁੱਸੇ ਵਿਚ ਰਿੱਝ ਰਿਹਾ ਸੀ। ਵੱਡੇ-ਵੱਡੇ ਕਾਂਗਰਸੀ ਨੇਤਾਵਾਂ ਨੇ, ਪੰਡਤ ਮਦਨ ਮੋਹਨ ਮਾਲਵੀਆ ਤਕ ਨੇ, ਫਾਂਸੀ ਦੀ ਸਜ਼ਾ ਦੇ ਖ਼ਿਲਾਫ਼ ਆਵਾਜ਼ ਉਠਾਈ...ਪਰ ਗਾਂਧੀ ਨੇ ਚੁੱਪ ਧਾਰੀ ਰੱਖੀ। ਉਸਦੀ ਰਾਸ਼ਟਰ-ਵਿਰੋਧੀ ਭੂਮਿਕਾ ਉੱਪਰ ਪਰਦਾ ਪਾਈ ਰੱਖਣ ਖਾਤਰ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫ਼ੈਲਾਈਆਂ ਗਈਆਂ। ਇਕ ਅਫ਼ਵਾਹ ਇਹ ਸੀ ਕਿ ਗਾਂਧੀ-ਇਰਵਿਨ ਸਮਝੌਤੇ ਸਮੇਂ ਗਾਂਧੀ ਨੇ ਵਾਇਸਰਾਏ ਉੱਤੇ ਦਬਾਅ ਪਾਇਆ ਕਿ ਉਹ ਆਪਣੇ ਵਿਸ਼ੇਸ਼ ਅਧਿਕਾਰ ਨਾਲ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਏ, ਪਰ ਵਾਇਸਰਾਏ ਨਹੀਂ ਮੰਨਿਆਂ। ਦੂਜੀ ਗੱਲ ਇਹ ਵੀ ਆਖੀ ਜਾ ਰਹੀ ਸੀ ਕਿ ਉਹਨਾਂ ਦੀ ਰਿਹਾਈ ਦੀ ਮੰਗ ਕਰਨ ਵਿਚਕਾਰ ਗਾਂਧੀ ਦਾ ਅਹਿੰਸਾ ਦਾ ਸਿਧਾਂਤ ਅੜਿੱਕਾ ਲਾ ਰਿਹਾ ਸੀ। ਅਸਲ ਗੱਲ ਇਹ ਹੈ ਕਿ ਅੰਗਰੇਜ਼ ਸਰਕਾਰ ਡਰ ਰਹੀ ਸੀ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਲਾਉਣ ਨਾਲ ਸਥਿਤੀ ਵਿਗੜੇਗੀ, ਭਿਅੰਕਰ ਉਥਲ-ਪੁਥਲ ਮੱਚੇਗੀ, ਗਾਂਧੀ ਨੇ ਅਮਨ ਬਨਾਈ ਰੱਖਣ ਤੇ ਲੋਕਾਂ ਨੂੰ ਸ਼ਾਂਤ ਕਰਨ ਵਿਚ ਸਰਕਾਰ ਦੀ ਮਦਦ ਕੀਤੀ। ਵਧੇਰੇ ਵਿਸਥਾਰ ਵਿਚ ਜਾਣਾ ਵਿਅਰਥ ਹੈ, ਸੰਖੇਪ ਵਿਚ ਤੱਥ ਇਸ ਤਰ੍ਹਾਂ ਹਨ...:
ਵਾਇਸਰਾਹੇ ਲਾਰਡ ਇਰਵਿਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ...:
“ਦਿੱਲੀ ਵਿਚ ਜਿਹੜਾ ਸਮਝੌਤਾ ਹੋਇਆ, ਉਸ ਨਾਲੋਂ ਅਲਗ ਤੇ ਅੰਤ ਵਿਚ ਮਿਸਟਰ ਗਾਂਧੀ ਨੇ ਭਗਤ ਸਿੰਘ ਦਾ ਜ਼ਿਕਰ ਕੀਤਾ। ਉਹਨਾਂ ਨੇ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਕੋਈ ਪੈਰਵੀ ਨਹੀਂ ਕੀਤੀ, ਪਰ ਨਾਲ ਹੀ ਉਹਨਾਂ ਵਰਤਮਾਨ ਪ੍ਰਸਥਿਤੀਆਂ ਵਿਚ ਫਾਂਸੀ ਨੂੰ ਅੱਗੇ ਪਾਉਣ ਲਈ ਵੀ ਕੁਝ ਨਹੀਂ ਕਿਹਾ।” (ਫਾਈਲ ਨੰ. 5-45/1931 ਕੇ ਡਬਲਿਊ 2 ਗ੍ਰਹਿ ਵਿਭਾਗ, ਰਾਜਨੀਤਕ ਸ਼ਾਖਾ)।
20 ਮਾਰਚ ਨੂੰ ਗਾਂਧੀ ਵਾਇਸਰਾਏ ਦੀ ਕੌਂਸਿਲ ਦੇ ਗ੍ਰਹਿ ਮੈਂਬਰ ਹਰਬਰਟ ਇਮਰਸਨ ਨੂੰ ਮਿਲਿਆ। ਇਮਰਸਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ...:
“ਮਿਸਟਰ ਗਾਂਧੀ ਨੂੰ ਇਸ ਮਾਮਲੇ ਵਿਚ ਬਹੁਤੀ ਦਿਲਚਸਪੀ ਨਹੀਂ ਜਾਪਦੀ। ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਜੇ ਫਾਂਸੀ ਦੇ ਸਿੱਟੇ ਵਜੋਂ ਗੜਬੜੀ ਨਾ ਹੋਈ ਤਾਂ ਇਹ ਬੜੀ ਵੱਡੀ ਗੱਲ ਹੋਏਗੀ। ਮੈਂ ਉਹਨਾਂ ਨੂੰ ਕਿਹਾ ਕਿ ਉਹ ਕੁਝ ਕਰਨ ਤਾਂਕਿ ਅਗਲੇ ਦਿਨੀਂ ਸਭਾਵਾਂ ਨਾ ਹੋਣ ਤੇ ਲੋਕਾਂ ਦੇ ਭੜਕਾਹਟ ਨੂੰ ਰੋਕਣ। ਇਸ ਉੱਤੇ ਉਹਨਾਂ ਆਪਣੀ ਸਹਿਮਤੀ ਦਿੱਤੀ ਤੇ ਕਿਹਾ ਕਿ 'ਜੋ ਕੁਛ ਹੋ ਸਕਿਆ ਮੈਂ ਕਰਾਂਗਾ'।” (ਫਾਈਲ ਨੰ. 233/1931)
ਮਜ਼ੇ ਦੀ ਗੱਲ ਹੈ ਕਿ ਇਸੇ 20 ਤਾਰੀਖ਼ ਦੀ ਸ਼ਾਮ ਨੂੰ ਗਾਂਧੀ ਗਰਾਊਂਡ ਵਿਚ ਇਕ ਸਭਾ ਹੋ ਰਹੀ ਸੀ, ਜਿਹੜੀ ਅਲਫ੍ਰੇਡ ਪਾਰਕ ਇਲਾਹਾਬਾਦ ਵਿਚ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਦੇ ਸੰਬੰਧ ਵਿਚ ਸੀ ਤੇ ਸੁਭਾਸ਼ ਚੰਦਰ ਬੋਸ ਨੇ ਬੋਲਣਾ ਸੀ। ਇਸ ਸਿਲਸਿਲੇ ਵਿਚ ਗਾਂਧੀ ਨੇ ਇਮਰਸਨ ਦੇ ਇਕ ਪੱਤਰ ਦਾ ਹੇਠ ਦਿੱਤਾ ਜਵਾਬ ਦਿੱਤਾ...:
“ਪ੍ਰਿਯ ਇਮਰਸਨ,
ਹੁਣੇ ਹੁਣੇ ਤੁਹਾਡਾ, ਜਿਹੜਾ ਪੱਤਰ ਮਿਲਿਆ, ਉਸ ਲਈ ਧੰਨਵਾਦ। ਤੁਸੀਂ ਜਿਸ ਸਭਾ ਦਾ ਉਲੇਖ ਕੀਤਾ ਹੈ, ਉਸਦਾ ਮੈਨੂੰ ਪਤਾ ਹੈ। ਹਰ ਤਰ੍ਹਾਂ ਦੀ ਅਹਿਤਆਤ ਵਰਤੀ ਜਾ ਰਹੀ ਹੈ ਤੇ ਉਮੀਦ ਕਰਦਾ ਹਾਂ ਕਿ ਕੋਈ ਗੜਬੜ ਨਹੀਂ ਹੋਏਗੀ। ਮੇਰੀ ਸਲਾਹ ਹੈ ਕਿ ਪੁਲਸ ਬਲ ਦਾ ਕੋਈ ਪ੍ਰਦਰਸ਼ਨ ਨਾ ਕੀਤਾ ਜਾਏ ਤੇ ਸਭਾ ਉੱਤੇ ਕਿਸੇ ਕਿਸਮ ਦੀ ਰੋਕ ਨਾ ਹੋਏ। ਰਹੀ ਉਤੇਜਨਾਂ, ਸੋ ਤੋ ਹੋਏਗੀ। ਇਸ ਉਤੇਜਨਾਂ ਨੂੰ ਸਭਾਵਾਂ ਦੇ ਜ਼ਰੀਏ ਨਿਕਲ ਜਾਣ ਦੇਣਾ ਠੀਕ ਹੋਏਗਾ।” (ਫਾਈਲ ਨੰ. 4/21/1931)
ਕੀ ਇਸ ਪੱਤਰ ਨਾਲ ਗਾਂਧੀ ਦੀ ਕਰਾਂਤੀ-ਵਿਰੋਧੀ ਭੂਮਿਕਾ ਸਪਸ਼ਟ ਨਹੀਂ ਹੋ ਜਾਂਦੀ? ਤੇ ਅਹਿੰਸਾ ਦੀ ਓਟ ਵਿਚ ਦੇਸ਼-ਧਰੋਹੀ ਦੀ ਭੂਮਿਕਾ ਨਿਭਾਈ ਜਾ ਰਹੀ ਸੀ, ਕੀ ਇਸ ਤੋਂ ਇਹ ਸਪਸ਼ਟ ਨਹੀਂ ਹੋ ਜਾਂਦਾ? ਗਾਂਧੀ ਨੂੰ ਦੱਖਣੀ ਅਫ਼ਰੀਕਾ ਵਿਚ ਇਸੇ ਲਈ ਤਿਆਰ ਕੀਤਾ ਗਿਆ ਸੀ। ਜਨਵਰੀ 1915 ਵਿਚ ਉੱਥੋਂ ਲਿਆ ਕੇ ਦੇਸ਼ ਦੀ ਰਾਜਨੀਤੀ ਵਿਚ ਉਤਾਰਿਆ ਤਾਂ ਉਸਨੂੰ ਲੰਗੋਟੀ ਬੰਨ੍ਹਾਅ ਕੇ ਮਹਾਤਮਾ ਇਸ ਲਈ ਬਣਾਇਆ ਕਿ ਉਸਦਾ ਦੇਸ਼-ਧਰੋ ਲੰਗੋਟੀ ਦੀ ਓਟ ਵਿਚ ਲੁਕਿਆ ਰਹੇ। 'ਮਹਾਤਮਾ' ਉਹ ਦੇਸ਼ ਦੀ ਅਣਪੜ੍ਹ ਸ਼ਰਧਾਲੂ ਜਨਤਾ ਲਈ ਸੀ। ਖ਼ੁਦ ਅੰਗਰੇਜ਼ ਤਾਂ ਉਸਨੂੰ 'ਮਿਸਟਰ ਗਾਂਧੀ', ਕਹਿੰਦੇ-ਲਿਖਦੇ ਸਨ ਕਿਉਂਕਿ ਉਹਨਾਂ ਨੂੰ ਉਸਦੀ ਅਸਲੀਅਤ ਦਾ ਪਤਾ ਸੀ।
ਭਗਤ ਸਿੰਘ ਤੇ ਉਹਨਾਂ ਦੇ ਕਰਾਂਤੀਕਾਰੀ ਸਾਥੀਆਂ ਨੇ ਵੀ ਅਸਲੀਅਤ ਨੂੰ ਸਮਝ ਲਿਆ ਸੀ, ਇਸੇ ਲਈ, 'ਹਿਸਪ੍ਰਸ' ਦੇ ਐਲਾਨਨਾਮੇ ਵਿਚ ਲਿਖਿਆ ਸੀ ਕਿ ਅਸੀਂ ਅੰਗਰੇਜ਼ ਦੇ ਇਲਾਵਾ ਅੰਦਰਲੇ ਦੁਸ਼ਮਣਾ ਨਾਲ ਵੀ ਲੜਨਾ ਹੈ, ਇਸ ਲਈ, 'ਬੰਬ ਕਾ ਦਰਸ਼ਨ' ਦਸਤਾਵੇਜ ਵਿਚ ਨਮਕ ਸਤਿਆਗ੍ਰਹਿ ਬਾਰੇ ਕਿਹਾ ਸੀ ਕਿ ਗਾਂਧੀ ਦੀ ਇਹ ਲੜਾਈ ਅੰਗਰੇਜ਼ਾਂ ਦੇ ਵਿਰੁੱਧ ਨਹੀਂ, ਸਾਡੇ ਕਰਾਂਤੀਕਾਰੀਆਂ ਵਿਰੁੱਧ ਹੈ। ਇਸੇ ਲਈ ਉਹ ਗਾਂਧੀ ਦਾ ਨਾਂ ਬੇਅਦਬੀ ਨਾਲ ਲੈਂਦੇ ਸਨ ਤੇ ਇਸੇ ਲਈ ਸ਼ਹੀਦ ਸੁਖਦੇਵ ਨੇ ਫਾਂਸੀ ਤੋਂ ਕੁਝ ਦਿਨ ਪਹਿਲਾਂ ਗਾਂਧੀ ਦੇ ਨਾਂ ਆਪਣੀ ਚਿੱਠੀ ਵਿਚ ਲਿਖਿਆ ਸੀ ਕਿ ਤੂੰ ਕਰਾਂਤੀਕਾਰੀ ਅੰਦੋਲਨ ਨੂੰ ਕੁਚਲਨ ਵਿਚ ਨੌਕਰਸ਼ਾਹੀ ਦਾ ਸਾਥ ਦੇ ਰਿਹਾ ਹੈਂ। ਸੁਖਦੇਵ ਦੇ ਸ਼ਬਦ ਨੇ...:
“ਸਮਝੌਤਾ ਕਰਕੇ ਤੂੰ ਆਪਣਾ ਅੰਦੋਲਨ ਬੰਦ ਕਰ ਦਿੱਤਾ ਹੈ। ਇਸਦੇ ਬਦਲੇ ਵਿਚ ਤੇਰੇ ਅੰਦੋਲਨ ਦੇ ਸਾਰੇ ਕੈਦੀ ਛੁੱਟ ਗਏ ਨੇ। ਪਰ ਕਰਾਂਤੀਕਾਰੀ ਕੈਦੀਆਂ ਦੇ ਸੰਬੰਧ ਵਿਚ ਤੂੰ ਕੀ ਕੀਤਾ ਹੈ? 1915 ਦੇ ਗਦਰ ਪਾਰਟੀ ਦੇ ਕੈਦੀ ਅੱਜ ਵੀ ਜੇਲ੍ਹਾਂ ਵਿਚ ਸੜ ਰਹੇ ਨੇ ਜਦਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ। ਮਾਰਸ਼ਲ ਲਾ ਦੇ ਕੈਦੀ ਅੱਜ ਵੀ ਜਿਊਂਦੇ ਹੋਣ ਦੇ ਬਾਵਜੂਦ ਕਬਰਾਂ ਵਿਚ ਦਫ਼ਨ ਹੋਏ ਹੋਏ ਨੇ। ਇਸੇ ਤਰ੍ਹਾਂ ਬੱਬਰ ਅਕਾਲੀ ਲਹਿਰ ਦੇ ਦਰਜਨਾਂ ਕੈਦੀ ਜੇਲ੍ਹ ਦੀਆਂ ਸਖ਼ਤੀਆਂ ਝੱਲ ਰਹੇ ਨੇ। ਅੱਧੀ ਦਰਜਨ ਤੋਂ ਵੱਧ ਸਾਜਿਸ਼ ਕੇਸ ਲਾਹੌਰ, ਦਿੱਲੀ, ਚਟਗਾਂਵ, ਬੰਬਈ, ਕਲਕੱਤਾ ਆਦੀ ਵਿਚ ਚੱਲ ਰਹੇ ਨੇ। ਅਨੇਕ ਕਰਾਂਤੀਕਾਰੀ ਮਫ਼ਰੂਰ (ਭਗੌੜੇ) ਹੋਏ ਹੋਏ ਨੇ, ਜਿਹਨਾਂ ਵਿਚ ਬਹੁਤ ਸਾਰੀਆਂ ਔਰਤਾਂ ਵੀ ਨੇ। ਅੱਧੀ ਦਰਜਨ ਤੋਂ ਵੱਧ ਕੈਦੀ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੇ ਨੇ। ਇਹਨਾਂ ਸਾਰਿਆਂ ਬਾਰੇ ਮੈਂ ਤੈਨੂੰ ਕੀ ਕਹਾਂ? ਲਾਹੌਰ ਪੜਯੰਤਰ ਕਾਂਢ ਦੇ ਤਿੰਨ ਕੈਦੀ, ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਤੇ ਜਿਹਨਾਂ ਨੂੰ ਇਸੇ ਸਬੱਬ ਨਾਲ ਦੇਸ਼ ਵਿਚ ਭਾਰੀ ਸਨਮਾਣ ਪ੍ਰਾਪਤ ਹੋ ਰਿਹਾ ਹੈ, ਕਰਾਂਤੀਕਾਰੀ ਦਲ ਦੇ ਸਭ ਕੁਝ ਨਹੀਂ। ਦਲ ਦੇ ਸਾਹਮਣੇ ਸਿਰਫ ਉਹਨਾਂ ਦੀ ਕਿਸਮਤ ਦਾ ਸਵਾਲ ਨਹੀਂ। ਅਸਲ ਪੁੱਛੇਂ ਤਾਂ ਉਹਨਾਂ ਦੀ ਸਜ਼ਾ ਵਿਚ ਤਬਦੀਲੀ ਕਰਵਾਉਣ ਨਾਲ ਦੇਸ਼ ਦਾ ਓਨਾ ਭਲਾ ਨਹੀਂ ਹੋਏਗਾ, ਜਿੰਨਾ ਉਹਨਾਂ ਦੇ ਫਾਂਸੀ ਚੜ੍ਹ ਜਾਣ ਨਾਲ ਹੋਏਗਾ।”
ਸਮਝੌਤੇ ਪਿੱਛੋਂ ਗਾਂਧੀ ਨੇ ਕਰਾਂਤੀਕਾਰੀਆਂ ਨੂੰ ਆਪਣਾ ਅੰਦੋਲਨ ਬੰਦ ਕਰ ਦੇਣ ਦੀਆਂ ਅਪੀਲਾਂ ਕੀਤੀਆ ਸਨ। ਸੁਖਦੇਵ ਲਿਖਦੇ ਹਨ...:
“ਸਰਕਾਰ ਕਰਾਂਤੀਕਾਰੀਆਂ ਲਈ ਪੈਦਾ ਹੋਈ ਆਮ ਲੋਕਾਂ ਦੀ ਹਮਦਰਦੀ ਤੇ ਮਦਦ ਦੀ ਭਾਵਨਾ ਨੂੰ ਨਸ਼ਟ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੁਚਲ ਦੇਣਾ ਚਾਹੁੰਦੀ ਹੈ। ਇਕੱਲੇ ਤਾਂ ਉਹ ਬੜੀ ਆਸਾਨੀ ਨਾਲ ਕੁਚਲੇ ਜਾ ਸਕਦੇ ਹਨ। ਸੋ ਇਹਨਾਂ ਹਾਲਤਾਂ ਵਿਚ ਕਿਸੇ ਕਿਸਮ ਦੀਆਂ ਭਾਵੁਕ ਅਪੀਲਾਂ ਕਰਕੇ ਉਹਨਾਂ ਵਿਚ ਫੁੱਟ ਪਾਉਣੀ ਤੇ ਵਿਸ਼ਵਾਸ਼ਘਾਤ ਪੈਦਾ ਕਰਨਾ ਮਹਾਨ ਗਲਤੀ ਤੇ ਕਰਾਂਤੀਵਿਰੋਧੀ ਕੰਮ ਹੈ, ਇਸ ਨਾਲ ਸਰਕਾਰ ਨੂੰ ਉਹਨਾਂ ਨੂੰ ਕੁਚਲਨ ਵਿਚ ਮਦਦ ਮਿਲਦੀ ਹੈ।”
ਤੇ ਅਸੀਂ ਦੇਖਦੇ ਹਾਂ ਕਿ ਗਾਂਧੀ ਨੇ ਸਰਕਾਰ ਨੂੰ ਇਹ ਮਦਦ ਸਿਰਫ ਇਸ ਸਮੇਂ ਨਹੀਂ, ਇਸ ਤੋਂ ਪਹਿਲਾਂ ਵੀ ਦਿੱਤੀ, ਪਿੱਛੋਂ ਵੀ ਦਿੱਤੀ, ਹਰ ਕਦਮ ਉੱਤੇ ਦਿੱਤੀ।
ਚੌਰੀਚੌਰਾ ਵਾਂਗ 5 ਮਾਰਚ 1931 ਦਾ ਇਹ ਗਾਂਧੀ-ਇਰਵਿਨ ਸਮਝੌਤਾ ਵੀ ਆਤਮ-ਸਮਰਪਣ ਸੀ। ਇਸ ਪਿੱਛੋਂ ਗੋਲ-ਮੇਜ ਸੰਮੇਲਨ ਵਿਚ ਉਹ ਲੰਦਨ ਗਿਆ। ਉੱਥੋਂ ਖਾਲੀ ਹੱਥ ਵਾਪਸ ਆਇਆ ਬੰਬਈ ਪਹੁੰਚਦਿਆਂ ਹੀ ਫੜ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ। ਮਜ਼ਦੂਰ-ਕਿਸਾਨਾਂ ਦੇ ਵੱਡੇ-ਵੱਡੇ ਸੰਘਰਸ਼ ਬਿਨਾਂ ਕਿਸੇ ਨੇਤਰੀਤਵ ਦੇ 1934 ਤਕ ਚਲਦੇ ਰਹੇ, ਜਦੋਂ ਸਰਕਾਰ ਉਹਨਾਂ ਨੂੰ ਕੁਚਲਨ ਵਿਚ ਸਫਲ ਹੋ ਗਈ ਤਾਂ ਗਾਂਧੀ ਨੇ ਇਹ ਬਿਆਨ ਦੇ ਕੇ ਕਿ 'ਜਦੋਂ ਤਕ ਵਿਸ਼ਵਾਸ ਯੋਗ ਸਤਿਆਗ੍ਰਹੀ ਹੀ ਸਤਿਆਗ੍ਰਹਿ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ, ਮੈਂ ਕਿਸ ਦੇ ਭਰੋਸੇ ਸਤਿਆਗ੍ਰਹਿ ਜਾਰੀ ਰੱਖਾਂ' ਅੰਦੋਲਨ ਵਾਪਸ ਲੈ ਲਿਆ।
5 ਮਾਰਚ 1931 ਨੂੰ ਗਾਂਧੀ-ਇਰਵਿਨ ਸਮਝੌਤਾ ਹੋਇਆ। 2 ਦਿਨ ਬਾਅਦ ਯਾਨੀ 7 ਮਾਰਚ ਨੂੰ ਦਿੱਲੀ ਦੀ ਸਾਂਝੀ ਸਭਾ ਵਿਚ, ਜਿਸ ਵਿਚ ਗਾਂਧੀ ਨੇ ਭਾਸ਼ਣ ਦੇਣਾ ਸੀ, ਇਕ ਪਰਚਾ ਵੰਡਿਆ ਗਿਆ। ਉਸ ਵਿਚ ਲਿਖਿਆ ਸੀ...:
“ਇਹ ਕੈਸੀ ਸੰਧੀ ਹੈ? ਉਹਨਾਂ ਮਾਂਵਾਂ ਦੇ ਦਿਲ ਫਰੋਲੋ, ਜਿਹਨਾਂ ਦੇ ਪੁੱਤਰ ਗੋਲੀਆਂ ਦੇ ਸ਼ਿਕਾਰ ਬਣਾਏ ਗਏ ਜਾਂ ਫਾਂਸੀ ਦੀ ਉਡੀਕ ਕਰ ਰਹੇ ਹਨ। ਉਹਨਾਂ ਪਤਨੀਆਂ ਨੂੰ ਪੁੱਛੋ ਜਿਹਨਾਂ ਦੇ ਪਤੀ ਉਹਨਾਂ ਨੂੰ ਵਿਧਵਾ ਕਰ ਗਏ ਹਨ ਯਾਨੀ ਵਿਦੇਸ਼ੀ ਸਰਕਾਰ ਦੀਆਂ ਹਨੇਰੀਆਂ ਕੋਠੜੀਆਂ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਕੀ ਤੁਹਾਨੂੰ ਸ਼ਹੀਦਾਂ ਪ੍ਰਤੀ ਆਪਣੇ ਫਰਜ਼ ਦਾ ਅਹਿਸਾਸ ਹੈ? ਤੁਹਾਨੂੰ ਇਹ ਅਪਮਾਨ ਭਰਿਆ ਸਮਝੌਤਾ ਕਰਦਿਆਂ ਸ਼ਰਮ ਨਹੀਂ ਆਈ?”
ਇਸ ਗਾਂਧੀ-ਇਰਵਿਨ ਸਮਝੌਤੇ ਨੂੰ ਦੇਸ਼ ਦੀਆਂ ਪ੍ਰਗਤੀਸ਼ੀਲ ਸ਼ਕਤੀਆਂ ਨੇ ਰਾਸ਼ਟਰ ਨਾਲ ਗੱਦਾਰੀ ਕਿਹਾ। ਬੰਬੇ ਕਮੇਟੀ ਆਫ ਫਾਰ ਇੰਡਿਪੈਂਡੇਂਟਸ ਨੇ, ਜਿਸ ਵਿਚ ਕਾਂਗਰਸੀ ਕਾਰਜ-ਕਰਤਾ, ਨੌਜਵਾਨ ਸਭਾ, ਟਰੇਡ ਯੂਨੀਅਨ ਤੇ ਅਕਾਲੀ ਦਲ ਦੇ ਮੈਂਬਰ ਸ਼ਾਮਲ ਸਨ, ਸਮਝੌਤੇ ਨੂੰ ਗੱਦਾਰੀ ਕਿਹਾ। ਬੰਬਈ ਦੇ 'ਫ੍ਰੀ ਪ੍ਰੈੱਸ ਜਰਨਲ' ਨੇ ਆਪਣੀ ਸੰਪਾਦਕੀ ਵਿਚ ਲਿਖਿਆ...“ਕਾਂਗਰਸ ਵਰਕਿੰਗ ਕਮੇਟੀ ਉੱਪਰ ਆਤਮ-ਸਮਰਪਣ ਤੇ ਦੇਸ਼-ਧਰੋ ਦਾ ਮੁਕੱਦਮਾ ਚਲਣਾ ਚਾਹੀਦਾ ਹੈ।”
ਗਾਂਧੀ ਨੇ ਜਿਹਨਾਂ ਗਿਆਰਾਂ ਮੰਗਾਂ ਨਾਲ ਡਾਂਡੀ ਮਾਰਚ ਕੀਤਾ ਸੀ, ਇਸ ਸਮਝੌਤੇ ਵਿਚ ਉਹ ਇਕ ਵੀ ਨਹੀਂ ਸੀ ਮੰਨੀ ਗਈ। ਮੰਨੀਆਂ ਗਈਆਂ ਸਨ ਸਿਰਫ ਦੋ ਗੱਲਾਂ : ਭਾਰਤ ਵਿਚ ਕੁਝ ਵੱਡੇ ਪੂੰਜੀਪਤੀਆਂ ਨੂੰ ਕੋਟੇ ਤੇ ਪਰਮਿਟ ਮਿਲੇ ਸਨ ਤੇ ਇਸ ਦੇ ਬਦਲੇ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਉਹ ਅੱਗੋਂ ਆਪਣੇ ਕਿਸੇ ਅੰਦੋਲਨ ਵਿਚ ਅੰਗਰੇਜ਼ੀ ਮਾਲ ਦੇ ਬਾਈਕਾਟ ਨੂੰ ਸ਼ਾਮਲ ਨਹੀਂ ਕਰੇਗਾ।
ਜਿਸ ਸਮਝੌਤੇ ਨੂੰ ਆਤਮ-ਸਮਰਪਣ ਤੇ ਗੱਦਾਰੀ ਕਿਹਾ ਜਾ ਰਿਹਾ ਸੀ ਤੇ ਜਿਸ ਵਿਚ ਸਿਰਫ ਭਾਰਤੀ ਤੇ ਵਿਦੇਸ਼ੀ ਪੂੰਜੀਪਤੀਆਂ ਦੇ ਹਿਤ ਹੀ ਮੱਦੇ-ਨਜ਼ਰ ਰਖੇ ਗਏ ਸਨ, ਉਸਨੂੰ ਕਾਂਗਰਸ ਦੇ ਕਰਾਂਚੀ ਸੰਮੇਲਨ ਵਿਚ 'ਸਮਾਜਵਾਦੀ' ਜਵਾਹਰ ਲਾਲ ਨਹਿਰੂ ਨੂੰ ਅੱਗੇ ਰੱਖ ਕੇ ਪਾਸ ਕਰਵਾਇਆ ਗਿਆ। ਇਸ ਅਪਰਾਧ ਕਾਰਨ ਸਾਮਰਾਜ-ਵਿਰੋਧੀ ਲੀਗ ਨੇ ਨਹਿਰੂ ਤੋਂ ਆਪਣੀ ਮੈਂਬਰੀ ਖੋਹ ਲਈ।
ਫਾਂਸੀ ਤੋਂ ਪਹਿਲਾਂ ਦੀਆਂ ਦੋ ਘਟਨਾਵਾਂ ਵਿਸ਼ੇਸ਼ ਤੌਰ 'ਤੇ ਵਰਨਣ ਯੋਗ ਹਨ...:
ਫਾਂਸੀ ਤੋੜਨ ਦੀ ਦੇਸ਼ ਵਿਚ ਜਬਰਦਸਤ ਮੰਗ ਸੀ। ਇਸ ਲਈ ਸੋਚਿਆ ਗਿਆ ਕਿ ਜੇ ਵਾਇਸਰਾਏ ਨੂੰ ਫਾਂਸੀ ਤੋੜਨ ਲਈ ਕੋਈ ਚੰਗਾ ਬਹਾਨਾਂ ਦੇ ਦਿੱਤਾ ਜਾਏ ਤਾਂ ਸਫਲਤਾ ਮਿਲ ਸਕਦੀ ਹੈ। ਇਹ ਬਹਾਨਾਂ ਮਰਸੀ ਪਟੀਸ਼ਨ (ਦਯਾ ਦੀ ਪ੍ਰਾਰਥਨਾਂ) ਹੀ ਹੋ ਸਕਦੀ ਸੀ। ਬਚਾਅ ਕਮੇਟੀ ਦੇ ਪੰਜ ਵਕੀਲਾਂ ਨੇ ਆਪਣਾ ਡਰਾਫਟ ਤਿਆਰ ਕੀਤਾ। 20 ਮਾਰਚ 1931 ਨੂੰ ਇਸ ਮੁਕੱਦਮੇ ਦਾ ਪ੍ਰਮੁੱਖ ਵਕੀਲ ਤੇ ਜਿਸ ਦੇ ਲਈ ਭਗਤ ਸਿੰਘ ਦੇ ਦਿਲ ਵਿਚ ਕੁਝ ਕੋਮਲ ਭਾਵਨਾਵਾਂ ਵੀ ਸਨ, ਪ੍ਰਾਣ ਨਾਥ ਮਹਿਤਾ, ਇਹ ਡਰਾਫਟ ਲੈ ਕੇ ਜੇਲ੍ਹ ਵਿਚ ਗਿਆ ਤਾਂਕਿ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਦਸਤਖ਼ਤ ਕਰਾਅ ਲਏ ਜਾਣ। ਭਗਤ ਸਿੰਘ ਉਹਨਾਂ ਦੀਆਂ ਗੱਲਾਂ ਸੁਣ ਕੇ ਠਹਾਕਾ ਮਾਰ ਕੇ ਹੱਸੇ। ਬੋਲੇ...“ਯਾਰ ਰਹਿਣ ਦੇ, ਆਪਣਾ ਡਰਾਫਟ। ਅਸਾਂ ਲੋਕਾਂ ਦਯਾ ਦੀ ਅਰਜ਼ੀ ਤਾਂ ਲਾ ਵੀ ਦਿੱਤੀ ਏ। ਗੱਲ ਇਹ ਐ ਕਿ ਹੁਣ ਦੇਰ ਕਰਨੀ ਠੀਕ ਨਹੀਂ।” ਕੁਝ ਚਿਰ ਦੇ ਹਾਸੇ ਠੱਠੇ ਪਿੱਛੋਂ ਭਗਤ ਸਿੰਘ ਨੇ ਪ੍ਰਾਣ ਨਾਥ ਨੂੰ ਆਪਣਾ ਡਰਾਫਟ ਦਿਖਾਇਆ ਜਿਹੜਾ ਗਵਰਨਰ ਪੰਜਾਬ ਨੂੰ ਭੇਜਿਆ ਜਾਣਾ ਸੀ।
ਆਪਣੇ ਡਰਾਫਟ ਵਿਚ ਉਹਨਾਂ ਲਿਖਿਆ ਸੀ ਕਿ 'ਸਾਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ ਤੇ ਸਾਡਾ ਅਪਰਾਧ ਇਹ ਹੈ ਕਿ ਅਸੀਂ ਜਾਰਜ ਪੰਜਮ ਦੇ ਵਿਰੁੱਧ ਜੰਗ ਛੇੜੀ ਹੈ।' ਸੋ ਜੰਗੀ-ਕੈਦੀ ਹੋਣ ਦੇ ਨਾਤੇ ਉਹਨਾਂ ਗੋਲੀ ਨਾਲ ਉਡਾਅ ਦਿੱਤੇ ਜਾਣ ਦੀ ਮੰਗ ਕੀਤੀ ਸੀ...:
“ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੰਗ ਛਿੜੀ ਹੋਈ ਹੈ ਤੇ ਇਹ ਜੰਗ ਉਦੋਂ ਤੀਕ ਚੱਲਦੀ ਰਹੇਗੀ, ਜਦੋਂ ਤੀਕ ਵੱਡੇ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ਾਂ ਦੀ ਕਿਰਤ ਦੇ ਸਾਧਨਾ ਉੱਪਰ ਕਬਜਾ ਕਰੀ ਬੈਠੇ ਰਹਿਣਗੇ। ਭਾਵੇਂ ਇਹ ਪੂੰਜੀਪਤੀ ਲੋਕ ਅੰਗਰੇਜ਼ ਹਕੂਮਤ ਦੇ ਹੋਣ ਜਾਂ ਮੂਲ ਭਾਰਤੀ ਹੋਣ। ਉਹਨਾਂ ਆਪੋ ਵਿਚ ਰਲ ਕੇ ਇਕ ਲੁੱਟ ਮਚਾਈ ਹੋਈ ਹੈ। ਜੇ ਸ਼ੁੱਧ ਭਾਰਤੀਆਂ ਦੁਆਰਾ ਗਰੀਬਾਂ ਦਾ ਖ਼ੂਨ ਚੁਸਿਆ ਜਾ ਰਿਹਾ ਹੈ ਤਦ ਵੀ ਇਸ ਸਥਿਤੀ ਵਿਚ ਕੋਈ ਅੰਤਰ ਨਹੀਂ ਪੈਂਦਾ। ਜੇ ਤੁਹਾਡੀ ਸਰਕਾਰ ਕੁਝ ਨੇਤਾਵਾਂ ਜਾਂ ਭਾਰਤੀ ਸਮਾਜ ਦੇ ਮੁਖੀਆਂ ਉੱਪਰ ਪ੍ਰਭਾਵ ਪਾਉਣ ਵਿਚ ਸਫਲ ਹੋ ਜਾਏ, ਕੁਝ ਛੋਟਾਂ-ਸੌਖਾਂ ਮਿਲ ਜਾਣ ਜਾਂ ਸਮਝੌਤੇ ਹੋ ਜਾਣ, ਇਸ ਨਾਲ ਵੀ ਸਥਿਤੀ ਨਹੀਂ ਬਦਲ ਸਕਦੀ। ਜਨਤਾ ਉੱਤੇ ਇਹਨਾਂ ਗੱਲਾਂ ਦਾ ਪ੍ਰਭਾਵ ਬੜਾ ਥੋੜ੍ਹਾ ਪੈਂਦਾ ਹੈ।”
15 ਅਗਸਤ 1947 ਦੇ ਸੱਤਾ ਪਰੀਵਰਤਨ ਪਿੱਛੋਂ ਵੀ ਉਹ ਜੰਗ ਨਹੀਂ ਰੁਕੀ। ਕਿਸੇ ਨਾ ਕਿਸੇ ਰੂਪ ਵਿਚ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਜਾਰੀ ਹੀ ਰਹੀ ਤੇ ਅੱਜ ਵੀ ਜਾਰੀ ਹੈ। ਇਸਦਾ ਅੰਤ ਕਦੋਂ ਹੋਏਗਾ ਤੇ ਕਿੰਜ ਹੋਏਗਾ, ਇਹ ਕਹਿਣਾ ਔਖਾ ਹੈ। ਜਦੋਂ ਤੱਕ ਜੰਗ ਨੂੰ ਜਨਮ ਦੇਣ ਵਾਲੀਆਂ ਸਮੱਸਿਆਵਾਂ ਮੌਜ਼ੂਦ ਹਨ, ਉਸਦਾ ਜਾਰੀ ਰਹਿਣਾ ਲਾਜ਼ਮੀ ਹੈ।
ਦੂਜੀ ਘਟਨਾ ਇਹ ਹੈ ਕਿ ਭਗਤ ਸਿੰਘ ਨੇ 'ਟ੍ਰਿਬਿਊਨ' ਵਿਚ ਲੇਨਿਨ ਦੀ ਜੀਵਨੀ ਦੀ ਸਮੀਖਿਆ ਪੜ੍ਹੀ ਤੇ ਫਾਂਸੀ ਤੋਂ ਇਕ ਦਿਨ ਪਹਿਲਾਂ ਪ੍ਰਾਣ ਨਾਥ ਮਹਿਤਾ ਨਾਲ ਗੱਲ ਕਰਨ ਦੇ ਬਹਾਨੇ ਇਹ ਪੁਸਤਕ ਮੰਗਵਾ ਲਈ। ਭਗਤ ਸਿੰਘ ਸਾਰਾ ਦਿਨ ਇਹ ਪੁਸਤਕ ਬੜੀ ਲਗਨ ਨਾਲ ਪੜ੍ਹਦੇ ਰਹੇ। ਜਦੋਂ ਜੱਲਾਦ ਉਹਨਾਂ ਨੂੰ ਲੈਣ ਲਈ ਉਹਨਾਂ ਦੀ ਕੋਠੜੀ ਵਿਚ ਆਇਆ ਤਾਂ ਇਕ ਡੇਢ ਸਫਾ ਪੜ੍ਹਨਾ ਬਾਕੀ ਸੀ। ਭਗਤ ਸਿੰਘ, ਹੱਥ ਚੁੱਕ ਕੇ, ਬੋਲੇ...“ਠਹਿਰੋ, ਇਕ ਵੱਡੇ ਕਰਾਂਤੀਕਾਰੀ ਦੀ ਦੂਜੇ ਵੱਡੇ ਕਰਾਂਤੀਕਾਰੀ ਨਾਲ ਮੁਲਾਕਾਤ ਹੋ ਰਹੀ ਹੈ।” ਜੱਲਾਦ ਥਾਵੇਂ ਰੁਕ ਗਿਆ। ਭਗਤ ਸਿੰਘ ਨੇ ਪੁਸਤਕ ਸਮਾਪਤ ਕੀਤੀ, ਉਸਨੂੰ ਖੁਸ਼ੀ ਤੇ ਉਤਸਾਹ ਵੱਸ ਛੱਤ ਵੱਲ ਉਛਾਲਿਆ, ਤੇ ਫੇਰ ਦੋਹਾਂ ਹੱਥਾਂ ਵਿਚ ਜੁੱਪ ਕੇ ਫਰਸ਼ ਉੱਪਰ ਰੱਖਦਿਆਂ ਕਿਹਾ, “ਚਲ ਬਈ।”
23 ਮਾਰਚ 11931 ਦੀ ਸ਼ਾਮ ਨੂੰ 7 ਵਜੇ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਜੇਲ੍ਹ ਦੇ ਦੂਜੇ ਕੈਦੀਆਂ ਨੂੰ ਸ਼ਾਮੀ 5 ਵਜੇ ਹੀ ਗਿਣਤੀ ਕਰਕੇ ਆਪੋ-ਆਪਣੀਆਂ ਕੋਠੜੀਆਂ ਤੇ ਬੈਰਕਾਂ ਵਿਚ ਬੰਦ ਕਰ ਦਿੱਤਾ ਗਿਆ ਸੀ। ਜਦੋਂ ਉਹਨਾਂ ਨੂੰ ਫਾਂਸੀ ਦੀ ਕਾਲੀ ਵਰਦੀ ਪੁਆ ਕੇ ਬਾਹਰ ਲਿਆਂਦਾ ਗਿਆ ਤਾਂ ਭਗਤ ਸਿੰਘ ਵਿਚਕਾਰ ਸਨ, ਸੁਖਦੇਵ ਉਹਨਾਂ ਦੇ ਸੱਜੇ ਤੇ ਰਾਜਗੁਰੂ ਖੱਬੇ ਸਨ। ਭਗਤ ਸਿੰਘ ਨੇ ਆਪਣੀ ਸੱਜੀ ਬਾਂਹ ਰਾਜਗੁਰੂ ਦੀ ਖੱਬੀ ਬਾਂਹ ਤੇ ਖੱਬੀ ਬਾਂਹ ਸੁਖਦੇਵ ਦੀ ਸੱਜੀ ਬਾਂਹ ਵਿਚ ਪਾਈ ਹੋਈ ਸੀ। ਉਹਨਾਂ ਤਿੰਨਾਂ ਨੇ 'ਇਨਕਲਾਬ ਜ਼ਿੰਦਾਬਾਦ', 'ਸਾਮਰਜਾਵਾਦ ਮੁਰਦਾਬਾਦ' ਦੇ ਨਾਅਰੇ ਲਾਏ ਤੇ ਇਕ ਸੁਰ ਵਿਚ ਗਾਉਣ ਲੱਗੇ...:
 “ਦਿਲ ਸੇ ਨਿਕਲੇਗੀ ਨ ਮਰ ਕਰ ਭੀ ਵਤਨ ਕੀ ਉਲਫ਼ਤ
 ਮੇਰੀ  ਮਿੱਟੀ  ਸੇ  ਭੀ  ਖ਼ਸ਼ਬੂ-ਏ-ਵਤਨ  ਆਏਗੀ।”
ਇਸ ਤੋਂ ਪਹਿਲਾਂ ਤੇ ਇਸ ਤੋਂ ਪਿੱਛੋਂ ਜਿੰਨੀਆਂ ਫਾਂਸੀਆਂ ਹੋਈਆਂ, ਉਹ ਸਾਰੀਆਂ ਸਵੇਰੇ ਹੀ ਹੋਈਆਂ ਤੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਇਹਨਾਂ ਤਿੰਨਾਂ ਨੂੰ ਸ਼ਾਮ ਨੂੰ ਫਾਂਸੀ ਦਿੱਤੀ ਗਈ ਤੇ ਲਾਸ਼ਾਂ, ਰਾਤ ਨੂੰ ਹੀ, ਚੁੱਪਚਾਪ ਸਤਲੁਜ ਦੇ ਕਿਨਾਰੇ ਹੁਸੈਨੀਵਾਲਾ ਲਾਗੇ ਸਾੜ ਦਿੱਤਾ ਗਿਆ ਤਾਂਕਿ ਜਨਤਾ ਤੇ ਕੰਨ ਵਿਚ ਭਿਣਕ ਨਾ ਪੈ ਸਕੇ।
ਹੁਣ ਉੱਥੇ ਇਹਨਾਂ ਤਿੰਨਾਂ ਬਹਾਦਰਾਂ ਦਾ ਸਮਾਰਕ ਬਣਿਆ ਹੋਇਆ ਹੈ। ਹਰ ਵਰ੍ਹੇ ਮੇਲਾ ਲੱਗਦਾ ਹੈ। ਜਨਸਾਧਾਰਨ ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਨ। ਕਾਂਗਰਸ ਤੇ ਕਮਿਊਨਿਸ਼ਟਾਂ ਦੀਆਂ ਸਟੇਜਾਂ ਵੀ ਲੱਗਦੀਆਂ ਹਨ, ਜ਼ੋਰਦਾਰ ਭਾਸ਼ਣ ਹੁੰਦੇ ਹਨ ਤੇ ਸ਼ਹੀਦਾਂ ਦਾ ਨਾਂ ਲੈ ਕੇ ਛਾਤੀ ਪਿੱਟਣ ਦੀ ਰਸਮ ਨਿਭਾਈ ਜਾਂਦੀ ਹੈ।
  –––   –––   –––   ––– 





No comments:

Post a Comment